Editorial
ਅਸਲ ਮੁੱਦਿਆਂ ਤੇ ਭਾਰੀ ਪਿਆ ਏ ਆਈ ਵੀਡੀਓਜ਼ ਦਾ ਮਾਇਆ ਜਾਲ
ਪੰਜਾਬ ਦੀ ਸਿਆਸਤ ਵਿੱਚ ਹਮੇਸ਼ਾ ਹੀ ਵਿਰੋਧੀਆਂ ਨੂੰ ਘੇਰਨ ਲਈ ਤਿੱਖੀ ਸ਼ਬਦਾਵਲੀ ਅਤੇ ਬਿਆਨਬਾਜ਼ੀ ਦਾ ਦੌਰ ਰਿਹਾ ਹੈ। ਪਰ ਅਜੋਕੇ ਡਿਜੀਟਲ ਯੁੱਗ ਵਿੱਚ, ਇਹ ਲੜਾਈ ਹੁਣ ਸਿਰਫ਼ ਸ਼ਬਦਾਂ ਜਾਂ ਰੈਲੀਆਂ ਤੱਕ ਸੀਮਤ ਨਹੀਂ ਰਹੀ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਆਮਦ ਨੇ ਸਿਆਸੀ ਪਾਰਟੀਆਂ ਦੇ ਹੱਥ ਇੱਕ ਅਜਿਹਾ ਘਾਤਕ ਹਥਿਆਰ ਦੇ ਦਿੱਤਾ ਹੈ, ਜਿਸ ਦੀ ਵਰਤੋਂ ਹੁਣ ਵਿਰੋਧੀ ਆਗੂਆਂ ਦੇ ਅਕਸ ਨੂੰ ਜਨਤਾ ਦੀਆਂ ਨਜ਼ਰਾਂ ਵਿੱਚ ਵਿਗਾੜਨ ਲਈ ਬੜੀ ਬੇਰਹਿਮੀ ਨਾਲ ਕੀਤੀ ਜਾ ਰਹੀ ਹੈ।
ਪੰਜਾਬ ਦਾ ਸਿਆਸੀ ਮੈਦਾਨ ਹੁਣ ਅਸਲ ਮੁੱਦਿਆਂ ਤੋਂ ਹਟ ਕੇ ਏਆਈ ਵੀਡੀਓਜ਼ ਅਤੇ ਡੀਪਫ਼ੇਕ ਦੀ ਇੱਕ ਅਜਿਹੀ ਖੇਡ ਬਣ ਗਿਆ ਹੈ, ਜਿੱਥੇ ਸੱਚਾਈ ਅਤੇ ਕਲਪਨਾ ਵਿਚਕਾਰਲਾ ਫ਼ਰਕ ਮਿਟਦਾ ਜਾ ਰਹੀ ਹੈ। ਸੂਬੇ ਦੀ ਸਿਆਸਤ ਵਿੱਚ ਏਆਈ ਦੀ ਵਰਤੋਂ ਦਾ ਸਭ ਤੋਂ ਦਿਲਚਸਪ ਅਤੇ ਚਰਚਿਤ ਕਿੱਸਾ ਡਾਇਨਾਸੌਰ ਵਾਲੇ ਬਿਆਨ ਨਾਲ ਜੁੜਿਆ ਹੋਇਆ ਹੈ। ਜਦੋਂ ਵਿਰੋਧੀਆਂ ਨੇ ਅਕਾਲੀ ਦਲ ਤੇ ਤੰਜ਼ ਕੱਸਦਿਆਂ ਕਿਹਾ ਕਿ ਸ਼ਾਇਦ ਦੁਨੀਆ ਵਿੱਚ ਡਾਇਨਾਸੌਰ ਵਾਪਸ ਆ ਜਾਣ ਪਰ ਅਕਾਲੀ ਦਲ ਨਹੀਂ ਆਵੇਗਾ। ਸ਼੍ਰੋਮਣੀ ਅਕਾਲੀ ਦਲ ਨੇ ਇਸ ਦਾ ਜਵਾਬ ਬਹੁਤ ਹੀ ਹਾਈ-ਟੈਕ ਤਰੀਕੇ ਨਾਲ ਦਿੱਤਾ। ਉਨ੍ਹਾਂ ਨੇ ਇੱਕ ਏ ਆਈ ਵੀਡੀਓ ਜਾਰੀ ਕੀਤੀ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਿਸ਼ਾਲ ਡਾਇਨਾਸੌਰ ਤੇ ਸਵਾਰ ਹੋ ਕੇ ਸ਼ਾਨ ਨਾਲ ਵਾਪਸੀ ਕਰਦੇ ਦਿਖਾਇਆ ਗਿਆ। ਇਸ ਵੀਡੀਓ ਨੇ ਸੋਸ਼ਲ ਮੀਡੀਆ ਤੇ ਖੂਬ ਚਰਚਾ ਬਟੋਰੀ। ਪਰ ਇਹ ਜੰਗ ਇੱਥੇ ਹੀ ਨਹੀਂ ਰੁਕੀ। ਇਸ ਦੇ ਪਲਟਵਾਰ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਹੋਰ ਐਨੀਮੇਟਿਡ ਵੀਡੀਓ ਜਾਰੀ ਕਰ ਦਿੱਤੀ। ਇਸ ਵੀਡੀਓ ਵਿੱਚ ਦਿਖਾਇਆ ਗਿਆ ਕਿ ਸੁਖਬੀਰ ਬਾਦਲ ਇੱਕ ਛੋਟੀ ਜਿਹੀ ਛਿਪਕਲੀ ਵਿੱਚ ਹਵਾ ਭਰ ਕੇ ਉਸ ਨੂੰ ਡਾਇਨਾਸੌਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਅਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਉਸ ਛਿਪਕਲੀ ਦੀ ਪੂੰਛ ਕੱਟਦੇ ਨਜ਼ਰ ਆਉਂਦੇ ਹਨ।
ਅਜਿਹੀਆਂ ਵੀਡੀਓਜ਼ ਇਹ ਸਾਬਿਤ ਕਰਦੀਆਂ ਹਨ ਕਿ ਹੁਣ ਸਿਆਸੀ ਪਾਰਟੀਆਂ ਗੰਭੀਰ ਚਰਚਾ ਦੀ ਬਜਾਏ ਇੱਕ-ਦੂਜੇ ਨੂੰ ਕਾਰਟੂਨ ਬਣਾ ਕੇ ਪੇਸ਼ ਕਰਨ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੀਆਂ ਹਨ। ਸਿਆਸੀ ਪਾਰਟੀਆਂ ਇਸ ਤਕਨੀਕ ਦੀ ਵਰਤੋਂ ਸਿਰਫ਼ ਮਜ਼ਾਕ ਉਡਾਉਣ ਲਈ ਹੀ ਨਹੀਂ, ਬਲਕਿ ਸਰਕਾਰ ਦੀਆਂ ਨਾਕਾਮੀਆਂ ਨੂੰ ਉਭਾਰਨ ਲਈ ਵੀ ਕਰ ਰਹੀਆਂ ਹਨ। ਪੰਜਾਬ ਕਾਂਗਰਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਕੀਤੇ ਕਈ ਅਜਿਹੇ ਗੀਤ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਪੂਰੀ ਨਾ ਹੋਣ ਤੇ ਤਿੱਖੇ ਤੰਜ਼ ਕੱਸੇ ਗਏ ਹਨ। ਇਨ੍ਹਾਂ ਵੀਡੀਓਜ਼ ਵਿੱਚ ਤਕਨੀਕ ਰਾਹੀਂ ਬਣਾਈਆਂ ਗਈਆਂ ਮਹਿਲਾਵਾਂ ਨੂੰ ਸਰਕਾਰ ਨੂੰ ਸਵਾਲ ਪੁੱਛਦੇ ਅਤੇ ਵਿਅੰਗਮਈ ਗੀਤ ਗਾਉਂਦੇ ਦਿਖਾਇਆ ਜਾਂਦਾ ਹੈ।
ਇਹ ਵੀਡੀਓਜ਼ ਇੰਨੀਆਂ ਪ੍ਰਭਾਵਸ਼ਾਲੀ ਹੁੰਦੀਆਂ ਹਨ ਕਿ ਇਹ ਆਮ ਲੋਕਾਂ ਦੇ ਜਜ਼ਬਾਤਾਂ ਨੂੰ ਜਲਦੀ ਭੜਕਾਉਂਦੀਆਂ ਹਨ। ਸੋਸ਼ਲ ਮੀਡੀਆ ਤੇ ਅਜਿਹੇ ਗੀਤ ਵੀ ਵਾਇਰਲ ਹੋਏ ਹਨ ਜਿਨ੍ਹਾਂ ਵਿੱਚ ਇੱਕ ਵੱਡੇ ਆਗੂ ਨੂੰ ਗਦਾਰ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਹਾਲਾਂਕਿ ਇਹ ਵੀਡੀਓਜ਼ ਅਸਲੀ ਨਹੀਂ ਹੁੰਦੀਆਂ, ਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਕੀਤੇ ਅਜਿਹੇ ਗੀਤਾਂ ਦਾ ਮਕਸਦ ਸਿਰਫ਼ ਕਿਸੇ ਆਗੂ ਦੇ ਕਿਰਦਾਰ ਤੇ ਹਮਲਾ ਕਰਨਾ ਅਤੇ ਵੋਟਰਾਂ ਦੇ ਮਨ ਵਿੱਚ ਉਸ ਪ੍ਰਤੀ ਨਫ਼ਰਤ ਪੈਦਾ ਕਰਨਾ ਹੁੰਦਾ ਹੈ।
ਸਿਆਸੀ ਪਾਰਟੀਆਂ ਹੁਣ ਪੋਸਟਰਾਂ ਦੀ ਬਜਾਏ ਆਪਣਾ ਮੋਟਾ ਬਜਟ ਇਨ੍ਹਾਂ ਡਿਜੀਟਲ ਟੀਮਾਂ ਤੇ ਖ਼ਰਚ ਕਰ ਰਹੀਆਂ ਹਨ। ਅੱਜਕੱਲ੍ਹ ਹਰ ਵੱਡੀ ਪਾਰਟੀ ਨੇ ਹਾਈ-ਟੈਕ ਵਾਰ-ਰੂਮ ਬਣਾਏ ਹੋਏ ਹਨ, ਜਿੱਥੇ ਮਾਹਿਰਾਂ ਦੀਆਂ ਫ਼ੌਜਾਂ 24 ਘੰਟੇ ਵਿਰੋਧੀਆਂ ਦੇ ਭਾਸ਼ਣਾਂ ਨੂੰ ਫ਼ਰੋਲਦੀਆਂ ਹਨ। ਉਨ੍ਹਾਂ ਦਾ ਕੰਮ ਕਿਸੇ ਆਗੂ ਦੇ ਚਿਹਰੇ ਤੇ ਅਜਿਹੇ ਪ੍ਰਗਟਾਵੇ ਲਿਆਉਣਾ ਹੁੰਦਾ ਹੈ ਜੋ ਉਸ ਨੇ ਕਦੇ ਕੀਤੇ ਹੀ ਨਾ ਹੋਣ। ਜਦੋਂ ਇੱਕ ਆਮ ਵੋਟਰ ਵਾਰ-ਵਾਰ ਕਿਸੇ ਆਗੂ ਦੀਆਂ ਅਜਿਹੇ ਮਜ਼ਾਕੀਆ ਜਾਂ ਨਕਾਰਾਤਮਕ ਵੀਡੀਓਜ਼ ਦੇਖਦਾ ਹੈ, ਤਾਂ ਉਸ ਦੇ ਅਵਚੇਤਨ ਮਨ ਵਿੱਚ ਉਸ ਆਗੂ ਦੀ ਗੰਭੀਰਤਾ ਖ਼ਤਮ ਹੋਣ ਲੱਗਦੀ ਹੈ। ਇਹ ਡੀਪਫ਼ੇਕ ਤਕਨੀਕ ਲੋਕਤੰਤਰ ਲਈ ਬਹੁਤ ਖ਼ਤਰਨਾਕ ਹੈ ਕਿਉਂਕਿ ਇਹ ਸੱਚਾਈ ਨੂੰ ਪੂਰੀ ਤਰ੍ਹਾਂ ਕੁਚਲ ਦਿੰਦੀ ਹੈ।
ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਇਸ ਡਿਜੀਟਲ ਚਿੱਕੜ-ਉਛਾਲੀ ਵਿੱਚ ਪੰਜਾਬ ਦੇ ਅਸਲ ਮੁੱਦੇ ਜਿਵੇਂ ਕਿ ਨਸ਼ਾਖੋਰੀ, ਬੇਰੁਜ਼ਗਾਰੀ, ਸਿਹਤ ਸਹੂਲਤਾਂ ਅਤੇ ਕਿਸਾਨੀ ਕਰਜ਼ੇ ਹਾਸ਼ੀਏ ਤੇ ਚਲੇ ਗਏ ਹਨ। ਜਦੋਂ ਸਾਰਾ ਧਿਆਨ ਇਹ ਸਾਬਿਤ ਕਰਨ ਤੇ ਲੱਗ ਜਾਂਦਾ ਹੈ ਕਿ ਕਿਹੜੀ ਪਾਰਟੀ ਦੀ ਵੀਡੀਓ ਜ਼ਿਆਦਾ ਵਧੀਆ ਹੈ, ਤਾਂ ਲੋਕ-ਭਲਾਈ ਦੀਆਂ ਗੱਲਾਂ ਪਿੱਛੇ ਰਹਿ ਜਾਂਦੀਆਂ ਹਨ। ਪੰਜਾਬ ਦੇ ਵੋਟਰਾਂ ਨੂੰ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ। ਸੋਸ਼ਲ ਮੀਡੀਆ ਤੇ ਆਉਣ ਵਾਲੀ ਹਰ ਵੀਡੀਓ ਸੱਚ ਨਹੀਂ ਹੁੰਦੀ। ਤਕਨੀਕ ਦੀ ਇਸ ਦੁਰਵਰਤੋਂ ਤੇ ਲਗਾਮ ਲਗਾਉਣ ਲਈ ਚੋਣ ਕਮਿਸ਼ਨ ਅਤੇ ਸਰਕਾਰ ਨੂੰ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ।
ਸਾਨੂੰ ਇਹ ਸਮਝਣਾ ਪਵੇਗਾ ਕਿ ਸਿਆਸੀ ਪਾਰਟੀਆਂ ਇਸ ਨਵੀਂ ਤਕਨੀਕ ਨੂੰ ਇੱਕ ਹਥਿਆਰ ਵਜੋਂ ਵਰਤ ਰਹੀਆਂ ਹਨ ਤਾਂ ਜੋ ਸਾਡਾ ਧਿਆਨ ਅਸਲੀਅਤ ਤੋਂ ਭਟਕਾਇਆ ਜਾ ਸਕੇ। ਸਹੀ ਲੋਕਤੰਤਰ ਉਹੀ ਹੈ ਜਿੱਥੇ ਫ਼ੈਸਲੇ ਵੀਡੀਓਜ਼ ਦੇਖ ਕੇ ਨਹੀਂ, ਸਗੋਂ ਆਗੂਆਂ ਦੇ ਕੰਮ ਅਤੇ ਨੀਤੀਆਂ ਨੂੰ ਦੇਖ ਕੇ ਲਏ ਜਾਣ।
ਚਾਨਣਦੀਪ ਸਿੰਘ ਔਲਖ
ਸੰਪਰਕ 9876888177
Editorial
ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਦੀ ਸਮੱਸਿਆ ਤੇ ਕਾਬੂ ਕਰਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ
ਵਾਤਾਵਰਨ ਦੀ ਸੁਰਖਿਆ ਅਤੇ ਗਲੋਬਲ ਵਾਰਮਿੰਗ ਵਿੱਚ ਹੋਣ ਵਾਲੇ ਲਗਾਤਾਰ ਵਾਧੇ ਦਾ ਮੁੱਦਾ ਇਸ ਵੇਲੇ ਪੂਰੀ ਦੁਨੀਆ ਲਈ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਅਤੇ ਧਰਤੀ ਦੇ ਵਾਤਾਵਰਨ ਦੇ ਤਾਪਮਾਨ ਵਿੱਚ ਹੋਣ ਵਾਲੇ ਇਸ ਲਗਾਤਾਰ ਵਾਧੇ ਦੇ ਖਤਰਨਾਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਗਲੋਬਲ ਵਾਰਮਿੰਗ ਕਾਰਨ ਜਿੱਥੇ ਪੂਰੀ ਦੁਨੀਆਂ ਵਿੱਚ ਰੁੱਤਾਂ ਅਤੇ ਮੌਸਮ ਆਪਣਾ ਸਮਾਂ ਬਦਲ ਰਹੇ ਹਨ ਉੱਥੇ ਕਈ ਤਰ੍ਹਾਂ ਦੇ ਵਾਤਾਵਰਨ ਵਿਗਾੜ ਵੀ ਸਾਡੇ ਸਾਹਮਣੇ ਆ ਰਹੇ ਹਨ।
ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਦੀ ਇਸ ਸਮੱਸਿਆ ਕਾਰਨ ਜਿੱਥੇ ਧਰਤੀ ਦੀ ਸਤਹਿ ਦਾ ਤਾਪਮਾਨ ਵਧ ਰਿਹਾ ਹੈ ਉੱਥੇ ਇਸ ਕਾਰਨ ਪੂਰੀ ਦੁਨੀਆ ਦਾ ਮੌਸਮ ਪ੍ਰਭਾਵਿਤ ਹੋਇਆ ਹੈ। ਗਰਮੀਆਂ ਦੇ ਮੌਸਮ ਦੌਰਾਨ ਇੰਤਹਾ ਗਰਮੀ ਪੈਣ ਲੱਗ ਗਈ ਹੈ ਉੱਥੇ ਸਰਦੀ ਦੇ ਮੌਸਮ ਵਿੱਚ ਪਹਿਲਾਂ ਦੇ ਮੁਕਾਬਲੇ ਠੰਡ ਵੀ ਜਿਆਦਾ ਪੈਂਦੀ ਹੈ। ਇਸੇ ਤਰ੍ਹਾਂ ਕਦੇ ਬਹੁਤ ਜਿਆਦਾ ਬਰਸਾਤ ਹੋ ਜਾਂਦੀ ਹੈ ਅਤੇ ਕਦੇ ਸੋਕੇ ਦੀ ਨੌਬਤ ਆ ਜਾਂਦੀ ਹੈ।
ਹਾਲਾਂਕਿ ਇਹ ਵੀ ਅਸਲੀਅਤ ਹੈ ਕਿ ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਦੀ ਇਸ ਸਮੱਸਿਆ ਲਈ ਖੁਦ ਇਨਸਾਨ ਹੀ ਲਈ ਪੂਰੀ ਤਰਾਂ ਜਿੰਮੇਵਾਰ ਹੈ ਜਿਸਨੇ ਆਪਣੇ ਨਿਜੀ ਸੁਆਰਥਾਂ ਦੀ ਪੂਰਤੀ ਲਈ ਕੁਦਰਤ ਨਾਲ ਬੁਰੀ ਤਰ੍ਹਾਂ ਖਿਲਵਾੜ ਕੀਤਾ ਹੈ ਅਤੇ ਲਾਲਚ ਵਿੱਚ ਆ ਕੇ ਧਰਤੀ ਤੋਂ ਦਰਖਤਾਂ ਦੇ ਜੰਗਲ ਹੀ ਗਾਇਬ ਕਰ ਦਿਤੇ ਹਨ। ਇਸ ਵੇਲੇ ਹਾਲਾਤ ਇਹ ਹਨ ਕਿ ਜਿੱਥੇ ਸੰਸਾਰ ਭਰ ਵਿੱਚ ਜੰਗਲਾਂ ਹੇਠਲਾ ਰਕਬਾ ਲਗਾਤਾਰ ਘੱਟ ਹੋ ਰਿਹਾ ਹੈ ਉੱਥੇ ਮਨੁੱਖ ਵਲੋਂ ਚਲਾਏ ਜਾ ਰਹੇ ਉਦਯੋਗਾਂ ਅਤੇ ਸੜਕਾਂ ਤੇ ਚਲਦੇ ਵਾਹਨਾਂ ਵਿੱਚੋਂ ਇੰਨਾ ਜਿਆਦਾ ਧੂੰਆਂ ਅਤੇ ਜਹਿਰੀਲੇ ਤੱਤ ਸਾਡੇ ਵਾਤਾਵਰਨ ਵਿੱਚ ਫੈਲ ਰਹੇ ਹਨ ਜਿਸ ਕਾਰਨ ਪੂਰੇ ਸੰਸਾਰ ਦਾ ਵਾਤਾਵਰਨ ਗੰਧਲਾ ਹੋ ਗਿਆ ਹੈ। ਇਸੇ ਦਾ ਨਤੀਜਾ ਹੈ ਕਿ ਸੂਰਜ ਦੀਆਂ ਪਰਾਬੈਂਗਨੀ ਕਿਰਨਾਂ ਤੋਂ ਧਰਤੀ ਦੇ ਵਾਤਾਵਰਨ ਵਿੱਚ ਆਉਣ ਤੋਂ ਰੋਕਣ ਵਾਲੀ ਓਜੋਨ ਪਰਤ ਦਾ ਛੇਦ ਵੀ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ।
ਸਾਡੇ ਆਲੇ ਦੁਆਲੇ ਪ੍ਰਦੂਸ਼ਨ ਇੰਨਾ ਜਿਆਦਾ ਵੱਧ ਚੁੱਕਿਆ ਹੈ ਕਿ ਕੁਝ ਦੂਰੀ ਤੋਂ ਬਾਅਦ ਅਕਸਰ ਧੂੰਦਲਾ ਦਿਖਾਈ ਦਿੰਦਾ ਹੈ। ਇੱਥੇ ਇਹ ਜਿਕਰ ਕਰਨਾ ਬਣਦਾ ਹੈ ਕਿ ਛੇ ਸਾਲ ਪਹਿਲਾਂ, ਜਦੋਂ ਕੋਰੋਨਾ ਦੀ ਮਹਾਮਾਰੀ ਤੇ ਕਾਬੂ ਕਰਨ ਲਈ ਦੇਸ਼ ਭਰ ਵਿੱਚ ਲਾਕਡਾਊਨ ਅਤੇ ਕਰਫਿਊ ਲਗਾਇਆ ਗਿਆ ਸੀ ਅਤੇ ਸਭ ਕੁਝ ਬੰਦ ਹੋ ਗਿਆ ਸੀ ਉਸ ਵੇਲੇ ਵਾਤਾਵਰਨ ਵਿੱਚ ਕਾਫੀ ਸੁਧਾਰ ਹੋਇਆ ਸੀ ਅਤੇ ਪੰਜਾਬ ਵਾਸੀਆਂ ਨੂੰ ਦੂਰ ਦੇ ਪਹਾੜ ਵੀ ਬਹੁਤ ਸਾਫ ਸੁਥਰੇ ਨਜਰ ਆਉਣ ਲੱਗ ਪਏ ਸਨ। ਪਰੰਤੂ ਬਾਅਦ ਵਿੱਚ ਜਿਵੇਂ ਜਿਵੇਂ ਜੀਵਨ ਆਮ ਵਾਂਗ ਹੁੰਦਾ ਗਿਆ, ਪ੍ਰਦੂਸ਼ਨ ਵੀ ਲਗਾਤਾਰ ਵੱਧਦਾ ਗਿਆ ਅਤੇ ਸਾਡਾ ਵਾਤਾਵਰਨ ਵੀ ਪਹਿਲਾਂ ਵਾਂਗ ਗੰਧਲਾ ਹੋ ਗਿਆ। ਹੁਣ ਫਿਰ ਹਾਲ ਇਹ ਹੋ ਗਿਆ ਹੈ ਕਿ ਹਰ ਪਾਸੇ ਸਾਨੂੰ ਧੁੰਆਂ ਅਤੇ ਧੂੜ ਮਿੱਟੀ ਉੱਡਦੀ ਦਿਖਦੀ ਹੈ।
ਵਾਤਾਵਰਨ ਵਿੱਚ ਲਗਾਤਾਰ ਵੱਧਦੇ ਇਸ ਪ੍ਰਦੂਸ਼ਣ ਵਾਸਤੇ ਖੁਦ ਮਨੁੱਖ ਹੀ ਜਿੰਮੇਵਾਰ ਹੈ ਜਿਸਨੇ ਆਪਣੇ ਲਾਲਚ ਅਤੇ ਦੁਨੀਆਵੀ ਸੁਖਾਂ ਲਈ ਕੁਦਰਤੀ ਸਰੋਤਾਂ ਦਾ ਦੋਹਨ ਕਰਕੇ ਵਾਤਾਵਰਨ ਵਿੱਚ ਵਿਗਾੜ ਪੈਦਾ ਕੀਤਾ ਹੈ। ਮੈਦਾਨੀ ਇਲਾਕਿਆਂ ਵਿੱਚ ਜਿਥੇ ਮਨੁੱਖ ਵਲੋਂ ਫੈਕਟਰੀਆਂ ਅਤੇ ਵਾਹਨਾਂ ਰਾਹੀਂ ਵਾਤਾਵਰਨ ਵਿੱਚ ਜਹਿਰੀਲਾ ਧੂਆਂ ਅਤੇ ਕਈ ਤਰ੍ਹਾਂ ਦੇ ਕੈਮੀਕਲ ਛੱਡ ਕੇ ਵਾਤਾਵਰਨ ਵਿੱਚ ਜਹਿਰ ਘੋਲਿਆ ਜਾ ਰਿਹਾ ਹੈ, ਉਥੇ ਪਹਾੜੀ ਇਲਾਕਿਆਂ ਵਿੱਚ ਮਨੁੱਖ ਨੇ ਪਹਾੜਾਂ ਦੀਆਂ ਜੜਾਂ ਵਿਚੋਂ ਖਣਿਜ ਪਦਾਰਥਾਂ ਦਾ ਦੋਹਨ ਕਰਕੇ ਪਹਾੜਾਂ ਨੂੰ ਵੀ ਅੰਦਰੋ ਖੋਖਲਾ ਕਰ ਦਿੱਤਾ ਹੈ, ਜਿਸ ਕਰਕੇ ਅਕਸਰ ਪਹਾੜ ਟੁੱਟ ਕੇ ਡਿੱਗਣ ਲੱਗ ਪਏ ਹਨ ਅਤੇ ਇਸ ਕਾਰਨ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਸੰਬੰਧੀ ਵਿਗਿਆਨੀਆਂ ਵਲੋਂ ਪਹਿਲਾਂ ਹੀ ਚਿਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਜੇਕਰ ਗਲੋਬਲ ਵਾਰਮਿੰਗ ਵਿੱਚ ਇਸੇ ਤਰ੍ਹਾਂ ਵਾਧਾ ਹੁੰਦਾ ਰਿਹਾ ਤਾਂ ਸਮੁੰਦਰ ਦੇ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਸਮੁੰਦਰ ਨੇੜਲੇ ਇਲਾਕੇ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਣਗੇ ਅਤੇ ਅਜਿਹਾ ਹੋਣਾ ਸ਼ੁਰੂ ਵੀ ਹੋ ਚੁੱਕਿਆ ਹੈ।
ਜਾਹਿਰ ਹੈ ਕਿ ਜੇਕਰ ਅਸੀਂ ਹੁਣੇ ਵੀ ਨਾ ਸੰਭਲੇ ਤਾਂ ਲਗਾਤਾਰ ਵੱਧਦੀ ਇਸ ਗਲੋਬਲ ਵਾਰਮਿੰਗ ਨੇ ਦੁਨੀਆ ਦੇ ਜੀਵਨ ਚੱਕਰ ਨੂੰ ਹੀ ਖਤਮ ਕਰ ਦੇਣਾ ਹੈ। ਇਸ ਲਈ ਜਰੂਰੀ ਹੈ ਕਿ ਪੂਰੇ ਸੰਸਾਰ ਵਿੱਚ ਪ੍ਰਦੂਸ਼ਨ ਨੂੰ ਰੋਕਣ ਲਈ ਸਾਂਝੇ ਉਪਰਾਲੇ ਤਹਿਤ ਵੱਧ ਤੋਂ ਵੱਧ ਦਰਖਤ ਲਗਾਏ ਜਾਣ ਅਤੇ ਇਹਨਾਂ ਦਰਖਤਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇ। ਇਸਦੇ ਨਾਲ ਹੀ ਪ੍ਰਦੂਸ਼ਨ ਦੇ ਵੰਧਦੇ ਪੱਧਰ ਤੇ ਕਾਬੂ ਕਰਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਗਲੋਬਲ ਵਾਰਮਿੰਗ ਤੋਂ ਬਚਣ ਲਈ ਹਰ ਮਨੁੱਖ ਨੂੰ ਅੱਗੇ ਆ ਕੇ ਪਹਿਲ ਕਰਨੀ ਪੈਣੀ ਹੈ ਤਾਂ ਹੀ ਅਸੀਂ ਆਪਣੀ ਇਸ ਦੁਨੀਆ ਨੂੰ ਬਚਾ ਸਕਦੇ ਹਾਂ।
Editorial
ਲੋਕਾਂ ਦੀ ਕਚਹਿਰੀ ਵਿੱਚ ਹੀ ਹੋਵੇਗਾ ਅਸਲੀ ਅਕਾਲੀ ਦਲ ਦਾ ਫੈਸਲਾ
ਸਾਬਕਾ ਲੋਕ ਸਭਾ ਮੈਂਬਰ ਅਤੇ ਟਕਸਾਲੀ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਟੀ ਵੀ ਚੈਨਲ ਨਾਲ ਇੰਟਰਵਿਊ ਦੌਰਾਨ ਕਿਹਾ ਹੈ ਕਿ ਅਕਾਲੀ ਦਲਾਂ ਦੀ ਗਿਣਤੀ ਭਾਵੇਂ ਕਿੰਨੀ ਵੀ ਕਿਉਂ ਨਾ ਹੋਵੇ ਪਰ ਸਿੱਧਾਂਤਾਂ ਅਨੁਸਾਰ ਇਹਨਾਂ ਵਿੱਚ ਏਕਤਾ ਹੋ ਸਕਦੀ ਹੈ ਅਤੇ ਅਸਲੀ ਅਕਾਲੀ ਦਲ ਦਾ ਫੈਸਲਾ ਲੋਕ ਕਚਰਿਹੀ ਵਿੱਚ ਹੋ ਜਾਵੇਗਾ। ਜਦੋਂ ਉਹਨਾਂ ਨੂੰ ਪੁਛਿਆ ਗਿਆ ਕਿ ਅਕਾਲੀ ਦਲਾਂ ਦੀ ਵਧੇਰੇ ਗਿਣਤੀ ਹੋਣ ਕਾਰਨ ਪੰਥਕ ਵੋਟਾਂ ਵੰਡੀਆਂ ਜਾਂਦੀਆਂ ਹਨ, ਜਿਸ ਨਾਲ ਅਕਾਲੀ ਦਲ ਨੂੰ ਹੀ ਨੁਕਸਾਨ ਹੁੰਦਾ ਹੈ ਤਾਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਭਰਮ ਹੈ ਕਿ ਪੰਥਕ ਵੋਟਾਂ ਵੰਡੀਆਂ ਜਾਂਦੀਆਂ ਹਨ। ਅਸਲੀਅਤ ਤਾਂ ਇਹ ਹੈ ਕਿ ਪੰਥਕ ਵੋਟਾਂ ਆਪਣੀ ਮਰਜੀ ਨਾਲ ਇੱਕ ਪਾਸੇ ਉਲਰ ਜਾਂਦੀਆਂ ਹਨ। ਕਦੇ ਉਹ ਸਿਮਰਨਜੀਤ ਸਿੰਘ ਮਾਨ ਨੂੰ ਜੇਤੂ ਬਣਾ ਦਿੰਦੀਆਂ ਹਨ ਅਤੇ ਕਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ। ਅਕਾਲੀ ਆਗੂ ਚੰਦੂਮਾਜਰਾ ਦੇ ਇਹ ਵਿਚਾਰ ਕਾਫੀ ਮਹੱਤਤਾ ਰੱਖਦੇ ਹਨ ਕਿਉਂਕਿ ਉਹਨਾਂ ਨੇ ਇਹ ਵਿਚਾਰ ਅਕਾਲੀ ਦਲਾਂ ਦੀ ਮੌਜੂਦਾ ਫੁੱਟ ਅਤੇ ਸਥਿਤੀ ਬਾਰੇ ਪ੍ਰਗਟ ਕੀਤੇ ਸਨ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਵਿੱਚ ਅਕਾਲੀ ਦਲਾਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਸਾਰੇ ਅਕਾਲੀ ਧੜੇ ਆਪਣੇ ਆਪ ਨੂੰ ਅਸਲੀ ਅਕਾਲੀ ਦਲ ਕਹਿੰਦੇ ਹਨ। ਜਦੋਂ ਵੀ ਅਕਾਲੀ ਧੜਿਆਂ ਬਾਰੇ ਏਕਤਾ ਦੀ ਮੀਟਿੰਗ ਹੁੰਦੀ ਹੈ ਤਾਂ ਇਕ ਹੋਰ ਅਕਾਲੀ ਦਲ ਹੋਂਦ ਵਿੱਚ ਆ ਜਾਂਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਸਾਰੇ ਅਕਾਲੀ ਧੜਿਆਂ ਨੂੰ ਭੰਗ ਕਰਕੇ ਇੱਕ ਅਕਾਲੀ ਦਲ ਬਣਾਉਣ ਦਾ ਸੱਦਾ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਇੱਕ ਹੋਰ ਨਵਾਂ ਅਕਾਲੀ ਦਲ ਪੁਨਰ ਸੁਰਜੀਤ ਹੋਂਦ ਵਿੱਚ ਆ ਗਿਆ, ਜਿਸ ਦੀ ਅਗਵਾਈ ਖੁਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਹਨ।
ਪੰਜਾਬ ਵਿੱਚ ਪੰਥਕ ਦਲਾਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਇਹ ਪੰਥਕ ਵੋਟਾਂ ਕਿਸੇ ਵੀ ਸਿਆਸੀ ਪਾਰਟੀ ਦੀ ਜਿੱਤ ਹਾਰ ਦਾ ਫੈਸਲਾ ਕਰ ਦਿੰਦੀਆਂ ਹਨ। ਇਸੇ ਕਾਰਨ ਹਰ ਸਿਆਸੀ ਪਾਰਟੀ ਪੰਥਕ ਵੋਟਾਂ ਨੂੰ ਆਪਣੇ ਪੱਖ ਵਿੱਚ ਕਰਨ ਦਾ ਯਤਨ ਕਰਦੀ ਹੈ। ਲੰਬਾ ਸਮਾਂ ਪੰਥਕ ਵੋਟਾਂ ਅਕਾਲੀ ਦਲ ਬਾਦਲ ਦੀ ਝੋਲੀ ਪੈਂਦੀਆਂ ਰਹੀਆਂ। ਇਹ ਵੀ ਕਿਹਾ ਜਾ ਸਕਦਾਹੈ ਕਿ ਅਕਾਲੀ ਦਲ ਦਾ ਚੋਣ ਨਿਸ਼ਾਨ ਤਕੜੀ ਪੰਥਕ ਵੋਟਾਂ ਦੇ ਦਿਡੋ ਦਿਮਾਗ ਵਿੱਚ ਵਸ ਗਿਆ ਸੀ ਜਿਸ ਕਰਕੇ ਉਹ ਬਿਨਾਂ ਉਮੀਦਵਾਰ ਨੂੰ ਵੇਖਿਆ ਸਿਰਫ ਤਕੜੀ ਦੇ ਚੋਣ ਨਿਸ਼ਾਨ ਤੇ ਮੋਹਰ ਲਗਾ ਦਿੰਦੀਆਂ ਸਨ।
ਬਾਅਦ ਵਿੱਚ ਇਹ ਪੰਥਕ ਵੋਟਾਂ ਬਾਦਲ ਦਲ ਦੀ ਕਾਰਗੁਜਾਰੀ ਤੋਂ ਬੁਰੀ ਤਰ੍ਹਾਂ ਨਿਰਾਸ਼ ਹੋ ਕੇ ਅਕਾਲੀ ਦਲ ਬਾਦਲ ਤੋਂ ਦੂੁਰ ਹੋ ਗਈਆਂ ਜਿਸ ਕਾਰਨ ਅਕਾਲੀ ਦਲ ਬਾਦਲ ਸੱਤਾ ਤੋਂ ਬਹੁਤ ਦੂਰ ਹੈ। ਸੱਤਾ ਤੋਂ ਦੂਰ ਰਹਿਣ ਦਾ ਦੁੱਖ ਸੁਖਬੀਰ ਬਾਦਲ ਦੇ ਬਿਆਨਾਂ ਵਿੱਚ ਅਕਸਰ ਝਲਕਦਾ ਰਹਿੰਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਪੰਥਕ ਵੋਟਾਂ ਦਾ ਸਮਰਥਨ ਲੈਣ ਵਿੱਚ ਕਾਮਯਾਬ ਹੋ ਗਈ ਸੀ ਪਰ ਇਸ ਸਮੇਂ ਪੰਥਕ ਸੋਚ ਵਾਲੇ ਵੋਟਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਿਰਾਸ਼ ਦੱਸੇ ਜਾਂਦੇ ਹਨ। ਇਸ ਦਾ ਮੁੱਖ ਕਾਰਨ ਆਪ ਸਰਕਾਰ ਵੱਲੋਂ ਪੰਥਕ ਮੁੱਦਿਆਂ ਤੋਂ ਦੂਰੀ ਬਣਾਉਣਾ ਵੀ ਦੱਸਿਆ ਜਾਂਦਾ ਹੈ।
ਇਸ ਸਮੇਂ ਬਾਦਲ ਦਲ ਦਾਅਵਾ ਕਰ ਰਿਹਾ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਦੀ ਦੇਰ ਹੈ ਕਿ ਅਕਾਲੀ ਸਰਕਾਰ ਆਈ ਕਿ ਆਈ। ਦੂਜੇ ਪਾਸੇ ਕਾਂਗਰਸ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਅਗਵਾਈ ਵਿੱਚ ਬਣੇਗੀ। ਇਸੇ ਦੌਰਾਨ ਭਾਜਪਾ ਵੀ ਦਾਅਵਾ ਕਰ ਰਹੀ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਇੱਕਲਿਆਂ ਦੀ ਸਰਕਾਰ ਬਣੇਗੀ, ਜਦੋਂਕਿ ਆਮ ਆਦਮੀ ਪਾਰਟੀ ਦੇ ਆਗੂ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਆਪ ਸਰਕਾਰ ਦੀ ਕਾਰਗੁਜਾਰੀ ਤੋਂ ਵੱਡੀ ਗਿਣਤੀ ਸੰਤੁਸ਼ਟ ਹਨ ਅਤੇ ਉਹ ਪੰਜਾਬ ਵਿੱਚ ਮੁੜ ਆਪ ਸਰਕਾਰ ਬਣਾਉਣ ਦਾ ਮਨ ਬਣਾਈ ਬੈਠੇ ਹਨ।
ਇਹ ਸਾਰੀਆਂ ਸਿਆਸੀ ਪਾਰਟੀਆਂ ਅਗਲੀਆਂ ਭਾਵੇਂ ਹੁਣੇ ਤੋਂ ਹੀ ਚੋਣਾਂ ਵਿੱਚ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ ਪਰ ਅਸਲੀਅਤ ਇਹ ਹੈ ਕਿ ਪੰਜਾਬ ਵਿੱਚ ਹੁਣ ਤਕ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿੱਚ ਹਵਾ ਨਹੀਂ ਬਣੀ ਹੈਅਤੇ ਨਾ ਹੀ ਪੰਜਾਬ ਵਿੱਚ ਅਜੇ ਚੋਣ ਮਾਹੌਲ ਬਣਿਆ ਹੈ। ਆਮ ਲੋਕ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਚਰਚਾ ਤਾਂ ਕਰਦੇ ਹਨ ਪਰ ਜਲਦੀ ਹੀ ਇਹ ਚਰਚਾ ਸਿਆਸਤ ਤੋਂ ਹੁੰਦੀ ਹੋਈ ਮਹਿੰਗਾਈ ਅਤੇ ਮੌਸਮ ਤੇ ਜਾ ਪਹੁੰਚਦੀ ਹੈ।
ਇਸ ਦੌਰਾਨ ਭਾਵੇਂ ਸਾਰੇ ਅਕਾਲੀ ਧੜੇ ਖੁਦ ਨੂੰ ਸਭ ਤੋਂ ਮਜਬੂਤ ਦਸ ਰਹੇ ਹਨ ਪਰੰਤੂ ਅਸਲੀਅਤ ਇਹੀ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਮੌਕੇ ਅਸਲੀ ਅਕਾਲੀ ਦਲ ਦਾ ਫੈਸਲਾ ਆਮ ਲੋਕਾਂ ਦੀ ਕਚਹਿਰੀ ਵਿੱਚ ਹੋ ਜਾਣਾ ਹੈ।
ਬਿਊਰੋ
Editorial
ਸੋਨਾ ਚਾਂਦੀ ਮਹਿੰਗੇ ਹੋਣ ਕਾਰਨ ਖਤਰੇ ਵਿੱਚ ਪੈ ਸਕਦੀ ਹੈ ਮਹਿਲਾਵਾਂ ਦੀ ਸੁਰੱਖਿਆ
ਭਾਰਤ ਵਿੱਚ ਦਿਨੋਂ ਦਿਨ ਸੋਨਾ ਚਾਂਦੀ ਬਹੁਤ ਮਹਿੰਗੇ ਹੁੰਦੇ ਜਾ ਰਹੇ ਹਨ, ਜਿਸ ਕਾਰਨ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ। ਭਾਰਤੀ ਮਹਿਲਾਵਾਂ ਵੱਡੀ ਗਿਣਤੀ ਸੋਨੇ ਚਾਂਦੀ ਦੇ ਗਹਿਣੇ ਪਾਉਂਦੀਆਂ ਹਨ। ਦੁਨੀਆ ਭਰ ਵਿੱਚ ਭਾਰਤ ਦੀਆਂ ਮਹਿਲਾਵਾਂ ਦੀ ਪਹਿਚਾਣ ਸੋਨੇ ਚਾਂਦੀ ਦੇ ਗਹਿਣੇ ਪਾਉਣ ਕਰਕੇ ਵੀ ਬਣੀ ਹੋਈ ਹੈ। ਜਿਵੇਂ ਜਿਵੇਂ ਸੋਨੇ ਚਾਂਦੀ ਦੇ ਗਹਿਣੇ ਮਹਿੰਗੇ ਹੁੰਦੇ ਜਾ ਰਹੇ ਹਨ, ਉਵੇਂ ਹੀ ਸੋਨੇ ਚਾਂਦੀ ਦੇ ਗਹਿਣੇ ਪਾਉਣ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਵੀ ਖਤਰੇ ਵਿੱਚ ਪੈਣ ਦੇ ਆਸਾਰ ਬਣਦੇ ਜਾ ਰਹੇ ਹਨ।
ਭਾਰਤ ਦੀਆਂ ਵੱਡੀ ਗਿਣਤੀ ਮਹਿਲਾਵਾਂ ਜਿਥੇ ਹਰ ਵੇਲੇ ਸੋਨੇ ਦੇ ਗਹਿਣੇ ਪਾ ਕੇ ਰੱਖਦੀਆਂ ਹਨ, ਉਥੇ ਭਾਰਤ ਦੇ ਪੇਂਡੂ ਖੇਤਰਾਂ ਵਿੱਚ ਅਨੇਕਾਂ ਅਜਿਹੇ ਕਬੀਲੇ ਹਨ, ਜਿਹਨਾਂ ਦੀਆਂ ਮਹਿਲਾਵਾਂ ਚਾਂਦੀ ਦੇ ਕਾਫੀ ਗਹਿਣੇ ਪਾ ਕੇ ਰਖਦੀਆਂ ਹਨ। ਹੁਣ ਚਾਂਦੀ ਵੀ ਕਾਫੀ ਮਹਿੰਗੀ ਹੋਣ ਕਰਕੇ ਇਸ ਦੇ ਗਹਿਣਿਆਂ ਦੀ ਕੀਮਤ ਵੀ ਕਾਫੀ ਵੱਧ ਗਈ ਹੈ।
ਰਾਜਸਥਾਨ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਹੋਰ ਰਾਜਾਂ ਵਿੱਚ ਅਨੇਕਾਂ ਆਮ ਮਹਿਲਾਵਾਂ ਨੂੰ ਚਾਂਦੀ ਦੇ ਭਾਰੀ ਗਹਿਣੇ ਪਾਈ ਵੇਖਿਆ ਜਾਂਦਾ ਹੈ, ਜੋ ਕਿ ਸਬਜੀ ਵੇਚਣ ਜਾਂ ਹੋਰ ਕੋਈ ਕੰਮ ਆਦਿ ਵੀ ਕਰਦੀਆਂ ਦਿਖਾਈ ਦਿੰਦੀਆਂ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਘਰੇਲੂ ਮਹਿਲਾਵਾਂ ਵੀ ਅਕਸਰ ਦਿਨ ਰਾਤ ਸੋਨੇ ਚਾਂਦੀ ਦੇ ਗਹਿਣੇ ਪਾਈ ਰੱਖਦੀਆਂ ਹਨ।
ਸੋਨੇ ਚਾਂਦੀ ਦੇ ਗਹਿਣੇ ਪਾਉਣ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਅਕਸਰ ਖਤਰੇ ਵਿੱਚ ਪੈ ਜਾਂਦੀ ਹੈ। ਅਕਸਰ ਵਿਆਹ ਸ਼ਾਦੀਆਂ, ਭੀੜ ਭੜੱਕੇ ਵਾਲੀਆਂ ਥਾਵਾਂ, ਬੱਸਾਂ, ਰੇਲ ਗੱਡੀਆਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਸਬਜੀ ਮੰਡੀਆਂ ਅਤੇ ਹੋਰ ਜਨਤਕ ਥਾਂਵਾਂ ਤੇ ਚੋਰ ਸਰਗਰਮ ਹੁੰਦੇ ਹਨ ਜੋ ਕਿ ਮਹਿਲਾਵਾਂ ਦੇ ਸੋਨੇ ਦੇ ਗਹਿਣੇ ਚੋਰੀ ਕਰ ਲੈਂਦੇ ਹਨ। ਕਈ ਵਾਰ ਚੋਰਾਂ ਵੱਲੋਂ ਮਹਿਲਾਵਾਂ ਦੇ ਗਲੇ ਵਿੱਚ ਪਾਈ ਹੋਈ ਸੋਨੇ ਦੀ ਚੈਨੀ ਏਨੇ ਜੋਰ ਨਾਲ ਖਿੱਚੀ ਜਾਂਦੀ ਹੈ ਕਿ ਮਹਿਲਾ ਦੀ ਗਰਦਨ ਤਕ ਜ਼ਖ਼ਮੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕਈ ਵਾਰ ਚੋਰਾਂ ਅਤੇ ਝਪਟਮਾਰਾਂ ਵੱਲੋਂ ਮਹਿਲਾਵਾਂ ਦੀਆਂ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਨੂੰ ਜਬਰਦਸਤੀ ਖਿੱਚ ਲਿਆ ਜਾਂਦਾ ਹੈ ਜਿਸ ਕਾਰਨ ਮਹਿਲਾਵਾਂ ਦੇ ਕੰਨ ਪਾਟ ਜਾਂਦੇ ਹਨ। ਭਾਰਤ ਦੇ ਹਰ ਇਲਾਕੇ ਵਿੱਚ ਸੋਨੇ ਚਾਂਦੀ ਦੇ ਗਹਿਣੇ ਚੋਰੀ ਹੋਣ ਅਤੇ ਝਪਟ ਮਾਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਹਨਾਂ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ।
ਰਾਜਸਥਾਨ ਦੇ ਭੀਲਵਾੜਾ ਜ਼ਿਲੇ ਦੇ ਅਰਵਾੜ ਇਲਾਕੇ ਦੇ ਪਿੰਡ ਕੋਠਿਆ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਉਥੇ ਇੱਕ ਘਰ ਵਿਚੋਂ ਚੋਰਾਂ ਨੇ ਇੱਕ 90 ਸਾਲ ਦੀ ਮਹਿਲਾ ਨੂੰ ਉਸ ਦੇ ਪਲੰਘ ਦੇ ਨਾਲ ਅਗਵਾ ਕਰ ਲਿਆ ਤਾਂ ਕਿ ਮਹਿਲਾ ਦੇ ਪਾਏ ਹੋਏ ਡੇਢ ਕਿਲੋ ਚਾਂਦੀ ਦੇ ਗਹਿਣਿਆਂ ਨੂੰ ਲੁੱਟਿਆ ਜਾ ਸਕੇ। ਭਾਂਵੇਂ ਕਿ ਪਿੰਡ ਵਾਲਿਆਂ ਦੀ ਬਹਾਦਰੀ ਨਾਲ ਚੋਰ ਮਹਿਲਾ ਦੇ ਗਹਿਣੇ ਨਹੀਂ ਲੁੱਟ ਸਕੇ ਅਤੇ ਖੇਤਾਂ ਵਿੱਚ ਮਹਿਲਾ ਨੂੰ ਉਸ ਦੇ ਹੱਥ ਪੈਰ ਬੰਨ ਕੇ ਪਲੰਘ ਸਮੇਤ ਛੱਡ ਕੇ ਫਰਾਰ ਹੋ ਗਏ। ਇਸ ਤੋਂ ਪਹਿਲਾਂ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲੇ ਦੇ ਕੋਡਾਈ ਪਿੰਡ ਵਿੱਚ ਇੱਕ ਮਹਿਲਾ ਦੇ ਚਾਂਦੀ ਦੇ ਗਹਿਣਿਆਂ ਨੂੰ ਲੁੱਟਣ ਲਈ ਉਸਦਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਸਿਰਫ਼ ਸੋਨੇ ਦੇ ਗਹਿਣੇ ਪਾਉਣ ਵਾਲੀਆਂ ਮਹਿਲਾਵਾਂ ਹੀ ਨਹੀਂ ਬਲਕਿ ਚਾਂਦੀ ਦੇ ਗਹਿਣੇ ਪਾਉਣ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਵੀ ਖਤਰੇ ਵਿੱਚ ਪੈ ਗਈ ਹੈ।
ਪੰਜਾਬ ਵਿੱਚ ਵੀ ਸੋਨੇ ਚਾਂਦੀ ਦੇ ਗਹਿਣੇ ਚੋਰੀ ਹੋਣ, ਝਪਟ ਮਾਰ ਕੇ ਖੋਹ ਲੈਣ ਜਾਂ ਲੁੱਟ ਲੈਣ ਦੀਆਂ ਘਟਨਾਵਾਂ ਬਹੁਤ ਵਾਪਰ ਰਹੀਆਂ ਹਨ। ਇਸ ਦਾ ਇੱਕ ਕਾਰਨ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਬਹੁਤ ਵਾਧਾ ਹੋ ਜਾਣਾ ਵੀ ਹੈ। ਮਹਿਲਾਵਾਂ ਨੂੰ ਜਿਥੇ ਆਪਣੀ ਸੁਰੱਖਿਆ ਲਈ ਚੌਕਸ ਰਹਿਣਾ ਚਾਹੀਦਾ ਹੈ ਉਥੇ ਜਨਤਕ ਥਾਵਾਂ ਤੇ ਸੋਨੇ ਚਾਂਦੀ ਦੇ ਗਹਿਣੇ ਪਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਬਿਊਰੋ
-
Mohali2 months agoਜਨਰਲ ਵਰਗ ਦੇ ਲੋਕਾਂ ਲਈ ਕੇਂਦਰ ਵਿੱਚ ਕਮਿਸ਼ਨ ਬਣਾਉਣ ਦੀ ਮੰਗ
-
Punjab2 months agoਪੂਰਨ ਸ਼ਾਹਕੋਟੀ ਨਹੀਂ ਰਹੇ
-
Mohali2 months agoਖਪਤਕਾਰ ਸੁਰਖਿਆ ਫੈਡਰੇਸ਼ਨ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ
-
Mohali2 months agoਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਲੰਗਰ ਲਗਾਇਆ
-
Editorial1 month agoਕੁਦਰਤ ਨੂੰ ਬਹੁਤ ਪਿਆਰ ਕਰਦੇ ਹਨ ਪੰਜਾਬੀ
-
Mohali1 month ago3 ਬੀ 2 ਦੀ ਮਾਰਕੀਟ ਵਿੱਚ ਹੁੱਲੜਬਾਜੀ ਕਰਨ ਦੇ ਦੋਸ਼ ਹੇਠ ਅਕਾਲੀ ਦਲ ਦੇ ਸਾਬਕਾ ਆਗੂ ਮਲਕੀਅਤ ਸਿੰਘ ਖਾਲਸਾ ਸਮੇਤ ਦੋ ਵਿਅਕਤੀ ਗ੍ਰਿਫਤਾਰ
-
Punjab2 months agoਕਿਸਾਨ ਆਗੂ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
-
Punjab1 month agoਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਦੀ ਮੰਗ ਸਬੰਧੀ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਸੰਗਤ ਸ਼ਮੂਲੀਅਤ ਕਰੇ : ਜਥੇਦਾਰ ਗੜਗੱਜ
