International
ਭਾਰਤ ਵਾਪਸ ਨਹੀਂ ਆਵੇਗੀ ਸਰਬਜੀਤ ਕੌਰ ਉਰਫ਼ ਨੂਰ ਹੂਸੈਨ
ਇਸਲਾਮਾਬਾਦ, 13 ਫਰਵਰੀ (ਸ.ਬ.) ਭਾਰਤ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ਉਰਫ਼ ਨੂਰ ਫਾਤਿਮਾ ਹੂਸੈਨ ਬੀਤੇ ਦਿਨ ਆਪਣੇ ਪਾਕਿਸਤਾਨੀ ਪਤੀ ਨਾਸਿਰ ਹੂਸੈਨ ਦੇ ਘਰ ਪਹੁੰਚ ਗਈ ਹੈ। ਹਾਲਾਂਕਿ ਪਿਛਲੇ ਕੁੱਝ ਸਮੇਂ ਤੋਂ ਸਰਬਜੀਤ ਕੌਰ ਦੇ ਭਾਰਤ ਵਾਪਸ ਆਉਣ ਦੇ ਕਿਆਸ ਲਾਏ ਜਾ ਰਹੇ ਸਨ। ਪਾਕਿਸਤਾਨ ਦੇ ਮਹਿਲਾ ਸ਼ੈਲਟਰ ਹੋਮ ਤੋਂ ਰਿਹਾਈ ਤੋਂ ਬਾਅਦ ਸਾਹਮਣੇ ਆਈਆਂ ਵੀਡੀਓਜ਼ ਵਿੱਚ ਉਸ ਦੀ ਖੁਸ਼ੀ ਵੱਖਰੀ ਹੀ ਦਿਖਾਈ ਦੇ ਰਹੀ ਸੀ। ਉਸਨੇ ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਉਸਦੇ ਨਾਲ ਉਸਦਾ ਪਤੀ ਨਾਸਿਰ ਹੁਸੈਨ ਵੀ ਮੌਜੂਦ ਸੀ, ਜਿਸ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ।
ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬਜੀਤ ਕੌਰ ਉਰਫ਼ ਨੂਰ ਫਾਤਿਮਾ ਨੇ ਕਿਹਾ ਕਿ ਜੇ ਸੱਚਾ ਪਿਆਰ ਹੋਵੇ ਤਾਂ ਦਿਲ ਵਿੱਚ ਇਹ ਅਹਿਸਾਸ ਰਹਿੰਦਾ ਹੈ ਕਿ ਅਸੀਂ ਇਕ-ਦੂਜੇ ਨੂੰ ਜ਼ਰੂਰ ਮਿਲਾਂਗੇ। ਉਸ ਨੇ ਕਿਹਾ ਕਿ ਉਹਨਾਂ ਦਾ ਪਿਆਰ ਅੱਜ ਦਾ ਨਹੀਂ, ਸਗੋਂ ਪਿਛਲੇ ਅੱਠ ਸਾਲਾਂ ਤੋਂ ਕਾਇਮ ਹੈ। ਉਸ ਨੇ ਕਿਹਾ ਕਿ ਜੇ ਉਸ ਦੇ ਮੂੰਹ ਵਿੱਚ ਦੰਦ ਵੀ ਨਾ ਰਹਿੰਦੇ, ਤਾਂ ਵੀ ਉਹ ਪਾਕਿਸਤਾਨ ਜ਼ਰੂਰ ਆਉਂਦੀ। ਸਰਬਜੀਤ ਕੌਰ ਉਰਫ਼ ਨੂਰ ਹੂਸੈਨ ਨੇ ਕਿਹਾ ਕਿ ਹੁਣ ਉਹ ਆਪਣੀ ਬਾਕੀ ਜ਼ਿੰਦਗੀ ਪਾਕਿਸਤਾਨ ਵਿੱਚ ਖੁਸ਼ੀ-ਖੁਸ਼ੀ ਬਿਤਾਉਣੀ ਚਾਹੁੰਦੀ ਹੈ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਹੁਣ ਸਰਬਜੀਤ ਕੌਰ ਉਰਫ਼ ਨੂਰ ਹੂਸੈਨ ਭਾਰਤ ਵਾਪਸ ਨਹੀਂ ਆਵੇਗੀ। ਹਾਲਾਂਕਿ ਕੁੱਝ ਸਮਾਂ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕਥਿਤ ਤੌਰ ਤੇ ਉਕਤ ਮਹਿਲਾ ਆਪਣੇ ਭਾਰਤੀ ਪਤੀ ਨਾਲ ਗੱਲ ਕਰਦਿਆਂ ਭਾਰਤ ਆਉਣ ਲਈ ਅਪੀਲ ਕਰ ਰਹੀ ਸੀ।
ਇਸ ਤੋਂ ਪਹਿਲਾਂ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਸਰਬਜੀਤ ਕੌਰ ਨੂੰ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ ਪਰ ਅਖੀਰ ਉਸ ਨੂੰ ਪਾਕਿਸਤਾਨੀ ਪਤੀ ਦੇ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਪੂਰਥਲਾ ਦੀ ਰਹਿਣ ਵਾਲੀ 52 ਸਾਲਾ ਸਰਬਜੀਤ ਨਵੰਬਰ 2025 ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 1,900 ਤੋਂ ਵੱਧ ਸਿੱਖ ਸ਼ਰਧਾਲੂਆਂ ਨਾਲ ਵਾਹਗਾ-ਅਟਾਰੀ ਸਰਹੱਦ ਪਾਰ ਕਰਕੇ ਪਾਕਿਸਤਾਨ ਗਈ ਸੀ। ਇਹ ਜਥਾ 10 ਦਿਨਾਂ ਦੇ ਦੌਰੇ ਮਗਰੋਂ 13 ਨਵੰਬਰ ਨੂੰ ਭਾਰਤ ਪਰਤਿਆ ਸੀ, ਪਰ ਸਰਬਜੀਤ ਕੌਰ ਉਨ੍ਹਾਂ ਦੇ ਨਾਲ ਵਾਪਸ ਨਹੀਂ ਆਈ ਸੀ।
International
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 13 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
ਕਾਬੁਲ, 10 ਜੂਨ (ਸ.ਬ.) ਅਫ਼ਗਾਨਿਸਤਾਨ ਦੇ ਤਾਲਿਬਾਨ ਪ੍ਰਸ਼ਾਸਨ ਨੇ ਅੱਜ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਉਨ੍ਹਾਂ ਦੇ ਦੇਸ਼ ਦੇ ਅੰਦਰੂਨੀ ਇਲਾਕਿਆਂ ਵਿੱਚ ਹਵਾਈ ਹਮਲੇ ਕੀਤੇ ਹਨ, ਜਿਨ੍ਹਾਂ ਵਿੱਚ 13 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 14 ਹੋਰ ਜ਼ਖਮੀ ਹੋ ਗਏ ਹਨ।
ਜਾਣਕਾਰੀ ਦਿੰਦੇ ਹੋਏ ਤਾਲਿਬਾਨ ਦੇ ਮੁੱਖ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਦੱਸਿਆ ਕਿ ਪਾਕਿਸਤਾਨੀ ਹਵਾਈ ਹਮਲਿਆਂ ਨੇ ਅਫ਼ਗਾਨਿਸਤਾਨ ਦੇ ਖੋਸਤ, ਕੁਨਾਰ ਅਤੇ ਪਕਤਿਕਾ ਸੂਬਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਹਮਲਿਆਂ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ 11 ਬੱਚੇ, ਇੱਕ ਔਰਤ ਅਤੇ ਇੱਕ ਬਜ਼ੁਰਗ ਵਿਅਕਤੀ ਸ਼ਾਮਲ ਹਨ। ਹਾਲਾਂਕਿ, ਪਾਕਿਸਤਾਨ ਵੱਲੋਂ ਇਨ੍ਹਾਂ ਹਮਲਿਆਂ ਬਾਰੇ ਹਾਲੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਇਹ ਹਵਾਈ ਹਮਲੇ ਉਸ ਘਟਨਾ ਦੇ ਠੀਕ ਇੱਕ ਦਿਨ ਬਾਅਦ ਹੋਏ ਹਨ, ਜਦੋਂ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਦੇ ਹਸਨ ਖੇਲ ਇਲਾਕੇ ਵਿੱਚ ਸ਼ੱਕੀ ‘ਪਾਕਿਸਤਾਨੀ ਤਾਲਿਬਾਨ’ ਅੱਤਵਾਦੀਆਂ ਨੇ ਇੱਕ ਸੁਰੱਖਿਆ ਚੌਕੀ ਤੇ ਹਮਲਾ ਕਰ ਦਿੱਤਾ ਸੀ। ਉਸ ਭਿਆਨਕ ਮੁਕਾਬਲੇ ਵਿੱਚ ਪਾਕਿਸਤਾਨ ਦੀ ‘ਫੈਡਰਲ ਕਾਂਸਟੇਬੁਲਰੀ’ ਦੇ 6 ਜਵਾਨ ਮਾਰੇ ਗਏ ਸਨ। ਜਵਾਬੀ ਕਾਰਵਾਈ ਵਿੱਚ ਸੁਰੱਖਿਆ ਬਲਾਂ ਨੇ 8 ਹਮਲਾਵਰਾਂ ਨੂੰ ਵੀ ਢੇਰ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਫਰਵਰੀ ਦੇ ਅਖ਼ੀਰ ਤੋਂ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਭਿਆਨਕ ਜੰਗ ਰੁਕ-ਰੁਕ ਕੇ ਜਾਰੀ ਹੈ, ਜਿਸ ਵਿੱਚ ਹੁਣ ਤੱਕ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਾਕਿਸਤਾਨ ਲਗਾਤਾਰ ਅਫਗਾਨਿਸਤਾਨ ਤੇ ਦੋਸ਼ ਲਾਉਂਦਾ ਆ ਰਿਹਾ ਹੈ ਕਿ ਤਾਲਿਬਾਨ ਸਰਕਾਰ ਆਪਣੇ ਦੇਸ਼ ਵਿੱਚ ‘ਤਹਿਰੀਕ-ਏ-ਤਾਲਿਬਾਨ ਪਾਕਿਸਤਾਨ’ ਵਰਗੇ ਵੱਖਵਾਦੀ ਸੰਗਠਨਾਂ ਨੂੰ ਪਨਾਹ ਦਿੰਦੀ ਹੈ, ਜੋ ਪਾਕਿਸਤਾਨ ਦੇ ਅੰਦਰ ਵੜ ਕੇ ਭਿਆਨਕ ਹਮਲੇ ਕਰ ਰਹੇ ਹਨ। ਦੂਜੇ ਪਾਸੇ, ਤਾਲਿਬਾਨ ਪ੍ਰਸ਼ਾਸਨ ਪਾਕਿਸਤਾਨ ਦੇ ਇਨ੍ਹਾਂ ਦੋਸ਼ਾਂ ਨੂੰ ਹਮੇਸ਼ਾ ਨਕਾਰਦਾ ਰਿਹਾ ਹੈ। ਹੁਣ ਇਨ੍ਹਾਂ ਤਾਜ਼ਾ ਹਮਲਿਆਂ ਮਗਰੋਂ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਤਣਾਅ ਮੁੜ ਸਿਖਰ ਤੇ ਪਹੁੰਚ ਗਿਆ ਹੈ, ਜਿਸ ਮਗਰੋਂ ਦੁਬਾਰਾ ਜੰਗੀ ਕਾਰਵਾਈ ਸ਼ੁਰੂ ਹੋਣ ਦਾ ਖ਼ਤਰਾ ਵੀ ਵਧ ਗਿਆ ਹੈ।
International
ਫਿਲੀਪੀਨਜ਼ ਵਿੱਚ ਭੂਚਾਲ ਆਉਣ ਕਾਰਨ 15 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
ਮਨੀਲਾ, 8 ਜੂਨ (ਸ.ਬ.) ਅੱਜ ਫਿਲੀਪੀਨਜ਼ ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਮੁਤਾਬਕ ਫਿਲੀਪੀਨਜ਼ ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਇਸ ਭੂਚਾਲ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜ਼ਖਮੀ ਹੋ ਗਏ ਹਨ। ਇਸ ਤੋਂ ਪਹਿਲਾਂ ਬੀਤੀ ਰਾਤ ਭੂਟਾਨ ਵਿੱਚ ਵੀ ਰਿਕਟਰ ਪੈਮਾਨੇ ਤੇ 5.8 ਮਾਪ ਦਾ ਭੂਚਾਲ ਆਇਆ ਸੀ।
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਮੁਤਾਬਕ ਅੱਜ ਫਿਲੀਪੀਨਜ਼ ਵਿੱਚ 7.7 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਐਕਸ ਤੇ ਇੱਕ ਪੋਸਟ ਵਿੱਚ ਕਿਹਾ ਗਿਆ ਹੈ ਕਿ ਭੂਚਾਲ ਭਾਰਤੀ ਸਮੇਂ ਮੁਤਾਬਕ ਸਵੇਰੇ 5:07 ਵਜੇ ਆਇਆ। ਭੂਚਾਲ ਦਾ ਕੇਂਦਰ 93 ਕਿਲੋਮੀਟਰ ਦੀ ਡੂੰਘਾਈ ਤੇ ਸੀ। ਥੋੜ੍ਹੀ ਦੇਰ ਬਾਅਦ ਸਵੇਰੇ 5:18 ਵਜੇ, ਇੱਕ ਹੋਰ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਦੀ ਤੀਬਰਤਾ 6.4 ਸੀ। ਭੂਚਾਲ ਦਾ ਕੇਂਦਰ 79 ਕਿਲੋਮੀਟਰ ਦੀ ਡੂੰਘਾਈ ਤੇ ਸੀ।
ਅੱਜ ਦੱਖਣੀ ਫਿਲੀਪੀਨਜ਼ ਵਿੱਚ ਮਿੰਡਾਨਾਓ ਨੇੜੇ 7.7 ਤੀਬਰਤਾ ਦੇ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਫਿਲੀਪੀਨਜ਼ ਅਤੇ ਗੁਆਂਢੀ ਇੰਡੋਨੇਸ਼ੀਆ ਵਿੱਚ ਭੂ-ਭੌਤਿਕ ਏਜੰਸੀਆਂ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਸੀ। ਯੂਐਸ ਸੁਨਾਮੀ ਚਿਤਾਵਨੀ ਪ੍ਰਣਾਲੀ ਨੇ ਭੂਚਾਲ ਕਾਰਨ ਸੁਨਾਮੀ ਦੀ ਚਿਤਾਵਨੀ ਦਿੱਤੀ ਸੀ।
ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨੇ ਲੋਕਾਂ ਨੂੰ ਫਿਲੀਪੀਨਜ਼ ਦੇ ਉਨ੍ਹਾਂ ਇਲਾਕਿਆਂ ਵਿੱਚ ਉੱਚੇ ਸਥਾਨਾਂ ਤੇ ਜਾਣ ਦੀ ਅਪੀਲ ਕੀਤੀ ਜੋ ਸੁਨਾਮੀ ਦੀ ਮਾਰ ਹੇਠ ਆ ਸਕਦੇ ਹਨ, ਅਤੇ ਇੰਡੋਨੇਸ਼ੀਆਈ ਅਤੇ ਮਲੇਸ਼ੀਆ ਦੇ ਅਧਿਕਾਰੀਆਂ ਨੇ ਵੀ ਆਪਣੇ ਨੇੜਲੇ ਤੱਟਵਰਤੀ ਇਲਾਕਿਆਂ ਲਈ ਚਿਤਾਵਨੀਆਂ ਜਾਰੀ ਕੀਤੀਆਂ ਹਨ।
ਫਿਲੀਪੀਨ ਦੀ ਇੱਕ ਏਜੰਸੀ ਨੇ ਇੱਕ ਮੀਟਰ ਤੱਕ ਉੱਚੀਆਂ ਸੁਨਾਮੀ ਲਹਿਰਾਂ ਦੀ ਚਿਤਾਵਨੀ ਦਿੱਤੀ ਹੈ ਜੋ ਕਈ ਘੰਟਿਆਂ ਤੱਕ ਰਹਿ ਸਕਦੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਭੂਚਾਲ ਤੋਂ ਤੁਰੰਤ ਬਾਅਦ ਫਿਲੀਪੀਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਕਈ ਇਮਾਰਤਾਂ ਢਹਿ ਢੇਰੀ ਹੋ ਕੇ ਮਲਬੇ ਵਿੱਚ ਤਬਦੀਲ ਹੋ ਗਈਆਂ ਹਨ।
International
ਟੇਕ ਆਫ਼ ਦੌਰਾਨ ਜਹਾਜ਼ ਹਾਦਸਾਗ੍ਰਸਤ, ਦੋ ਪਾਇਲਟਾਂ ਦੀ ਮੌਤ
ਕੈਰੀਬੀਅਨ, 8 ਜੂਨ (ਸ.ਬ.) ਕੈਰੀਬੀਅਨ ਦੇ ਡੋਮੀਨਿਕਨ ਰਿਪਬਲਿਕ ਵਿੱਚ ਇਕ ਪ੍ਰਾਈਵੇਟ ਜਹਾਜ਼ ਕ੍ਰੈਸ਼ ਹੋ ਗਿਆ ਹੈ। ਇਸ ਹਾਦਸੇ ਵਿੱਚ ਜਹਾਜ਼ ਦੇ ਪਾਇਲਟ ਅਤੇ ਕੋ-ਪਾਇਲਟ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਜਹਾਜ਼ ਏਅਰਪੋਰਟ ਤੋਂ ਟੇਕਆਫ਼ ਕਰਨ ਤੋਂ ਕੁਝ ਦੇਰ ਬਾਅਦ ਹੀ ਤਕਨੀਕੀ ਖ਼ਰਾਬੀ ਕਾਰਨ ਪਾਇਲਟ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਰਿਹਾਇਸ਼ੀ ਇਲਾਕੇ ਨੇੜੇ ਖੁੱਲ੍ਹੇ ਮੈਦਾਨ ਵਿੱਚ ਜਾ ਡਿੱਗਾ। ਜਹਾਜ਼ ਦੇ ਜ਼ਮੀਨ ਨਾਲ ਟਕਰਾਉਂਦਿਆਂ ਹੀ ਇਸ ਨੂੰ ਅੱਗ ਲੱਗ ਗਈ ਤੇ ਪੂਰੀ ਤਰ੍ਹਾਂ ਤਬਾਹ ਹੋ ਗਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਜਹਾਜ਼ ਸਵਾਰ ਪਾਇਲਟ ਅਤੇ ਕੋ-ਪਾਇਲਟ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ ਅਤੇ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਲਾਂਕਿ ਗਨਿਮਤ ਰਹੀ ਕਿ ਹਾਦਸੇ ਸਮੇਂ ਜਹਾਜ਼ ਵਿੱਚ ਕੋਈ ਹੋਰ ਯਾਤਰੀ ਸਵਾਰ ਨਹੀਂ ਸੀ।
ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ, ਫਾਇਰ ਬ੍ਰਿਗੇਡ ਅਤੇ ਰੈਸਕਿਊ ਟੀਮਾਂ ਤੁਰੰਤ ਮੌਕੇ ਤੇ ਪਹੁੰਚੀਆਂ। ਅੱਗ ਤੇ ਕਾਬੂ ਪਾਉਣ ਤੋਂ ਬਾਅਦ ਦੋਵਾਂ ਮ੍ਰਿਤਕਾਂ ਨੂੰ ਜਹਾਜ਼ ਦੇ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ। ਡੋਮੀਨਿਕਨ ਰਿਪਬਲਿਕ ਦੀ ਏਵੀਏਸ਼ਨ ਅਥਾਰਟੀ ਨੇ ਇਸ ਮੰਦਭਾਗੀ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਜਹਾਜ਼ ਦੇ ਬਲੈਕ ਬਾਕਸ ਅਤੇ ਏਅਰਪੋਰਟ ਦੇ ਕੰਟਰੋਲ ਰੂਮ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਹਾਦਸੇ ਦਾ ਅਸਲ ਕਾਰਨ ਕੀ ਸੀ।
-
Chandigarh2 months agoਪੰਜਾਬ ਨੇ ਸਰਹੱਦੀ ਇਲਾਕਿਆਂ ਵਿੱਚ 585 ਸਥਾਨਾਂ ਤੇ 2291 ਤੋਂ ਵੱਧ ਸੀ ਸੀ ਟੀ ਵੀ ਕੈਮਰੇ ਲਗਾਏ
-
International2 months ago2 ਰੇਲ ਗੱਡੀਆਂ ਦੀ ਟੱਕਰ ਕਾਰਨ 14 ਯਾਤਰੀਆਂ ਦੀ ਮੌਤ, 38 ਜ਼ਖਮੀ
-
Mohali2 months agoਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ 110 ਦੀ ਚੋਣ ਦੌਰਾਨ ਰਾਜਵਿੰਦਰ ਸਿੰਘ ਸਰਾਓ ਨੂੰ ਸਰਬ-ਸੰਮਤੀ ਨਾਲ ਚੁਣਿਆ ਪ੍ਰਧਾਨ
-
Editorial2 months agoਕਿਸੇ ਵੀ ਸਿਆਸੀ ਪਾਰਟੀ ਲਈ ਸੌਖਾ ਨਹੀਂ ਹੈ ਪੰਜਾਬ ਨੂੰ ਜਿੱਤਣਾ
-
Editorial2 months ago
ਦੇਸ਼ ਵਿਦੇਸ਼ ਵਿੱਚ ਲਗਾਤਾਰ ਨਸਲੀ ਵਿਤਕਰੇ ਦਾ ਸ਼ਿਕਾਰ ਹੋ ਰਹੇ ਹਨ ਸਿੱਖ
-
National4 weeks ago
ਮੰਦਰ ਐਲਾਨੇ ਜਾਣ ਤੋਂ ਬਾਅਦ ਭੋਜਸ਼ਾਲਾ ਵਿੱਚ ਸ਼ਰਧਾਲੂਆਂ ਦੀ ਭੀੜ ਵਧੀ, ਸਥਿਤੀ ਸ਼ਾਂਤੀਪੂਰਨ
-
Editorial1 month agoਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਰਾਜਨੀਤੀ ਵਿੱਚ ਆਉਣ ਬਾਰੇ ਛਿੜੀ ਚਰਚਾ
-
Mohali2 months agoਦਸਵੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ
