Editorial
ਜਨਤਾ ਨੂੰ ਸੁਰਖਿਅਤ ਜਨਤਕ ਆਵਾਜਾਈ ਦੀ ਸਹੂਲੀਅਤ ਦੇਣਾ ਸਰਕਾਰ ਦੀ ਜਿੰਮੇਵਾਰੀ
ਸਾਡੇ ਸ਼ਹਿਰ ਨੂੰ ਭਾਵੇਂ ਸੂਬੇ ਦੇ ਸਭਤੋਂ ਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਅਤੇ ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਸਾਡੇ ਸ਼ਹਿਰ ਦੇ ਵਸਨੀਕਾਂ ਨੂੰ ਵਿਸ਼ਵ ਪੱਧਰੀ ਨਾਗਰਿਕ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ, ਪਰੰਤੂ ਅਸਲੀਅਤ ਇਹੀ ਹੈ ਕਿ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਤਕ ਹਾਸਿਲ ਨਹੀਂ ਹੁੰਦੀਆਂ। ਸ਼ਹਿਰ ਦੇ ਵਿਕਾਸ ਦੇ ਅਹਿਮ ਪੜਾਅ ਪਾਰ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਸ਼ਹਿਰ ਵਾਸੀਆਂ ਦੀ ਸੁਰਖਿਅਤ ਤਰੀਕੇ ਨਾਲ ਜਨਤਕ ਆਵਾਜਾਈ ਦੀ ਸਹੂਲੀਅਤ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਆਪਣੀ ਇਸ ਲੋੜ ਲਈ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਦੇ ਆਟੋ ਰਿਕਸ਼ਿਆਂ ਤੇ ਹੀ ਨਿਰਭਰ ਰਹਿਣਾ ਪੈਂਦਾ ਹੈ।
ਸ਼ਹਿਰ ਵਿੱਚ ਜਨਤਕ ਆਵਾਜਾਈ ਦੇ ਨਾਮ ਤੇ ਸੀ ਟੀ ਯੂ (ਚੰਡੀਗੜ ਟ੍ਰਾਂਸਪੋਰਟ ਅੰਡਰਟੇਕਿੰਗ) ਦੀਆਂ ਬਸਾਂ ਦੇ ਕੁੱਝ ਰੂਟ ਸਾਡੇ ਸ਼ਹਿਰ ਵਿੱਚ ਜਰੂਰ ਆਉਂਦੇ ਹਨ ਪਰੰਤੂ ਇਹ ਬਸਾਂ ਉਹਨਾਂ ਲੋਕਾਂ ਦੇ ਹੀ ਕੰਮ ਆਉਂਦੀਆਂ ਹਨ ਜਿਹਨਾਂ ਨੇ ਰੋਜਾਨਾ ਚੰਡੀਗੜ੍ਹ ਆਉਣਾ ਜਾਣਾ ਹੁੰਦਾ ਹੈ ਅਤੇ ਜਿਆਦਾਤਰ ਸ਼ਹਿਰ ਵਾਸੀ ਆਪਣੀਆਂ ਸਥਾਨਕ ਆਵਾਜਾਈ ਲੋੜਾਂ ਵਾਸਤੇ (ਸ਼ਹਿਰ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਵਿਚ ਆਉਣ ਜਾਣ ਲਈ) ਆਟੋ ਰਿਕਸ਼ਿਆਂ ਦੀ ਹੀ ਵਰਤੋਂ ਕਰਦੇ ਹਨ। ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਹਿਸਾਬ ਨਾਲ ਚਲਦੇ ਇਹ ਆਟੋ ਰਿਕਸ਼ੇ ਆਮ ਲੋਕਾਂ ਦੀ ਜਨਤਕ ਆਵਾਜਾਈ ਦੀ ਲੋੜ ਤਾਂ ਪੂਰੀ ਕਰਦੇ ਹਨ ਪਰੰਤੂ ਇਹਨਾਂ ਆਟੋ ਰਿਕਸ਼ਿਆਂ ਵਿੱਚ ਸਫਰ ਕਰਨਾ ਕਿਸੇ ਪੱਖੋਂ ਵੀ ਖਤਰੇ ਤੋਂ ਖਾਲੀ ਨਹੀਂ ਹੈ। ਸ਼ਹਿਰ ਵਿੱਚ ਚਲਦੇ ਇਹਨਾਂ ਆਟੋ ਰਿਕਸ਼ਿਆਂ ਦੇ ਜਿਆਦਾਤਰ ਚਾਲਕ ਅਜਿਹੇ ਹਨ ਜਿਹੜੇ ਇੱਕ ਦੂਜੇ ਤੋਂ ਅੱਗੇ ਲੰਘ ਕੇ ਸਵਾਰੀ ਚੁੱਕਣ ਦੀ ਹੋੜ ਵਿੱਚ ਅਕਸਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਅਜਿਹਾ ਹੋਣ ਕਾਰਨ ਇਹਨਾਂ ਆਟੋ ਰਿਕਸ਼ਿਆਂ ਵਿੱਚ ਸਫਰ ਕਰਨ ਵਾਲੀਆਂ ਸਵਾਰੀਆਂ ਦੇ ਜਖਮੀ ਹੋਣ ਦੇ ਮਾਮਲੇ ਵੀ ਆਮ ਹਨ।
ਇਸ ਸੰਬੰਧੀ ਸ਼ਹਿਰ ਵਾਸੀਆਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾਂਦੀ ਰਹੀ ਹੈ ਕਿ ਉਹਨਾਂ ਨੂੰ ਸੁਰਖਿਅਤ ਜਨਤਕ ਆਵਾਜਾਈ ਦੀ ਸਹੂਲੀਅਤ ਦੇਣ ਲਈ ਸ਼ਹਿਰ ਦੀ ਆਪਣੀ ਲੋਕਲ ਬੱਸ ਸੇਵਾ ਸ਼ੁਰੂ ਕੀਤੀ ਜਾਵੇ ਪਰੰਤੂ ਹੁਣ ਤਕ ਆਮ ਲੋਕਾਂ ਦੀ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਹੈ। ਹਰ ਵਾਰ ਨਗਰ ਨਿਗਮ ਚੋਣਾਂ ਦੌਰਾਨ ਇਹ ਮੁੱਦਾ ਉਠਦਾ ਹੈ ਅਤੇ ਚੋਣ ਲੜਣ ਵਾਲੀਆਂ ਸਾਰੀਆਂ ਹੀ ਮੁੱਖ ਧਿਰਾਂ ਵਲੋਂ ਸ਼ਹਿਰ ਦੀ ਆਪਣੀ ਸਿਟੀ (ਲੋਕਲ) ਬਸ ਸਰਵਿਸ ਆਰੰਭ ਕਰਨ ਦਾ ਵਾਇਦਾ ਵੀ ਕੀਤਾ ਜਾਂਦਾ ਹੈ। ਇਸ ਸੰਬੰਧੀ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਜਨਤਕ ਆਵਾਜਾਈ ਦੀ ਸਹੂਲੀਅਤ ਮੁਹਈਆ ਕਰਵਾਉਣ ਲਈ ਸਰਕਾਰ ਨੂੰ ਕਈ ਵਾਰ ਮਤੇ ਪਾਸ ਕਰਕੇ ਵੀ ਭੇਜੇ ਗਏ ਹਨ ਪਰੰਤੂ ਇਸਦੇ ਬਾਵਜੂਦ ਇਹ ਕਾਰਵਾਈ ਹੁਣੇ ਤਕ ਲਮਕ ਰਹੀ ਹੈ।
ਇਸ ਸੰਬੰਧੀ ਨਗਰ ਨਿਗਮ ਵਲੋਂ ਲਗਭਗ 12 ਸਾਲ ਪਹਿਲਾਂ ਸ਼ਹਿਰ ਵਾਸੀਆਂ ਨੂੰ ਸੁਰਖਿਅਤ ਜਨਤਕ ਆਵਾਜਾਈ ਦੀ ਸਹੂਲੀਅਤ ਮੁਹਈਆ ਕਰਵਾਉਣ ਲਈ ਸਿਟੀ ਬਸ ਸਰਵਿਸ ਚਲਾਉਣ ਦੀ ਇੱਕ ਤਜਵੀਜ ਤਿਆਰ ਕਰਕੇ ਸਰਕਾਰ ਨੂੰ ਮੰਜੂਰੀ ਲਈ ਭੇਜੀ ਗਈ ਸੀ ਜਿਸਦੇ ਤਹਿਤ 100 ਦੇ ਕਰੀਬ ਰੂਟਾਂ ਤੇ ਇਹ ਬਸਾਂ ਚਲਾਈਆਂ ਜਾਣੀਆਂ ਸਨ ਅਤੇ ਇਸ ਰਾਂਹੀ ਸਿਰਫ ਮੁਹਾਲੀ ਸ਼ਹਿਰ ਹੀ ਨਹੀਂ ਬਲਕਿ ਜਿਲ੍ਹੇ ਦੇ ਸਮੂਹ ਸ਼ਹਿਰਾਂ ਨੂੰ ਇਹ ਸਹੂਲੀਅਤ ਮਿਲਣੀ ਸੀ। ਨਗਰ ਨਿਗਮ ਦੀ ਇਹ ਤਜਵੀਜ ਉਸ ਵੇਲੇ ਕੇਂਦਰ ਸਰਕਾਰ ਦੀ ਜਵਾਹਰਲਾਲ ਨਹਿਰੂ ਸ਼ਹਿਰੀ ਵਿਕਾਸ ਸਕੀਮ ਦੇ ਤਹਿਤ ਤਿਆਰ ਹੋਈ ਸੀ ਅਤੇ ਇਸਤੋਂ ਪਹਿਲਾਂ ਕਿ ਇਹ ਲਾਗੂ ਹੁੰਦੀ ਕੇਂਦਰ ਦੀ ਸੱਤਾ ਬਦਲ ਗਈ ਅਤੇ ਇਸਦੇ ਨਾਲ ਹੀ ਇਹ ਤਜਵੀਜ ਵੀ ਲਮਕ ਬਸਤੇ ਵਿੱਚ ਹੀ ਰਹਿ ਗਈ। ਇਸਤੋਂ ਬਾਅਦ 2015 ਵਿੱਚ ਹੋਈਆਂ ਨਗਰ ਨਿਗਮ ਚੋਣਾਂ ਤੋਂ ਬਾਅਦ ਮੇਅਰ ਸz. ਕੁਲਵੰਤ ਸਿੰਘ ਦੀ ਅਗਵਾਈ ਵਿੱਚ ਨਗਰ ਨਿਗਮ ਵਲੋਂ ਇੱਕ ਵਾਰ ਫਿਰ ਸਿਟੀ ਬਸ ਸਰਵਿਸ ਚਲਾਏ ਜਾਣ ਦਾ ਮਤਾ ਪਾਸ ਕੀਤਾ ਗਿਆ, ਪਰੰਤੂ ਇਹ ਕਾਰਵਾਈ ਵੀ ਵੱਖ ਵੱਖ ਦਫਤਰੀ ਘੁੰਮਣਘੇਰੀਆਂ ਵਿੱਚ ਉਲਝ ਗਈ ਅਤੇ ਇਸਤੇ ਅਮਲ ਨਹੀਂ ਹੋ ਪਾਇਆ। ਮੌਜੂਦਾ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਵਿੱਚ ਵੀ ਨਿਗਮ ਵਲੋਂ ਸ਼ਹਿਰ ਵਿੱਚ ਵੱਖ ਵੱਖ ਰੂਟਾਂ ਤੇ ਮਿਨੀ ਬਸਾਂ ਚਲਾਏ ਜਾਣ ਦਾ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਜਾ ਚੁੱਕਿਆ ਹੈ ਪਰੰਤੂ ਇਹ ਤਜਵੀਜ ਵੀ ਸਰਕਾਰੀ ਫਾਈਲਾਂ ਦੀ ਧੂੜ ਫੱਕ ਰਹੀ ਹੈ।
ਇਸ ਮਸਲੇ ਦੇ ਹਲ ਲਈ ਜਰੂਰੀ ਹੈ ਕਿ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਸਿਟੀ ਬਸ ਚਲਾਉਣ ਸੰਬੰਧੀ ਪਾਸ ਕਰਕੇ ਭੇਜੇ ਗਏ ਮਤੇ ਨੂੰ ਪੰਜਾਬ ਸਰਕਾਰ ਵਲੋਂ ਤੁਰੰਤ ਮੰਜੂਰੀ ਦਿੱਤੀ ਜਾਵੇ ਤਾਂ ਜੋ ਇਸ ਮਤੇ ਨੂੰ ਲਾਗੂ ਕਰਕੇ ਸ਼ਹਿਰ ਵਾਸੀਆਂ ਨੂੰ ਜਨਤਕ ਆਵਾਜਾਈ ਦੀ ਸਹੂਲੀਅਤ ਮੁਹਈਆ ਕਰਵਾਉਣ ਦਾ ਰਾਹ ਪੱਧਰਾ ਕੀਤਾ ਜਾ ਸਕੇ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹਿਰ ਵਾਸੀਆਂ ਦੀ ਸੁਰਖਿਅਤ ਆਵਾਜਾਈ ਦੀ ਇਸ ਅਹਿਮ ਲੋੜ ਨੂੰ ਪੂਰਾ ਕਰਨ ਲਈ ਪਹਿਲ ਦੇ ਆਧਾਰ ਤੇ ਕਦਮ ਚੁੱਕੇ ਤਾਂ ਜੋ ਲੋਕਾਂ ਦੀ ਇਹ ਜਰੂਰਤ ਪੂਰੀ ਹੋ ਸਕੇ।
Editorial
ਦੀਵੇ ਤੋਂ ਦੀਵਾ ਬਲਦਾ ਜਾਵੇ, ਘਰ-ਘਰ ਨਵਾਂ ਚਾਨਣ ਆਵੇ
ਦਿਵਾਲੀ ਦੇ ਸ਼ਬਦਾਂਤਿਕ ਅਰਥ ਦੀਪਮਾਲਿਕਾ, ਦੀਪਾਵਲਿ ਅਤੇ ਦੀਵਿਆਂ ਦੀ ਕਤਾਰ ਹੁੰਦੇ ਹਨ। ਦਿਵਾਲ਼ੀ ਸੰਸਕ੍ਰਿਤ ਦੇ ਦੋ ਲਫ਼ਜ਼ਾਂ ਦੀਪ ਅਤੇ ਆਵਲੀ ਤੋਂ ਬਣਿਆ ਹੈ ਜਿਹਨਾਂ ਦਾ ਅਰਥ ‘ਦੀਵਿਆਂ ਦੀ ਲੜੀ’ ਹੈ। ਸੰਸਕ੍ਰਿਤ ਲਫ਼ਜ਼ ‘ਦੀਪ’ ਦਾ ਅਰਥ ਹੈ ਦੀਵਾ, ਪ੍ਰਕਾਸ਼, ਚਿਰਾਗ਼, ਗਿਆਨ ਜਾਂ ਕੋਈ ਚੀਜ਼ ਜੋ ਚਮਕਦੀ ਹੈ’ ਅਤੇ ‘ਆਵਲੀ’ ਦਾ ਅਰਥ ਹੈ ‘ਕਤਾਰ, ਸੀਮਾ, ਨਿਰੰਤਰ ਰੇਖਾ ਜਾਂ ਲੜੀ’।
ਕੱਤਕ (ਨਵੰਬਰ) ਮਹੀਨੇ ‘ਮੱਸਿਆ ਦੀ ਹਨੇਰੀ ਰਾਤ’ ਨੂੰ ਹਰ ਪਾਸੇ ਜਗਾਏ ਦੀਵਿਆਂ, ਬਿਜਲਈ ਲੜੀਆਂ, ਰੰਗ ਬਿਰੰਗੀਆਂ ਰੌਸ਼ਨੀਆਂ ਅਤੇ ਰੰਗ ਬਿਰੰਗੇ ਬਲਬਾਂ ਦੀਆਂ ਰਿਸ਼ਮਾਂ ਨਾਲ ‘ਧਰਤੀ ਤੋਂ ਲੈ ਕੇ ਅੰਬਰ ਤੱਕ’ ਹਰ ਕੋਨਾ ਰੁਸ਼ਨਾਇਆ ਹੁੰਦਾ ਹੈ। ਇਹ ਰੌਸ਼ਨੀਆਂ ਮਨੁੱਖ ਦੀ ਜ਼ਿੰਦਗੀ ਵਿੱਚ ਵੀ ਨਵਾਂ ਉਤਸ਼ਾਹ ਅਤੇ ਜੋਸ਼ ਭਰਦੀਆਂ ਹਨ ਅਤੇ ਇਸ ਮੌਕੇ ਹਰ ਵਿਅਕਤੀ ਦੇ ਚਿਹਰੇ ਤੇ ਇੱਕ ਵੱਖਰਾ ਹੀ ਨੂਰ ਹੁੰਦਾ ਹੈ। ਇਹਨਾਂ ਰੌਸ਼ਨੀਆਂ ਤੋਂ ਪ੍ਰੇਰਨਾ ਲੈ ਕੇ ਵੱਡੀ ਗਿਣਤੀ ਮਨੁੱਖ ਵੀ ਆਪਣਾ ਵਰਤਮਾਨ ਤੇ ਭਵਿੱਖ ਨੂੰ ਪੂਰੀ ਤਰ੍ਹਾਂ ਰੌਸ਼ਨ ਕਰਨ ਲਈ ਤਿਆਰ ਹੋ ਜਾਂਦੇ ਹਨ।
ਦਿਵਾਲੀ ਮੌਕੇ ਧਰਤੀ ਤੇ ਜਗਾਏ ਮਿੱਟੀ ਦੇ ਦੀਵਿਆਂ ਅਤੇ ਹਨੇਰੀ ਰਾਤ ਨੂੰ ਅੰਬਰ ਉੱਤੇ ਚਮਕਦੇ ਤਾਰਿਆਂ ਵਿਚਾਲੇ ਵੀ ਇੱਕ ਤਰ੍ਹਾਂ ਦਾ ਮੁਕਾਬਲਾ ਹੋਣ ਲੱਗਦਾ ਹੈ ਕਿ ਦੋਵਾਂ ਵਿਚੋਂ ਵਧੇਰੇ ਕੌਣ ਚਮਕੇਗਾ? ਨਿੱਕੇ ਬਾਲਾਂ ਤੋਂ ਲੈ ਕੇ ਹਰ ਉਮਰ ਵਰਗ ਦੇ ਲੋਕਾਂ ਵਿੱਚ ਦਿਵਾਲੀ ਵਾਲੇ ਦਿਨ-ਰਾਤ ਹੋਈ ਚਮਕ ਦਮਕ ਅਤੇ ਲੱਗੀਆਂ ਰੌਣਕਾਂ ਨਵੇਂ ਵਲਵਲੇ ਪੈਦਾ ਕਰਦੀਆਂ ਹਨ ਅਤੇ ਉਹ ਆਪਣੀ ਜ਼ਿੰਦਗੀ ਨੂੰ ਹੋਰ ਰੁਸ਼ਨਾਉਣ ਲਈ ਤਿਆਰ ਹੋ ਜਾਂਦੇ ਹਨ।
ਦਿਵਾਲੀ ਦੀ ਰਾਤ ਇੱਕ ਪਾਸੇ ਖੁਸ਼ੀਆਂ ਵਿੱਚ ਢੋਲ ਨਗਾੜੇ ਵੱਜ ਰਹੇ ਹੁੰਦੇ ਹਨ, ਦੂਜੇ ਪਾਸੇ ਵਲਵਲਿਆਂ ਦੀ ਸ਼ਹਿਨਾਈ ਗੂੰਜ ਰਹੀ ਹੁੰਦੀ ਹੈ। ਇਸ ਦੇ ਨਾਲ ਹੀ ਦਿਵਾਲੀ ਮੌਕੇ ਲਕਸ਼ਮੀ ਮਾਤਾ ਜੀ ਦੀ ਪੂਜਾ ਵੀ ਹੋ ਰਹੀ ਹੁੰਦੀ ਹੈ। ਇੱਕ ਦੀਵੇ ਨੂੰ ਜਗਾ ਕੇ ਫਿਰ ਉਸ ਦੀਵੇ ਤੋਂ ਹੀ ਬਾਕੀ ਦੀਵੇ ਜਗਾਏ ਜਾਂਦੇ ਹਨ ਅਤੇ ਘਰਾਂ ਵਿੱਚ ਰੌਸ਼ਨੀ ਕੀਤੀ ਜਾਂਦੀ ਹੈ। ਇਸ ਦਿਨ ਦਿਵਾਲੀ ਦੇ ਦੀਵਿਆਂ, ਲੜੀਆਂ, ਰੰਗੀਨ ਬਲਬਾਂ ਦੀ ਰੌਸ਼ਨੀ ਵਿੱਚ ਘਰ ਅਤੇ ਦੁਕਾਨਾਂ, ਸ਼ੋ-ਰੂਮ ਬੜੇ ਸੁੰਦਰ ਲੱਗਦੇ ਹਨ, ਕਿਉਂਕਿ ਦਿਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਘਰਾਂ ਅਤੇ ਦੁਕਾਨਾਂ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਹੁੰਦੀ ਹੈ, ਕਈਆਂ ਨੂੰ ਤਾਂ ਨਵਾਂ ਰੰਗ ਰੋਗਨ ਵੀ ਕੀਤਾ ਜਾਂਦੈ, ਇਸ ਕਾਰਨ ਹੀ ਹਰ ਘਰ ਵੀ ਸੁੰਦਰ ਲੱਗਦੈ ਤੇ ਸ਼ੁੱਧ ਵੀ ਮੰਨਿਆ ਜਾਂਦੈ।
ਹੁਣ ਪਿੰਡਾਂ ਵਿੱਚ ਬੋੜੇ ਦਰਾਂ ਵਾਲੇ ਘਰ ਨਹੀਂ ਰਹੇ। ਕੱਚੇ ਜਿਹੇ ਘਰਾਂ ਦੀ ਥਾਂ ਵੀ ਪੱਕੇ ਮਕਾਨ ਬਣ ਗਏ ਹਨ। ਕਈ ਘਰਾਂ ਦੇ ਦਰਵਾਜੇ ਹੀ ਏਨੇ ਉੱਚੇ ਬਣਾਏ ਗਏ ਹੁੰਦੇ ਹਨ ਕਿ ਕੰਬਾਈਨ ਵੀ ਆਰਾਮ ਨਾਲ ਅੰਦਰ ਚਲੀ ਜਾਂਦੀ ਹੈ। ਇਹਨਾਂ ਮਹਿਲਾਂ ਵਰਗੇ ਘਰਾਂ ਵਿੱਚ ਉੱਪਰਲੀ ਮੰਜ਼ਿਲ ਤੇ ਕਿਸੇ ਨੇ ਜਹਾਜ਼ ਬਣਾ ਰਖਿਆ ਹੈ ਤੇ ਕਿਸੇ ਨੇ ਟੈਂਕ, ਕਿਸੇ ਨੇ ਛੱਤ ਉੱਪਰ ਬਲਦਾਂ ਦੀ ਜੋੜੀ ਹੀ ਬਣਾ ਰੱਖੀ ਹੈ ਤੇ ਕਿਸੇ ਨੇ ਘੋੜੀ, ਕਿਸੇ ਨੇ ਫੁੱਟਬਾਲ ਬਣਾ ਰੱਖੀ ਹੈ ਤੇ ਕਿਸੇ ਨੇ ਕਾਰ ਹੀ ਛੱਤ ਉੱਪਰ ਚੜ੍ਹਾ ਰੱਖੀ ਹੈ, ਪਰ ਇਸ ਸਭ ਦੇ ਬਾਵਜੂਦ ਕੁਝ ਆਲੀਸ਼ਾਨ ਘਰਾਂ ਵਿੱਚ ਦਿਵਾਲੀ ਮੌਕੇ ਵੀ ਹਨੇਰਾ ਜਿਹਾ ਹੀ ਰਹਿੰਦਾ ਹੈ ਜਾਂ ਕਿਸੇ ਨੁੱਕਰ ਵਿੱਚ ਜਾਂ ਦੇਹਲੀ ਉੱਪਰ ਹੀ ਇੱਕ ਦੀਵਾ ਜਗਦਾ -ਬੁਝਦਾ ਦਿਖਾਈ ਦੇ ਦਿੰਦਾ ਹੈ।
ਇਸ ਦਾ ਕਾਰਨ ਇਹ ਹੈ ਕਿ ਪਿੰਡਾਂ ਵਿੱਚ ਵੱਡੀ ਗਿਣਤੀ ਮਹਿਲਾਂ ਵਰਗੇ ਆਲੀਸ਼ਾਨ ਘਰਾਂ ਦੇ ਅਸਲੀ ਮਾਲਕ ਤਾਂ ਵਿਦੇਸ਼ਾਂ ਵਿੱਚ ਰਹਿੰਦੇ ਹਨ ਤੇ ਉਹ ਦਿਵਾਲੀ ਮੌਕੇ ਵੀ ਵਤਨ ਗੇੜਾ ਨਹੀਂ ਮਾਰ ਸਕਦੇ ਇਸੇ ਕਾਰਨ ਉਹਨਾਂ ਦੇ ਘਰਾਂ ਵਿੱਚ ਦਿਨੇ ਕਬੂਤਰ ਗੁੂੰਟਰ ਗੂੰ ਕਰਦੇ ਹਨ ਤੇ ਰਾਤ ਨੂੰ ਚਮਗਿੱਦੜ ਤੇ ਕੋਚਰੀਆਂ ਬੋਲਦੀਆਂ ਹਨ। ਇਹਨਾਂ ਕੋਠੀਆਂ ਦੀ ਰਾਖੀ ਲਈ ਰੱਖੇ ਚੌਕੀਦਾਰ ਜਾਂ ਆਂਢੀ ਗੁਆਂਢੀ ਹੀ ਇਹਨਾਂ ਮਹਿਲਾਂ ਵਰਗੇ ਘਰਾਂ ਦੇ ਦਰਾਂ ਅੱਗੇ ਦਿਵਾਲੀ ਦੀ ਰਾਤ ਦੀਵਾ ਜਗਾ ਦਿੰਦਾ ਹੈ ਤਾਂ ਕਿ ਸ਼ਗਨ ਜਿਹਾ ਹੋ ਜਾਵੇ।
ਹਾਲਾਂਕਿ ਇਹ ਵੀ ਅਸਲੀਅਤ ਹੈ ਕਿ ਦਿਵਾਲੀ ਮੌਕੇ ਵੱਡੀ ਗਿਣਤੀ ਐਨ. ਆਰ. ਆਈ. ਪੰਜਾਬੀ ਆਪਣੇ ਜੱਦੀ ਘਰਾਂ ਵਿੱਚ ਗੇੜਾ ਮਾਰਦੇ ਹਨ। ਇਹਨਾਂ ਐਨ. ਆਰ. ਆਈ. ਪੰਜਾਬੀਆਂ ਦੇ ਆਉਣ ਨਾਲ ਇਹਨਾਂ ਦੇ ਵੱਖ- ਵੱਖ ਪਿੰਡਾਂ ਵਿੱਚ ਬਣੇ ਆਲੀਸ਼ਾਨ ਘਰਾਂ ਵਿੱਚ ਰੌਣਕਾਂ ਲੱਗ ਜਾਂਦੀਆਂ ਹਨ ਅਤੇ ਬਿਜਲਈ ਲੜੀਆਂ ਅਤੇ ਬਲਬਾਂ ਦੀ ਰੌਸ਼ਨੀ ਹਰ ਪਾਸੇ ਹੀ ਚਾਨਣ ਫੈਲਾਉਂਦੀ ਹੈ। ਅਜਿਹੇ ਆਲੀਸ਼ਾਨ ਤੇ ਵੱਡੇ ਘਰਾਂ ਵਿੱਚ ਦਿਵਾਲੀ ਦੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਹਨ।
ਹੁਣ ਜਰਾਂ ਉਹਨਾਂ ਲੋਕਾਂ ਬਾਰੇ ਸੋਚੋ, ਜਿਨ੍ਹਾਂ ਕੋਲ ਜ਼ਿੰਦਗੀ ਤਾਂ ਹੈ ਪਰ ਜਿਉਣ ਦਾ ਹੱਕ ਹੀ ਨਹੀਂ ਹੈ। ਪੰਜਾਬ ਵਿੱਚ ਵੀ ਵੱਡੀ ਗਿਣਤੀ ਲੋਕ ਅਜਿਹੇ ਹਨ, ਜਿਨ੍ਹਾਂ ਦੇ ਬਜ਼ੁਰਗ ਮਾਪੇ ਬਿਰਧ ਘਰਾਂ ਵਿੱਚ ਰਹਿੰਦੇ ਹਨ, ਆਪਣੇ ਪੁੱਤਰਾਂ ਦੇ ਅਮੀਰ ਹੋਣ ਦੇ ਬਾਵਜੂਦ ਬਿਰਧ ਘਰਾਂ ਵਿੱਚ ਜਿੰਦਗੀ ਦੀ ਸ਼ਾਮ ਗੁਜ਼ਾਰ ਰਹੇ ਅਜਿਹੇ ਬਜ਼ੁਰਗ ਵੀ ਦਿਵਾਲੀ ਮੌਕੇ ਆਪਣੇ ਪਰਿਵਾਰ ਵਿੱਚ ਰਹਿਣ ਲਈ ‘ਚਾਨਣ ਦੀ ਇੱਕ ਛਿੱਟ’ ਭਾਲਦੇ ਨਜ਼ਰ ਆਉਂਦੇ ਹਨ।
ਹੁਣ ਉਹਨਾਂ ਲੋਕਾਂ ਬਾਰੇ ਕੀ ਲਿਖਾਂ? ਜਿਨ੍ਹਾਂ ਦੇ ਪੁੱਤਰ ਪੰਜਾਬ ਵਿੱਚ ਫੈਲੇ ਨਸ਼ੇ ਨੂੰ ਬੰਦ ਕਰਵਾਉਣ ਦਾ ਯਤਨ ਕਰਦਿਆਂ ਮਾਰੇ ਗਏ, ਜਾਂ ਮਾਲਟਾ ਦੇ ਬਰਫ਼ੀਲੇ ਪਾਣੀਆਂ ਵਿੱਚ ਜਿਉਂਦੇ ਹੀ ਜੰਮ ਗਏ ਤੇ ਜਿਨ੍ਹਾਂ ਦੇ ਪੁੱਤ ਡੌਂਕੀ ਲਗਾ ਕੇ ਵਿਦੇਸ਼ ਜਾਣ ਦੇ ਲਾਲਚ ਵਿੱਚ ਅੱਧ ਰਸਤੇ ਵਿਚਾਲੇ ਹੀ ਮਰ ਮੁੱਕ ਗਏ ਅਤੇ ਜਿਹੜੇ ਮਾਪਿਆਂ ਦੇ ਪੁੱਤ ਸੱਤ ਸਮੁੰਦਰ ਪਾਰ ਪਰਾਏ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਬੰਦ ਹਨ, ਜਿਥੇ ਉਹ ਉਹਨਾਂ ਮੁਲਕਾਂ ਦੀ ਭਾਸ਼ਾ ਨਾ ਆਉਣ ਅਤੇ ਪੈਸੇ ਦੀ ਘਾਟ ਕਾਰਨ ਆਪਣੇ ਬਚਾਓ ਲਈ ਕੋਈ ਚਾਰਾਜੋਈ ਹੀ ਨਹੀਂ ਕਰ ਸਕਦੇ।
ਕੱਤਕ/ਨਵੰਬਰ ਮਹੀਨੇ ਨੂੰ ‘ਘਰਾਂ ਨੂੰ ਪਰਤਨ ਦਾ ਮਹੀਨਾ’ ਵੀ ਕਿਹਾ ਜਾਂਦਾ ਹੈ। ਵੱਡੀ ਗਿਣਤੀ ਦੇਸ਼ ਵਾਸੀ ਪਰਦੇਸਾਂ ਵਿਚੋਂ ਕਮਾਈ ਕਰਕੇ ਦਿਵਾਲੀ ਮੌਕੇ ਆਪਣੇ ਜੱਦੀ ਘਰਾਂ ਵਿੱਚ ਆ ਕੇ ਦਿਵਾਲੀ ਦੀਆਂ ਖੁਸ਼ੀਆਂ ਮਨਾਉਂਦੇ ਹਨ। ਦਿਵਾਲੀ ਵਰਗੇ ਤਿਉਹਾਰ ਸਮਾਜ ਵਿੱਚ ਰਹਿੰਦੇ ਵੱਖ- ਵੱਖ ਧਰਮਾਂ, ਜਾਤਾਂ, ਰੰਗਾਂ ਤੇ ਨਸਲਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਪੈਦਾ ਕਰਦੇ ਹਨ।
ਜਗਮੋਹਨ ਸਿੰਘ ‘ਲੱਕੀ’
ਮੋਬਾਇਲ : 9463819174
Editorial
ਸ਼ਹਿਰ ਅਤੇ ਜਿਲ੍ਹੇ ਵਿੱਚ ਲੱਗੇ ਪਟਾਕੇ ਚਲਾਉਣ ਤੇ ਮੁਕੰਮਲ ਪਾਬੰਦੀ
ਦਿਵਾਲੀ ਦਾ ਤਿਉਹਾਰ ਆ ਗਿਆ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਬੀਤੇ ਦਿਨੀਂ ਦਿਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਦੌਰਾਨ ਪਟਾਕੇ ਅਤੇ ਆਤਿਸ਼ਬਾਜੀ ਚਲਾਉਣ ਵਾਲਿਆਂ ਲਈ ਸਮਾਂ ਸੀਮਾਂ ਦਾ ਐਲਾਨ ਕੀਤਾ ਗਿਆ ਹੈ ਜਿਸਦੇ ਤਹਿਤ ਇਹਨਾਂ ਤਿਉਹਾਰਾਂ ਮੌਕੇ ਮਿੱਥੇ ਸਮੇਂ ਤੇ ਹੀ ਪਟਾਕੇ ਅਤੇ ਆਤਿਸ਼ਬਾਜੀ ਚਲਾਈ ਜਾ ਸਕੇਗੀ। ਜਿਲ੍ਹਾ ਪ੍ਰਸ਼ਾਸ਼ਨ ਵਲੋਂ ਭਾਵੇਂ ਪਟਾਕੇ ਅਤੇ ਆਤਿਸ਼ਬਾਜੀ ਚਲਾਉਣ ਵਾਸਤੇ ਸਮਾਂ ਸੀਮਾਂ ਨਿਰਧਾਰਤ ਕਰ ਦਿੱਤੀ ਗਈ ਹੈ ਪਰੰਤੂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪ੍ਰਸ਼ਾਸ਼ਨ ਵਲੋਂ ਜਾਰੀ ਕੀਤੇ ਗਏ ਇਹਨਾਂ ਹੁਕਮਾਂ ਦਾ ਜਮੀਨੀ ਪੱਧਰ ਤੇ ਕੀ ਹਸ਼ਰ ਹੋਣਾ ਹੈ। ਪਟਾਕੇ ਚਲਾਉਣ ਦੀ ਸਮਾਂ ਸੀਮਾਂ ਤੈਅ ਕਰਨ ਦੇ ਹੁਕਮ ਹਰ ਸਾਲ ਹੀ ਜਾਰੀ ਕੀਤੇ ਜਾਂਦੇ ਹਨ ਪਰੰਤੂ ਪਟਾਕੇ ਚਲਾਉਣ ਵਾਲੇ ਲੋਕ ਇਹਨਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਅਤੇ ਪੂਰੀ ਰਾਤ ਪਟਾਕੇ ਚਲਦੇ ਰਹਿੰਦੇ ਹਨ।
ਇਸ ਗੱਲ ਤੋਂ ਅਸੀਂ ਸਾਰੇ ਹੀ ਚੰਗੀ ਤਰ੍ਹਾਂ ਜਾਣੂੰ ਹਾਂ ਕਿ ਪਟਾਕੇ ਚਲਾਉਣ ਦੌਰਾਨ ਜਿਹੜਾ ਜਹਿਰੀਲਾ ਧੂਆਂ ਨਿਕਲਦਾ ਹੈ ਉਹ ਮਨੁੱਖੀ ਸਿਹਤ ਲਈ ਬਹੁਤ ਜਿਆਦਾ ਨੁਕਸਾਨਦਾਇਕ ਹੁੰਦਾ ਹੈ। ਇਸ ਵੇਲੇ ਵਾਤਾਵਰਨ ਵਿੱਚ ਪ੍ਰਦੂਸ਼ਨ ਦਾ ਪੱਧਰ ਪਹਿਲਾਂ ਹੀ ਜਿਆਦਾ ਹੈ ਇਸ ਲਈ ਪਟਾਕਿਆਂ ਦੇ ਧੂਏਂ ਨਾਲ ਸਾਡੇ ਵਾਤਾਵਰਨ ਵਿੱਚ ਜਿਹੜਾ ਜਹਿਰ ਘੁਲਣਾ ਹੈ ਉਸ ਨੇ ਸਾਡੇ ਸਾਰਿਆਂ ਦੀ ਸਿਹਤ ਤੇ ਬਹੁਤ ਮਾੜਾ ਅਸਰ ਪਾਉਣਾ ਹੈ। ਸਾਡੇ ਸ਼ਹਿਰ ਵਿੱਚ ਅਜਿਹੇ ਵੱਡੀ ਗਿਣਤੀ ਬਜੁਰਗ ਰਹਿੰਦੇ ਹਨ ਜਿਹੜੇ ਪਹਿਲਾਂ ਹੀ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹਨ ਅਤੇ ਪਟਾਕਿਆਂ ਦੇ ਰੂਪ ਵਿੱਚ ਵਾਤਾਵਰਨ ਵਿੱਚ ਵਧਣ ਵਾਲਾ ਪ੍ਰਦੂਸ਼ਨ ਦਾ ਇਹ ਜਹਿਰ ਅਜਿਹੇ ਵਿਅਕਤੀਆਂ ਲਈ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ।
ਇਸ ਪੱਖੋਂ ਪ੍ਰਸ਼ਾਸ਼ਨ ਵਲੋਂ ਵੀ ਸਿਰਫ ਹੁਕਮ ਜਾਰੀ ਕਰਕੇ ਆਪਣੇ ਹੱਥ ਝਾੜ ਲਏ ਜਾਂਦੇ ਹਨ ਅਤੇ ਇਹਨਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਹੁੰਦੀ। ਪ੍ਰਸ਼ਾਸ਼ਨ ਵਲੋਂ ਇਸ ਤਰੀਕੇ ਨਾਲ ਹੁਕਮ ਜਾਰੀ ਕੀਤੇ ਜਾਣ ਦਾ ਨਾ ਤਾਂ ਕੋਈ ਅਸਰ ਦਿਖਦਾ ਹੈ ਅਤੇ ਨਾ ਹੀ ਇਹਨਾਂ ਹੁਕਮਾਂ ਦਾ ਅਸਲ ਮੰਤਵ ਹੀ ਪੂਰਾ ਹੁੰਦਾ ਹੈ। ਇਹ ਠੀਕ ਹੈ ਕਿ ਲੋਕਾਂ ਵਿੱਚ ਤਿਉਹਾਰ ਦੇ ਉਤਸਾਹ ਨੂੰ ਵੇਖਦਿਆਂ ਪਟਾਕੇ ਚਲਾਉਣ ਤੇ ਰੋਕ ਲਗਾਉਣਾ ਆਸਾਨ ਨਹੀਂ ਹੈ ਪਰੰਤੂ ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਨ ਨੂੰ ਕਾਬੂ ਕਰਨ ਲਈ ਅਜਿਹੇ ਸਖਤ ਫੈਸਲੇ ਲੈਣੇ ਜਰੂਰੀ ਹੋ ਜਾਂਦੇ ਹਨ ਅਤੇ ਜੇਕਰ ਸਥਾਨਕ ਪ੍ਰਸ਼ਾਸ਼ਨ ਪਟਾਕੇ ਚਲਾਉਣ ਲਈ ਜਾਰੀ ਕੀਤੀ ਗਈ ਸਮਾਂ ਸੀਮਾ ਨੂੰ ਮੁਕੰਮਲ ਤੌਰ ਤੇ ਲਾਗੂ ਨਹੀਂ ਕਰਵਾ ਸਕਦਾ ਤਾਂ ਉਸ ਵਲੋਂ ਪਟਾਕਿਆਂ ਤੇ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕਰਨੇ ਚਾਹੀਦੇ ਹਨ।
ਇਸ ਸੰਬੰਧੀ ਵਾਤਾਵਰਨ ਪ੍ਰੇਮੀਆਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਲਗਾਤਾਰ ਵੱਧਦੇ ਪ੍ਰਦੂਸ਼ਨ ਅਤੇ ਸਾਹ ਦੀਆਂ ਵੱਧਦੀਆਂ ਬਿਮਾਰੀਆਂ ਦੇ ਖਤਰੇ ਨੂੰ ਮੁੱਖ ਰੱਖਦਿਆਂ ਸਥਾਨਕ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿੱਚ ਪਟਾਕੇ ਚਲਾਉਣ ਦੀ ਕਾਰਵਾਈ ਉੱਪਰ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕਰ ਦਿੱਤੇ ਜਾਣਗੇ, ਪਰੰਤੂ ਅਜਿਹਾ ਨਹੀਂ ਹੋਇਆ ਹੈ ਅਤੇ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਇਸ ਵਾਰ ਵੀ ਸ਼ਹਿਰ ਅਤੇ ਜਿਲ੍ਹੇ ਵਿੱਚ ਪਟਾਕਿਆਂ ਅਤੇ ਆਤਿਸ਼ਬਾਜੀ ਦੇ ਜਹਿਰੀਲੇ ਧੂਏ ਕਾਰਨ ਵਾਤਾਵਰਨ ਦੇ ਬੁਰੀ ਤਰ੍ਹਾਂ ਪਲੀਤ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪਟਾਕੇ ਚਲਾਉਣ ਲਈ ਸਮਾਂ ਤੈਅ ਕੀਤੇ ਜਾਣ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਇਸ ਸਾਲ ਵੀ ਸ਼ਹਿਰ ਵਿੱਚ ਨਾ ਸਿਰਫ ਵੱਡੇ ਪੱਧਰ ਤੇ ਪਟਾਕੇ ਵੇਚੇ ਜਾਣਗੇ ਬਲਕਿ ਇਹਨਾਂ ਪਟਾਕਿਆ ਨੂੰ ਚਲਾਏ ਜਾਣ ਕਾਰਨ ਸ਼ਹਿਰ ਦੇ ਵਾਤਾਵਰਨ ਨੂੰ ਵੀ ਭਾਰੀ ਨੁਕਸਾਨ ਸਹਿਣਾ ਪੈਣਾ ਹੈ।
ਜੇਕਰ ਪ੍ਰਸ਼ਾਸ਼ਨ ਵਲੋਂ ਤਿਉਹਾਰਾਂ ਮੌਕੇ ਪਟਾਕੇ ਵੇਚਣ ਅਤੇ ਚਲਾਉਣ ਉਪਰ ਪਾਬੰਦੀ ਨਾ ਲਗਾਈ ਗਈ ਤਾਂ ਤਿਉਹਾਰਾਂ ਮੌਕੇ ਲੋਕਾਂ ਵਲੋਂ ਬਹੁਤ ਵੱਡੀ ਮਾਤਰਾ ਵਿੱਚ ਪਟਾਕੇ ਚਲਾਏ ਜਾਣੇ ਹਨ ਜਿਸ ਨਾਲ ਸਾਡਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਾ ਹੈ ਅਤੇ ਇਸ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਥਾਨਕ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਸ ਵਲੋਂ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਵਾਸਤੇ ਸਮਾਂ ਸੀਮਾ ਤੈਅ ਕਰਨ ਸੰਬੰਧੀ ਜਾਰੀ ਕੀਤੇ ਗਏ ਆਪਣੇ ਹੁਕਮਾਂ ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਸ਼ਹਿਰ ਵਿੱਚ ਪਟਾਕਿਆਂ ਦੀ ਖਰੀਦ, ਵੇਚ ਅਤੇ ਵਰਤੋਂ ਉੱਪਰ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕੀਤੇ ਜਾਣ ਤਾਂ ਜੋ ਸਾਡੇ ਸ਼ਹਿਰ ਦੇ ਵਾਤਾਵਰਨ ਨੂੰ ਹੋਰ ਪਲੀਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਪਟਾਕਿਆਂ ਕਾਰਨ ਵਾਪਰਦੇ ਹਾਦਸਿਆਂ ਤੋਂ ਵੀ ਬਚਾਓ ਹੋ ਸਕੇ।
Editorial
ਪ੍ਰੋ. ਪ੍ਰੇਮ ਚੰਦੂਮਾਜਰਾ ਵੱਲੋਂ ਅਕਾਲੀ ਦਲ ਬਾਦਲ ਵਿੱਚ ਵਾਪਸੀ ਦੇ ਮਾਇਨੇ
ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਅਕਾਲੀ ਦਲ ਪੁਨਰ ਸੁਰਜੀਤ ਤੋਂ ਵੱਖ ਹੋਣ ਅਤੇ ਮਾਂ ਪਾਰਟੀ ਅਕਾਲੀ ਦਲ ਬਾਦਲ ਵੱਲ ਪਰਤਣ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡੇ ਉਲਟਫੇਰ ਹੋਣ ਦੀ ਆਸ ਬਣ ਗਈ ਹੈ। ਪ੍ਰੋ. ਚੰਦੂਮਾਜਰਾ ਦੇ ਬਾਦਲ ਦਲ ਨਾਲ ਜੁੜਨ ਨਾਲ ਇਹ ਧੜਾ ਮਜਬੂਤ ਹੋ ਗਿਆ ਹੈ ਜਦੋਂਕਿ ਅਕਾਲੀ ਦਲ ਪੁਨਰ ਸੁਰਜੀਤ ਦਾ ਗਰਾਫ਼ ਹੇਠਾਂ ਜਾ ਰਿਹਾ ਹੈ।
ਹਾਲਾਂਕਿ ਪ੍ਰੋ. ਚੰਦੂਮਾਜਰਾ ਪਹਿਲੇ ਅਕਾਲੀ ਆਗੂ ਨਹੀਂ ਹਨ, ਜਿਹਨਾਂ ਨੇ ਪੁਨਰ ਸੁਰਜੀਤ ਧੜੇ ਨੂੰ ਅਲਵਿਦਾ ਕਿਹਾ ਹੈ। ਇਸ ਤੋਂ ਪਹਿਲਾਂ ਪੰਜ ਪ੍ਰਮੁੱਖ ਆਗੂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਛੱਡ ਚੁੱਕੇ ਹਨ। ਇਨ੍ਹਾਂ ਵਿੱਚ ਸੁਰਜੀਤ ਸਿੰਘ ਰੱਖੜਾ, ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸਾਬਕਾ ਮੰਤਰੀ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਬਰਾੜ, ਚਰਨਜੀਤ ਸਿੰਘ ਬਰਾੜ ਅਤੇ ਧੂਰੀ ਤੋਂ ਸਾਬਕਾ ਅਕਾਲੀ ਵਿਧਾਇਕ ਇਕਬਾਲ ਸਿੰਘ ਝੂੰਦਾ ਸ਼ਾਮਲ ਹਨ।
ਪ੍ਰੋ. ਚੰਦੂਮਾਜਰਾ ਨੇ ਵੱਖ ਵੱਖ ਅਕਾਲੀ ਧੜਿਆਂ ਨੂੰ ਏਕਤਾ ਦਾ ਸੱਦਾ ਦਿੱਤਾ ਹੈ। ਹਾਲਾਂਕਿ ਕੁਝ ਸਮਾਂ ਪਹਿਲਾਂ ਪੰਥਕ ਵੋਟਾਂ ਬਾਰੇ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਸੀ ਕਿ ਵੱਖ ਵੱਖ ਅਕਾਲੀ ਧੜੇ ਹੋਣ ਨਾਲ ਪੰਥਕ ਵੋਟਾਂ ਵੰਡੀਆਂ ਨਹੀਂ ਜਾਂਦੀਆਂ ਬਲਕਿ ਪੰਥਕ ਵੋਟਾਂ ਜਿਸ ਪਾਰਟੀ ਜਾਂ ਧੜੇ ਵੱਲ ਉਲਾਰ ਹੋ ਜਾਣ, ਉਸ ਪਾਰਟੀ ਜਾਂ ਧੜੇ ਦੀ ਜਿੱਤ ਹੋ ਜਾਂਦੀ ਹੈ। ਇਹ ਪੰਥਕ ਵੋਟਾਂ 1989 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਮਾਨ ਵੱਲ ਚਲੀਆਂ ਗਈਆਂ ਸਨ, ਜਿਸ ਕਾਰਨ ਲੋਕ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਵਿੱਚ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਹੋਰਨਾਂ ਉਮੀਦਵਾਰਾਂ ਦੀ ਹੁੰਝਾਫੇਰ ਜਿੱਤ ਹੋਈ ਸੀ। ਉਸ ਤੋਂ ਬਾਅਦ ਇਹ ਪੰਥਕ ਵੋਟਾਂ ਪੂਰੀ ਤਰ੍ਹਾਂ ਬਾਦਲ ਦਲ ਦੇ ਹੱਕ ਵਿੱਚ ਵੀ ਭੁਗਤਦੀਆਂ ਰਹੀਆਂ। ਪੰਥਕ ਵੋਟਾਂ ਦੇ ਸਹਾਰੇ ਬਾਦਲ ਦਲ ਪੂਰੇ 10 ਸਾਲ ਲਗਾਤਾਰ ਪੰਜਾਬ ਵਿੱਚ ਸਰਕਾਰ ਚਲਾਉਣ ਵਿੱਚ ਕਾਮਯਾਬ ਰਿਹਾ। ਪ੍ਰੋ. ਚੰਦੂਮਾਜਰਾ ਦਾ ਕਹਿਣਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਅਕਾਲੀ ਆਗੂਆਂ ਵਿੱਚ ਏਕਤਾ ਬਹੁਤ ਜ਼ਰੂਰੀ ਹੈ।
ਪ੍ਰੋ. ਚੰਦੂਮਾਜਰਾ ਦੇ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਛੱਡਣ ਨਾਲ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਨ ਲੱਗੇ ਹਨ। ਇਸ ਦੇ ਨਾਲ ਹੀ ਹੋਰ ਆਗੂਆਂ ਦੇ ਵੀ ਆਪਣੀ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਜਾਣ ਲਈ ਰਾਹ ਪੱਧਰਾ ਹੋ ਗਿਆ ਹੈ। ਕਿਹਾ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਅਕਾਲੀ ਦਲ ਪੁਨਰ ਸੁਰਜੀਤ ਨਾਲ ਜੁੜੇ ਕੁਝ ਹੋਰ ਆਗੂ ਵੀ ਇਸ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ।
ਪੰਜਾਬ ਦੇ ਲੋਕਾਂ ਨੂੰ ਕ੍ਰਾਂਤੀਕਾਰੀ ਮੰਨਿਆ ਜਾਂਦਾ ਹੈ ਅਤੇ ਪੰਜਾਬੀ ਹਰ ਨਵੀਂ ਚੀਜ਼ ਨੂੰ ਜਲਦੀ ਅਪਨਾ ਲੈਂਦੇ ਹਨ। ਪੰਜਾਬ ਦੇ ਚੋਣ ਨਤੀਜੇ ਅਕਸਰ ਪੂਰੇ ਦੇਸ਼ ਨਾਲੋਂ ਵੱਖਰੇ ਹੁੰਦੇ ਹਨ ਅਤੇ ਪੰਜਾਬ ਹਮੇਸ਼ਾ ਪੂਰੇ ਦੇਸ਼ ਨੂੰ ਵੱਡਾ ਸਿਆਸੀ ਸੰਦੇਸ਼ ਦਿੰਦਾ ਆਇਆ ਹੈ। ਇਸ ਸੰਬੰਧੀ ਜੇਕਰ ਪੰਜਾਬ ਦੇ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲੋਕ ਇਸ ਸਮੇਂ ਇੱਕ ਮਜਬੂਤ ਖੇਤਰੀ ਪਾਰਟੀ ਦੀ ਲੋੜ ਮਹਿਸੂਸ ਕਰ ਰਹੇ ਹਨ। ਇਸਦਾ ਕਾਰਨ ਇਹ ਹੈ ਕਿ ਰਵਾਇਤੀ ਪਾਰਟੀਆਂ ਵਾਂਗ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੀ ਪਰਖ ਲਿਆ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਦੀ ਜਿੱਥੇ ਸਿਆਸੀ ਆਗੂਆਂ ਨੂੰ ਬੇਸਬਰੀ ਨਾਲ ਉਡੀਕ ਹੋ ਰਹੀ ਹੈ ਉਥੇ ਆਮ ਪੰਜਾਬੀ ਆਪਣਾ ਫੈਸਲਾ ਸੁਣਾਉਣ ਲਈ ਅਗਲੀਆਂ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ। ਵੱਡੀ ਗਿਣਤੀ ਪੰਜਾਬੀਆਂ ਦਾ ਕਹਿਣਾ ਹੈ ਕਿ ਪੁਰਾਣੇ ਪੰਥਕ ਆਗੂ ਹੁਣ ਵੇਲਾ ਵਿਹਾ ਚੁੱਕੇ ਹਨ ਅਤੇ ਅਕਾਲੀ ਸਿਆਸਤ ਵਿੱਚ ਹੁਣ ਨਵੀਂ ਪੀੜ੍ਹੀ ਨੂੰ ਅੱਗੇ ਆਉਣ ਅਤੇ ਪੰਜਾਬੀਆਂ ਦੀ ਅਗਵਾਈ ਸੰਭਾਲਣ ਦੀ ਲੋੜ ਹੈ। ਦੂਜੇ ਪਾਸੇ ਪੰਜਾਬ ਦੇ ਸੀਨੀਅਰ ਸਿਆਸੀ ਆਗੂ ਆਪਣੀਆਂ ਕੁਰਸੀਆਂ ਛੱਡਣ ਲਈ ਤਿਆਰ ਨਹੀਂ ਹੋ ਰਹੇ, ਜਿਸ ਕਾਰਨ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿੱਚ ਇਸ ਸਮੇਂ ਕੋਈ ਸਿਆਸੀ ਹਵਾ ਨਹੀਂ ਚੱਲੀ ਹੈ।
ਪ੍ਰੋ. ਚੰਦੂਮਾਜਰਾ ਦੀਆਂ ਸਰਗਰਮੀਆਂ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਹੋਣ ਲੱਗੀ ਹੈ। ਦੂਜੇ ਪਾਸੇ ਪ੍ਰੋ. ਚੰਦੂਮਾਜਰਾ ਵੱਲੋਂ ਦਿਤੇ ਗਏ ਅਕਾਲੀ ਏਕਤਾ ਦੇ ਸੱਦੇ ਨੂੰ ਦੂਸਰੇ ਅਕਾਲੀ ਆਗੂ ਕਿੰਨਾ ਕੁ ਹੁੰਗਾਰਾ ਭਰਦੇ ਹਨ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ।
ਬਿਊਰੋ
-
International2 months ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International2 months ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
Chandigarh2 months ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International2 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
