Connect with us

Mohali

ਨਗਰ ਨਿਗਮ ਦੀਆਂ ਚੋਣਾਂ ਸਬੰਧੀ ਸਰਗਰਮੀਆਂ ਤੇਜ਼

Published

on

ਚੋਣ ਲੜਣ ਦੇ ਚਾਹਵਾਨਾਂ ਵਲੋਂ ਆਪੋ ਆਪਣੀਆਂ ਪਾਰਟੀਆਂ ਦੀਆਂ ਟਿਕਟਾਂ ਦੀ ਦਾਅਵੇਦਾਰੀ ਲਈ ਸਰਗਰਮੀਆਂ ਤੇਜ

ਐਸ ਏ ਐਸ ਨਗਰ, 13 ਜਨਵਰੀ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੀ ਚੋਣ ਬਾਰੇ ਭਾਵੇਂ ਹੁਣੇ ਮਿਤੀ ਦਾ ਐਲਾਨ ਨਹੀਂ ਹੋਇਆ ਹੈ ਪਰੰਤੂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਨਗਰ ਨਿਗਮ ਦੀ ਵਾਰਡਬੰਦੀ ਦਾ ਅਮਲ ਮੁਕੰਮਲ ਕੀਤੇ ਜਾਣ ਤੋਂ ਬਾਅਦ ਚੋਣ ਲੜਣ ਦੇ ਚਾਹਵਾਨਾਂ ਵਲੋਂ ਸਰਗਰਮੀਆਂ ਆਰੰਭ ਦਿੱਤੀਆਂ ਗਈਆਂ ਹਨ। ਇਸ ਦੌਰਾਨ ਜਿੱਥੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਵਲੋਂ ਲੋਕਾਂ ਨੂੰ ਲੋਹੜੀ ਅਤੇ ਮਾਘੀ ਦੀਆਂ ਵਧਾਈਆਂ ਦੇਣ ਵਾਲੇ ਬੈਨਰ ਆਦਿ ਲਗਾਏ ਗਏ ਹਨ, ਉੱਥੇ ਉਮੀਦਵਾਰਾਂ ਵਲੋਂ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਵੀ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਗੱਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਚੋਣਾਂ ਅਗਲੇ ਮਹੀਨੇ ਹੋਣ ਦੀ ਸੰਭਾਵਨਾ ਹੈ।

ਇਸ ਦੌਰਾਨ ਨਿਗਮ ਚੋਣਾਂ ਲੜਨ ਦੇ ਚਾਹਵਾਨ ਕੁਝ ਉਮੀਦਵਾਰਾਂ ਵੱਲੋਂ ਤਾਂ ਆਪੋ ਆਪਣੀ ਉਮੀਦਵਾਰੀ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਜਦੋਂਕਿ ਹੋਰ ਸੰਭਾਵੀ ਉਮੀਦਵਾਰ ਇਸ ਸਬੰਧੀ ਤਿਆਰੀ ਕਰ ਰਹੇ ਹਨ। ਇਸ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਦੀ ਟਿਕਟ ਲੈਣ ਦੇ ਚਾਹਵਾਨ ਆਗੂ ਵੀ ਸਰਗਰਮ ਹੋ ਗਏ ਹਨ। ਇਸ ਵਾਰ ਹੋਈ ਵਾਰਡਬੰਦੀ ਦੌਰਾਨ ਕਈ ਕੌਂਸਲਰਾਂ ਦੇ ਵਾਰਡ ਆਪਸ ਵਿੱਚ ਹੀ ਰਲ ਜਾਣ ਕਾਰਨ ਸ਼ਹਿਰ ਦੇ ਵਾਰਡਾਂ ਵਿੱਚੋਂ ਕਈ ਵਾਰਡਾਂ ਵਿੱਚ ਇੱਕ ਹੀ ਪਾਰਟੀ ਦੀ ਟਿਕਟ ਦੇ ਕਈ ਉਮੀਦਵਾਰ ਬਣ ਗਏ ਹਨ ਅਤੇ ਇਹਨਾਂ ਸਾਰਿਆਂ ਵਲੋਂ ਹੀ ਪਾਰਟੀ ਟਿਕਟ ਲਈ ਆਪੋ ਆਪਣੀ ਦਾਅਵੇਦਾਰੀ ਠੋਕੀ ਜਾ ਰਹੀ ਹੈ। ਨਗਰ ਨਿਗਮ ਚੋਣਾਂ ਲਈ ਵੱਖ ਵੱਖ ਸਿਆਸੀ ਪਾਰਟੀਆਂ ਵੀ ਸਰਗਰਮ ਹੋ ਗਈਆਂ ਹਨ ਅਤੇ ਉਹਨਾਂ ਵੱਲੋਂ ਆਪੋ ਆਪਣੇ ਸੰਭਾਵੀ ਉਮੀਦਵਾਰਾਂ ਬਾਰੇ ਪੜਚੋਲ ਕੀਤੀ ਜਾ ਰਹੀ ਹੈ ਅਤੇ ਜਿੱਤਣ ਦੀ ਸਮਰਥਾ ਰੱਖਣ ਵਾਲੇ ਆਗੂਆਂ ਨੂੰ ਪਾਰਟੀ ਟਿਕਟਾਂ ਦਿਤੇ ਜਾਣ ਦੀਆਂ ਵਧੇਰੇ ਸੰਭਾਵਨਾਵਾਂ ਹਨ।

ਇਸ ਸੰਬੰਧੀ ਜਿੱਥੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਟਿਕਟ ਦੇ ਦਾਅਵੇਦਾਰਾਂ ਦੀ ਗਿਣਤੀ ਕਾਫੀ ਜਿਆਦਾ ਹੈ ਉੱਥੇ ਪਿਛਲੀ ਵਾਰ ਜੇਤੂ ਰਹੇ ਕਾਂਗਰਸ ਦੇ ਜਿਆਦਾਤਰ ਕੌਂਸਲਰਾਂ ਦੇ ਵਾਰਡ ਆਪਸ ਵਿੱਚ ਮਿਲ ਜਾਣ ਕਾਰਨ ਉਹਨਾਂ ਵਿੱਚ ਵੀ ਦਾਅਵੇਦਾਰੀ ਦੀ ਹੋੜ ਚਲ ਰਹੀ ਹੈ ਅਤੇ ਸਾਰੇ ਹੀ ਉਮੀਦਵਾਰਾਂ ਵਲੋਂ ਆਪਣੀ ਦਾਅਵੇਦਾਰੀ ਮਜਬੂਤ ਕਰਨ ਲਈ ਲੋਕਾਂ ਦਾ ਸਮਰਥਨ ਮੰਗਣ ਦਾ ਅਮਲ ਜੋਰ ਫੜ ਗਿਆ ਹੈ। ਇਸ ਕੁੱਝ ਅਜਿਹੇ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਕਿਸਮਤ ਅਜਮਾਉਣ ਲਈ ਆਪਣੀਆਂ ਪਾਰਟੀਆਂ ਦੀਆਂ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ ਜਿਹੜੇ ਪਹਿਲੀ ਵਾਰ ਕਿਸਮਤ ਅਜਮਾਉਣ ਲਈ ਮੈਦਾਨ ਵਿਚ ਆਉਣਾ ਚਾਹੁੰਦੇ ਹਨ।

ਇਸਦੇ ਨਾਲ ਹੀ ਅਜਿਹੇ ਉਮੀਦਵਾਰ ਵੀ ਆਪਣੀ ਦਾਅਵੇਦਾਰੀ ਪੇਸ਼ ਕਰਨ ਲਈ ਅੱਗੇ ਆ ਰਹੇ ਹਨ ਜਿਹੜੇ ਪਹਿਲਾਂ ਚੋਣ ਲੜ ਚੁੱਕੇ ਹਨ ਪਰੰਤੂ ਜਾਂ ਤਾਂ ਕੌਸਲਰ ਨਹੀਂ ਬਣ ਪਾਏ ਸਨ ਜਾਂ ਫਿਰ ਪਾਰਟੀ ਦੀ ਟਿਕਟ ਨਾ ਮਿਲਣ ਕਾਰਨ ਚੋਣ ਹੀ ਨਹੀਂ ਲੜ ਪਾਏ ਸਨ। ਕੁਝ ਸੰਭਾਵੀ ਉਮੀਦਵਾਰਾਂ ਵੱਲੋਂ ਵੱਖ ਵੱਖ ਇਲਾਕਿਆਂ ਵਿੱਚ ਕੁਝ ਸਾਂਝੇ ਕੰਮ ਕਰਵਾ ਕੇ ਉਥੇ ਆਪਣੀ ਜਿੱਤ ਪੱਕੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਨਗਰ ਨਿਗਮ ਚੋਣਾਂ ਲੜਨ ਦੇ ਚਾਹਵਾਨ ਆਗੂਆਂ ਵੱਲੋਂ ਵੀ ਸ਼ਹਿਰ ਦੇ ਵਸਨੀਕਾਂ ਨਾਲ ਸੰਪਰਕ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵੋਟਰਾਂ ਨਾਲ ਰਾਬਤਾ ਕਾਇਮ ਕਰਕੇ ਹੁਣੇ ਤੋਂ ਵੋਟਾਂ ਪੱਕੀਆਂ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਨਗਰ ਨਿਗਮ ਚੋਣਾਂ ਸਬੰਧੀ ਸ਼ਹਿਰ ਵਾਸੀਆਂ ਵਿੱਚ ਵੀ ਉਤਸ਼ਾਹ ਦਿਖਣ ਲੱਗ ਗਿਆ ਹੈ ਅਤੇ ਲੋਕ ਨਿਗਮ ਚੋਣਾਂ ਸਬੰਧੀ ਚਰਚਾ ਕਰਦੇ ਵੇਖੇ ਜਾ ਰਹੇ ਹਨ। ਨਿਗਮ ਚੋਣਾਂ ਵਿੱਚ ਇਸ ਵਾਰ ਸ਼ਹਿਰ ਦੀ ਸਫਾਈ ਦਾ ਮੁੱਦਾ ਮੁੱਖ ਮੁੱਦਾ ਬਣਨ ਦੇ ਆਸਾਰ ਬਣਦੇ ਜਾ ਰਹੇ ਹਨ। ਨਿਗਮ ਦੀ ਮੌਜੂਦਾ ਟੀਮ ਦੇ ਕਾਰਜਕਾਲ ਦੌਰਾਨ ਸ਼ਹਿਰ ਵਿੱਚ ਸਫਾਈ ਦਾ ਮੰਦਾ ਹਾਲ ਰਿਹਾ, ਜਿਸ ਕਾਰਨ ਵੱਡੀ ਗਿਣਤੀ ਸ਼ਹਿਰ ਵਾਸੀ ਇਸ ਟੀਮ ਨਾਲ ਨਾਰਾਜ਼ ਦੱਸੇ ਜਾਂਦੇ ਹਨ। ਵੱਡੀ ਗਿਣਤੀ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਹਰ ਪਾਸੇ ਫੈਲੀ ਗੰਦਗੀ ਦਾ ਜਵਾਬ ਉਹ ਨਿਗਮ ਚੋਣਾਂ ਵਿੱਚ ਦੇਣਗੇ।

ਸ਼ਹਿਰ ਦੇ ਵੱਖ ਵੱਖ ਪਾਰਕਾਂ ਵਿੱਚ ਦੁਪਹਿਰ ਵੇਲੇ ਧੁੱਪ ਸੇਕਦੇ ਸੀਨੀਅਰ ਸਿਟੀਜਨ ਵੀ ਨਿਗਮ ਚੋਣਾਂ ਦੀ ਚਰਚਾ ਕਰਦੇ ਵੇਖੇ ਜਾ ਸਕਦੇ ਹਨ ਅਤੇ ਨਿਗਮ ਚੋਣਾਂ ਦਾ ਮੁੱਦਾ ਸ਼ਹਿਰ ਵਾਸੀਆਂ ਦੀ ਚਰਚਾ ਦਾ ਮੁੱਖ ਵਿਸ਼ਾ ਬਣ ਗਿਆ ਹੈ। ਲੋਕ ਜਿੱਥੇ ਆਪਣੇ ਮੌਜੂਦਾ ਕੌਂਸਲਰ ਦੀ ਕਾਰਗੁਜਾਰੀ ਬਾਰੇ ਗੱਲ ਕਰਦੇ ਦਿਖਦੇ ਹਨ ਉੱਥੇ ਪਹਿਲਾਂ ਰਹੇ ਕੌਂਸਲਰਾਂ ਦੇ ਕੰਮਾਂ ਨਾਲ ਉਹਨਾਂ ਦੀ ਤੁਲਨਾ ਵੀ ਕਰਦੇ ਦਿਖਦੇ ਹਨ ਅਤੇ ਇਸ ਸੰਬੰਧੀ ਮਾਹੌਲ ਤਿਆਰ ਹੋਣਾ ਆਰੰਭ ਹੋ ਗਿਆ ਹੈ।

ਬੀਤੇ ਦਿਨਾਂ ਦੌਰਾਨ ਚੋਣ ਲੜਣ ਦੇ ਚਾਹਵਾਨ ਆਗੂਆਂ ਵਲੋਂ ਲੋਹੜੀ ਦਾ ਤਿਉਹਾਰ ਵੀ ਵੱਡੇ ਤੌਰ ਤੇ ਮਣਾਇਆ ਗਿਆ ਹੈ ਅਤੇ ਇਸ ਵਾਰ ਹਏ ਇਹਨਾਂ ਸਮਾਗਮਾਂ ਦੌਰਾਨ ਖਾਸ ਤੌਰ ਤੇ ਕੁੜੀਆਂ ਦੀ ਲੋਹੜੀ ਮਣਾਉਣ ਲਈ ਵੀ ਕਈ ਸਮਾਗਮ ਆਯੋਜਿਤ ਹੋਏ ਹਨ ਜਿਸ ਨਾਲ ਪਤਾ ਚਲਦਾ ਹੈ ਕਿ ਚੋਣ ਲੜਣ ਦੇ ਚਾਹਵਾਨ ਲੋਕਾਂ ਨਾਲ ਸੰਪਰਕ ਬਣਾੳਣ ਲਈ ਹਰ ਹੀਲਾ ਵਰਤ ਰਹੇ ਹਨ।

ਇਸ ਸੰਬੰਧੀ ਜੇਕਰ ਸ਼ਹਿਰ ਵਾਸੀਆਂ ਨਾਲ ਗੱਲ ਕੀਤੀ ਜਾਵੇ ਤਾਂ ਇਹ ਗੱਲ ਉਭਰ ਕੇ ਸਾਮ੍ਹਣੇ ਆਉਂਦੀ ਹੈ ਕਿ ਇਸ ਵਾਰ ਨਗਰ ਨਿਗਮ ਚੋਣਾਂ ਦੌਰਾਨ ਸ਼ਹਿਰ ਵਾਸੀ ਉਮੀਦਵਾਰ ਦੀ ਨਿੱਜੀ ਕਾਰਗੁਜਾਰੀ ਵੇਖ ਕੇ ਹੀ ਵੋਟਾਂ ਪਾਉਣਗੇ ਅਤੇ ਕਿਸੇ ਉਮੀਦਵਾਰ ਦਾ ਸਿਰਫ ਕਿਸੇ ਵੱਡੀ ਸਿਆਸੀ ਪਾਰਟੀ ਨਾਲ ਜੁੜਿਆ ਹੋਣਾ ਉਸਦੀ ਜਿੱਤ ਦੀ ਗਾਰਟੀ ਨਹੀਂ ਹੋ ਸਕਦਾ। ਇਸ ਸੰਬੰਧੀ ਲੋਕ ਖੁੱਲ ਕੇ ਇਹ ਗੱਲ ਕਹਿੰਦੇ ਹਨ ਕਿ ਕੌਂਸਲਰ ਅਜਿਹਾ ਹੋਣਾ ਚਾਹੀਦਾ ਹੈ ਜੋਕਿ ਆਪਣੇ ਵਾਰਡ ਵਿੱਚ ਵਿਕਾਸ ਕੰਮ ਵੱਡੇ ਪੱਧਰ ਤੇ ਕਰਵਾਏ, ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ। ਇਹ ਕਿਹਾ ਜਾ ਸਕਦਾ ਹੈ ਕਿ ਨਿਗਮ ਚੋਣਾਂ ਦੌਰਾਨ ਲੋਕ ਕਿਸੇ ਸਿਆਸੀ ਪਾਰਟੀ ਦੀ ਥਾਂ, ਉਮੀਦਵਾਰਾਂ ਦੀ ਨਿੱਜੀ ਸਖ਼ਸੀਅਤ ਨੂੰ ਵਧੇਰੇ ਤਰਜੀਹ ਦੇ ਸਕਦੇ ਹਨ।

ਨਗਰ ਨਿਗਮ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਤਾਂ ਹੁਣੇ ਤੋਂ ਵੋਟਰਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਆਮ ਲੋਕਾਂ ਦੇ ਘਰਾਂ ਦੇ ਗੇੜੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸੰਭਾਵੀ ਉਮੀਦਵਾਰਾਂ ਵੱਲੋਂ ਆਮ ਲੋਕਾਂ ਦੇ ਦੁਖ ਸੁਖ ਦੇ ਸਮਾਗਮਾਂ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਗਿਆ ਹੈ। ਕਈ ਸੰਭਾਵੀ ਉਮੀਦਵਾਰਾਂ ਵੱਲੋਂ ਤਾਂ ਹੁਣੇ ਤੋਂ ਆਪੋ ਆਪਣੇ ਇਲਾਕੇ ਦੇ ਵੋਟਰਾਂ ਨਾਲ ਇਲਾਕੇ ਦਾ ਸਰਬਪੱਖੀ ਵਿਕਾਸ ਕਰਵਾਉਣ ਦੇ ਵਾਅਦੇ ਵੀ ਕੀਤੇ ਜਾ ਰਹੇ ਹਨ ਤਾਂ ਕਿ ਆਪਣੀਆਂ ਵੋਟਾਂ ਪੱਕੀਆਂ ਕੀਤੀਆਂ ਜਾ ਸਕਣ। ਆਉਣ ਵਾਲੇ ਦਿਨਾਂ ਦੌਰਾਨ ਨਿਗਮ ਚੋਣਾਂ ਸਬੰਧੀ ਸਰਗਰਮੀਆਂ ਹੋਰ ਤੇਜ਼ ਹੋਣ ਦੇ ਆਸਾਰ ਹਨ।

Mohali

ਪਿੰਡ ਜਗਤਪੁਰਾ ਵਿਖੇ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਚੈਕਅਪ ਕੈਂਪ ਭਲਕੇ, ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮਿਲਣਗੀਆਂ

Published

on

By

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਪਿੰਡ ਜਗਤਪੁਰਾ ਵਿਖੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ 10 ਅਕਤੂਬਰ ਨੂੰ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ।

ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਹ ਕੈਂਪ ਗੁਰਦੁਆਰਾ ਸਿੰਘ ਸਭਾ, ਪਿੰਡ ਜਗਤਪੁਰਾ, ਮੁਹਾਲੀ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਮਰੀਜਾਂ ਦੀ ਜਾਂਚ ਕਰਣਗੇ ਅਤੇ ਮੁਫ਼ਤ ਦਵਾਈਆਂ ਵੀ ਦੇਣਗੇ।

ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਦੌਰਾਨ ਚਮੜੀ ਰੋਗਾਂ, ਅੱਖਾਂ, ਦੰਦਾਂ, ਹੱਡੀਆਂ ਅਤੇ ਜਨਰਲ ਮੈਡੀਸਨ ਦੇ ਮਾਹਿਰ ਡਾਕਟਰਾਂ ਵੱਲੋਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅੱਖਾਂ ਦੀ ਜਾਂਚ ਅਤੇ ਬਲੱਡ ਸ਼ੂਗਰ ਟੈਸਟ ਦੀ ਸਹੂਲਤ ਵੀ ਉਪਲਬਧ ਹੋਵੇਗੀ।

Continue Reading

Mohali

ਮੁਹਾਲੀ ਪੁਲੀਸ ਵਲੋਂ ਤਿੰਨ ਵਾਹਨ ਚੋਰ ਕਾਬੂ

Published

on

By

ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਮੁਹਾਲੀ ਪੁਲੀਸ ਨੇ 3 ਚੋਰਾਂ ਨੂੰ ਕਾਬੂ ਕਰਕੇ ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਚੋਰਾਂ ਨੂੰ ਐਸ. ਐਸ. ਪੀ ਵਰੁਣ ਸ਼ਰਮਾ ਦੀਆਂ ਹਿਦਾਇਤਾਂ ਦੇ ਚੋਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਬੂ ਕੀਤਾ ਗਿਆਜ ਹੈ।

ਉਹਨਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਪੈਟਰੋਲਿੰਗ ਅਤੇ ਨਾਕਾਬੰਦੀ ਵਧਾਈ ਗਈ ਹੈ। ਜਿਸ ਦੌਰਾਨ ਥਾਣਾ ਫੇਜ਼ 11 ਦੇ ਮੁੱਖ ਅਫਸਰ ਇੰਸਪੈਕਟਰ ਅਮਨ ਅਤੇ ਉਹਨਾਂ ਦੀ ਟੀਮ ਵਲੋਂ ਪੈਟਰੋਲਿੰਗ ਅਤੇ ਨਾਕਾਬੰਦੀ ਦੌਰਾਨ ਫੇਜ਼-11 ਮੁਹਾਲੀ ਵਿੱਚ 3 ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਜੀਤ ਸਿੰਘ ਵਾਸੀ ਪਿੰਡ ਕੰਬਾਲਾ ਨੇੜੇ ਰਵੀਦਾਸ ਧਰਮਸ਼ਾਲਾ ਜਿਲ੍ਹਾ ਐਸ.ਏ.ਐਸ ਨਗਰ, ਹਰਵਿੰਦਰ ਸਿੰਘ ਉਰਫ ਹਨੀ ਫੇਜ਼ 11 ਮੁਹਾਲੀ ਅਤੇ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਗੰਭੀਰਪੁਰ, ਥਾਣਾ ਆਨੰਦਪੁਰ ਸਾਹਿਬ ਜਿਲ੍ਹਾ ਰੋਪੜ ਵਜੋਂ ਹੋਈ ਹੈ।

ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਚੋਰਾਂ ਪਾਸੋਂ ਕੁੱਲ 6 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਇਸ ਸਬੰਧੀ ਥਾਣਾ ਫੇਜ 11 ਮੁਹਾਲੀ ਵਿਖੇ ਬੀ ਐਨ ਐਸ ਦੀ ਧਾਰਾ 303(2),317(2) ਅਧੀਨ ਮਾਮਲਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਵੀ ਪਾਇਆ ਗਿਆ ਹੈ ਕਿ ਗ੍ਰਿਫਤਾਰ ਕੀਤੇ ਤਿੰਨਾਂ ਚੋਰਾਂ ਖਿਲਾਫ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ ਚੋਰੀ ਆਦਿ ਦੇ ਕਈ ਮੁਕੱਦਮੇ ਦਰਜ ਹਨ।

Continue Reading

Mohali

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਟੂਸ਼ਾਮ ਤੇ ਸਾਲਾਸਰ ਲਈ ਬੱਸ ਰਵਾਨਾ

Published

on

By

ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਵਿਖਾਈ ਹਰੀ ਝੰਡੀ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਖਾਟੂਸ਼ਾਮ ਅਤੇ ਸਾਲਾਸਰ ਦੇ ਦਰਸ਼ਨਾਂ ਦੇ ਲਈ ਆਂਸਲ, ਸੈਕਟਰ -114, ਮੁਹਾਲੀ ਤੋਂ ਸੀਨੀਅਰ ਸਿਟੀਜਨ ਸ਼ਰਧਾਲੂਆਂ ਦਾ ਨਾਲ ਭਰੀ ਬਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਸ ਮੌਕੇ ਗੱਲ ਕਰਦਿਆਂ ਸz. ਕੁਲਵੰਤ ਸਿੰਘ ਨੇ ਦੱਸਿਆ ਕਿ ਤੀਰਥ ਯਾਤਰਾ ਤੇ ਜਾ ਰਹੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਇੱਕ ਬਸ ਤੋਂ ਸ਼ੁਰੂ ਹੋਈ ਯਾਤਰਾ ਤਹਿਤ ਹੁਣ ਰੋਜਾਨਾਂ ਕਈ ਬਸਾਂ ਰਵਾਨਾ ਹੁੰਦੀਆਂ ਹਨ। ਉਹਨਾਂ ਕਿਹਾ ਕਿ ਸ਼ਰਧਾਲੂਆਂ ਦੇ ਆਉਣ ਜਾਣ, ਰਹਿਣ-ਸਹਿਣ ਅਤੇ ਖਾਣ- ਪੀਣ ਸਮੇਤ ਸਾਰੇ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਜਾਂਦੇ ਹਨ।

ਉਹਨਾਂ ਕਿਹਾ ਕਿ ਪਹਿਲਾਂ ਇਸ ਯੋਜਨਾ ਦੇ ਤਹਿਤ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸ੍ਰੀ ਦਰਬਾਰ ਸਾਹਿਬ, ਸ਼੍ਰੀ ਦੁਰਗਿਆਨਾ ਮੰਦਿਰ, ਰਾਮ ਤੀਰਥ ਵਾਲਮੀਕੀ ਮੰਦਿਰ, ਵਾਹਗਾ ਬਾਰਡਰ ਅਤੇ ਜਲਿਆਂ ਵਾਲੇ ਬਾਗ ਦੇ ਦਰਸ਼ਨਾਂ ਲਈ ਬੱਸਾਂ ਰਵਾਨਾ ਹੋ ਰਹੀਆਂ ਸਨ ਅਤੇ ਹੁਣ ਨਾਲ ਹੀ ਖਾਟੂਸ਼ਾਮ, ਸਾਲਾਸਰ, ਵਰਿੰਦਾਵਨ, ਹਰਿਦੁਆਰ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਲਈ ਵੀ ਬਸ ਰਵਾਨਾ ਹੋ ਰਹੀਆਂ ਹਨ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਖੁਸ਼ਵੀਰ ਕੌਰ, ਸੁਖਵਿੰਦਰ ਕੌਰ ਭੁੱਲਰ, ਤਰਲੋਚਨ ਸਿੰਘ ਤੋਚੀ ਬਲਾਕ ਪ੍ਰਧਾਨ , ਦਲਜੀਤ ਸਿੰਘ ਪ੍ਰਧਾਨ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ, ਭੁਪਿੰਦਰ ਸਿੰਘ ਸੈਣੀ ਸਾਬਕਾ ਪ੍ਰਧਾਨ , ਪਾਲ ਸਿੰਘ ਰੱਤੂ ਸਾਬਕਾ ਮੀਤ ਪ੍ਰਧਾਨ , ਖੁਸ਼ਵੀਰ ਕੌਰ ਵਾਈਸ ਪ੍ਰਧਾਨ ਅਮਰਜੀਤ ਸਿੰਘ ਸਿੱਧੂ, ਬਲਜੀਤ ਸਿੰਘ ਹੈਪੀ, ਪ੍ਰਗਟ ਸਿੰਘ ਰਾਏਪੁਰ ਕਲਾਂ, ਗਗਨ ਮੁਹਾਲੀ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਰਹੇ।

Continue Reading

Latest News

Trending