Editorial
ਪੰਜਾਬ ਦੀ ਰਾਜਨੀਤੀ ਵਿੱਚ ਤੇਜ ਹੋ ਰਹੀਆਂ ਹਨ ਸਿਆਸੀ ਸਰਗਰਮੀਆਂ
ਪੰਜਾਬ ਵਿਧਾਨ ਸਭਾ ਚੋਣਾ ਭਾਵੇਂ ਅਗਲੇ ਸਾਲ ਹੋਣੀਆਂ ਹਨ ਪਰੰਤੂ ਸਾਲ 2026 ਦੀ ਸ਼ੁਰੂਆਤ ਵਿੱਚ ਹੀ ਪੰਜਾਬ ਇਹਨਾਂ ਚੋਣਾਂ ਸਬੰਧੀ ਹੁਣੇ ਤੋਂ ਹੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਹਾਲਾਤ ਇਹ ਹਨ ਕਿ ਇਸ ਸਮੇਂ ਪੰਜਾਬ ਦੀ ਰਾਜਨੀਤੀ ਵਿੱਚ ਪੂਰੀ ਤਰਾਂ ਉਬਾਲ ਆਇਆ ਹੋਇਆ ਹੈ।
ਪੰਜਾਬ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਖਿਲ਼ਾਫ ਕੀਤੀ ਗਈ ਬੈਂਡ ਵਾਜਿਆਂ ਦੀ ਟਿੱਪਣੀ ਕਾਰਨ ਪੰਜਾਬ ਦੀ ਸਿਆਸਤ ਭਖ ਗਈ ਜਿਸਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਸੀਨੀਅਰ ਕਾਂਗਰਸੀ ਆਗੂਆਂ ਦੇ ਘਰਾਂ ਅੱਗੇ ਧਰਨੇ ਲਗਾਏ ਜਾ ਰਹੇ ਹਨ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਮੁਆਫੀ ਮੰਗਣ ਲਈ ਕਿਹਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਕਈ ਬਿਆਨਾਂ ਕਾਰਨ ਵੀ ਪੰਜਾਬ ਦੀ ਸਿਆਸਤ ਭਖਦੀ ਰਹੀ ਹੈ। ਰਾਜਾ ਵੜਿੰਗ ਦੇ ਬਿਆਨਾਂ ਦਾ ਵਿਵਾਦ ਅਜੇ ਮੱਠਾ ਨਹੀਂ ਪਿਆ ਸੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਬੈਂਡ ਵਾਜਿਆਂ ਵਾਲੇ ਬਿਆਨ ਨੇ ਵੱਡਾ ਵਿਵਾਦ ਖੜਾ ਕਰ ਦਿਤਾ ਹੈ।
ਆਮ ਆਦਮੀ ਪਾਰਟੀ ਦੇ ਆਗੂ ਕਹਿੰਦੇ ਹਨ ਕਿ ਕਾਂਗਰਸ ਦਲਿਤ ਵਿਰੋਧੀ ਹੈ। ਇਸੇ ਕਾਰਨ ਇਸ ਪਾਰਟੀ ਦੇ ਆਗੂ ਅਕਸਰ ਦਲਿਤ ਵਿਰੋਧੀ ਬਿਆਨ ਦਿੰਦੇ ਰਹਿੰਦੇ ਹਨ। ਹੁਣ ਪ੍ਰਤਾਪ ਸਿੰਘ ਬਾਜਵਾ ਦੀ ਟਿੱਪਣੀ ਨੂੰ ਵੀ ਦਲਿਤ ਵਿਰੋਧੀ ਕਿਹਾ ਜਾ ਰਿਹਾ ਹੈ ਕਿਉਂਕਿ ਕੈਬਨਿਟ ਮੰਤਰੀ ਈ ਟੀ ਓ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ। ਹਾਲ ਦੀ ਘੜੀ ਇਹ ਵਿਵਾਦ ਮੱਠਾ ਪੈਣ ਦੇ ਆਸਾਰ ਨਹੀਂ ਲੱਗ ਰਹੇ ਜਿਸ ਕਾਰਨ ਪੰਜਾਬ ਵਿੱਚ ਸਿਆਸੀ ਬਿਆਨਬਾਜੀ ਤੇਜ ਹੋ ਰਹੀ ਹੈ।
ਇਸੇ ਦੌਰਾਨ ਪੰਜਾਬ ਵਿੱਚ ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚਾਲੇ ਸਿਆਸੀ ਗਠਜੋੜ ਦੀ ਚਰਚਾ ਇੱਕ ਵਾਰ ਮੁੜ ਸ਼ੁਰੂ ਹੋ ਗਈ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਵੱਲੋਂ ਕੱਢੀ ਗਈ ਪੈਦਲ ਯਾਤਰਾ ਵਿੱਚ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸਵਨੀ ਸ਼ਰਮਾ ਇੱਕਠੇ ਚਲਦੇ ਨਜ਼ਰ ਆਏ ਜਿਸ ਤੋਂ ਕਿਆਸ ਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਕਿ ਪੰਜਾਬ ਵਿੱਚ ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚਾਲੇ ਸਿਆਸੀ ਸਮਝੌਤਾ ਹੋ ਸਕਦਾ ਹੈ।ੇ
ਇਹਨਾਂ ਦੋਵਾਂ ਸਿਆਸੀ ਪਾਰਟੀਆਂ ਵਿਚਾਲੇ ਪਹਿਲਾਂ ਵੀ ਕਈ ਸਾਲ ਸਿਆਸੀ ਸਾਂਝ ਰਹੀ ਹੈ ਜੋ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਬਿਲਾਂ ਕਾਰਨ ਟੁੱਟ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤਕ ਦੋਵੇਂ ਪਾਰਟੀਆਂ ਅੱਲਗ ਅੱਲਗ ਵਿਚਰ ਰਹੀਆਂ ਹਨ ਅਤੇ ਦੋਵਾਂ ਪਾਰਟੀਆਂ ਪੰਜਾਬ ਦੀ ਸੱਤਾ ਤੋਂ ਦੂਰ ਹਨ। ਹੁਣ ਦੋਵੇਂ ਪਾਰਟੀਆਂ ਪੰਜਾਬ ਦੀ ਸੱਤਾ ਪ੍ਰਾਪਤ ਕਰਨਾ ਚਾਹੁੰਦੀਆਂ ਹਨ, ਇਸ ਲਈ ਕਿਹਾ ਜਾ ਰਿਹਾ ਹੈ ਕਿ ਦੋਵੇਂ ਸਿਆਸੀ ਪਾਰਟੀਆਂ ਵਿੱਚ ਸਿਆਸੀ ਗਠਜੋੜ ਹੋ ਸਕਦਾ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੰਜਾਬ ਦਾ ਨਵਾਂ ਉਪ ਮੁੱਖ ਮੰਤਰੀ ਬਣਾਉਣ ਦੀ ਚਰਚਾ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕਿਸੇ ਦਲਿਤ ਲੀਡਰ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਤਾਂ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪੰਜਾਬੀਆਂ ਨਾਲ ਕੀਤਾ ਗਿਆ ਵਾਅਦਾ ਪੂਰਾ ਕੀਤਾ ਜਾ ਸਕੇ। ਉਪ ਮੁੱਖ ਮੰਤਰੀ ਲਈ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਬਲਜੀਤ ਕੌਰ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ। ਦੋਵੇਂ ਆਗੂ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ।
ਆਮ ਆਦਮੀ ਪਾਰਟੀ ਵੀ ਇਸ ਸਮੇਂ ਦਲਿਤ ਵੋਟਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ। ਇਸੇ ਕਾਰਨ ਉਹ ਦਲਿਤਾਂ ਦੀ ਭਲਾਈ ਲਈ ਉਪਰਾਲੇ ਕਰਨ ਦੇ ਦਾਅਵੇ ਵੀ ਕਰ ਰਹੀ ਹੈ। ਪੰਜਾਬ ਵਿੱਚ ਦਲਿਤ ਉਪ ਮੁੱਖ ਮੰਤਰੀ ਦੀ ਨਿਯੁਕਤੀ ਕਰਨ ਦੀ ਚਰਚਾ ਨੂੰ ਵੀ ਇਸੇ ਲੜੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪੰਜਾਬ ਵਿੱਚ ਅਗਲੀਆਂ ਚੋਣਾਂ ਹੋਣ ਵਿੱਚ ਇਕ ਸਾਲ ਦਾ ਸਮਾਂ ਪਿਆ ਹੈ ਪਰ ਪੰਜਾਬ ਵਿੱਚ ਇਸ ਸਮੇਂ ਸਿਆਸੀ ਸਰਗਰਮੀਆਂ ਸਿਖਰ ਤੇ ਹਨ, ਜੋ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ ਹੋਣ ਦੀ ਸੰਭਾਵਨਾ ਹੈ।
ਬਿਊਰੋ
Editorial
ਸਰਕਾਰ ਦੀ ਵਡਿਆਈ ਵਾਲੇ ਹੋਰਡਿੰਗਾਂ ਅਤੇ ਬੈਨਰਾਂ ਨਾਲ ਖਤਮ ਨਹੀਂ ਹੁੰਦੇ ਲੋਕਾਂ ਦੇ ਮਸਲੇ
ਪੰਜਾਬ ਦੀ ਸੱਤਾ ਸੰਭਾਲ ਰਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੇ ਚਾਰ ਸਾਲ ਲੰਘ ਗਏ ਹਨ ਅਤੇ ਇਸ ਦੌਰਾਨ ਜਿੱਥੇ ਮੁੱਖ ਮੰਤਰੀ ਅਤੇ ਮੰਤਰੀਆਂ ਸਮੇਤ ਸੂਬੇ ਦੇ ਸਾਰੇ ਛੋਟੇ ਵੱਡੇ ਆਗੂਆਂ ਵਲੋਂ ਸਰਕਾਰ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਕੀਤਾ ਜਾ ਰਿਹਾ ਹੈ, ਉੱਥੇ ਪੰਜਾਬ ਵਿੱਚ ਹਰ ਪਾਸੇ ਮੁੱਖ ਮੰਤਰੀਆਂ ਦੀਆਂ ਫੋਟੋਆਂ ਵਾਲੇ ਹੋਰਡਿੰਗ ਅਤੇ ਬੈਨਰ ਨਜਰ ਆਉਂਦੇ ਹਨ ਜਿਹਨਾਂ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੌਜੂਦਾ ਸਰਕਾਰ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸਾਰੇ ਵਾਇਦੇ ਪੂਰੇ ਕਰ ਦਿੱਤੇ ਹਨ।
ਇਸ ਦੌਰਾਨ ਸੂਬੇ ਦੀ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਵਲੋਂ ਪੰਜਾਬ ਦੀ ਜਨਤਾ ਨੂੰ ਸਾਫ ਸੁਥਰਾ, ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਪ੍ਰਸ਼ਾਸ਼ਨ ਮੁਹਈਆ ਕਰਵਾਇਆ ਜਾ ਰਿਹਾ ਹੈ, ਪਰੰਤੂ ਆਮ ਲੋਕਾਂ ਨੂੰ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਵਿੱਚ ਕੋਈ ਬਦਲਾਅ ਨਜਰ ਨਹੀਂ ਆਉਂਦਾ ਅਤੇ ਸੂਬੇ ਦੇ ਵਸਨੀਕ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਤੋਂ ਕਾਫੀ ਹੱਦ ਤਕ ਅਸੰਤੁਸ਼ਟ ਦਿਖਦੇ ਹਨ। ਆਮ ਲੋਕਾਂ ਦੀ ਮੰਨੀਏ ਤਾਂ ਉਹਨਾਂ ਨੂੰ ਸਰਕਾਰ ਦੇ ਇਹ ਤਮਾਮ ਐਲਾਨ ਪੂਰੀ ਤਰ੍ਹਾਂ ਖੋਖਲੇ ਲੱਗਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਤਾਂ ਸਿਰਫ ਐਲਾਨ, ਦਾਅਵੇ ਅਤੇ ਪ੍ਰਚਾਰ ਹੀ ਦਿਖ ਰਿਹਾ ਹੈ ਅਤੇ ਜਮੀਨੀ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ।
ਇਸ ਦੌਰਾਨ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ਤੇ ਇਸ਼ਤਿਹਾਰਬਾਜੀ ਕੀਤੀ ਜਾ ਰਹੀ ਹੈ ਅਤੇ ਅਤੇ ਸਰਕਾਰ ਦਾ ਲੋਕ ਸੰਪਰਕ ਵਿਭਾਗ ਇਸੇ ਕੰਮ ਵਿੱਚ ਰੁੱਝਿਆ ਨਜਰ ਆਉਂਦਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਤਾਂ ਆਪਣੇ ਘਰਾਂ ਅਤੇ ਦਫਤਰਾਂ ਦੇ ਬਾਹਰ ਵੀ ਮੁੱਖ ਮੰਤਰੀ ਦੀ ਫੋਟੋ ਵਾਲੇ ਵੱਡੇ ਵੱਡੇ ਬੋਰਡ ਲਗਾ ਕੇ ਰੱਖੇ ਗਏ ਹਨ। ਵਿਰੋਧੀ ਪਾਰਟੀਆਂ ਦੇ ਆਗੂ ਦੋਸ਼ ਲਗਾਉਂਦੇ ਹਨ ਸੱਤਾਧਾਰੀ ਆਗੂਆਂ ਨੂੰ ਆਮ ਲੋਕਾਂ ਦੇ ਮਸਲੇ ਨਜਰ ਨਹੀਂ ਆਉਂਦੇ ਬਲਕਿ ਉਹ ਤਾਂ ਸਿਰਫ ਵੱਡੇ ਵੱਡੇ ਬੋਰਡ ਅਤੇ ਬੈਨਰ ਲਗਾਉਣ ਵਿਚ ਹੀ ਰੁੱਝੇ ਹੋਏ ਹਨ, ਜਿਹਨਾਂ ਵਿੱਚ ਉਹ ਮੁੱਖ ਮੰਤਰੀ ਦੇ ਵੱਡੇ ਚਿਹਰੇ ਦੇ ਨਾਲ ਆਪਣੀਆਂ ਫੋਟੋਆਂ ਵੀ ਛਾਪ ਲੈਂਦੇ ਹਨ।
ਅਜਿਹਾ ਵੀ ਨਹੀਂ ਹੈ ਕਿ ਮੁੱਖ ਮੰਤਰੀ ਦੀ ਫੋਟੋ ਨਾਲ ਪ੍ਰਚਾਰ ਕਰਨ ਵਾਲੀ ਇਹ ਪਹਿਲੀ ਸਰਕਾਰ ਹੈ ਬਲਕਿ ਇਸਤੋਂ ਪਹਿਲਾਂ ਦੀਆਂ ਸਰਕਾਰਾਂ ਵਲੋਂ ਵੀ ਸਰਕਾਰੀ ਪੈਸੇ ਦੇ ਜੋਰ ਤੇ ਆਪਣਾ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਬਦਲਾਅ ਦੇ ਨਾਹਰੇ ਅਤੇ ਲੋਕਾਂ ਦੇ ਮਸਲੇ ਹਲ ਕਰਨ ਦੇ ਵਾਇਦਿਆਂ ਨਾਲ ਸੱਤਾ ਵਿੱਚ ਆਈ ਸੀ, ਅਤੇ ਲੋਕਾਂ ਨੇ ਉਸਦੇ ਦਾਅਵਿਆਂ ਅਤੇ ਵਾਇਦਿਆਂ ਤੇ ਭਰੋਸਾ ਕਰਕੇ ਉਸਨੂੰ ਸੱਤਾ ਸੰਭਾਲੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜਿਹੜੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਵਲੋਂ ਇਸ ਤਰੀਕੇ ਨਾਲ ਕੀਤੇ ਜਾਂਦੇ ਪ੍ਰਚਾਰ ਨੂੰ ਆਮ ਲੋਕਾਂ ਤੋਂ ਇਕੱਠੇ ਕੀਤੇ ਜਾਂਦੇ ਟੈਕਸਾਂ ਦੇ ਪੈਸੇ ਦੀ ਬਰਬਾਦੀ ਕਿਹਾ ਕਰਦੇ ਸੀ, ਇਸ਼ਤਿਹਾਰਬਾਜੀ ਦੀ ਇਸ ਹੋੜ ਵਿੱਚ ਹੋਰਨਾਂ ਪਾਰਟੀਆਂ ਨੂੰ ਬਹੁਤ ਪਿੱਛੇ ਛੱਡ ਗਏ ਹਨ।
ਸਰਕਾਰ ਵਲੋਂ ਭਾਵੇਂ ਕੁੱਝ ਵੀ ਕਿਹਾ ਜਾਵੇ ਪਰੰਤੂ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਬਦਲਾਅ ਦਾ ਨਾਹਰਾ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੇ ਮਸਲੇ ਹਲ ਕਰਨ ਲਈ ਕੰਮ ਕਰਨ ਦੀ ਥਾਂ ਪਿਛਲੀਆਂ ਸਰਕਾਰਾਂ ਵਾਂਗ ਪ੍ਰਚਾਰ ਦੇ ਰਾਹ ਕਿਉਂ ਪੈ ਗਈ ਹੈ। ਸੂਬੇ ਵਿੱਚ ਦਿਨੋਂ ਦਿਨ ਵੱਧ ਰਹੀ ਮਹਿੰਗਾਈ, ਬੇਰੁਜਗਾਰੀ, ਨਸ਼ਿਆਂ ਦੀ ਸਮੱਸਿਆ, ਰੇਤਾ ਬਜਰੀ ਦੀ ਮਹਿੰਗੀ ਸਪਲਾਈ, ਲਗਾਤਾਰ ਮਹਿੰਗੀ ਹੁੰਦੀ ਸਿਖਿਆ ਅਤੇ ਮਹਿੰਗਾ ਇਲਾਜ ਪੰਜਾਬੀਆਂ ਦੇ ਮੁੱਖ ਮਸਲੇ ਹਨ ਪਰ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੀ ਇਹਨਾਂ ਮਸਲਿਆਂ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਪਿਛਲੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰ ਵਿੱਚ ਇੰਨਾ ਫਰਕ ਜਰੂਰ ਹੈ ਕਿ ਇਸ ਸਰਕਾਰ ਨੇ ਆਪਣੇ ਦਾਅਵਿਆਂ ਵਿੱਚ ਇਹ ਸਾਰੇ ਮਸਲੇ ਹਲ ਕਰ ਦਿੱਤੇ ਹਨ ਜਦੋਂਕਿ ਅਸਲੀਅਤ ਇਹੀ ਹੈ ਕਿ ਸਰਕਾਰ ਦੇ ਇਹ ਤਮਾਮ ਦਾਅਵੇ ਹਵਾ ਹਵਾਈ ਹੀ ਹਨ ਅਤੇ ਲੋਕਾਂ ਨੂੰ ਆਪਣੇ ਮਸਲਿਆਂ ਦੇ ਹਲ ਲਈ ਸੜਕਾਂ ਤੇ ਆ ਕੇ ਪ੍ਰਦਰਸ਼ਨ ਤਕ ਕਰਨੇ ਪੈ ਰਹੇ ਹਨ।
ਸ਼ਾਇਦ ਸਾਡੇ ਸੱਤਾਧਾਰੀ ਆਗੂ ਇਹ ਸਮਝਦੇ ਹਨ ਕਿ ਉਹ ਆਪਣੇ ਇਹਨਾਂ ਫੋਕੇ ਦਾਅਵਿਆਂ ਅਤੇ ਝੂਠੇ ਐਲਾਨਾਂ ਦਾ ਪ੍ਰਚਾਰ ਕਰਕੇ ਆਮ ਜਨਤਾ ਨੂੰ ਗੁੰਮਰਾਹ ਕਰ ਸਕਦੇ ਹਨ। ਜੇਕਰ ਅਜਿਹਾ ਹੈ ਤਾਂ ਫਿਰ ਸੱਤਾਧਾਰੀਆਂ ਦੀ ਬਹੁਤ ਵੱਡੀ ਗਲਤਫਹਿਮੀ ਹੈ ਅਤੇ ਅਜਿਹੇ ਦਾਅਵਿਆਂ ਨਾਲ ਉਹ ਆਮ ਜਨਤਾ ਨੂੰ ਧੋਖਾ ਨਹੀਂ ਦੇ ਸਕਦੇ। ਵੱਡੇ ਬੋਰਡਾਂ ਅਤੇ ਬੈਨਰਾਂ ਤੇ ਆਪਣੀ ਫੋਟੋ ਲਗਾ ਕੇ ਮੁੱਖ ਮੰਤਰੀ ਖੁਦ ਨੂੰ ਤਾਂ ਖੁਸ਼ ਕਰ ਸਕਦੇ ਹਨ ਪਰੰਤੂ ਜਨਤਾ ਦੀ ਤਸੱਲੀ ਲਈ ਤਾਂ ਅਸਲ ਵਿੱਚ ਕੰਮ ਕਰਕੇ ਵਿਖਾਉਣਾ ਹੀ ਪੈਣਾ ਹੈ ਇਸ ਲਈ ਸਰਕਾਰ ਨੂੰ ਆਮ ਲੋਕਾਂ ਦੀ ਭਲਾਈ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ।
Editorial
ਪੰਜਾਬ ਦੀ ਸੱਤਾ ਪ੍ਰਾਪਤੀ ਲਈ ਕਾਹਲੇ ਪਏ ਸਿਆਸੀ ਆਗੂ
ਪੰਜਾਬ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਹੋਣ ਵਿੱਚ ਇਕ ਸਾਲ ਦਾ ਸਮਾਂ ਪਿਆ ਹੈ ਪਰ ਪੰਜਾਬ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਇਹਨਾਂ ਚੋਣਾਂ ਨੂੰ ਲੈ ਕੇ ਗੰਭੀਰ ਹੋ ਗਈਆਂ ਹਨ ਅਤੇ ਉਹਨਾਂ ਵੱਲੋਂ ਇਹਨਾਂ ਚੋਣਾਂ ਸਬੰਧੀ ਸਰਗਰਮੀਆਂ ਤੇਜ ਕਰ ਦਿਤੀਆਂ ਗਈਆਂ ਹਨ।
ਇਸ ਸਮੇਂ ਪੰਜਾਬ ਵਿੱਚ ਵਖ ਵੱਖ ਸਿਆਸੀ ਪਾਰਟੀਆਂ ਵੱਲੋਂ ਸਿਆਸੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਧ ਤੋਂ ਵੱਧ ਇਕੱਠ ਦਿਖਾਉਣ ਲਈ ਪਰਵਾਸੀ ਮਜਦੂਰਾਂ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ। ਸਿਆਸੀ ਆਗੂ ਅਕਸਰ ਇਕ ਦੂਜੇ ਉਪਰ ਦੋਸ਼ ਲਗਾਉਂਦੇ ਹਨ ਕਿ ਉਹਨਾਂ ਵੱਲੋਂ ਸਿਆਸੀ ਰੈਲੀਆਂ ਵਿੱਚ ਇੱਕਠ ਦਿਖਾਉਣ ਲਈ ਕਿਰਾਏ ਤੇ ਮਜਦੂਰ ਅਤੇ ਦਿਹਾੜੀ ਦਾਰ ਲਿਆਂਦੇ ਗਏ ਹਨ। ਇਹਨਾਂ ਦਿਹਾੜੀਦਾਰਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਰੈਲੀ ਵਿੱਚ ਕਿਸ ਆਗੂ ਨੂੰ ਸੁਣਨ ਆਏ ਹਨ। ਉਹਨਾਂ ਨੂੰ ਤਾਂ ਸਿਰਫ਼ ਆਪਣੀ ਦਿਹਾੜੀ ਤਕ ਮਤਲਬ ਹੁੰਦਾ ਹੈ।
ਦੂਜੇ ਪਾਸੇ ਸਿਆਸੀ ਆਗੂਆਂ ਵਿੱਚ ਵੀ ਪੰਜਾਬ ਦੀ ਸੱਤਾ ਪ੍ਰਾਪਤੀ ਲਈ ਦੌੜ ਲੱਗ ਗਈ ਹੈ। ਕਾਂਗਰਸ ਪਾਰਟੀ ਵਿੱਚ ਤਾਂ ਅੱਧਾ ਦਰਜਨ ਦੇ ਕਰੀਬ ਆਗੂ ਅਜਿਹੇ ਹਨ ਜੋ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਨ ਦਾ ਸੁਪਨਾ ਵੇਖ ਰਹੇ ਹਨ। ਦੂਜੇ ਪਾਸੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੁਣੇ ਤੋਂ ਆਪਣੇ ਆਪ ਨੂੰ ਪੰਜਾਬ ਦਾ ਮੁੱਖ ਮੰਤਰੀ ਸਮਝਣ ਲੱਗ ਪਏ ਹਨ। ਉਹਨਾਂ ਵੱਲੋਂ ਅਗਲੀਆਂ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰਨ ਦੇ ਨਾਲ ਹੀ ਆਪਣੀ ਕਥਿਤ ਹੋਣ ਵਾਲੀ ਸਰਕਾਰ ਦੇ ਵਿਤ ਮੰਤਰੀ ਦਾ ਐਲਾਨ ਵੀ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਵੱਲੋਂ ਹੋਰ ਵੀ ਵੱਖ ਵੱਖ ਮੰਤਰੀਆਂ ਦੇ ਅਹੁਦੇ ਵੰਡਣ ਦਾ ਐਲਾਨ ਆਉਣ ਵਾਲੇ ਦਿਨਾਂ ਦੌਰਾਨ ਹੋ ਸਕਦਾ ਹੈ।
ਆਮ ਲੋਕਾਂ ਨੂੰ ਸਮਝ ਨਹੀਂ ਪੈਂਦੀ ਕਿ ਪੰਜਾਬ ਵਿਚ ਅਜੇ ਚੋਣਾਂ ਹੀ ਨਹੀਂ ਹੋਈਆਂ, ਫਿਰ ਸੁਖਬੀਰ ਬਾਦਲ ਕਿਸ ਤਰਾਂ ਆਪਣੀ ਮਰਜੀ ਨਾਲ ਪੰਜਾਬ ਦੇ ਅਗਲੇ ਵਿੱਤ ਮੰਤਰੀ ਦਾ ਐਲਾਨ ਕਰੀ ਜਾ ਰਹੇ ਹਨ। ਇਸ ਕਾਰਨ ਪੰਜਾਬ ਦੇ ਸਿਆਸੀ ਗਲਿਆਰਿਆਂ ਤੋਂ ਲੈ ਕੇ ਪਿੰਡਾਂ ਦੀਆਂ ਸੱਥਾਂ ਤਕ ਸੁਖਬੀਰ ਬਾਦਲ ਦੀ ਸਥਿਤੀ ਹਾਸੋਹੀਣੀ ਬਣ ਰਹੀ ਹੈ। ਦੂਜੇ ਪਾਸੇ ਸੁਖਬੀਰ ਬਾਦਲ ਨੂੰ ਪੂਰਾ ਭਰੋਸਾ ਹੈ ਕਿ ਪੰਜਾਬ ਵਿੱਚ ਅਗਲੀ ਸਰਕਾਰ ਅਕਾਲੀ ਦਲ ਬਾਦਲ ਦੀ ਹੀ ਬਣੇਗੀ। ਇਸ ਕਾਰਨ ਉਹ ਲਗਾਤਾਰ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਨਾਮ ਐਲਾਨਣ ਦੇ ਨਾਲ ਆਪਣੀ ਕਥਿਤ ਸਰਕਾਰ ਦੇ ਮੰਤਰੀਆਂ ਦੇ ਨਾਮ ਵੀ ਐਲਾਨਣ ਲੱਗ ਪਏ ਹਨ।
ਇਸ ਦੌਰਾਨ ਭਾਜਪਾ ਦੇ ਕਈ ਆਗੂ ਵੀ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਅਗਲੀ ਸਰਕਾਰ ਭਾਜਪਾ ਦੀ ਹੀ ਬਣੇਗੀ। ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਇਸ ਸਮੇਂ ਪੰਜਾਬ ਨੂੰ ਡਬਲ ਇੰਜਣ ਸਰਕਾਰ ਦੀ ਲੋੜ ਹੈ ਅਤੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਅੱਕ ਚੁੱਕੇ ਹਨ। ਇਸ ਲਈ ਪੰਜਾਬ ਦੇ ਲੋਕ ਹੁਣ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੀ ਵੇਖਣਾ ਚਾਹੁੰਦੇ ਹਨ। ਇਹ ਆਗੂ ਦਾਅਵਾ ਕਰਦੇ ਹਨ ਕਿ ਭਾਜਪਾ ਦੀਆਂ ਰੈਲੀਆਂ ਅਤੇ ਮੀਟਿੰਗਾਂ ਵਿੱਚ ਲੋਕਾਂ ਦਾ ਵੱਡਾ ਇਕੱਠ ਹੋ ਰਿਹਾ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਹੁੰਗਾਰਾ ਭਰਨ ਲੱਗ ਪਏ ਹਨ।
ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਵੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਰੈਲੀਆਂ ਨੂੰ ਪੰਜਾਬ ਦੇ ਲੋਕ ਬਹੁਤ ਹੁੰਗਾਰਾ ਭਰ ਰਹੇ ਹਨ ਅਤੇ ਅਗਲੀਆਂ ਚੋਣਾਂ ਵਿੱਚ ਉਹਨਾਂ ਦੀ ਪਾਰਟੀ ਦੀ ਜਿੱਤ ਯਕੀਣੀ ਹੈ। ਇਸ ਲਈ ਇਹ ਪਾਰਟੀ ਵੀ ਪੂਰੀ ਤਰ੍ਹਾਂ ਸਰਗਰਮ ਹੋ ਕੇ ਅਗਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਲੱਗ ਗਈ ਹੈ।
ਪੰਜਾਬ ਦੀਆਂ ਮੌਜੂਦਾ ਸਿਆਸੀ ਸਰਗਰਮੀਆਂ ਨੂੰ ਵੇਖ ਕੇ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੇ ਸਿਆਸੀ ਆਗੂਆਂ ਵਿੱਚ ਸੱਤਾ ਪ੍ਰਾਪਤੀ ਲਈ ਦੌੜ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਸਿਆਸੀ ਆਗੂ ਪੰਜਾਬ ਦੀ ਸੱਤਾ ਪ੍ਰਾਪਤ ਕਰਨ ਲਈ ਹਰ ਹੀਲਾ ਵਰਤ ਰਹੇ ਹਨ। ਦੂਜੇ ਪਾਸੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਨਾ ਹੋਣ ਕਾਰਨ ਅਤੇ ਇਹਨਾਂ ਚੋਣਾਂ ਵਿੱਚ ਅਜੇ ਇੱਕ ਸਾਲ ਦਾ ਸਮਾਂ ਹੋਣ ਕਾਰਨ ਪੰਜਾਬ ਦੇ ਲੋਕਾਂ ਨੇ ਭੇਦਭਰੀ ਚੁੱਪ ਧਾਰੀ ਹੋਈ ਹੈ।
ਬਿਊਰੋ
Editorial
ਕੀ ਅਮਰੀਕਾ ਵਿੱਚ ਟਰੰਪ ਵਿਰੁੱਧ ਸ਼ੁਰੂ ਹੋਵੇਗੀ ਬਗਾਵਤ?
ਅਮਰੀਕਾ ਵਿੱਚ ਪਿਛਲੇ ਦਿਨੀਂ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਲੱਖਾਂ ਲੋਕਾਂ ਵੱਲੋਂ ਸੜਕਾਂ ਤੇ ਆ ਕੇ ਰੋਸ ਪ੍ਰਦਰਸ਼ਨ ਕੀਤੇ ਗਏ ਹਨ। ਅਮਰੀਕਾ ਦੇ 50 ਰਾਜਾਂ ਵਿੱਚ 3300 ਤੋਂ ਵੱਧ ਥਾਵਾਂ ਤੇ ਇਹ ਰੋਸ ਪ੍ਰਦਰਸ਼ਨ ਕੀਤੇ ਗਏ ਹਨ। ਇਹਨਾਂ ਰੋਸ ਪ੍ਰਦਰਸ਼ਨਾਂ ਮੌਕੇ ਵੱਖ ਵੱਖ ਬੁਲਾਰਿਆਂ ਨੇ ਟਰੰਪ ਵੱਲੋਂ ਇਰਾਨ ਉਪਰ ਕੀਤੇ ਹਮਲੇ ਦੀ ਨਿਖੇਧੀ ਕੀਤੀ ਅਤੇ ਟਰੰਪ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦਾ ਵੀ ਵਿਰੋਧ ਕੀਤਾ। ਇਸ ਤੋਂ ਇਲਾਵਾ ਲੰਡਨ ਅਤੇ ਯੂਰੋਪੀਅਨ ਦੇਸ਼ਾਂ ਵਿੱਚ ਰਹਿੰਦੇ ਅਮਰੀਕਨ ਲੋਕਾਂ ਵੱਲੋਂ ਵੀ ਟਰੰਪ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ ਹਨ।
ਅੰਤਰਰਾਸ਼ਟਰੀ ਮਾਹਿਰ ਕਹਿ ਰਹੇ ਹਨ ਕਿ ਇੱਕ ਪਾਸੇ ਟਰੰਪ ਇਰਾਨ ਨੂੰ ਜਿੱਤਣ ਲਈ ਸਰਗਰਮ ਹੋ ਗਏ ਹਨ, ਦੂਜੇ ਪਾਸੇ ਅਮਰੀਕਾ ਵਿੱਚ ਹੀ ਉਹਨਾਂ ਦਾ ਵੱਡਾ ਵਿਰੋਧ ਹੋ ਰਿਹਾ ਹੈ। ਅਮਰੀਕਾ ਵਿੱਚ ਜਿਸ ਤਰੀਕੇ ਨਾਲ ਟਰੰਪ ਦੀਆਂ ਜੰਗੀ ਨੀਤੀਆਂ ਦਾ ਵਿਰੋਧ ਹੋ ਰਿਹਾ ਹੈ, ਉਸ ਨਾਲ ਟਰੰਪ ਲਈ ਕਈ ਔਕੜਾਂ ਖੜੀਆਂ ਹੋ ਸਕਦੀਆਂ ਹਨ। ਟਰੰਪ ਨੇ ਹੁਣ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਇਰਾਨ ਦੇ ਤੇਲ ਤੇ ਕਬਜਾ ਕਰਨਾ ਚਾਹੁੰਦੇ ਹਨ। ਇਸ ਤੋਂ ਟਰੰਪ ਵੱਲੋਂ ਇਰਾਨ ਉਪਰ ਹਮਲਾ ਕਰਨ ਦੀ ਮੰਸ਼ਾ ਦਾ ਪਤਾ ਚੱਲ ਜਾਂਦਾ ਹੈ। ਟਰੰਪ ਤੋਂ ਇਸ ਤੋਂ ਪਹਿਲਾਂ ਕੱਚੇ ਤੇਲ ਵਾਲੇ ਦੇਸ਼ਾਂ ਵੈਨੁੂਜਏਲਾ ਅਤੇ ਇਰਾਕ ਉਪਰ ਕਬਜਾ ਕਰ ਚੁੱਕੇ ਹਨ।
ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਅੰਤਰਰਾਸ਼ਟਰੀ ਸੰਸਥਾ ਨੇ ਅਮਰੀਕਾ ਦੀਆਂ ਇਹਨਾਂ ਜਬਰੀ ਕਾਰਵਾਈਆਂ ਦਾ ਵਿਰੋਧ ਨਹੀਂ ਕੀਤਾ। ਹੁਣ ਅਮਰੀਕਾ ਵੱਲੋਂ ਵੱਖ ਵੱਖ ਬਹਾਨੇ ਲਾ ਕੇ ਇਰਾਨ ਉਪਰ ਹਮਲਾ ਕੀਤਾ ਹੋਇਆ ਹੈ ਪਰ ਇਸ ਸਮੇਂ ਵੀ ਕੋਈ ਵੀ ਅੰਤਰਰਾਸ਼ਟਰੀ ਸੰਸਥਾ ਅਮਰੀਕਾ ਦਾ ਖੁੱਲ ਦੇ ਵਿਰੋਧ ਨਹੀਂ ਕਰ ਰਹੀ।
ਸਭ ਨੂੰ ਪਤਾ ਹੈ ਕਿ ਇਰਾਨ ਕੋਲ ਤੇਲ ਦੇ ਵੱਡੇ ਭੰਡਾਰ ਸੋਮੇ ਹਨ ਅਤੇ ਅਮਰੀਕਾ ਦੀ ਇਹਨਾਂ ਤੇਲ ਸੋਮਿਆਂ ਉਪਰ ਲੰਬੇ ਸਮੇਂ ਤੋਂ ਅੱਖ ਹੈ। ਅਸਲ ਵਿੱਚ ਜਦੋਂ ਤੋਂ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ, ਉਹਨਾਂ ਨੇ ਖੁੱਲ ਕੇ ਤੇਲ ਸੋਮਿਆਂ ਵਾਲੇ ਦੇਸ਼ਾਂ ਤੇ ਕਬਜਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਉਹ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹਨ।
ਇਰਾਨ ਭਾਵੇਂ ਅਮਰੀਕਾ ਸਾਹਮਣੇ ਬਹੁਤ ਛੋਟਾ ਦੇਸ਼ ਹੈ ਪਰ ਉਹ ਇਸ ਜੰਗ ਵਿੱਚ ਅਮਰੀਕਾ ਦਾ ਸਖ਼ਤ ਮੁਕਾਬਲਾ ਕਰ ਰਿਹਾ ਹੈ। ਇਸੇ ਕਰਕੇ ਕਈ ਵਾਰ ਇਸ ਤਰ੍ਹਾਂ ਜਾਪਦਾ ਹੈ ਕਿ ਇਰਾਨ ਜੰਗ ਜਿੱਤਣਾ ਅਮਰੀਕਾ ਲਈ ਸੌਖਾ ਨਹੀਂ ਹੈ।
ਅਮਰੀਕਾ ਦੇ ਵੱਡੀ ਗਿਣਤੀ ਲੋਕ ਟਰੰਪ ਦੀਆਂ ਨੀਤੀਆਂ ਦੇ ਖ਼ਿਲਾਫ਼ ਹਨ ਅਤੇ ਉਹ ਅਮਰੀਕਾ ਵੱਲੋਂ ਇਰਾਨ ਉਪਰ ਕੀਤੇ ਗਏ ਹਮਲੇ ਦਾ ਵਿਰੋਧ ਕਰ ਰਹੇ ਹਨ। ਇਰਾਨ ਨਾਲ ਜੰਗ ਕਾਰਨ ਅਮਰੀਕਾ ਦੇ ਲੋਕਾਂ ਨੂੰ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਵਿੱਚ ਇਸ ਜੰਗ ਕਾਰਨ ਮਹਿੰਗਾਈ ਬਹੁਤ ਵੱਧ ਗਈ ਹੈ। ਵੱਖ ਵੱਖ ਕੰਪਨੀਆਂ ਵੱਲੋਂ ਆਪਣੇ ਵਰਕਰਾਂ ਦੀ ਛਾਂਟੀ ਕੀਤੀ ਜਾ ਰਹੀ ਹੈ, ਜਿਸ ਕਾਰਨ ਉਥੇ ਰੁਜ਼ਗਾਰ ਦਾ ਸੰਕਟ ਖੜਾ ਹੋ ਸਕਦਾ ਹੈ। ਇਸ ਤੋਂ ਇਲਾਵਾ ਅਮਰੀਕਾ ਵਿੱਚ ਅਨੇਕਾਂ ਹੋਰ ਸਮੱਸਿਆਵਾਂ ਖੜੀਆਂ ਹੋ ਰਹੀਆਂ ਹਨ। ਇਹਨਾਂ ਸਮੱਸਿਆਵਾਂ ਤੋਂ ਅੱਕੇ ਅਮਰੀਕਾ ਦੇ ਲੋਕ ਹੁਣ ਟਰੰਪ ਖ਼ਿਲਾਫ਼ ਸੜਕਾਂ ਤੇ ਉਤਰ ਆਏ ਹਨ ਅਤੇ ਬੀਤੇ ਦਿਨਾਂ ਦੌਰਾਨ ਅਮਰੀਕਾ ਦੇ ਲੱਖਾਂ ਲੋਕਾਂ ਵੱਲੋਂ ਟਰੰਪ ਵਿਰੁੱਧ ਵੱਖ ਵੱਖ ਸ਼ਹਿਰਾਂ ਵਿੱਚ ‘ਨੋ ਕਿੰਗਜ਼’ ਨਾਂ ਹੇਠ ਰੋਸ ਰੈਲੀਆਂ ਕੀਤੀਆਂ ਗਈਆਂ ਹਨ।
ਜਿਸ ਤਰੀਕੇ ਨਾਲ ਅਮਰੀਕਾ ਵਿੱਚ ਟਰੰਪ ਦਾ ਵਿਰੋਧ ਹੋ ਰਿਹਾ ਹੈ, ਉਸ ਤੋਂ ਇਹ ਮਹਿਸੂਸ ਹੋ ਰਿਹਾ ਹੈ ਕਿ ਅਮਰੀਕੀ ਲੋਕ ਟਰੰਪ ਵਿਰੁੱਧ ਬਗਾਵਤ ਕਰ ਸਕਦੇ ਹਨ। ਅਮਰੀਕਾ ਵਿੱਚ ਟਰੰਪ ਨੂੰ ਗੱਦੀਓ ਲਾਹੁਣ ਅਤੇ ਉਸ ਤੋਂ ਅਸਤੀਫਾ ਲੈਣ ਦੀ ਮੰਗ ਵੀ ਜੋਰ ਫੜਦੀ ਜਾ ਰਹੀ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਮਰੀਕਾ ਵਿੱਚ ਟਰੰਪ ਵਿਰੁਧ ਹੋ ਰਹੇ ਰੋਸ ਪ੍ਰਦਰਸ਼ਨ ਕਿਸ ਹੱਦ ਤਕ ਬਗਾਵਤ ਦਾ ਰੂਪ ਧਾਰਦੇ ਹਨ।
ਬਿਊਰੋ
-
National1 month agoਘਰ ਵਿੱਚ ਡਿੱਗਣ ਕਾਰਨ ਅਨਿਲ ਵਿੱਜ ਦੀਆਂ ਦੋਵੇਂ ਲੱਤਾਂ ਫਰੈਕਚਰ
-
International2 months agoਕੈਨੇਡਾ ਦੇ ਸਕੂਲ ਵਿੱਚ ਗੋਲੀਬਾਰੀ ਦੌਰਾਨ ਹਮਲਾਵਰ ਸਮੇਤ 10 ਵਿਅਕਤੀਆਂ ਦੀ ਮੌਤ, 25 ਜ਼ਖਮੀ
-
Mohali2 months agoਪਿੰਡ ਬਹਿਲੋਲਪੁਰ ਦੇ ਬਿਊਟੀ ਪਾਰਲਰ ਸੈਂਟਰ ਵਿੱਚ ਮਹਿੰਦੀ ਮੁਕਾਬਲਾ ਕਰਵਾਇਆ
-
Editorial1 month ago
ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਲਈ ਆਟੋ ਰਿਕਸ਼ਿਆਂ ਵਾਸਤੇ ਸਪੀਡ ਲਿਮਿਟ ਲਾਗੂ ਹੋਵੇ
-
Mohali1 month ago
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਲਾਲੜੂ ਦੇ ਵੱਖ-ਵੱਖ ਪਿੰਡਾਂ ਵਿਖੇ 1265.85 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੀ ਉਸਾਰੀ ਦੀ ਸ਼ੁਰੂਆਤ
-
Punjab1 month agoਸਮਾਣਾ ਵਿੱਚ ਕਿਸਾਨਾਂ ਅਤੇ ਪੁਲੀਸ ਦਰਮਿਆਨ ਹੋਇਆ ਟਕਰਾਅ, 90 ਕਿਸਾਨ ਹਿਰਾਸਤ ਵਿਚ ਲਏ
-
Mohali1 month agoਪੰਜਾਬ ਮੰਡੀ ਬੋਰਡ ਵੱਲੋਂ 6330.79 ਕਰੋੜ ਰੁਪਏ ਦਾ ਸਾਲਾਨਾ ਬਜਟ ਪਾਸ
-
Mohali1 month agoਗਮਾਡਾ ਨੇ ਪਿੰਡ ਜੁਝਾਰ ਨਗਰ ਵਿੱਚ ਨਾਜਾਇਜ਼ ਉਸਾਰੀ ਢਾਹੀ
