Connect with us

Editorial

ਘੁਣ ਬਣਕੇ ਸਾਡੀਆਂ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈ ਹਰ ਪਾਸੇ ਫੈਲਿਆ ਭ੍ਰਿਸ਼ਟਾਚਾਰ

Published

on

ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਫੈਲੀ ਰਿਸ਼ਵਤਖੋਰੀ ਅਤੇ ਭ੍ਰਿਸਟਾਚਾਰ ਸਾਰੀਆਂ ਹੱਦਾਂ ਟੱਪ ਗਿਆ ਹੈ ਅਤੇ ਲੋਕਾਂ ਨੂੰ ਆਪਣੇ ਜਾਇਜ ਕੰਮਾਂ ਕਾਰਾਂ ਲਈ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਿਸ਼ਵਤ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ। ਹਾਲਾਤ ਇਹ ਹਨ ਕਿ ਉੱਪਰ ਤਕ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਕਾਰਨ ਆਮ ਆਦਮੀ ਦੀ ਕਿਤੇ ਸੁਣਵਾਈ ਵੀ ਨਹੀਂ ਹੁੁੰਦੀ ਅਤੇ ਲਗਾਤਾਰ ਵੱਧਦਾ ਭ੍ਰਿਸ਼ਟਾਚਾਰ ਇੱਕ ਅਜਿਹਾ ਘੁਣ ਬਣ ਗਿਆ ਹੈ ਜਿਹੜਾ ਸਾਡੀਆਂ ਜੜ੍ਹਾਂ ਨੂੰ ਲਗਾਤਾਰ ਖੋਖਲਾ ਕਰਦਾ ਜਾ ਰਿਹਾ ਹੈ। ਹੁਣ ਤਾਂ ਦੇਸ਼ ਦੀ ਸੁਰਖਿਆ ਕਰਨ ਵਾਲੀ ਭਾਰਤੀ ਫੌਜ ਅਤੇ ਰਖਿਆ ਵਿਭਾਗ ਉੱਪਰ ਵੀ ਭ੍ਰਿਸ਼ਟਾਚਾਰ ਦਾ ਪਰਛਾਵਾਂ ਪੈ ਚੁਕਿਆ ਹੈ ਅਤੇ ਸਮੇਂ ਸਮੇਂ ਤੇ ਵੱਖ ਵੱਖ ਰਖਿਆ ਸੌਦਿਆਂ ਵਿੱਚ ਦਲਾਲੀ ਹੋਣ ਦੀਆਂ ਖਬਰਾਂ ਸਾਮ੍ਹਣੇ ਆਉਂਦੀਆਂ ਰਹਿੰਦੀਆਂ ਹਨ।

ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦਾ ਇਹ ਅਮਲ ਸਿਰਫ ਸਰਕਾਰੀ ਅਦਾਰਿਆਂ ਤਕ ਹੀ ਸੀਮਿਤ ਨਹੀਂ ਹੈ ਬਲਕਿ ਭ੍ਰਿਸ਼ਟਾਚਾਰ ਦੀ ਇਸ ਬਿਮਾਰੀ ਵਿੱਚ ਨਿੱਜੀ ਅਦਾਰਿਆਂ ਦੇ ਕਰਮਚਾਰੀ ਅਤੇ ਅਧਿਕਾਰੀ ਵੀ ਪੂਰੀ ਤਰ੍ਹਾਂ ਜਕੜੇ ਗਏ ਹਨ। ਅਜਿਹੀਆਂ ਕੰਪਨੀਆਂ ਜਿਹੜੀਆਂ ਆਪਣੇ ਕੰਮ ਕਾਜ ਲਈ ਹੋਰਨਾਂ ਲੋਕਾਂ ਤੋਂ ਠੇਕੇ ਤੇ ਕੰਮ ਕਰਵਾਉਂਦੀਆਂ ਹਨ ਜਾਂ ਆਪਣੇ ਉਤਪਾਦ ਬਣਾਉਣ ਲਈ ਬਾਜਾਰ ਤੋਂ ਸਾਮਾਨ ਦੀ ਖਰੀਦਦਾਰੀ ਕਰਦੀਆਂ ਹਨ, ਉਹਨਾਂ ਦੇ ਸੰਬੰਧਿਤ ਅਧਿਕਾਰੀਆਂ ਉੱਪਰ ਵੀ ਅਕਸਰ ਮੋਟੀ ਰਿਸ਼ਵਤ ਖਾਣ ਦੇ ਇਲਜਾਮ ਲੱਗਦੇ ਹਨ ਅਤੇ ਮੌਜੂਦਾ ਸਮੇਂ ਹਰ ਪਾਸੇ ਭ੍ਰਿਸ਼ਟਾਚਾਰ ਦਾ ਹੀ ਬੋਲਬਾਲਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੀਆਂ ਜੜ੍ਹਾਂ ਹਰ ਪਾਸੇ ਫੈਲ ਚੁੱਕੀਆਂ ਹਨ ਅਤੇ ਹਾਲਾਤ ਇਹ ਹੋ ਗਏ ਹਨ ਕਿ ਬੱਚੇ ਦੇ ਜਨਮ ਤੋਂ ਲੈ ਕੇ ਇਨਸਾਨ ਦੀ ਮੌਤ ਤਕ ਦੇ ਸਫਰ ਦੌਰਾਨ ਭ੍ਰਿਸ਼ਟਾਚਾਰ ਦਾ ਇਹ ਕੋਹੜ ਉਸਦੇ ਨਾਲ ਨਾਲ ਹੀ ਚਲਦਾ ਰਹਿੰਦਾ ਹੈ।

ਬੱਚੇ ਦੇ ਜਨਮ ਵੇਲੇ ਨਰਸਾਂ ਅਤੇ ਹੋਰ ਸਟਾਫ ਵਲੋਂ ਨਵਜੰਮੇ ਬੱਚੇ ਦੇ ਪਰਿਵਾਰ ਵਾਲਿਆਂ ਤੋੋਂ ਜਿਹੜੀ ਵਧਾਈ ਮੰਗੀ ਜਾਂਦੀ ਹੈ ਉਹ ਵੀ ਭ੍ਰਿਸ਼ਟਾਚਾਰ ਦਾ ਹੀ ਇਕ ਰੂਪ ਹੈ। ਫਿਰ ਬੱਚੇ ਦਾ ਜਨਮ ਸਰਟੀਫਿਕੇਟ ਬਣਾਉਣ, ਉਸਨੂੰ ਕਿਸੇ ਚੰਗੇ ਸਕੂਲ ਵਿਚ ਦਾਖਲ ਕਰਵਾਉਣ, ਉਚੇਰੀ ਵਿਦਿਆ ਪ੍ਰਾਪਤੀ ਕਰਨ ਲਈ ਦਾਖਲਾ ਦਿਵਾਉਣ, ਨੌਕਰੀ ਪ੍ਰਾਪਤ ਕਰਨ ਜਾਂ ਕੋਈ ਕੰਮ ਧੰਦਾ ਚਲਾਉਣ, ਕਰਜਾ ਲੈਣ, ਵੱਖ ਵੱਖ ਸਰਕਾਰੀ ਵਿਭਾਗਾਂ ਤੋਂ ਆਪਣੇ ਕੰਮ ਕਰਵਾਉਣ ਲਈ ਜਾਂ ਤਾਂ ਕੋਈ ਵੱਡੀ ਸਿਫਾਰਿਸ਼ ਕਰਵਾਉਣੀ ਪੈਂਦੀ ਹੈ ਅਤੇ ਜਾਂ ਫਿਰ ਸੰਬੰਧਿਤ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ। ਇਸਤੋਂ ਬਾਅਦ ਜਦੋਂ ਵਿਕਅਤੀ ਖੁਦ ਕਮਾਉਣ ਲੱਗ ਜਾਂਦਾ ਹੈ ਉਦੋਂ ਤਕ ਉਹ ਖੁਦ ਵੀ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕਿਆ ਹੁੰਦਾ ਹੈ। ਆਪਣੀਆਂ ਟੈਕਸ ਦੇਣਦਾਰੀਆਂ ਬਚਾਉਣ ਲਈ ਉਹ ਕਈ ਤਰ੍ਹਾਂ ਦੇ ਭ੍ਰਿਸ਼ਟ ਤਰੀਕੇ ਅਜਮਾਉਂਦਾ ਹੈ ਅਤੇ ਭ੍ਰਿਸ਼ਟਾਚਾਰ ਦਾ ਇਹ ਸਫਰ ਲਗਾਤਰ ਚਲਦਾ ਰਹਿੰਦਾ ਹੈ।

ਬਾਅਦ ਵਿੱਚ ਫਿਰ ਉਹੀ ਵਿਅਕਤੀ ਆਪਣੀ ਔਲਾਦ ਲਈ ਭਿਸ਼ਟਾਚਾਰ ਦੇ ਨਵੇਂ ਚੱਕਰ ਵਿੱਚ ਉਲਝ ਜਾਂਦਾ ਹੈ ਅਤੇ ਆਪਣਾ ਕੋਈ ਵੀ ਵੱਡਾ ਛੋਟਾ ਕੰਮ ਕਢਵਾਉਣ ਲਈ ਸੰਬੰਧਿਤ ਅਧਿਕਾਰੀ ਜਾਂ ਕਰਮਚਾਰੀ ਨੂੰ ਰਿਸ਼ਵਤ ਦੀ ਪੇਸ਼ਕਸ਼ ਕਰਦਾ ਹੈ। ਇਹ ਸਿਲਸਿਲਾ ਲਗਾਤਾਰ ਚਲਦਾ ਰਹਿੰਦਾ ਹੈ ਅਤੇ ਵਿਅਕਤੀ ਦੀ ਮੌਤ ਹੋਣ ਤਕ ਭ੍ਰਿਸ਼ਟਾਚਾਰ ਉਸਦਾ ਪਿੱਛਾ ਨਹੀਂ ਛੱਡਦਾ। ਹੁਣ ਤਾਂ ਭਗਵਾਨ ਦਾ ਘਰ ਵੀ ਇਸਤੋਂ ਬਚਿਆ ਹੋਇਆ ਨਹੀਂ ਹੈ ਅਤੇ ਉੱਥੇ ਵੀ ਪਾਠ ਪੂਜਾ ਦੀ ਵਾਰੀ ਪਹਿਲਾਂ ਹਾਸਿਲ ਕਰਨ ਲਈ ਰਿਸ਼ਵਤ ਦੇਣੀ ਪੈਂਦੀ ਹੈ ਅਤੇ ਸਾਡੇ ਧਰਮ ਅਸਥਾਨ ਵੀ ਇਸ ਭ੍ਰਿਸ਼ਟਾਚਾਰ ਦੀ ਮਾਰ ਹੇਠ ਆ ਚੁੱਕੇ ਹਨ।

ਜੇਕਰ ਇਸ ਸੰਬੰਧੀ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਤਾਂ ਭਾਵੇਂ ਇਹ ਪਾਰਟੀਆਂ ਆਮ ਲੋਕਾਂ ਨੂੰ ਸਾਫ ਸੁਥਰਾ ਅਤੇ ਪਾਰਦਰਸ਼ੀ ਰਾਜ ਪ੍ਰਬੰਧ ਦੇਣ ਦਾ ਦਾਅਵਾ ਕਰਕੇ ਵੋਟਾਂ ਮੰਗਦੀਆਂ ਹਨ, ਪਰੰਤੂ ਉਹਨਾਂ ਵਿੱਚ ਇਹ ਬਿਮਾਰੀ ਕੁੱਝ ਜਿਆਦਾ ਹੀ ਹੈ। ਸਿਆਸੀ ਪਾਰਟੀਆਂ ਵਲੋਂ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਚੰਦਾ ਲੈਣ ਦੇ ਨਾਮ ਤੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕਰਨ ਦੀਆਂ ਖਬਰਾਂ ਆਮ ਆਉਂਦੀਆਂ ਹਨ ਅਤੇ ਇਹਨਾਂ ਸਿਆਸੀ ਪਾਰਟੀਆਂ ਉੱਪਰ ਚੋਣਾਂ ਦੌਰਾਨ ਉਮੀਦਵਾਰਾਂ ਤੋਂ ਪੈਸੇ ਲੈ ਕੇ ਟਿਕਟਾਂ ਵੇਚਣ ਦੇ ਇਲਜਾਮ ਵੀ ਆਮ ਲੱਗਦੇ ਹਨ, ਜਿਹੜੇ ਇਹਨਾਂ ਪਾਰਟੀਆਂ ਦੇ ਨਾਰਾਜ ਆਗੂਆਂ ਵਲੋਂ ਹੀ ਲਗਾਏ ਜਾਂਦੇ ਹਨ।

ਹਰ ਪਾਸੇ ਫੈਲ ਚੁੱਕੇ ਇਸ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਕੋਹੜ ਨੇ ਬਹੁਤ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ। ਇਹ ਉਹ ਬਿਮਾਰੀ ਹੈ ਜਿਹੜੀ ਸਾਡੇ ਪੂਰੇ ਢਾਂਚੇ ਨੂੰ ਤਬਾਹ ਕਰ ਰਹੀ ਹੈ। ਜਿਸ ਦੇਸ਼ ਨੂੰ ਚਲਾਉਣ ਵਾਲੀ ਸਰਕਾਰ ਦੇ ਆਗੂ ਹੀ ਭ੍ਰਿਸ਼ਟ ਹੋਣ ਉਸਦਾ ਵਿਕਾਸ ਭਲਾ ਕਿਵੇਂ ਸੰਭਵ ਹੈ ਅਤੇ ਭ੍ਰਿਸ਼ਟਾਚਾਰ ਦਾ ਇਹ ਘੁਣ ਸਾਡੇ ਦੇਸ਼ ਨੂੰ ਅੰਦਰੋ ਖੋਖਲਾ ਕਰਦਾ ਆ ਰਿਹਾ ਹੈ। ਇਸਤੇ ਕਾਬੂ ਕਰਨ ਲਈ ਜਨਤਾ ਨੂੰ ਹੀ ਅੱਗੇ ਆਉਣਾ ਪੈਣਾ ਹੈ ਕਿਉਂਕਿ ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਇੱਕ ਦਿਨ ਇਸਨੇ ਸਾਡੇ ਦੇਸ਼ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਣਾ ਹੈ।

Continue Reading

Editorial

ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਦੀ ਸਮੱਸਿਆ ਤੇ ਕਾਬੂ ਕਰਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ

Published

on

By

ਵਾਤਾਵਰਨ ਦੀ ਸੁਰਖਿਆ ਅਤੇ ਗਲੋਬਲ ਵਾਰਮਿੰਗ ਵਿੱਚ ਹੋਣ ਵਾਲੇ ਲਗਾਤਾਰ ਵਾਧੇ ਦਾ ਮੁੱਦਾ ਇਸ ਵੇਲੇ ਪੂਰੀ ਦੁਨੀਆ ਲਈ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਅਤੇ ਧਰਤੀ ਦੇ ਵਾਤਾਵਰਨ ਦੇ ਤਾਪਮਾਨ ਵਿੱਚ ਹੋਣ ਵਾਲੇ ਇਸ ਲਗਾਤਾਰ ਵਾਧੇ ਦੇ ਖਤਰਨਾਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਗਲੋਬਲ ਵਾਰਮਿੰਗ ਕਾਰਨ ਜਿੱਥੇ ਪੂਰੀ ਦੁਨੀਆਂ ਵਿੱਚ ਰੁੱਤਾਂ ਅਤੇ ਮੌਸਮ ਆਪਣਾ ਸਮਾਂ ਬਦਲ ਰਹੇ ਹਨ ਉੱਥੇ ਕਈ ਤਰ੍ਹਾਂ ਦੇ ਵਾਤਾਵਰਨ ਵਿਗਾੜ ਵੀ ਸਾਡੇ ਸਾਹਮਣੇ ਆ ਰਹੇ ਹਨ।

ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਦੀ ਇਸ ਸਮੱਸਿਆ ਕਾਰਨ ਜਿੱਥੇ ਧਰਤੀ ਦੀ ਸਤਹਿ ਦਾ ਤਾਪਮਾਨ ਵਧ ਰਿਹਾ ਹੈ ਉੱਥੇ ਇਸ ਕਾਰਨ ਪੂਰੀ ਦੁਨੀਆ ਦਾ ਮੌਸਮ ਪ੍ਰਭਾਵਿਤ ਹੋਇਆ ਹੈ। ਗਰਮੀਆਂ ਦੇ ਮੌਸਮ ਦੌਰਾਨ ਇੰਤਹਾ ਗਰਮੀ ਪੈਣ ਲੱਗ ਗਈ ਹੈ ਉੱਥੇ ਸਰਦੀ ਦੇ ਮੌਸਮ ਵਿੱਚ ਪਹਿਲਾਂ ਦੇ ਮੁਕਾਬਲੇ ਠੰਡ ਵੀ ਜਿਆਦਾ ਪੈਂਦੀ ਹੈ। ਇਸੇ ਤਰ੍ਹਾਂ ਕਦੇ ਬਹੁਤ ਜਿਆਦਾ ਬਰਸਾਤ ਹੋ ਜਾਂਦੀ ਹੈ ਅਤੇ ਕਦੇ ਸੋਕੇ ਦੀ ਨੌਬਤ ਆ ਜਾਂਦੀ ਹੈ।

ਹਾਲਾਂਕਿ ਇਹ ਵੀ ਅਸਲੀਅਤ ਹੈ ਕਿ ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਦੀ ਇਸ ਸਮੱਸਿਆ ਲਈ ਖੁਦ ਇਨਸਾਨ ਹੀ ਲਈ ਪੂਰੀ ਤਰਾਂ ਜਿੰਮੇਵਾਰ ਹੈ ਜਿਸਨੇ ਆਪਣੇ ਨਿਜੀ ਸੁਆਰਥਾਂ ਦੀ ਪੂਰਤੀ ਲਈ ਕੁਦਰਤ ਨਾਲ ਬੁਰੀ ਤਰ੍ਹਾਂ ਖਿਲਵਾੜ ਕੀਤਾ ਹੈ ਅਤੇ ਲਾਲਚ ਵਿੱਚ ਆ ਕੇ ਧਰਤੀ ਤੋਂ ਦਰਖਤਾਂ ਦੇ ਜੰਗਲ ਹੀ ਗਾਇਬ ਕਰ ਦਿਤੇ ਹਨ। ਇਸ ਵੇਲੇ ਹਾਲਾਤ ਇਹ ਹਨ ਕਿ ਜਿੱਥੇ ਸੰਸਾਰ ਭਰ ਵਿੱਚ ਜੰਗਲਾਂ ਹੇਠਲਾ ਰਕਬਾ ਲਗਾਤਾਰ ਘੱਟ ਹੋ ਰਿਹਾ ਹੈ ਉੱਥੇ ਮਨੁੱਖ ਵਲੋਂ ਚਲਾਏ ਜਾ ਰਹੇ ਉਦਯੋਗਾਂ ਅਤੇ ਸੜਕਾਂ ਤੇ ਚਲਦੇ ਵਾਹਨਾਂ ਵਿੱਚੋਂ ਇੰਨਾ ਜਿਆਦਾ ਧੂੰਆਂ ਅਤੇ ਜਹਿਰੀਲੇ ਤੱਤ ਸਾਡੇ ਵਾਤਾਵਰਨ ਵਿੱਚ ਫੈਲ ਰਹੇ ਹਨ ਜਿਸ ਕਾਰਨ ਪੂਰੇ ਸੰਸਾਰ ਦਾ ਵਾਤਾਵਰਨ ਗੰਧਲਾ ਹੋ ਗਿਆ ਹੈ। ਇਸੇ ਦਾ ਨਤੀਜਾ ਹੈ ਕਿ ਸੂਰਜ ਦੀਆਂ ਪਰਾਬੈਂਗਨੀ ਕਿਰਨਾਂ ਤੋਂ ਧਰਤੀ ਦੇ ਵਾਤਾਵਰਨ ਵਿੱਚ ਆਉਣ ਤੋਂ ਰੋਕਣ ਵਾਲੀ ਓਜੋਨ ਪਰਤ ਦਾ ਛੇਦ ਵੀ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ।

ਸਾਡੇ ਆਲੇ ਦੁਆਲੇ ਪ੍ਰਦੂਸ਼ਨ ਇੰਨਾ ਜਿਆਦਾ ਵੱਧ ਚੁੱਕਿਆ ਹੈ ਕਿ ਕੁਝ ਦੂਰੀ ਤੋਂ ਬਾਅਦ ਅਕਸਰ ਧੂੰਦਲਾ ਦਿਖਾਈ ਦਿੰਦਾ ਹੈ। ਇੱਥੇ ਇਹ ਜਿਕਰ ਕਰਨਾ ਬਣਦਾ ਹੈ ਕਿ ਛੇ ਸਾਲ ਪਹਿਲਾਂ, ਜਦੋਂ ਕੋਰੋਨਾ ਦੀ ਮਹਾਮਾਰੀ ਤੇ ਕਾਬੂ ਕਰਨ ਲਈ ਦੇਸ਼ ਭਰ ਵਿੱਚ ਲਾਕਡਾਊਨ ਅਤੇ ਕਰਫਿਊ ਲਗਾਇਆ ਗਿਆ ਸੀ ਅਤੇ ਸਭ ਕੁਝ ਬੰਦ ਹੋ ਗਿਆ ਸੀ ਉਸ ਵੇਲੇ ਵਾਤਾਵਰਨ ਵਿੱਚ ਕਾਫੀ ਸੁਧਾਰ ਹੋਇਆ ਸੀ ਅਤੇ ਪੰਜਾਬ ਵਾਸੀਆਂ ਨੂੰ ਦੂਰ ਦੇ ਪਹਾੜ ਵੀ ਬਹੁਤ ਸਾਫ ਸੁਥਰੇ ਨਜਰ ਆਉਣ ਲੱਗ ਪਏ ਸਨ। ਪਰੰਤੂ ਬਾਅਦ ਵਿੱਚ ਜਿਵੇਂ ਜਿਵੇਂ ਜੀਵਨ ਆਮ ਵਾਂਗ ਹੁੰਦਾ ਗਿਆ, ਪ੍ਰਦੂਸ਼ਨ ਵੀ ਲਗਾਤਾਰ ਵੱਧਦਾ ਗਿਆ ਅਤੇ ਸਾਡਾ ਵਾਤਾਵਰਨ ਵੀ ਪਹਿਲਾਂ ਵਾਂਗ ਗੰਧਲਾ ਹੋ ਗਿਆ। ਹੁਣ ਫਿਰ ਹਾਲ ਇਹ ਹੋ ਗਿਆ ਹੈ ਕਿ ਹਰ ਪਾਸੇ ਸਾਨੂੰ ਧੁੰਆਂ ਅਤੇ ਧੂੜ ਮਿੱਟੀ ਉੱਡਦੀ ਦਿਖਦੀ ਹੈ।

ਵਾਤਾਵਰਨ ਵਿੱਚ ਲਗਾਤਾਰ ਵੱਧਦੇ ਇਸ ਪ੍ਰਦੂਸ਼ਣ ਵਾਸਤੇ ਖੁਦ ਮਨੁੱਖ ਹੀ ਜਿੰਮੇਵਾਰ ਹੈ ਜਿਸਨੇ ਆਪਣੇ ਲਾਲਚ ਅਤੇ ਦੁਨੀਆਵੀ ਸੁਖਾਂ ਲਈ ਕੁਦਰਤੀ ਸਰੋਤਾਂ ਦਾ ਦੋਹਨ ਕਰਕੇ ਵਾਤਾਵਰਨ ਵਿੱਚ ਵਿਗਾੜ ਪੈਦਾ ਕੀਤਾ ਹੈ। ਮੈਦਾਨੀ ਇਲਾਕਿਆਂ ਵਿੱਚ ਜਿਥੇ ਮਨੁੱਖ ਵਲੋਂ ਫੈਕਟਰੀਆਂ ਅਤੇ ਵਾਹਨਾਂ ਰਾਹੀਂ ਵਾਤਾਵਰਨ ਵਿੱਚ ਜਹਿਰੀਲਾ ਧੂਆਂ ਅਤੇ ਕਈ ਤਰ੍ਹਾਂ ਦੇ ਕੈਮੀਕਲ ਛੱਡ ਕੇ ਵਾਤਾਵਰਨ ਵਿੱਚ ਜਹਿਰ ਘੋਲਿਆ ਜਾ ਰਿਹਾ ਹੈ, ਉਥੇ ਪਹਾੜੀ ਇਲਾਕਿਆਂ ਵਿੱਚ ਮਨੁੱਖ ਨੇ ਪਹਾੜਾਂ ਦੀਆਂ ਜੜਾਂ ਵਿਚੋਂ ਖਣਿਜ ਪਦਾਰਥਾਂ ਦਾ ਦੋਹਨ ਕਰਕੇ ਪਹਾੜਾਂ ਨੂੰ ਵੀ ਅੰਦਰੋ ਖੋਖਲਾ ਕਰ ਦਿੱਤਾ ਹੈ, ਜਿਸ ਕਰਕੇ ਅਕਸਰ ਪਹਾੜ ਟੁੱਟ ਕੇ ਡਿੱਗਣ ਲੱਗ ਪਏ ਹਨ ਅਤੇ ਇਸ ਕਾਰਨ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਸੰਬੰਧੀ ਵਿਗਿਆਨੀਆਂ ਵਲੋਂ ਪਹਿਲਾਂ ਹੀ ਚਿਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਜੇਕਰ ਗਲੋਬਲ ਵਾਰਮਿੰਗ ਵਿੱਚ ਇਸੇ ਤਰ੍ਹਾਂ ਵਾਧਾ ਹੁੰਦਾ ਰਿਹਾ ਤਾਂ ਸਮੁੰਦਰ ਦੇ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਸਮੁੰਦਰ ਨੇੜਲੇ ਇਲਾਕੇ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਣਗੇ ਅਤੇ ਅਜਿਹਾ ਹੋਣਾ ਸ਼ੁਰੂ ਵੀ ਹੋ ਚੁੱਕਿਆ ਹੈ।

ਜਾਹਿਰ ਹੈ ਕਿ ਜੇਕਰ ਅਸੀਂ ਹੁਣੇ ਵੀ ਨਾ ਸੰਭਲੇ ਤਾਂ ਲਗਾਤਾਰ ਵੱਧਦੀ ਇਸ ਗਲੋਬਲ ਵਾਰਮਿੰਗ ਨੇ ਦੁਨੀਆ ਦੇ ਜੀਵਨ ਚੱਕਰ ਨੂੰ ਹੀ ਖਤਮ ਕਰ ਦੇਣਾ ਹੈ। ਇਸ ਲਈ ਜਰੂਰੀ ਹੈ ਕਿ ਪੂਰੇ ਸੰਸਾਰ ਵਿੱਚ ਪ੍ਰਦੂਸ਼ਨ ਨੂੰ ਰੋਕਣ ਲਈ ਸਾਂਝੇ ਉਪਰਾਲੇ ਤਹਿਤ ਵੱਧ ਤੋਂ ਵੱਧ ਦਰਖਤ ਲਗਾਏ ਜਾਣ ਅਤੇ ਇਹਨਾਂ ਦਰਖਤਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇ। ਇਸਦੇ ਨਾਲ ਹੀ ਪ੍ਰਦੂਸ਼ਨ ਦੇ ਵੰਧਦੇ ਪੱਧਰ ਤੇ ਕਾਬੂ ਕਰਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਗਲੋਬਲ ਵਾਰਮਿੰਗ ਤੋਂ ਬਚਣ ਲਈ ਹਰ ਮਨੁੱਖ ਨੂੰ ਅੱਗੇ ਆ ਕੇ ਪਹਿਲ ਕਰਨੀ ਪੈਣੀ ਹੈ ਤਾਂ ਹੀ ਅਸੀਂ ਆਪਣੀ ਇਸ ਦੁਨੀਆ ਨੂੰ ਬਚਾ ਸਕਦੇ ਹਾਂ।

Continue Reading

Editorial

ਲੋਕਾਂ ਦੀ ਕਚਹਿਰੀ ਵਿੱਚ ਹੀ ਹੋਵੇਗਾ ਅਸਲੀ ਅਕਾਲੀ ਦਲ ਦਾ ਫੈਸਲਾ

Published

on

By

ਸਾਬਕਾ ਲੋਕ ਸਭਾ ਮੈਂਬਰ ਅਤੇ ਟਕਸਾਲੀ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਟੀ ਵੀ ਚੈਨਲ ਨਾਲ ਇੰਟਰਵਿਊ ਦੌਰਾਨ ਕਿਹਾ ਹੈ ਕਿ ਅਕਾਲੀ ਦਲਾਂ ਦੀ ਗਿਣਤੀ ਭਾਵੇਂ ਕਿੰਨੀ ਵੀ ਕਿਉਂ ਨਾ ਹੋਵੇ ਪਰ ਸਿੱਧਾਂਤਾਂ ਅਨੁਸਾਰ ਇਹਨਾਂ ਵਿੱਚ ਏਕਤਾ ਹੋ ਸਕਦੀ ਹੈ ਅਤੇ ਅਸਲੀ ਅਕਾਲੀ ਦਲ ਦਾ ਫੈਸਲਾ ਲੋਕ ਕਚਰਿਹੀ ਵਿੱਚ ਹੋ ਜਾਵੇਗਾ। ਜਦੋਂ ਉਹਨਾਂ ਨੂੰ ਪੁਛਿਆ ਗਿਆ ਕਿ ਅਕਾਲੀ ਦਲਾਂ ਦੀ ਵਧੇਰੇ ਗਿਣਤੀ ਹੋਣ ਕਾਰਨ ਪੰਥਕ ਵੋਟਾਂ ਵੰਡੀਆਂ ਜਾਂਦੀਆਂ ਹਨ, ਜਿਸ ਨਾਲ ਅਕਾਲੀ ਦਲ ਨੂੰ ਹੀ ਨੁਕਸਾਨ ਹੁੰਦਾ ਹੈ ਤਾਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਭਰਮ ਹੈ ਕਿ ਪੰਥਕ ਵੋਟਾਂ ਵੰਡੀਆਂ ਜਾਂਦੀਆਂ ਹਨ। ਅਸਲੀਅਤ ਤਾਂ ਇਹ ਹੈ ਕਿ ਪੰਥਕ ਵੋਟਾਂ ਆਪਣੀ ਮਰਜੀ ਨਾਲ ਇੱਕ ਪਾਸੇ ਉਲਰ ਜਾਂਦੀਆਂ ਹਨ। ਕਦੇ ਉਹ ਸਿਮਰਨਜੀਤ ਸਿੰਘ ਮਾਨ ਨੂੰ ਜੇਤੂ ਬਣਾ ਦਿੰਦੀਆਂ ਹਨ ਅਤੇ ਕਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ। ਅਕਾਲੀ ਆਗੂ ਚੰਦੂਮਾਜਰਾ ਦੇ ਇਹ ਵਿਚਾਰ ਕਾਫੀ ਮਹੱਤਤਾ ਰੱਖਦੇ ਹਨ ਕਿਉਂਕਿ ਉਹਨਾਂ ਨੇ ਇਹ ਵਿਚਾਰ ਅਕਾਲੀ ਦਲਾਂ ਦੀ ਮੌਜੂਦਾ ਫੁੱਟ ਅਤੇ ਸਥਿਤੀ ਬਾਰੇ ਪ੍ਰਗਟ ਕੀਤੇ ਸਨ।

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਵਿੱਚ ਅਕਾਲੀ ਦਲਾਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਸਾਰੇ ਅਕਾਲੀ ਧੜੇ ਆਪਣੇ ਆਪ ਨੂੰ ਅਸਲੀ ਅਕਾਲੀ ਦਲ ਕਹਿੰਦੇ ਹਨ। ਜਦੋਂ ਵੀ ਅਕਾਲੀ ਧੜਿਆਂ ਬਾਰੇ ਏਕਤਾ ਦੀ ਮੀਟਿੰਗ ਹੁੰਦੀ ਹੈ ਤਾਂ ਇਕ ਹੋਰ ਅਕਾਲੀ ਦਲ ਹੋਂਦ ਵਿੱਚ ਆ ਜਾਂਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਸਾਰੇ ਅਕਾਲੀ ਧੜਿਆਂ ਨੂੰ ਭੰਗ ਕਰਕੇ ਇੱਕ ਅਕਾਲੀ ਦਲ ਬਣਾਉਣ ਦਾ ਸੱਦਾ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਇੱਕ ਹੋਰ ਨਵਾਂ ਅਕਾਲੀ ਦਲ ਪੁਨਰ ਸੁਰਜੀਤ ਹੋਂਦ ਵਿੱਚ ਆ ਗਿਆ, ਜਿਸ ਦੀ ਅਗਵਾਈ ਖੁਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਹਨ।

ਪੰਜਾਬ ਵਿੱਚ ਪੰਥਕ ਦਲਾਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਇਹ ਪੰਥਕ ਵੋਟਾਂ ਕਿਸੇ ਵੀ ਸਿਆਸੀ ਪਾਰਟੀ ਦੀ ਜਿੱਤ ਹਾਰ ਦਾ ਫੈਸਲਾ ਕਰ ਦਿੰਦੀਆਂ ਹਨ। ਇਸੇ ਕਾਰਨ ਹਰ ਸਿਆਸੀ ਪਾਰਟੀ ਪੰਥਕ ਵੋਟਾਂ ਨੂੰ ਆਪਣੇ ਪੱਖ ਵਿੱਚ ਕਰਨ ਦਾ ਯਤਨ ਕਰਦੀ ਹੈ। ਲੰਬਾ ਸਮਾਂ ਪੰਥਕ ਵੋਟਾਂ ਅਕਾਲੀ ਦਲ ਬਾਦਲ ਦੀ ਝੋਲੀ ਪੈਂਦੀਆਂ ਰਹੀਆਂ। ਇਹ ਵੀ ਕਿਹਾ ਜਾ ਸਕਦਾਹੈ ਕਿ ਅਕਾਲੀ ਦਲ ਦਾ ਚੋਣ ਨਿਸ਼ਾਨ ਤਕੜੀ ਪੰਥਕ ਵੋਟਾਂ ਦੇ ਦਿਡੋ ਦਿਮਾਗ ਵਿੱਚ ਵਸ ਗਿਆ ਸੀ ਜਿਸ ਕਰਕੇ ਉਹ ਬਿਨਾਂ ਉਮੀਦਵਾਰ ਨੂੰ ਵੇਖਿਆ ਸਿਰਫ ਤਕੜੀ ਦੇ ਚੋਣ ਨਿਸ਼ਾਨ ਤੇ ਮੋਹਰ ਲਗਾ ਦਿੰਦੀਆਂ ਸਨ।

ਬਾਅਦ ਵਿੱਚ ਇਹ ਪੰਥਕ ਵੋਟਾਂ ਬਾਦਲ ਦਲ ਦੀ ਕਾਰਗੁਜਾਰੀ ਤੋਂ ਬੁਰੀ ਤਰ੍ਹਾਂ ਨਿਰਾਸ਼ ਹੋ ਕੇ ਅਕਾਲੀ ਦਲ ਬਾਦਲ ਤੋਂ ਦੂੁਰ ਹੋ ਗਈਆਂ ਜਿਸ ਕਾਰਨ ਅਕਾਲੀ ਦਲ ਬਾਦਲ ਸੱਤਾ ਤੋਂ ਬਹੁਤ ਦੂਰ ਹੈ। ਸੱਤਾ ਤੋਂ ਦੂਰ ਰਹਿਣ ਦਾ ਦੁੱਖ ਸੁਖਬੀਰ ਬਾਦਲ ਦੇ ਬਿਆਨਾਂ ਵਿੱਚ ਅਕਸਰ ਝਲਕਦਾ ਰਹਿੰਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਪੰਥਕ ਵੋਟਾਂ ਦਾ ਸਮਰਥਨ ਲੈਣ ਵਿੱਚ ਕਾਮਯਾਬ ਹੋ ਗਈ ਸੀ ਪਰ ਇਸ ਸਮੇਂ ਪੰਥਕ ਸੋਚ ਵਾਲੇ ਵੋਟਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਿਰਾਸ਼ ਦੱਸੇ ਜਾਂਦੇ ਹਨ। ਇਸ ਦਾ ਮੁੱਖ ਕਾਰਨ ਆਪ ਸਰਕਾਰ ਵੱਲੋਂ ਪੰਥਕ ਮੁੱਦਿਆਂ ਤੋਂ ਦੂਰੀ ਬਣਾਉਣਾ ਵੀ ਦੱਸਿਆ ਜਾਂਦਾ ਹੈ।

ਇਸ ਸਮੇਂ ਬਾਦਲ ਦਲ ਦਾਅਵਾ ਕਰ ਰਿਹਾ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਦੀ ਦੇਰ ਹੈ ਕਿ ਅਕਾਲੀ ਸਰਕਾਰ ਆਈ ਕਿ ਆਈ। ਦੂਜੇ ਪਾਸੇ ਕਾਂਗਰਸ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਅਗਵਾਈ ਵਿੱਚ ਬਣੇਗੀ। ਇਸੇ ਦੌਰਾਨ ਭਾਜਪਾ ਵੀ ਦਾਅਵਾ ਕਰ ਰਹੀ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਇੱਕਲਿਆਂ ਦੀ ਸਰਕਾਰ ਬਣੇਗੀ, ਜਦੋਂਕਿ ਆਮ ਆਦਮੀ ਪਾਰਟੀ ਦੇ ਆਗੂ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਆਪ ਸਰਕਾਰ ਦੀ ਕਾਰਗੁਜਾਰੀ ਤੋਂ ਵੱਡੀ ਗਿਣਤੀ ਸੰਤੁਸ਼ਟ ਹਨ ਅਤੇ ਉਹ ਪੰਜਾਬ ਵਿੱਚ ਮੁੜ ਆਪ ਸਰਕਾਰ ਬਣਾਉਣ ਦਾ ਮਨ ਬਣਾਈ ਬੈਠੇ ਹਨ।

ਇਹ ਸਾਰੀਆਂ ਸਿਆਸੀ ਪਾਰਟੀਆਂ ਅਗਲੀਆਂ ਭਾਵੇਂ ਹੁਣੇ ਤੋਂ ਹੀ ਚੋਣਾਂ ਵਿੱਚ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ ਪਰ ਅਸਲੀਅਤ ਇਹ ਹੈ ਕਿ ਪੰਜਾਬ ਵਿੱਚ ਹੁਣ ਤਕ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿੱਚ ਹਵਾ ਨਹੀਂ ਬਣੀ ਹੈਅਤੇ ਨਾ ਹੀ ਪੰਜਾਬ ਵਿੱਚ ਅਜੇ ਚੋਣ ਮਾਹੌਲ ਬਣਿਆ ਹੈ। ਆਮ ਲੋਕ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਚਰਚਾ ਤਾਂ ਕਰਦੇ ਹਨ ਪਰ ਜਲਦੀ ਹੀ ਇਹ ਚਰਚਾ ਸਿਆਸਤ ਤੋਂ ਹੁੰਦੀ ਹੋਈ ਮਹਿੰਗਾਈ ਅਤੇ ਮੌਸਮ ਤੇ ਜਾ ਪਹੁੰਚਦੀ ਹੈ।

ਇਸ ਦੌਰਾਨ ਭਾਵੇਂ ਸਾਰੇ ਅਕਾਲੀ ਧੜੇ ਖੁਦ ਨੂੰ ਸਭ ਤੋਂ ਮਜਬੂਤ ਦਸ ਰਹੇ ਹਨ ਪਰੰਤੂ ਅਸਲੀਅਤ ਇਹੀ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਮੌਕੇ ਅਸਲੀ ਅਕਾਲੀ ਦਲ ਦਾ ਫੈਸਲਾ ਆਮ ਲੋਕਾਂ ਦੀ ਕਚਹਿਰੀ ਵਿੱਚ ਹੋ ਜਾਣਾ ਹੈ।

ਬਿਊਰੋ

Continue Reading

Editorial

ਸੋਨਾ ਚਾਂਦੀ ਮਹਿੰਗੇ ਹੋਣ ਕਾਰਨ ਖਤਰੇ ਵਿੱਚ ਪੈ ਸਕਦੀ ਹੈ ਮਹਿਲਾਵਾਂ ਦੀ ਸੁਰੱਖਿਆ

Published

on

By

ਭਾਰਤ ਵਿੱਚ ਦਿਨੋਂ ਦਿਨ ਸੋਨਾ ਚਾਂਦੀ ਬਹੁਤ ਮਹਿੰਗੇ ਹੁੰਦੇ ਜਾ ਰਹੇ ਹਨ, ਜਿਸ ਕਾਰਨ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ। ਭਾਰਤੀ ਮਹਿਲਾਵਾਂ ਵੱਡੀ ਗਿਣਤੀ ਸੋਨੇ ਚਾਂਦੀ ਦੇ ਗਹਿਣੇ ਪਾਉਂਦੀਆਂ ਹਨ। ਦੁਨੀਆ ਭਰ ਵਿੱਚ ਭਾਰਤ ਦੀਆਂ ਮਹਿਲਾਵਾਂ ਦੀ ਪਹਿਚਾਣ ਸੋਨੇ ਚਾਂਦੀ ਦੇ ਗਹਿਣੇ ਪਾਉਣ ਕਰਕੇ ਵੀ ਬਣੀ ਹੋਈ ਹੈ। ਜਿਵੇਂ ਜਿਵੇਂ ਸੋਨੇ ਚਾਂਦੀ ਦੇ ਗਹਿਣੇ ਮਹਿੰਗੇ ਹੁੰਦੇ ਜਾ ਰਹੇ ਹਨ, ਉਵੇਂ ਹੀ ਸੋਨੇ ਚਾਂਦੀ ਦੇ ਗਹਿਣੇ ਪਾਉਣ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਵੀ ਖਤਰੇ ਵਿੱਚ ਪੈਣ ਦੇ ਆਸਾਰ ਬਣਦੇ ਜਾ ਰਹੇ ਹਨ।

ਭਾਰਤ ਦੀਆਂ ਵੱਡੀ ਗਿਣਤੀ ਮਹਿਲਾਵਾਂ ਜਿਥੇ ਹਰ ਵੇਲੇ ਸੋਨੇ ਦੇ ਗਹਿਣੇ ਪਾ ਕੇ ਰੱਖਦੀਆਂ ਹਨ, ਉਥੇ ਭਾਰਤ ਦੇ ਪੇਂਡੂ ਖੇਤਰਾਂ ਵਿੱਚ ਅਨੇਕਾਂ ਅਜਿਹੇ ਕਬੀਲੇ ਹਨ, ਜਿਹਨਾਂ ਦੀਆਂ ਮਹਿਲਾਵਾਂ ਚਾਂਦੀ ਦੇ ਕਾਫੀ ਗਹਿਣੇ ਪਾ ਕੇ ਰਖਦੀਆਂ ਹਨ। ਹੁਣ ਚਾਂਦੀ ਵੀ ਕਾਫੀ ਮਹਿੰਗੀ ਹੋਣ ਕਰਕੇ ਇਸ ਦੇ ਗਹਿਣਿਆਂ ਦੀ ਕੀਮਤ ਵੀ ਕਾਫੀ ਵੱਧ ਗਈ ਹੈ।

ਰਾਜਸਥਾਨ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਹੋਰ ਰਾਜਾਂ ਵਿੱਚ ਅਨੇਕਾਂ ਆਮ ਮਹਿਲਾਵਾਂ ਨੂੰ ਚਾਂਦੀ ਦੇ ਭਾਰੀ ਗਹਿਣੇ ਪਾਈ ਵੇਖਿਆ ਜਾਂਦਾ ਹੈ, ਜੋ ਕਿ ਸਬਜੀ ਵੇਚਣ ਜਾਂ ਹੋਰ ਕੋਈ ਕੰਮ ਆਦਿ ਵੀ ਕਰਦੀਆਂ ਦਿਖਾਈ ਦਿੰਦੀਆਂ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਘਰੇਲੂ ਮਹਿਲਾਵਾਂ ਵੀ ਅਕਸਰ ਦਿਨ ਰਾਤ ਸੋਨੇ ਚਾਂਦੀ ਦੇ ਗਹਿਣੇ ਪਾਈ ਰੱਖਦੀਆਂ ਹਨ।

ਸੋਨੇ ਚਾਂਦੀ ਦੇ ਗਹਿਣੇ ਪਾਉਣ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਅਕਸਰ ਖਤਰੇ ਵਿੱਚ ਪੈ ਜਾਂਦੀ ਹੈ। ਅਕਸਰ ਵਿਆਹ ਸ਼ਾਦੀਆਂ, ਭੀੜ ਭੜੱਕੇ ਵਾਲੀਆਂ ਥਾਵਾਂ, ਬੱਸਾਂ, ਰੇਲ ਗੱਡੀਆਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਸਬਜੀ ਮੰਡੀਆਂ ਅਤੇ ਹੋਰ ਜਨਤਕ ਥਾਂਵਾਂ ਤੇ ਚੋਰ ਸਰਗਰਮ ਹੁੰਦੇ ਹਨ ਜੋ ਕਿ ਮਹਿਲਾਵਾਂ ਦੇ ਸੋਨੇ ਦੇ ਗਹਿਣੇ ਚੋਰੀ ਕਰ ਲੈਂਦੇ ਹਨ। ਕਈ ਵਾਰ ਚੋਰਾਂ ਵੱਲੋਂ ਮਹਿਲਾਵਾਂ ਦੇ ਗਲੇ ਵਿੱਚ ਪਾਈ ਹੋਈ ਸੋਨੇ ਦੀ ਚੈਨੀ ਏਨੇ ਜੋਰ ਨਾਲ ਖਿੱਚੀ ਜਾਂਦੀ ਹੈ ਕਿ ਮਹਿਲਾ ਦੀ ਗਰਦਨ ਤਕ ਜ਼ਖ਼ਮੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕਈ ਵਾਰ ਚੋਰਾਂ ਅਤੇ ਝਪਟਮਾਰਾਂ ਵੱਲੋਂ ਮਹਿਲਾਵਾਂ ਦੀਆਂ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਨੂੰ ਜਬਰਦਸਤੀ ਖਿੱਚ ਲਿਆ ਜਾਂਦਾ ਹੈ ਜਿਸ ਕਾਰਨ ਮਹਿਲਾਵਾਂ ਦੇ ਕੰਨ ਪਾਟ ਜਾਂਦੇ ਹਨ। ਭਾਰਤ ਦੇ ਹਰ ਇਲਾਕੇ ਵਿੱਚ ਸੋਨੇ ਚਾਂਦੀ ਦੇ ਗਹਿਣੇ ਚੋਰੀ ਹੋਣ ਅਤੇ ਝਪਟ ਮਾਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਹਨਾਂ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ।

ਰਾਜਸਥਾਨ ਦੇ ਭੀਲਵਾੜਾ ਜ਼ਿਲੇ ਦੇ ਅਰਵਾੜ ਇਲਾਕੇ ਦੇ ਪਿੰਡ ਕੋਠਿਆ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਉਥੇ ਇੱਕ ਘਰ ਵਿਚੋਂ ਚੋਰਾਂ ਨੇ ਇੱਕ 90 ਸਾਲ ਦੀ ਮਹਿਲਾ ਨੂੰ ਉਸ ਦੇ ਪਲੰਘ ਦੇ ਨਾਲ ਅਗਵਾ ਕਰ ਲਿਆ ਤਾਂ ਕਿ ਮਹਿਲਾ ਦੇ ਪਾਏ ਹੋਏ ਡੇਢ ਕਿਲੋ ਚਾਂਦੀ ਦੇ ਗਹਿਣਿਆਂ ਨੂੰ ਲੁੱਟਿਆ ਜਾ ਸਕੇ। ਭਾਂਵੇਂ ਕਿ ਪਿੰਡ ਵਾਲਿਆਂ ਦੀ ਬਹਾਦਰੀ ਨਾਲ ਚੋਰ ਮਹਿਲਾ ਦੇ ਗਹਿਣੇ ਨਹੀਂ ਲੁੱਟ ਸਕੇ ਅਤੇ ਖੇਤਾਂ ਵਿੱਚ ਮਹਿਲਾ ਨੂੰ ਉਸ ਦੇ ਹੱਥ ਪੈਰ ਬੰਨ ਕੇ ਪਲੰਘ ਸਮੇਤ ਛੱਡ ਕੇ ਫਰਾਰ ਹੋ ਗਏ। ਇਸ ਤੋਂ ਪਹਿਲਾਂ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲੇ ਦੇ ਕੋਡਾਈ ਪਿੰਡ ਵਿੱਚ ਇੱਕ ਮਹਿਲਾ ਦੇ ਚਾਂਦੀ ਦੇ ਗਹਿਣਿਆਂ ਨੂੰ ਲੁੱਟਣ ਲਈ ਉਸਦਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਸਿਰਫ਼ ਸੋਨੇ ਦੇ ਗਹਿਣੇ ਪਾਉਣ ਵਾਲੀਆਂ ਮਹਿਲਾਵਾਂ ਹੀ ਨਹੀਂ ਬਲਕਿ ਚਾਂਦੀ ਦੇ ਗਹਿਣੇ ਪਾਉਣ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਵੀ ਖਤਰੇ ਵਿੱਚ ਪੈ ਗਈ ਹੈ।

ਪੰਜਾਬ ਵਿੱਚ ਵੀ ਸੋਨੇ ਚਾਂਦੀ ਦੇ ਗਹਿਣੇ ਚੋਰੀ ਹੋਣ, ਝਪਟ ਮਾਰ ਕੇ ਖੋਹ ਲੈਣ ਜਾਂ ਲੁੱਟ ਲੈਣ ਦੀਆਂ ਘਟਨਾਵਾਂ ਬਹੁਤ ਵਾਪਰ ਰਹੀਆਂ ਹਨ। ਇਸ ਦਾ ਇੱਕ ਕਾਰਨ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਬਹੁਤ ਵਾਧਾ ਹੋ ਜਾਣਾ ਵੀ ਹੈ। ਮਹਿਲਾਵਾਂ ਨੂੰ ਜਿਥੇ ਆਪਣੀ ਸੁਰੱਖਿਆ ਲਈ ਚੌਕਸ ਰਹਿਣਾ ਚਾਹੀਦਾ ਹੈ ਉਥੇ ਜਨਤਕ ਥਾਵਾਂ ਤੇ ਸੋਨੇ ਚਾਂਦੀ ਦੇ ਗਹਿਣੇ ਪਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ।

ਬਿਊਰੋ

Continue Reading

Latest News

Trending