Punjab
ਗਰੀਬ ਵਰਗ ਲਈ ਘਾਤਕ ਸਾਬਤ ਹੋਣਗੀਆਂ ਮਨਰੇਗਾ ਵਿੱਚ ਕੀਤੀਆਂ ਤਬਦੀਲੀਆਂ : ਸੁਖਬੀਰ ਬਾਦਲ
ਅੰਮ੍ਰਿਤਸਰ, 22 ਦਸੰਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸz. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮਨਰੇਗਾ ਵਿੱਚ ਕੀਤੀਆਂ ਤਬਦੀਲੀਆਂ ਗਰੀਬ ਵਰਗ ਲਈ ਘਾਤਕ ਸਾਬਤ ਹੋਣਗੀਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਰੇਗਾ ਇੱਕ 100 ਫ਼ੀਸਦੀ ਕੇਂਦਰੀ ਸਕੀਮ ਸੀ, ਜਿਸ ਤਹਿਤ ਗਰੀਬ ਪਰਿਵਾਰਾਂ ਨੂੰ 100 ਦਿਨਾਂ ਦੇ ਰੋਜ਼ਗਾਰ ਦੀ ਗਰੰਟੀ ਮਿਲਦੀ ਸੀ, ਪਰ ਹੁਣ ਇਸ ਨੂੰ 60/40 ਦੇ ਹਿੱਸੇ ਵਿੱਚ ਵੰਡ ਕੇ ਸੂਬਿਆਂ ਉੱਤੇ ਵਿੱਤੀ ਬੋਝ ਪਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਪੰਜਾਬ ਵਰਗਾ ਕਰਜ਼ੇ ਵਿੱਚ ਡੁੱਬਿਆ ਸੂਬਾ ਆਪਣਾ 40 ਫ਼ੀਸਦੀ ਹਿੱਸਾ ਨਹੀਂ ਦੇ ਸਕੇਗਾ, ਜਿਸ ਦਾ ਸਿੱਧਾ ਨੁਕਸਾਨ ਮਜ਼ਦੂਰਾਂ ਨੂੰ ਹੋਵੇਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੇਂਦਰੀ ਸਕੀਮਾਂ ਲਈ ਆਪਣਾ ਯੋਗਦਾਨ ਨਾ ਦੇਣ ਕਾਰਨ ਪੰਜਾਬ ਪਹਿਲਾਂ ਹੀ ਕਈ ਯੋਜਨਾਵਾਂ ਤੋਂ ਵਾਂਝਾ ਰਹਿ ਗਿਆ ਹੈ ਅਤੇ ਹੁਣ ਮਨਰੇਗਾ ਵੀ ਖਤਰੇ ਵਿੱਚ ਹੈ। ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਮਨਰੇਗਾ ਵਿੱਚ ਕੀਤੀਆਂ ਤਬਦੀਲੀਆਂ ਤੁਰੰਤ ਵਾਪਸ ਲਈਆਂ ਜਾਣ ਅਤੇ ਪੁਰਾਣਾ ਸਿਸਟਮ ਬਹਾਲ ਕੀਤਾ ਜਾਵੇ। ਨਾਲ ਹੀ ਉਨ੍ਹਾਂ ਸਾਰੀਆਂ ਪੰਜਾਬੀ ਰਾਜਨੀਤਕ ਪਾਰਟੀਆਂ ਨੂੰ ਇਕੱਠੇ ਹੋ ਕੇ ਇਸ ਫੈਸਲੇ ਦਾ ਵਿਰੋਧ ਕਰਨ ਦੀ ਅਪੀਲ ਕੀਤੀ।
ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਉੱਤੇ ਧੱਕੇਸ਼ਾਹੀ ਦਾ ਇਲਜਾਮ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਲਗਭਗ 1100 ਉਮੀਦਵਾਰਾਂ ਦੇ ਕਾਗਜ਼ ਜਾਣ ਬੁੱਝ ਕੇ ਰੱਦ ਕੀਤੇ ਗਏ। ਬਾਦਲ ਨੇ ਕਿਹਾ ਕਿ ਕਈ ਹਲਕਿਆਂ ਵਿੱਚ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਤਾਂ ਜੋ ਸਰਕਾਰ ਨੂੰ ਬਿਨਾਂ ਮੁਕਾਬਲੇ ਜਿੱਤ ਦਿਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੂੰ ਲੋਕਤੰਤਰ ਤੇ ਭਰੋਸਾ ਨਹੀਂ ਸੀ ਤਾਂ ਚੋਣਾਂ ਕਰਵਾਉਣ ਦੀ ਲੋੜ ਹੀ ਨਹੀਂ ਸੀ। ਇਹ ਸਾਰੀ ਪ੍ਰਕਿਰਿਆ ਲੋਕਤੰਤਰ ਦਾ ਕਤਲ ਹੈ।
ਪੰਜਾਬ ਦੀ ਕਾਨੂੰਨ-ਵਿਵਸਥਾ ਬਾਰੇ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਦੋਸ਼ ਲਗਾਇਆ ਕਿ ਸੂਬੇ ਵਿੱਚ ਗੁੰਡਾਗਰਦੀ, ਗੈਂਗਸਟਰ ਰਾਜ, ਲੁੱਟਾਂ ਅਤੇ ਨਸ਼ੇ ਦਾ ਜਾਲ ਫੈਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਸਿਆਸੀ ਦਬਾਅ ਹੇਠ ਕੰਮ ਕਰਨਾ ਪੈਂਦਾ ਹੈ ਅਤੇ ਨਸ਼ਾ ਤਸਕਰਾਂ ਨੂੰ ਸਿਆਸੀ ਸਰਪ੍ਰਸਤੀ ਮਿਲੀ ਹੋਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਗਰੀਬ, ਮਜ਼ਦੂਰ ਅਤੇ ਕਿਸਾਨ ਦੇ ਨਾਲ ਖੜਾ ਹੈ ਅਤੇ ਪਾਰਟੀ ਦਾ ਮਕਸਦ ਸੱਤਾ ਹਾਸਲ ਕਰਨਾ ਨਹੀਂ, ਬਲਕਿ ਪੰਜਾਬ ਨੂੰ ਬਚਾਉਣਾ ਹੈ।
Mohali
ਨਗਰ ਨਿਗਮ ਦੀ ਮੀਟਿੰਗ ਵਿੱਚ ਉੱਠਿਆ ਸਫਾਈ ਵਿਵਸਥਾ ਦੀ ਬਦਹਾਲੀ ਦਾ ਮੁੱਦਾ
ਮੈਂਬਰਾਂ ਵਲੋਂ ਸਫਾਈ ਵਿਵਸਥਾ ਵਿੱਚ ਸੁਧਾਰ, ਨਵੇਂ ਸਫਾਈ ਕਰਮਚਾਰੀ ਭਰਤੀ ਕਰਨ ਅਤੇ ਟ੍ਰਾਲੀਆਂ ਦੀ ਖਰੀਦ ਕਰਨ ਦੀ ਮੰਗ
ਐਸ ਏ ਐਸ ਨਗਰ, 9 ਫਰਵਰੀ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੀ ਅੱਜ ਹੋਈ ਮੀਟਿੰਗ ਦੌਰਾਨ ਮੈਂਬਰਾਂ ਵਲੋਂ ਖ਼ਾਸ ਤੌਰ ਤੇ ਸ਼ਹਿਰ ਦੀ ਮਾੜੀ ਹੋ ਚੁੱਕੀ ਸਫਾਈ ਵਿਵਸਥਾ ਦਾ ਮੁੱਦਾ ਚੁੱਕਿਆ ਗਿਆ ਅਤੇ ਇਸ ਵਿੱਚ ਸੁਧਾਰ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀੰਤੀ ਗਈ।
ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਹੋਈ ਮੀਟਿੰਗ ਦੌੌਰਾਨ ਮੈਂਬਰਾਂ ਵਲੋਂ ਸਫਾਈ ਵਿਵਸਥਾ ਦੀ ਬਦਹਾਲੀ ਅਤੇ ਸੜਕਾਂ ਦੀ ਮਾੜੀ ਹਾਲਤ ਵਿੱਚ ਸੁਧਾਰ ਦੀ ਮੰਗ ਕੀਤੀ ਗਈ। ਇਸ ਮੌਕੇ ਕੌਂਸਲਰ ਮਨਜੀਤ ਸਿੰਘ ਸੇਠੀ, ਰੁਪਿੰਦਰ ਕੌਰ, ਕੁਲਵੰਤ ਸਿੰਘ ਕਲੇਰ ਅਤੇ ਹੋਰਨਾਂ ਨੇ ਕਿਹਾ ਕਿ ਬੀ ਰੋਡਾਂ ਦੀ ਹਾਲਤ ਬਹੁਤ ਮਾੜੀ ਹੈ ਅਤੇ ਥਾਂ ਥਾਂ ਤੇ ਕੂੜੇ ਦੇ ਢੇਰ ਹਨ। ਉਹਨਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਵਿਸ਼ੇਸ਼ ਸਫਾਈ ਮੁਹਿੰਮ ਚਲਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਜਮੀਨੀ ਪੱਧਰ ਤੇ ਇਹ ਮੁਹਿੰਮ ਕਿਤੇ ਨਜਰ ਨਹੀਂ ਆਉਂਦੀ।
ਇਸ ਮੌਕੇ ਕਿਹਾ ਗਿਆ ਕਿ ਨਾ ਤਾਂ ਸ਼ਹਿਰ ਵਿੱਚ ਲੋੜੀਂਦੇ ਸਫਾਈ ਕਰਮਚਾਰੀ ਹਨ ਅਤੇ ਨਾ ਹੀ ਕੂੜਾ ਲਿਜਾਣ ਵਾਸਤੇ ਲੋੜੀਂਦੀਆਂ ਟਰਾਲੀਆਂ ਹਨ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਦੀ ਹੱਦ ਵਿੱਚ ਵਾਧਾ ਹੋਣ ਤੋਂ ਬਾਅਦ ਹੁਣ ਨਗਰ ਨਿਗਮ ਦੇ ਅਧੀਨ ਹੋਰ ਵੱਡਾ ਖੇਤਰ ਆ ਗਿਆ ਹੈ ਜਿਸ ਕਾਰਨ ਇੱਥੇ ਘੱਟੋ-ਘੱਟ 450 ਸਫਾਈ ਕਰਮਚਾਰੀਆਂ ਅਤੇ 50 ਹੋਰ ਟਰਾਲੀਆਂ ਦੀ ਲੋੜ ਹੈ।
ਕੌਂਸਲਰਾਂ ਵਲੋਂ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਵੱਧਦੀ ਗਿਣਤੀ ਦਾ ਮੁੱਦਾ ਵੀ ਚੁੱਕਿਆ ਗਿਆ ਅਤੇ ਮੰਗ ਕੀਤੀ ਗਈ ਕਿ ਇਸ ਸੰਬੰਧੀ ਮਾਣਯੋਗ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਅਨੁਸਾਰ ਡਾਗ ਸ਼ੈਲਟਰ ਦੀ ਉਸਾਰੀ ਕੀਤੀ ਜਾਵੇ। ਇਸ ਤੇ ਕਮਿਸ਼ਨਰ ਪਰਮਿੰਦਰ ਸਿੰਘ ਨੇ ਕਿਹਾ ਕਿ ਇਸ ਵਾਸਤੇ ਗਮਾਡਾ ਤੋਂ ਜਮੀਨ ਮੰਗੀ ਗਈ ਹੈ ਅਤੇ ਕੁੱਤਿਆਂ ਦੀ ਨਸਬੰਦੀ ਦਾ ਕੰਮ ਆਰੰਭ ਕੀਤਾ ਜਾ ਰਿਹਾ ਹੈ।
ਕੌਂਸਲਰ ਗੁਰਪ੍ਰੀਤ ਕੌਰ ਵਲੋਂ ਪਿੰਡ ਮਟੌਰ ਵਿੱਚ ਸ਼ਾਮਲਾਤ ਜਮੀਨ ਤੇ ਕਬਜੇ ਦਾ ਮੁੱਦਾ ਚੁੱਕਦਿਆਂ ਇਹ ਕਬਜੇ ਖਤਮ ਕਰਵਾਉਣ ਦੀ ਮੰਗ ਕੀਤੀ ਗਈ। ਕੌਂਸਲਰ ਹਰਜੀਤ ਸਿੰਘ ਭੋਲੂ ਵਲੋਂ ਉਹਨਾਂ ਦੇ ਵਾਰਡ ਦੇ ਪਾਸ ਹੋਏ ਕੰਮਾਂ ਦੇ ਵਰਕ ਆਰਡਰ ਜਾਰੀ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਦੌਰਾਨ ਪੇਸ਼ ਕੀਤੇ ਗਏ ਮਤੇ ਪਾਸ ਕਰ ਦਿੱਤੇ ਗਏ।
Mohali
ਪੱਤਰਕਾਰ ਦਵਿੰਦਰ ਸਿੰਘ ਦਾ ਸੜਕ ਹਾਦਸੇ ਵਿੱਚ ਦੇਹਾਂਤ
ਐਸ ਏ ਐਸ ਨਗਰ, 9 ਫਰਵਰੀ (ਸ.ਬ.) ਅਜੀਤ ਦੇ ਸੀਨੀਅਰ ਪੱਤਰਕਾਰ ਸ. ਦਵਿੰਦਰ ਸਿੰਘ ਦੀ ਬੀਤੀ ਦੇਰ ਰਾਤ ਨੂੰ ਹੋਏ ਇਕ ਦਰਦਨਾਕ ਸੜਕ ਹਾਦਸੇ ਕਾਰਨ ਦਿਹਾਂਤ ਹੋ ਗਿਆ। ਉਹ ਬੀਤੀ ਦੇਰ ਰਾਤ ਇੱਕ ਵਿਆਹ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ ਜਦੋਂ ਸੈਕਟਰ 89 ਵਿੱਚ ਹਾਦਸੇ ਕਾਰਨ ਗੰਭੀਰ ਜ਼ਖਮੀ ਹੋ ਗਏ ਸਨ।
ਸ. ਦਵਿੰਦਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਅਜੀਤ ਅਖਬਾਰ ਨਾਲ ਜੁੜੇ ਸਨ ਅਤੇ ਉਹਨਾਂ ਨੇ ਮੁਹਾਲੀ ਅਤੇ ਚੰਡੀਗੜ੍ਹ ਤੋਂ ਐਂਕਰ ਵਜੋਂ ਵੀ ਸੇਵਾਵਾਂ ਨਿਭਾਈਆਂ। ਉਹ ਆਪਣੀ ਵਧੀਆ ਬੋਲਚਾਲ, ਮੈਦਾਨੀ ਰਿਪੋਰਟਿੰਗ ਅਤੇ ਪੱਤਰਕਾਰਤਾ ਪ੍ਰਤੀ ਸਮਰਪਣ ਲਈ ਜਾਣੇ ਜਾਂਦੇ ਸਨ। ਇਸ ਮੰਦਭਾਗੀ ਘਟਨਾ ਵਿਚ ਦਵਿੰਦਰ ਸਿੰਘ ਦੇ ਅਚਾਨਕ ਦੇਹਾਂਤ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਪੱਤਰਕਾਰ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।
ਸz.ਦਵਿੰਦਰ ਸਿੰਘ ਦਾ ਅੱਜ ਬਾਅਦ ਦੁਪਹਿਰ ਉਹਨਾਂ ਦੇ ਪਿੰਡ ਸ਼ਮਸਪੁਰ (ਨੇੜੇ ਸਮਰਾਲਾ) ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਜੁੜੇ ਪਿੰਡ ਵਾਸੀਆਂ, ਮੁਹਾਲੀ ਦੇ ਪੱਤਰਕਾਰ ਭਾਈਚਾਰੇ ਦੇ ਮੈਂਬਰਾਂ, ਨਜਦੀਕੀ ਰਿਸ਼ਤੇਦਾਰਾਂ ਅਤੇ ਪਰਿਵਾਰ ਮੈਂਬਰਾਂ ਵਲੋਂ ਉਹਨਾਂ ਨੂੰ ਅੰਤਮ ਵਿਦਾਇਗੀ ਦਿੱਤੀ ਗਈ।
Punjab
ਨੌਜਵਾਨ ਨੇ ਕਾਲਜ ਵਿੱਚ ਨਾਲ ਪੜ੍ਹਦੀ ਵਿਦਿਆਰਥਣ ਨੂੰ ਮਾਰੀ ਗੋਲੀ
ਬਾਅਦ ਵਿੱਚ ਨੌਜਵਾਨ ਵੱਲੋਂ ਵੀ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ
ਤਰਨ ਤਾਰਨ, 9 ਫਰਵਰੀ (ਸ.ਬ.) ਤਰਨਤਾਰਨ ਜ਼ਿਲ੍ਹੇ ਦੇ ਪਿੰਡ ਉਸਮਾ ਸਥਿਤ ਇੱਕ ਕਾਲਜ ਵਿੱਚ ਇੱਕ ਨੌਜਵਾਨ ਨੇ ਆਪਣੀ ਸਹਿਪਾਠੀ ਵਿਦਿਆਰਥਣ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਲਈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਸੰਦੀਪ ਕੌਰ (ਵਾਸੀ ਪਿੰਡ ਨੌਸ਼ਹਿਰਾ ਪੰਨੂਆਂ) ਅਤੇ ਨੌਜਵਾਨ ਦੀ ਪਛਾਣ ਪ੍ਰਿੰਸਰਾਜ ਸਿੰਘ (ਵਾਸੀ ਪਿੰਡ ਮੱਲ੍ਹੀਆਂ) ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਲੜਕੇ ਨੇ ਪਹਿਲਾਂ ਲੜਕੀ ਦੇ ਸਿਰ ਵਿਚ ਗੋਲੀ ਮਾਰੀ ਤੇ ਮੁੜ ਆਪਣੇ ਵੀ ਸਿਰ ਵਿਚ ਗੋਲੀ ਮਾਰ ਲਈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ, ਪ੍ਰਿੰਸਰਾਜ ਸਿੰਘ ਅਤੇ ਸੰਦੀਪ ਕੌਰ ਦੋਵੇਂ ਕਾਲਜ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਹੇ ਸਨ। ਘਟਨਾ ਵੇਲੇ ਪ੍ਰਿੰਸਰਾਜ ਕਾਲਜ ਕੈਂਪਸ ਵਿੱਚ ਦਾਖ਼ਲ ਹੋਇਆ ਅਤੇ ਆਪਣੇ ਨਾਲ ਲਿਆਂਦੀ ਪਿਸਤੌਲ ਨਾਲ ਸੰਦੀਪ ਕੌਰ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਨੌਜਵਾਨ ਨੇ ਉਸੇ ਹਥਿਆਰ ਨਾਲ ਖ਼ੁਦ ਨੂੰ ਵੀ ਗੋਲੀ ਮਾਰ ਲਈ। ਇਸ ਖ਼ੂਨੀ ਘਟਨਾ ਤੋਂ ਬਾਅਦ ਕਾਲਜ ਵਿੱਚ ਹੜਕੰਪ ਮੱਚ ਗਿਆ ਅਤੇ ਪ੍ਰਸ਼ਾਸਨ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ।
ਐਸ.ਐਸ.ਪੀ. ਤਰਨਤਾਰਨ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲੀਸ ਨੇ ਮੌਕੇ ਤੋਂ ਵਾਰਦਾਤ ਵਿੱਚ ਵਰਤਿਆ ਪਿਸਤੌਲ ਬਰਾਮਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਨੌਜਵਾਨ ਕੋਲ ਹਥਿਆਰ ਕਿੱਥੋਂ ਆਇਆ ਅਤੇ ਉਹ ਸੁਰੱਖਿਆ ਦੇ ਬਾਵਜੂਦ ਹਥਿਆਰ ਸਮੇਤ ਕਾਲਜ ਦੇ ਅੰਦਰ ਕਿਵੇਂ ਪਹੁੰਚਿਆ।
ਘਟਨਾ ਤੋਂ ਬਾਅਦ ਕਾਲਜ ਕੈਂਪਸ ਨੂੰ ਖਾਲੀ ਕਰਵਾਇਆ ਗਿਆ ਹੈ ਅਤੇ ਸੁਰੱਖਿਆ ਵਜੋਂ ਭਾਰੀ ਪੁਲੀਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਫੋਰੈਂਸਿਕ ਮਾਹਰਾਂ ਦੀ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ। ਇਸ ਘਟਨਾ ਨੇ ਜਿੱਥੇ ਵਿਦਿਆਰਥੀਆਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ, ਉੱਥੇ ਹੀ ਕਾਲਜਾਂ ਦੀ ਸੁਰੱਖਿਆ ਤੇ ਵੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
-
Mohali2 months agoਜਨਰਲ ਵਰਗ ਦੇ ਲੋਕਾਂ ਲਈ ਕੇਂਦਰ ਵਿੱਚ ਕਮਿਸ਼ਨ ਬਣਾਉਣ ਦੀ ਮੰਗ
-
Punjab2 months agoਪੂਰਨ ਸ਼ਾਹਕੋਟੀ ਨਹੀਂ ਰਹੇ
-
Mohali2 months agoਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਲੰਗਰ ਲਗਾਇਆ
-
Mohali2 months agoਖਪਤਕਾਰ ਸੁਰਖਿਆ ਫੈਡਰੇਸ਼ਨ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ
-
Editorial1 month agoਕੁਦਰਤ ਨੂੰ ਬਹੁਤ ਪਿਆਰ ਕਰਦੇ ਹਨ ਪੰਜਾਬੀ
-
Mohali1 month ago3 ਬੀ 2 ਦੀ ਮਾਰਕੀਟ ਵਿੱਚ ਹੁੱਲੜਬਾਜੀ ਕਰਨ ਦੇ ਦੋਸ਼ ਹੇਠ ਅਕਾਲੀ ਦਲ ਦੇ ਸਾਬਕਾ ਆਗੂ ਮਲਕੀਅਤ ਸਿੰਘ ਖਾਲਸਾ ਸਮੇਤ ਦੋ ਵਿਅਕਤੀ ਗ੍ਰਿਫਤਾਰ
-
Punjab2 months agoਕਿਸਾਨ ਆਗੂ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
-
Punjab1 month agoਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਦੀ ਮੰਗ ਸਬੰਧੀ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਸੰਗਤ ਸ਼ਮੂਲੀਅਤ ਕਰੇ : ਜਥੇਦਾਰ ਗੜਗੱਜ
