Connect with us

Editorial

ਬਿਜਲੀ ਸੋਧ ਬਿੱਲ 2025 : ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਬਣਾ ਕੇ ਲੋਕਾਂ ਦੀ ਲੁੱਟ ਨੂੰ ਤੇਜ਼ ਕਰ ਰਹੀ ਹੈ ਕੇਂਦਰ ਸਰਕਾਰ

Published

on

ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਬਣਾ ਕੇ ਲੋਕਾਂ ਦੀ ਲੁੱਟ ਨੂੰ ਤੇਜ਼ ਕਰਨ ਲਈ ਆਏ ਦਿਨ ਕੋਈ ਨਾ ਕੋਈ ਨਵਾਂ ਸ਼ਗੂਫਾ ਛੱਡਿਆ ਜਾਂਦਾ ਹੈ। ਕਿਸਾਨਾਂ ਨੂੰ ਜ਼ਮੀਨਾਂ ਵੇਚਣ ਲਈ ਮਜ਼ਬੂਰ ਕਰਨ ਵਾਸਤੇ, ਕਦੇ ਪਰਾਲੀ ਫੂਕਣ ਵਾਲਿਆਂ ਨੂੰ ਜੇਲ੍ਹ ਵਿੱਚ ਡੱਕਣ ਦਾ ਫੁਰਮਾਨ ਜਾਰੀ ਕੀਤਾ ਜਾਂਦਾ ਹੈ, ਕਦੇ ਜਾਣ ਬੁੱਝ ਕੇ ਡੀਏਪੀ ਦੀ ਕਿੱਲਤ ਪੈਦਾ ਕਰ ਦਿੱਤੀ ਜਾਂਦੀ ਹੈ, ਕਦੇ ਝੋਨਾ ਖਰੀਦਣ ਲਈ ਨਮੀ ਦੀ ਪ੍ਰਵਾਨਿਤ ਮਾਤਰਾ 22 ਤੋਂ ਘਟਾ ਕੇ 17 ਕਰ ਦਿੱਤੀ ਜਾਂਦੀ ਹੈ।

ਹੁਣ ਬਿਜਲੀ ਬਿੱਲ 2003 ਵਿੱਚ ਸੋਧਾਂ ਕਰਨ ਲਈ ਬਿਜਲੀ ਸੋਧ ਬਿੱਲ 2025 ਪਾਰਲੀਮੈਂਟ ਵਿੱਚ ਪੇਸ਼ ਕਰਨ ਦੀਆਂ ਤਿਆਰੀਆਂ ਹੋ ਗਈਆਂ ਹਨ। ਇਹ ਉਹੀ ਸੋਧ ਬਿੱਲ ਹੈ ਜਿਹੜਾ ਦਿੱਲੀ ਦੇ ਇਤਿਹਾਸਕ ਕਿਸਾਨ ਘੋਲ ਵੇਲੇ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇੱਕ ਚਿੱਠੀ ਜਾਰੀ ਕਰਕੇ ਰਾਜਾਂ ਨੂੰ ਅਧਿਕਾਰ ਦੇ ਦਿੱਤੇ ਗਏ ਸਨ ਕਿ ਉਹ ਬਿਜਲੀ ਵੰਡ ਦੇ ਖੇਤਰ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਇਜਾਜ਼ਤ ਦੇ ਸਕਦੀਆਂ ਹਨ। ਇਸ ਚਿੱਠੀ ਦੇ ਅਧਾਰ ਤੇ ਮੁੰਬਈ ਦੀ ਮਿਉਂਸਪਲ ਕਾਰਪੋਰੇਸ਼ਨ ਨੇ ਬਿਜਲੀ ਵੰਡ ਦਾ ਕੰਮ ਨਿੱਜੀ ਕੰਪਨੀ ਨੂੰ ਦਿੱਤਾ ਤਾਂ ਬਹੁਤ ਸਖਤ ਵਿਰੋਧ ਹੋਇਆ ਜਿਸ ਕਾਰਨ ਉਹ ਫੈਸਲਾ ਕੁੱਝ ਦਿਨਾਂ ਅੰਦਰ ਹੀ ਵਾਪਸ ਲੈਣਾ ਪੈ ਗਿਆ ਸੀ।

ਇਹਨਾਂ ਹਮਲਿਆਂ ਦੀ ਲੜੀ ਵਿੱਚ ਹੋਰ ਵਾਧਾ ਕਰਦੇ ਹੋਏ ਕੇਂਦਰੀ ਬਿਜਲੀ ਮੰਤਰਾਲੇ ਵੱਲੋਂ 9 ਅਕਤੂਬਰ 2025 ਨੂੰ ਬਿਜਲੀ ਸੋਧ ਬਿੱਲ ਦਾ ਖਰੜਾ ਜਾਰੀ ਕਰ ਦਿੱਤਾ ਗਿਆ। ਇਹ ਬਿੱਲ ਮੌਨਸੂਨ ਸੈਸ਼ਨ ਦੌਰਾਨ ਪਾਰਲੀਮੈਂਟ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।

ਬਿੱਲ ਦੀਆਂ ਤਜ਼ਵੀਜਾਂ ਅਤੇ ਮਨੋਰਥ

(1) ਇਸ ਬਿੱਲ ਦਾ ਮੁੱਖ ਮਨੋਰਥ, ਬਿਜਲੀ ਵੰਡ ਦੇ ਖੇਤਰ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਦਾਖਲੇ ਨੂੰ ਖੁੱਲ੍ਹ ਦੇਣਾ ਹੈ। ਡਰਾਫਟ ਦੀ ਪ੍ਰਸਤਾਵਨਾ ਦਾ ਨੁਕਤਾ ਨੰਬਰ 3 (1) ਕਹਿੰਦਾ ਹੈ ਕਿ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਅਤੇ ਨਿਵੇਸ਼ ਖਿੱਚਣ ਲਈ, ਇੰਗਲੈਂਡ ਅਤੇ ਯੂਰਪੀ ਯੂਨੀਅਨ ਦੇ ਹੋਰ ਮੈਂਬਰ ਦੇਸ਼ਾਂ ਵਾਂਗੂੰ ਖੁੱਲ੍ਹੀ ਮੰਡੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਤਜਵੀਜ਼ਤ ਸੋਧਾਂ ਦੇ ਲੜੀ ਨੰਬਰ 15 ਤੇ ਦਰਜ ਸੈਕਸ਼ਨ 66 ਕਹਿੰਦਾ ਹੈ ਕਿ ਸਰਕਾਰੀ ਕੰਪਨੀਆਂ ਬਿਜਲੀ ਦੀ ਲੋੜ ਨੂੰ ਪੂਰਾ ਨਹੀਂ ਕਰ ਸਕਦੀਆਂ। ਇਸ ਲਈ ਕੇਂਦਰ ਸਰਕਾਰ ਦਾ ਕਮਿਸ਼ਨ, ਕੌਮੀ ਬਿਜਲੀ ਨੀਤੀ ਦੀ ਦਿਸ਼ਾ ਅਨੁਸਾਰ ਬਿਜਲੀ ਦੀ ਮੰਡੀ ਪੈਦਾ ਕਰੇਗਾ। ਇਸ ਮੰਡੀ ਵਿੱਚੋਂ ਬਿਜਲੀ ਖਰੀਦਣ/ ਵੇਚਣ ਲਈ ਕਿਸੇ ਬਿਜਲੀ ਵੰਡ ਕੰਪਨੀ ਨਾਲ ਸਮਝੌਤੇ ਦੀ ਲੋੜ ਨਹੀਂ ਹੋਵੇਗੀ।

(2) ਬਿੱਲ ਦਾ ਦੂਜਾ ਮਨੋਰਥ ਪ੍ਰਾਈਵੇਟ ਕੰਪਨੀਆਂ ਨੂੰ ਬਿਜਲੀ ਵੇਚਣ ਲਈ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਦੇ ਕੇ ਉਹਨਾਂ ਦੇ ਮੁਨਾਫਾ ਕਮਾਉਣ ਦੀਆਂ ਸਾਰੀਆਂ ਅੜਚਣਾਂ ਨੂੰ ਦੂਰ ਕਰਨਾ ਹੈ, ਜਿਵੇਂ ਬਿਜਲੀ ਟਰਾਂਸਮਿਸ਼ਨ ਲਈ ਨਵੀਆਂ ਲਾਈਨਾਂ ਕੱਢਣ ਵਾਸਤੇ ਬਿਜਲੀ ਲਾਈਨ ਅਥੋਰਟੀ ਬਣਾਈ ਜਾਵੇਗੀ। ਪ੍ਰਸਤਾਵਨਾ ਦੀ ਧਾਰਾ 6(1) ਅਨੁਸਾਰ ਬਿਜਲੀ ਕੰਪਨੀਆਂ ਨੂੰ ਆਪਣੀਆਂ ਲਾਈਨਾਂ ਕੱਢਣ ਵਾਸਤੇ ਪੂਰਨ ਅਧਿਕਾਰ ਦਿੱਤਾ ਜਾਵੇਗਾ। ਸੂਬਾ ਸਰਕਾਰਾਂ ਜ਼ਮੀਨ ਦਾ ਮੁਆਵਜ਼ਾ ਦੇਣ ਦੀ ਨੀਤੀ ਤਾਂ ਬਣਾ ਸਕਦੀਆਂ ਹਨ ਪਰ ਲਾਈਨਾਂ ਕੱਢਣ ਲਈ ਜ਼ਮੀਨ ਦੀ ਵਰਤੋਂ ਕਰਨ ਦੇ ਅਤੇ ਹੋਰ ਪੂਰਨ ਅਧਿਕਾਰ ਇਸ ਬਿਜਲੀ ਲਾਈਨ ਅਥਾਰਟੀ ਕੋਲ ਹੋਣਗੇ।

3) ਮਾਲ ਸਰਕਾਰੀ, ਮੁਨਾਫਾ ਕੰਪਨੀ ਦਾ :- ਪ੍ਰਸਤਾਵਨਾ ਦੀ ਧਾਰਾ 6 (3) ਅਨੁਸਾਰ ਬਿਜਲੀ ਕੰਪਨੀਆਂ ਆਪਣੀ ਵੱਖਰੀ ਲਾਈਨ ਵੀ ਕੱਢ ਸਕਦੀਆਂ ਹਨ ਅਤੇ ਸਾਂਝੀਆਂ ਲਾਈਨਾਂ ਵੀ ਵਰਤ ਸਕਦੀਆਂ ਹਨ। ਇਸ ਸਬੰਧੀ ਲੜੀ ਨੰਬਰ 10 ਤੇ ਦਰਜ, ਡਰਾਫਟ ਸੋਧ 42(1) ਕਹਿੰਦੀ ਹੈ ਕਿ ”ਬਿਨਾਂ ਕਿਸੇ ਭੇਦਭਾਵ ਤੋਂ” ਲਾਈਨਾਂ ਸਾਂਝੇ ਤੌਰ ਤੇ ਵਰਤੀਆਂ ਜਾ ਸਕਦੀਆਂ ਹਨ। ਜਿਵੇਂ ਰਿਲਾਇੰਸ ਜੀਓ ਵਾਲੇ, ਬੀ ਐਸ ਐਨ ਐਲ ਦੇ ਟਾਵਰਾਂ ਨੂੰ ਵਰਤਦੇ ਸਨ। ਇਹ ਸਰਕਾਰੀ ਕਾਰਪੋਰੇਸ਼ਨਾਂ ਨੂੰ ਫੇਲ੍ਹ ਕਰਨ ਦੀ ਹੀ ਇੱਕ ਸਾਜਿਸ਼ ਹੈ।

(4) ਗਰੀਬਾਂ ਦੀ ਕੀਮਤ ਤੇ ਅਮੀਰਾਂ ਨੂੰ ਸਹੂਲਤਾਂ :- ਸਨਅਤੀ ਘਰਾਣਿਆਂ ਨੂੰ ਹੋਰ ਸਹੂਲਤਾਂ ਦੇਣ ਅਤੇ ਆਮ ਲੋਕਾਂ ਦਾ ਗਲ਼ ਘੁੱਟਣ ਲਈ ਕਰਾਸ ਸਬਸਿਡੀ ਦਾ ਖਾਤਮਾ ਕੀਤਾ ਜਾਵੇਗਾ। ਡ੍ਰਾਫਟ ਦੇ ਲੜੀ ਨੰਬਰ 4 ਤੇ ਸੋਧ ਨੰਬਰ 2 (42) ਏ, ਐਮ ਐਸ ਐਮ ਈ ਨੂੰ ਕਰਾਸ ਸਬਸਿਡੀ ਤੋਂ ਛੋਟ ਦਿੰਦੀ ਹੈ। ਲੜੀ ਨੰਬਰ 13 ਸੈਕਸ਼ਨ 61(ਜੀ) ਪੰਜ ਸਾਲ ਦੇ ਅੰਦਰ ਅੰਦਰ ਕਰਾਸ ਸਬਸਿਡੀ ਖਤਮ ਕਰਨ ਨੂੰ ਕਹਿੰਦਾ ਹੈ।

ਇਸ ਸਬੰਧੀ ਡਰਾਫਟ ਕਹਿੰਦਾ ਹੈ ਕਿ ਬਿਜਲੀ ਦੇ ਰੇਟ, ਕੀਮਤ ਦੇ ਆਧਾਰ ਤੇ ਤੈਅ ਕੀਤੇ ਜਾਣੇ ਚਾਹੀਦੇ ਹਨ। ਜਿਹੜੇ ਵਰਗਾਂ ਨੂੰ ਕ੍ਰਾਸ ਸਬਸਿਡੀ ਦਿੱਤੀ ਜਾਂਦੀ ਹੈ, ਉਹਨਾਂ ਨੂੰ ਸੂਬਾ ਸਰਕਾਰ ਸਿੱਧੀ ਸਬਸਿਡੀ ਦੇਵੇ ਅਤੇ ਕਰਾਸ ਸਬਸਿਡੀ ਦਾ ਖਾਤਮਾ ਕੀਤਾ ਜਾਵੇ।

(4) ਮੀਂਫਤ ਅਤੇ ਸਸਤੀ ਬਿਜਲੀ ਦਾ ਖਾਤਮਾ : ਡਰਾਫਟ ਕਹਿੰਦਾ ਹੈ ਕਿ ਖਪਤਕਾਰ ਨੂੰ ਬਿਜਲੀ ਦਾ ਬਿੱਲ ਸਾਰੇ ਖਰਚੇ ਜੋੜ ਕੇ ਭੇਜਿਆ ਜਾਵੇਗਾ। ਇਹਨਾਂ ਖਰਚਿਆਂ ਵਿੱਚ, ਬਿਜਲੀ ਪੈਦਾ ਕਰਨ ਅਤੇ ਵੇਚਣ ਦੇ ਸਾਰੇ ਖਰਚੇ, ਕੰਪਨੀ ਦਾ ਮੁਨਾਫਾ, ਮਸ਼ੀਨਰੀ ਦਾ ਮੁੱਲ ਘਾਟਾ, ਖਰਚੀ ਹੋਈ ਰਕਮ ਦਾ ਵਿਆਜ, ਮਸ਼ੀਨਾਂ ਦੀ ਘਸਾਈ ਅਤੇ ਭਵਿੱਖ ਵਿੱਚ ਸਮਰੱਥਾ ਵਾਧਾ ਕਰਨ ਲਈ ਹੋਣ ਵਾਲਾ ਖਰਚਾ ਸ਼ਾਮਿਲ ਹੋਵੇਗਾ।

5) ਸਬਸਿਡੀਆਂ ਦਾ ਵੀ ਖਾਤਮਾ :- ਸੋਧ ਬਿੱਲ ਅਨੁਸਾਰ, ਜੇਕਰ ਕੋਈ ਸੂਬਾ ਸਰਕਾਰ ਕਿਸੇ ਕੈਟਾਗਰੀ ਨੂੰ ਸਬਸਿਡੀ ਦੇਣੀ ਚਾਹੁੰਦੀ ਹੈ ਤਾਂ ਉਹ ਖਪਤਕਾਰ ਦੇ ਖਾਤੇ ਵਿੱਚ ਸਿੱਧੇ ਤੌਰ ਤੇ ਜਮ੍ਹਾਂ ਕਰਵਾਵੇਗੀ। ਇਸ ਦਾ ਮਤਲਬ ਹੈ ਕਿ ਲੋਕਾਂ ਨੂੰ ਪਹਿਲਾਂ ਪੂਰੇ ਰੇਟ ਤੇ, ਪੂਰਾ ਬਿੱਲ ਭਰਨਾ ਪਵੇਗਾ ਅਤੇ ਮਗਰੋਂ ਸਰਕਾਰ ਤੁਹਾਡੇ ਖਾਤੇ ਵਿੱਚ ਸਬਸਿਡੀ ਦੀ ਰਕਮ ਪਾ ਦੇਵੇਗੀ।

(6) ਲੜੀ ਨੰਬਰ 18 ਸੈਕਸ਼ਨ 86 (1) ਈ ਅਨੁਸਾਰ ਗੈਰ ਰਵਾਇਤੀ ਸਾਧਨਾਂ ਜਿਵੇਂ ਸੂਰਜੀ ਊਰਜਾ ਅਤੇ ਪੌਣ ਚੱਕੀਆਂ ਤੋਂ ਪੈਦਾ ਕੀਤੀ ਬਿਜਲੀ ਵਰਤਣੀ ਜ਼ਰੂਰੀ ਕੀਤੀ ਜਾਵੇਗੀ। ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ ਤੈਅ ਕਰੇਗਾ ਕਿ ਕੁੱਲ ਬਿਜਲੀ ਦਾ ਕਿੰਨੇ ਪਰਸੈਂਟ, ਗੈਰ ਰਵਾਇਤੀ ਊਰਜਾ ਸਾਧਨਾਂ ਤੋਂ ਵਰਤਣੀ ਹੈ। ਕੇਂਦਰ ਦੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ। ਜੇਕਰ ਕੋਈ ਖਪਤਕਾਰ ਜਾਂ ਬਿਜਲੀ ਵੰਡ ਕੰਪਨੀ ਇਸ ਦੀ ਨਿਰਧਾਰਤ ਮਿਕਦਾਰ ਵਿੱਚ ਵਰਤੋਂ ਨਹੀਂ ਕਰੇਗੀ ਤਾਂ ਉਸ ਨੂੰ ਜੁਰਮਾਨੇ ਲਾਏ ਜਾਣਗੇ।

7) ਸੂਬਿਆਂ ਦੇ ਅਧਿਕਾਰਾਂ ਤੇ ਡਾਕਾ :- ਬਿਜਲੀ ਸੋਧ ਬਿੱਲ ਰਾਹੀਂ ਕੇਂਦਰ ਸਰਕਾਰ ਦੀਆਂ ਕਈ ਮਨ ਮਰਜ਼ੀਆਂ ਸੂਬਿਆਂ ਤੇ ਜਬਰਦਸਤੀ ਮੜ੍ਹ ਦਿੱਤੀਆਂ ਜਾਣਗੀਆਂ। ਟੈਰਿਫ ਤੈਅ ਕਰਨ ਅਤੇ ਝਗੜਿਆਂ ਦਾ ਨਿਬੇੜਾ ਕਰਨ ਦੇ ਅਧਿਕਾਰ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਚਲੇ ਜਾਣਗੇ। ਉੱਚ ਤਾਕਤੀ ਬਿਜਲੀ ਕੌਂਸਲ ਬਣਾਈ ਜਾਵੇਗੀ ਜਿਸ ਦਾ ਚੇਅਰਮੈਨ, ਕੇਂਦਰੀ ਬਿਜਲੀ ਮੰਤਰੀ ਹੋਵੇਗਾ। ਕੇਂਦਰੀ ਪਾਵਰ ਸਕੱਤਰ ਉਸਦਾ ਕਨਵੀਨਰ ਹੋਵੇਗਾ ਅਤੇ ਸੂਬਿਆਂ ਦੇ ਬਿਜਲੀ ਮੰਤਰੀ ਇਸ ਕੌਂਸਲ ਦੇ ਮੈਂਬਰ ਹੋਣਗੇ। ਇਹ ਕੌਂਸਲ ਕੇਂਦਰ ਅਤੇ ਰਾਜਾਂ ਨੂੰ ਨੀਤੀਆਂ ਬਣਾਉਣ, ਸੁਧਾਰ ਕਰਨ ਅਤੇ ਇਹਨਾਂ ਨੀਤੀਆਂ ਅਤੇ ਸੁਧਾਰਾਂ ਨੂੰ ਲਾਗੂ ਕਰਨ ਵਾਸਤੇ ਸਲਾਹ ਅਤੇ ਦਿਸ਼ਾ ਨਿਰਦੇਸ਼ ਦੇਵੇਗੀ। ਇਸ ਦਾ ਸਿੱਧਾ ਮਤਲਬ ਹੈ ਕਿ ਨੀਤੀਆਂ ਬਣਾਉਣ ਅਤੇ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ ਦੀ ਸਿੱਧੀ ਦਖਲ ਅੰਦਾਜੀ ਚੱਲੇਗੀ।

ਅਖਬਾਰੀ ਖਬਰਾਂ ਅਨੁਸਾਰ ਕੇਂਦਰ ਸਰਕਾਰ ਵੱਲੋਂ ਸੱਤ ਸੂਬਿਆਂ ਨਾਲ ਇੱਕ ਤਜਵੀਜ਼ ਸਾਂਝੀ ਕੀਤੀ ਗਈ ਹੈ। ਇਸ ਤਜਵੀਜ਼ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਰਾਜ ਸਰਕਾਰਾਂ ਬਿਜਲੀ ਵੰਡ ਕੰਪਨੀਆਂ ਨੂੰ ਸਬਸਿਡੀ ਦੀ ਰਕਮ ਅਦਾ ਕਰਨ ਵਿੱਚ ਨਾਕਾਮ ਰਹਿੰਦੀਆਂ ਹਨ ਉਹਨਾਂ ਨੂੰ ਹੇਠਲੀਆਂ ਤਿੰਨਾਂ ਵਿੱਚੋਂ ਕਿਸੇ ਇੱਕ ਸਜ਼ਾ ਨੂੰ ਚੁਣਨਾ ਹੋਵੇਗਾ।

ੳ) ਰਾਜ ਸਰਕਾਰ ਬਿਜਲੀ ਵੰਡ ਕਾਰਪੋਰੇਸ਼ਨ ਦੇ 51 ਫੀਸਦੀ ਸ਼ੇਅਰ ਵੇਚ ਕੇ ਨਿੱਜੀ ਕੰਪਨੀਆਂ ਨਾਲ ਭਾਈਵਾਲੀ ਕਰਨਾ।

ਅ) ਰਾਜ ਸਰਕਾਰ, ਬਿਜਲੀ ਵੰਡ ਕਾਰਪੋਰੇਸ਼ਨ ਦੀ 26 ਫੀਸਦੀ ਹਿੱਸੇਦਾਰੀ (ਸਮੇਤ ਪ੍ਰਬੰਧ) ਕਿਸੇ ਨਿੱਜੀ ਕੰਪਨੀ ਨੂੰ ਸੌਂਪ ਦੇਵੇ।

ੲ) ਨਿੱਜੀਕਰਨ ਤੋਂ ਬਚਣਾ ਚਾਹੁੰਦੇ ਰਾਜ, ਆਪਣੀ ਬਿਜਲੀ ਕਾਰਪੋਰੇਸ਼ਨ ਨੂੰ ਸਟਾਕ ਐਕਸਚੇਂਜ ਵਿੱਚ ਰਜਿਸਟਰਡ ਕਰਨ ਤਾਂ ਕਿ ਕੋਈ ਵੀ ਉਹਨਾਂ ਦੇ ਸ਼ੇਅਰ ਖਰੀਦ ਸਕੇ।

ਉਪਰੋਕਤ ਤਿੰਨਾਂ ਚੀਜ਼ਾਂ ਵਿੱਚੋਂ ਕਿਸੇ ਇੱਕ ਨੂੰ ਵੀ ਲਾਗੂ ਕਰਨ ਦਾ ਮਤਲਬ ਹੈ ਕਿ ਸਰਕਾਰੀ ਬਿਜਲੀ ਕਾਰਪੋਰੇਸ਼ਨ ਦਾ ਨਿੱਜੀਕਰਨ ਕਰ ਦਿੱਤਾ ਜਾਵੇਗਾ।

ਉਪਰੋਕਤ ਚਰਚਾ ਤੋਂ ਸਪਸ਼ਟ ਹੈ ਕਿ ਇਹ ਸਾਰੀ ਕਸਰਤ ਦੇਸ਼ ਦੇ ਬਿਜਲੀ ਖੇਤਰ ਨੂੰ ਮੁਕੰਮਲ ਤੌਰ ਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਯਤਨ ਹੈ। ਜੇਕਰ ਇਹ ਸੋਧ ਬਿੱਲ ਪਾਸ ਹੋ ਕੇ ਕਾਨੂੰਨ ਬਣ ਜਾਂਦਾ ਹੈ ਤਾਂ ਸਰਕਾਰੀ ਖੇਤਰ ਦੀਆਂ ਬਿਜਲੀ ਕੰਪਨੀਆਂ ਨੂੰ ਫੇਲ੍ਹ ਕਰਨ ਤੋਂ ਬਾਅਦ ਨਿੱਜੀ ਕੰਪਨੀਆਂ ਵੱਲੋਂ ਮਨ ਮਰਜ਼ੀ ਦੇ ਰੇਟਾਂ ਤੇ ਬਿਜਲੀ ਵੇਚ ਕੇ ਲੋਕਾਂ ਦੀ ਲੁੱਟ ਕੀਤੀ ਜਾਵੇਗੀ।

ਇਸ ਸਬੰਧੀ ਟੈਲੀਕਾਮ ਖੇਤਰ ਦਾ ਤਜਰਬਾ ਲੋਕਾਂ ਦੇ ਸਾਹਮਣੇ ਹੈ ਕਿ ਕਿਵੇਂ ਬੀਐਸਐਨਐਲ ਨੂੰ 4ਜੀ ਡਾਟਾ ਵਰਤਣ ਦੀ ਵੀ ਇਜ਼ਾਜ਼ਤ ਨਹੀਂ ਦਿੱਤੀ ਗਈ ਅਤੇ ਰਿਲਾਇੰਸ ਜੀਓ ਨੂੰ ਵੱਧ ਤੋਂ ਵੱਧ ਸਹੂਲਤ ਦੇ ਕੇ ਸਰਕਾਰੀ ਕੰਪਨੀ ਨੂੰ ਫੇਲ੍ਹ ਕਰ ਦਿੱਤਾ ਗਿਆ। ਸ਼ੁਰੂ ਵਿੱਚ ਮੁਫਤ ਸਿੰਮ ਦੇਣ ਵਾਲੀ ਰਿਲਾਇੰਸ ਜੀਉ ਹੁਣ ਕਿਸ ਤਰ੍ਹਾਂ ਲੋਕਾਂ ਨੂੰ ਲੁੱਟ ਰਹੀ ਹੈ।

ਅਸਲ ਵਿੱਚ 1991 ਤੋਂ ਸ਼ੁਰੂ ਹੋਈਆਂ ਨਵੀਆਂ ਆਰਥਿਕ ਨੀਤੀਆਂ ਅਨੁਸਾਰ ਦੇਸ਼ ਦੇ ਸਾਰੇ ਜਨਤਕ ਖੇਤਰ ਦੇ ਸਾਰੇ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਿਆ ਜਾ ਰਿਹਾ ਹੈ। ਇਸ ਲੜੀ ਵਿੱਚ ਇਹ ਸੋਧ ਬਿੱਲ ਦੇਸ਼ ਦੇ ਬਿਜਲੀ ਖੇਤਰ ਤੇ ਵੱਡਾ ਹਮਲਾ ਹੈ। ਪਹਿਲਾਂ ਇਸ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਲੜੇ ਗਏ ਇਤਿਹਾਸਿਕ ਦਿੱਲੀ ਘੋਲ ਰਾਹੀਂ ਰੋਕਿਆ ਗਿਆ ਸੀ ਅਤੇ ਹੁਣ ਫਿਰ ਇਸ ਲੋਕ ਵਿਰੋਧੀ ਵਾਰ ਨੂੰ ਰੋਕਣ ਵਾਸਤੇ ਸਮੂਹ ਕਿਸਾਨਾਂ, ਮਜ਼ਦੂਰਾਂ, ਬਿਜਲੀ ਮੁਲਾਜ਼ਮਾਂ ਅਤੇ ਹੋਰ ਮਿਹਨਤਕਸ਼ ਲੋਕਾਂ ਨੂੰ ਇਕੱਠੇ ਹੋ ਕੇ ਕਮਰਕੱਸੇ ਕਰਨ ਦੀ ਲੋੜ ਹੈ।

ਪਰਮਦੀਪ ਸਿੰਘ ਬੈਦਵਾਣ ਸੂਬਾ ਸਕੱਤਰ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ

9814901212

 

Continue Reading

Editorial

ਦੀਵੇ ਤੋਂ ਦੀਵਾ ਬਲਦਾ ਜਾਵੇ, ਘਰ-ਘਰ ਨਵਾਂ ਚਾਨਣ ਆਵੇ

Published

on

By

ਦਿਵਾਲੀ ਦੇ ਸ਼ਬਦਾਂਤਿਕ ਅਰਥ ਦੀਪਮਾਲਿਕਾ, ਦੀਪਾਵਲਿ ਅਤੇ ਦੀਵਿਆਂ ਦੀ ਕਤਾਰ ਹੁੰਦੇ ਹਨ। ਦਿਵਾਲ਼ੀ ਸੰਸਕ੍ਰਿਤ ਦੇ ਦੋ ਲਫ਼ਜ਼ਾਂ ਦੀਪ ਅਤੇ ਆਵਲੀ ਤੋਂ ਬਣਿਆ ਹੈ ਜਿਹਨਾਂ ਦਾ ਅਰਥ ‘ਦੀਵਿਆਂ ਦੀ ਲੜੀ’ ਹੈ। ਸੰਸਕ੍ਰਿਤ ਲਫ਼ਜ਼ ‘ਦੀਪ’ ਦਾ ਅਰਥ ਹੈ ਦੀਵਾ, ਪ੍ਰਕਾਸ਼, ਚਿਰਾਗ਼, ਗਿਆਨ ਜਾਂ ਕੋਈ ਚੀਜ਼ ਜੋ ਚਮਕਦੀ ਹੈ’ ਅਤੇ ‘ਆਵਲੀ’ ਦਾ ਅਰਥ ਹੈ ‘ਕਤਾਰ, ਸੀਮਾ, ਨਿਰੰਤਰ ਰੇਖਾ ਜਾਂ ਲੜੀ’।

ਕੱਤਕ (ਨਵੰਬਰ) ਮਹੀਨੇ ‘ਮੱਸਿਆ ਦੀ ਹਨੇਰੀ ਰਾਤ’ ਨੂੰ ਹਰ ਪਾਸੇ ਜਗਾਏ ਦੀਵਿਆਂ, ਬਿਜਲਈ ਲੜੀਆਂ, ਰੰਗ ਬਿਰੰਗੀਆਂ ਰੌਸ਼ਨੀਆਂ ਅਤੇ ਰੰਗ ਬਿਰੰਗੇ ਬਲਬਾਂ ਦੀਆਂ ਰਿਸ਼ਮਾਂ ਨਾਲ ‘ਧਰਤੀ ਤੋਂ ਲੈ ਕੇ ਅੰਬਰ ਤੱਕ’ ਹਰ ਕੋਨਾ ਰੁਸ਼ਨਾਇਆ ਹੁੰਦਾ ਹੈ। ਇਹ ਰੌਸ਼ਨੀਆਂ ਮਨੁੱਖ ਦੀ ਜ਼ਿੰਦਗੀ ਵਿੱਚ ਵੀ ਨਵਾਂ ਉਤਸ਼ਾਹ ਅਤੇ ਜੋਸ਼ ਭਰਦੀਆਂ ਹਨ ਅਤੇ ਇਸ ਮੌਕੇ ਹਰ ਵਿਅਕਤੀ ਦੇ ਚਿਹਰੇ ਤੇ ਇੱਕ ਵੱਖਰਾ ਹੀ ਨੂਰ ਹੁੰਦਾ ਹੈ। ਇਹਨਾਂ ਰੌਸ਼ਨੀਆਂ ਤੋਂ ਪ੍ਰੇਰਨਾ ਲੈ ਕੇ ਵੱਡੀ ਗਿਣਤੀ ਮਨੁੱਖ ਵੀ ਆਪਣਾ ਵਰਤਮਾਨ ਤੇ ਭਵਿੱਖ ਨੂੰ ਪੂਰੀ ਤਰ੍ਹਾਂ ਰੌਸ਼ਨ ਕਰਨ ਲਈ ਤਿਆਰ ਹੋ ਜਾਂਦੇ ਹਨ।

ਦਿਵਾਲੀ ਮੌਕੇ ਧਰਤੀ ਤੇ ਜਗਾਏ ਮਿੱਟੀ ਦੇ ਦੀਵਿਆਂ ਅਤੇ ਹਨੇਰੀ ਰਾਤ ਨੂੰ ਅੰਬਰ ਉੱਤੇ ਚਮਕਦੇ ਤਾਰਿਆਂ ਵਿਚਾਲੇ ਵੀ ਇੱਕ ਤਰ੍ਹਾਂ ਦਾ ਮੁਕਾਬਲਾ ਹੋਣ ਲੱਗਦਾ ਹੈ ਕਿ ਦੋਵਾਂ ਵਿਚੋਂ ਵਧੇਰੇ ਕੌਣ ਚਮਕੇਗਾ? ਨਿੱਕੇ ਬਾਲਾਂ ਤੋਂ ਲੈ ਕੇ ਹਰ ਉਮਰ ਵਰਗ ਦੇ ਲੋਕਾਂ ਵਿੱਚ ਦਿਵਾਲੀ ਵਾਲੇ ਦਿਨ-ਰਾਤ ਹੋਈ ਚਮਕ ਦਮਕ ਅਤੇ ਲੱਗੀਆਂ ਰੌਣਕਾਂ ਨਵੇਂ ਵਲਵਲੇ ਪੈਦਾ ਕਰਦੀਆਂ ਹਨ ਅਤੇ ਉਹ ਆਪਣੀ ਜ਼ਿੰਦਗੀ ਨੂੰ ਹੋਰ ਰੁਸ਼ਨਾਉਣ ਲਈ ਤਿਆਰ ਹੋ ਜਾਂਦੇ ਹਨ।

ਦਿਵਾਲੀ ਦੀ ਰਾਤ ਇੱਕ ਪਾਸੇ ਖੁਸ਼ੀਆਂ ਵਿੱਚ ਢੋਲ ਨਗਾੜੇ ਵੱਜ ਰਹੇ ਹੁੰਦੇ ਹਨ, ਦੂਜੇ ਪਾਸੇ ਵਲਵਲਿਆਂ ਦੀ ਸ਼ਹਿਨਾਈ ਗੂੰਜ ਰਹੀ ਹੁੰਦੀ ਹੈ। ਇਸ ਦੇ ਨਾਲ ਹੀ ਦਿਵਾਲੀ ਮੌਕੇ ਲਕਸ਼ਮੀ ਮਾਤਾ ਜੀ ਦੀ ਪੂਜਾ ਵੀ ਹੋ ਰਹੀ ਹੁੰਦੀ ਹੈ। ਇੱਕ ਦੀਵੇ ਨੂੰ ਜਗਾ ਕੇ ਫਿਰ ਉਸ ਦੀਵੇ ਤੋਂ ਹੀ ਬਾਕੀ ਦੀਵੇ ਜਗਾਏ ਜਾਂਦੇ ਹਨ ਅਤੇ ਘਰਾਂ ਵਿੱਚ ਰੌਸ਼ਨੀ ਕੀਤੀ ਜਾਂਦੀ ਹੈ। ਇਸ ਦਿਨ ਦਿਵਾਲੀ ਦੇ ਦੀਵਿਆਂ, ਲੜੀਆਂ, ਰੰਗੀਨ ਬਲਬਾਂ ਦੀ ਰੌਸ਼ਨੀ ਵਿੱਚ ਘਰ ਅਤੇ ਦੁਕਾਨਾਂ, ਸ਼ੋ-ਰੂਮ ਬੜੇ ਸੁੰਦਰ ਲੱਗਦੇ ਹਨ, ਕਿਉਂਕਿ ਦਿਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਘਰਾਂ ਅਤੇ ਦੁਕਾਨਾਂ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਹੁੰਦੀ ਹੈ, ਕਈਆਂ ਨੂੰ ਤਾਂ ਨਵਾਂ ਰੰਗ ਰੋਗਨ ਵੀ ਕੀਤਾ ਜਾਂਦੈ, ਇਸ ਕਾਰਨ ਹੀ ਹਰ ਘਰ ਵੀ ਸੁੰਦਰ ਲੱਗਦੈ ਤੇ ਸ਼ੁੱਧ ਵੀ ਮੰਨਿਆ ਜਾਂਦੈ।

ਹੁਣ ਪਿੰਡਾਂ ਵਿੱਚ ਬੋੜੇ ਦਰਾਂ ਵਾਲੇ ਘਰ ਨਹੀਂ ਰਹੇ। ਕੱਚੇ ਜਿਹੇ ਘਰਾਂ ਦੀ ਥਾਂ ਵੀ ਪੱਕੇ ਮਕਾਨ ਬਣ ਗਏ ਹਨ। ਕਈ ਘਰਾਂ ਦੇ ਦਰਵਾਜੇ ਹੀ ਏਨੇ ਉੱਚੇ ਬਣਾਏ ਗਏ ਹੁੰਦੇ ਹਨ ਕਿ ਕੰਬਾਈਨ ਵੀ ਆਰਾਮ ਨਾਲ ਅੰਦਰ ਚਲੀ ਜਾਂਦੀ ਹੈ। ਇਹਨਾਂ ਮਹਿਲਾਂ ਵਰਗੇ ਘਰਾਂ ਵਿੱਚ ਉੱਪਰਲੀ ਮੰਜ਼ਿਲ ਤੇ ਕਿਸੇ ਨੇ ਜਹਾਜ਼ ਬਣਾ ਰਖਿਆ ਹੈ ਤੇ ਕਿਸੇ ਨੇ ਟੈਂਕ, ਕਿਸੇ ਨੇ ਛੱਤ ਉੱਪਰ ਬਲਦਾਂ ਦੀ ਜੋੜੀ ਹੀ ਬਣਾ ਰੱਖੀ ਹੈ ਤੇ ਕਿਸੇ ਨੇ ਘੋੜੀ, ਕਿਸੇ ਨੇ ਫੁੱਟਬਾਲ ਬਣਾ ਰੱਖੀ ਹੈ ਤੇ ਕਿਸੇ ਨੇ ਕਾਰ ਹੀ ਛੱਤ ਉੱਪਰ ਚੜ੍ਹਾ ਰੱਖੀ ਹੈ, ਪਰ ਇਸ ਸਭ ਦੇ ਬਾਵਜੂਦ ਕੁਝ ਆਲੀਸ਼ਾਨ ਘਰਾਂ ਵਿੱਚ ਦਿਵਾਲੀ ਮੌਕੇ ਵੀ ਹਨੇਰਾ ਜਿਹਾ ਹੀ ਰਹਿੰਦਾ ਹੈ ਜਾਂ ਕਿਸੇ ਨੁੱਕਰ ਵਿੱਚ ਜਾਂ ਦੇਹਲੀ ਉੱਪਰ ਹੀ ਇੱਕ ਦੀਵਾ ਜਗਦਾ -ਬੁਝਦਾ ਦਿਖਾਈ ਦੇ ਦਿੰਦਾ ਹੈ।

ਇਸ ਦਾ ਕਾਰਨ ਇਹ ਹੈ ਕਿ ਪਿੰਡਾਂ ਵਿੱਚ ਵੱਡੀ ਗਿਣਤੀ ਮਹਿਲਾਂ ਵਰਗੇ ਆਲੀਸ਼ਾਨ ਘਰਾਂ ਦੇ ਅਸਲੀ ਮਾਲਕ ਤਾਂ ਵਿਦੇਸ਼ਾਂ ਵਿੱਚ ਰਹਿੰਦੇ ਹਨ ਤੇ ਉਹ ਦਿਵਾਲੀ ਮੌਕੇ ਵੀ ਵਤਨ ਗੇੜਾ ਨਹੀਂ ਮਾਰ ਸਕਦੇ ਇਸੇ ਕਾਰਨ ਉਹਨਾਂ ਦੇ ਘਰਾਂ ਵਿੱਚ ਦਿਨੇ ਕਬੂਤਰ ਗੁੂੰਟਰ ਗੂੰ ਕਰਦੇ ਹਨ ਤੇ ਰਾਤ ਨੂੰ ਚਮਗਿੱਦੜ ਤੇ ਕੋਚਰੀਆਂ ਬੋਲਦੀਆਂ ਹਨ। ਇਹਨਾਂ ਕੋਠੀਆਂ ਦੀ ਰਾਖੀ ਲਈ ਰੱਖੇ ਚੌਕੀਦਾਰ ਜਾਂ ਆਂਢੀ ਗੁਆਂਢੀ ਹੀ ਇਹਨਾਂ ਮਹਿਲਾਂ ਵਰਗੇ ਘਰਾਂ ਦੇ ਦਰਾਂ ਅੱਗੇ ਦਿਵਾਲੀ ਦੀ ਰਾਤ ਦੀਵਾ ਜਗਾ ਦਿੰਦਾ ਹੈ ਤਾਂ ਕਿ ਸ਼ਗਨ ਜਿਹਾ ਹੋ ਜਾਵੇ।

ਹਾਲਾਂਕਿ ਇਹ ਵੀ ਅਸਲੀਅਤ ਹੈ ਕਿ ਦਿਵਾਲੀ ਮੌਕੇ ਵੱਡੀ ਗਿਣਤੀ ਐਨ. ਆਰ. ਆਈ. ਪੰਜਾਬੀ ਆਪਣੇ ਜੱਦੀ ਘਰਾਂ ਵਿੱਚ ਗੇੜਾ ਮਾਰਦੇ ਹਨ। ਇਹਨਾਂ ਐਨ. ਆਰ. ਆਈ. ਪੰਜਾਬੀਆਂ ਦੇ ਆਉਣ ਨਾਲ ਇਹਨਾਂ ਦੇ ਵੱਖ- ਵੱਖ ਪਿੰਡਾਂ ਵਿੱਚ ਬਣੇ ਆਲੀਸ਼ਾਨ ਘਰਾਂ ਵਿੱਚ ਰੌਣਕਾਂ ਲੱਗ ਜਾਂਦੀਆਂ ਹਨ ਅਤੇ ਬਿਜਲਈ ਲੜੀਆਂ ਅਤੇ ਬਲਬਾਂ ਦੀ ਰੌਸ਼ਨੀ ਹਰ ਪਾਸੇ ਹੀ ਚਾਨਣ ਫੈਲਾਉਂਦੀ ਹੈ। ਅਜਿਹੇ ਆਲੀਸ਼ਾਨ ਤੇ ਵੱਡੇ ਘਰਾਂ ਵਿੱਚ ਦਿਵਾਲੀ ਦੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਹਨ।

ਹੁਣ ਜਰਾਂ ਉਹਨਾਂ ਲੋਕਾਂ ਬਾਰੇ ਸੋਚੋ, ਜਿਨ੍ਹਾਂ ਕੋਲ ਜ਼ਿੰਦਗੀ ਤਾਂ ਹੈ ਪਰ ਜਿਉਣ ਦਾ ਹੱਕ ਹੀ ਨਹੀਂ ਹੈ। ਪੰਜਾਬ ਵਿੱਚ ਵੀ ਵੱਡੀ ਗਿਣਤੀ ਲੋਕ ਅਜਿਹੇ ਹਨ, ਜਿਨ੍ਹਾਂ ਦੇ ਬਜ਼ੁਰਗ ਮਾਪੇ ਬਿਰਧ ਘਰਾਂ ਵਿੱਚ ਰਹਿੰਦੇ ਹਨ, ਆਪਣੇ ਪੁੱਤਰਾਂ ਦੇ ਅਮੀਰ ਹੋਣ ਦੇ ਬਾਵਜੂਦ ਬਿਰਧ ਘਰਾਂ ਵਿੱਚ ਜਿੰਦਗੀ ਦੀ ਸ਼ਾਮ ਗੁਜ਼ਾਰ ਰਹੇ ਅਜਿਹੇ ਬਜ਼ੁਰਗ ਵੀ ਦਿਵਾਲੀ ਮੌਕੇ ਆਪਣੇ ਪਰਿਵਾਰ ਵਿੱਚ ਰਹਿਣ ਲਈ ‘ਚਾਨਣ ਦੀ ਇੱਕ ਛਿੱਟ’ ਭਾਲਦੇ ਨਜ਼ਰ ਆਉਂਦੇ ਹਨ।

ਹੁਣ ਉਹਨਾਂ ਲੋਕਾਂ ਬਾਰੇ ਕੀ ਲਿਖਾਂ? ਜਿਨ੍ਹਾਂ ਦੇ ਪੁੱਤਰ ਪੰਜਾਬ ਵਿੱਚ ਫੈਲੇ ਨਸ਼ੇ ਨੂੰ ਬੰਦ ਕਰਵਾਉਣ ਦਾ ਯਤਨ ਕਰਦਿਆਂ ਮਾਰੇ ਗਏ, ਜਾਂ ਮਾਲਟਾ ਦੇ ਬਰਫ਼ੀਲੇ ਪਾਣੀਆਂ ਵਿੱਚ ਜਿਉਂਦੇ ਹੀ ਜੰਮ ਗਏ ਤੇ ਜਿਨ੍ਹਾਂ ਦੇ ਪੁੱਤ ਡੌਂਕੀ ਲਗਾ ਕੇ ਵਿਦੇਸ਼ ਜਾਣ ਦੇ ਲਾਲਚ ਵਿੱਚ ਅੱਧ ਰਸਤੇ ਵਿਚਾਲੇ ਹੀ ਮਰ ਮੁੱਕ ਗਏ ਅਤੇ ਜਿਹੜੇ ਮਾਪਿਆਂ ਦੇ ਪੁੱਤ ਸੱਤ ਸਮੁੰਦਰ ਪਾਰ ਪਰਾਏ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਬੰਦ ਹਨ, ਜਿਥੇ ਉਹ ਉਹਨਾਂ ਮੁਲਕਾਂ ਦੀ ਭਾਸ਼ਾ ਨਾ ਆਉਣ ਅਤੇ ਪੈਸੇ ਦੀ ਘਾਟ ਕਾਰਨ ਆਪਣੇ ਬਚਾਓ ਲਈ ਕੋਈ ਚਾਰਾਜੋਈ ਹੀ ਨਹੀਂ ਕਰ ਸਕਦੇ।

ਕੱਤਕ/ਨਵੰਬਰ ਮਹੀਨੇ ਨੂੰ ‘ਘਰਾਂ ਨੂੰ ਪਰਤਨ ਦਾ ਮਹੀਨਾ’ ਵੀ ਕਿਹਾ ਜਾਂਦਾ ਹੈ। ਵੱਡੀ ਗਿਣਤੀ ਦੇਸ਼ ਵਾਸੀ ਪਰਦੇਸਾਂ ਵਿਚੋਂ ਕਮਾਈ ਕਰਕੇ ਦਿਵਾਲੀ ਮੌਕੇ ਆਪਣੇ ਜੱਦੀ ਘਰਾਂ ਵਿੱਚ ਆ ਕੇ ਦਿਵਾਲੀ ਦੀਆਂ ਖੁਸ਼ੀਆਂ ਮਨਾਉਂਦੇ ਹਨ। ਦਿਵਾਲੀ ਵਰਗੇ ਤਿਉਹਾਰ ਸਮਾਜ ਵਿੱਚ ਰਹਿੰਦੇ ਵੱਖ- ਵੱਖ ਧਰਮਾਂ, ਜਾਤਾਂ, ਰੰਗਾਂ ਤੇ ਨਸਲਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਪੈਦਾ ਕਰਦੇ ਹਨ।

ਜਗਮੋਹਨ ਸਿੰਘ ‘ਲੱਕੀ’

ਮੋਬਾਇਲ : 9463819174

Continue Reading

Editorial

ਸ਼ਹਿਰ ਅਤੇ ਜਿਲ੍ਹੇ ਵਿੱਚ ਲੱਗੇ ਪਟਾਕੇ ਚਲਾਉਣ ਤੇ ਮੁਕੰਮਲ ਪਾਬੰਦੀ

Published

on

By

ਦਿਵਾਲੀ ਦਾ ਤਿਉਹਾਰ ਆ ਗਿਆ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਬੀਤੇ ਦਿਨੀਂ ਦਿਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਦੌਰਾਨ ਪਟਾਕੇ ਅਤੇ ਆਤਿਸ਼ਬਾਜੀ ਚਲਾਉਣ ਵਾਲਿਆਂ ਲਈ ਸਮਾਂ ਸੀਮਾਂ ਦਾ ਐਲਾਨ ਕੀਤਾ ਗਿਆ ਹੈ ਜਿਸਦੇ ਤਹਿਤ ਇਹਨਾਂ ਤਿਉਹਾਰਾਂ ਮੌਕੇ ਮਿੱਥੇ ਸਮੇਂ ਤੇ ਹੀ ਪਟਾਕੇ ਅਤੇ ਆਤਿਸ਼ਬਾਜੀ ਚਲਾਈ ਜਾ ਸਕੇਗੀ। ਜਿਲ੍ਹਾ ਪ੍ਰਸ਼ਾਸ਼ਨ ਵਲੋਂ ਭਾਵੇਂ ਪਟਾਕੇ ਅਤੇ ਆਤਿਸ਼ਬਾਜੀ ਚਲਾਉਣ ਵਾਸਤੇ ਸਮਾਂ ਸੀਮਾਂ ਨਿਰਧਾਰਤ ਕਰ ਦਿੱਤੀ ਗਈ ਹੈ ਪਰੰਤੂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪ੍ਰਸ਼ਾਸ਼ਨ ਵਲੋਂ ਜਾਰੀ ਕੀਤੇ ਗਏ ਇਹਨਾਂ ਹੁਕਮਾਂ ਦਾ ਜਮੀਨੀ ਪੱਧਰ ਤੇ ਕੀ ਹਸ਼ਰ ਹੋਣਾ ਹੈ। ਪਟਾਕੇ ਚਲਾਉਣ ਦੀ ਸਮਾਂ ਸੀਮਾਂ ਤੈਅ ਕਰਨ ਦੇ ਹੁਕਮ ਹਰ ਸਾਲ ਹੀ ਜਾਰੀ ਕੀਤੇ ਜਾਂਦੇ ਹਨ ਪਰੰਤੂ ਪਟਾਕੇ ਚਲਾਉਣ ਵਾਲੇ ਲੋਕ ਇਹਨਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਅਤੇ ਪੂਰੀ ਰਾਤ ਪਟਾਕੇ ਚਲਦੇ ਰਹਿੰਦੇ ਹਨ।

ਇਸ ਗੱਲ ਤੋਂ ਅਸੀਂ ਸਾਰੇ ਹੀ ਚੰਗੀ ਤਰ੍ਹਾਂ ਜਾਣੂੰ ਹਾਂ ਕਿ ਪਟਾਕੇ ਚਲਾਉਣ ਦੌਰਾਨ ਜਿਹੜਾ ਜਹਿਰੀਲਾ ਧੂਆਂ ਨਿਕਲਦਾ ਹੈ ਉਹ ਮਨੁੱਖੀ ਸਿਹਤ ਲਈ ਬਹੁਤ ਜਿਆਦਾ ਨੁਕਸਾਨਦਾਇਕ ਹੁੰਦਾ ਹੈ। ਇਸ ਵੇਲੇ ਵਾਤਾਵਰਨ ਵਿੱਚ ਪ੍ਰਦੂਸ਼ਨ ਦਾ ਪੱਧਰ ਪਹਿਲਾਂ ਹੀ ਜਿਆਦਾ ਹੈ ਇਸ ਲਈ ਪਟਾਕਿਆਂ ਦੇ ਧੂਏਂ ਨਾਲ ਸਾਡੇ ਵਾਤਾਵਰਨ ਵਿੱਚ ਜਿਹੜਾ ਜਹਿਰ ਘੁਲਣਾ ਹੈ ਉਸ ਨੇ ਸਾਡੇ ਸਾਰਿਆਂ ਦੀ ਸਿਹਤ ਤੇ ਬਹੁਤ ਮਾੜਾ ਅਸਰ ਪਾਉਣਾ ਹੈ। ਸਾਡੇ ਸ਼ਹਿਰ ਵਿੱਚ ਅਜਿਹੇ ਵੱਡੀ ਗਿਣਤੀ ਬਜੁਰਗ ਰਹਿੰਦੇ ਹਨ ਜਿਹੜੇ ਪਹਿਲਾਂ ਹੀ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹਨ ਅਤੇ ਪਟਾਕਿਆਂ ਦੇ ਰੂਪ ਵਿੱਚ ਵਾਤਾਵਰਨ ਵਿੱਚ ਵਧਣ ਵਾਲਾ ਪ੍ਰਦੂਸ਼ਨ ਦਾ ਇਹ ਜਹਿਰ ਅਜਿਹੇ ਵਿਅਕਤੀਆਂ ਲਈ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ।

ਇਸ ਪੱਖੋਂ ਪ੍ਰਸ਼ਾਸ਼ਨ ਵਲੋਂ ਵੀ ਸਿਰਫ ਹੁਕਮ ਜਾਰੀ ਕਰਕੇ ਆਪਣੇ ਹੱਥ ਝਾੜ ਲਏ ਜਾਂਦੇ ਹਨ ਅਤੇ ਇਹਨਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਹੁੰਦੀ। ਪ੍ਰਸ਼ਾਸ਼ਨ ਵਲੋਂ ਇਸ ਤਰੀਕੇ ਨਾਲ ਹੁਕਮ ਜਾਰੀ ਕੀਤੇ ਜਾਣ ਦਾ ਨਾ ਤਾਂ ਕੋਈ ਅਸਰ ਦਿਖਦਾ ਹੈ ਅਤੇ ਨਾ ਹੀ ਇਹਨਾਂ ਹੁਕਮਾਂ ਦਾ ਅਸਲ ਮੰਤਵ ਹੀ ਪੂਰਾ ਹੁੰਦਾ ਹੈ। ਇਹ ਠੀਕ ਹੈ ਕਿ ਲੋਕਾਂ ਵਿੱਚ ਤਿਉਹਾਰ ਦੇ ਉਤਸਾਹ ਨੂੰ ਵੇਖਦਿਆਂ ਪਟਾਕੇ ਚਲਾਉਣ ਤੇ ਰੋਕ ਲਗਾਉਣਾ ਆਸਾਨ ਨਹੀਂ ਹੈ ਪਰੰਤੂ ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਨ ਨੂੰ ਕਾਬੂ ਕਰਨ ਲਈ ਅਜਿਹੇ ਸਖਤ ਫੈਸਲੇ ਲੈਣੇ ਜਰੂਰੀ ਹੋ ਜਾਂਦੇ ਹਨ ਅਤੇ ਜੇਕਰ ਸਥਾਨਕ ਪ੍ਰਸ਼ਾਸ਼ਨ ਪਟਾਕੇ ਚਲਾਉਣ ਲਈ ਜਾਰੀ ਕੀਤੀ ਗਈ ਸਮਾਂ ਸੀਮਾ ਨੂੰ ਮੁਕੰਮਲ ਤੌਰ ਤੇ ਲਾਗੂ ਨਹੀਂ ਕਰਵਾ ਸਕਦਾ ਤਾਂ ਉਸ ਵਲੋਂ ਪਟਾਕਿਆਂ ਤੇ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕਰਨੇ ਚਾਹੀਦੇ ਹਨ।

ਇਸ ਸੰਬੰਧੀ ਵਾਤਾਵਰਨ ਪ੍ਰੇਮੀਆਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਲਗਾਤਾਰ ਵੱਧਦੇ ਪ੍ਰਦੂਸ਼ਨ ਅਤੇ ਸਾਹ ਦੀਆਂ ਵੱਧਦੀਆਂ ਬਿਮਾਰੀਆਂ ਦੇ ਖਤਰੇ ਨੂੰ ਮੁੱਖ ਰੱਖਦਿਆਂ ਸਥਾਨਕ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿੱਚ ਪਟਾਕੇ ਚਲਾਉਣ ਦੀ ਕਾਰਵਾਈ ਉੱਪਰ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕਰ ਦਿੱਤੇ ਜਾਣਗੇ, ਪਰੰਤੂ ਅਜਿਹਾ ਨਹੀਂ ਹੋਇਆ ਹੈ ਅਤੇ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਇਸ ਵਾਰ ਵੀ ਸ਼ਹਿਰ ਅਤੇ ਜਿਲ੍ਹੇ ਵਿੱਚ ਪਟਾਕਿਆਂ ਅਤੇ ਆਤਿਸ਼ਬਾਜੀ ਦੇ ਜਹਿਰੀਲੇ ਧੂਏ ਕਾਰਨ ਵਾਤਾਵਰਨ ਦੇ ਬੁਰੀ ਤਰ੍ਹਾਂ ਪਲੀਤ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪਟਾਕੇ ਚਲਾਉਣ ਲਈ ਸਮਾਂ ਤੈਅ ਕੀਤੇ ਜਾਣ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਇਸ ਸਾਲ ਵੀ ਸ਼ਹਿਰ ਵਿੱਚ ਨਾ ਸਿਰਫ ਵੱਡੇ ਪੱਧਰ ਤੇ ਪਟਾਕੇ ਵੇਚੇ ਜਾਣਗੇ ਬਲਕਿ ਇਹਨਾਂ ਪਟਾਕਿਆ ਨੂੰ ਚਲਾਏ ਜਾਣ ਕਾਰਨ ਸ਼ਹਿਰ ਦੇ ਵਾਤਾਵਰਨ ਨੂੰ ਵੀ ਭਾਰੀ ਨੁਕਸਾਨ ਸਹਿਣਾ ਪੈਣਾ ਹੈ।

ਜੇਕਰ ਪ੍ਰਸ਼ਾਸ਼ਨ ਵਲੋਂ ਤਿਉਹਾਰਾਂ ਮੌਕੇ ਪਟਾਕੇ ਵੇਚਣ ਅਤੇ ਚਲਾਉਣ ਉਪਰ ਪਾਬੰਦੀ ਨਾ ਲਗਾਈ ਗਈ ਤਾਂ ਤਿਉਹਾਰਾਂ ਮੌਕੇ ਲੋਕਾਂ ਵਲੋਂ ਬਹੁਤ ਵੱਡੀ ਮਾਤਰਾ ਵਿੱਚ ਪਟਾਕੇ ਚਲਾਏ ਜਾਣੇ ਹਨ ਜਿਸ ਨਾਲ ਸਾਡਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਾ ਹੈ ਅਤੇ ਇਸ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਥਾਨਕ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਸ ਵਲੋਂ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਵਾਸਤੇ ਸਮਾਂ ਸੀਮਾ ਤੈਅ ਕਰਨ ਸੰਬੰਧੀ ਜਾਰੀ ਕੀਤੇ ਗਏ ਆਪਣੇ ਹੁਕਮਾਂ ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਸ਼ਹਿਰ ਵਿੱਚ ਪਟਾਕਿਆਂ ਦੀ ਖਰੀਦ, ਵੇਚ ਅਤੇ ਵਰਤੋਂ ਉੱਪਰ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕੀਤੇ ਜਾਣ ਤਾਂ ਜੋ ਸਾਡੇ ਸ਼ਹਿਰ ਦੇ ਵਾਤਾਵਰਨ ਨੂੰ ਹੋਰ ਪਲੀਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਪਟਾਕਿਆਂ ਕਾਰਨ ਵਾਪਰਦੇ ਹਾਦਸਿਆਂ ਤੋਂ ਵੀ ਬਚਾਓ ਹੋ ਸਕੇ।

Continue Reading

Editorial

ਪ੍ਰੋ. ਪ੍ਰੇਮ ਚੰਦੂਮਾਜਰਾ ਵੱਲੋਂ ਅਕਾਲੀ ਦਲ ਬਾਦਲ ਵਿੱਚ ਵਾਪਸੀ ਦੇ ਮਾਇਨੇ

Published

on

By

ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਅਕਾਲੀ ਦਲ ਪੁਨਰ ਸੁਰਜੀਤ ਤੋਂ ਵੱਖ ਹੋਣ ਅਤੇ ਮਾਂ ਪਾਰਟੀ ਅਕਾਲੀ ਦਲ ਬਾਦਲ ਵੱਲ ਪਰਤਣ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡੇ ਉਲਟਫੇਰ ਹੋਣ ਦੀ ਆਸ ਬਣ ਗਈ ਹੈ। ਪ੍ਰੋ. ਚੰਦੂਮਾਜਰਾ ਦੇ ਬਾਦਲ ਦਲ ਨਾਲ ਜੁੜਨ ਨਾਲ ਇਹ ਧੜਾ ਮਜਬੂਤ ਹੋ ਗਿਆ ਹੈ ਜਦੋਂਕਿ ਅਕਾਲੀ ਦਲ ਪੁਨਰ ਸੁਰਜੀਤ ਦਾ ਗਰਾਫ਼ ਹੇਠਾਂ ਜਾ ਰਿਹਾ ਹੈ।

ਹਾਲਾਂਕਿ ਪ੍ਰੋ. ਚੰਦੂਮਾਜਰਾ ਪਹਿਲੇ ਅਕਾਲੀ ਆਗੂ ਨਹੀਂ ਹਨ, ਜਿਹਨਾਂ ਨੇ ਪੁਨਰ ਸੁਰਜੀਤ ਧੜੇ ਨੂੰ ਅਲਵਿਦਾ ਕਿਹਾ ਹੈ। ਇਸ ਤੋਂ ਪਹਿਲਾਂ ਪੰਜ ਪ੍ਰਮੁੱਖ ਆਗੂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਛੱਡ ਚੁੱਕੇ ਹਨ। ਇਨ੍ਹਾਂ ਵਿੱਚ ਸੁਰਜੀਤ ਸਿੰਘ ਰੱਖੜਾ, ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸਾਬਕਾ ਮੰਤਰੀ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਬਰਾੜ, ਚਰਨਜੀਤ ਸਿੰਘ ਬਰਾੜ ਅਤੇ ਧੂਰੀ ਤੋਂ ਸਾਬਕਾ ਅਕਾਲੀ ਵਿਧਾਇਕ ਇਕਬਾਲ ਸਿੰਘ ਝੂੰਦਾ ਸ਼ਾਮਲ ਹਨ।

ਪ੍ਰੋ. ਚੰਦੂਮਾਜਰਾ ਨੇ ਵੱਖ ਵੱਖ ਅਕਾਲੀ ਧੜਿਆਂ ਨੂੰ ਏਕਤਾ ਦਾ ਸੱਦਾ ਦਿੱਤਾ ਹੈ। ਹਾਲਾਂਕਿ ਕੁਝ ਸਮਾਂ ਪਹਿਲਾਂ ਪੰਥਕ ਵੋਟਾਂ ਬਾਰੇ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਸੀ ਕਿ ਵੱਖ ਵੱਖ ਅਕਾਲੀ ਧੜੇ ਹੋਣ ਨਾਲ ਪੰਥਕ ਵੋਟਾਂ ਵੰਡੀਆਂ ਨਹੀਂ ਜਾਂਦੀਆਂ ਬਲਕਿ ਪੰਥਕ ਵੋਟਾਂ ਜਿਸ ਪਾਰਟੀ ਜਾਂ ਧੜੇ ਵੱਲ ਉਲਾਰ ਹੋ ਜਾਣ, ਉਸ ਪਾਰਟੀ ਜਾਂ ਧੜੇ ਦੀ ਜਿੱਤ ਹੋ ਜਾਂਦੀ ਹੈ। ਇਹ ਪੰਥਕ ਵੋਟਾਂ 1989 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਮਾਨ ਵੱਲ ਚਲੀਆਂ ਗਈਆਂ ਸਨ, ਜਿਸ ਕਾਰਨ ਲੋਕ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਵਿੱਚ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਹੋਰਨਾਂ ਉਮੀਦਵਾਰਾਂ ਦੀ ਹੁੰਝਾਫੇਰ ਜਿੱਤ ਹੋਈ ਸੀ। ਉਸ ਤੋਂ ਬਾਅਦ ਇਹ ਪੰਥਕ ਵੋਟਾਂ ਪੂਰੀ ਤਰ੍ਹਾਂ ਬਾਦਲ ਦਲ ਦੇ ਹੱਕ ਵਿੱਚ ਵੀ ਭੁਗਤਦੀਆਂ ਰਹੀਆਂ। ਪੰਥਕ ਵੋਟਾਂ ਦੇ ਸਹਾਰੇ ਬਾਦਲ ਦਲ ਪੂਰੇ 10 ਸਾਲ ਲਗਾਤਾਰ ਪੰਜਾਬ ਵਿੱਚ ਸਰਕਾਰ ਚਲਾਉਣ ਵਿੱਚ ਕਾਮਯਾਬ ਰਿਹਾ। ਪ੍ਰੋ. ਚੰਦੂਮਾਜਰਾ ਦਾ ਕਹਿਣਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਅਕਾਲੀ ਆਗੂਆਂ ਵਿੱਚ ਏਕਤਾ ਬਹੁਤ ਜ਼ਰੂਰੀ ਹੈ।

ਪ੍ਰੋ. ਚੰਦੂਮਾਜਰਾ ਦੇ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਛੱਡਣ ਨਾਲ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਨ ਲੱਗੇ ਹਨ। ਇਸ ਦੇ ਨਾਲ ਹੀ ਹੋਰ ਆਗੂਆਂ ਦੇ ਵੀ ਆਪਣੀ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਜਾਣ ਲਈ ਰਾਹ ਪੱਧਰਾ ਹੋ ਗਿਆ ਹੈ। ਕਿਹਾ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਅਕਾਲੀ ਦਲ ਪੁਨਰ ਸੁਰਜੀਤ ਨਾਲ ਜੁੜੇ ਕੁਝ ਹੋਰ ਆਗੂ ਵੀ ਇਸ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ।

ਪੰਜਾਬ ਦੇ ਲੋਕਾਂ ਨੂੰ ਕ੍ਰਾਂਤੀਕਾਰੀ ਮੰਨਿਆ ਜਾਂਦਾ ਹੈ ਅਤੇ ਪੰਜਾਬੀ ਹਰ ਨਵੀਂ ਚੀਜ਼ ਨੂੰ ਜਲਦੀ ਅਪਨਾ ਲੈਂਦੇ ਹਨ। ਪੰਜਾਬ ਦੇ ਚੋਣ ਨਤੀਜੇ ਅਕਸਰ ਪੂਰੇ ਦੇਸ਼ ਨਾਲੋਂ ਵੱਖਰੇ ਹੁੰਦੇ ਹਨ ਅਤੇ ਪੰਜਾਬ ਹਮੇਸ਼ਾ ਪੂਰੇ ਦੇਸ਼ ਨੂੰ ਵੱਡਾ ਸਿਆਸੀ ਸੰਦੇਸ਼ ਦਿੰਦਾ ਆਇਆ ਹੈ। ਇਸ ਸੰਬੰਧੀ ਜੇਕਰ ਪੰਜਾਬ ਦੇ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲੋਕ ਇਸ ਸਮੇਂ ਇੱਕ ਮਜਬੂਤ ਖੇਤਰੀ ਪਾਰਟੀ ਦੀ ਲੋੜ ਮਹਿਸੂਸ ਕਰ ਰਹੇ ਹਨ। ਇਸਦਾ ਕਾਰਨ ਇਹ ਹੈ ਕਿ ਰਵਾਇਤੀ ਪਾਰਟੀਆਂ ਵਾਂਗ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੀ ਪਰਖ ਲਿਆ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਦੀ ਜਿੱਥੇ ਸਿਆਸੀ ਆਗੂਆਂ ਨੂੰ ਬੇਸਬਰੀ ਨਾਲ ਉਡੀਕ ਹੋ ਰਹੀ ਹੈ ਉਥੇ ਆਮ ਪੰਜਾਬੀ ਆਪਣਾ ਫੈਸਲਾ ਸੁਣਾਉਣ ਲਈ ਅਗਲੀਆਂ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ। ਵੱਡੀ ਗਿਣਤੀ ਪੰਜਾਬੀਆਂ ਦਾ ਕਹਿਣਾ ਹੈ ਕਿ ਪੁਰਾਣੇ ਪੰਥਕ ਆਗੂ ਹੁਣ ਵੇਲਾ ਵਿਹਾ ਚੁੱਕੇ ਹਨ ਅਤੇ ਅਕਾਲੀ ਸਿਆਸਤ ਵਿੱਚ ਹੁਣ ਨਵੀਂ ਪੀੜ੍ਹੀ ਨੂੰ ਅੱਗੇ ਆਉਣ ਅਤੇ ਪੰਜਾਬੀਆਂ ਦੀ ਅਗਵਾਈ ਸੰਭਾਲਣ ਦੀ ਲੋੜ ਹੈ। ਦੂਜੇ ਪਾਸੇ ਪੰਜਾਬ ਦੇ ਸੀਨੀਅਰ ਸਿਆਸੀ ਆਗੂ ਆਪਣੀਆਂ ਕੁਰਸੀਆਂ ਛੱਡਣ ਲਈ ਤਿਆਰ ਨਹੀਂ ਹੋ ਰਹੇ, ਜਿਸ ਕਾਰਨ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿੱਚ ਇਸ ਸਮੇਂ ਕੋਈ ਸਿਆਸੀ ਹਵਾ ਨਹੀਂ ਚੱਲੀ ਹੈ।

ਪ੍ਰੋ. ਚੰਦੂਮਾਜਰਾ ਦੀਆਂ ਸਰਗਰਮੀਆਂ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਹੋਣ ਲੱਗੀ ਹੈ। ਦੂਜੇ ਪਾਸੇ ਪ੍ਰੋ. ਚੰਦੂਮਾਜਰਾ ਵੱਲੋਂ ਦਿਤੇ ਗਏ ਅਕਾਲੀ ਏਕਤਾ ਦੇ ਸੱਦੇ ਨੂੰ ਦੂਸਰੇ ਅਕਾਲੀ ਆਗੂ ਕਿੰਨਾ ਕੁ ਹੁੰਗਾਰਾ ਭਰਦੇ ਹਨ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ।

ਬਿਊਰੋ

Continue Reading

Latest News

Trending