Connect with us

Punjab

ਕਿਸਾਨ ਆਗੂ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Published

on

ਡੱਬਵਾਲੀ, 22 ਦਸੰਬਰ (ਸ.ਬ.) ਪੰਜਾਬ ਦੀ ਹੱਦ ਨਾਲ ਲੱਗਦੇ ਪਿੰਡ ਪਥਰਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਸੰਗਤ ਬਲਾਕ ਪ੍ਰਧਾਨ ਅਤੇ ਮਸ਼ਹੂਰ ਕਿਸਾਨ ਆਗੂ ਇਕਬਾਲ ਸਿੰਘ ਪਥਰਾਲਾ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਦਰਦਨਾਕ ਘਟਨਾ ਬੀਤੀ ਰਾਤ ਪਿੰਡ ਸਿੰਘੇਵਾਲਾ ਰੋਡ ਸਥਿਤ ਉਨ੍ਹਾਂ ਦੀ ਢਾਣੀ ਵਿੱਚ ਬਣੇ ਮਕਾਨ ਦੇ ਵੇੜ੍ਹੇ ਵਿੱਚ ਵਾਪਰੀ।

ਪ੍ਰਾਪਤ ਜਾਣਕਾਰੀ ਅਨੁਸਾਰ, ਇਕਬਾਲ ਸਿੰਘ ਪਥਰਾਲਾ ਨੇ ਆਪਣੀ ਲਾਇਸੰਸੀ 12 ਬੋਰ ਦੀ ਬੰਦੂਕ ਨਾਲ ਕਥਿਤ ਤੌਰ ਤੇ ਖੁਦ ਨੂੰ ਗੋਲੀ ਮਾਰ ਲਈ। ਘਟਨਾ ਦੇ ਸਮੇਂ ਉਨ੍ਹਾਂ ਦੀ ਪਤਨੀ ਅਤੇ ਬੇਟੀ ਘਰ ਦੇ ਅੰਦਰ ਹੀ ਮੌਜੂਦ ਸਨ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਉਹ ਬਾਹਰ ਆਏ ਤਾਂ ਇਕਬਾਲ ਸਿੰਘ ਖੂਨ ਨਾਲ ਲੱਥਪੱਥ ਪਏ ਸਨ ਅਤੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ।

ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਬੰਦੂਕ ਦੀ ਨਾਲ ਠੋਡੀ ਦੇ ਹੇਠਾਂ ਰੱਖ ਕੇ ਘੋੜਾ ਦਬਾਇਆ, ਜਿਸ ਕਾਰਨ ਗੋਲੀ ਸਿਰ ਦੇ ਆਰ-ਪਾਰ ਨਿਕਲ ਗਈ। ਸੂਚਨਾ ਮਿਲਦਿਆਂ ਹੀ ਪਥਰਾਲਾ ਚੌਕੀ ਦੀ ਪੁਲੀਸ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੇਟੀਆਂ ਛੱਡ ਗਏ ਹਨ, ਜਿਨ੍ਹਾਂ ਵਿੱਚੋਂ ਦੋ ਵਿਆਹੀਆਂ ਹੋਈਆਂ ਹਨ।

ਇਕਬਾਲ ਸਿੰਘ ਪਥਰਾਲਾ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਖੇਤਰ ਵਿੱਚ ਇੱਕ ਜੁਝਾਰੂ ਅਤੇ ਨਿਡਰ ਕਿਸਾਨ ਆਗੂ ਵਜੋਂ ਜਾਣੇ ਜਾਂਦੇ ਸਨ। ਖੇਤੀ ਕਾਨੂੰਨਾਂ ਵਿਰੁੱਧ ਹੋਏ ਇਤਿਹਾਸਕ ਅੰਦੋਲਨ ਦੌਰਾਨ ਬਠਿੰਡਾ ਰੋਡ ਤੇ ਪੰਜਾਬ-ਹਰਿਆਣਾ ਸਰਹੱਦ ਤੇ ਲਗਾਏ ਗਏ ਧਰਨਿਆਂ ਵਿੱਚ ਉਨ੍ਹਾਂ ਨੇ ਮੋਹਰੀ ਭੂਮਿਕਾ ਨਿਭਾਈ ਸੀ।

ਭਾਰਤੀ ਕਿਸਾਨ ਯੂਨੀਅਨ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਕੋਟਲੀ ਨੇ ਇਸ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਕਬਾਲ ਸਿੰਘ ਕੋਲ ਕਰੀਬ ਪੰਜ ਏਕੜ ਜ਼ਮੀਨ ਸੀ ਅਤੇ ਉਹ ਆਰਥਿਕ ਪੱਖੋਂ ਮਜ਼ਬੂਤ ਸਨ। ਉਨ੍ਹਾਂ ਸਿਰ ਨਾ ਤਾਂ ਕੋਈ ਕਰਜ਼ਾ ਸੀ ਅਤੇ ਨਾ ਹੀ ਪਰਿਵਾਰ ਵਿੱਚ ਕੋਈ ਮਨਮੁਟਾਵ।

ਕੋਟਲੀ ਅਨੁਸਾਰ ਇਕਬਾਲ ਸਿੰਘ ਨੂੰ ਪੁੱਤਰ ਨਾ ਹੋਣ ਦੀ ਚਿੰਤਾ ਜ਼ਰੂਰ ਰਹਿੰਦੀ ਸੀ, ਪਰ ਉਨ੍ਹਾਂ ਵੱਲੋਂ ਅਜਿਹਾ ਘਾਤਕ ਕਦਮ ਚੁੱਕਣਾ ਸਭ ਲਈ ਹੈਰਾਨੀਜਨਕ ਅਤੇ ਸਦਮਾ ਦੇਣ ਵਾਲਾ ਹੈ।

ਦੂਜੇ ਪਾਸੇ ਪਥਰਾਲਾ ਚੌਕੀ ਇੰਚਾਰਜ ਸੁਖਜੰਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਹੈ ਕਿ ਬੰਦੂਕ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ।

Continue Reading

Mohali

ਨਗਰ ਨਿਗਮ ਦੀ ਮੀਟਿੰਗ ਵਿੱਚ ਉੱਠਿਆ ਸਫਾਈ ਵਿਵਸਥਾ ਦੀ ਬਦਹਾਲੀ ਦਾ ਮੁੱਦਾ

Published

on

By

ਮੈਂਬਰਾਂ ਵਲੋਂ ਸਫਾਈ ਵਿਵਸਥਾ ਵਿੱਚ ਸੁਧਾਰ, ਨਵੇਂ ਸਫਾਈ ਕਰਮਚਾਰੀ ਭਰਤੀ ਕਰਨ ਅਤੇ ਟ੍ਰਾਲੀਆਂ ਦੀ ਖਰੀਦ ਕਰਨ ਦੀ ਮੰਗ

ਐਸ ਏ ਐਸ ਨਗਰ, 9 ਫਰਵਰੀ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੀ ਅੱਜ ਹੋਈ ਮੀਟਿੰਗ ਦੌਰਾਨ ਮੈਂਬਰਾਂ ਵਲੋਂ ਖ਼ਾਸ ਤੌਰ ਤੇ ਸ਼ਹਿਰ ਦੀ ਮਾੜੀ ਹੋ ਚੁੱਕੀ ਸਫਾਈ ਵਿਵਸਥਾ ਦਾ ਮੁੱਦਾ ਚੁੱਕਿਆ ਗਿਆ ਅਤੇ ਇਸ ਵਿੱਚ ਸੁਧਾਰ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀੰਤੀ ਗਈ।

ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਹੋਈ ਮੀਟਿੰਗ ਦੌੌਰਾਨ ਮੈਂਬਰਾਂ ਵਲੋਂ ਸਫਾਈ ਵਿਵਸਥਾ ਦੀ ਬਦਹਾਲੀ ਅਤੇ ਸੜਕਾਂ ਦੀ ਮਾੜੀ ਹਾਲਤ ਵਿੱਚ ਸੁਧਾਰ ਦੀ ਮੰਗ ਕੀਤੀ ਗਈ। ਇਸ ਮੌਕੇ ਕੌਂਸਲਰ ਮਨਜੀਤ ਸਿੰਘ ਸੇਠੀ, ਰੁਪਿੰਦਰ ਕੌਰ, ਕੁਲਵੰਤ ਸਿੰਘ ਕਲੇਰ ਅਤੇ ਹੋਰਨਾਂ ਨੇ ਕਿਹਾ ਕਿ ਬੀ ਰੋਡਾਂ ਦੀ ਹਾਲਤ ਬਹੁਤ ਮਾੜੀ ਹੈ ਅਤੇ ਥਾਂ ਥਾਂ ਤੇ ਕੂੜੇ ਦੇ ਢੇਰ ਹਨ। ਉਹਨਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਵਿਸ਼ੇਸ਼ ਸਫਾਈ ਮੁਹਿੰਮ ਚਲਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਜਮੀਨੀ ਪੱਧਰ ਤੇ ਇਹ ਮੁਹਿੰਮ ਕਿਤੇ ਨਜਰ ਨਹੀਂ ਆਉਂਦੀ।

ਇਸ ਮੌਕੇ ਕਿਹਾ ਗਿਆ ਕਿ ਨਾ ਤਾਂ ਸ਼ਹਿਰ ਵਿੱਚ ਲੋੜੀਂਦੇ ਸਫਾਈ ਕਰਮਚਾਰੀ ਹਨ ਅਤੇ ਨਾ ਹੀ ਕੂੜਾ ਲਿਜਾਣ ਵਾਸਤੇ ਲੋੜੀਂਦੀਆਂ ਟਰਾਲੀਆਂ ਹਨ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਦੀ ਹੱਦ ਵਿੱਚ ਵਾਧਾ ਹੋਣ ਤੋਂ ਬਾਅਦ ਹੁਣ ਨਗਰ ਨਿਗਮ ਦੇ ਅਧੀਨ ਹੋਰ ਵੱਡਾ ਖੇਤਰ ਆ ਗਿਆ ਹੈ ਜਿਸ ਕਾਰਨ ਇੱਥੇ ਘੱਟੋ-ਘੱਟ 450 ਸਫਾਈ ਕਰਮਚਾਰੀਆਂ ਅਤੇ 50 ਹੋਰ ਟਰਾਲੀਆਂ ਦੀ ਲੋੜ ਹੈ।

ਕੌਂਸਲਰਾਂ ਵਲੋਂ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਵੱਧਦੀ ਗਿਣਤੀ ਦਾ ਮੁੱਦਾ ਵੀ ਚੁੱਕਿਆ ਗਿਆ ਅਤੇ ਮੰਗ ਕੀਤੀ ਗਈ ਕਿ ਇਸ ਸੰਬੰਧੀ ਮਾਣਯੋਗ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਅਨੁਸਾਰ ਡਾਗ ਸ਼ੈਲਟਰ ਦੀ ਉਸਾਰੀ ਕੀਤੀ ਜਾਵੇ। ਇਸ ਤੇ ਕਮਿਸ਼ਨਰ ਪਰਮਿੰਦਰ ਸਿੰਘ ਨੇ ਕਿਹਾ ਕਿ ਇਸ ਵਾਸਤੇ ਗਮਾਡਾ ਤੋਂ ਜਮੀਨ ਮੰਗੀ ਗਈ ਹੈ ਅਤੇ ਕੁੱਤਿਆਂ ਦੀ ਨਸਬੰਦੀ ਦਾ ਕੰਮ ਆਰੰਭ ਕੀਤਾ ਜਾ ਰਿਹਾ ਹੈ।

ਕੌਂਸਲਰ ਗੁਰਪ੍ਰੀਤ ਕੌਰ ਵਲੋਂ ਪਿੰਡ ਮਟੌਰ ਵਿੱਚ ਸ਼ਾਮਲਾਤ ਜਮੀਨ ਤੇ ਕਬਜੇ ਦਾ ਮੁੱਦਾ ਚੁੱਕਦਿਆਂ ਇਹ ਕਬਜੇ ਖਤਮ ਕਰਵਾਉਣ ਦੀ ਮੰਗ ਕੀਤੀ ਗਈ। ਕੌਂਸਲਰ ਹਰਜੀਤ ਸਿੰਘ ਭੋਲੂ ਵਲੋਂ ਉਹਨਾਂ ਦੇ ਵਾਰਡ ਦੇ ਪਾਸ ਹੋਏ ਕੰਮਾਂ ਦੇ ਵਰਕ ਆਰਡਰ ਜਾਰੀ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਦੌਰਾਨ ਪੇਸ਼ ਕੀਤੇ ਗਏ ਮਤੇ ਪਾਸ ਕਰ ਦਿੱਤੇ ਗਏ।

Continue Reading

Mohali

ਪੱਤਰਕਾਰ ਦਵਿੰਦਰ ਸਿੰਘ ਦਾ ਸੜਕ ਹਾਦਸੇ ਵਿੱਚ ਦੇਹਾਂਤ

Published

on

By

ਐਸ ਏ ਐਸ ਨਗਰ, 9 ਫਰਵਰੀ (ਸ.ਬ.) ਅਜੀਤ ਦੇ ਸੀਨੀਅਰ ਪੱਤਰਕਾਰ ਸ. ਦਵਿੰਦਰ ਸਿੰਘ ਦੀ ਬੀਤੀ ਦੇਰ ਰਾਤ ਨੂੰ ਹੋਏ ਇਕ ਦਰਦਨਾਕ ਸੜਕ ਹਾਦਸੇ ਕਾਰਨ ਦਿਹਾਂਤ ਹੋ ਗਿਆ। ਉਹ ਬੀਤੀ ਦੇਰ ਰਾਤ ਇੱਕ ਵਿਆਹ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ ਜਦੋਂ ਸੈਕਟਰ 89 ਵਿੱਚ ਹਾਦਸੇ ਕਾਰਨ ਗੰਭੀਰ ਜ਼ਖਮੀ ਹੋ ਗਏ ਸਨ।

ਸ. ਦਵਿੰਦਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਅਜੀਤ ਅਖਬਾਰ ਨਾਲ ਜੁੜੇ ਸਨ ਅਤੇ ਉਹਨਾਂ ਨੇ ਮੁਹਾਲੀ ਅਤੇ ਚੰਡੀਗੜ੍ਹ ਤੋਂ ਐਂਕਰ ਵਜੋਂ ਵੀ ਸੇਵਾਵਾਂ ਨਿਭਾਈਆਂ। ਉਹ ਆਪਣੀ ਵਧੀਆ ਬੋਲਚਾਲ, ਮੈਦਾਨੀ ਰਿਪੋਰਟਿੰਗ ਅਤੇ ਪੱਤਰਕਾਰਤਾ ਪ੍ਰਤੀ ਸਮਰਪਣ ਲਈ ਜਾਣੇ ਜਾਂਦੇ ਸਨ। ਇਸ ਮੰਦਭਾਗੀ ਘਟਨਾ ਵਿਚ ਦਵਿੰਦਰ ਸਿੰਘ ਦੇ ਅਚਾਨਕ ਦੇਹਾਂਤ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਪੱਤਰਕਾਰ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।

ਸz.ਦਵਿੰਦਰ ਸਿੰਘ ਦਾ ਅੱਜ ਬਾਅਦ ਦੁਪਹਿਰ ਉਹਨਾਂ ਦੇ ਪਿੰਡ ਸ਼ਮਸਪੁਰ (ਨੇੜੇ ਸਮਰਾਲਾ) ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਜੁੜੇ ਪਿੰਡ ਵਾਸੀਆਂ, ਮੁਹਾਲੀ ਦੇ ਪੱਤਰਕਾਰ ਭਾਈਚਾਰੇ ਦੇ ਮੈਂਬਰਾਂ, ਨਜਦੀਕੀ ਰਿਸ਼ਤੇਦਾਰਾਂ ਅਤੇ ਪਰਿਵਾਰ ਮੈਂਬਰਾਂ ਵਲੋਂ ਉਹਨਾਂ ਨੂੰ ਅੰਤਮ ਵਿਦਾਇਗੀ ਦਿੱਤੀ ਗਈ।

Continue Reading

Punjab

ਨੌਜਵਾਨ ਨੇ ਕਾਲਜ ਵਿੱਚ ਨਾਲ ਪੜ੍ਹਦੀ ਵਿਦਿਆਰਥਣ ਨੂੰ ਮਾਰੀ ਗੋਲੀ

Published

on

By

ਬਾਅਦ ਵਿੱਚ ਨੌਜਵਾਨ ਵੱਲੋਂ ਵੀ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ

ਤਰਨ ਤਾਰਨ, 9 ਫਰਵਰੀ (ਸ.ਬ.) ਤਰਨਤਾਰਨ ਜ਼ਿਲ੍ਹੇ ਦੇ ਪਿੰਡ ਉਸਮਾ ਸਥਿਤ ਇੱਕ ਕਾਲਜ ਵਿੱਚ ਇੱਕ ਨੌਜਵਾਨ ਨੇ ਆਪਣੀ ਸਹਿਪਾਠੀ ਵਿਦਿਆਰਥਣ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਲਈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਸੰਦੀਪ ਕੌਰ (ਵਾਸੀ ਪਿੰਡ ਨੌਸ਼ਹਿਰਾ ਪੰਨੂਆਂ) ਅਤੇ ਨੌਜਵਾਨ ਦੀ ਪਛਾਣ ਪ੍ਰਿੰਸਰਾਜ ਸਿੰਘ (ਵਾਸੀ ਪਿੰਡ ਮੱਲ੍ਹੀਆਂ) ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਲੜਕੇ ਨੇ ਪਹਿਲਾਂ ਲੜਕੀ ਦੇ ਸਿਰ ਵਿਚ ਗੋਲੀ ਮਾਰੀ ਤੇ ਮੁੜ ਆਪਣੇ ਵੀ ਸਿਰ ਵਿਚ ਗੋਲੀ ਮਾਰ ਲਈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ, ਪ੍ਰਿੰਸਰਾਜ ਸਿੰਘ ਅਤੇ ਸੰਦੀਪ ਕੌਰ ਦੋਵੇਂ ਕਾਲਜ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਹੇ ਸਨ। ਘਟਨਾ ਵੇਲੇ ਪ੍ਰਿੰਸਰਾਜ ਕਾਲਜ ਕੈਂਪਸ ਵਿੱਚ ਦਾਖ਼ਲ ਹੋਇਆ ਅਤੇ ਆਪਣੇ ਨਾਲ ਲਿਆਂਦੀ ਪਿਸਤੌਲ ਨਾਲ ਸੰਦੀਪ ਕੌਰ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਨੌਜਵਾਨ ਨੇ ਉਸੇ ਹਥਿਆਰ ਨਾਲ ਖ਼ੁਦ ਨੂੰ ਵੀ ਗੋਲੀ ਮਾਰ ਲਈ। ਇਸ ਖ਼ੂਨੀ ਘਟਨਾ ਤੋਂ ਬਾਅਦ ਕਾਲਜ ਵਿੱਚ ਹੜਕੰਪ ਮੱਚ ਗਿਆ ਅਤੇ ਪ੍ਰਸ਼ਾਸਨ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ।

ਐਸ.ਐਸ.ਪੀ. ਤਰਨਤਾਰਨ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲੀਸ ਨੇ ਮੌਕੇ ਤੋਂ ਵਾਰਦਾਤ ਵਿੱਚ ਵਰਤਿਆ ਪਿਸਤੌਲ ਬਰਾਮਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਨੌਜਵਾਨ ਕੋਲ ਹਥਿਆਰ ਕਿੱਥੋਂ ਆਇਆ ਅਤੇ ਉਹ ਸੁਰੱਖਿਆ ਦੇ ਬਾਵਜੂਦ ਹਥਿਆਰ ਸਮੇਤ ਕਾਲਜ ਦੇ ਅੰਦਰ ਕਿਵੇਂ ਪਹੁੰਚਿਆ।

ਘਟਨਾ ਤੋਂ ਬਾਅਦ ਕਾਲਜ ਕੈਂਪਸ ਨੂੰ ਖਾਲੀ ਕਰਵਾਇਆ ਗਿਆ ਹੈ ਅਤੇ ਸੁਰੱਖਿਆ ਵਜੋਂ ਭਾਰੀ ਪੁਲੀਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਫੋਰੈਂਸਿਕ ਮਾਹਰਾਂ ਦੀ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ। ਇਸ ਘਟਨਾ ਨੇ ਜਿੱਥੇ ਵਿਦਿਆਰਥੀਆਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ, ਉੱਥੇ ਹੀ ਕਾਲਜਾਂ ਦੀ ਸੁਰੱਖਿਆ ਤੇ ਵੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

Continue Reading

Latest News

Trending