Connect with us

Editorial

ਟੀਚਿਆਂ ਦੀ ਪ੍ਰਾਪਤੀ ਲਈ ਆਤਮ-ਵਿਸ਼ਵਾਸ਼ ਮੁੱਢਲੀ ਸ਼ਰਤ

Published

on

 

ਵਿਦਿਆਰਥੀਆਂ ਦੀਆਂ ਖੁਦ ਦੀਆਂ ਯੋਗਤਾਵਾਂ, ਹੁਨਰਾਂ ਅਤੇ ਫੈਸਲਾ ਲੈਣ ਵਿੱਚ ਭਰੋਸਾ ਹੀ ਆਤਮ-ਵਿਸ਼ਵਾਸ ਹੈ। ਇਹ ਉਹਨਾਂ ਨੂੰ ਚੁਣੌਤੀਆਂ ਦਾ ਮੁਕਾਬਲਾ ਕਰਨ, ਸਥਿਤੀ ਮੁਤਾਬਕ ਫੈਸਲਾ ਲੈਣ ਅਤੇ ਉਦੇਸ਼ਾ ਦੀ ਪ੍ਰਾਪਤੀ ਲਈ ਆਪਣੇ-ਆਪ ਵਿੱਚ ਭਰੋਸੇ ਨੂੰ ਪ੍ਰਗਟ ਕਰਦਾ ਹੈ। ਮਨੋਵਿਗਿਆਨ ਦੀ ਭਾਸ਼ਾ ਵਿੱਚ ਇਸ ਨੂੰ ਇੱਕ ਨਜਰੀਏ ਵੱਜੋਂ ਲਿਆ ਜਾਂਦਾ ਹੈ, ਜਿਸ ਵਿੱਚ ਬੱਚੇ ਖੁਦ ਨੂੰ ਸਵੀਕਾਰ ਕਰਦੇ ਹੋਏ, ਆਪਣੇ-ਆਪ ਵਿੱਚ ਭਰੋਸਾ ਜਤਾਉਂਦੇ ਹਨ।

ਆਤਮ-ਵਿਸ਼ਵਾਸ਼ੀ ਖੁਦ ਦੇ ਗੁਣ-ਦੋਸ਼ਾਂ ਦੀ ਪਛਾਣ ਕਰਕੇ ਸਕਾਰਾਤਮਕ ਸਵੈ-ਦ੍ਰਿਸ਼ਟੀਕੋਣ ਬਣਾਉਂਦਾ ਹੈ। ਕਈ ਵਾਰੀ ਆਤਮ ਵਿਸ਼ਵਾਸ ਨੂੰ ਸੰਕੀਰਣ ਭਾਸ਼ਾ ਵਿੱਚ ਹੰਕਾਰੀ ਵਜੋਂ ਲਿਆ ਜਾਂਦਾ ਹੈ ਜੋ ਕਿ ਗਲਤ ਧਾਰਨਾ ਹੈ। ਵਿਸ਼ਾਲ ਅਰਥਾਂ ਵਿੱਚ ਇਹ ਯਥਾਰਥਵਾਦੀ ਭਰੋਸਾ ਹੈ ਜੋ ਵਿਦਿਆਰਥੀ ਨੂੰ ਫੈਸਲਾਕੁੰਨ ਤੇ ਲਚਕੀਲੇ ਢੰਗ ਨਾਲ ਕੰਮ ਕਰਨ ਦੀ ਆਗਿਆ ਦਿੰਦਾ ਹੈ।

ਜੀਵਨ ਵਿੱਚ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਆਤਮ ਵਿਸ਼ਵਾਸ਼ ਜਾਂ ਸਵੈ ਭਰੋਸਾ ਮੁੱਢਲੀ ਸ਼ਰਤ ਹੈ। ਜਿਹੜਾ ਇਨਸਾਨ ਆਪਣੀ ਖੁਦ ਦੀ ਕਾਬਲੀਅਤ ਤੇ ਵਿਸ਼ਵਾਸ਼ ਅਤੇ ਭਰੋਸਾ ਕਰਕੇ ਜੀਵਨ ਵਿੱਚ ਅੱਗੇ ਵੱਧਦਾ ਹੈ, ਸਫਲਤਾ ਉਸਦੇ ਕਦਮ ਚੁੰਮਦੀ ਹੈ। ਇੱਕ ਇਨਸਾਨ ਜਿਸ ਵਿੱਚ ਆਤਮ ਵਿਸ਼ਵਾਸ ਦੀ ਘਾਟ ਹੈ, ਉਹ ਆਪਣੇ ਜੀਵਨ ਦੇ ਟੀਚਿਆਂ ਨੂੰ ਕਦੇ ਵੀ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਉਸ ਵਿੱਚ ਅਨੁਸਾਸਨ, ਮਿਹਨਤ, ਦ੍ਰਿੜ੍ਹ ਇਰਾਦਾ, ਲਗਨ, ਸੁਤੰਤਰ ਫੈਸਲੇ ਲੈਣ ਦੀ ਸਮਰੱਥਾ, ਲੀਡਰਸ਼ਿਪ ਦੇ ਗੁਣ, ਅਗਵਾਈ ਦੀ ਭਾਵਨਾ, ਆਸ਼ਾਵਾਦੀ, ਪਿਆਰ ਆਦਿ ਸਕਾਰਾਤਮਕ ਗੁਣਾਂ ਦੀ ਘਾਟ ਹੁੰਦੀ ਹੈ।

ਆਤਮ ਵਿਸ਼ਵਾਸ਼ੀ ਇਨਸਾਨ ਆਪਣੇ ਆਪ ਨੂੰ ਹਰ ਥਾਂ ਸਫਲਤਾਪੂਰਵਕ ਸਥਾਪਿਤ ਕਰ ਸਕਦਾ ਹੈ, ਉਹ ਦੂਜਿਆਂ ਤੇ ਨਿਰਭਰ ਨਾ ਹੋ ਕੇ ਸਵੈ ਫੈਸਲੇ ਦੇ ਯੋਗ ਹੁੰਦਾ ਹੈ। ਆਤਮ ਵਿਸ਼ਵਾਸ ਨਾਲ ਭਰਿਆ ਇਨਸਾਨ ਹਰੇਕ ਫੈਸਲੇ ਨੂੰ ਤਰਕ ਦੇ ਆਧਾਰ ਤੇ ਕਰਨ ਦੇ ਯੋਗ ਹੁੰਦਾ ਹੈ। ਅਜਿਹੇ ਇਨਸਾਨ ਨੂੰ ਸਿਰਫ ਤਰਕ ਦੇ ਆਧਾਰ ਤੇ ਹੀ ਸੰਤੁਸ਼ਟ ਕੀਤਾ ਜਾ ਸਕਦਾ ਹੈ। ਅੰਗਰੇਜੀ ਦੇ ਪ੍ਰਸਿੱਧ ਕਵੀ ਰੂਡਯਾਰਡ ਕਿਪਲਿੰਗ ਦੀ ਕਵਿਤਾ ਆਈ ਕੀਪ ਸਿਕਸ ਓਨੇਸਟ ਸਰਵਿੰਗ ਮੈਂਨ” ਆਤਮ ਵਿਸ਼ਵਾਸ ਨੂੰ ਵਧਾਉਣ ਵਿੱਚ ਕਾਫੀ ਲਾਹੇਵੰਦ ਹੈ। ਇਸ ਕਵਿਤਾ ਵਿੱਚ ਕਵੀ ਨੇ ਉਹਨਾਂ ਛੇ ਇਮਾਨਦਾਰ ਸੇਵਕਾਂ ਬਾਰੇ ਦੱਸਿਆ ਹੈ ਜੋ ਜੀਵਨ ਵਿੱਚ ਹਰ ਥਾਂ ਉਹਨਾਂ ਦੇ ਸਹਾਈ ਹਨ। ਇਹ ਛੇ ਇਮਾਨਦਾਰ ਸੇਵਕ ਹਨ – ਕੀ, ਕਦੋਂ, ਕਿਵੇਂ ਕਿਓਂ, ਕਿੱਥੇ ਅਤੇ ਕਿਸਨੇ। ਜਿਸ ਵਿਦਿਆਰਥੀ ਨੇ ਆਪਣੇ ਨਾਲ ਇਹ ਛੇ ਸੇਵਕ ਰੱਖ ਲਏ, ਉਹ ਜੀਵਨ ਵਿੱਚ ਆਤਮ ਵਿਸ਼ਵਾਸ ਨਾਲ ਭਰ ਜਾਵੇਗਾ।

ਆਤਮ ਵਿਸ਼ਵਾਸ ਕਿਸੇ ਵੀ ਇਨਸਾਨ ਦੀ ਕਾਬਲੀਅਤ ਨੂੰ ਪਰਿਭਾਸ਼ਿਤ ਕਰਦਾ ਹੈ। ਇਹ ਇਨਸਾਨ ਨੂੰ ਬੇ ਭਰੋਸਗੀ ਦੇ ਵਾਤਾਵਰਨ ਤੋਂ ਬਾਹਰ ਕੱਢ ਕੇ ਲਿਆਉਂਦੀ ਹੈ। ਦੂਜੇ ਸ਼ਬਦਾਂ ਵਿੱਚ ਇਹ ਇਨਸਾਨ ਨੂੰ ਤਰਕਸੀਲ ਬਣਾਉਂਦੇ ਹੋਏ ਅਸਲੀਅਤ ਤੋਂ ਵਾਕਫ ਕਰਵਾਉਂਦਾ ਹੈ। ਇਸ ਨੂੰ ਪਾਠ-ਪੁਸਤਕਾਂ ਦੁਆਰਾ, ਸਵੇਰ ਦੀ ਪ੍ਰਾਰਥਨਾ ਸਮੇਂ ਅਤੇ ਵੱਖ-ਵੱਖ ਸਥਿਤੀਆਂ ਦੌਰਾਨ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ। ਇਹ ਉੱਤਮ ਜੀਵਨ ਬਤੀਤ ਕਰਨ ਦੀ ਪਹਿਲੀ ਪੌੜੀ ਹੈ। ਆਤਮ-ਵਿਸ਼ਵਾਸੀ ਇਨਸਾਨ ਹੀ ਸਹੀ ਅਰਥਾਂ ਵਿੱਚ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇ ਸਕਦਾ ਹੈ।

ਆਤਮ ਵਿਸ਼ਵਾਸ ਇਨਸਾਨ ਨੂੰ ਸਵੈ ਨਿਰਭਰ ਬਣਾਉਣ ਵਿੱਚ ਵੀ ਪੂਰਨ ਤੌਰ ਤੇ ਸਹਾਈ ਹੈ। ਇਹ ਗੁਣ ਇਨਸਾਨ ਨੂੰ ਸਮਾਜ ਵਿੱਚ ਵੱਖਰੀ ਪਛਾਣ ਦਿੰਦਾ ਹੈ। ਪੜ੍ਹਾਈ ਦੇ ਦੌਰਾਨ ਵਿਸ਼ੇਸ ਕਰਕੇ ਪ੍ਰੀਖਿਆਵਾਂ ਸਮੇਂ ਵਿਦਿਆਰਥੀਆਂ ਅੰਦਰ ਪੇਪਰਾਂ ਨੂੰ ਲੈ ਕੇ ਆਤਮ ਵਿਸ਼ਵਾਸ ਦੀ ਘਾਟ ਝਲਕਦੀ ਹੈ। ਇਸ ਦਾ ਕਾਰਨ ਉਹਨਾਂ ਨੂੰ ਆਪਣੀ ਕੀਤੀ ਪੜ੍ਹਾਈ ਤੇ ਵਿਸ਼ਵਾਸ ਨਾ ਹੋਣਾ ਹੈ। ਜੇਕਰ ਤੁਸੀ ਆਪਣੇ ਵਿਸ਼ੇ ਨੂੰ ਚੰਗੀ ਤਰਾਂ ਪੜ੍ਹਿਆ ਅਤੇ ਸਮਝਿਆ ਹੈ ਤਾਂ ਤੁਹਾਨੂੰ ਆਪਣੇ-ਆਪ ਤੇ ਭਰੋਸਾ ਹੋਵੇਗਾ ਨਹੀਂ ਤਾਂ ਆਪਣਾ ਮਨੋਬਲ ਹੇਠਾਂ ਲੈ ਆਓਗੇ। ਨਕਾਰਾਤਮਕਤਾ ਤੁਹਾਨੂੰ ਆਪਣੇ ਘੇਰੇ ਵਿੱਚ ਲੈ ਲਵੇਗੀ। ਇਸੇ ਤਰਾਂ ਜਦੋਂ ਤੁਸੀ ਵੱਖ ਵੱਖ ਤਰਾਂ ਦੀਆਂ ਪ੍ਰਤੀਯੋਗੀ ਮੁਕਾਬਲਿਆਂ ਵਿੱਚ ਭਾਗ ਲੈਂਦੇ ਹੋ ਤਾਂ ਤੁਹਾਡੇ ਅੰਦਰ ਜਿੱਤ ਹਾਰ ਨੂੰ ਲੈ ਕੇ ਬਹੁਤ ਸਾਰੇ ਪ੍ਰਸ਼ਨ ਮਨ ਵਿੱਚ ਆਉਂਦੇ ਹਨ ਪਰ ਜੇਕਰ ਤੁਸੀ ਆਤਮ ਵਿਸ਼ਵਾਸ ਨਾਲ ਭਰਪੂਰ ਹੋ ਤਾਂ ਤੁਹਾਡੀ ਜਿੱਤ ਯਕੀਨੀ ਹੈ।

ਵਿਦਿਆਰਥੀਆਂ ਦਾ ਕੰਮ ਮਿਹਨਤ ਕਰਨਾ ਹੈ, ਨਤੀਜਿਆਂ ਦੀ ਚਿੰਤਾਂ ਕਰਨਾ ਨਹੀਂ। ਜੇਕਰ ਉਹ ਅਨੁਸਾਸ਼ਿਤ ਹੋ ਕੇ ਮਿਹਨਤ ਕਰਦੇ ਹਨ ਤਾਂ ਨਿਸ਼ਚਿਤ ਤੌਰ ਤੇ ਸਫਲਤਾ ਉਹਨਾਂ ਦੇ ਕਦਮ ਚੁੰਮੇਗੀ। ਇਸ ਕਰਕੇ ਅਰਜਨ ਵਾਂਗ ਨਿਸ਼ਾਨਾ ਚਿੜੀ ਦੀ ਅੱਖ ਉੱਤੇ ਰੱਖੋ ਨਾ ਕਿ ਇੱਧਰ ਉਧਰ ਦੀਆਂ ਚੀਜਾਂ ਵੱਲ ਆਪਣਾ ਧਿਆਨ ਲਗਾਕੇ ਸਮਾਂ ਬਰਬਾਦ ਕਰੋ।

ਨਕਾਰਾਤਮਕ ਸੋਚ ਆਤਮ ਵਿਸ਼ਵਾਸ ਨੂੰ ਢਾਹ ਲਾਉਂਦੀ ਹੈ। ਇਤਿਹਾਸ ਵਿੱਚ ਅਜਿਹੀਆਂ ਬਹੁਤ ਉਦਾਹਰਣਾਂ ਮਿਲ ਜਾਣਗੀਆਂ ਜਿੰਨਾਂ ਨੇ ਅਤਮ-ਵਿਸ਼ਵਾਸ ਅਤੇ ਹਿੰਮਤ ਰੱਖਦੇ ਹੋਏ ਆਪਣੇ ਟੀਚੇ ਵੱਲ ਵਧੇ ਅਤੇ ਸਫਲਤਾ ਪ੍ਰਾਪਤ ਕੀਤੀ। ਡਾ. ਏ ਪੀ ਜੇ ਅਬਦੁਲ ਕਲਾਮ ਨੂੰ ਕੌਣ ਭੁੱਲ ਸਕਦਾ ਹੈ, ਜਿੰਨਾਂ ਨੇ ਬਚਪਨ ਤੋਂ ਹੀ ਆਤਮ-ਵਿਸ਼ਵਾਸੀ ਹੁੰਦੇ ਹੋਏ ਮਿਹਨਤ ਕੀਤੀ ਅਤੇ ਸੰਸਾਰ ਪ੍ਰਸਿੱਧ ਸਾਇੰਸਦਾਨ ਅਤੇ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਤੱਕ ਪੁੱਜੇ ਅਤੇ ਭਾਰਤ ਰਤਨ ਬਣੇ।

ਕਾਮਯਾਬ ਇਨਸਾਨ ਵੀ ਕਈ ਵਾਰ ਅਸਫਲਤਾ ਦਾ ਸਵਾਦ ਚੱਖਦਾ ਹੈ। ਇੱਕ ਆਸ਼ਾਵਾਦੀ ਅਤੇ ਨਿਰਾਸ਼ਾਵਾਦੀ ਇਨਸਾਨ ਵਿੱਚ ਇੰਨ੍ਹਾਂ ਹੀ ਫਰਕ ਹੁੰਦਾ ਹੈ ਕਿ ਨਿਰਾਸ਼ਾਵਾਦੀ ਇੱਕ-ਦੋ ਯਤਨ ਕਰਨ ਤੋਂ ਬਾਅਦ ਹਾਰ ਮੰਨ ਕੇ ਬੈਠ ਜਾਂਦਾ ਹੈ ਜਦਕਿ ਆਸ਼ਾਵਾਦੀ ਉਦੋਂ ਤੱਕ ਯਤਨ ਜਾਰੀ ਰੱਖਦਾ ਹੈ ਜਦੋਂ ਤੱਕ ਉਹ ਸਫਲਤਾ ਦੀਆਂ ਪੌੜੀਆਂ ਨਾ ਚੜ੍ਹ ਜਾਵੇ। ਉਹ ਸਫਲਤਾ ਲਈ ਦ੍ਰਿੜ-ਸੰਕਲਪ ਨਾਲ ਅੱਗੇ ਵੱਧਦਾ ਹੈ ਅਤੇ ਨਕਾਰਾਤਮਕ ਸੋਚ ਵਾਲੇ ਲੋਕਾਂ ਤੋਂ ਕੋਹਾਂ ਦੂਰ ਰਹਿੰਦਾ ਹੈ। ਇਨਸਾਨ ਜੀਵਨ ਵਿੱਚ ਕਿਸੇ ਵੀ ਔਕੜ ਨੂੰ ਪਾਰ ਕਰ ਸਕਦਾ ਹੈ ਜੇਕਰ ਉਹ ਸਕਾਰਾਤਮਕ ਸੋਚ ਨਾਲ ਅੱਗੇ ਵਧੇ ਅਤੇ ਹਾਰ ਬਾਰੇ ਰਤਾ ਵੀ ਨਾ ਸੋਚੇ। ਆਤਮ ਵਿਸ਼ਵਾਸ ਇਨਸਾਨ ਦਾ ਅਜਿਹਾ ਗਹਿਣਾ ਹੈ ਜੋ ਉਸ ਦੀ ਸਖਸ਼ੀਅਤ ਨੂੰ ਪੂਰੀ ਤਰਾਂ ਨਿਖਾਰਦਾ ਹੈ। ਇਹ ਅਜਿਹਾ ਗੁਣ ਹੈ ਜਿਸ ਨਾਲ ਇਨਸਾਨ ਜੀਵਨ ਵਿੱਚ ਸਭ ਕੁੱਝ ਪ੍ਰਾਪਤ ਕਰ ਸਕਦਾ ਹੈ, ਜੋ ਉਹ ਚਾਹੁੰਦਾ ਹੈ।

ਰਾਜ ਕੁਮਾਰ ਖੰਨਾ (ਐਮ.ਏ.ਐਮ.ਫਿਲ)

ਹੈਡਮਾਸਟਰ, ਸਰਕਾਰੀ ਹਾਈ ਸਕੂਲ

ਬੁੱਲੇਪੁਰ (ਲੁਧਿਆਣਾ), 9988401976

 

Continue Reading

Editorial

ਦੇਸ਼ ਦੀਆਂ ਅਦਾਲਤਾਂ ਵਿੱਚ ਜੜ੍ਹਾਂ ਮਜਬੂਤ ਕਰਦੇ ਭ੍ਰਿਸ਼ਟਾਚਾਰ ਨੂੰ ਕਾਬੂ ਕੀਤਾ ਜਾਣਾ ਜਰੂਰੀ

Published

on

By

ਸਾਡੇ ਦੇਸ਼ ਵਿੱਚ ਅਦਾਲਤਾਂ ਨੂੰ ਇਨਸਾਫ ਦੇ ਮੰਦਰਾਂ ਦਾ ਦਰਜਾ ਹਾਸਿਲ ਹੈ ਪਰੰਤੂ ਇਸ ਵੇਲੇ ਹਾਲਤ ਕਮੋਬੇਸ਼ ਅਜਿਹੇ ਹੀ ਹਨ ਕਿ ਅਦਾਲਤਾਂ ਵਿੱਚ ਵੀ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਲਗਾਤਾਰ ਪੱਕੀਆਂ ਹੋ ਰਹੀਆਂ ਹਨ ਅਤੇ ਅਦਾਲਤਾਂ ਵਿੱਚ ਕੰਮ ਕਰਨ ਵਾਲੇ ਜਿਆਦਾਤਰ ਅਧਿਕਾਰੀ, ਕਰਮਚਾਰੀ ਸਮੇਤ ਵਕੀਲ ਅਤੇ ਉਹਨਾਂ ਦੇ ਸਹਿਯੋਗੀ ਕਰਮਚਾਰੀ ਭ੍ਰਿਸ਼ਟਾਚਾਰ ਦੀ ਇਸ ਨਦੀ ਵਿੱਚ ਗੋਤੇ ਲਗਾਉਂਦੇ ਦਿਖਦੇ ਹਨ ਜਿਸ ਕਾਰਨ ਆਮ ਜਨਤਾ ਬੁਰੀ ਤਰ੍ਹਾਂ ਤ੍ਰਸਤ ਹੈ। ਲੋਕਾਂ ਦੀ ਸਭਤੋਂ ਵੱਡੀ ਸਮੱਸਿਆ ਇਹ ਹੈ ਕਿ ਜੇਕਰ ਇਨਸਾਫ ਦੇ ਇਹਨਾਂ ਮੰਦਰਾਂ ਵਿੱਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਜਾਵੇ ਤਾਂ ਉਹ ਕਿੱਥੇ ਜਾ ਕੇ ਫਰਿਆਦ ਕਰਨ। ਹਾਲਾਂਕਿ ਅਦਾਲਤਾਂ ਵਿੱਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਤਾਂ ਬਹੁਤ ਪੁਰਾਣੀਆਂ ਹਨ ਪਰੰਤੂ ਹੁਣ ਇਹਨਾਂ ਵਿੱਚ ਵਾਧਾ ਹੋਣ ਕਾਰਨ ਲੋਕ ਇਸਦੀ ਖੁੱਲ੍ਹੇਆਮ ਸ਼ਿਕਾਇਤ ਕਰਨ ਲੱਗ ਗਏ ਹਨ।

ਜੇਕਰ ਅਦਾਲਤਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਜਾਵੇ ਤਾਂ ਇਸਦੀ ਸ਼ੁਰੂਆਤ ਅਰਜੀ ਨਵੀਸਾਂ, ਅਸਟਾਮ ਫਰੋਸਾਂ ਅਤੇ ਟਾਈਪਿਸਟਾਂ ਤੋਂ ਹੁੰਦੀ ਹੈ, ਜਿਹੜਾ ਵਕੀਲਾਂ ਦੇ ਕੈਬਿਨ ਤੋਂ ਹੁੰਦਾ ਹੋਇਆ ਹੌਲੀ ਹੌਲੀ ਜੱਜ ਸਾਹਿਬ ਦੇ ਅਦਾਲਤੀ ਕਮਰੇ ਤਕ ਜਾ ਪਹੁੰਚਦਾ ਹੈ। ਅਰਜੀ ਨਵੀਸ, ਅਸਟਾਮ ਫਰੋਸ ਅਤੇ ਟਾਈਪਿਸਟ ਜਿੱਥੇ ਲੋਕਾਂ ਤੋਂ ਆਮ ਕਾਗਜ ਤਕ ਟਾਈਪ ਕਰਨ ਅਤੇ ਉਸਨੂੰ ਫੋਟੋਸਟੇਟ ਕਰਨ ਦੇ ਮੂੰਹ ਮੰਗੇ ਪੈਸੇ ਵਸੂਲਦੇ ਹਨ ਉੱਥੇ ਮਹਿੰਗੇ ਰੇਟ ਤੇ ਅਸ਼ਟਾਮ ਵੇਚੇ ਜਾਣ ਦੀਆਂ ਖਬਰਾਂ ਵੀ ਆਮ ਹਨ। ਇਸੇ ਤਰ੍ਹਾਂ ਜਿਆਦਾਤਾਰ ਵਕੀਲਾਂ ਦੇ ਮੁਨਸ਼ੀ, ਚਪੜਾਸੀ, ਟੇ੍ਰਨਿੰਗ ਕਰ ਰਹੇ ਛੋਟੇ ਵਕੀਲ ਵੀ ਹਰ ਵਾਰ ਮੁਕਦਮੇ ਦੀ ਪੇਸ਼ੀ ਭੁਗਤਣ ਆਏ ਵਿਅਕਤੀ ਤੋਂ ਆਪਣਾ ਚਾਹ ਪਾਣੀ ਵੱਖਰਾ ਵਸੂਲਦੇ ਹਨ। ਇਹਨਾਂ ਸਾਰੇ ਪੜਾਵਾਂ ਨੂੰ ਪਾਰ ਕਰਨ ਤੋਂ ਬਾਅਦ ਜਦੋਂ ਮੁਕਦਮਾ ਲੜ ਰਿਹਾ ਵਿਅਕਤੀ ਅਦਾਲਤ ਦੇ ਕਮਰੇ ਤਕ ਪਹੁੰਚਦਾ ਹੈ ਤਾਂ ਉੱਥੇ ਪੇਸ਼ੀ ਲਈ ‘ਹਾਜਰ ਹੋ’ ਦੀਆਂ ਆਵਾਜਾਂ ਮਾਰਨ ਵਾਲਾ ਵਿਅਕਤੀ ਹੋਵੇ ਜਾਂ ਅਦਾਲਤ ਵਿੱਚ ਜੱਜ ਸਾਹਿਬ ਦੇ ਕਮਰੇ ਵਿੱਚ ਬੈਠੇ ਜਿਆਦਾਤਰ ਕਰਮਚਾਰੀ (ਟਾਈਪਿਸਟ, ਨਾਇਬ ਕੋਰਟ ਅਤੇ ਹੋਰ ਮੁਲਾਜਮ), ਮੌਕਾ ਮਿਲਣ ਤੇ ਪੇਸ਼ੀ ਭੁਗਤਣ ਆਏ ਲੋਕਾਂ ਤੋਂ ਕੁਝ ਨਾ ਕੁਝ ਝਾੜ ਲੈਂਦੇ ਹਨ।

ਇਸ ਦੌਰਾਨ ਅਦਾਲਤ ਦੇ ਹੀ ਕਿਸੇ ਕਰਮਚਾਰੀ ਵਲੋਂ ਜੱਜ ਸਾਹਿਬ ਦੇ ਨਾਮ ਤੇ ਮੁਕਦਮਾ ਲੜ ਰਹੇ ਵਿਅਕਤੀਆਂ ਨੂੰ ਫੈਸਲਾ ਉਹਨਾਂ ਦੇ ਪੱਖ ਵਿੱਚ ਕਰਵਾਉਣ ਦੇ ਨਾਮ ਹੇਠ ਮੋਟੀ ਰਕਮ ਲੈਣ ਦੇ ਮਾਮਲੇ ਵੀ ਅਕਸਰ ਸਾਮ੍ਹਣੇ ਆਉਂਦੇ ਹਨ। ਸਿਰਫ ਸਰਕਾਰੀ ਕਰਮਚਾਰੀ ਹੀ ਨਹੀਂ ਬਲਕਿ ਮੁਕਦਮਾ ਲੜ ਰਹੇ ਵਕੀਲਾਂ ਤੇ ਵੀ ਜੱਜ ਨਾਲ ਸਿੱਧੀ ਗੱਲ ਹੋਣ ਅਤੇ ਮੁਕਦਮੇ ਦਾ ਫੈਸਲਾ ਆਪਣੇ ਪੱਖ ਵਿੱਚ ਕਰਵਾਉਣ ਦਾ ਦਾਅਵਾ ਕਰਨ ਦੇ ਇਲਜਾਮ ਲੱਗਦੇ ਹਨ, ਜਿਹੜੇ ਆਪਣੇ ਮੁਵੱਕਿਲ ਤੋਂ ਮੋਟੀ ਫੀਸ ਤਾਂ ਵਸੂਲਦੇ ਹੀ ਹਨ, ਜੱਜ ਨੂੰ ਦੇਣ ਦੇ ਨਾਮ ਤੇ ਵੀ ਮੋਟੀ ਰਕਮ ਲੈਂਦੇ ਹਨ। ਗਨੀਮਤ ਇਹ ਹੈ ਕਿ ਹੁਣ ਵੀ ਸਾਡੀਆਂ ਅਦਾਲਤਾਂ ਦੇ ਮਾਣਯੋਗ ਜੱਜ ਆਮ ਤੌਰ ਤੇ ਇਮਾਨਦਾਰ ਹਨ। ਹਾਲਾਂਕਿ ਸਮੇਂ ਸਮੇਂ ਤੇ ਜੱਜਾਂ ਉਪਰ ਵੀ ਰਿਸ਼ਵਤ ਲੈਣ ਦੇ ਦੋਸ਼ ਲੱਗਦੇ ਹਨ ਪਰੰਤੂ ਫਿਰ ਵੀ ਕਿਹਾ ਜਾ ਸਕਦਾ ਹੈ ਕਿ ਇੱਕਾ ਦੁੱਕਾ ਮਾਮਲਿਆਂ ਨੂੰ ਛੱਡ ਕੇ ਸਾਡੇ ਦੇਸ਼ ਦੀਆਂ ਅਦਾਲਤਾਂ ਦੇ ਵੱਡੀ ਗਿਣਤੀ ਜੱਜ ਇਮਾਨਦਾਰ ਹਨ।

ਦੇਸ਼ ਦੀਆਂ ਅਦਾਲਤਾਂ ਵਿੱਚ ਆਪਣੀਆਂ ਜੜ੍ਹਾਂ ਮਜਬੂਤ ਕਰ ਰਹੇ ਭ੍ਰਿਸ਼ਟਾਚਾਰ ਕਾਰਨ ਲੋਕਾਂ ਦਾ ਦੇਸ਼ ਦੀ ਨਿਆਂ ਵਿਵਸਥਾ ਤੋਂ ਭਰੋਸਾ ਉਠਦਾ ਹੈ ਅਤੇ ਇਹ ਵੀ ਇੱਕ ਕਾਰਨ ਹੈ ਕਿ ਲੋਕ ਕਿਸੇ ਮੁਕੱਦਮੇਬਾਜੀ ਵਿੱਚ ਉਲਝਣ ਦੀ ਥਾਂ ਵਿਰੋਧੀਆਂ ਨਾਲ ਸਮਝੌਤਾ ਕਰਨ ਦਾ ਰਾਹ ਅਪਣਾਉਂਦੇ ਹਨ ਤਾਂ ਜੋ ਅਦਾਲਤਾਂ ਦੀ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ। ਕੁੱਝ ਠੱਗ ਕਿਸਮ ਦੇ ਲੋਕ ਆਮ ਲੋਕਾਂ ਦੇ ਇਸ ਡਰ ਦਾ ਪੂਰਾ ਫਾਇਦਾ ਚੁੱਕਦੇ ਹਨ ਅਤੇ ਕਈ ਵਾਰ ਅਜਿਹਾ ਵੀ ਵੇਖਣ ਵਿੱਚ ਆਉਂਦਾ ਹੈ ਕਿ ਅਜਿਹੇ ਲੋਕ ਕਿਸੇ ਨਾ ਕਿਸੇ ਸ਼ਰੀਫ ਵਿਅਕਤੀ ਨੂੰ ਮੁਕਦਮੇਬਾਜੀ ਵਿੱਚ ਉਲਝਾ ਲੈਂਦੇ ਹਨ ਅਤੇ ਫਿਰ ਉਸ ਵਿਅਕਤੀ ਵਲੋਂ ਅਦਾਲਤ ਵਿੱਚ ਹੋਣ ਵਾਲੀ ਖੱਜਲ ਖੁਆਰੀ ਤੋਂ ਬਚਣ ਲਈ ਮੁਕਦਮਾ ਭੁਗਤਣ ਦੀ ਥਾਂ, ਕੁਝ ਲੈ ਦੇ ਕੇ ਸਮਝੌਤਾ ਕਰਨ ਦਾ ਰਾਹ ਅਖਤਿਆਰ ਕਰਦਾ ਹੈ।

ਦੇਸ਼ ਦੀਆਂ ਅਦਾਲਤਾਂ ਵਿੱਚ ਲਗਾਤਾਰ ਵੱਧਦੇ ਭ੍ਰਿਸ਼ਟਾਚਾਰ ਦੇ ਇਸ ਕੋਹੜ ਤੇ ਕਾਬੂ ਕਰਨ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਇਸ ਵਿੱਚ ਸ਼ਾਮਿਲ ਲੋਕਾਂ ਦੇ ਖਿਲਾਫ ਸਖਤ ਕਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਸੰਬੰਧੀ ਅਦਾਲਤਾਂ ਵਿੱਚ ਤੈਨਾਤ ਮਾਣਯੋਗ ਜੱਜਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੋਲ ਆਉਣ ਵਾਲੇ ਮੁਕੱਦਮਿਆਂ ਦੀ ਸੁਣਵਾਈ ਦੇ ਨਾਲ ਨਾਲ ਆਪਣੇ ਦਫਤਰੀ ਅਮਲੇ ਫੈਲੇ ਵਲੋਂ ਕੀਤੇ ਜਾਂਦੇ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਸਖਤ ਕਦਮ ਚੁੱਕਣ ਅਤੇ ਅਜਿਹੇ ਕਰਮਚਾਰੀਆਂ ਨੂੰ ਬਰਖਾਸਤ ਕੀਤਾ ਜਾਵੇ, ਜਿਹੜੇ ਰਿਸ਼ਵਤ ਦੇ ਨਾਮ ਤੇ ਇਨਸਾਫ ਦੀ ਆਸ ਵਿੱਚ ਅਦਾਲਤ ਵਿੱਚ ਪਹੁੰਚਣ ਵਾਲੇ ਮਜਲੂਮਾਂ ਦੀ ਹੀ ਲੁੱਟ ਕਰਦੇ ਹਨ। ਸਾਡੀ ਨਿਆਂ ਵਿਵਸਥਾ ਵਿੱਚ ਆਮ ਲੋਕਾਂ ਦਾ ਭਰੋਸਾ ਕਾਇਮ ਰੱਖਣ ਲਈ ਅਜਿਹਾ ਕੀਤਾ ਜਾਣਾ ਜਰੂਰੀ ਹੈ ਅਤੇ ਇਸ ਲਈ ਤੁਰੰਤ ਕਾਰਵਾਈ ਜਰੂਰੀ ਹੈ ਅਤੇ ਇਸ ਸੰਬੰਧੀ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ।

Continue Reading

Editorial

ਪੰਜਾਬ ਬੰਦ ਦਾ ਸੱਦਾ ਦੇਣ ਲਈ ਕਿਉਂ ਮਜਬੂਰ ਹੁੰਦੀਆਂ ਹਨ ਸੰਘਰਸ਼ਸ਼ੀਲ ਜਥੇਬੰਦੀਆਂ

Published

on

By

ਪਿਛਲੇ ਦਿਨੀਂ ਪੰਜਾਬ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਪੰਜਾਬ ਬੰਦ ਰਿਹਾ। ਇਸ ਬੰਦ ਦਾ ਸੱਦਾ ਪਰਵਿੰਦਰ ਸਿੰਘ ਦੇ ਪਰਿਵਾਰ ਅਤੇ ਵੱਖ- ਵੱਖ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ। ਇਸ ਦੌਰਾਨ ਕਈ ਥਾਵਾਂ ਤੇ ਧਰਨਾਕਾਰੀਆਂ ਵੱਲੋਂ ਮੁੱਖ ਸੜਕਾਂ ਤੇ ਧਰਨੇ ਲਗਾ ਕੇ ਕਈ ਘੰਟੇ ਆਵਾਜਾਈ ਵੀ ਠੱਪ ਕੀਤੀ ਗਈ, ਜਿਸ ਕਾਰਨ ਜਿੱਥੇ ਆਮ ਲੋਕ ਖੱਜਲ ਖੁਆਰ ਹੋਏ, ਉਥੇ ਅਨੇਕਾਂ ਥਾਵਾਂ ਤੇ ਆਵਾਜਾਈ ਠੱਪ ਕਰਨ ਵਾਲਿਆਂ ਅਤੇ ਰਾਹਗੀਰਾਂ, ਵਾਹਨ ਚਾਲਕਾਂ ਵਿਚਾਲੇ ਬਹਿਸ ਵੀ ਹੋਈ।

ਇਸ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਬੰਦ ਦਾ ਅਸਰ ਘੱਟ ਰਿਹਾ। ਪਟਿਆਲਾ ਜ਼ਿਲ੍ਹੇ ਦੀ ਵਪਾਰ ਜਥੇਬੰਦੀ ਦੇ ਪ੍ਰਧਾਨ ਨੇ ਸੋਸ਼ਲ ਮੀਡੀਆ ਅਤੇ ਟੀ. ਵੀ. ਚੈਨਲਾਂ ਤੇ ਲਾਈਵ ਹੋ ਕੇ ਕਿਹਾ ਸੀ ਕਿ ਉਹ ਪੰਜਾਬ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਨਿਖੇਧੀ ਕਰਦੇ ਹਨ ਅਤੇ ਪੀੜਤ ਪਰਿਵਾਰ ਦਾ ਦੁੱਖ ਸਮਝਦੇ ਹਨ ਪਰ ਪਟਿਆਲਾ ਜ਼ਿਲ੍ਹੇ ਦੇ ਵਪਾਰੀ ਅਤੇ ਦੁਕਾਨਦਾਰ ਦੁਕਾਨਾਂ ਬੰਦ ਨਹੀਂ ਕਰਨਗੇ ਕਿਉਂਕਿ ਇਸ ਵੇਲੇ ਤਿਉਹਾਰੀ ਸੀਜਨ ਚੱਲ ਰਿਹਾ ਹੈ ਅਤੇ ਦੁਕਾਨਦਾਰਾਂ ਨੇ ਆਪਣੀ ਰੋਜ਼ੀ ਰੋਟੀ ਦੁਕਾਨਾਂ ਖੋਲ੍ਹ ਕੇ ਹੀ ਕਮਾਉਣੀ ਹੁੰਦੀ ਹੈ।

ਬੰਦ ਦੌਰਾਨ ਕਈ ਥਾਵਾਂ ਨੇ ਸੰਘਰਸ਼ ਸ਼ੀਲ ਜਥੇਬੰਦੀਆਂ ਵੱਲੋਂ ਜਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ, ਜਿਸ ਕਾਰਨ ਮਾਹੌਲ ਤਨਾਓ ਪੂਰਨ ਰਿਹਾ। ਵੱਡੀ ਗਿਣਤੀ ਲੋਕਾਂ ਨੇ ਡਰ ਅਤੇ ਸਹਿਮ ਕਾਰਨ ਆਪਣੀਆਂ ਦੁਕਾਨਾਂ ਬੰਦ ਰਖੀਆਂ ਤਾਂ ਕਿ ਸ਼ਰਾਰਤੀ ਅਨਸਰ ਉਹਨਾਂ ਨਾਲ ਕੋਈ ਅਣਸੁਖਾਂਵੀ ਘਟਨਾ ਨੂੰ ਅੰਜਾਮ ਨਾ ਦੇਣ।

ਕਿਸੇ ਜਥੇਬੰਦੀ ਜਾਂ ਜਥੇਬੰਦੀਆਂ ਵੱਲੋਂ ‘ਪੰਜਾਬ ਬੰਦ’ ਦਾ ਦਿੱਤਾ ਗਿਆ ਇਹ ਸੱਦਾ ਪਹਿਲੀ ਵਾਰ ਨਹੀਂ ਸੀ ਬਲਕਿ ਇਸ ਤੋਂ ਪਹਿਲਾਂ ਵੀ ਵੱਖ- ਵੱਖ ਜਥੇਬੰਦੀਆਂ ‘ਪੰਜਾਬ ਬੰਦ’ ਦਾ ਸੱਦਾ ਦੇ ਚੁੱਕੀਆਂ ਹਨ ਅਤੇ ਉਹਨਾਂ ਦੇ ਬੰਦ ਦੇ ਸੱਦੇ ਨੂੰ ਹੁੰਗਾਰਾ ਵੀ ਮਿਲਦਾ ਰਿਹਾ ਹੈ। ਪਿਛਲੇ ਮਹੀਨੇ ਕੌਮੀ ਇਨਸਾਫ਼ ਮੋਰਚੇ ਵੱਲੋਂ 15 ਅਗਸਤ ਨੂੰ ਚੰਡੀਗੜ੍ਹ ਵੱਲ ਕੂਚ ਕਰ ਰਹੀ ਸੰਗਤ ਤੇ ਅਥਰੂ ਗੈਸ ਦੇ ਗੋਲੇ ਵਰ੍ਹਾਉਣ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਖ਼ਿਲਾਫ਼ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਇਨਸਾਫ਼ ਮੋਰਚੇ ਦੇ ਆਗੂਆਂ ਵੱਲੋਂ ਵੱਖ- ਵੱਖ ਥਾਵਾਂ ਤੇ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਆਵਾਜਾਈ, ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਕਰਵਾਉਣ ਦਾ ਯਤਨ ਕੀਤਾ ਗਿਆ। ਇਸ ਤੋਂ ਵੀ ਕੁਝ ਦਿਨ ਪਹਿਲਾਂ ਦਲਿਤ ਜਥੇਬੰਦੀਆਂ ਵੱਲੋਂ ਵੀ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨ ਜਥੇਬੰਦੀਆਂ ਵੀ ਪਿਛਲੇ ਸਮੇਂ ਦੌਰਾਨ ‘ਪੰਜਾਬ ਬੰਦ’ ਕਰ ਚੁੱਕੀਆਂ ਹਨ। ਜਿਸ ਕਰਕੇ ਇਹ ਮਹਿਸੂਸ ਹੋ ਰਿਹਾ ਹੈ ਕਿ ਸੂਬੇ ਵਿੱਚ ‘ਪੰਜਾਬ ਬੰਦ’ ਦੀ ਰਾਜਨੀਤੀ ਇੱਕ ਵਾਰ ਮੁੜ ਸ਼ੁਰੂ ਹੋ ਗਈ ਹੈ।

ਪੰਜਾਬੀਆਂ ਨੂੰ ਉਹ ਲੰਘਿਆ ਸਮਾਂ ਅਜੇ ਵੀ ਚੰਗੀ ਤਰ੍ਹਾਂ ਯਾਦ ਹੈ, ਜਦੋਂ ਸੂਬੇ ਵਿੱਚ ਹਰ ਤੀਜੇ ਦਿਨ ‘ਪੰਜਾਬ ਬੰਦ’ ਦਾ ਸੱਦਾ ਦੇ ਦਿੱਤਾ ਜਾਂਦਾ ਸੀ। ਉਸ ਸਮੇਂ ਪੰਜਾਬ ਦਾ ਮਾਹੌਲ ਠੀਕ ਨਹੀਂ ਸੀ ਅਤੇ ਡਰਦੇ ਹੋਏ ਲੋਕ ਕੁਝ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਦਿੱਤੇ ਜਾਂਦੇ ‘ਪੰਜਾਬ ਬੰਦ’ ਦੇ ਸੱਦੇ ਦੌਰਾਨ ਆਪਣੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰੱਖਦੇ ਸਨ। ਇਸ ਦੇ ਨਾਲ ਹੀ ਵਿਦਿਅਕ ਅਦਾਰੇ ਵੀ ਅਕਸਰ ਬੰਦ ਰਹਿੰਦੇ ਸਨ। ਉਸ ਸਮੇਂ ਅਕਸਰ ਰੇਲ ਅਤੇ ਬੱਸ ਆਵਾਜਾਈ ਵੀ ਠੱਪ ਕਰ ਦਿੱਤੀ ਜਾਂਦੀ ਸੀ। ਪੰਜਾਬ ਵਿੱਚ ਅਮਨ-ਸ਼ਾਂਤੀ ਪਰਤ ਆਉਣ ਤੋਂ ਬਾਅਦ ਇਹ ‘ਬੰਦ ਦੀ ਰਾਜਨੀਤੀ’ ਵੀ ਇੱਕ ਤਰ੍ਹਾਂ ਸਮਾਪਤ ਹੋ ਗਈ ਸੀ।

ਪਰੰਤੂ ਹੁਣ ਪੰਜਾਬ ਵਿੱਚ ਮੁੜ ‘ਬੰਦ’ ਦੀ ਰਾਜਨੀਤੀ ਦੀ ਸ਼ੁਰੂੁਆਤ ਹੋ ਚੁੱਕੀ ਹੈ। ਇਸ ਤਰੀਕੇ ਦੀ ਸਿਆਸਤ ਦੀ ਸ਼ੁਰੂਆਤ ਭਾਵੇਂ ਸਿਆਸੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾਂਦੀ ਮੰਨੀ ਜਾਂਦੀ ਹੈ ਪਰ ਕਿਸਾਨ ਜਥੇਬੰਦੀਆਂ ਜਦੋਂ ਵੀ ਕਿਸੇ ਥਾਂ ਧਰਨਾ ਲਗਾਉਂਦੀਆਂ ਹਨ ਤਾਂ ਪੂਰੇ ਅਨੁਸ਼ਾਸਨ ਵਿੱਚ ਰਹਿੰਦੀਆਂ ਹਨ ਅਤੇ ਉਥੇ ਇਹਨਾਂ ਜਥੇਬੰਦੀਆਂ ਵੱਲੋਂ ‘ਲੰਗਰ’ ਵੀ ਲਗਾਏ ਜਾਂਦੇ ਹਨ। ਇਹਨਾਂ ‘ਲੰਗਰਾਂ’ ਵਿੱਚ ਕੋਈ ਵੀ ਵਿਅਕਤੀ ਬਿਨਾਂ ਕਿਸੇ ਭੇਦਭਾਵ ਦੇ ਖਾਣਾ ਖਾ ਸਕਦਾ ਹੈ। ਕੁਝ ਕਿਸਾਨ ਆਗੂ ਕਹਿੰਦੇ ਹਨ ਕਿ ਉਹਨਾਂ ਦੀ ਲੜਾਈ ਸਰਕਾਰਾਂ ਨਾਲ ਹੈ ਅਤੇ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਸਮਝਦੇ ਹਨ।

ਪੰਜਾਬ ਵਿੱਚ ਵੱਡੀ ਗਿਣਤੀ ਲੋਕ ਅਜਿਹੇ ਹਨ, ਜੋਕਿ ਹਰ ਦਿਨ ਦਿਹਾੜੀ ਲਗਾਉਂਦੇ ਹਨ ਜਾਂ ਰੇਹੜੀਆਂ ਫੜੀਆਂ ਲਗਾਉਂਦੇ ਹਨ। ਇਸ ਤੋਂ ਇਲਾਵਾ ਦੁਕਾਨਦਾਰਾਂ ਨੇ ਵੀ ਹਰ ਦਿਨ ਕਮਾਈ ਕਰਨੀ ਹੁੰਦੀ ਹੈ, ਕਿਉਂਕਿ ਹਰ ਦੁਕਾਨ ਦਾ ਹਰ ਦਿਨ ਖਰਚਾ ਪੈਂਦਾ ਰਹਿੰਦਾ ਹੈ। ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜਮ ਵੀ ਇੱਕ ਤਰ੍ਹਾਂ ਦਿਹਾੜੀਦਾਰਾਂ ਵਰਗੇ ਹੁੰਦੇ ਹਨ। ਜਦੋਂ ਵੀ ਕਿਸੇ ਥਾਂ ਆਵਾਜਾਈ ਠੱਪ ਹੁੰਦੀ ਹੈ ਜਾਂ ‘ਬੰਦ’ ਹੁੰਦਾ ਹੈ ਤਾਂ ਅਕਸਰ ਆਮ ਲੋਕਾਂ ਦੇ ਕੰਮ ਕਾਰ ਬੰਦ ਹੋ ਜਾਂਦੇ ਹਨ ਅਤੇ ਪ੍ਰਾਈਵੇਟ ਮੁਲਾਜਮ ਆਪਣੇ ਦਫਤਰਾਂ ਵਿੱਚ ਸਮੇਂ ਸਿਰ ਨਹੀਂ ਪਹੁੰਚ ਸਕਦੇ। ਜਿਸ ਕਾਰਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕੋਈ ਵੀ ਸਿਆਸੀ ਪਾਰਟੀ ਬੰਦੀ ਸਿੰਘਾਂ, ਕਿਸਾਨਾਂ ਦੇ ਮਸਲਿਆਂ, ਪਾਣੀਆਂ ਦਾ ਮਸਲਾ, ਨਸ਼ੇ ਦੇ ਕਹਿਰ ਅਤੇ ਪੰਜਾਬੀਆਂ ਦੀਆਂ ਹੋਰ ਮੁੱਖ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਇਹੋ ਕਾਰਨ ਹੈ ਕਿ ਇਹਨਾਂ ਮੰਗਾਂ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ‘ਪੰਜਾਬ ਬੰਦ’ ਵਰਗੇ ਸੱਦੇ ਦੇਣ ਲਈ ਮਜ਼ਬੂਰ ਹੁੰਦੀਆਂ ਹਨ। ‘ਪੰਜਾਬ ਬੰਦ’ ਦੇ ਸੱਦੇ ਦੇਣ ਤੋਂ ਪਹਿਲਾਂ ਜਥੇਬੰਦੀਆਂ ਨੂੰ ਇਸ ਬੰਦ ਕਾਰਨ ਆਮ ਲੋਕਾਂ ਦੇ ਹੁੰਦੇ ਆਰਥਿਕ, ਸਮਾਜਿਕ ਤੇ ਮਾਨਸਿਕ ਨੁਕਸਾਨ ਬਾਰੇ ਸੋਚਣਾ ਚਾਹੀਦਾ ਹੈ।

ਬਿਊਰੋ

Continue Reading

Editorial

ਕੱਤਕ ਮਹੀਨੇ ਆਵਣ ਕੂੰਜਾਂ

Published

on

By

ਘਰਾਂ ਨੂੰ ਪਰਤਣ ਦਾ ਮਹੀਨਾ ਕੱਤਕ

ਕੱਤਕ ਮਹੀਨੇ ਨੂੰ ਕੱਤਾ ਅਤੇ ਕੱਤੇ ਵੀ ਕਹਿ ਲਿਆ ਜਾਂਦਾ ਹੈ। ਕੱਤਕ ਮਹੀਨੇ ਨੂੰ ਹਿੰਦੀ ਅਤੇ ਹੋਰਨਾਂ ਭਾਸ਼ਾਵਾਂ ਵਿਚ ‘ਕਾਰਤਿਕ ‘ ਵੀ ਕਿਹਾ ਜਾਂਦਾ ਹੈ। ਕੱਤਕ ਮਹੀਨੇ ਨੂੰ ਇੰਗਲਿਸ਼ ਵਿਚ ‘ਪਲੀਅਡੀਜ’ ਕਹਿੰਦੇ ਹਨ, ਇਸੇ ਤਰਾਂ ਫਾਰਸੀ ਵਿਚ ਕੱਤਕ ਮਹੀਨੇ ਨੂੰ ‘ਪਰਵੀਨ’ ਅਤੇ ਅਰਬੀ ਭਾਸ਼ਾ ਵਿੱਚ ‘ਸੋਰਯਾ’ ਕਹਿੰਦੇ ਹਨ।

ਜਦੋਂ ਪੰਜਾਬ ਦੇ ਹਰ ਇਲਾਕੇ ਵਿੱਚ ਭਰ ਜਵਾਨ ਹੋਇਆ ਝੋਨਾ, ਮਾਲਵਾ ਇਲਾਕੇ ਵਿੱਚ ਕਪਾਹ ਅਤੇ ਨਰਮੇ ਨੂੰ ਖਿੜੇ ਚਿੱਟੇ ਚਿੱਟੇ ਫੁੱਲ ਅਤੇ ਇਹਨਾਂ ਚਿੱਟੇ ਦੁੱਧ ਵਰਗੇ ਫੁੱਲਾਂ ਤੇ ਪਈ ਤਰੇਲ ਦੀਆਂ ਬੂੰਦਾਂ, ਕਪਾਹ ਅਤੇ ਨਰਮਾ ਚੁਗਦੀਆਂ ਹੋਈਆਂ ਪੰਜਾਬ ਦੀਆਂ ਮੁਟਿਆਰਾਂ, ਗਵਾਰ ਅਤੇ ਮੂੰਗੀ ਦੀਆਂ ਫਸਲਾਂ ਭਰ ਜੋਬਨ ਤੇ ਆ ਕੇ ਪੈਲਾਂ ਪਾਉਣ ਲੱਗ ਪੈਣ ਤਾਂ ਹਰ ਆਮ ਤੇ ਖਾਸ ਨੂੰ ਪਤਾ ਚਲ ਜਾਂਦਾ ਹੈ ਕਿ ਕੱਤਕ ਮਹੀਨੇ ਨੇ ਦਸਤਕ ਦੇ ਦਿੱਤੀ ਹੈ।

ਕੱਤਕ ਮਹੀਨੇ ਕੂੰਜਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਰ ਪਰਵਾਸੀ ਪੰਛੀਆਂ ਦੇ ਆਉਣ ਦੇ ਨਾਲ ਹੀ ਉਹਨਾਂ ਵਿਆਹੁਤਾ ਮੁਟਿਆਰਾਂ ਨੂੰ ਆਪਣੇ ਕੰਤ ਦੇ ਆਉਣ ਦੀ ਉਡੀਕ ਵੀ ਸ਼ੁਰੂ ਹੋ ਜਾਂਦੀ ਹੈ, ਜਿਹਨਾਂ ਦੇ ਕੰਤ ਰੋਜ਼ੀ ਰੋਟੀ ਦੇ ਜੁਗਾੜ ਲਈ ਸੱਤ ਸਮੁੰਦਰ ਪਾਰ ਪਰਦੇਸ਼ ਉਡਾਰੀ ਮਾਰ ਗਏ ਹੁੰਦੇ ਹਨ। ਅਕਸਰ ਹੀ ਵੱਡੀ ਗਿਣਤੀ ਪਰਵਾਸੀ ਪੰਜਾਬੀ ਦਿਵਾਲੀ ਮੌਕੇ ਆਪਣੇ ਵਤਨ ਪੰਜਾਬ ਗੇੜਾ ਮਾਰਦੇ ਹਨ। ਬਿਰਹੋਂ ਦੀ ਅਗਨੀ ਵਿੱਚ ਤੜਫਦੀਆਂ ਜੋਬਨਵੰਤੀਆਂ ਮੁਟਿਆਰਾਂ ਦੇ ਕੰਤ ਜਦੋਂ ਕੱਤਕ ਮਹੀਨੇ ਉਹਨਾਂ ਦੇ ਕੋਲ ਆ ਜਾਂਦੇ ਹਨ ਤਾਂ ਉਹਨਾਂ ਦੀ ਜਿੰਦਗੀ ਵਿੱਚ ਲੱਖਾਂ ਬਲਬਾਂ ਤੇੇ ਕਰੋੜਾਂ ਟਿਊਬ ਲਾਈਟਾਂ ਦੀ ਰੌਸ਼ਨੀ ਹੋ ਜਾਂਦੀ ਹੈ।

ਕੱਤਕ ਮਹੀਨੇ ਮਾਲਵਾ ਇਲਾਕੇ ਦੇ ਅਬੋਹਰ ਅਤੇ ਹੋਰ ਇਲਾਕਿਆਂ ਵਿੱਚ ਮੌਸਮੀ (ਮੁਸੰਮੀ) ਦੇ ਪੌਦਿਆਂ ਨੂੰ ਭਰਪੂਰ ਫਲ ਲੱਗਿਆ ਹੁੰਦਾ ਹੈ, ਇਸ ਦੇ ਨਾਲ ਕਿੰਨੂੰ ਦੇ ਪੌਦਿਆਂ ਨੂੰ ਕੱਤਕ ਮਹੀਨੇ ਫਲ ਪੈਣਾ ਸ਼ੁਰੂ ਹੋ ਜਾਂਦਾ ਹੈ, ਜੋ ਕਿ ਅਗਲੇ ਮਹੀਨਿਆਂ ਦੌਰਾਨ ਵੱਡਾ ਹੁੰਦਾ ਜਾਂਦਾ ਹੈ। ਕੱਤਕ ਮਹੀਨੇ ਗੰਨੇ ਦੀ ਫਸਲ ਵੀ ਪੈਲਾਂ ਪਾਉਂਦੀ ਆਪਣੀ ਜਵਾਨੀ ਦਾ ਜਲਵਾ ਦਿਖਾਉਂਦੀ ਪ੍ਰਤੀਤ ਹੁੰਦੀ ਹੈ। ਅੱਧੇ ਕੱਤੇ ਤੋਂ ਭਾਵ ਕੱਤਕ ਮਹੀਨੇ ਦੇ ਅੱਧ ਵਿਚਕਾਰ ਜਾ ਕੇ ਪੰਜਾਬ ਦੇ ਖੇਤਾਂ ਵਿੱਚ ਹਾੜੀ ਦੀ ਫਸਲ ਕਣਕ ਅਤੇ ਸਰ੍ਹੋਂ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ।

ਕੁਝ ਸਾਲ ਪਹਿਲਾਂ ਤੱਕ ਪੰਜਾਬ ਵਿੱਚ ਗੰਨਾ ਬਹੁਤ ਵੱਡੇ ਪੱਧਰ ਉਪਰ ਬੀਜਿਆ ਜਾਂਦਾ ਸੀ ਪਰ ਹੁਣ ਗੰਨੇ ਦੀ ਫਸਲ ਹੇਠ ਰਕਬਾ ਬਹੁਤ ਹੀ ਘੱਟ ਗਿਆ ਹੈ। ਗੰਨੇ ਦੀ ਫਸਲ ਨੂੰ ਕਮਾਦ ਵੀ ਕਿਹਾ ਜਾਂਦਾ ਹੈ। ਗੰਨੇ ਤੋਂ ਹੀ ਗੁੜ ਅਤੇ ਸ਼ੱਕਰ ਬਣਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਕੱਤਕ ਮਹੀਨੇ ਵਿੱਚ ਅਨੇਕਾਂ ਹੀ ਥਾਂਵਾਂ ਉਪਰ ਗੁੜ ਤੇ ਸ਼ੱਕਰ ਬਣਾਉਣ ਵਾਲੇ ਵੇਲਣੇ ਅਤੇ ਘੁਲਾੜੀਆਂ ਨਜ਼ਰ ਆਉਂਦੇ ਹਨ। ਮਿਥਿਹਾਸ ਅਨੁਸਾਰ ਗੰਨੇ ਦੀ ਉਤਪਤੀ ਭਾਰਤ ਵਿੱਚ ਹੀ ਹੋਈ ਅਤੇ ਇਥੋਂ ਹੀ ਗੰਨਾ ਸਾਰੀ ਦੁਨੀਆ ਵਿੱਚ ਪਹੁੰਚਿਆ। ਇਹ ਵੀ ਕਿਹਾ ਜਾਂਦਾ ਹੈ ਕਿ ਸਿਕੰਦਰ ਦੇ ਫ਼ੌਜੀ ਵਾਪਸ ਮੁੜਦੇ ਸਮੇਂ ਆਪਣੇ ਨਾਲ ਗੰਨਾ ਵੀ ਯੂਰੋਪ ਵਿੱਚ ਲੈ ਗਏ। ਕੱਤਕ ਮਹੀਨੇ ਗੰਨੇ ਚੂਪਦੇ ਬੱਚੇ ਅਤੇ ਜਵਾਨ ਅੱਜ ਵੀ ਨਜ਼ਰ ਆ ਜਾਂਦੇ ਹਨ।

ਕੱਤਕ ਮਹੀਨੇ ਨੂੰ ਖਾਣ ਪੀਣ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਕੱਤਕ ਮਹੀਨੇ ਦੀ ਮੱਸਿਆ ਨੂੰ ਰੌਸ਼ਨੀਆਂ ਦਾ ਪ੍ਰਸਿੱਧ ਤਿਉਹਾਰ ਦਿਵਾਲੀ ਮਨਾਇਆ ਜਾਂਦਾ ਹੈ। ਕੱਤਕ ਦੀ ਪੂਰਨਮਾਸੀ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ। ਆਮ ਤੌਰ ਤੇ ਸਿੱਖ ਭਾਈਚਾਰੇ ਦੇ ਘਰਾਂ ਵਿੱਚ ਦਿਵਾਲੀ ਮੌਕੇ ਲਗਾਈਆਂ ਗਈਆਂ ਰੰਗ ਬਿਰੰਗੇ ਬਲਬਾਂ ਦੀ ਲੜੀਆਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੱਕ ਚਲਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਕਰਵਾ ਚੌਥ, ਚੱਕਰੀਆਂ (ਮਾਤਾ ਦਾ ਵਰਤ) ਵਰਗੇ ਤਿਉਹਾਰ ਵੀ ਇਸੇ ਕੱਤਕ ਮਹੀਨੇ ਵਿੱਚ ਆਉਂਦੇ ਹਨ। ਇਹਨਾਂ ਤਿਉਹਾਰਾਂ ਮੌਕੇ ਵੱਡੀ ਗਿਣਤੀ ਔਰਤਾਂ ਵੱਲੋਂ ਵਰਤ ਵੀ ਰੱਖੇ ਜਾਂਦੇ ਹਨ ।

ਕੱਤਕ ਮਹੀਨੇ ਹੀ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ, ਜੋ ਕਿ ਦਿਵਾਲੀ ਵਾਲੇ ਦਿਨ ਹੀ ਹੁੰਦਾ ਹੈ। ਦਿਵਾਲੀ ਦੇ ਦਿਨ ਹੀ ਸਿੱਖਾਂ ਦੇ ਛੇਵੇਂ ਗੁਰੂ , ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿਚੋਂ ਆਪਣੇ ਨਾਲ 52 ਰਾਜਿਆਂ ਨੂੰ ਛੁੱਡਵਾ ਕੇ ਅੰਮ੍ਰਿਤਸਰ ਪਹੁੰਚੇ ਸਨ, ਇਹ ਹੀ ਕਾਰਨ ਹੈ ਕਿ ਦਿਵਾਲੀ ਨੂੰ ਘਰਾਂ ਨੂੰ ਪਰਤਣ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਅਤੇ ਕੱਤਕ ਨੂੰ ਘਰਾਂ ਨੂੰ ਪਰਤਣ ਦਾ ਮਹੀਨਾ। ਇਸੇ ਕਾਰਨ ਦੁਨੀਆ ਦੇ ਵੱਖ ਵੱਖ ਮੁਲਕਾਂ ਵਿੱਚ ਵਸੇ ਹੋਏ ਪਰਵਾਸੀ ਪੰਜਾਬੀ ਦਿਵਾਲੀ ਮੌਕੇ ਆਪਣੇ ਪਿੰਡ ਵਾਲੇ ਜੱਦੀ ਘਰ ਗੇੜਾ ਮਾਰਦੇ ਹਨ। ਪਰਿਵਾਰ ਨੂੰ ਮਿਲ ਕੇ ਪਰਵਾਸੀ ਪੰਜਾਬੀਆਂ ਦੇ ਨਾਲ ਨਾਲ ਪਰਿਵਾਰ ਵਾਲਿਆਂ ਦੀ ਖੁਸ਼ੀ ਵੀ ਵੇਖਣ ਵਾਲੀ ਹੁੰਦੀ ਹੈ।

ਹੁਣ ਨਾ ਤਾਂ ਪਹਿਲਾਂ ਵਰਗਾ ਵਾਤਾਵਰਣ ਰਿਹਾ ਹੈ ਤੇ ਨਾ ਸ਼ੁੱਧ ਪੌਣ ਪਾਣੀ। ਨਾ ਹੁਣ ਪਹਿਲਾਂ ਵਰਗਾ ਅੰਮ੍ਰਿਤ ਵੇਲਾ ਤੇ ਸਰਘੀ ਵੇਲਾ ਰਿਹਾ ਹੈ ਤੇ ਨਾ ਛਾਹ ਵੇਲਾ। ਹਰ ਪਾਸੇ ਫੈਲੀ ਆਪਾ-ਧਾਪੀ ਦੇ ਇਸ ਦੌਰ ਵਿੱਚ ਕਿਸੇ ਕੋਲ ਏਨਾ ਕੁ ਸਮਾਂ ਨਹੀਂ ਕਿ ਉਹ ਆਪਣੇ ਪਿੰਡ ਵਾਸੀਆਂ, ਸ਼ਹਿਰ ਵਾਸੀਆਂ ਨਾਲ ਬਹਿ ਕੇ ਕੁਝ ਸਮਾਂ ਕੁਦਰਤ ਦੀ ਗੋਦ ਵਿੱਚ ਗੁਜ਼ਾਰ ਸਕੇ। ਹਰ ਕੋਈ ਹੁਣ ਕੰਕਰੀਟ ਦੇ ਜੰਗਲਾਂ ਵਿੱਚ ਬਣਾਏ ਕੋਠੀ ਨੁਮਾ ਘੁਰਨਿਆਂ ਵਿੱਚ ਵੜ ਕੇ ਆਪਣੇ ਆਪ ਤਕ ਸੀਮਿਤ ਜਿਹਾ ਹੋ ਗਿਆ ਹੈ, ਜਿਸ ਕਰਕੇ ਅਨੇਕਾਂ ਲੋਕਾਂ ਨੂੰ ਹੁਣ ਕੱਤਕ ਮਹੀਨੇ ਦੀਆਂ ਮੌਜਾਂ ਮਾਨਣ ਦੀ ਵਿਹਲ ਨਹੀਂ ਮਿਲਦੀ।

ਕੱਤਕ ਮਹੀਨੇ ਦੀ ਸ਼ੁਰੂਆਤ ਮੌਕੇ ਸਾਰੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਖੁਦ ਵੀ ਆਪਣੇ ਵਿਰਸੇ ਅਤੇ ਕੁਦਰਤ ਨਾਲ ਜੁੜਨ ਅਤੇ ਆਪਣੇ ਬੱਚਿਆਂ ਨੂੰ ਵੀ ਪੰਜਾਬ ਦੇ ਅਮੀਰ ਵਿਰਸੇ ਅਤੇ ਕੁਦਰਤ ਨਾਲ ਜੋੜਨ। ਕੱਤਕ ਮਹੀਨੇ ਦੌਰਾਨ ਸਮੂਹ ਪੰਜਾਬੀਆਂ ਨੂੰ ਪੰਜਾਬ ਵਿੱਚ ਵਹਿ ਰਹੇ ਪਰਵਾਸ ਦੇ ਸੱਤਵੇਂ ਦਰਿਆ ਨੂੰ ਠੱਲਖ਼ ਪਾਉਣ ਲਈ ਵੀ ਸਿਰ ਜੋੜ ਕੇ ਮੰਥਨ ਕਰਨ ਦੀ ਲੋੜ ਹੈ ਤਾਂ ਕਿ ਸੱਤ ਸਮੁੰਦਰ ਪਾਰ ਗਏ ਉਹਨਾਂ ਦੇ ਬੱਚੇ ਆਪਣੇ ਵਤਨ, ਆਪਣੀ ਮਾਂ ਬੋਲੀ, ਆਪਣੇ ਅਮੀਰ ਵਿਰਸੇ ਅਤੇ ਆਪਣੀ ਜੱਦੀ ਜ਼ਮੀਨ ਨਾਲ ਜੁੜੇ ਰਹਿ ਸਕਣ।

ਕੱਤਕ ਮਹੀਨੇ ਦੂਰ ਦੇ ਦੇਸ਼ਾਂ ਦੇਸਾਂਤਰਾਂ ਤੋਂ ਆਉਂਦੀਆਂ ਕੂੰਜਾਂ ਵਾਂਗ ਪੰਜਾਬੀਆਂ ਦੇ ਸੱਤ ਸਮੁੰਦਰ ਪਾਰ ਗਏ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਕੱਤਕ ਮਹੀਨੇ ਆਪਣੇ ਵਤਨਾਂ ਨੂੰ ਗੇੜਾ ਮਾਰਨ ਤਾਂ ਕਿ ਪੰਜਾਬ ਦੇ ਪਿੰਡਾਂ ਵਿੱਚ ਉਹਨਾਂ ਬਿਨਾਂ ਸੁੰਨੇ ਪਏ ਉਹਨਾਂ ਦੇ ਮਹੱਲ ਮੁਨਾਰਿਆਂ ਅਤੇ ਜੱਦੀ ਘਰਾਂ ਵਿੱਚ ਮੁੜ ਰੌਣਕਾਂ ਲੱਗਣ।

ਜਗਮੋਹਨ ਸਿੰਘ ਲੱਕੀ

ਮੋ: 9463819174

Continue Reading

Latest News

Trending