Connect with us

Mohali

ਜਿਲ੍ਹੇ ਦੀਆਂ ਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ ਵਿੱਚ ਅਕਾਲੀ ਦਲ ਦੀ ਹਾਲਤ ਵਿੱਚ ਹੋਇਆ ਵੱਡਾ ਸੁਧਾਰ

Published

on

ਮਾਜਰੀ ਬਲਾਕ ਵਿੱਚ ਬਹੁਮਤ ਹਾਸਿਲ ਕਰਨ ਤੋਂ ਇਲਾਵਾ ਜਿਲ੍ਹੇ ਵਿੱਚ ਮਿਲੀਆਂ ਵੋਟਾਂ ਅਨੁਸਾਰ ਦੂਜੇ ਨੰਬਰ ਤੇ ਰਿਹਾ ਅਕਾਲੀ ਦਲ

ਐਸ ਏ ਐਸ ਨਗਰ, 18 ਦਸੰਬਰ (ਸ.ਬ.) ਪੰਜਾਬ ਵਿੱਚ ਹੋਈਆਂ ਪੰਚਾਇਤ ਸੰਮਤੀ ਚੋਣਾਂ ਦੌਰਾਨ ਜਿਲ੍ਹਾ ਐਸ ਏ ਐਸ ਨਗਰ ਦੀਆਂ ਤਿੰਨ ਪੰਚਾਇਤ ਸੰਮਤੀਆਂ ਮਾਜਰੀ, ਖਰੜ ਅਤੇ ਡੇਰਾਬਸੀ ਦੇ ਨਤੀਜਿਆਂ ਨੇ ਪਿਛਲੇ ਲੰਬੇ ਸਮੇਂ ਤੋਂ ਹਾਸ਼ੀਏ ਤੇ ਚਲ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਮੁੜ ਜਾਨ ਪਾ ਦਿੱਤੀ ਹੈ। ਇਹਨਾਂ ਚੋਣਾਂ ਦੌਰਾਨ ਜਿੱਥੇ ਅਕਾਲੀ ਦਲ ਨੇ ਮਾਜਰੀ ਬਲਾਕ ਸੰਮਤੀ ਵਿੱਚ 8 ਸੀਟਾਂ ਜਿੱਤ ਕੇ ਬਹੁਮਤ ਹਾਸਿਲ ਕਰ ਲਿਆ ਹੈ ਉੱਥੇ ਖਰੜ ਅਤੇ ਡੇਰਾਬਸੀ ਵਿੱਚ ਭਾਵੇਂ ਉਸਨੂੰ ਘੱਟ ਸੀਟਾਂ ਮਿਲੀਆਂ ਹਨ ਪਰੰਤੂ ਜੇਕਰ ਜਿਲ੍ਹੇ ਦੀਆਂ ਤਿੰਨੇ ਬਲਾਕ ਸੰਮਤੀਆਂ ਵਿੱਚ ਪਈਆਂ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦੂਜੇ ਨੰਬਰ ਤੇ ਹੈ ਜਦੋਂਕਿ ਕਾਂਗਰਸ ਤੀਜੇ ਨੰਬਰ ਤੇ ਪਿਛੜ ਗਈ ਹੈ ਅਤੇ ਭਾਰਤੀ ਜਨਤਾ ਪਾਰਟੀ ਚੌਂਥੇ ਨੰਬਰ ਤੇ ਰਹੀ ਹੈ। ਹਾਲਾਂਕਿ ਜੇਕਰ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਤਿੰਨੇ ਬਲਾਕ ਸੰਮਤੀਆਂ ਦੀਆਂ ਕੁਲ 52 ਸੀਟਾਂ ਵਿੱਚੋਂ ਪੰਜਾਬ ਦੀ ਸੱਤਾਧਾਰੀ ਪਾਰਟੀ ਆਪ ਨੂੰ 24, ਕਾਂਗਰਸ ਨੂੰ 14 ਅਤੇ ਅਕਾਲੀ ਦਲ ਬਾਦਲ ਨੂੰ 12 ਸੀਟਾਂ ਮਿਲੀਆਂ ਹਨ ਜਦੋਂਕਿ 2 ਸੀਟਾਂ ਤੇ ਆਜਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ।

ਵੋਟਾਂ ਦੀ ਗਿਣਤੀ ਦੇ ਅੰਕੜੇ ਦੱਸਦੇ ਹਨ ਕਿ ਅਕਾਲੀ ਦਲ ਨੇ ਮਾਜਰੀ ਬਲਕ ਵਿੱਚ ਜਿੱਥੇ 8 ਸੀਟਾਂ ਜਿੱਤੀਆਂ ਹਨ ਉੱਥੇ ਚਾਰ ਸੀਟਾਂ ਵਿੱਚ ਉਸਦੇ ਉਮੀਦਵਾਰ ਦੂਜੇ ਨੰਬਰ ਤੇ ਰਹੇ ਹਨ। ਖਰੜ ਬਲਾਕ ਵਿੱਚ ਅਕਾਲੀ ਦਲ ਵਿੱਚੋਂ 15 ਵਿੱਚੋਂ 10 ਵਾਰਡਾਂ ਤੇ ਚੋਣ ਲੜੀ ਗਈ ਸੀ ਅਤੇ ਅਕਾਲੀ ਦਲ ਸਿਰਫ ਦੋ ਸੀਟਾਂ ਪ੍ਰਾਪਤ ਕਰ ਸਕਿਆ ਹੈ, ਹਾਲਾਂਕਿ ਖਰੜ ਬਲਾਕ ਦੀਆਂ ਚਾਰ ਸੀਟਾਂ ਤੇ ਉਸਦੇ ਉਮੀਦਵਾਰ ਦੂਜੇ ਨੰਬਰ ਤੇ ਰਹੇ ਹਨ। ਡੇਰਾਬਸੀ ਬਲਾਕ ਵਿੱਚ ਅਕਾਲੀ ਦਲ ਵਲੋਂ ਸਾਰੀਆਂ 22 ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਸਨ। ਪਾਰਟੀ ਨੂੰ ਇੱਥੇ ਵੀ ਸਿਰਫ ਦੋ ਸੀਟਾਂ ਤੇ ਜਿੱਤ ਹਾਸਿਲ ਹੋਈ ਹੈ ਅਤੇ 7 ਸੀਟਾਂ ਤੇ ਉਸਦੇ ਉਮੀਦਵਾਰ ਦੂਜੇ ਨੰਬਰ ਤੇ ਰਹੇ ਹਨ।

ਅਕਾਲੀ ਦਲ ਨੂੰ ਪਈਆਂ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਪਾਰਟੀ ਨੂੰ ਅਤੇ ਮਾਜਰੀ ਬਲਾਕ ਦੀਆਂ ਕੁੱਲ ਗਿਣਤੀ ਕੀਤੀਆਂ ਗਈਆਂ 37674 ਵਿੱਚੋਂ ਲਗਭਗ ਇੱਕ ਤਿਹਾਈ (12614) ਵੋਟਾਂ ਮਿਲੀਆਂ ਹਨ ਜਦੋਂਕਿ ਡੇਰਾਬਸੀ ਵਿੱਚ ਉਸਨੂੰ 50177 ਵਿੱਚੋਂ 12078 (ਲਗਭਗ 24 ਫੀਸਦੀ) ਅਤੇ ਖਰੜ ਬਲਾਕ ਵਿੱਚ ਉਸਨੂੰ 25406 ਵਿੱਚੋਂ 5423 (21 ਫੀਸਦੀ) ਵੋਟਾਂ ਮਿਲੀਆਂ ਹਨ।

ਪਾਰਟੀ ਦੀ ਹਾਲਤ ਵਿੱਚ ਹੋਏ ਸੁਧਾਰ ਕਾਰਨ ਅਕਾਲੀ ਦਲ ਦੇ ਆਗੂ ਵੀ ਜੋਸ਼ ਵਿੱਚ ਨਜਰ ਆ ਰਹੇ ਹਨ ਅਤੇ ਉਹਨਾਂ ਦਾ ਦਾਅਵਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦਾ ਪਿੰਡਾਂ ਵਿਚਲਾ ਮਜਬੂਤ ਆਧਾਰ ਮੁੜ ਕਾਇਮ ਹੋ ਗਿਆ ਹੈ। ਇਸ ਸੰਬੰਧੀ ਅਕਾਲੀ ਦਲ ਦੀ ਜਿਲ੍ਹਾ ਇਕਾਈ ਦੇ ਪ੍ਰਧਾਨ ਸz. ਪਰਵਿੰਦਰ ਸਿੰਘ ਸੋਹਾਣਾ ਕਹਿੰਦੇ ਹਨ ਕਿ ਜਿੱਥੋਂ ਤਕ ਪਾਰਟੀ ਨੂੰ ਖਰੜ ਬਲਾਕ ਵਿੱਚ ਮਿਲੀਆਂ ਵੋਟਾਂ ਦੀ ਗੱਲ ਹੈ ਤਾਂ ਇਸ ਵਿੱਚੋਂ ਇੱਕ ਸੀਟ ਤੇ ਪਿੰਡ ਵਾਲਿਆਂ ਦੀ ਸਰਬਸੰਮਤੀ ਹੋਣ ਕਾਰਨ ਉੱਥੇ ਪਾਰਟੀ ਦਾ ਉਮੀਦਵਾਰ ਖੜ੍ਹਾ ਨਹੀਂ ਕੀਤਾ ਗਿਆ ਸੀ ਪਰੰਤੂ ਭਾਜਪਾ ਵਲੋਂ ਉੱਥੇ ਆਪਣਾ ਉਮੀਦਵਾਰ ਦੇ ਦਿੱਤਾ ਗਿਆ ਜਿਸ ਕਾਰਨ ਉੱਥੇ ਚੋਣ ਹੋਈ ਸੀ। ਬਾਕੀ ਦੀਆਂ ਚਾਰ ਸੀਟਾਂ ਤੇ ਉਮੀਦਵਾਰ ਖੜ੍ਹੇ ਨਾ ਕਰਨ ਬਾਰੇ ਉਹਨਾਂ ਕਿਹਾ ਕਿ ਇਹ ਸੀਟਾਂ ਚਮਕੌਰ ਸਾਹਿਬ ਵਿਧਾਨਸਭਾ ਹਲਕੇ ਵਿੱਚ ਆਉਂਦੀਆਂ ਹਨ ਜਿੱਥੇ ਹਲਕਾ ਇੰਚਾਰਜ ਨਾ ਹੋਣ ਕਾਰਨ ਇਹ ਸੀਟਾਂ ਖਾਲੀ ਛੱਡ ਦਿੱਤੀਆਂ ਗਈਆਂ ਸਨ ਵਰਨਾ ਅਕਾਲੀ ਦਲ ਨੂੰ ਮਿਲਣ ਵਾਲੀਆਂ ਵੋਟਾਂ ਦਾ ਅੰਕੜਾ ਹੋਰ ਵੀ ਵੱਧ ਹੋਣਾ ਸੀ। ਉਹਨਾਂ ਕਿਹਾ ਕਿ ਮਾਜਰੀ ਬਲਾਕ ਦੀ ਤਿਊਰ ਸੀਟ ਤੇ ਪਾਰਟੀ ਵਲੋਂ ਆਜਾਦ ਉਮੀਦਵਾਰ ਪਰਮਜੀਤ ਕੌਰ ਨੂੰ ਸਮਰਥਨ ਦਿੱਤਾ ਗਿਆ ਸੀ ਅਤੇ ਉਹ ਬੀਤੀ ਰਾਤ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ ਜਿਸ ਨਾਲ ਉੱਥੇ ਅਕਾਲੀ ਮੈਂਬਰਾਂ ਦੀ ਗਿਣਤੀ 9 ਹੋ ਗਈ ਹੈ।

Mohali

ਮੱਸਿਆ ਦਾ ਮਾਸਿਕ ਲੰਗਰ ਲਗਾਇਆ

Published

on

By

ਐਸ ਏ ਐਸ ਨਗਰ, 7 ਨਵੰਬਰ (ਸ.ਬ.) ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਵੱਲੋਂ ਦਿਵਾਲੀ ਦੀ ਪੂਰਵ ਸੰਧਿਆ ਤੇ ਪੀ ਜੀ ਆਈ, ਚੰਡੀਗੜ ਦੀ ਨਵੀਂ ਓ ਪੀ ਡੀ (ਗੇਟ ਨੰ: 4) ਦੇ ਸਾਹਮਣੇ ਮੱਸਿਆ ਦਾ ਮਾਸਿਕ ਲੰਗਰ ਲਗਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜ ਮੋਹਨ ਜੋਸ਼ੀ ਨੇ ਦੱਸਿਆ ਕਿ ਲੰਗਰ ਸੇਵਾ ਵਿੱਚ ਇਸ ਵਾਰ ਸੇਬ, ਕੇਲੇ ਵੰਡੇ ਗਏ। ਇਸ ਮੌਕੇ ਸ਼ੀਸ਼ਪਾਲ ਗਰਗ, ਪ੍ਰਧਾਨ ਸਿੰਘ, ਸਤੀਸ਼ ਕੁਮਾਰ, ਪੰਕਜ ਕੁਮਾਰ ਹਾਜਿਰ ਸਨ।

Continue Reading

Mohali

ਦੀਵਾਲੀ ਦੇ ਤਿਉਹਾਰ ਮੌਕੇ ਮਾਵਾਂ ਭੈਣਾਂ ਨੂੰ ਸੂਟ ਵੰਡੇ

Published

on

By

ਐਸ ਏ ਐਸ ਨਗਰ, 7 ਨਵੰਬਰ (ਸ.ਬ.) ਦੀਵਾਲੀ ਦੇ ਤਿਉਹਾਰ ਮੌਕੇ ਮਿਉਂਸਪਲ ਕੌਂਸਲਰ ਕਮਲਪੀਤ ਸਿੰਘ ਬੰਨੀ ਦੇ ਵਾਰਡ (ਵਾਰਡ ਨੰਬਰ 14) ਵਿਖੇ ਆਯੋਜਿਤ ਇੱਕ ਸਾਦੇ ਸਮਾਗਮ ਦੌਰਾਨ ਮਾਵਾਂ ਅਤੇ ਭੈਣਾਂ ਨੂੰ ਸੂਟ ਵੰਡੇ ਗਏ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਅਤੇ ਸਭ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਇੱਕ-ਦੂਜੇ ਨਾਲ ਪਿਆਰ, ਸਤਿਕਾਰ ਅਤੇ ਖੁਸ਼ੀਆਂ ਸਾਂਝੀਆਂ ਕਰਨ ਵਿੱਚ ਹੀ ਹੈ। ਉਹਨਾਂ ਹਾਜਰੀਨਾਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਸਭ ਦੀ ਚੜ੍ਹਦੀ ਕਲਾ, ਤੰਦਰੁਸਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।

ਇਸ ਮੌਕੇ ਮਿਉਂਸਪਲ ਕੌਂਸਲਰ ਸz. ਕਮਲਪ੍ਰੀਤ ਸਿੰਘ ਬੰਨੀ ਨੇ ਕਿਹਾ ਕਿ ਵਾਰਡ ਦੀਆਂ ਮਾਵਾਂ ਭੈਣਾਂ ਵਲੋਂ ਉਹਨਾਂ ਨੂੰ ਦੂਜੀ ਵਾਰ ਫੇਜ਼ 9 ਦੇ ਕੌਂਸਲਰ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ ਅਤੇ ਬੀਬੀਆਂ ਵੱਲੋਂ ਮਿਲਿਆ ਪਿਆਰ, ਵਿਸ਼ਵਾਸ ਅਤੇ ਸਹਿਯੋਗ ਉਹਨਾਂ ਲਈ ਬੇਹੱਦ ਕੀਮਤੀ ਹੈ। ਉਹਨਾਂ ਕਿਹਾ ਕਿ ਇਹ ਰਿਸ਼ਤਾ ਸਿਰਫ਼ ਚੋਣਾਂ ਤੱਕ ਸੀਮਤ ਨਹੀਂ ਹੈ, ਬਲਕਿ ਆਪਣੇਪਣ ਅਤੇ ਸੇਵਾ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਢੀਂਡਸਾ, ਬਲਿਹਾਰ ਸਿੰਘ ਵਿਰਕ, ਪਰਵੀਨ ਸ਼ਰਮਾ, ਹਰਿੰਦਰ ਸਿੰਘ ਵਾਲੀਆ, ਪ੍ਰਿੰਸ ਵਰਮਾ, ਸਚਿਨ ਰਾਏਜ਼ਾਦਾ, ਅਨਿਲ ਆਨੰਦ, ਆਈ. ਡੀ ਗਰਗ, ਅੰਮ੍ਰਿਤਪਾਲ ਸਿੰਘ, ਚੰਦਰ ਅਰੋੜਾ ਵੀ ਹਾਜਿਰ ਸਨ।

Continue Reading

Mohali

ਪ੍ਰਾਈਵੇਟ ਕੰਸਟਰੱਕਸ਼ਨ ਲੇਬਰ ਕੰਟਰੈਕਟਰਜ਼ ਐਸੋਸੀਏਸ਼ਨ ਵੱਲੋਂ 9 ਨਵੰਬਰ ਨੂੰ ਮਨਾਇਆ ਜਾਵੇਗਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ

Published

on

By

ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਮ ਰੂਪ ਦਿੱਤਾ

ਐਸ ਏ ਐਸ ਨਗਰ, 7 ਨਵੰਬਰ (ਸ.ਬ.) ਪ੍ਰਾਈਵੇਟ ਕੰਸਟਰੱਕਸ਼ਨ ਲੇਬਰ ਕੰਟਰੈਕਟਰਜ਼ ਐਸੋਸੀਏਸ਼ਨ (ਰਜਿ:) ਮੁਹਾਲੀ ਵੱਲੋਂ ਰਾਮਗੜ੍ਹੀਆ ਸਭਾ (ਰਜਿ:) ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਦੀ ਭਾਈ ਲਾਲੋ ਕੋ-ਆਪ ਐਨ. ਏ. ਟੀ ਐਂਡ ਸੀ ਸੁਸਾਇਟੀ ਲਿਮਟਿਡ, ਦਸ਼ਮੇਸ਼ ਵੈਲਫੇਅਰ ਕੌਸਲ (ਰਜਿ.) ਅਤੇ ਗੁਰੂ ਰਾਮਦਾਸ ਵੈਲਫੇਅਰ ਸੋਸਾਇਟੀ (ਰਜਿ.) ਦੇ ਸਹਿਯੋਗ ਨਾਲ ਸ਼ਿਲਪ ਕਲਾ ਦੇ ਜਨਮ ਦਾਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ 9 ਨਵੰਬਰ ਨੂੰ ਰਾਮਗੜ੍ਹੀਆ ਭਵਨ, ਫੇਜ਼ 3ਬੀ-1, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਸ. ਦੀਦਾਰ ਸਿੰਘ ਕਲਸੀ ਦੀ ਪ੍ਰਧਾਨਗੀ ਹੇਠ ਹੋਈ ਸੰਸਥਾ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸੀਨੀਅਰ ਮੀਤੀ ਪ੍ਰਧਾਨ ਮਨਜੀਤ ਸਿੰਘ ਮਾਨ, ਰਾਮਗੜ੍ਹੀਆ ਸਭਾ ਦੇ ਪ੍ਰਧਾਨ ਗੁਰਚਰਨ ਸਿੰਘ ਨੰਨੜ੍ਹਾ, ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਕਲਸੀ, ਖਜ਼ਾਨਚੀ ਬਲਵਿੰਦਰ ਸਿੰਘ, ਮੈਨੇਜ਼ਰ ਗੁਰਬਚਨ ਸਿੰਘ ਸ਼ਾਮਲ ਹੋਏ। ਮੀਟਿੰਗ ਦੌਰਾਨ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ।

ਸ. ਦੀਦਾਰ ਸਿੰਘ ਕਲਸੀ ਨੇ ਦੱਸਿਆ ਕਿ ਇਸ ਸੰਬੰਧੀ ਅੱਜ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਜਿਨ੍ਹਾਂ ਦੇ ਭੋਗ 9 ਨਵੰਬਰ ਨੂੰ ਸਵੇਰੇ 8 ਵਜੇ ਪਾਏ ਜਾਣਗੇ ਅਤੇ ਉਪਰੰਤ ਧਾਰਮਿਕ ਦਿਵਾਨ ਸਜਾਏ ਜਾਣਗੇ।

ਧਾਰਮਿਕ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਕਲਸੀ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਮੌਕੇ 9 ਨਵੰਬਰ ਨੂੰ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਸਵੇਰੇ 9 ਤੋਂ 10 ਵਜੇ ਤੱਕ ਭਾਈ ਪੁਰਸ਼ੋਤਮ ਸਿੰਘ ਅਤੇ ਸਾਥੀ (ਹਜ਼ੂਰੀ ਰਾਗੀ ਜੱਥਾ) ਵੱਲੋਂ ਮਨੋਹਰ ਕੀਰਤਨ ਕੀਤਾ ਜਾਵੇਗਾ। ਸਵੇਰੇ 10 ਤੋਂ 11 ਵਜੇ ਤੱਕ ਇਸਤਰੀ ਸਤਿਸੰਗ ਜੱਥਾ, ਰਾਮਗੜ੍ਹੀਆ ਸਭਾ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ। ਸਵੇਰੇ 11 ਤੋਂ 11:30 ਵਜੇ ਤੱਕ ਭਾਈ ਬਲਿਹਾਰ ਸਿੰਘ (ਹੈਡ ਗ੍ਰੰਥੀ, ਰਾਮਗੜ੍ਹੀਆ ਸਭਾ) ਵੱਲੋਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। 11:30 ਤੋਂ ਦੁਪਹਿਰ 1 ਵਜੇ ਤੱਕ ਇੰਟਰਨੈਸ਼ਨਲ ਪੰਥਕ ਢਾਡੀ ਜੱਥਾ ਭਾਈ ਗੁਰਿੰਦਰ ਪ੍ਰਿਤਪਾਲ ਸਿੰਘ ਬੈਂਸ ਅਤੇ ਸਾਥੀਆਂ ਵੱਲੋਂ ਢਾਡੀ ਵਾਰਾਂ ਪੇਸ਼ ਕੀਤੀਆਂ ਜਾਣਗੀਆਂ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

Continue Reading

Latest News

Trending