Connect with us

International

ਅਮਰੀਕਾ ਵਿੱਚ ਫ਼ਿਰ ਹੋਇਆ ਸ਼ਟਡਾਊਨ

Published

on

ਵਾਸ਼ਿੰਗਟਨ , 31 ਜਨਵਰੀ (ਸ.ਬ.) ਇਕ ਪਾਸੇ ਅਮਰੀਕਾ ਈਰਾਨ ਨਾਲ ਜੰਗ ਦੀ ਤਿਆਰੀ ਵਿੱਚ ਲੱਗਾ ਹੋਇਆ ਹੈ, ਉੱਥੇ ਹੀ ਦੇਸ਼ ਆਈ ਸੀ ਈ ਅਧਿਕਾਰੀਆਂ ਖ਼ਿਲਾਫ਼ ਪ੍ਰਦਰਸ਼ਨਾਂ ਦਾ ਸੇਕ ਝੱਲ ਰਿਹਾ ਹੈ। ਇਸੇ ਤਣਾਅਪੂਰਨ ਸਥਿਤੀ ਦੌਰਾਨ ਅਮਰੀਕਾ ਵਿੱਚ ਅੱਜ ਸਵੇਰੇ ਤੋਂ ਅੰਸ਼ਿਕ ਸਰਕਾਰੀ ਸ਼ਟਡਾਊਨ ਲਾਗੂ ਹੋ ਗਿਆ ਹੈ। ਹਾਲਾਂਕਿ ਸੈਨੇਟ ਨੇ ਆਖਰੀ ਸਮੇਂ ਤੇ ਸਰਕਾਰੀ ਫੰਡਿੰਗ ਬਿੱਲਾਂ ਦੇ ਇੱਕ ਸੋਧੇ ਹੋਏ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਸੀ, ਪਰ ਸਦਨ ਵੱਲੋਂ ਸੋਮਵਾਰ ਤੋਂ ਪਹਿਲਾਂ ਇਨ੍ਹਾਂ ਤਬਦੀਲੀਆਂ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਉਮੀਦ ਨਹੀਂ ਹੈ, ਜਿਸ ਕਾਰਨ ਇਹ ਸ਼ਟਡਾਊਨ ਵਾਲੀ ਸਥਿਤੀ ਪੈਦਾ ਹੋਈ ਹੈ।

ਹਾਲੇ ਕੁਝ ਸਮਾਂ ਪਹਿਲਾਂ ਹੀ ਇਤਿਹਾਸ ਦਾ ਸਭ ਤੋਂ ਵੱਡਾ ਸ਼ਟਡਾਊਨ ਸਹਿ ਚੁੱਕੇ ਅਮਰੀਕਾ ਵਿੱਚ ਸੈਨੇਟ ਨੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਦੀ ਫੰਡਿੰਗ ਨੂੰ ਦੋ ਹਫਤਿਆਂ ਲਈ ਵੱਖ ਕਰਨ ਅਤੇ ਅੱਗੇ ਪਾਉਣ ਦਾ ਫੈਸਲਾ ਕੀਤਾ ਹੈ। ਇਸ ਸਮੇਂ ਦੌਰਾਨ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨਾਲ ਜੁੜੀਆਂ ਡੈਮੋਕਰੇਟਸ ਦੀਆਂ ਮੰਗਾਂ ਤੇ ਗੱਲਬਾਤ ਕੀਤੀ ਜਾਵੇਗੀ।

ਡੈਮੋਕਰੇਟਿਕ ਲੀਡਰ ਚੱਕ ਸ਼ੂਮਰ ਨੇ ਮੰਗ ਕੀਤੀ ਹੈ ਕਿ ਆਈ ਸੀ ਈ ਏਜੰਟਾਂ ਲਈ ਬਾਡੀ ਕੈਮਰੇ ਪਹਿਨਣੇ ਲਾਜ਼ਮੀ ਕੀਤੇ ਜਾਣ ਅਤੇ ਡਿਊਟੀ ਦੌਰਾਨ ਮਾਸਕ ਪਹਿਨਣ ਤੇ ਪਾਬੰਦੀ ਲਗਾਈ ਜਾਵੇ। ਸ਼ੂਮਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਆਈ ਸੀ ਈ ਦੀਆਂ ਕਾਰਵਾਈਆਂ ਵਿੱਚ ਅਸਲ ਤਬਦੀਲੀ ਨਹੀਂ ਲਿਆਂਦੀ ਜਾਂਦੀ, ਤਾਂ ਰਿਪਬਲਿਕਨਾਂ ਨੂੰ ਡੈਮੋਕਰੇਟਿਕ ਵੋਟਾਂ ਦੀ ਉਮੀਦ ਨਹੀਂ ਕਰਨੀ ਚਾਹੀਦੀ।

ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਬਿੱਲ ਤੇ ਆਪਣੀ ਰੋਕ ਉਦੋਂ ਹਟਾਈ ਜਦੋਂ ਸੈਨੇਟ ਦੇ ਬਹੁਮਤ ਨੇਤਾ ਜੌਨ ਥੂਨ ਨੇ ਆਉਣ ਵਾਲੇ ਹਫ਼ਤਿਆਂ ਵਿੱਚ ‘ਸੈਂਚੁਰੀ ਸਿਟੀਜ਼’ ਤੇ ਪਾਬੰਦੀ ਲਗਾਉਣ ਸਬੰਧੀ ਵੋਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਹੁਣ ਇਹ ਬਿੱਲ ਸਪੀਕਰ ਮਾਈਕ ਜੌਹਨਸਨ ਵੱਲੋਂ ਹਾਊਸ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਨੂੰ ਪਾਸ ਕਰਨ ਲਈ ਦੋ-ਤਿਹਾਈ ਬਹੁਮਤ ਦੀ ਲੋੜ ਹੈ, ਜਿਸ ਲਈ ਰਿਪਬਲਿਕਨਾਂ ਅਤੇ ਡੈਮੋਕਰੇਟਸ ਦੋਵਾਂ ਦਾ ਸਹਿਯੋਗ ਜ਼ਰੂਰੀ ਹੈ, ਤਾਂ ਹੀ ਇਹ ਬਿੱਲ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤਾਂ ਲਈ ਭੇਜਿਆ ਜਾ ਸਕੇਗਾ।

ਜ਼ਿਕਰਯੋਗ ਹੈ ਕਿ ਸੈਨੇਟ ਵਿੱਚ ਇਸ ਬਿੱਲ ਦੇ ਪੱਖ ਵਿੱਚ 71 ਅਤੇ ਵਿਰੋਧ ਵਿੱਚ 29 ਵੋਟਾਂ ਪਈਆਂ, ਜਿਸ ਵਿੱਚ ਸਿਰਫ 5 ਰਿਪਬਲਿਕਨ ਮੈਂਬਰਾਂ ਨੇ ਇਸ ਬਿੱਲ ਦਾ ਵਿਰੋਧ ਕੀਤਾ।

Continue Reading

International

ਵਿਆਹ ਵਾਲੀ ਬੱਸ ਖੱਡ ਵਿੱਚ ਡਿੱਗਣ ਕਾਰਨ 8 ਵਿਅਕਤੀਆਂ ਦੀ ਮੌਤ, 45 ਜ਼ਖਮੀ

Published

on

By

ਕਾਠਮੰਡੂ, 6 ਫਰਵਰੀ (ਸ.ਬ.) ਪੱਛਮੀ ਨੇਪਾਲ ਦੇ ਬੈਤਾਡੀ ਜ਼ਿਲ੍ਹੇ ਵਿੱਚ ਬੀਤੀ ਰਾਤ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਲੈ ਕੇ ਜਾ ਰਹੀ ਬੱਸ ਅਚਾਨਕ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 45 ਹੋਰ ਜ਼ਖਮੀ ਹੋ ਗਏ ਹਨ।

ਪੁਲੀਸ ਅਨੁਸਾਰ ਇਹ ਹਾਦਸਾ ਬੈਤਾਡੀ ਜ਼ਿਲ੍ਹੇ ਦੇ ਪੁਰਚੌੜੀ ਨਗਰ ਪਾਲਿਕਾ ਖੇਤਰ ਵਿੱਚ ਰਾਤ ਲਗਭਗ 8 ਵਜੇ ਵਾਪਰਿਆ। ਵਿਆਹ ਦੀਆਂ ਖੁਸ਼ੀਆਂ ਮਾਣਾ ਕੇ ਪਰਤ ਰਹੇ ਲੋਕਾਂ ਨਾਲ ਭਰੀ ਇਹ ਬੱਸ ਪਹਾੜੀ ਸੜਕ ਤੋਂ ਫਿਸਲ ਕੇ ਕਰੀਬ 200 ਮੀਟਰ ਹੇਠਾਂ ਖੱਡ ਵਿੱਚ ਜਾ ਡਿੱਗੀ। ਇਹ ਹਾਦਸਾ ਪੱਛਮੀ ਨੇਪਾਲ ਦੇ ਪੁਰਚੌੜੀ-7 ਖੇਤਰ ਦੇ ਬਡਗਾਊਂ ਵਿੱਚ ਵਾਪਰਿਆ।

ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ ਸੱਤ ਪੁਰਸ਼ ਅਤੇ ਇੱਕ ਮਹਿਲਾ ਸ਼ਾਮਲ ਹੈ। ਪੁਲੀਸ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਕਾਰਜ ਸ਼ੁਰੂ ਕੀਤੇ ਗਏ। ਸਾਰੇ 45 ਜ਼ਖਮੀ ਮੁਸਾਫਰਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Continue Reading

International

ਬਲੋਚਿਸਤਾਨ ਵਿੱਚ 216 ਅੱਤਵਾਦੀ ਢੇਰ, 36 ਨਾਗਰਿਕਾਂ ਅਤੇ 22 ਸੁਰੱਖਿਆ ਮੁਲਾਜ਼ਮਾਂ ਦੀ ਵੀ ਮੌਤ : ਪਾਕਿਸਤਾਨੀ ਫੌਜ

Published

on

By

ਇਸਲਾਮਾਬਾਦ, 5 ਫਰਵਰੀ (ਸ.ਬ.) ਪਾਕਿਸਤਾਨੀ ਫੌਜ ਨੇ ਅੱਜ ਐਲਾਨ ਕੀਤਾ ਕਿ ਉਸ ਨੇ ਬਲੋਚਿਸਤਾਨ ਸੂਬੇ ਵਿੱਚ ਅੱਤਵਾਦੀ ਹਮਲਿਆਂ ਦੇ ਜਵਾਬ ਵਿੱਚ ਸ਼ੁਰੂ ਕੀਤਾ ਗਿਆ ਆਪਣਾ ਬਹੁ-ਦਿਨਾਂ ਆਪ੍ਰੇਸ਼ਨ ‘ਰੱਦ-ਉਲ-ਫਿਤਨਾ-1’ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਫੌਜ ਦੇ ਮੀਡੀਆ ਵਿੰਗ, ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਅਨੁਸਾਰ, 26 ਜਨਵਰੀ ਨੂੰ ਸ਼ੁਰੂ ਕੀਤੇ ਗਏ ਇਸ ਆਪ੍ਰੇਸ਼ਨ ਦੌਰਾਨ 216 ਅੱਤਵਾਦੀ ਮਾਰੇ ਗਏ ਹਨ।

ਫੌਜ ਦੇ ਬਿਆਨ ਮੁਤਾਬਕ, ਇਸ ਕਾਰਵਾਈ ਵਿੱਚ ਨਾ ਸਿਰਫ ਅੱਤਵਾਦੀ ਮਾਰੇ ਗਏ, ਸਗੋਂ 36 ਨਾਗਰਿਕ (ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ) ਅਤੇ ਸੁਰੱਖਿਆ ਬਲਾਂ ਦੇ 22 ਕਰਮਚਾਰੀ ਵੀ ਮਾਰੇ ਗਏ ਹਨ। ਇਹ ਆਪ੍ਰੇਸ਼ਨ ਮੁੱਖ ਤੌਰ ਤੇ ਪੰਜਗੁਰ ਅਤੇ ਹਰਨਾਈ ਜ਼ਿਲ੍ਹੇ ਦੇ ਬਾਹਰਵਾਰ ਖੁਫੀਆ ਜਾਣਕਾਰੀ ਦੇ ਆਧਾਰ ਤੇ ਚਲਾਇਆ ਗਿਆ ਸੀ, ਜਿਸ ਨਾਲ ਅੱਤਵਾਦੀ ਨੈਟਵਰਕਾਂ ਦੇ ਲੀਡਰਸ਼ਿਪ ਅਤੇ ਕਮਾਂਡ-ਐਂਡ-ਕੰਟਰੋਲ ਢਾਂਚੇ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

ਪਾਕਿਸਤਾਨੀ ਫੌਜ ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਹਮਲਿਆਂ ਪਿੱਛੇ ਭਾਰਤ ਦੁਆਰਾ ਸਪਾਂਸਰ ਕੀਤੇ ਗਏ ਅੱਤਵਾਦੀ ਤੱਤਾਂ ਦਾ ਹੱਥ ਹੈ ਜੋ ਖੇਤਰ ਦੀ ਸ਼ਾਂਤੀ ਅਤੇ ਵਿਕਾਸ ਨੂੰ ਭੰਗ ਕਰਨਾ ਚਾਹੁੰਦੇ ਹਨ। ਦੂਜੇ ਪਾਸੇ, ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਦਿਆਂ ਰੱਦ ਕਰ ਦਿੱਤਾ ਹੈ। ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਆਪਣੀਆਂ ਅੰਦਰੂਨੀ ਨਾਕਾਮੀਆਂ ਤੋਂ ਧਿਆਨ ਭਟਕਾਉਣ ਲਈ ਅਜਿਹੀਆਂ ਚਾਲਾਂ ਚੱਲਦਾ ਹੈ।

ਅੱਤਵਾਦੀ ਹਮਲਿਆਂ ਕਾਰਨ ਪਿਛਲੇ ਪੰਜ ਦਿਨਾਂ ਤੋਂ ਮੁਅੱਤਲ ਰੇਲਵੇ ਸੇਵਾਵਾਂ ਨੂੰ ਅੱਜ ਮੁੜ ਬਹਾਲ ਕਰ ਦਿੱਤਾ ਗਿਆ ਹੈ। ਰੇਲਵੇ ਟ੍ਰੈਕਾਂ ਨੂੰ ਹੋਏ ਨੁਕਸਾਨ ਕਾਰਨ ਕੋਇਟਾ ਤੋਂ ਸਾਰੀ ਆਵਾਜਾਈ ਰੋਕ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਬਲੋਚਿਸਤਾਨ ਲਿਬਰੇਸ਼ਨ ਆਰਮੀ ਵਰਗੇ ਵਿਦਰੋਹੀ ਗਰੁੱਪ ਪਹਿਲਾਂ ਵੀ ਕਈ ਵਾਰ ਸੁਰੱਖਿਆ ਬਲਾਂ ਅਤੇ ਰੇਲਵੇ ਨੂੰ ਨਿਸ਼ਾਨਾ ਬਣਾ ਚੁੱਕੇ ਹਨ।

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਵੀ ਇੱਕ ਮਤਾ ਪਾਸ ਕਰਕੇ ਸਰਕਾਰ ਨੂੰ ਅੱਤਵਾਦ ਦੇ ਬਾਹਰੀ ਸਪਾਂਸਰਾਂ ਅਤੇ ਅੰਦਰੂਨੀ ਸਹਿਯੋਗੀਆਂ ਵਿਰੁੱਧ ਹਮਲਾਵਰ ਰਾਸ਼ਟਰੀ ਜਵਾਬ ਅਪਣਾਉਣ ਦੀ ਅਪੀਲ ਕੀਤੀ ਹੈ। ਬਲੋਚਿਸਤਾਨ, ਜੋ ਕਿ ਈਰਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ, ਲੰਬੇ ਸਮੇਂ ਤੋਂ ਹਿੰਸਕ ਬਗਾਵਤ ਦਾ ਸਾਹਮਣਾ ਕਰ ਰਿਹਾ ਹੈ।

Continue Reading

International

ਦਲਾਈ ਲਾਮਾ ਨੇ ਜਿੱਤਿਆ ਪਹਿਲਾ ਗਰੈਮੀ ਐਵਾਰਡ

Published

on

By

ਲਾਸ ਏਂਜਲਜ਼, 2 ਫਰਵਰੀ (ਸ.ਬ.) ਦੁਨੀਆ ਦੇ ਵੱਕਾਰੀ 68ਵੇਂ ਗਰੈਮੀ ਐਵਾਰਡ ਸਮਾਗਮ ਵਿੱਚ ਦਲਾਈ ਲਾਮਾ ਨੇ ਆਡੀਓ ਬੁੱਕ, ਕਥਾ-ਵਾਚਨ ਅਤੇ ਸਟੋਰੀਟੈਲਿੰਗ ਰਿਕਾਰਡਿੰਗ ਸ਼੍ਰੇਣੀ ਵਿੱਚ ਗਰੈਮੀ ਪੁਰਸਕਾਰ ਜਿੱਤਿਆ। ਇਹ ਦਲਾਈ ਲਾਮਾ ਦਾ ਪਹਿਲਾ ਗਰੈਮੀ ਪੁਰਸਕਾਰ ਹੈ।

ਉਨ੍ਹਾਂ ਨੇ ਇਸ ਸ਼੍ਰੇਣੀ ਵਿੱਚ ਅਮਰੀਕੀ ਸੁਪਰੀਮ ਕੋਰਟ ਦੀ ਜੱਜ ਕੇਤਨਜੀ ਬ੍ਰਾਊਨ ਜੈਕਸਨ ਨੂੰ ਪਿੱਛੇ ਛੱਡਿਆ। ਕੇ-ਪੌਪ ਡੇਮੋਨ ਹੰਟਰਜ਼ ਫਿਲਮ ਦੇ ਗੀਤ ‘ਗੋਲਡਨ’ ਨੇ ਵਿਜ਼ੂਅਲ ਮੀਡੀਆ ਲਈ ਲਿਖੇ ਗਏ ਸਰਵੋਤਮ ਗੀਤ ਦਾ ਪੁਰਸਕਾਰ ਜਿੱਤਿਆ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਕੇ-ਪੌਪ ਅਦਾਕਾਰ ਜਾਂ ਸਮੂਹ ਨੇ ਗਰੈਮੀ ਜਿੱਤਿਆ ਹੈ। ਇਸ ਮੌਕੇ ਗੀਤਕਾਰਾਂ ਨੇ ਪੁਰਸਕਾਰ ਲੈਂਦੇ ਵੇਲੇ ਅੰਗਰੇਜ਼ੀ ਅਤੇ ਕੋਰਿਆਈ ਦੋਵਾਂ ਭਾਸ਼ਾਵਾਂ ਵਿੱਚ ਆਪਣਾ ਭਾਸ਼ਣ ਦਿੱਤਾ।

ਸੰਗੀਤ ਫਿਲਮ ਦਾ ਪੁਰਸਕਾਰ ‘ਮਿਊਜ਼ਿਕ ਫਾਰ ਜੌਹਨ ਵਿਲੀਅਮਜ਼’ ਨੂੰ ਮਿਲਿਆ ਅਤੇ ਇਸ ਦੇ ਨਾਲ ਹੀ ਨਿਰਦੇਸ਼ਕ ਸਟੀਵਨ ਸਪੀਲਬਰਗ ਨੇ ਆਪਣਾ ਪਹਿਲਾ ਗਰੈਮੀ ਜਿੱਤਿਆ। ਹੁਣ ਉਹ ਅਧਿਕਾਰਤ ਤੌਰ ਤੇ ਈ ਜੀ ਓ ਟੀ (ਐਮੀ, ਗਰੈਮੀ, ਟੋਨੀ ਅਤੇ ਆਸਕਰ ਜਿੱਤਣ ਵਾਲੇ ਅਦਾਕਾਰ) ਬਣ ਗਏ ਹਨ।

ਮੁੱਖ ਸਮਾਰੋਹ ਤੋਂ ਪਹਿਲਾਂ ਸ਼ੁਰੂਆਤੀ ਪ੍ਰੋਗਰਾਮ ਲਾਸ ਏਂਜਲਸ ਸ਼ਹਿਰ ਦੇ ਪੀਕੌਕ ਥੀਏਟਰ ਵਿੱਚ ਕਰਵਾਇਆ ਗਿਆ।

ਇਸ ਮੌਕੇ 86 ਗਰੈਮੀ ਪੁਰਸਕਾਰ ਦਿੱਤੇ ਜਾਣੇ ਹਨ। ਇਸ ਦੌਰਾਨ ਕਈ ਅਦਾਕਾਰਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਖਿਲਾਫ ਆਵਾਜ਼ ਉਠਾਈ। ਅਮਰੀਕੀ ਗਾਇਕ ਸ਼ਾਬੂਜੀ ਨੇ ਭਾਵੁਕ ਹੋ ਕੇ ਕਿਹਾ ਕਿ ਪਰਵਾਸੀਆਂ ਨੇ ਹੀ ਇਸ ਦੇਸ਼ ਨੂੰ ਬਣਾਇਆ ਹੈ। ਅਮਰੀਕੀ ਗਾਇਕਾ ਗਲੋਰੀਆ ਐਸਟੇਫਨ ਨੇ ਵੀ ਮੌਜੂਦਾ ਸਿਆਸੀ ਹਾਲਾਤ ਤੇ ਚਿੰਤਾ ਪ੍ਰਗਟਾਈ।

ਮੁੱਖ ਸਮਾਗਮ ਦੀ ਮੇਜ਼ਬਾਨੀ ਉੱਘੇ ਕਾਮੇਡੀਅਨ ਟਰੈਵਰ ਨੋਆ ਕਰਨਗੇ। 2026 ਦੀਆਂ ਗਰੈਮੀ ਨਾਮਜ਼ਦਗੀਆਂ ਵਿੱਚ ਕੈਂਡਰਿਕ ਲੈਮਰ 9 ਨਾਮਜ਼ਦਗੀਆਂ ਨਾਲ ਸਭ ਤੋਂ ਅੱਗੇ ਹਨ, ਜਦਕਿ ਲੇਡੀ ਗਾਗਾ ਅਤੇ ਜੈਕ ਐਂਟੋਨੌਫ ਵਰਗੇ ਵੱਡੇ ਨਾਮ ਵੀ ਇਸ ਦੌੜ ਵਿੱਚ ਸ਼ਾਮਲ ਹਨ।

Continue Reading

Latest News

Trending