Connect with us

Editorial

ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਮੁੜ ਹੋਣ ਲੱਗੀ ਚਰਚਾ

Published

on

ਪੰਜਾਬ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਸਿਆਸੀ ਗੱਠਜੋੜ ਦੀ ਚਰਚਾ ਮੁੜ ਸ਼ੁਰੂ ਹੋ ਗਈ ਹੈ। ਇਸ ਵਾਰ ਇਸ ਗੱਠਜੋੜ ਦੀ ਚਰਚਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਇਸ ਸਮੇਂ ਭਾਜਪਾ ਵਿੱਚ ਹਨ। ਉਹਨਾਂ ਦਾ ਕਹਿਣਾ ਹੈ ਕਿ ਅਗਲੀਆਂ ਚੋਣਾਂ ਜਿੱਤਣ ਲਈ ਭਾਜਪਾ ਨੂੰ ਅਕਾਲੀ ਦਲ ਨਾਲ ਸਮਝੌਤਾ ਕਰਨਾ ਹੀ ਪਵੇਗਾ ਅਤੇ ਜੇ ਦੋਵੇਂ ਪਾਰਟੀਆਂ ਰਲ ਕੇ ਚੋਣਾਂ ਲੜਦੀਆਂ ਹਨ ਤਾਂ ਜਿੱਤ ਯਕੀਣੀ ਹੈ, ਨਹੀਂ ਤਾਂ ਨਤੀਜਿਆਂ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੋਵੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਨੇਕਾਂ ਭਾਜਪਾ ਅਤੇ ਅਕਾਲੀ ਆਗੂ ਅਕਾਲੀ ਦਲ ਤੇ ਭਾਜਪਾ ਵਿਚਾਲੇ ਗੱਠਜੋੜ ਬਾਰੇ ਬਿਆਨ ਜਾਰੀ ਕਰ ਚੁੱਕੇ ਹਨ। ਦੂਜੇ ਪਾਸੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਬਿੱਟੂ, ਅਸ਼ਵਨੀ ਸ਼ਰਮਾ ਅਤੇ ਹੋਰ ਆਗੂ ਅਕਾਲੀ ਦਲ ਨਾਲ ਭਾਜਪਾ ਦੇ ਗਠਜੋੜ ਤੋਂ ਸਾਫ਼ ਇਨਕਾਰ ਕਰਦੇ ਆਏ ਹਨ। ਭਾਜਪਾ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਹੀ ਲੜੇਗੀ।

ਕੈਪਟਨ ਅਮਰਿੰਦਰ ਸਿੰਘ ਦੇ ਮੁੜ ਸਿਆਸਤ ਵਿੱਚ ਸਰਗਰਮ ਹੋਣ ਅਤੇ ਅਕਾਲੀ ਦਲ ਭਾਜਪਾ ਗੱਠਜੋੜ ਦੇ ਪੱਖ ਵਿੱਚ ਬੋਲਣ ਨਾਲ ਭਾਜਪਾ ਦੀ ਰਣਨੀਤੀ ਸਬੰਧੀ ਅੰਦਾਜੇ ਲਗਾਏ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਭਾਜਪਾ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਤਿਆਰੀਆਂ ਸ਼ੁਰੂੁ ਕਰ ਚੁੱਕੀ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਚ ਰੱਖਦਿਆਂ ਸੂਬੇ ਵਿੱਚ ਆਪਣਾ ਕੱਦ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੇ ਪੰਜਾਬ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਜੇਕਰ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਨਹੀਂ ਹੁੰਦਾ ਤਾਂ ਫਿਰ 2027 ਭੁੱਲ ਜਾਓ, 2032 ਵੀ ਭੁੱਲ ਜਾਓ ਤੇ ਸ਼ਾਇਦ 2037 ਵਿੱਚ ਕੁੱਝ ਸੰਭਾਵਨਾ ਬਣੇ। ਕੁਝ ਸਿਆਸੀ ਮਾਹਿਰ ਕਹਿ ਰਹੇ ਹਨ ਕਿ ਕੈਪਟਨ ਦੇ ਬਿਆਨ ਨੇ ਭਾਜਪਾ ਨੂੰ ਵੀ ਉਲਝਣ ਵਿੱਚ ਪਾਉਣ ਦਾ ਯਤਨ ਕੀਤਾ ਹੈ ਕਿਉਂਕਿ ਰਵਨੀਤ ਬਿੱਟੂ, ਅਸ਼ਵਨੀ ਸ਼ਰਮਾ ਅਤੇ ਹੋਰ ਆਗੂ ਅਕਾਲੀ ਦਲ ਨਾਲ ਭਾਜਪਾ ਦੇ ਗਠਜੋੜ ਦੇ ਖ਼ਿਲਾਫ਼ ਹਨ।

ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚਾਲੇ ਲੰਬਾ ਸਮਾਂ ਸਿਆਸੀ ਸਾਂਝ ਰਹੀ ਹੈ। ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੋਵਾਂ ਪਾਰਟੀਆਂ ਦੇ ਗੱਠਜੋੜ ਨੂੰ ਭੈਣਾਂ ਭੈਣਾਂ ਵਾਲੀ ਸਾਂਝ ਕਹਿੰਦੇ ਹੁੰਦੇ ਸਨ। ਭਾਜਪਾ ਦੀ ਸੀਨੀਅਰ ਲੀਡਰਸ਼ਿਪ ਸz. ਪ੍ਰਕਾਸ਼ ਸਿੰਘ ਬਾਦਲ ਦਾ ਕਾਫੀ ਸਤਿਕਾਰ ਕਰਦੀ ਸੀ ਪਰ ਸੁਖਬੀਰ ਬਾਦਲ ਬਾਰੇ ਭਾਜਪਾ ਦੀ ਲੀਡਰਸ਼ਿਪ ਅਜੇ ਦੁਚਿੱਤੀ ਵਿੱਚ ਜਾਪਦੀ ਹੈ ਕਿਉਂਕਿ ਸੁਖਬੀਰ ਬਾਦਲ ਦੀ ਕਾਰਜਸ਼ੈਲੀ ਕੁਝ ਭਾਜਪਾ ਆਗੂਆਂ ਨੂੰ ਭਾਜਪਾ ਦੀਆਂ ਨੀਤੀਆਂ ਅਨੁਸਾਰ ਸਹੀ ਨਹੀਂ ਲੱਗਦੀ। ਦੂਜੇ ਪਾਸੇ ਕੁਝ ਅਕਾਲੀ ਆਗੂ ਵੀ ਚਾਹੁੰਦੇ ਹਨ ਕਿ ਅਕਾਲੀ ਦਲ ਦਾ ਭਾਜਪਾ ਨਾਲ ਸਿਆਸੀ ਗੱਠਜੋੜ ਹੋ ਜਾਵੇ ਅਤੇ ਦੋਵੇਂ ਪਾਰਟੀਆਂ ਪਹਿਲਾਂ ਵਾਂਗ ਮਿਲ ਕੇ ਸੱਤਾ ਦਾ ਸੁੱਖ ਮਾਣਨ। ਜਦੋਂਕਿ ਕੁਝ ਅਕਾਲੀ ਆਗੂ ਅਜਿਹੇ ਹਨ ਜੋ ਕਿ ਭਾਜਪਾ ਦੀ ਥਾਂ ਪੰਥਕ ਪਾਰਟੀਆਂ ਸਿਆਸੀ ਗੱਠਜੋੜ ਕਰਨ ਦੇ ਇੱਛੁੱਕ ਹਨ।

ਅਕਾਲੀ ਦਲ ਬਾਦਲ ਦੀ ਸਥਿਤੀ ਅਜਿਹੀ ਹੈ ਕਿ ਵੱਖ ਵੱਖ ਅਕਾਲੀ ਆਗੂ ਕੁਝ ਵੀ ਕਹੀ ਜਾਣ ਪਰ ਅਕਾਲੀ ਦਲ ਬਾਦਲ ਵਿੱਚ ਹੁੰਦਾ ਉਹੋ ਹੈ, ਜੋ ਸੁਖਬੀਰ ਬਾਦਲ ਚਾਹੁੰਦੇ ਹਨ। ਅਕਾਲੀ ਦਲ ਬਾਦਲ ਦੀ ਸਾਰੀ ਸ਼ਕਤੀ ਸੁਖਬੀਰ ਬਾਦਲ ਨੇ ਆਪਣੇ ਹੱਥਾਂ ਵਿੱਚ ਰੱਖੀ ਹੋਈ ਹੈ। ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚਾਲੇ ਸਿਆਸੀ ਗਠਜੋੜ ਦੀ ਚਰਚਾ ਇਸ ਤੋਂ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਹੈ,ਪਰ ਇਹ ਗੱਠਜੋੜ ਸਿਰੇ ਨਹੀਂ ਚੜਿਆ। ਇਸ ਸਮੇਂ ਦੋਵੇਂ ਪਾਰਟੀਆਂ ਹੀ ਇਸ ਗੱਠਜੋੜ ਦੀ ਲੋੜ ਮਹਿਸੁੂਸ ਕਰਦੀਆਂ ਹਨ। ਹੁਣ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਕੋਈ ਸਿਆਸੀ ਗੱਠਜੋੜ ਬਣਦਾ ਹੈ ਜਾਂ ਨਹੀਂ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਪਤਾ ਚੱਲੇਗਾ।

ਬਿਊਰੋ

Continue Reading

Editorial

ਟ੍ਰੈਫਿਕ ਵਿਵਸਥਾ ਦੀ ਬਦਹਾਲੀ ਵਿੱਚ ਸੁਧਾਰ ਲਈ ਆਟੋ ਰਿਕਸ਼ਿਆਂ ਵਾਸਤੇ ਸਪੀਡ ਲਿਮਿਟ ਲਾਗੂ ਕਰੇ ਪ੍ਰਸ਼ਾਸ਼ਨ

Published

on

By

ਸਾਡੇ ਸ਼ਹਿਰ ਨੂੰ ਭਾਵੇਂ ਇੱਕ ਵਿਸ਼ਵ ਪੱਧਰੀ ਅਤਿਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਅਤੇ ਪੰਜਾਬ ਸਰਕਾਰ ਵਲੋਂ ਸ਼ਹਿਰ ਵਾਸੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦੇਣ ਦੇ ਦਾਅਵੇ ਵੀ ਕੀਤੇ ਜਾਂਦੇ ਹਨ ਪਰੰਤੂ ਜਮੀਨੀ ਹਾਲਾਤ ਕੁੱਝ ਹੋਰ ਹੀ ਹਨ। ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਸਰਕਾਰ ਦੇ ਇਹਨਾਂ ਦਾਅਵਿਆਂ ਤੇ ਸਵਾਲ ਖੜ੍ਹੇ ਕਰਦੀ ਹੈ ਅਤੇ ਸ਼ਹਿਰ ਵਾਸੀ ਇਸਦੀ ਆਮ ਸ਼ਿਕਾਇਤ ਵੀ ਕਰਦੇ ਦਿਖਦੇ ਹਨ। ਇਸ ਦੌਰਾਨ ਭਾਵੇਂ ਟ੍ਰੈਫਿਕ ਪੁਲੀਸ ਵਲੋਂ ਸ਼ਹਿਰ ਵਿੱਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਅਤੇ ਪੁਲੀਸ ਵਲੋਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਨਾਕੇਬੰਦੀ ਕਰਕੇ ਵਾਹਨ ਚਾਲਕਾਂ ਦੇ ਚਾਲਾਨ ਕੱਟਣ ਦੀ ਮੁਹਿੰਮ ਵੀ ਨਜਰ ਆ ਜਾਂਦੀ ਹੈ ਪਰੰਤੂ ਟ੍ਰੈਫਿਕ ਪੁਲੀਸ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਾਲਾਨ ਕੱਟਣ ਦੀ ਇਹ ਕਾਰਵਾਈ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਕਰਨ ਦੀ ਥਾਂ ਸਰਕਾਰ ਦਾ ਖਾਲੀ ਖਜਾਨਾ ਭਰਨ ਵਿੱਚ ਵਧੇਰੇ ਕਾਰਗਰ ਨਜਰ ਆਉਂਦੀ ਹੈ।

ਸ਼ਹਿਰਵਾਸੀਆਂ ਨਾਲ ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਬਾਰੇ ਗੱਲ ਕਰਨ ਤੇ ਜਿਆਦਾਤਰ ਸ਼ਹਿਰ ਵਾਸੀ ਇਸ ਵਾਸਤੇ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਦੇ ਆਟੋ ਰਿਕਸ਼ਿਆਂ ਦੇ ਚਾਲਕਾਂ ਨੂੰ ਸਭਤੋਂ ਵੱਧ ਜਿੰਮੇਵਾਰ ਠਹਿਰਾਉਂਦੇ ਹਨ ਅਤੇ ਲੋਕਾਂ ਦੀ ਇਹ ਆਮ ਸ਼ਿਕਾਇਤ ਹੈ ਕਿ ਇਹਨਾਂ ਆਟੋ ਚਾਲਕਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਜਾਂਦੀ। ਲੋਕ ਆਮ ਇਲਜਾਮ ਲਗਾਉਂਦੇ ਹਨ ਕਿ ਇੱਕ ਦੂਜੇ ਤੋਂ ਅੱਗੇ ਵੱਧ ਕੇ ਸਵਾਰੀ ਚੁੱਕਣ ਦੀ ਹੋੜ ਵਿੱਚ ਇਹ ਆਟੋ ਚਾਲਕ ਟ੍ਰੈਫਿਕ ਨਿਯਮਾਂ ਦੀ ਖੁੱਲ੍ਹੀ ਉਲੰਘਣਾ ਕਰਦੇ ਹਨ, ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਅਕਸਰ ਸੜਕ ਹਾਦਸੇ ਵੀ ਵਾਪਰਦੇ ਹਨ।

ਵੇਖਿਆ ਜਾਵੇ ਤਾਂ ਆਮ ਲੋਕਾਂ ਦੀ ਇਹ ਸ਼ਿਕਾਇਤ ਕਾਫੀ ਹੱਦ ਤਕ ਜਾਇਜ ਵੀ ਹੈ ਅਤੇ ਅਸਲੀਅਤ ਇਹੀ ਹੈ ਕਿ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਵਿੱਚੋਂ ਜ਼ਿਆਦਾਤਰ ਦੇ ਚਾਲਕ ਆਪਣੇ ਵਾਹਨ ਬਹੁਤ ਤੇਜ ਰਫਤਾਰ ਨਾਲ ਚਲਾਉਂਦੇ ਹਨ ਅਤੇ ਕਈ ਵਾਰ ਤਾਂ ਸੜਕ ਤੇ ਇਹ ਹਾਲਾਤ ਬਣ ਜਾਂਦੇ ਹਨ ਕਿ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਵਿੱਚ ਇਹਨਾਂ ਆਟੋ ਰਿਕਸ਼ਿਆਂ ਵਲੋਂ ਪੂਰੀ ਸੜਕ ਦਾ ਟ੍ਰੈਫਿਕ ਪ੍ਰਭਾਵਿਤ ਕਰ ਦਿੱਤਾ ਜਾਂਦਾ ਹੈ। ਇਹ ਆਟੋ ਚਾਲਕ ਇਸ ਗੱਲ ਵੱਲ ਵੀ ਧਿਆਨ ਨਹੀਂ ਦਿੰਦੇ ਕਿ ਉਹਨਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਇਹ ਕਾਰਵਾਈ ਹੋਰਨਾਂ ਵਾਹਨ ਚਾਲਕਾਂ ਲਈ ਭਾਰੀ ਪਰੇਸ਼ਾਨੀ ਦਾ ਕਾਰਨ ਬਣਦੀ ਹੈ। ਹੋਰ ਤਾਂ ਹੋਰ ਇਸ ਤਰੀਕੇ ਨਾਲ ਤੇਜ ਰਫਤਾਰ ਨਾਲ ਚਲਦੇ ਇਹ ਆਟੋ ਰਿਕਸ਼ੇ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਵੀ ਹੋ ਚੁੱਕੇ ਹਨ ਅਤੇ ਇਹਨਾਂ ਹਾਦਸਿਆਂ ਦੌਰਾਨ ਇਹਨਾਂ ਆਟੋ ਰਿਕਸ਼ਿਆਂ ਵਿੱਚ ਬੈਠੀਆਂ ਸਵਾਰੀਆਂ ਵੀ ਜਖਮੀ ਹੋ ਚੁੱਕੀਆਂ ਹਨ।

ਸ਼ਹਿਰ ਵਾਸੀ ਇਹ ਵੀ ਇਲਜਾਮ ਲਗਾਉਂਦੇ ਹਨ ਕਿ ਆਟੋ ਰਿਕਸ਼ਾ ਚਾਲਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਬਾਵਜੂਦ ਟ੍ਰੈਫਿਕ ਪੁਲੀਸ ਵਲੋਂ ਆਟੋ ਚਾਲਕਾਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਥਾਂ ਉਹਨਾਂ ਦੀਆਂ ਆਪਹੁਦਰੀਆਂ ਨੂੰ ਪੂਰੀ ਤਰ੍ਹਾਂ ਨਜਰ ਅੰਦਾਜ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਹਿਰ ਵਿੱਚ ਚਲਦੇ ਇਹ ਆਟੋ ਰਿਕਸ਼ੇ ਭਾਵੇਂ ਸ਼ਹਿਰ ਵਾਸੀਆਂ ਦੀ ਜਨਤਕ ਆਵਾਜਾਈ ਦੀ ਮੁੱਢਲੀ ਲੋੜ ਨੂੰ ਕਾਫੀ ਹੱਦ ਤਕ ਪੂਰਾ ਕਰਦੇ ਹਨ ਅਤੇ ਆਮ ਲੋਕ ਇੱਕ ਥਾਂ ਤੋਂ ਦੂਜੀ ਥਾਂ ਤਕ ਪਹੁੰਚਣ ਲਈ ਇਹਨਾਂ ਆਟੋ ਰਿਕਸ਼ਿਆਂ ਤੇ ਹੀ ਨਿਰਭਰ ਵੀ ਕਰਦੇ ਹਨ। ਪਰੰਤੂ ਇਸਦੇ ਬਾਵਜੂਦ ਇਹਨਾਂ ਆਟੋ ਚਾਲਕਾਂ ਨੂੰ ਸੜਕਾਂ ਤੇ ਆਪਹੁਦਰੀਆਂ ਕਰਨ ਦੀ ਇਜਾਜ਼ਤ ਤਾਂ ਨਹੀਂ ਦਿੱਤੀ ਜਾ ਸਕਦੀ। ਇਹਨਾਂ ਆਟੋ ਚਾਲਕਾਂ ਵਲੋਂ ਇੱਕ ਦੂਜੇ ਤੋਂ ਅੱਗੇ ਵੱਧ ਕੇ ਸਵਾਰੀ ਚੁੱਕਣ ਦੀ ਹੋੜ ਵਿੱਚ ਸ਼ਹਿਰ ਦੀਆਂ ਸੜਕਾਂ ਤੇ ਭੜਥੂ ਪਾਉਣ ਦੀ ਕਾਰਵਾਈ ਨਾਲ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਭਾਰੀ ਨੁਕਸਾਨ ਹੁੰਦਾ ਹੈ ਅਤੇ ਸ਼ਹਿਰ ਵਿੱਚ ਚਲਦੇ ਇਹ ਆਟੋ ਚਾਲਕ ਆਪਣੀ ਇਸ ਤੇਜ ਰਫਤਾਰ ਕਾਰਨ ਆਮ ਸਵਾਰੀਆਂ ਲਈ ਵੀ ਖਤਰਾ ਬਣਦੇ ਹਨ ਇਸ ਲਈ ਇਹਨਾਂ ਦੀ ਰਫਤਾਰ ਤੇ ਕਾਬੂ ਕੀਤਾ ਜਾਣਾ ਬਹੁਤ ਜ਼ਰੂਰੀ ਹੈ।

ਇਸ ਸਮੱਸਿਆ ਦੇ ਹਲ ਲਈ ਜ਼ਰੂਰੀ ਹੈ ਕਿ ਇਹਨਾਂ ਆਟੋ ਰਿਕਸ਼ਿਆਂ ਵਾਸਤੇ ਰਫਤਾਰ ਦੀ ਹੱਦ ਕਾਇਮ ਕੀਤੀ ਜਾਵੇ ਅਤੇ ਇਹਨਾਂ ਆਟੋ ਰਿਕਸ਼ਿਆਂ ਵਿੱਚ ਅਜਿਹੇ ਯੰਤਰ ਫਿਟ ਕੀਤੇ ਜਾਣ ਜਿਸ ਨਾਲ ਇਹ ਆਟੋ ਰਿਕਸ਼ੇ ਇੱਕ ਮਿੱਥੀ ਰਫਤਾਰ ਤੋਂ ਵੱਧ ਤੇਜ਼ ਚਲ ਹੀ ਨਾ ਸਕਣ। ਸਥਾਨਕ ਪ੍ਰਸ਼ਾਸ਼ਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਲਈ ਇਹਨਾਂ ਆਟੋ ਰਿਕਸ਼ਿਆਂ ਦੀ ਰਫਤਾਰ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ। ਇਸ ਸੰਬੰਧੀ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਸੁਰਖਿਅਤ ਆਵਾਜਾਈ ਦੀ ਸਹੂਲੀਅਤ ਮਿਲਣ ਦੇ ਨਾਲ ਨਾਲ ਲਗਾਤਾਰ ਵੱਧਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਤੋਂ ਵੀ ਰਾਹਤ ਮਿਲੇ।

Continue Reading

Editorial

ਕੀ ਭਾਜਪਾ ਨੂੰ ਮਿਲ ਸਕੇਗਾ ਦੋਆਬੇ ਦੀ ਦਲਿਤ ਬੈਲਟ ਦਾ ਪੂਰਨ ਸਮਰਥਣ?

Published

on

By

ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ 110 ਸਾਲ ਪੁਰਾਣੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਸੁੰਦਰੀਕਰਨ ਅਤੇ ਅੰਮ੍ਰਿਤ ਭਾਰਤ ਸਟੇਸ਼ਨ ਬਣਾਏ ਜਾਣ ਤੋਂ ਬਾਅਦ ਇਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ 75 ਹੋਰ ਰੇਲਵੇ ਸਟੇਸ਼ਨਾਂ ਦਾ ਵਰਚੁਅਲ ਉਦਘਾਟਨ ਵੀ ਕੀਤਾ ਗਿਆ ਅਤੇ ਅੰਮ੍ਰਿਤਸਰ-ਵਾਰਾਣਸੀ ਸੰਤ ਗੁਰੂ ਰਵਿਦਾਸ ਐਕਸਪ੍ਰੈਸ ਟ੍ਰੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਪ੍ਰਧਾਨ ਮੰਤਰੀ ਮੋਦੀ ਦੇ ਜਲੰਧਰ ਦੌਰੇ ਨੂੰ ਭਾਜਪਾ ਵੱਲੋਂ ਕਾਫੀ ਅਹਿਮੀਅਤ ਦਿਤੀ ਗਈ ਅਤੇ ਸਿਆਸੀ ਮਾਹਿਰਾਂ ਵੱਲੋਂ ਇਸ ਨੂੰ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਦਾ ਪਿਛਲੇ ਛੇ ਮਹੀਨਿਆਂ ਦੌਰਾਨ ਦੋਆਬੇ ਦਾ ਦੂਜਾ ਦੌਰਾ ਹੈ। ਇਸ ਤੋਂ ਪਹਿਲਾਂ ਉਹ ਫਰਵਰੀ ਵਿੱਚ ਦੋਆਬੇ ਵਿੱਚ ਆਏ ਸਨ ਅਤੇ ਉਸ ਸਮੇਂ ਉਹਨਾਂ ਨੇ ਡੇਰਾ ਸੱਚਖੰਡ ਬੱਲਾਂ ਦਾ ਦੌਰਾ ਕੀਤਾ ਸੀ। ਉਸ ਤੋਂ ਬਾਅਦ ਗੁਰੂ ਰਵਿਦਾਸ ਜੀ ਏੇਅਰਪੋਰਟ ਦਾ ਨਾਮਕਰਨ ਵੀ ਹੋ ਚੁੱਕਿਆ ਹੈ।

ਪੰਜਾਬ ਦੇ ਦੋਆਬਾ ਇਲਾਕੇ ਨੂੰ ਐਨ.ਆਰ.ਆਈ. ਅਤੇ ਦਲਿਤ ਬੈਲਟ ਕਿਹਾ ਜਾਂਦਾ ਹੈ। ਇਹ ਇਲਾਕਾ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਪ੍ਰਭਾਵ ਪਾਉਂਦਾ ਹੈ। ਦੋਆਬਾ ਇਲਾਕੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ 23 ਸੀਟਾਂ ਹਨ। ਪੂਰਾ ਦੋਆਬਾ ਦਲਿਤ ਬਹੁਲਤਾ ਵਾਲਾ ਇਲਾਕਾ ਹੈ। ਇਸ ਕਾਰਨ ਦੋਆਬੇ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਦਲਿਤ ਭਾਈਚਾਰੇ ਦਾ ਦਬਦਬਾ ਰਹਿੰਦਾ ਹੈ। ਇਸ ਭਾਈਚਾਰੇ ਦੀਆਂ ਵੋਟਾਂ ਨਾਲ ਦੋਆਬੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਮਤ ਮਿਲ ਜਾਂਦਾ ਹੈ। ਪੰਜਾਬ ਵਿੱਚ ਸਰਗਰਮ ਸਿਆਸੀ ਪਾਰਟੀਆਂ ਵੀ ਇਸ ਗੱਲ ਨੂੰ ਸਮਝਦੀਆਂ ਹਨ ਅਤੇ ਉਹਨਾਂ ਵੱਲੋਂ ਦੋਆਬੇ ਦੇ ਦਲਿਤ ਭਾਈਚਾਰੇ ਦਾ ਸਮਰਥਣ ਹਾਸਲ ਕਰਨ ਲਈ ਯਤਨ ਕੀਤੇ ਜਾਂਦੇ ਹਨ।

ਡੇਰਾ ਸੱਚਖੰਡ ਬੱਲਾਂ ਦਲਿਤ ਭਾਈਚਾਰੇ ਦਾ ਮੁੱਖ ਧਾਰਮਿਕ ਅਤੇ ਸਮਾਜਿਕ ਕੇਂਦਰ ਹੈ। ਇਸ ਡੇਰੇ ਦੀ ਦੋਆਬੇ ਵਿੱਚ ਕਾਫੀ ਮਾਨਤਾ ਹੈ ਅਤੇ ਦੋਆਬੇ ਦਾ ਦਲਿਤ ਭਾਈਚਾਰਾ ਵੱਡੀ ਗਿਣਤੀ ਵਿੱਚ ਇਸ ਡੇਰੇ ਨਾਲ ਜੁੜਿਆ ਦੱਸਿਆ ਜਾਂਦਾ ਹੈ। ਇਸੇ ਕਾਰਨ ਦਲਿਤ ਭਾਈਚਾਰੇ ਦੀਆਂ ਵੋਟਾਂ ਲੈਣ ਲਈ ਅਕਸਰ ਵੱਖ- ਵੱਖ ਸਿਆਸੀ ਪਾਰਟੀਆਂ ਦੇ ਆਗੂ ਡੇਰਾ ਸੱਚਖੰਡ ਬੱਲਾਂ ਦੀ ਪਰਿਕਰਮਾ ਕਰਦੇ ਰਹਿੰਦੇ ਹਨ ਅਤੇ ਸੰਤਾਂ ਦਾ ਆਸ਼ੀਰਵਾਦ ਲੈਂਦੇ ਰਹਿੰਦੇ ਹਨ।

ਪਿਛਲੇ ਕੁਝ ਸਮੇਂ ਤੋਂ ਭਾਜਪਾ ਵੱਲੋਂ ਦੋਆਬਾ ਇਲਾਕੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ ਅਤੇ ਭਾਜਪਾ ਆਗੂਆਂ ਵੱਲੋਂ ਵੱਖ ਵੱਖ ਧਾਰਮਿਕ ਡੇਰਿਆਂ ਤੇ ਜਾ ਕੇ ਸੰਤਾਂ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਲਿਆ ਜਾ ਰਿਹਾ ਹੈ। ਦੋਆਬੇ ਵਿੱਚ ਵੀ ਅਨੇਕਾਂ ਧਾਰਮਿਕ ਡੇਰੇ ਹਨ, ਜਿਹਨਾਂ ਦਾ ਆਪੋ ਆਪਣਾ ਆਧਾਰ ਅਤੇ ਮਾਨਤਾ ਹੈ। ਜਿਆਦਾਤਰ ਡੇਰੇ ਦਲਿਤ ਭਾਈਚਾਰੇ ਦੇ ਨਾਲ ਸੰਬਧਿਤ ਹਨ।

ਦੋਆਬੇ ਦੇ ਵੋਟਰਾਂ ਦਾ ਸਮਰਥਣ ਲੈਣ ਦਾ ਯਤਨ ਹਰ ਸਿਆਸੀ ਪਾਰਟੀ ਕਰਦੀ ਹੈ। ਇਸ ਦਾ ਦੋਹਰਾ ਲਾਭ ਹੁੰਦਾ ਹੈ। ਇੱਕ ਤਾਂ ਐਨ .ਆਰ.ਆਈ. ਬੈਲਟ ਹੋਣ ਕਾਰਨ ਇਸ ਇਲਾਕੇ ਦੇ ਲੋਕ ਪੰਜਾਬ ਦੇ ਹੋਰਨਾਂ ਇਲਾਕਿਆਂ ਨਾਲੋਂ ਅਮੀਰ ਹਨ ਅਤੇ ਉਹ ਖੁਲ ਕੇ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਆਰਥਿਕ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਸ ਇਲਾਕੇ ਵਿੱਚ ਦਲਿਤ ਭਾਈਚਾਰਾ ਕਾਫੀ ਜਿਆਦਾ ਹੈ, ਜਿਸ ਦਾ ਸਮਰਥਣ ਪ੍ਰਾਪਤ ਕਰਨ ਲਈ ਹਰ ਸਿਆਸੀ ਪਾਰਟੀ ਯਤਨ ਕਰਦੀ ਹੈ। ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਦੋਆਬੇ ਦੇ ਐਨ ਆਰ ਆਈ ਅਤੇ ਦਲਿਤ ਭਾਈਚਾਰੇ ਦੀਆਂ ਵੋਟਾਂ ਪ੍ਰਾਪਤ ਕਰਕੇ ਅਨੇਕਾਂ ਸਿਆਸੀ ਪਾਰਟੀਆਂ ਜਿੱਤ ਪ੍ਰਾਪਤ ਕਰ ਚੁੱਕੀਆਂ ਹਨ। ਦੋਆਬੇ ਦੇ ਜ਼ਿਆਦਾਤਰ ਲੋਕ ਪੜੇ ਲਿਖੇ ਹਨ, ਜਿਸ ਕਾਰਨ ਉਹ ਚੋਣਾਂ ਪ੍ਰਤੀ ਪੂਰੀ ਜਾਣਕਾਰੀ ਰੱਖਦੇ ਹਨ।

ਸਿਆਸੀ ਮਾਹਿਰ ਕਹਿ ਰਹੇ ਹਨ ਕਿ ਪ੍ਰਧਾਨ ਮੰਤਰੀ ਛੇ ਮਹੀਨਿਆਂ ਦੌਰਾਨ ਦੋਆਬਾ ਇਲਾਕੇ ਦਾ ਦੌਰਾ ਭਾਜਪਾ ਦੀ ਇਸ ਦਲਿਤ ਬੈਲਟ ਦਾ ਸਮਰਥਣ ਲੈਣ ਦੀ ਰਣਨੀਤੀ ਦਾ ਹਿੱਸਾ ਹੈ। ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਜਪਾ ਨੂੰ ਦੋਆਬੇ ਦੀ ਦਲਿਤ ਬੈਲਟ ਦਾ ਕਿੰਨਾ ਕੁ ਸਮਰਥਨ ਮਿਲਦਾ ਹੈ?

ਬਿਊਰੋ

Continue Reading

Editorial

ਮੁੜ ਉਭਰਿਆ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣ ਦਾ ਮੁੱਦਾ

Published

on

By

ਸਮਾਜ ਵਿੱਚ ਅਧਿਆਪਕ ਵਰਗ ਦਾ ਵਿਸ਼ੇਸ਼ ਮਾਣ ਸਤਿਕਾਰ ਹੈ ਅਤੇ ਅਧਿਆਪਕਾਂ ਨੂੰ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਹੈ। ਅਧਿਆਪਕਾਂ ਵੱਲੋਂ ਪੜਾਏ ਵਿਦਿਆਰਥੀ ਹੀ ਜੱਜ, ਵਕੀਲ, ਇੰਜਨੀਅਰ, ਡਾਕਟਰ, ਬਿਜਨੈਸਮੈਨ, ਨੇਤਾ ਅਤੇ ਹੋਰ ਬਹੁਤ ਕੁਝ ਬਣਦੇ ਹਨ। ਇੱਕ ਅਧਿਆਪਕ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਹਨਾਂ ਨੂੰ ਚੰਗੇ ਸੰਸਕਾਰ, ਅਨੁਸ਼ਾਸਨ ਤੇ ਨੈਤਿਕ ਮੁੱਲਾਂ ਦੀ ਸਿੱਖਿਆ ਵੀ ਦਿੰਦਾ ਹੈ। ਉਹ ਬੱਚਿਆਂ ਨੂੰ ਸੱਚਾਈ, ਇਮਾਨਦਾਰੀ, ਮਿਹਨਤ ਤੇ ਮਨੁੱਖਤਾ ਦਾ ਪਾਠ ਪੜਾਉਂਦਾ ਹੈ।

ਇਹ ਅਧਿਆਪਕ ਹੀ ਹੁੰਦੇ ਹਨ ਜੋ ਵਿਦਿਆਰਥੀਆਂ ਦੀਆਂ ਲੁਕੀਆਂ ਹੋਈਆਂ ਯੋਗਤਾਵਾਂ ਨੂੰ ਪਛਾਣ ਕੇ ਉਹਨਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦੇ ਹਨ ਅਤੇ ਆਪਣੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦੇ ਹਨ। ਵੱਡੀ ਗਿਣਤੀ ਸਰਕਾਰੀ ਅਧਿਆਪਕ ਅਜਿਹੇ ਹਨ, ਜੋ ਕਿ ਪੜਾਈ ਵਿੱਚ ਕਮਜੋਰ, ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਆਪਣੇ ਘਰ ਮੁਫਤ ਵਿੱਚ ਟਿਊਸ਼ਨ ਪੜਾਉਂਦੇ ਹਨ।

ਅਧਿਆਪਕ ਅਤੇ ਵਿਦਿਆਰਥੀਆਂ ਵਿਚਾਲੇ ਚੰਗਾ ਤਾਲਮੇਲ ਹੋਣਾ ਬਹੁਤ ਜਰੂਰੀ ਹੈ। ਦੋਵੇਂ ਧਿਰਾਂ ਦਾ ਸਕੂਲ ਵਿੱਚ ਹਾਜ਼ਰ ਹੋਣਾ ਵੀ ਜਰੂਰੀ ਹੁੰਦਾ ਹੈ। ਅਧਿਆਪਕ ਵਰਗ ਵੱਲੋਂ ਅਕਸਰ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਡਿਊਟੀ ਅਕਸਰ ਗੈਰ ਵਿਦਿਅਕ ਕੰਮਾਂ ਵਿੱਚ ਲਗਾ ਦਿਤੀ ਜਾਂਦੀ ਹੈ, ਜਿਸ ਕਾਰਨ ਉਹਨਾਂ ਨੂੰ ਸਕੂੁਲਾਂ ਦੀ ਥਾਂ ਗੈਰ ਵਿਦਿਅਕ ਕੰਮ ਕਰਨ ਲਈ ਹੋਰਨਾਂ ਥਾਂਵਾਂ ਤੇ ਜਾਣਾ ਪੈਂਦਾ ਹੈ। ਪੰਜਾਬ ਵਿੱਚ ਅੱਜ ਕੱਲ ਵੋਟਾਂ ਦੀ ਸੁਧਾਈ ਦਾ ਕੰਮ ਚੱਲ ਰਿਹਾ ਹੈ। ਇਸ ਕੰਮ ਲਈ ਵੀ ਵੱਡੀ ਗਿਣਤੀ ਸਰਕਾਰੀ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ।

ਸਰਕਾਰੀ ਅਧਿਆਪਕਾਂ ਅਨੁਸਾਰ ਕਦੇ ਉਹਨਾਂ ਦੀ ਡਿਊਟੀ ਜਨਗਨਣਾ ਕਰਨ ਲਈ ਲਗਾ ਦਿੱਤੀ ਜਾਂਦੀ ਹੈ ਅਤੇ ਕਦੇ ਹੋਰ ਅੰਕੜੇ ਇਕੱਠੇ ਕਰਨ ਲਈ। ਇਸ ਤਰ੍ਹਾਂ ਸਾਰਾ ਸਾਲ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਵੀ ਲਏ ਜਾਂਦੇ ਹਨ, ਜਿਸ ਕਾਰਨ ਅਧਿਆਪਕ ਵਰਗ ਵਿੱਚ ਰੋਸ ਫੈਲ ਰਿਹਾ ਹੈ। ਵੱਖ ਵੱਖ ਅਧਿਆਪਕ ਜਥੇਬੰਦੀਆਂ ਅਕਸਰ ਅਧਿਆਪਕਾਂ ਤੋਂ ਲਏ ਜਾ ਰਹੇ ਗੈਰ ਵਿਦਿਅਕ ਕੰਮਾਂ ਦਾ ਵਿਰੋਧ ਵੀ ਕਰਦੀਆਂ ਹਨ ਪਰ ਇਸ ਦੇ ਬਾਵਜੂਦ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ।

ਅਧਿਆਪਕ ਵਰਗ ਦਾ ਕਹਿਣਾ ਹੈ ਕਿ ਅਧਿਆਪਕਾਂ ਨੂੰ ਫੀਲਡ ਵਿੱਚ ਜਾ ਕੇ ਜਾਂ ਲੋਕਾਂ ਦੇ ਘਰ ਘਰ ਜਾ ਕੇ ਗੈਰ ਵਿਦਿਅਕ ਕੰਮ ਕਰਨ ਵਿੱਚ ਕਈ ਕਿਸਮ ਦੀਆਂ ਪ੍ਰੇਸ਼ਾਨੀਆਂ ਆਉਂਦੀਆਂ ਹਨ। ਖਾਸ ਕਰਕੇ ਮਹਿਲਾ ਅਧਿਆਪਕਾਂ ਨੂੰ ਇਸ ਤਰ੍ਹਾਂ ਦੇ ਕੰਮਾਂ ਦੌਰਾਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਅੰਕੜੇ ਇਕੱਠੇ ਕਰਨ ਆਈਆਂ ਜਾਂ ਸਰਵੇਖਣ ਕਰਨ ਆਈਆਂ ਮਹਿਲਾ ਅਧਿਆਪਕਾਂ ਨੂੰ ਕੋਈ ਨਸ਼ੇੇੜੀ ਜਾਂ ਸਮਾਜ ਵਿਰੋਧੀ ਅਨਸਰ ਮੰਦਾ ਵੀ ਬੋਲ ਦਿੰਦੇ ਹਨ।

ਅਧਿਆਪਕ ਜਥੇਬੰਦੀਆਂ ਅਕਸਰ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣ ਵਿਰੁੱਧ ਸੰਘਰਸ਼ ਵੀ ਕਰਦੀਆਂ ਹਨ ਪਰ ਉਹਨਾਂ ਦੇ ਸੰਘਰਸ਼ ਨੂੰ ਸਿਆਸੀ ਪਾਰਟੀਆਂ ਦੀ ਹਮਾਇਤ ਨਾ ਮਿਲਣ ਕਾਰਨ ਇਸ ਸੰਘਰਸ਼ ਨੂੰ ਪੂਰੀ ਸਫਲਤਾ ਨਹੀਂ ਮਿਲਦੀ। ਹਾਲ ਤਾਂ ਇਹ ਹੈ ਕਿ ਹਰ ਸਿਆਸੀ ਪਾਰਟੀ ਦੀ ਸਰਕਾਰ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣ ਵਿੱਚ ਮੋਹਰੀ ਰੋਲ ਅਦਾ ਕਰਦੀ ਹੈ। ਸਰਕਾਰ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਕਹਿਣਾ ਹੁੰਦਾ ਹੈ ਕਿ ਅਧਿਆਪਕਾਂ ਦੀ ਵੱਖ ਵੱਖ ਸਰਕਾਰੀ ਤੇ ਜਰੂਰੀ ਕੰਮਾਂ ਵਿੱਚ ਇਸ ਲਈ ਡਿਊਟੀ ਲਗਾ ਦਿਤੀ ਜਾਂਦੀ ਹੈ, ਕਿਉਂਕਿ ਅਧਿਆਪਕ ਕਾਫੀ ਪੜੇ ਲਿਖੇ ਹੁੰਦੇ ਹਨ ਅਤੇ ਪੂਰੇ ਅਨੁਸ਼ਾਸਨ ਵਿੱਚ ਰਹਿੰਦੇ ਹਨ ਅਤੇ ਉਹ ਹਰ ਕੰਮ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਦੇ ਹਨ।

ਦੂਜੇ ਪਾਸੇ ਕੁਝ ਆਗੂ ਅਜਿਹੇ ਵੀ ਹਨ ਜੋ ਕਹਿੰਦੇ ਹਨ ਕਿ ਸਰਕਾਰ ਨੂੰ ਇੱਕ ਅਜਿਹਾ ਨਵਾਂ ਮਹਿਕਮਾ ਬਣਾ ਕੇ ਨਵੇਂ ਮੁਲਾਜਮਾਂ ਦੀ ਭਰਤੀ ਕਰਨੀ ਚਾਹੀਦੀ ਹੈ, ਜਿਸ ਦੇ ਮੁਲਾਜਮਾਂ ਨੂੰ ਹੀ ਵੋਟਾਂ ਦੀ ਸੁਧਾਈ, ਜਨਗਨਣਾ ਅਤੇ ਹੋਰ ਗੈਰ ਵਿਦਿਅਕ ਕੰਮਾਂ ਲਈ ਲਗਾਇਆ ਜਾ ਸਕੇ ਤਾਂ ਕਿ ਅਧਿਆਪਕਾਂ ਦੀ ਇਹਨਾਂ ਕੰਮਾਂ ਵਿੱਚ ਡਿਊਟੀ ਨਾ ਲੱਗੇ। ਇਸ ਤਰ੍ਹਾਂ ਅਧਿਆਪਕ ਵਰਗ ਨੂੰ ਵੀ ਰਾਹਤ ਮਿਲੇਗੀ ਅਤੇ ਬੱਚਿਆਂ ਦੀ ਪੜਾਈ ਦਾ ਵੀ ਨੁਕਸਾਨ ਨਹੀਂ ਹੋਵੇਗਾ ਅਤੇ ਨਵੀਂ ਭਰਤੀ ਹੋਣ ਨਾਲ ਬੇਰੁਜ਼ਗਾਰਾਂ ਨੂੰ ਵੀ ਰੁਜ਼ਗਾਰ ਮਿਲੇਗਾ।

ਬਿਊਰੋ

Continue Reading

Latest News

Trending