Editorial
ਮਨੀਪੁਰ ਵਿੱਚ ਅਮਨ ਸ਼ਾਂਤੀ ਕਾਇਮ ਹੋਣ ਦੀ ਸੰਭਾਵਨਾ ਬਣੀ
ਮਈ 2023 ਤੋਂ ਹਿੰਸਾ ਦੀ ਲਪੇਟ ਵਿੱਚ ਆਏ ਮਨੀਪੁਰ ਵਿੱਚ ਹੁਣ ਅਮਨ ਸ਼ਾਂਤੀ ਹੋਣ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ। ਮਨੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਹਟਾਏ ਜਾਣ ਤੋਂ ਬਾਅਦ ਯੁਮਨਮ ਖੇਮਚੰਦ ਸਿੰਘ ਨੇ ਮਨੀਪੁਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ ਜਦੋਂਕਿ ਕੂਕੀ ਨੇਤਾ ਕਿਪਗੇਨ ਨੂੰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਗਈ ਹੈ। ਮਨੀਪੁਰ ਵਿੱਚ ਜਾਰੀ ਜੰਗਲ/ਜ਼ਮੀਨ ਦੀ ਲੜਾਈ ਧਰਮ ਪਰਿਵਰਤਨ, ਪਰਵਾਸ, ਮੰਦਰ, ਚਰਚ ਅਤੇ ਅਫ਼ੀਮ ਦੇ ਵਪਾਰ ਵਿੱਚੋਂ ਲੰਘਦੀ ਹੋਈ ਕਿਸ ਸਮੇਂ ਖਤਮ ਹੁੰਦੀ ਹੈ, ਇਹ ਵੇਖਣ ਵਾਲੀ ਗੱਲ ਹੈ।
ਮਨੀਪੁਰ ਵਿੱਚ ਹੋ ਰਹੀ ਹਿੰਸਾ ਵਿੱਚ ਨਾਗਾ, ਕੁਕੀ ਅਤੇ ਮੀਤੀ ਭਾਈਚਾਰੇ ਸ਼ਾਮਲ ਹਨ। ਨੁਕਸਾਨ ਕਰਨ ਵਾਲੇ ਅਤੇ ਨੁਕਸਾਨ ਉਠਾਉਣ ਵਾਲੇ ਵੀ ਇਹ ਤਿੰਨੇ ਫਿਰਕੇ ਹਨ। ਇਹ ਵੱਖਰੀ ਗੱਲ ਹੈ ਕਿ ਨਾਗਾ ਪ੍ਰਭਾਵਿਤ ਇਲਾਕਿਆਂ ਵਿੱਚ ਨੁਕਸਾਨ ਘੱਟ ਹੁੰਦਾ ਹੈ।
ਮਨੀਪੁਰ ਵਿੱਚ ਹਿੰਸਾ ਤਿੰਨ ਸਾਲ ਪਹਿਲਾਂ ਉਦੋਂ ਸ਼ੁਰੂ ਹੋਈ ਸੀ ਜਦੋਂ ਮਨੀਪੁਰ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਅਨੁਸੂਚਿਤ ਜਨਜਾਤੀ (ਐਸ.ਟੀ.) ਵਿੱਚ ਮੀਤੀ ਭਾਈਚਾਰੇ ਨੂੰ ਸ਼ਾਮਲ ਕਰਨ ਬਾਰੇ ਵਿਚਾਰ ਕਰਨ ਦੇ ਹੁਕਮ ਜਾਰੀ ਕੀਤੇ ਸਨ। ਬਾਅਦ ਵਿੱਚ ਹਾਈ ਕੋਰਟ ਦੇ ਇਸ ਫੈਸਲੇ ਨੂੰ ਸੁਪ੍ਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਮਾਮਲਾ ਰਿਜ਼ਰਵੇਸ਼ਨ ਨਾਲ ਜੁੜਿਆ ਹੋਣ ਕਾਰਨ ਪਹਿਲਾਂ ਤੋਂ ਹੀ ਅਨੁਸੂਚਿਤ ਜਨਜਾਤੀਆਂ ਵਿੱਚ ਸ਼ਾਮਲ ਨਾਗਾ-ਕੁਕੀ ਗੁੱਸੇ ਵਿੱਚ ਆ ਗਏ ਸਨ। ਨਾਗਾ-ਕੁਕੀ ਭਾਈਚਾਰੇ ਦੇ ਜ਼ਿਆਦਾਤਰ ਲੋਕ ਇਸਾਈ ਧਰਮ ਨੂੰ ਮੰਨਦੇ ਹਨ ਜਦੋਂਕਿ ਮੀਤੀ ਹਿੰਦੂ ਹਨ।
3 ਮਈ 2023 ਨੂੰ ਉੱਥੇ ਇੱਥ ‘ਕਬਾਇਲੀ ਏਕਤਾ ਮਾਰਚ’ ਕੱਢਿਆ ਗਿਆ ਸੀ, ਜਿਸ ਵਿੱਚ ਸ਼ਾਮਲ ਲੋਕ ਪਹਾੜੀ ਜ਼ਿਲ੍ਹਿਆਂ ਵਿੱਚ ਮੀਤੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਅਤੇ ਉਥੇ ਦੋ ਭਾਈਚਾਰਿਆਂ ਵਿੱਚ ਝੜਪ ਸ਼ੁਰੂ ਹੋ ਗਈ।
ਨਾਗਾ ਅਤੇ ਕੁਕੀ ਜੰਗਲਾਂ ਅਤੇ ਪਹਾੜੀ ਖੇਤਰਾਂ ਵਿੱਚ ਰਹਿੰਦੇ ਹਨ। ਉਨ੍ਹਾਂ ਨੂੰ ਇੰਫਾਲ ਘਾਟੀ ਖੇਤਰ ਵਿੱਚ ਵਸਣ ਦਾ ਵੀ ਅਧਿਕਾਰ ਹੈ। ਮੀਤੀ ਸਮਾਜ ਨੂੰ ਜੰਗਲਾਂ ਅਤੇ ਪਹਾੜੀ ਖੇਤਰਾਂ ਵਿੱਚ ਅਜਿਹੇ ਅਧਿਕਾਰ ਨਹੀਂ ਮਿਲੇ ਹਨ। ਨਾਗਾ ਅਤੇ ਕੁਕੀ, ਜੋ ਕਿ ਆਬਾਦੀ ਦਾ 34 ਪ੍ਰਤੀਸ਼ਤ ਬਣਦੇ ਹਨ, ਰਾਜ ਦੇ 90 ਪ੍ਰਤੀਸ਼ਤ ਖੇਤਰ ਵਿੱਚ ਫੈਲੇ ਹੋਏ ਹਨ। ਦੂਜੇ ਪਾਸੇ ਮੀਤੀ ਹਨ, ਜੋ ਕੁੱਲ ਆਬਾਦੀ ਦਾ ਲਗਭਗ 53 ਪ੍ਰਤੀਸ਼ਤ ਹਨ। ਇਹ ਲੋਕ ਦਸ ਫੀਸਦੀ ਖੇਤਰ ਵਿੱਚ ਰਹਿ ਰਹੇ ਹਨ।
ਮਨੀਪੁਰ ਬਾਰੇ ਕਿਹਾ ਜਾਂਦਾ ਹੈ ਕਿ ਇਹ ਇਲਾਕਾ ਕਾਫੀ ਸੁੰਦਰ ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਹੈ। ਪਰ ਇਸ ਦੀ ਸੁੰਦਰਤਾ ਨੂੰ ਕਿਸੇ ਦੀ ਨਜ਼ਰ ਲੱਗੀ ਹੋਈ ਹੈ, ਜਿਸ ਕਰਕੇ ਮਈ 2023 ਤੋਂ ਇਹ ਇਲਾਕਾ ਹਿੰਸਾ ਦੀ ਲਪੇਟ ਵਿੱਚ ਹੈ। ਕੇਂਦਰ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਮਨੀਪੁਰ ਵਿੱਚ ਸ਼ਾਂਤੀ ਦੀ ਬਹਾਲੀ ਲਈ ਯਤਨ ਕੀਤੇ ਜਾ ਰਹੇ ਹਨ ਪਰ ਇਹਨਾਂ ਯਤਨਾਂ ਨੂੰ ਸਫਲਤਾ ਨਹੀਂ ਮਿਲੀ ਹੈ। ਅਸਲ ਵਿੱਚ ਮਨੀਪੁਰ ਵਿੱਚ ਸਰਗਰਮ ਸਾਰੀਆਂ ਧਿਰਾਂ ਵੱਲੋਂ ਆਪੋ ਆਪਣੇ ਸਟੈਂਡ ਤੇ ਅੜੇ ਰਹਿਣ ਕਾਰਨ ਇਹ ਸਮੱਸਿਆ ਉਲਝ ਗਈ। ਇਸ ਤੋਂ ਇਲਾਵਾ ਮਨੀਪੁਰ ਵਿੱਚ ਵੀ ਕਈ ਅਜਿਹੀਆਂ ਸ਼ਕਤੀਆਂ ਸਰਗਰਮ ਹਨ, ਜੋ ਕਿ ਉਥੋਂ ਦੀ ਸ਼ਾਂਤੀ ਵਿਵਸਥਾ ਲਈ ਖਤਰਾ ਹਨ। ਇਹ ਸ਼ਕਤੀਆਂ ਨਹੀਂ ਚਾਹੁੰਦੀਆਂ ਕਿ ਮਨੀਪੁਰ ਵਿੱਚ ਸ਼ਾਂਤੀ ਕਾਇਮ ਹੋਵੇ। ਸ਼ਰਾਰਤੀ ਅਨਸਰਾਂ ਅਤੇ ਮਨੀਪੁਰ ਵਿਰੋਧੀ ਸ਼ਕਤੀਆਂ ਵੱਲੋਂ ਹਿੰਸਾ ਨੂੰ ਵਾਰ ਵਾਰ ਭੜਕਾਉਣ ਦੇ ਯਤਨਾਂ ਕਾਰਨ ਵੀ ਮਨੀਪੁਰ ਵਿੱਚ ਹਿੰਸਾ ਭੜਕਦੀ ਗਈ।
ਹੁਣ ਜਿਸ ਤਰੀਕੇ ਨਾਲ ਮਨੀਪੁਰ ਵਿੱਚ ਨਵੀਂ ਸਰਕਾਰ ਦਾ ਗਠਨ ਹੋਇਆ ਹੈ, ਉਸ ਨਾਲ ਮਨੀਪੁਰ ਵਿੱਚ ਸ਼ਾਂਤੀ ਹੋਣ ਦੇ ਆਸਾਰ ਬਣ ਗਏ ਹਨ। ਉਥੇ ਭਾਜਪਾ ਸਰਕਾਰ ਦਾ ਗਠਨ ਹੋਣ ਅਤੇ ਕੇਂਦਰ ਵਿੱਚ ਭਾਜਪਾ ਸਰਕਾਰ ਹੋਣ ਕਾਰਨ ਮਨੀਪੁਰ ਨੂੰ ਡਬਲ ਇੰਜਣ ਸਰਕਾਰ ਹੋਣ ਦਾ ਲਾਭ ਵੀ ਮਿਲ ਸਕਦਾ ਹੈ, ਜਿਸ ਕਾਰਨ ਉਥੇ ਪੂਰੀ ਤਰ੍ਹਾਂ ਅਮਨ ਸ਼ਾਂਤੀ ਆ ਸਕਦੀ ਹੈ।
ਬਿਊਰੋ
Editorial
ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਦੀ ਸਮੱਸਿਆ ਤੇ ਕਾਬੂ ਕਰਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ
ਵਾਤਾਵਰਨ ਦੀ ਸੁਰਖਿਆ ਅਤੇ ਗਲੋਬਲ ਵਾਰਮਿੰਗ ਵਿੱਚ ਹੋਣ ਵਾਲੇ ਲਗਾਤਾਰ ਵਾਧੇ ਦਾ ਮੁੱਦਾ ਇਸ ਵੇਲੇ ਪੂਰੀ ਦੁਨੀਆ ਲਈ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਅਤੇ ਧਰਤੀ ਦੇ ਵਾਤਾਵਰਨ ਦੇ ਤਾਪਮਾਨ ਵਿੱਚ ਹੋਣ ਵਾਲੇ ਇਸ ਲਗਾਤਾਰ ਵਾਧੇ ਦੇ ਖਤਰਨਾਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਗਲੋਬਲ ਵਾਰਮਿੰਗ ਕਾਰਨ ਜਿੱਥੇ ਪੂਰੀ ਦੁਨੀਆਂ ਵਿੱਚ ਰੁੱਤਾਂ ਅਤੇ ਮੌਸਮ ਆਪਣਾ ਸਮਾਂ ਬਦਲ ਰਹੇ ਹਨ ਉੱਥੇ ਕਈ ਤਰ੍ਹਾਂ ਦੇ ਵਾਤਾਵਰਨ ਵਿਗਾੜ ਵੀ ਸਾਡੇ ਸਾਹਮਣੇ ਆ ਰਹੇ ਹਨ।
ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਦੀ ਇਸ ਸਮੱਸਿਆ ਕਾਰਨ ਜਿੱਥੇ ਧਰਤੀ ਦੀ ਸਤਹਿ ਦਾ ਤਾਪਮਾਨ ਵਧ ਰਿਹਾ ਹੈ ਉੱਥੇ ਇਸ ਕਾਰਨ ਪੂਰੀ ਦੁਨੀਆ ਦਾ ਮੌਸਮ ਪ੍ਰਭਾਵਿਤ ਹੋਇਆ ਹੈ। ਗਰਮੀਆਂ ਦੇ ਮੌਸਮ ਦੌਰਾਨ ਇੰਤਹਾ ਗਰਮੀ ਪੈਣ ਲੱਗ ਗਈ ਹੈ ਉੱਥੇ ਸਰਦੀ ਦੇ ਮੌਸਮ ਵਿੱਚ ਪਹਿਲਾਂ ਦੇ ਮੁਕਾਬਲੇ ਠੰਡ ਵੀ ਜਿਆਦਾ ਪੈਂਦੀ ਹੈ। ਇਸੇ ਤਰ੍ਹਾਂ ਕਦੇ ਬਹੁਤ ਜਿਆਦਾ ਬਰਸਾਤ ਹੋ ਜਾਂਦੀ ਹੈ ਅਤੇ ਕਦੇ ਸੋਕੇ ਦੀ ਨੌਬਤ ਆ ਜਾਂਦੀ ਹੈ।
ਹਾਲਾਂਕਿ ਇਹ ਵੀ ਅਸਲੀਅਤ ਹੈ ਕਿ ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਦੀ ਇਸ ਸਮੱਸਿਆ ਲਈ ਖੁਦ ਇਨਸਾਨ ਹੀ ਲਈ ਪੂਰੀ ਤਰਾਂ ਜਿੰਮੇਵਾਰ ਹੈ ਜਿਸਨੇ ਆਪਣੇ ਨਿਜੀ ਸੁਆਰਥਾਂ ਦੀ ਪੂਰਤੀ ਲਈ ਕੁਦਰਤ ਨਾਲ ਬੁਰੀ ਤਰ੍ਹਾਂ ਖਿਲਵਾੜ ਕੀਤਾ ਹੈ ਅਤੇ ਲਾਲਚ ਵਿੱਚ ਆ ਕੇ ਧਰਤੀ ਤੋਂ ਦਰਖਤਾਂ ਦੇ ਜੰਗਲ ਹੀ ਗਾਇਬ ਕਰ ਦਿਤੇ ਹਨ। ਇਸ ਵੇਲੇ ਹਾਲਾਤ ਇਹ ਹਨ ਕਿ ਜਿੱਥੇ ਸੰਸਾਰ ਭਰ ਵਿੱਚ ਜੰਗਲਾਂ ਹੇਠਲਾ ਰਕਬਾ ਲਗਾਤਾਰ ਘੱਟ ਹੋ ਰਿਹਾ ਹੈ ਉੱਥੇ ਮਨੁੱਖ ਵਲੋਂ ਚਲਾਏ ਜਾ ਰਹੇ ਉਦਯੋਗਾਂ ਅਤੇ ਸੜਕਾਂ ਤੇ ਚਲਦੇ ਵਾਹਨਾਂ ਵਿੱਚੋਂ ਇੰਨਾ ਜਿਆਦਾ ਧੂੰਆਂ ਅਤੇ ਜਹਿਰੀਲੇ ਤੱਤ ਸਾਡੇ ਵਾਤਾਵਰਨ ਵਿੱਚ ਫੈਲ ਰਹੇ ਹਨ ਜਿਸ ਕਾਰਨ ਪੂਰੇ ਸੰਸਾਰ ਦਾ ਵਾਤਾਵਰਨ ਗੰਧਲਾ ਹੋ ਗਿਆ ਹੈ। ਇਸੇ ਦਾ ਨਤੀਜਾ ਹੈ ਕਿ ਸੂਰਜ ਦੀਆਂ ਪਰਾਬੈਂਗਨੀ ਕਿਰਨਾਂ ਤੋਂ ਧਰਤੀ ਦੇ ਵਾਤਾਵਰਨ ਵਿੱਚ ਆਉਣ ਤੋਂ ਰੋਕਣ ਵਾਲੀ ਓਜੋਨ ਪਰਤ ਦਾ ਛੇਦ ਵੀ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ।
ਸਾਡੇ ਆਲੇ ਦੁਆਲੇ ਪ੍ਰਦੂਸ਼ਨ ਇੰਨਾ ਜਿਆਦਾ ਵੱਧ ਚੁੱਕਿਆ ਹੈ ਕਿ ਕੁਝ ਦੂਰੀ ਤੋਂ ਬਾਅਦ ਅਕਸਰ ਧੂੰਦਲਾ ਦਿਖਾਈ ਦਿੰਦਾ ਹੈ। ਇੱਥੇ ਇਹ ਜਿਕਰ ਕਰਨਾ ਬਣਦਾ ਹੈ ਕਿ ਛੇ ਸਾਲ ਪਹਿਲਾਂ, ਜਦੋਂ ਕੋਰੋਨਾ ਦੀ ਮਹਾਮਾਰੀ ਤੇ ਕਾਬੂ ਕਰਨ ਲਈ ਦੇਸ਼ ਭਰ ਵਿੱਚ ਲਾਕਡਾਊਨ ਅਤੇ ਕਰਫਿਊ ਲਗਾਇਆ ਗਿਆ ਸੀ ਅਤੇ ਸਭ ਕੁਝ ਬੰਦ ਹੋ ਗਿਆ ਸੀ ਉਸ ਵੇਲੇ ਵਾਤਾਵਰਨ ਵਿੱਚ ਕਾਫੀ ਸੁਧਾਰ ਹੋਇਆ ਸੀ ਅਤੇ ਪੰਜਾਬ ਵਾਸੀਆਂ ਨੂੰ ਦੂਰ ਦੇ ਪਹਾੜ ਵੀ ਬਹੁਤ ਸਾਫ ਸੁਥਰੇ ਨਜਰ ਆਉਣ ਲੱਗ ਪਏ ਸਨ। ਪਰੰਤੂ ਬਾਅਦ ਵਿੱਚ ਜਿਵੇਂ ਜਿਵੇਂ ਜੀਵਨ ਆਮ ਵਾਂਗ ਹੁੰਦਾ ਗਿਆ, ਪ੍ਰਦੂਸ਼ਨ ਵੀ ਲਗਾਤਾਰ ਵੱਧਦਾ ਗਿਆ ਅਤੇ ਸਾਡਾ ਵਾਤਾਵਰਨ ਵੀ ਪਹਿਲਾਂ ਵਾਂਗ ਗੰਧਲਾ ਹੋ ਗਿਆ। ਹੁਣ ਫਿਰ ਹਾਲ ਇਹ ਹੋ ਗਿਆ ਹੈ ਕਿ ਹਰ ਪਾਸੇ ਸਾਨੂੰ ਧੁੰਆਂ ਅਤੇ ਧੂੜ ਮਿੱਟੀ ਉੱਡਦੀ ਦਿਖਦੀ ਹੈ।
ਵਾਤਾਵਰਨ ਵਿੱਚ ਲਗਾਤਾਰ ਵੱਧਦੇ ਇਸ ਪ੍ਰਦੂਸ਼ਣ ਵਾਸਤੇ ਖੁਦ ਮਨੁੱਖ ਹੀ ਜਿੰਮੇਵਾਰ ਹੈ ਜਿਸਨੇ ਆਪਣੇ ਲਾਲਚ ਅਤੇ ਦੁਨੀਆਵੀ ਸੁਖਾਂ ਲਈ ਕੁਦਰਤੀ ਸਰੋਤਾਂ ਦਾ ਦੋਹਨ ਕਰਕੇ ਵਾਤਾਵਰਨ ਵਿੱਚ ਵਿਗਾੜ ਪੈਦਾ ਕੀਤਾ ਹੈ। ਮੈਦਾਨੀ ਇਲਾਕਿਆਂ ਵਿੱਚ ਜਿਥੇ ਮਨੁੱਖ ਵਲੋਂ ਫੈਕਟਰੀਆਂ ਅਤੇ ਵਾਹਨਾਂ ਰਾਹੀਂ ਵਾਤਾਵਰਨ ਵਿੱਚ ਜਹਿਰੀਲਾ ਧੂਆਂ ਅਤੇ ਕਈ ਤਰ੍ਹਾਂ ਦੇ ਕੈਮੀਕਲ ਛੱਡ ਕੇ ਵਾਤਾਵਰਨ ਵਿੱਚ ਜਹਿਰ ਘੋਲਿਆ ਜਾ ਰਿਹਾ ਹੈ, ਉਥੇ ਪਹਾੜੀ ਇਲਾਕਿਆਂ ਵਿੱਚ ਮਨੁੱਖ ਨੇ ਪਹਾੜਾਂ ਦੀਆਂ ਜੜਾਂ ਵਿਚੋਂ ਖਣਿਜ ਪਦਾਰਥਾਂ ਦਾ ਦੋਹਨ ਕਰਕੇ ਪਹਾੜਾਂ ਨੂੰ ਵੀ ਅੰਦਰੋ ਖੋਖਲਾ ਕਰ ਦਿੱਤਾ ਹੈ, ਜਿਸ ਕਰਕੇ ਅਕਸਰ ਪਹਾੜ ਟੁੱਟ ਕੇ ਡਿੱਗਣ ਲੱਗ ਪਏ ਹਨ ਅਤੇ ਇਸ ਕਾਰਨ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਸੰਬੰਧੀ ਵਿਗਿਆਨੀਆਂ ਵਲੋਂ ਪਹਿਲਾਂ ਹੀ ਚਿਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਜੇਕਰ ਗਲੋਬਲ ਵਾਰਮਿੰਗ ਵਿੱਚ ਇਸੇ ਤਰ੍ਹਾਂ ਵਾਧਾ ਹੁੰਦਾ ਰਿਹਾ ਤਾਂ ਸਮੁੰਦਰ ਦੇ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਸਮੁੰਦਰ ਨੇੜਲੇ ਇਲਾਕੇ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਣਗੇ ਅਤੇ ਅਜਿਹਾ ਹੋਣਾ ਸ਼ੁਰੂ ਵੀ ਹੋ ਚੁੱਕਿਆ ਹੈ।
ਜਾਹਿਰ ਹੈ ਕਿ ਜੇਕਰ ਅਸੀਂ ਹੁਣੇ ਵੀ ਨਾ ਸੰਭਲੇ ਤਾਂ ਲਗਾਤਾਰ ਵੱਧਦੀ ਇਸ ਗਲੋਬਲ ਵਾਰਮਿੰਗ ਨੇ ਦੁਨੀਆ ਦੇ ਜੀਵਨ ਚੱਕਰ ਨੂੰ ਹੀ ਖਤਮ ਕਰ ਦੇਣਾ ਹੈ। ਇਸ ਲਈ ਜਰੂਰੀ ਹੈ ਕਿ ਪੂਰੇ ਸੰਸਾਰ ਵਿੱਚ ਪ੍ਰਦੂਸ਼ਨ ਨੂੰ ਰੋਕਣ ਲਈ ਸਾਂਝੇ ਉਪਰਾਲੇ ਤਹਿਤ ਵੱਧ ਤੋਂ ਵੱਧ ਦਰਖਤ ਲਗਾਏ ਜਾਣ ਅਤੇ ਇਹਨਾਂ ਦਰਖਤਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇ। ਇਸਦੇ ਨਾਲ ਹੀ ਪ੍ਰਦੂਸ਼ਨ ਦੇ ਵੰਧਦੇ ਪੱਧਰ ਤੇ ਕਾਬੂ ਕਰਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਗਲੋਬਲ ਵਾਰਮਿੰਗ ਤੋਂ ਬਚਣ ਲਈ ਹਰ ਮਨੁੱਖ ਨੂੰ ਅੱਗੇ ਆ ਕੇ ਪਹਿਲ ਕਰਨੀ ਪੈਣੀ ਹੈ ਤਾਂ ਹੀ ਅਸੀਂ ਆਪਣੀ ਇਸ ਦੁਨੀਆ ਨੂੰ ਬਚਾ ਸਕਦੇ ਹਾਂ।
Editorial
ਲੋਕਾਂ ਦੀ ਕਚਹਿਰੀ ਵਿੱਚ ਹੀ ਹੋਵੇਗਾ ਅਸਲੀ ਅਕਾਲੀ ਦਲ ਦਾ ਫੈਸਲਾ
ਸਾਬਕਾ ਲੋਕ ਸਭਾ ਮੈਂਬਰ ਅਤੇ ਟਕਸਾਲੀ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਟੀ ਵੀ ਚੈਨਲ ਨਾਲ ਇੰਟਰਵਿਊ ਦੌਰਾਨ ਕਿਹਾ ਹੈ ਕਿ ਅਕਾਲੀ ਦਲਾਂ ਦੀ ਗਿਣਤੀ ਭਾਵੇਂ ਕਿੰਨੀ ਵੀ ਕਿਉਂ ਨਾ ਹੋਵੇ ਪਰ ਸਿੱਧਾਂਤਾਂ ਅਨੁਸਾਰ ਇਹਨਾਂ ਵਿੱਚ ਏਕਤਾ ਹੋ ਸਕਦੀ ਹੈ ਅਤੇ ਅਸਲੀ ਅਕਾਲੀ ਦਲ ਦਾ ਫੈਸਲਾ ਲੋਕ ਕਚਰਿਹੀ ਵਿੱਚ ਹੋ ਜਾਵੇਗਾ। ਜਦੋਂ ਉਹਨਾਂ ਨੂੰ ਪੁਛਿਆ ਗਿਆ ਕਿ ਅਕਾਲੀ ਦਲਾਂ ਦੀ ਵਧੇਰੇ ਗਿਣਤੀ ਹੋਣ ਕਾਰਨ ਪੰਥਕ ਵੋਟਾਂ ਵੰਡੀਆਂ ਜਾਂਦੀਆਂ ਹਨ, ਜਿਸ ਨਾਲ ਅਕਾਲੀ ਦਲ ਨੂੰ ਹੀ ਨੁਕਸਾਨ ਹੁੰਦਾ ਹੈ ਤਾਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਭਰਮ ਹੈ ਕਿ ਪੰਥਕ ਵੋਟਾਂ ਵੰਡੀਆਂ ਜਾਂਦੀਆਂ ਹਨ। ਅਸਲੀਅਤ ਤਾਂ ਇਹ ਹੈ ਕਿ ਪੰਥਕ ਵੋਟਾਂ ਆਪਣੀ ਮਰਜੀ ਨਾਲ ਇੱਕ ਪਾਸੇ ਉਲਰ ਜਾਂਦੀਆਂ ਹਨ। ਕਦੇ ਉਹ ਸਿਮਰਨਜੀਤ ਸਿੰਘ ਮਾਨ ਨੂੰ ਜੇਤੂ ਬਣਾ ਦਿੰਦੀਆਂ ਹਨ ਅਤੇ ਕਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ। ਅਕਾਲੀ ਆਗੂ ਚੰਦੂਮਾਜਰਾ ਦੇ ਇਹ ਵਿਚਾਰ ਕਾਫੀ ਮਹੱਤਤਾ ਰੱਖਦੇ ਹਨ ਕਿਉਂਕਿ ਉਹਨਾਂ ਨੇ ਇਹ ਵਿਚਾਰ ਅਕਾਲੀ ਦਲਾਂ ਦੀ ਮੌਜੂਦਾ ਫੁੱਟ ਅਤੇ ਸਥਿਤੀ ਬਾਰੇ ਪ੍ਰਗਟ ਕੀਤੇ ਸਨ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਵਿੱਚ ਅਕਾਲੀ ਦਲਾਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਸਾਰੇ ਅਕਾਲੀ ਧੜੇ ਆਪਣੇ ਆਪ ਨੂੰ ਅਸਲੀ ਅਕਾਲੀ ਦਲ ਕਹਿੰਦੇ ਹਨ। ਜਦੋਂ ਵੀ ਅਕਾਲੀ ਧੜਿਆਂ ਬਾਰੇ ਏਕਤਾ ਦੀ ਮੀਟਿੰਗ ਹੁੰਦੀ ਹੈ ਤਾਂ ਇਕ ਹੋਰ ਅਕਾਲੀ ਦਲ ਹੋਂਦ ਵਿੱਚ ਆ ਜਾਂਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਸਾਰੇ ਅਕਾਲੀ ਧੜਿਆਂ ਨੂੰ ਭੰਗ ਕਰਕੇ ਇੱਕ ਅਕਾਲੀ ਦਲ ਬਣਾਉਣ ਦਾ ਸੱਦਾ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਇੱਕ ਹੋਰ ਨਵਾਂ ਅਕਾਲੀ ਦਲ ਪੁਨਰ ਸੁਰਜੀਤ ਹੋਂਦ ਵਿੱਚ ਆ ਗਿਆ, ਜਿਸ ਦੀ ਅਗਵਾਈ ਖੁਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਹਨ।
ਪੰਜਾਬ ਵਿੱਚ ਪੰਥਕ ਦਲਾਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਇਹ ਪੰਥਕ ਵੋਟਾਂ ਕਿਸੇ ਵੀ ਸਿਆਸੀ ਪਾਰਟੀ ਦੀ ਜਿੱਤ ਹਾਰ ਦਾ ਫੈਸਲਾ ਕਰ ਦਿੰਦੀਆਂ ਹਨ। ਇਸੇ ਕਾਰਨ ਹਰ ਸਿਆਸੀ ਪਾਰਟੀ ਪੰਥਕ ਵੋਟਾਂ ਨੂੰ ਆਪਣੇ ਪੱਖ ਵਿੱਚ ਕਰਨ ਦਾ ਯਤਨ ਕਰਦੀ ਹੈ। ਲੰਬਾ ਸਮਾਂ ਪੰਥਕ ਵੋਟਾਂ ਅਕਾਲੀ ਦਲ ਬਾਦਲ ਦੀ ਝੋਲੀ ਪੈਂਦੀਆਂ ਰਹੀਆਂ। ਇਹ ਵੀ ਕਿਹਾ ਜਾ ਸਕਦਾਹੈ ਕਿ ਅਕਾਲੀ ਦਲ ਦਾ ਚੋਣ ਨਿਸ਼ਾਨ ਤਕੜੀ ਪੰਥਕ ਵੋਟਾਂ ਦੇ ਦਿਡੋ ਦਿਮਾਗ ਵਿੱਚ ਵਸ ਗਿਆ ਸੀ ਜਿਸ ਕਰਕੇ ਉਹ ਬਿਨਾਂ ਉਮੀਦਵਾਰ ਨੂੰ ਵੇਖਿਆ ਸਿਰਫ ਤਕੜੀ ਦੇ ਚੋਣ ਨਿਸ਼ਾਨ ਤੇ ਮੋਹਰ ਲਗਾ ਦਿੰਦੀਆਂ ਸਨ।
ਬਾਅਦ ਵਿੱਚ ਇਹ ਪੰਥਕ ਵੋਟਾਂ ਬਾਦਲ ਦਲ ਦੀ ਕਾਰਗੁਜਾਰੀ ਤੋਂ ਬੁਰੀ ਤਰ੍ਹਾਂ ਨਿਰਾਸ਼ ਹੋ ਕੇ ਅਕਾਲੀ ਦਲ ਬਾਦਲ ਤੋਂ ਦੂੁਰ ਹੋ ਗਈਆਂ ਜਿਸ ਕਾਰਨ ਅਕਾਲੀ ਦਲ ਬਾਦਲ ਸੱਤਾ ਤੋਂ ਬਹੁਤ ਦੂਰ ਹੈ। ਸੱਤਾ ਤੋਂ ਦੂਰ ਰਹਿਣ ਦਾ ਦੁੱਖ ਸੁਖਬੀਰ ਬਾਦਲ ਦੇ ਬਿਆਨਾਂ ਵਿੱਚ ਅਕਸਰ ਝਲਕਦਾ ਰਹਿੰਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਪੰਥਕ ਵੋਟਾਂ ਦਾ ਸਮਰਥਨ ਲੈਣ ਵਿੱਚ ਕਾਮਯਾਬ ਹੋ ਗਈ ਸੀ ਪਰ ਇਸ ਸਮੇਂ ਪੰਥਕ ਸੋਚ ਵਾਲੇ ਵੋਟਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਿਰਾਸ਼ ਦੱਸੇ ਜਾਂਦੇ ਹਨ। ਇਸ ਦਾ ਮੁੱਖ ਕਾਰਨ ਆਪ ਸਰਕਾਰ ਵੱਲੋਂ ਪੰਥਕ ਮੁੱਦਿਆਂ ਤੋਂ ਦੂਰੀ ਬਣਾਉਣਾ ਵੀ ਦੱਸਿਆ ਜਾਂਦਾ ਹੈ।
ਇਸ ਸਮੇਂ ਬਾਦਲ ਦਲ ਦਾਅਵਾ ਕਰ ਰਿਹਾ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਦੀ ਦੇਰ ਹੈ ਕਿ ਅਕਾਲੀ ਸਰਕਾਰ ਆਈ ਕਿ ਆਈ। ਦੂਜੇ ਪਾਸੇ ਕਾਂਗਰਸ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਅਗਵਾਈ ਵਿੱਚ ਬਣੇਗੀ। ਇਸੇ ਦੌਰਾਨ ਭਾਜਪਾ ਵੀ ਦਾਅਵਾ ਕਰ ਰਹੀ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਇੱਕਲਿਆਂ ਦੀ ਸਰਕਾਰ ਬਣੇਗੀ, ਜਦੋਂਕਿ ਆਮ ਆਦਮੀ ਪਾਰਟੀ ਦੇ ਆਗੂ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਆਪ ਸਰਕਾਰ ਦੀ ਕਾਰਗੁਜਾਰੀ ਤੋਂ ਵੱਡੀ ਗਿਣਤੀ ਸੰਤੁਸ਼ਟ ਹਨ ਅਤੇ ਉਹ ਪੰਜਾਬ ਵਿੱਚ ਮੁੜ ਆਪ ਸਰਕਾਰ ਬਣਾਉਣ ਦਾ ਮਨ ਬਣਾਈ ਬੈਠੇ ਹਨ।
ਇਹ ਸਾਰੀਆਂ ਸਿਆਸੀ ਪਾਰਟੀਆਂ ਅਗਲੀਆਂ ਭਾਵੇਂ ਹੁਣੇ ਤੋਂ ਹੀ ਚੋਣਾਂ ਵਿੱਚ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ ਪਰ ਅਸਲੀਅਤ ਇਹ ਹੈ ਕਿ ਪੰਜਾਬ ਵਿੱਚ ਹੁਣ ਤਕ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿੱਚ ਹਵਾ ਨਹੀਂ ਬਣੀ ਹੈਅਤੇ ਨਾ ਹੀ ਪੰਜਾਬ ਵਿੱਚ ਅਜੇ ਚੋਣ ਮਾਹੌਲ ਬਣਿਆ ਹੈ। ਆਮ ਲੋਕ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਚਰਚਾ ਤਾਂ ਕਰਦੇ ਹਨ ਪਰ ਜਲਦੀ ਹੀ ਇਹ ਚਰਚਾ ਸਿਆਸਤ ਤੋਂ ਹੁੰਦੀ ਹੋਈ ਮਹਿੰਗਾਈ ਅਤੇ ਮੌਸਮ ਤੇ ਜਾ ਪਹੁੰਚਦੀ ਹੈ।
ਇਸ ਦੌਰਾਨ ਭਾਵੇਂ ਸਾਰੇ ਅਕਾਲੀ ਧੜੇ ਖੁਦ ਨੂੰ ਸਭ ਤੋਂ ਮਜਬੂਤ ਦਸ ਰਹੇ ਹਨ ਪਰੰਤੂ ਅਸਲੀਅਤ ਇਹੀ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਮੌਕੇ ਅਸਲੀ ਅਕਾਲੀ ਦਲ ਦਾ ਫੈਸਲਾ ਆਮ ਲੋਕਾਂ ਦੀ ਕਚਹਿਰੀ ਵਿੱਚ ਹੋ ਜਾਣਾ ਹੈ।
ਬਿਊਰੋ
Editorial
ਸੋਨਾ ਚਾਂਦੀ ਮਹਿੰਗੇ ਹੋਣ ਕਾਰਨ ਖਤਰੇ ਵਿੱਚ ਪੈ ਸਕਦੀ ਹੈ ਮਹਿਲਾਵਾਂ ਦੀ ਸੁਰੱਖਿਆ
ਭਾਰਤ ਵਿੱਚ ਦਿਨੋਂ ਦਿਨ ਸੋਨਾ ਚਾਂਦੀ ਬਹੁਤ ਮਹਿੰਗੇ ਹੁੰਦੇ ਜਾ ਰਹੇ ਹਨ, ਜਿਸ ਕਾਰਨ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ। ਭਾਰਤੀ ਮਹਿਲਾਵਾਂ ਵੱਡੀ ਗਿਣਤੀ ਸੋਨੇ ਚਾਂਦੀ ਦੇ ਗਹਿਣੇ ਪਾਉਂਦੀਆਂ ਹਨ। ਦੁਨੀਆ ਭਰ ਵਿੱਚ ਭਾਰਤ ਦੀਆਂ ਮਹਿਲਾਵਾਂ ਦੀ ਪਹਿਚਾਣ ਸੋਨੇ ਚਾਂਦੀ ਦੇ ਗਹਿਣੇ ਪਾਉਣ ਕਰਕੇ ਵੀ ਬਣੀ ਹੋਈ ਹੈ। ਜਿਵੇਂ ਜਿਵੇਂ ਸੋਨੇ ਚਾਂਦੀ ਦੇ ਗਹਿਣੇ ਮਹਿੰਗੇ ਹੁੰਦੇ ਜਾ ਰਹੇ ਹਨ, ਉਵੇਂ ਹੀ ਸੋਨੇ ਚਾਂਦੀ ਦੇ ਗਹਿਣੇ ਪਾਉਣ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਵੀ ਖਤਰੇ ਵਿੱਚ ਪੈਣ ਦੇ ਆਸਾਰ ਬਣਦੇ ਜਾ ਰਹੇ ਹਨ।
ਭਾਰਤ ਦੀਆਂ ਵੱਡੀ ਗਿਣਤੀ ਮਹਿਲਾਵਾਂ ਜਿਥੇ ਹਰ ਵੇਲੇ ਸੋਨੇ ਦੇ ਗਹਿਣੇ ਪਾ ਕੇ ਰੱਖਦੀਆਂ ਹਨ, ਉਥੇ ਭਾਰਤ ਦੇ ਪੇਂਡੂ ਖੇਤਰਾਂ ਵਿੱਚ ਅਨੇਕਾਂ ਅਜਿਹੇ ਕਬੀਲੇ ਹਨ, ਜਿਹਨਾਂ ਦੀਆਂ ਮਹਿਲਾਵਾਂ ਚਾਂਦੀ ਦੇ ਕਾਫੀ ਗਹਿਣੇ ਪਾ ਕੇ ਰਖਦੀਆਂ ਹਨ। ਹੁਣ ਚਾਂਦੀ ਵੀ ਕਾਫੀ ਮਹਿੰਗੀ ਹੋਣ ਕਰਕੇ ਇਸ ਦੇ ਗਹਿਣਿਆਂ ਦੀ ਕੀਮਤ ਵੀ ਕਾਫੀ ਵੱਧ ਗਈ ਹੈ।
ਰਾਜਸਥਾਨ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਹੋਰ ਰਾਜਾਂ ਵਿੱਚ ਅਨੇਕਾਂ ਆਮ ਮਹਿਲਾਵਾਂ ਨੂੰ ਚਾਂਦੀ ਦੇ ਭਾਰੀ ਗਹਿਣੇ ਪਾਈ ਵੇਖਿਆ ਜਾਂਦਾ ਹੈ, ਜੋ ਕਿ ਸਬਜੀ ਵੇਚਣ ਜਾਂ ਹੋਰ ਕੋਈ ਕੰਮ ਆਦਿ ਵੀ ਕਰਦੀਆਂ ਦਿਖਾਈ ਦਿੰਦੀਆਂ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਘਰੇਲੂ ਮਹਿਲਾਵਾਂ ਵੀ ਅਕਸਰ ਦਿਨ ਰਾਤ ਸੋਨੇ ਚਾਂਦੀ ਦੇ ਗਹਿਣੇ ਪਾਈ ਰੱਖਦੀਆਂ ਹਨ।
ਸੋਨੇ ਚਾਂਦੀ ਦੇ ਗਹਿਣੇ ਪਾਉਣ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਅਕਸਰ ਖਤਰੇ ਵਿੱਚ ਪੈ ਜਾਂਦੀ ਹੈ। ਅਕਸਰ ਵਿਆਹ ਸ਼ਾਦੀਆਂ, ਭੀੜ ਭੜੱਕੇ ਵਾਲੀਆਂ ਥਾਵਾਂ, ਬੱਸਾਂ, ਰੇਲ ਗੱਡੀਆਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਸਬਜੀ ਮੰਡੀਆਂ ਅਤੇ ਹੋਰ ਜਨਤਕ ਥਾਂਵਾਂ ਤੇ ਚੋਰ ਸਰਗਰਮ ਹੁੰਦੇ ਹਨ ਜੋ ਕਿ ਮਹਿਲਾਵਾਂ ਦੇ ਸੋਨੇ ਦੇ ਗਹਿਣੇ ਚੋਰੀ ਕਰ ਲੈਂਦੇ ਹਨ। ਕਈ ਵਾਰ ਚੋਰਾਂ ਵੱਲੋਂ ਮਹਿਲਾਵਾਂ ਦੇ ਗਲੇ ਵਿੱਚ ਪਾਈ ਹੋਈ ਸੋਨੇ ਦੀ ਚੈਨੀ ਏਨੇ ਜੋਰ ਨਾਲ ਖਿੱਚੀ ਜਾਂਦੀ ਹੈ ਕਿ ਮਹਿਲਾ ਦੀ ਗਰਦਨ ਤਕ ਜ਼ਖ਼ਮੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕਈ ਵਾਰ ਚੋਰਾਂ ਅਤੇ ਝਪਟਮਾਰਾਂ ਵੱਲੋਂ ਮਹਿਲਾਵਾਂ ਦੀਆਂ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਨੂੰ ਜਬਰਦਸਤੀ ਖਿੱਚ ਲਿਆ ਜਾਂਦਾ ਹੈ ਜਿਸ ਕਾਰਨ ਮਹਿਲਾਵਾਂ ਦੇ ਕੰਨ ਪਾਟ ਜਾਂਦੇ ਹਨ। ਭਾਰਤ ਦੇ ਹਰ ਇਲਾਕੇ ਵਿੱਚ ਸੋਨੇ ਚਾਂਦੀ ਦੇ ਗਹਿਣੇ ਚੋਰੀ ਹੋਣ ਅਤੇ ਝਪਟ ਮਾਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਹਨਾਂ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ।
ਰਾਜਸਥਾਨ ਦੇ ਭੀਲਵਾੜਾ ਜ਼ਿਲੇ ਦੇ ਅਰਵਾੜ ਇਲਾਕੇ ਦੇ ਪਿੰਡ ਕੋਠਿਆ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਉਥੇ ਇੱਕ ਘਰ ਵਿਚੋਂ ਚੋਰਾਂ ਨੇ ਇੱਕ 90 ਸਾਲ ਦੀ ਮਹਿਲਾ ਨੂੰ ਉਸ ਦੇ ਪਲੰਘ ਦੇ ਨਾਲ ਅਗਵਾ ਕਰ ਲਿਆ ਤਾਂ ਕਿ ਮਹਿਲਾ ਦੇ ਪਾਏ ਹੋਏ ਡੇਢ ਕਿਲੋ ਚਾਂਦੀ ਦੇ ਗਹਿਣਿਆਂ ਨੂੰ ਲੁੱਟਿਆ ਜਾ ਸਕੇ। ਭਾਂਵੇਂ ਕਿ ਪਿੰਡ ਵਾਲਿਆਂ ਦੀ ਬਹਾਦਰੀ ਨਾਲ ਚੋਰ ਮਹਿਲਾ ਦੇ ਗਹਿਣੇ ਨਹੀਂ ਲੁੱਟ ਸਕੇ ਅਤੇ ਖੇਤਾਂ ਵਿੱਚ ਮਹਿਲਾ ਨੂੰ ਉਸ ਦੇ ਹੱਥ ਪੈਰ ਬੰਨ ਕੇ ਪਲੰਘ ਸਮੇਤ ਛੱਡ ਕੇ ਫਰਾਰ ਹੋ ਗਏ। ਇਸ ਤੋਂ ਪਹਿਲਾਂ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲੇ ਦੇ ਕੋਡਾਈ ਪਿੰਡ ਵਿੱਚ ਇੱਕ ਮਹਿਲਾ ਦੇ ਚਾਂਦੀ ਦੇ ਗਹਿਣਿਆਂ ਨੂੰ ਲੁੱਟਣ ਲਈ ਉਸਦਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਸਿਰਫ਼ ਸੋਨੇ ਦੇ ਗਹਿਣੇ ਪਾਉਣ ਵਾਲੀਆਂ ਮਹਿਲਾਵਾਂ ਹੀ ਨਹੀਂ ਬਲਕਿ ਚਾਂਦੀ ਦੇ ਗਹਿਣੇ ਪਾਉਣ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਵੀ ਖਤਰੇ ਵਿੱਚ ਪੈ ਗਈ ਹੈ।
ਪੰਜਾਬ ਵਿੱਚ ਵੀ ਸੋਨੇ ਚਾਂਦੀ ਦੇ ਗਹਿਣੇ ਚੋਰੀ ਹੋਣ, ਝਪਟ ਮਾਰ ਕੇ ਖੋਹ ਲੈਣ ਜਾਂ ਲੁੱਟ ਲੈਣ ਦੀਆਂ ਘਟਨਾਵਾਂ ਬਹੁਤ ਵਾਪਰ ਰਹੀਆਂ ਹਨ। ਇਸ ਦਾ ਇੱਕ ਕਾਰਨ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਬਹੁਤ ਵਾਧਾ ਹੋ ਜਾਣਾ ਵੀ ਹੈ। ਮਹਿਲਾਵਾਂ ਨੂੰ ਜਿਥੇ ਆਪਣੀ ਸੁਰੱਖਿਆ ਲਈ ਚੌਕਸ ਰਹਿਣਾ ਚਾਹੀਦਾ ਹੈ ਉਥੇ ਜਨਤਕ ਥਾਵਾਂ ਤੇ ਸੋਨੇ ਚਾਂਦੀ ਦੇ ਗਹਿਣੇ ਪਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਬਿਊਰੋ
-
Mohali2 months agoਜਨਰਲ ਵਰਗ ਦੇ ਲੋਕਾਂ ਲਈ ਕੇਂਦਰ ਵਿੱਚ ਕਮਿਸ਼ਨ ਬਣਾਉਣ ਦੀ ਮੰਗ
-
Punjab2 months agoਪੂਰਨ ਸ਼ਾਹਕੋਟੀ ਨਹੀਂ ਰਹੇ
-
Mohali2 months agoਖਪਤਕਾਰ ਸੁਰਖਿਆ ਫੈਡਰੇਸ਼ਨ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ
-
Mohali2 months agoਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਲੰਗਰ ਲਗਾਇਆ
-
Editorial1 month agoਕੁਦਰਤ ਨੂੰ ਬਹੁਤ ਪਿਆਰ ਕਰਦੇ ਹਨ ਪੰਜਾਬੀ
-
Mohali1 month ago3 ਬੀ 2 ਦੀ ਮਾਰਕੀਟ ਵਿੱਚ ਹੁੱਲੜਬਾਜੀ ਕਰਨ ਦੇ ਦੋਸ਼ ਹੇਠ ਅਕਾਲੀ ਦਲ ਦੇ ਸਾਬਕਾ ਆਗੂ ਮਲਕੀਅਤ ਸਿੰਘ ਖਾਲਸਾ ਸਮੇਤ ਦੋ ਵਿਅਕਤੀ ਗ੍ਰਿਫਤਾਰ
-
Punjab1 month agoਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਦੀ ਮੰਗ ਸਬੰਧੀ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਸੰਗਤ ਸ਼ਮੂਲੀਅਤ ਕਰੇ : ਜਥੇਦਾਰ ਗੜਗੱਜ
-
Punjab2 months agoਕਿਸਾਨ ਆਗੂ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
