Connect with us

Editorial

ਚੰਗੀਆਂ ਕਿਤਾਬਾਂ ਦੇ ਅੱਜ ਵੀ ਹਨ ਬਹੁਤ ਕਦਰਦਾਨ

Published

on

ਪਾਠਕਾਂ ਦੇ ਹੱਥਾਂ ਦੀ ਛੋਹ ਨੂੰ ਤਰਸਦੀਆਂ ਰਹਿ ਜਾਂਦੀਆਂ ਨੇ ਵੱਡੀ ਗਿਣਤੀ ਕਿਤਾਬਾਂ

21ਵੀਂ ਸਦੀ ਨੂੰ ਗਿਆਨ ਦੀ ਸਦੀ ਕਿਹਾ ਜਾ ਰਿਹਾ ਹੈ ਅਤੇ ਲਾਈਬ੍ਰੇਰੀਆ ਗਿਆਨ ਵੰਡਣ ਦਾ ਚੰਗਾ ਸਾਧਨ ਹਨ। ਇਸੇ ਗੱਲ ਦੀ ਮਹੱਤਤਾ ਨੂੰ ਸਮਝਦਿਆਂ ਪੰਜਾਬ ਸਰਕਾਰ , ਪਿੰਡਾਂ ਦੀਆਂ ਪੰਚਾਇਤਾਂ, ਸਮਾਜਸੇਵੀ ਅਤੇ ਸਾਹਿਤਕ ਜਥੇਬੰਦੀਆਂ ਵੱਲੋਂ ਅਨੇਕਾਂ ਥਾਵਾਂ ਤੇ ਲਾਈਬ੍ਰੇਰੀਆਂ ਖੋਲ੍ਹੀਆ ਗਈਆਂ ਹਨ, ਜਿਥੇ ਪਾਠਕਾਂ ਦੇ ਪੜਨ ਲਈ ਵੱਖ- ਵੱਖ ਵਿਸ਼ਿਆਂ ਦੀਆਂ ਪੁਸਤਕਾਂ ਮੌਜੂੁਦ ਹਨ।

ਕਈ ਲੇਖਕਾਂ ਵੱਲੋਂ ਵੀ ਆਪਣੀਆਂ ਅਤੇ ਆਪਣੀ ਨਿੱਜੀ ਲਾਈਬ੍ਰੇਰੀ ਵਿੱਚ ਮੌਜੂਦ ਪੁਸਤਕਾਂ ਇਹਨਾਂ ਲਾਈਬ੍ਰੇਰੀਆਂ ਨੂੰ ਮੁਫਤ ਵਿੱਚ ਦਿੱਤੀਆਂ ਗਈਆਂ ਹਨ। ਜਿਸ ਕਾਰਨ ਇਹਨਾਂ ਲਾਈਬ੍ਰੇਰੀਆਂ ਵਿੱਚ ਪੁਸਤਕਾਂ ਦੀ ਘਾਟ ਨਹੀਂ ਹੈ। ਘਾਟ ਤਾਂ ਸਿਰਫ ਇਹਨਾਂ ਕਿਤਾਬਾਂ ਨੂੰ ਪੜਨ ਵਾਲਿਆਂ ਦੀ ਹੈ। ਕੁਝ ਲਾਈਬ੍ਰੇਰੀਆਂ ਵਿੱਚ ਕੁਝ ਪਾਠਕ ਕਿਤਾਬਾਂ ਪੜਨ ਜਾਂਦੇ ਹਨ ਜਿਹਨਾ ਵਿੱਚ ਜਿਆਦਾਤਰ ਵਿਦਿਆਰਥੀ ਹੁੰਦੇ ਹਨ ਜਾਂ ਫਿਰ ਪੜੇ ਲਿਖੇ ਬੇਰੁਜ਼ਗਾਰ। ਇਸ ਤੋਂ ਇਲਾਵਾ ਕੁਝ ਉਭਰਦੇ ਲੇਖਕ ਵੀ ਇਹਨਾ ਲਾਈਬ੍ਰੇਰੀਆਂ ਵਿੱਚ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਪੜਨ ਜਾਂਦੇ ਹਨ।

ਅੱਜਕੱਲ੍ਹ ਮਹਿੰਗਾਈ ਦੇ ਯੁੱਗ ਵਿੱਚ ਹੋਰਨਾਂ ਵਸਤੂਆਂ ਦੇ ਨਾਲ ਕਿਤਾਬਾਂ ਵੀ ਬਹੁਤ ਮਹਿੰਗੀਆਂ ਹੋ ਗਈਆਂ ਹਨ, ਜਿਹਨਾਂ ਨੂੰ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਸੇ ਕਾਰਨ ਅਨੇਕਾਂ ਸਾਹਿਤਪ੍ਰੇਮੀ ਲੋਕ ਕਿਤਾਬਾਂ ਮੁੱਲ ਲੈਣ ਦੀ ਥਾਂ ਲਾਈਬ੍ਰੇਰੀਆਂ ਵਿੱਚ ਜਾ ਕੇ ਕਿਤਾਬਾਂ ਪੜਨ ਨੂੰ ਤਰਜੀਹ ਦਿੰਦੇ ਹਨ। ਇਸ ਦੇ ਬਾਵਜੂਦ ਅਨੇਕਾਂ ਲਾਈਬ੍ਰੇਰੀਆਂ ਵਿੱਚ ਕਿਤਾਬਾਂ ਪੜਨ ਵਾਲੇ ਪਾਠਕਾਂ ਦੀ ਘਾਟ ਮਹਿਸੂਸ ਹੋ ਰਹੀ ਹੈ।

ਅੱਜ ਕੱਲ੍ਹ ਵੱਡੀ ਗਿਣਤੀ ਲੋਕ ਅਜਿਹੇ ਹਨ ਜਿਹੜੈ ਅਖਬਾਰ ਅਤੇ ਕਿਤਾਬ ਨੂੰ ਹੱਥ ਵਿੱਚ ਫੜ ਕੇ ਪੜਨ ਦੀ ਥਾਂ ਕੰਪਿਊਟਰ ਜਾਂ ਮੋਬਾਇਲ ਉਪਰ ਪੜਨ ਨੂੰ ਤਰਜੀਹ ਦਿੰਦੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਦੇ ਰੁਝੇਵੇਂ ਏਨੇ ਜਿਆਦਾ ਵੱਧ ਗਏ ਹਨ ਕਿ ਉਹਨਾਂ ਕੋਲ ਕਿਤਾਬਾਂ ਪੜਨ ਦਾ ਸਮਾਂ ਨਹੀਂ ਹੁੰਦਾ। ਪੰਜਾਬੀ- ਹਿੰਦੀ ਦੇ ਕੁਝ ਕੱਚਘਰੜ ਤੇ ਕੱਚਾ ਪਿੱਲਾ ਲਿਖਣ ਵਾਲੇ ਲੇਖਕ ਤੇ ਲੇਖਿਕਾਵਾਂ ਦੀਆਂ ਗੈਰਮਿਆਰੀ ਕਿਤਾਬਾਂ ਕਾਰਨ ਵੀ ਪਾਠਕ ਵਰਗ ਕਿਤਾਬਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ।

ਕਈ ਲੋਕ ਸਾਹਿਤ ਪ੍ਰੇਮੀ ਤਾਂ ਹੁੰਦੇ ਹਨ ਪਰ ਉਹਨਾਂ ਦੇ ਘਰ ਛੋਟੇ ਹੁੰਦੇ ਹਨ, ਜਿਥੇ ਕਿਤਾਬਾਂ ਲਈ ਅਲਮਾਰੀਆਂ ਰੱਖਣ ਦੀ ਥਾਂ ਨਹੀਂ ਹੁੰਦੀ, ਜਿਸ ਕਾਰਨ ਉਹ ਮਜਬੂਰੀ ਵਿੱਚ ਕਿਤਾਬਾਂ ਨਹੀਂ ਖਰੀਦ ਸਕਦੇ। ਸ਼ਹਿਰਾਂ ਵਿੱਚ ਵੱਡੀ ਗਿਣਤੀ ਲੋਕ ਛੋਟੇ ਫਲੈਟਾਂ ਵਿੱਚ ਰਹਿੰਦੇ ਹਨ, ਜਿਥੇ ਕਿ ਜਗ੍ਹਾ ਦੀ ਘਾਟ ਹੁੰਦੀ ਹੈ। ਇਸ ਕਰਕੇ ਅਜਿਹੇ ਫਲੈਟਾਂ ਵਿੱਚ ਕਿਤਾਬਾਂ ਦੀਆਂ ਅਲਮਾਰੀਆਂ ਰੱਖਣ ਲਈ ਥਾਂ ਬਣਾਉਣਾ ਸੌਖਾ ਨਹੀਂ ਹੁੰਦਾ।

ਹਾਲਾਂਕਿ ਜਿਹੜੇ ਲੋਕਾਂ ਨੇ ਕਿਤਾਬਾਂ ਪੜਨੀਆਂ ਹੁੰਦੀਆਂ ਹਨ, ਉਹ ਖੇਤਾਂ ਵਿੱਚ ਬੈਠ ਕੇ ਵੀ ਕਿਤਾਬਾਂ ਪੜ ਲੈਂਦੇ ਹਨ। ਪੰਜਾਬ ਵਿੱਚ ਕਈ ਫਾਰਮ ਹਾਊਸ ਅਜਿਹੇ ਹਨ, ਜਿਥੇ ਕਿ ਪੜੇ ਲਿਖੇ ਤੇ ਰਿਟਾਇਰ ਲੋਕ ਆਪਣੀ ਜਿੰਦਗੀ ਗੁਜਾਰ ਰਹੇ ਹਨ। ਉਹਨਾਂ ਦੇ ਬੱਚੇ ਵਿਦੇਸ਼ ਗਏ ਹੋਏ ਹਨ। ਇਹ ਬਜ਼ੁਰਗ ਲੋਕ ਅਕਸਰ ਫਾਰਮ ਹਾਊਸਾਂ ਵਿੱਚ ਕਿਤਾਬਾਂ ਪੜ ਕੇ ਆਪਣਾ ਸਮਾਂ ਬਤੀਤ ਕਰਦੇ ਹਨ। ਇਹਨਾਂ ਨੇ ਆਪਣੇ ਫਾਰਮ ਹਾਊਸ ਦੇ ਹਰ ਕਮਰੇ ਵਿੱਚ ਕਿਤਾਬਾਂ ਵਾਲੀਆਂ ਅਲਮਾਰੀਆਂ ਅਤੇ ਰੀਡਿੰਗ ਟੇਬਲ ਕੁਰਸੀ ਰੱਖੇ ਹੋਏ ਹਨ। ਕੁਝ ਲੇਖਕ ਵੀ ਅਜਿਹੇ ਫਾਰਮ ਹਾਊਸਾਂ ਵਿੱਚ ਰਹਿੰਦੇ ਹਨ। ਅਜਿਹੇ ਲੋਕਾਂ ਨੇ ਆਪਣੇ ਫਾਰਮ ਹਾਊਸਾਂ ਵਿੱਚ ਲਾਈਬ੍ਰੇਰੀਆਂ ਵੀ ਬਣਾਈਆਂ ਹੋਈਆਂ ਹਨ, ਜਿਥੇ ਕਿ ਦੁਨੀਆਂ ਦੇ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਮੌਜੂਦ ਹੁੰਦੀਆਂ ਹਨ।

ਵੱਡੀ ਗਿਣਤੀ ਕਿਤਾਬਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਪਾਠਕਾਂ ਦੇ ਹੱਥਾਂ ਦੀ ਛੋਹ ਨੂੰ ਤਰਸਦੀਆਂ ਰਹਿ ਜਾਂਦੀਆਂ ਹਨ ਅਤੇ ਰੱਦੀ ਵਿੱਚ ਚਲੀਆਂ ਜਾਂਦੀਆਂ ਹਨ, ਜਦੋਂਕਿ ਕਈ ਚੰਗੀਆਂ ਕਿਤਾਬਾਂ ਦੇ ਕਦਰਦਾਨ ਅੱਜ ਵੀ ਮੌਜੂਦ ਹਨ। ਚੰਗੀਆਂ ਕਿਤਾਬਾਂ ਨੂੰ ਅਕਸਰ ਪਾਠਕਾਂ ਵੱਲੋਂ ਬਹੁਤ ਸਾਂਭ ਸਾਂਭ ਕੇ ਰੱਖਿਆ ਜਾਂਦਾ ਹੈ ਤਾਂ ਕਿ ਸਮੇਂ ਸਮੇਂ ਇਹਨਾਂ ਕਿਤਾਬਾਂ ਨੂੰ ਮੁੜ ਪੜ੍ਹਿਆ ਜਾ ਸਕੇ। ਇਸ ਤੋਂ ਇਲਾਵਾ ਕਈ ਲੇਖਕ ਇੱਕ ਦੂਜੇ ਨੂੰ ਤੋਹਫੇ ਵਜੋਂ ਕਿਤਾਬਾਂ ਵੀ ਦਿੰਦੇ ਹਨ।

ਪਿੰਡਾਂ ਤੇ ਸ਼ਹਿਰਾਂ ਵਿੱਚ ਨਵੀਆਂ ਲਾਈਬ੍ਰੇਰੀਆਂ ਖੋਲਣਾ ਚੰਗਾ ਕੰਮ ਕਿਹਾ ਜਾ ਸਕਦਾ ਹੈ ਪਰ ਇਸ ਦੇ ਨਾਲ ਹੀ ਆਮ ਲੋਕਾਂ ਨੂੰ ਕਿਤਾਬਾਂ ਪੜਨ ਵਾਸਤੇ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਪਾਠਕ ਵਰਗ ਵਿੱਚ ਵਾਧਾ ਹੋ ਸਕੇ।

ਬਿਊਰੋ

Continue Reading

Editorial

ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਦੀ ਸਮੱਸਿਆ ਤੇ ਕਾਬੂ ਕਰਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ

Published

on

By

ਵਾਤਾਵਰਨ ਦੀ ਸੁਰਖਿਆ ਅਤੇ ਗਲੋਬਲ ਵਾਰਮਿੰਗ ਵਿੱਚ ਹੋਣ ਵਾਲੇ ਲਗਾਤਾਰ ਵਾਧੇ ਦਾ ਮੁੱਦਾ ਇਸ ਵੇਲੇ ਪੂਰੀ ਦੁਨੀਆ ਲਈ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਅਤੇ ਧਰਤੀ ਦੇ ਵਾਤਾਵਰਨ ਦੇ ਤਾਪਮਾਨ ਵਿੱਚ ਹੋਣ ਵਾਲੇ ਇਸ ਲਗਾਤਾਰ ਵਾਧੇ ਦੇ ਖਤਰਨਾਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਗਲੋਬਲ ਵਾਰਮਿੰਗ ਕਾਰਨ ਜਿੱਥੇ ਪੂਰੀ ਦੁਨੀਆਂ ਵਿੱਚ ਰੁੱਤਾਂ ਅਤੇ ਮੌਸਮ ਆਪਣਾ ਸਮਾਂ ਬਦਲ ਰਹੇ ਹਨ ਉੱਥੇ ਕਈ ਤਰ੍ਹਾਂ ਦੇ ਵਾਤਾਵਰਨ ਵਿਗਾੜ ਵੀ ਸਾਡੇ ਸਾਹਮਣੇ ਆ ਰਹੇ ਹਨ।

ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਦੀ ਇਸ ਸਮੱਸਿਆ ਕਾਰਨ ਜਿੱਥੇ ਧਰਤੀ ਦੀ ਸਤਹਿ ਦਾ ਤਾਪਮਾਨ ਵਧ ਰਿਹਾ ਹੈ ਉੱਥੇ ਇਸ ਕਾਰਨ ਪੂਰੀ ਦੁਨੀਆ ਦਾ ਮੌਸਮ ਪ੍ਰਭਾਵਿਤ ਹੋਇਆ ਹੈ। ਗਰਮੀਆਂ ਦੇ ਮੌਸਮ ਦੌਰਾਨ ਇੰਤਹਾ ਗਰਮੀ ਪੈਣ ਲੱਗ ਗਈ ਹੈ ਉੱਥੇ ਸਰਦੀ ਦੇ ਮੌਸਮ ਵਿੱਚ ਪਹਿਲਾਂ ਦੇ ਮੁਕਾਬਲੇ ਠੰਡ ਵੀ ਜਿਆਦਾ ਪੈਂਦੀ ਹੈ। ਇਸੇ ਤਰ੍ਹਾਂ ਕਦੇ ਬਹੁਤ ਜਿਆਦਾ ਬਰਸਾਤ ਹੋ ਜਾਂਦੀ ਹੈ ਅਤੇ ਕਦੇ ਸੋਕੇ ਦੀ ਨੌਬਤ ਆ ਜਾਂਦੀ ਹੈ।

ਹਾਲਾਂਕਿ ਇਹ ਵੀ ਅਸਲੀਅਤ ਹੈ ਕਿ ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਦੀ ਇਸ ਸਮੱਸਿਆ ਲਈ ਖੁਦ ਇਨਸਾਨ ਹੀ ਲਈ ਪੂਰੀ ਤਰਾਂ ਜਿੰਮੇਵਾਰ ਹੈ ਜਿਸਨੇ ਆਪਣੇ ਨਿਜੀ ਸੁਆਰਥਾਂ ਦੀ ਪੂਰਤੀ ਲਈ ਕੁਦਰਤ ਨਾਲ ਬੁਰੀ ਤਰ੍ਹਾਂ ਖਿਲਵਾੜ ਕੀਤਾ ਹੈ ਅਤੇ ਲਾਲਚ ਵਿੱਚ ਆ ਕੇ ਧਰਤੀ ਤੋਂ ਦਰਖਤਾਂ ਦੇ ਜੰਗਲ ਹੀ ਗਾਇਬ ਕਰ ਦਿਤੇ ਹਨ। ਇਸ ਵੇਲੇ ਹਾਲਾਤ ਇਹ ਹਨ ਕਿ ਜਿੱਥੇ ਸੰਸਾਰ ਭਰ ਵਿੱਚ ਜੰਗਲਾਂ ਹੇਠਲਾ ਰਕਬਾ ਲਗਾਤਾਰ ਘੱਟ ਹੋ ਰਿਹਾ ਹੈ ਉੱਥੇ ਮਨੁੱਖ ਵਲੋਂ ਚਲਾਏ ਜਾ ਰਹੇ ਉਦਯੋਗਾਂ ਅਤੇ ਸੜਕਾਂ ਤੇ ਚਲਦੇ ਵਾਹਨਾਂ ਵਿੱਚੋਂ ਇੰਨਾ ਜਿਆਦਾ ਧੂੰਆਂ ਅਤੇ ਜਹਿਰੀਲੇ ਤੱਤ ਸਾਡੇ ਵਾਤਾਵਰਨ ਵਿੱਚ ਫੈਲ ਰਹੇ ਹਨ ਜਿਸ ਕਾਰਨ ਪੂਰੇ ਸੰਸਾਰ ਦਾ ਵਾਤਾਵਰਨ ਗੰਧਲਾ ਹੋ ਗਿਆ ਹੈ। ਇਸੇ ਦਾ ਨਤੀਜਾ ਹੈ ਕਿ ਸੂਰਜ ਦੀਆਂ ਪਰਾਬੈਂਗਨੀ ਕਿਰਨਾਂ ਤੋਂ ਧਰਤੀ ਦੇ ਵਾਤਾਵਰਨ ਵਿੱਚ ਆਉਣ ਤੋਂ ਰੋਕਣ ਵਾਲੀ ਓਜੋਨ ਪਰਤ ਦਾ ਛੇਦ ਵੀ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ।

ਸਾਡੇ ਆਲੇ ਦੁਆਲੇ ਪ੍ਰਦੂਸ਼ਨ ਇੰਨਾ ਜਿਆਦਾ ਵੱਧ ਚੁੱਕਿਆ ਹੈ ਕਿ ਕੁਝ ਦੂਰੀ ਤੋਂ ਬਾਅਦ ਅਕਸਰ ਧੂੰਦਲਾ ਦਿਖਾਈ ਦਿੰਦਾ ਹੈ। ਇੱਥੇ ਇਹ ਜਿਕਰ ਕਰਨਾ ਬਣਦਾ ਹੈ ਕਿ ਛੇ ਸਾਲ ਪਹਿਲਾਂ, ਜਦੋਂ ਕੋਰੋਨਾ ਦੀ ਮਹਾਮਾਰੀ ਤੇ ਕਾਬੂ ਕਰਨ ਲਈ ਦੇਸ਼ ਭਰ ਵਿੱਚ ਲਾਕਡਾਊਨ ਅਤੇ ਕਰਫਿਊ ਲਗਾਇਆ ਗਿਆ ਸੀ ਅਤੇ ਸਭ ਕੁਝ ਬੰਦ ਹੋ ਗਿਆ ਸੀ ਉਸ ਵੇਲੇ ਵਾਤਾਵਰਨ ਵਿੱਚ ਕਾਫੀ ਸੁਧਾਰ ਹੋਇਆ ਸੀ ਅਤੇ ਪੰਜਾਬ ਵਾਸੀਆਂ ਨੂੰ ਦੂਰ ਦੇ ਪਹਾੜ ਵੀ ਬਹੁਤ ਸਾਫ ਸੁਥਰੇ ਨਜਰ ਆਉਣ ਲੱਗ ਪਏ ਸਨ। ਪਰੰਤੂ ਬਾਅਦ ਵਿੱਚ ਜਿਵੇਂ ਜਿਵੇਂ ਜੀਵਨ ਆਮ ਵਾਂਗ ਹੁੰਦਾ ਗਿਆ, ਪ੍ਰਦੂਸ਼ਨ ਵੀ ਲਗਾਤਾਰ ਵੱਧਦਾ ਗਿਆ ਅਤੇ ਸਾਡਾ ਵਾਤਾਵਰਨ ਵੀ ਪਹਿਲਾਂ ਵਾਂਗ ਗੰਧਲਾ ਹੋ ਗਿਆ। ਹੁਣ ਫਿਰ ਹਾਲ ਇਹ ਹੋ ਗਿਆ ਹੈ ਕਿ ਹਰ ਪਾਸੇ ਸਾਨੂੰ ਧੁੰਆਂ ਅਤੇ ਧੂੜ ਮਿੱਟੀ ਉੱਡਦੀ ਦਿਖਦੀ ਹੈ।

ਵਾਤਾਵਰਨ ਵਿੱਚ ਲਗਾਤਾਰ ਵੱਧਦੇ ਇਸ ਪ੍ਰਦੂਸ਼ਣ ਵਾਸਤੇ ਖੁਦ ਮਨੁੱਖ ਹੀ ਜਿੰਮੇਵਾਰ ਹੈ ਜਿਸਨੇ ਆਪਣੇ ਲਾਲਚ ਅਤੇ ਦੁਨੀਆਵੀ ਸੁਖਾਂ ਲਈ ਕੁਦਰਤੀ ਸਰੋਤਾਂ ਦਾ ਦੋਹਨ ਕਰਕੇ ਵਾਤਾਵਰਨ ਵਿੱਚ ਵਿਗਾੜ ਪੈਦਾ ਕੀਤਾ ਹੈ। ਮੈਦਾਨੀ ਇਲਾਕਿਆਂ ਵਿੱਚ ਜਿਥੇ ਮਨੁੱਖ ਵਲੋਂ ਫੈਕਟਰੀਆਂ ਅਤੇ ਵਾਹਨਾਂ ਰਾਹੀਂ ਵਾਤਾਵਰਨ ਵਿੱਚ ਜਹਿਰੀਲਾ ਧੂਆਂ ਅਤੇ ਕਈ ਤਰ੍ਹਾਂ ਦੇ ਕੈਮੀਕਲ ਛੱਡ ਕੇ ਵਾਤਾਵਰਨ ਵਿੱਚ ਜਹਿਰ ਘੋਲਿਆ ਜਾ ਰਿਹਾ ਹੈ, ਉਥੇ ਪਹਾੜੀ ਇਲਾਕਿਆਂ ਵਿੱਚ ਮਨੁੱਖ ਨੇ ਪਹਾੜਾਂ ਦੀਆਂ ਜੜਾਂ ਵਿਚੋਂ ਖਣਿਜ ਪਦਾਰਥਾਂ ਦਾ ਦੋਹਨ ਕਰਕੇ ਪਹਾੜਾਂ ਨੂੰ ਵੀ ਅੰਦਰੋ ਖੋਖਲਾ ਕਰ ਦਿੱਤਾ ਹੈ, ਜਿਸ ਕਰਕੇ ਅਕਸਰ ਪਹਾੜ ਟੁੱਟ ਕੇ ਡਿੱਗਣ ਲੱਗ ਪਏ ਹਨ ਅਤੇ ਇਸ ਕਾਰਨ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਸੰਬੰਧੀ ਵਿਗਿਆਨੀਆਂ ਵਲੋਂ ਪਹਿਲਾਂ ਹੀ ਚਿਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਜੇਕਰ ਗਲੋਬਲ ਵਾਰਮਿੰਗ ਵਿੱਚ ਇਸੇ ਤਰ੍ਹਾਂ ਵਾਧਾ ਹੁੰਦਾ ਰਿਹਾ ਤਾਂ ਸਮੁੰਦਰ ਦੇ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਸਮੁੰਦਰ ਨੇੜਲੇ ਇਲਾਕੇ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਣਗੇ ਅਤੇ ਅਜਿਹਾ ਹੋਣਾ ਸ਼ੁਰੂ ਵੀ ਹੋ ਚੁੱਕਿਆ ਹੈ।

ਜਾਹਿਰ ਹੈ ਕਿ ਜੇਕਰ ਅਸੀਂ ਹੁਣੇ ਵੀ ਨਾ ਸੰਭਲੇ ਤਾਂ ਲਗਾਤਾਰ ਵੱਧਦੀ ਇਸ ਗਲੋਬਲ ਵਾਰਮਿੰਗ ਨੇ ਦੁਨੀਆ ਦੇ ਜੀਵਨ ਚੱਕਰ ਨੂੰ ਹੀ ਖਤਮ ਕਰ ਦੇਣਾ ਹੈ। ਇਸ ਲਈ ਜਰੂਰੀ ਹੈ ਕਿ ਪੂਰੇ ਸੰਸਾਰ ਵਿੱਚ ਪ੍ਰਦੂਸ਼ਨ ਨੂੰ ਰੋਕਣ ਲਈ ਸਾਂਝੇ ਉਪਰਾਲੇ ਤਹਿਤ ਵੱਧ ਤੋਂ ਵੱਧ ਦਰਖਤ ਲਗਾਏ ਜਾਣ ਅਤੇ ਇਹਨਾਂ ਦਰਖਤਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇ। ਇਸਦੇ ਨਾਲ ਹੀ ਪ੍ਰਦੂਸ਼ਨ ਦੇ ਵੰਧਦੇ ਪੱਧਰ ਤੇ ਕਾਬੂ ਕਰਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਗਲੋਬਲ ਵਾਰਮਿੰਗ ਤੋਂ ਬਚਣ ਲਈ ਹਰ ਮਨੁੱਖ ਨੂੰ ਅੱਗੇ ਆ ਕੇ ਪਹਿਲ ਕਰਨੀ ਪੈਣੀ ਹੈ ਤਾਂ ਹੀ ਅਸੀਂ ਆਪਣੀ ਇਸ ਦੁਨੀਆ ਨੂੰ ਬਚਾ ਸਕਦੇ ਹਾਂ।

Continue Reading

Editorial

ਲੋਕਾਂ ਦੀ ਕਚਹਿਰੀ ਵਿੱਚ ਹੀ ਹੋਵੇਗਾ ਅਸਲੀ ਅਕਾਲੀ ਦਲ ਦਾ ਫੈਸਲਾ

Published

on

By

ਸਾਬਕਾ ਲੋਕ ਸਭਾ ਮੈਂਬਰ ਅਤੇ ਟਕਸਾਲੀ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਟੀ ਵੀ ਚੈਨਲ ਨਾਲ ਇੰਟਰਵਿਊ ਦੌਰਾਨ ਕਿਹਾ ਹੈ ਕਿ ਅਕਾਲੀ ਦਲਾਂ ਦੀ ਗਿਣਤੀ ਭਾਵੇਂ ਕਿੰਨੀ ਵੀ ਕਿਉਂ ਨਾ ਹੋਵੇ ਪਰ ਸਿੱਧਾਂਤਾਂ ਅਨੁਸਾਰ ਇਹਨਾਂ ਵਿੱਚ ਏਕਤਾ ਹੋ ਸਕਦੀ ਹੈ ਅਤੇ ਅਸਲੀ ਅਕਾਲੀ ਦਲ ਦਾ ਫੈਸਲਾ ਲੋਕ ਕਚਰਿਹੀ ਵਿੱਚ ਹੋ ਜਾਵੇਗਾ। ਜਦੋਂ ਉਹਨਾਂ ਨੂੰ ਪੁਛਿਆ ਗਿਆ ਕਿ ਅਕਾਲੀ ਦਲਾਂ ਦੀ ਵਧੇਰੇ ਗਿਣਤੀ ਹੋਣ ਕਾਰਨ ਪੰਥਕ ਵੋਟਾਂ ਵੰਡੀਆਂ ਜਾਂਦੀਆਂ ਹਨ, ਜਿਸ ਨਾਲ ਅਕਾਲੀ ਦਲ ਨੂੰ ਹੀ ਨੁਕਸਾਨ ਹੁੰਦਾ ਹੈ ਤਾਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਭਰਮ ਹੈ ਕਿ ਪੰਥਕ ਵੋਟਾਂ ਵੰਡੀਆਂ ਜਾਂਦੀਆਂ ਹਨ। ਅਸਲੀਅਤ ਤਾਂ ਇਹ ਹੈ ਕਿ ਪੰਥਕ ਵੋਟਾਂ ਆਪਣੀ ਮਰਜੀ ਨਾਲ ਇੱਕ ਪਾਸੇ ਉਲਰ ਜਾਂਦੀਆਂ ਹਨ। ਕਦੇ ਉਹ ਸਿਮਰਨਜੀਤ ਸਿੰਘ ਮਾਨ ਨੂੰ ਜੇਤੂ ਬਣਾ ਦਿੰਦੀਆਂ ਹਨ ਅਤੇ ਕਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ। ਅਕਾਲੀ ਆਗੂ ਚੰਦੂਮਾਜਰਾ ਦੇ ਇਹ ਵਿਚਾਰ ਕਾਫੀ ਮਹੱਤਤਾ ਰੱਖਦੇ ਹਨ ਕਿਉਂਕਿ ਉਹਨਾਂ ਨੇ ਇਹ ਵਿਚਾਰ ਅਕਾਲੀ ਦਲਾਂ ਦੀ ਮੌਜੂਦਾ ਫੁੱਟ ਅਤੇ ਸਥਿਤੀ ਬਾਰੇ ਪ੍ਰਗਟ ਕੀਤੇ ਸਨ।

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਵਿੱਚ ਅਕਾਲੀ ਦਲਾਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਸਾਰੇ ਅਕਾਲੀ ਧੜੇ ਆਪਣੇ ਆਪ ਨੂੰ ਅਸਲੀ ਅਕਾਲੀ ਦਲ ਕਹਿੰਦੇ ਹਨ। ਜਦੋਂ ਵੀ ਅਕਾਲੀ ਧੜਿਆਂ ਬਾਰੇ ਏਕਤਾ ਦੀ ਮੀਟਿੰਗ ਹੁੰਦੀ ਹੈ ਤਾਂ ਇਕ ਹੋਰ ਅਕਾਲੀ ਦਲ ਹੋਂਦ ਵਿੱਚ ਆ ਜਾਂਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਸਾਰੇ ਅਕਾਲੀ ਧੜਿਆਂ ਨੂੰ ਭੰਗ ਕਰਕੇ ਇੱਕ ਅਕਾਲੀ ਦਲ ਬਣਾਉਣ ਦਾ ਸੱਦਾ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਇੱਕ ਹੋਰ ਨਵਾਂ ਅਕਾਲੀ ਦਲ ਪੁਨਰ ਸੁਰਜੀਤ ਹੋਂਦ ਵਿੱਚ ਆ ਗਿਆ, ਜਿਸ ਦੀ ਅਗਵਾਈ ਖੁਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਹਨ।

ਪੰਜਾਬ ਵਿੱਚ ਪੰਥਕ ਦਲਾਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਇਹ ਪੰਥਕ ਵੋਟਾਂ ਕਿਸੇ ਵੀ ਸਿਆਸੀ ਪਾਰਟੀ ਦੀ ਜਿੱਤ ਹਾਰ ਦਾ ਫੈਸਲਾ ਕਰ ਦਿੰਦੀਆਂ ਹਨ। ਇਸੇ ਕਾਰਨ ਹਰ ਸਿਆਸੀ ਪਾਰਟੀ ਪੰਥਕ ਵੋਟਾਂ ਨੂੰ ਆਪਣੇ ਪੱਖ ਵਿੱਚ ਕਰਨ ਦਾ ਯਤਨ ਕਰਦੀ ਹੈ। ਲੰਬਾ ਸਮਾਂ ਪੰਥਕ ਵੋਟਾਂ ਅਕਾਲੀ ਦਲ ਬਾਦਲ ਦੀ ਝੋਲੀ ਪੈਂਦੀਆਂ ਰਹੀਆਂ। ਇਹ ਵੀ ਕਿਹਾ ਜਾ ਸਕਦਾਹੈ ਕਿ ਅਕਾਲੀ ਦਲ ਦਾ ਚੋਣ ਨਿਸ਼ਾਨ ਤਕੜੀ ਪੰਥਕ ਵੋਟਾਂ ਦੇ ਦਿਡੋ ਦਿਮਾਗ ਵਿੱਚ ਵਸ ਗਿਆ ਸੀ ਜਿਸ ਕਰਕੇ ਉਹ ਬਿਨਾਂ ਉਮੀਦਵਾਰ ਨੂੰ ਵੇਖਿਆ ਸਿਰਫ ਤਕੜੀ ਦੇ ਚੋਣ ਨਿਸ਼ਾਨ ਤੇ ਮੋਹਰ ਲਗਾ ਦਿੰਦੀਆਂ ਸਨ।

ਬਾਅਦ ਵਿੱਚ ਇਹ ਪੰਥਕ ਵੋਟਾਂ ਬਾਦਲ ਦਲ ਦੀ ਕਾਰਗੁਜਾਰੀ ਤੋਂ ਬੁਰੀ ਤਰ੍ਹਾਂ ਨਿਰਾਸ਼ ਹੋ ਕੇ ਅਕਾਲੀ ਦਲ ਬਾਦਲ ਤੋਂ ਦੂੁਰ ਹੋ ਗਈਆਂ ਜਿਸ ਕਾਰਨ ਅਕਾਲੀ ਦਲ ਬਾਦਲ ਸੱਤਾ ਤੋਂ ਬਹੁਤ ਦੂਰ ਹੈ। ਸੱਤਾ ਤੋਂ ਦੂਰ ਰਹਿਣ ਦਾ ਦੁੱਖ ਸੁਖਬੀਰ ਬਾਦਲ ਦੇ ਬਿਆਨਾਂ ਵਿੱਚ ਅਕਸਰ ਝਲਕਦਾ ਰਹਿੰਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਪੰਥਕ ਵੋਟਾਂ ਦਾ ਸਮਰਥਨ ਲੈਣ ਵਿੱਚ ਕਾਮਯਾਬ ਹੋ ਗਈ ਸੀ ਪਰ ਇਸ ਸਮੇਂ ਪੰਥਕ ਸੋਚ ਵਾਲੇ ਵੋਟਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਿਰਾਸ਼ ਦੱਸੇ ਜਾਂਦੇ ਹਨ। ਇਸ ਦਾ ਮੁੱਖ ਕਾਰਨ ਆਪ ਸਰਕਾਰ ਵੱਲੋਂ ਪੰਥਕ ਮੁੱਦਿਆਂ ਤੋਂ ਦੂਰੀ ਬਣਾਉਣਾ ਵੀ ਦੱਸਿਆ ਜਾਂਦਾ ਹੈ।

ਇਸ ਸਮੇਂ ਬਾਦਲ ਦਲ ਦਾਅਵਾ ਕਰ ਰਿਹਾ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਦੀ ਦੇਰ ਹੈ ਕਿ ਅਕਾਲੀ ਸਰਕਾਰ ਆਈ ਕਿ ਆਈ। ਦੂਜੇ ਪਾਸੇ ਕਾਂਗਰਸ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਅਗਵਾਈ ਵਿੱਚ ਬਣੇਗੀ। ਇਸੇ ਦੌਰਾਨ ਭਾਜਪਾ ਵੀ ਦਾਅਵਾ ਕਰ ਰਹੀ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਇੱਕਲਿਆਂ ਦੀ ਸਰਕਾਰ ਬਣੇਗੀ, ਜਦੋਂਕਿ ਆਮ ਆਦਮੀ ਪਾਰਟੀ ਦੇ ਆਗੂ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਆਪ ਸਰਕਾਰ ਦੀ ਕਾਰਗੁਜਾਰੀ ਤੋਂ ਵੱਡੀ ਗਿਣਤੀ ਸੰਤੁਸ਼ਟ ਹਨ ਅਤੇ ਉਹ ਪੰਜਾਬ ਵਿੱਚ ਮੁੜ ਆਪ ਸਰਕਾਰ ਬਣਾਉਣ ਦਾ ਮਨ ਬਣਾਈ ਬੈਠੇ ਹਨ।

ਇਹ ਸਾਰੀਆਂ ਸਿਆਸੀ ਪਾਰਟੀਆਂ ਅਗਲੀਆਂ ਭਾਵੇਂ ਹੁਣੇ ਤੋਂ ਹੀ ਚੋਣਾਂ ਵਿੱਚ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ ਪਰ ਅਸਲੀਅਤ ਇਹ ਹੈ ਕਿ ਪੰਜਾਬ ਵਿੱਚ ਹੁਣ ਤਕ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿੱਚ ਹਵਾ ਨਹੀਂ ਬਣੀ ਹੈਅਤੇ ਨਾ ਹੀ ਪੰਜਾਬ ਵਿੱਚ ਅਜੇ ਚੋਣ ਮਾਹੌਲ ਬਣਿਆ ਹੈ। ਆਮ ਲੋਕ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਚਰਚਾ ਤਾਂ ਕਰਦੇ ਹਨ ਪਰ ਜਲਦੀ ਹੀ ਇਹ ਚਰਚਾ ਸਿਆਸਤ ਤੋਂ ਹੁੰਦੀ ਹੋਈ ਮਹਿੰਗਾਈ ਅਤੇ ਮੌਸਮ ਤੇ ਜਾ ਪਹੁੰਚਦੀ ਹੈ।

ਇਸ ਦੌਰਾਨ ਭਾਵੇਂ ਸਾਰੇ ਅਕਾਲੀ ਧੜੇ ਖੁਦ ਨੂੰ ਸਭ ਤੋਂ ਮਜਬੂਤ ਦਸ ਰਹੇ ਹਨ ਪਰੰਤੂ ਅਸਲੀਅਤ ਇਹੀ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਮੌਕੇ ਅਸਲੀ ਅਕਾਲੀ ਦਲ ਦਾ ਫੈਸਲਾ ਆਮ ਲੋਕਾਂ ਦੀ ਕਚਹਿਰੀ ਵਿੱਚ ਹੋ ਜਾਣਾ ਹੈ।

ਬਿਊਰੋ

Continue Reading

Editorial

ਸੋਨਾ ਚਾਂਦੀ ਮਹਿੰਗੇ ਹੋਣ ਕਾਰਨ ਖਤਰੇ ਵਿੱਚ ਪੈ ਸਕਦੀ ਹੈ ਮਹਿਲਾਵਾਂ ਦੀ ਸੁਰੱਖਿਆ

Published

on

By

ਭਾਰਤ ਵਿੱਚ ਦਿਨੋਂ ਦਿਨ ਸੋਨਾ ਚਾਂਦੀ ਬਹੁਤ ਮਹਿੰਗੇ ਹੁੰਦੇ ਜਾ ਰਹੇ ਹਨ, ਜਿਸ ਕਾਰਨ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ। ਭਾਰਤੀ ਮਹਿਲਾਵਾਂ ਵੱਡੀ ਗਿਣਤੀ ਸੋਨੇ ਚਾਂਦੀ ਦੇ ਗਹਿਣੇ ਪਾਉਂਦੀਆਂ ਹਨ। ਦੁਨੀਆ ਭਰ ਵਿੱਚ ਭਾਰਤ ਦੀਆਂ ਮਹਿਲਾਵਾਂ ਦੀ ਪਹਿਚਾਣ ਸੋਨੇ ਚਾਂਦੀ ਦੇ ਗਹਿਣੇ ਪਾਉਣ ਕਰਕੇ ਵੀ ਬਣੀ ਹੋਈ ਹੈ। ਜਿਵੇਂ ਜਿਵੇਂ ਸੋਨੇ ਚਾਂਦੀ ਦੇ ਗਹਿਣੇ ਮਹਿੰਗੇ ਹੁੰਦੇ ਜਾ ਰਹੇ ਹਨ, ਉਵੇਂ ਹੀ ਸੋਨੇ ਚਾਂਦੀ ਦੇ ਗਹਿਣੇ ਪਾਉਣ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਵੀ ਖਤਰੇ ਵਿੱਚ ਪੈਣ ਦੇ ਆਸਾਰ ਬਣਦੇ ਜਾ ਰਹੇ ਹਨ।

ਭਾਰਤ ਦੀਆਂ ਵੱਡੀ ਗਿਣਤੀ ਮਹਿਲਾਵਾਂ ਜਿਥੇ ਹਰ ਵੇਲੇ ਸੋਨੇ ਦੇ ਗਹਿਣੇ ਪਾ ਕੇ ਰੱਖਦੀਆਂ ਹਨ, ਉਥੇ ਭਾਰਤ ਦੇ ਪੇਂਡੂ ਖੇਤਰਾਂ ਵਿੱਚ ਅਨੇਕਾਂ ਅਜਿਹੇ ਕਬੀਲੇ ਹਨ, ਜਿਹਨਾਂ ਦੀਆਂ ਮਹਿਲਾਵਾਂ ਚਾਂਦੀ ਦੇ ਕਾਫੀ ਗਹਿਣੇ ਪਾ ਕੇ ਰਖਦੀਆਂ ਹਨ। ਹੁਣ ਚਾਂਦੀ ਵੀ ਕਾਫੀ ਮਹਿੰਗੀ ਹੋਣ ਕਰਕੇ ਇਸ ਦੇ ਗਹਿਣਿਆਂ ਦੀ ਕੀਮਤ ਵੀ ਕਾਫੀ ਵੱਧ ਗਈ ਹੈ।

ਰਾਜਸਥਾਨ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਹੋਰ ਰਾਜਾਂ ਵਿੱਚ ਅਨੇਕਾਂ ਆਮ ਮਹਿਲਾਵਾਂ ਨੂੰ ਚਾਂਦੀ ਦੇ ਭਾਰੀ ਗਹਿਣੇ ਪਾਈ ਵੇਖਿਆ ਜਾਂਦਾ ਹੈ, ਜੋ ਕਿ ਸਬਜੀ ਵੇਚਣ ਜਾਂ ਹੋਰ ਕੋਈ ਕੰਮ ਆਦਿ ਵੀ ਕਰਦੀਆਂ ਦਿਖਾਈ ਦਿੰਦੀਆਂ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਘਰੇਲੂ ਮਹਿਲਾਵਾਂ ਵੀ ਅਕਸਰ ਦਿਨ ਰਾਤ ਸੋਨੇ ਚਾਂਦੀ ਦੇ ਗਹਿਣੇ ਪਾਈ ਰੱਖਦੀਆਂ ਹਨ।

ਸੋਨੇ ਚਾਂਦੀ ਦੇ ਗਹਿਣੇ ਪਾਉਣ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਅਕਸਰ ਖਤਰੇ ਵਿੱਚ ਪੈ ਜਾਂਦੀ ਹੈ। ਅਕਸਰ ਵਿਆਹ ਸ਼ਾਦੀਆਂ, ਭੀੜ ਭੜੱਕੇ ਵਾਲੀਆਂ ਥਾਵਾਂ, ਬੱਸਾਂ, ਰੇਲ ਗੱਡੀਆਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਸਬਜੀ ਮੰਡੀਆਂ ਅਤੇ ਹੋਰ ਜਨਤਕ ਥਾਂਵਾਂ ਤੇ ਚੋਰ ਸਰਗਰਮ ਹੁੰਦੇ ਹਨ ਜੋ ਕਿ ਮਹਿਲਾਵਾਂ ਦੇ ਸੋਨੇ ਦੇ ਗਹਿਣੇ ਚੋਰੀ ਕਰ ਲੈਂਦੇ ਹਨ। ਕਈ ਵਾਰ ਚੋਰਾਂ ਵੱਲੋਂ ਮਹਿਲਾਵਾਂ ਦੇ ਗਲੇ ਵਿੱਚ ਪਾਈ ਹੋਈ ਸੋਨੇ ਦੀ ਚੈਨੀ ਏਨੇ ਜੋਰ ਨਾਲ ਖਿੱਚੀ ਜਾਂਦੀ ਹੈ ਕਿ ਮਹਿਲਾ ਦੀ ਗਰਦਨ ਤਕ ਜ਼ਖ਼ਮੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕਈ ਵਾਰ ਚੋਰਾਂ ਅਤੇ ਝਪਟਮਾਰਾਂ ਵੱਲੋਂ ਮਹਿਲਾਵਾਂ ਦੀਆਂ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਨੂੰ ਜਬਰਦਸਤੀ ਖਿੱਚ ਲਿਆ ਜਾਂਦਾ ਹੈ ਜਿਸ ਕਾਰਨ ਮਹਿਲਾਵਾਂ ਦੇ ਕੰਨ ਪਾਟ ਜਾਂਦੇ ਹਨ। ਭਾਰਤ ਦੇ ਹਰ ਇਲਾਕੇ ਵਿੱਚ ਸੋਨੇ ਚਾਂਦੀ ਦੇ ਗਹਿਣੇ ਚੋਰੀ ਹੋਣ ਅਤੇ ਝਪਟ ਮਾਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਹਨਾਂ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ।

ਰਾਜਸਥਾਨ ਦੇ ਭੀਲਵਾੜਾ ਜ਼ਿਲੇ ਦੇ ਅਰਵਾੜ ਇਲਾਕੇ ਦੇ ਪਿੰਡ ਕੋਠਿਆ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਉਥੇ ਇੱਕ ਘਰ ਵਿਚੋਂ ਚੋਰਾਂ ਨੇ ਇੱਕ 90 ਸਾਲ ਦੀ ਮਹਿਲਾ ਨੂੰ ਉਸ ਦੇ ਪਲੰਘ ਦੇ ਨਾਲ ਅਗਵਾ ਕਰ ਲਿਆ ਤਾਂ ਕਿ ਮਹਿਲਾ ਦੇ ਪਾਏ ਹੋਏ ਡੇਢ ਕਿਲੋ ਚਾਂਦੀ ਦੇ ਗਹਿਣਿਆਂ ਨੂੰ ਲੁੱਟਿਆ ਜਾ ਸਕੇ। ਭਾਂਵੇਂ ਕਿ ਪਿੰਡ ਵਾਲਿਆਂ ਦੀ ਬਹਾਦਰੀ ਨਾਲ ਚੋਰ ਮਹਿਲਾ ਦੇ ਗਹਿਣੇ ਨਹੀਂ ਲੁੱਟ ਸਕੇ ਅਤੇ ਖੇਤਾਂ ਵਿੱਚ ਮਹਿਲਾ ਨੂੰ ਉਸ ਦੇ ਹੱਥ ਪੈਰ ਬੰਨ ਕੇ ਪਲੰਘ ਸਮੇਤ ਛੱਡ ਕੇ ਫਰਾਰ ਹੋ ਗਏ। ਇਸ ਤੋਂ ਪਹਿਲਾਂ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲੇ ਦੇ ਕੋਡਾਈ ਪਿੰਡ ਵਿੱਚ ਇੱਕ ਮਹਿਲਾ ਦੇ ਚਾਂਦੀ ਦੇ ਗਹਿਣਿਆਂ ਨੂੰ ਲੁੱਟਣ ਲਈ ਉਸਦਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਸਿਰਫ਼ ਸੋਨੇ ਦੇ ਗਹਿਣੇ ਪਾਉਣ ਵਾਲੀਆਂ ਮਹਿਲਾਵਾਂ ਹੀ ਨਹੀਂ ਬਲਕਿ ਚਾਂਦੀ ਦੇ ਗਹਿਣੇ ਪਾਉਣ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਵੀ ਖਤਰੇ ਵਿੱਚ ਪੈ ਗਈ ਹੈ।

ਪੰਜਾਬ ਵਿੱਚ ਵੀ ਸੋਨੇ ਚਾਂਦੀ ਦੇ ਗਹਿਣੇ ਚੋਰੀ ਹੋਣ, ਝਪਟ ਮਾਰ ਕੇ ਖੋਹ ਲੈਣ ਜਾਂ ਲੁੱਟ ਲੈਣ ਦੀਆਂ ਘਟਨਾਵਾਂ ਬਹੁਤ ਵਾਪਰ ਰਹੀਆਂ ਹਨ। ਇਸ ਦਾ ਇੱਕ ਕਾਰਨ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਬਹੁਤ ਵਾਧਾ ਹੋ ਜਾਣਾ ਵੀ ਹੈ। ਮਹਿਲਾਵਾਂ ਨੂੰ ਜਿਥੇ ਆਪਣੀ ਸੁਰੱਖਿਆ ਲਈ ਚੌਕਸ ਰਹਿਣਾ ਚਾਹੀਦਾ ਹੈ ਉਥੇ ਜਨਤਕ ਥਾਵਾਂ ਤੇ ਸੋਨੇ ਚਾਂਦੀ ਦੇ ਗਹਿਣੇ ਪਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ।

ਬਿਊਰੋ

Continue Reading

Latest News

Trending