Mohali
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਲਾਲੜੂ ਦੇ ਵੱਖ-ਵੱਖ ਪਿੰਡਾਂ ਵਿਖੇ 1265.85 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੀ ਉਸਾਰੀ ਦੀ ਸ਼ੁਰੂਆਤ
ਲਾਲੜੂ, 17 ਫ਼ਰਵਰੀ (ਸ.ਬ.) ਹਲਕਾ ਡੇਰਾਬਸੀ ਦੇ ਵਿਧਾਇਕ ਸ੍ਰੀ ਕੁਲਜੀਤ ਸਿੰਘ ਰੰਧਾਵਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ 1265.85 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ 19.18 ਕਿਲੋਮੀਟਰ ਲੰਬਾਈ ਵਾਲੀਆਂ ਸੜਕਾਂ ਦੀ ਉਸਾਰੀ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਸz. ਰੰਧਾਵਾ ਨੇ ਦੱਸਿਆ ਕਿ ਹਲਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਹਲਕੇ ਦੇ ਪਿੰਡਾਂ ਦੀਆਂ ਲਿੰਕ ਸੜਕਾਂ, ਫਿਰਨੀ ਅਤੇ ਹੋਰ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਪਿੰਡ ਮਲਕਪੁਰ ਤੋਂ ਪਿੰਡ ਜੌਲਾ ਕਲਾਂ ਸ਼ਮਸ਼ਾਨਘਾਟ ਅਤੇ ਫਿਰਨੀ, ਪਿੰਡ ਜਾਸਤਨਾ ਖੁਰਦ ਤੱਕ ਲਿੰਕ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਸੜਕ ਦੀ ਲੰਬਾਈ 3.29 ਕਿਲੋਮੀਟਰ ਹੈ ਅਤੇ ਇਹ ਸੜਕ 252.25 ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗੀ। ਇਸਦੇ ਨਾਲ ਹੀ ਲਾਲੜੂ (ਹੰਡੇਸਰਾ ਰੋਡ) ਤੋਂ ਪਿੰਡ ਮਲਕਪੁਰ ਵਾਇਆ ਫੁਲਵਾੜੀ ਬਾਇਓਟੈਕ ਲਿਮਟਿਡ ਤੱਕ ਸੜਕ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ 1.92 ਕਿਲੋਮੀਟਰ ਲੰਬੀ ਹੈ ਅਤੇ ਇਸ ਨੂੰ ਤਿਆਰ ਕਰਨ ਤੇ 154.71 ਲੱਖ ਰੁਪਏ ਦੀ ਰਾਸ਼ੀ ਖਰਚ ਹੋਵੇਗੀ, ਇਸੇ ਤਰ੍ਹਾਂ ਪਿੰਡ ਅੰਟਾਲਾ ਦੀ 0.77 ਲੰਬਾਈ ਵਾਲੀ ਫਿਰਨੀ ਦੀ ਸ਼ੁਰੂਆਤ ਕੀਤੀ ਗਈ ਜਿਸ ਤੇ 63.97 ਰੁਪਏ ਖਰਚ ਆਉਣਗੇ।
ਉਹਨਾਂ ਦੱਸਿਆ ਕਿ ਪਿੰਡ ਨਗਲਾ ਤੋਂ ਬੋਹ ਹਰਿਆਣਾ ਬਾਰਡਰ ਤੱਕ ਅਤੇ ਅੰਬਾਲਾ ਨਰਾਇਣਗੜ੍ਹ ਰੋਡ ਤੋਂ ਬਰਟਾਣਾ ਵਾਇਆ ਰਾਣੀਮਾਜਰਾ ਤੋਂ ਹਮਾਯੂੰਪਰ ਤੱਕ ਸੜਕ ਦੇ ਕੰਮ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਸੜਕਾਂ ਦੀ ਲੰਬਾਈ 2.89 ਕਿਲੋਮੀਟਰ ਹੈ ਅਤੇ ਇਨ੍ਹਾਂ ਦੋਵਾਂ ਸੜਕਾਂ ਤੇ 105.85 ਲੱਖ ਰੁਪਏ ਖਰਚ ਆਉਣਗੇ।
ਉਹਨਾਂ ਦੱਸਿਆ ਕਿ ਇਨ੍ਹਾਂ ਵਿਕਾਸ ਕਾਰਜਾਂ ਦੀ ਲਗਾਤਾਰਤਾ ਵਿੱਚ ਪਿੰਡ ਛਛਰੌਲੀ ਤੋਂ ਪਿੰਡ ਧਰਮਗੜ੍ਹ ਅਤੇ ਪਿੰਡ ਮੀਰਪੁਰ ਦੀ ਫਿਰਨੀ ਦੀ ਸ਼ੁਰੂਆਤ ਵੀ ਕੀਤੀ ਗਈ। ਪਿੰਡ ਛਛਰੌਲੀ ਤੇ ਪਿੰਡ ਧਰਮਗੜ੍ਹ ਤੱਕ ਬਣਨ ਵਾਲੀ ਸੜਕ ਦੀ ਲੰਬਾਈ 1.37 ਕਿਲੋਮੀਟਰ ਹੋਵੇਗੀ ਅਤੇ ਇਸ ਉੱਤੇ 101.74 ਲੱਖ ਰੁਪਏ ਦੀ ਲਾਗਤ ਆਵੇਗੀ। ਪਿੰਡ ਮੀਰਪੁਰ ਵਿਖੇ ਬਣਨ ਵਾਲੀ ਫਿਰਨੀ ਦੀ ਲੰਬਾਈ 0.99 ਹੈ ਅਤੇ ਇਹ ਫਿਰਨੀ 67.65 ਲੱਖ ਰੁਪਏ ਦੀ ਲਾਗਤ ਨਾਲ਼ ਬਣ ਕੇ ਤਿਆਰ ਹੋਵੇਗੀ। ਉਹਨਾਂ ਕਿਹਾ ਕਿ ਲੋਕਾਂ ਦੀਆਂ ਆਵਾਜਾਈ ਸਬੰਧੀ ਮੁਸ਼ਕਿਲਾਂ ਨੂੰ ਦੇਖਦੇ ਹੋਏ ਇਨ੍ਹਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ, ਇਸੇ ਲੜੀ ਅਧੀਨ ਹੀ ਸਿਤਾਰਪੁਰ ਤੋਂ ਪਿੰਡ ਰਾਮਗੜ੍ਹ ਰੁੜਕੀ ਦੀ ਸੜਕ ਦੀ ਸ਼ੁਰੂਆਤ ਕੀਤੀ ਗਈ। ਇਸ ਸੜਕ ਦੀ ਲੰਬਾਈ 2.00 ਕਿਲੋਮੀਟਰ ਹੈ ਅਤੇ ਇਸ ਨੂੰ ਬਣਾਉਣ ਲਈ 167.72 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਪਿੰਡ ਸਰਸੀਣੀ ਤੋਂ ਆਲਮਗੀਰ ਦੀ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਇਸ ਸੜਕਾਂ ਦੀ ਲੰਬਾਈ 12.30 ਕਿਲੋਮੀਟਰ ਹੈ ਅਤੇ ਇਹ ਸੜਕ 209.76 ਲੱਖ ਰੁਪਏ ਦੀ ਲਾਗਤ ਮੁਕੰਮਲ ਹੋਵੇਗੀ। ਇਨ੍ਹਾਂ ਵਿਕਾਸ ਕਾਰਜਾਂ ਵਿੱਚ ਪਿੰਡ ਆਲਮਗੀਰ ਤੋਂ ਤੇਪਲਾ (ਘੱਗਰ) ਤੱਕ ਸੜਕੀ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਇਸ ਸੜਕ ਦੀ ਲੰਬਾਈ 3.85 ਕਿਲੋਮੀਟਰ ਹੈ ਅਤੇ ਇਹ ਸੜਕ 142.20 ਲੱਖ ਰੁਪਏ ਦੀ ਲਾਗਤ ਨਾਲ਼ ਤਿਆਰ ਹੋਵੇਗੀ।
ਇਸ ਮੌਕੇ ਸੰਬੰਧਤ ਵਿਭਾਗਾਂ ਦੇ ਅਧਿਕਾਰੀ, ਸਥਾਨਕ ਪੰਚਾਇਤੀ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ।
Mohali
ਛੇਤੀ ਹੀ ਮੁਕੰਮਲ ਹੋ ਜਾਵੇਗੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 11 ਦੀ ਚੋਣ
ਜਨਰਲ ਇਜਲਾਸ ਦੌਰਾਨ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨਰ ਨਿਯੁਕਤ
ਐਸ ਏ ਐਸ ਨਗਰ, 1 ਅਪ੍ਰੈਲ (ਸ.ਬ.) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 11 ਦੇ ਪ੍ਰਧਾਨ ਦੀ ਚੋਣ ਲਈ ਰਾਹ ਪੱਧਰਾ ਹੋ ਗਿਆ ਹੈ ਅਤੇ ਇਹ ਚੋਣ ਇਸੇ ਮਹੀਨੇ ਕਰਵਾ ਦਿੱਤੀ ਜਾਵੇਗੀ।
ਇਸ ਸਬੰਧੀ ਅੱਜ ਸਵੇਰੇ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦਾ ਵਿਸ਼ੇਸ਼ ਇਕੱਠ ਹੋਇਆ ਸੀ ਜਿਸ ਵਿੱਚ ਮੌਜੂਦਾ ਪ੍ਰਧਾਨ ਹਰਜੀਤ ਸਿੰਘ ਵਲੋਂ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਕਰਵਾਉਣ ਦੀ ਤਜਵੀਜ ਪੇਸ਼ ਕੀਤੀ। ਇਸ ਮੌਕੇ ਚੋਣ ਦਾ ਕੰਮ ਮੁਕੰਮਲ ਕਰਨ ਲਈ ਭਾਈ ਜੋਧ ਸਿੰਘ ਮੁੱਖ ਚੋਣ ਅਧਿਕਾਰੀ ਥਾਪਿਆ ਗਿਆ ਜਦੋਂਕਿ ਮਾਸਟਰ ਇੰਦਰਜੀਤ ਸਿੰਘ ਅਤੇ ਸੱਜਣ ਸਿੰਘ ਬਲੱਗਣ ਨੂੰ ਚੋਣ ਕਮਿਸ਼ਨ ਦਾ ਮੈਂਬਰ ਨਾਮਜਦ ਕੀਤਾ ਗਿਆ।
ਇੱਥੇ ਜਿਕਰਯੋਗ ਹੈ ਕਿ ਗੁਰੂਦੁਆਰਾ ਸਾਹਿਬ ਦੀ ਚੋਣ ਕਾਫੀ ਸਮੇਂ ਤੋਂ ਲਮਕ ਬਸਤੇ ਵਿੱਚ ਹੈ ਅਤੇ ਇਸ ਸੰਬੰਧੀ ਕਾਨੂੰਨੀ ਲੜਾਈ ਵੀ ਚਲ ਰਹੀ ਸੀ। ਗੁਰੁਦੁਆਰਾ ਸਾਹਿਬ ਵਿਖੇ ਦੋ ਧਿਰਾਂ ਹਨ ਜਿਹਨਾਂ ਵਿੱਚੋਂ ਕਾਬਿਜ ਧਿਰ ਵਲੋਂ ਇਸ ਵਾਰ ਜਗਦੀਸ਼ ਸਿੰਘ ਸਰਾਓ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦੋਂਕਿ ਵਿਰੋਧੀ ਧਿਰ (ਜਿਸਦੀ ਅਗਵਾਈ ਸਾਬਕਾ ਪ੍ਰਧਾਨ ਹਰਪਾਲ ਸਿੰਘ ਸੋਢੀ ਕਰਦੇ ਹਨ) ਵਲੋਂ ਸਤਨਾਮ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਸ ਮੌਕੇ ਪ੍ਰਧਾਨ ਹਰਜੀਤ ਸਿੰਘ ਨੇ ਕਿਹਾ ਕਿ ਮੀਟਿੰਗ ਦੌਰਾਨ ਥਾਪੇ ਗਏ ਚੋਣ ਕਮਿਸ਼ਨ ਵਲੋਂ ਸਾਰੀਆਂ ਧਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਚੋਣ ਦੀ ਮਿਤੀ ਤੈਅ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਸਤਨਾਮ ਸਿੰਘ ਨੇ ਇਤਰਾਜ ਜਾਹਿਰ ਕੀਤਾ ਕਿ ਚੋਣ ਕਮਿਸ਼ਨ ਵਿੱਚ ਉਹਨਾਂ ਦੀ ਮਰਜ਼ੀ ਦਾ ਕੋਈ ਮੈਂਬਰ ਨਹੀਂ ਲਿਆ ਗਿਆ ਹੈ, ਜਿਸਤੇ ਪ੍ਰਧਾਨ ਵਲੋਂ ਉਹਨਾਂ ਨੂੰ ਯਕੀਨ ਦਿਵਾਇਆ ਗਿਆ ਕਿ ਇਸ ਗੱਲ ਤੇ ਵਿਚਾਰ ਕੀਤਾ ਜਾਵੇਗਾ।
ਇਸ ਮੌਕੇ ਪ੍ਰਧਾਨਗੀ ਦੀ ਚੋਣ ਦੇ ਉਮੀਦਵਾਰਾਂ ਸਤਨਾਮ ਸਿੰਘ ਅਤੇ ਜਗਦੀਸ਼ ਸਿੰਘ ਸਰਾਓ (ਮੌਜੂਦਾ ਜਨਰਲ ਸਕੱਤਰ) ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਨੂੰ ਪੂਰਾ ਸਹਿਯੋਗ ਦੇਣ ਅਤੇ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਮੁਕੰਮਲ ਕਰਕੇ ਗੁਰਦੁਆਰਾ ਸਾਹਿਬ ਦਾ ਮਾਹੌਲ ਸ਼ਾਂਤਮਈ ਬਣਾਏ ਰੱਖਣ ਲਈ ਸਹਿਯੋਗ ਦੇਣ।
ਇਸ ਸੰਬੰਧੀ ਦੌਰਾਨ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਸੋਢੀ ਨੇ ਕਿਹਾ ਕਿ ਇਹ ਚੋਣ ਇਕ ਸਾਲ ਪਹਿਲਾਂ ਪੁਰਾਣੇ ਸੰਵਿਧਾਨ ਅਨੁਸਾਰ ਹੋਣੀਆਂ ਚਾਹੀਦੀਆਂ ਸਨ। ਉਹਨਾਂ ਕਿਹਾ ਕਿ ਮੌਜੂਦਾ ਕਮੇਟੀ ਵਲੋਂ ਗੁਰੂਦੁਆਰਾ ਸਾਹਿਬ ਦੇ ਸੰਵਿਧਾਨ ਵਿੱਚ ਜਿਹੜੀ ਸੋਧ ਕੀਤੀ ਗਈ ਸੀ ਉਹ ਗੈਰਕਾਨੂੰਨੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੁਰਾਤਨ ਸੰਵਿਧਾਨ ਅਨੁਸਾਰ ਸਤੰਬਰ ਵਿੱਚ ਚੋਣ ਕਰਵਾਉਣ ਲਈ ਕਿਹਾ ਗਿਆ ਸੀ ਜਿਸਤੇ ਮੌਜੂਦਾ ਕਮੇਟੀ ਅਤੇ ਦੂਜੀ ਧਿਰ ਵਲੋਂ ਸਹਿਮਤੀ ਜਾਹਿਰ ਕੀਤੀ ਗਈ ਸੀ ਅਤੇ ਦੋਵਾਂ ਧਿਰਾਂ ਵਲੋਂ 5-5 ਮੈਂਬਰਾਂ ਨੇ ਹਸਤਾਖਰ ਵੀ ਕੀਤੇ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਇਹ ਚੋਣ ਨਵੇਂ ਸਵਿਧਾਨ ਅਨੁਸਾਰ ਹੀ ਕਰਵਾਈ ਜਾ ਰਹੀ ਹੈ ਜਿਸ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਹੈ। ਉਹਨਾਂ ਕਿਹਾ ਕਿ ਮੌਜੂਦਾ ਕਮੇਟੀ ਵਲੋਂ ਉਹਨਾਂ ਦੀ ਵੋਟ ਵੀ ਕੱਟ ਦਿੱਤੀ ਗਈ ਹੈ ਅਤੇ ਇਹ ਹਰ ਹੀਲੇ ਕਮੇਟੀ ਦੇ ਕਾਬਜ ਹੋਣ ਦੇ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦੋਵਾਂ ਧਿਰਾਂ ਨੂੰ 3 ਅਪ੍ਰੈਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਹੈ ਪਰੰਤੂ ਮੌਜੂਦਾ ਪ੍ਰਧਾਨ ਸ੍ਰੀ ਅਕਾਲ ਤਖਤ ਦਾ ਹੁਕਮ ਮੰਨਣ ਤੋਂ ਇਨਕਾਰੀ ਹੈ।
Mohali
ਫੇਜ਼ 3 ਬੀ 2 ਦੀ ਸੀਵਰੇਜ ਲਾਈਨ ਬਦਲੇ ਜਾਣ ਤੇ ਖਰਚੇ ਜਾਣਗੇ 78.90 ਲੱਖ ਰੁਪਏ : ਕੁਲਵੰਤ ਸਿੰਘ
ਐਸ ਏ ਐਸ ਨਗਰ, 1 ਅਪ੍ਰੈਲ (ਸ.ਬ.) ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਅੱਜ ਫੇਜ਼ 3ਬੀ2 ਮਾਰਕੀਟ ਦੇ ਐਸ. ਸੀ. ਓ. ਨੰਬਰ 37 ਤੋਂ 73 ਤੱਕ ਦੇ ਪਿੱਛੇ ਅਤੇ ਮਕਾਨ ਨੰਬਰ 1688 ਤੋਂ 1763 (ਲਿਬਰਟੀ ਹਸਪਤਾਲ) ਤੱਕ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਨਵੀਂ ਪਾਈਪਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸz. ਕੁਲਵੰਤ ਸਿੰਘ ਨੇ ਕਿਹਾ ਕਿ ਮਾਰਕੀਟ ਦੇ ਪਿੱਛੇ ਦੀ ਪਾਈਪਲਾਈਨ ਦੀ ਲੰਬਾਈ 290 ਮੀਟਰ ਅਤੇ ਸਾਈਜ਼ 250 ਐਮ. ਐਮ. ਐਸ. ਐਨ. ਪਾਈਪ ਹੋਵੇਗਾ। ਉਹਨਾਂ ਦੱਸਿਆ ਕਿ ਮਕਾਨ ਨੰਬਰ 1688 ਤੋਂ 1763 ਲਿਬਰਟੀ ਹਸਪਤਾਲ ਤੱਕ ਪੈਣ ਵਾਲੀ ਪਾਈਪਲਾਈਨ ਦੀ ਲੰਬਾਈ 481 ਮੀਟਰ ਹੋਵੇਗੀ, ਜਿਸ ਵਿੱਚੋਂ 253 ਮੀਟਰ ਪਾਈਪ ਲਾਈਨ ਦਾ ਸਾਈਜ਼ 200 ਐਮ 8 ਪਾਈਪ ਅਤੇ 228 ਮੀਟਰ ਦਾ ਸਾਈਜ਼ 250-ਐਮ.ਐਮ.ਐਸ.ਐਨ. 85 ਹੋਵੇਗਾ। ਉਹਨਾਂ ਕਿਹਾ ਕਿ ਇਸ ਕੰਮ ਨੂੰ ਦੋ ਮਹੀਨੇ ਦੇ ਅੰਦਰ -ਅੰਦਰ ਪੂਰਾ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਸੀਵਰੇਜ ਦੀ ਲਾਈਨ ਲਗਭਗ ਬੰਦ ਹੋ ਚੁੱਕੀ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ 78.90 ਲੱਖ ਰੁਪਏ ਦੀ ਲਾਗਤ ਦੇ ਨਾਲ ਦੋਵੇਂ ਸੀਵਰੇਜ ਲਾਈਨਾਂ ਨੂੰ ਬਦਲਿਆ ਜਾ ਰਿਹਾ ਹੈ।
ਇਸ ਮੌਕੇ ਉਹਨਾਂ ਦੱਸਿਆ ਕਿ ਮੁਹਾਲੀ ਨਗਰ ਨਿਗਮ ਦੀ ਹੱਦਬੰਦੀ ਦੇ ਤਹਿਤ ਜਿਹੜੇ ਪਿੰਡਾਂ ਨੂੰ ਨਗਰ ਨਿਗਮ ਵਿੱਚ ਸ਼ਾਮਿਲ ਕੀਤਾ ਗਿਆ ਹੈ, ਉਹਨਾਂ ਨੂੰ ਨਵੀਂ ਨੀਤੀ ਦੇ ਤਹਿਤ ਗਮਾਡਾ ਵੱਲੋਂ ਦਿੱਤੀ ਜਾ ਰਹੀ ਸਰਵਿਸ ਦੇ ਨਾਲ ਜੋੜਿਆ ਜਾਵੇਗਾ। ਜਿਸ ਨਾਲ ਇਹਨਾਂ ਪਿੰਡਾਂ ਦਾ ਸਰਵਪੱਖੀ ਵਿਕਾਸ ਹੋ ਸਕੇਗਾ ਅਤੇ ਕਿਸੇ ਨੂੰ ਵੀ ਸੀਵਰੇਜ, ਸਟੋਰਮ, ਸਟਰੀਟ ਲਾਈਟਾਂ ਆਦਿ ਸਮੱਸਿਆਵਾਂ ਨਾਲ ਦੋ ਚਾਰ ਨਹੀਂ ਹੋਣਾ ਪਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਗਰ ਨਿਗਮ ਦੇ ਮੇਅਰ ਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਮੇਅਰ ਨੂੰ ਲੋਕਾਂ ਪ੍ਰਤੀ ਆਪਣੀ ਜਿੰਮੇਵਾਰੀ ਦੀ ਸਮਝ ਹੀ ਨਹੀਂ ਹੈ। ਉਹਨਾਂ ਕਿਹਾ ਕਿ ਇੱਕ ਮੁਖੀ ਦੀ ਇਹ ਜਿੰਮੇਵਾਰੀ ਹੁੰਦੀ ਹੈ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲੇ, ਅਫਸਰ ਸ਼ਾਹੀ ਅਤੇ ਲੋਕਾਂ ਦੇ ਵਿੱਚ ਤਾਲਮੇਲ ਬਣਾਈ ਰੱਖੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਾਂ ਰਹਿੰਦਿਆਂ ਹੱਲ ਕਰਵਾਵੇ। ਉਹਨਾਂ ਕਿਹਾ ਕਿ ਉਹਨਾਂ ਦੇ ਨਗਰ ਨਿਗਮ ਦੇ ਮੇਅਰ ਦੇ ਕਾਰਜਕਾਲ ਦੇ ਦੌਰਾਨ ਮੁਹਾਲੀ ਸ਼ਹਿਰ ਵਿੱਚ ਸਾਫ ਸਫਾਈ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਲੋਕਾਂ ਨੂੰ ਸਾਹਮਣਾ ਨਹੀਂ ਕਰਨਾ ਪੈਂਦਾ ਸੀ ਅਤੇ ਉਹ ਖੁਦ ਲੋਕਾਂ ਵਿੱਚ ਜਾ ਕੇ ਉਹਨਾਂ ਤੋਂ ਹਰ ਕੰਮ ਅਤੇ ਜਰੂਰਤ ਨਾਲ ਸੰਬੰਧਿਤ ਜਾਣਕਾਰੀ ਇਕੱਤਰ ਕਰਦੇ ਸਨ। ਲੋਕਾਂ ਅਤੇ ਅਫਸਰ ਸ਼ਾਹੀ ਦੇ ਵਿੱਚ ਬਕਾਇਦਾ ਤਾਲਮੇਲ ਬਣਾਇਆ ਜਾਂਦਾ ਸੀ ਤਾਂ ਕਿ ਕਿਸੇ ਵੀ ਸਮੱਸਿਆ ਦਾ ਹੱਲ ਸਮੇਂ ਸਿਰ ਹੋ ਸਕੇ।
ਉਹਨਾਂ ਕਿਹਾ ਕਿ ਜਲਦੀ ਹੀ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਹਨਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਹੂੰਝਾਫੇਰੂ ਜਿੱਤ ਹਾਸਿਲ ਕਰਕੇ ਆਪਣਾ ਮੇਅਰ ਬਣਾਇਆ ਜਾਵੇਗਾ ਤਾਂ ਜੋ ਸ਼ਹਿਰ ਦਾ ਸਰਬਪੱਖੀ ਵਿਕਾਸ ਯਕੀਨੀ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਾਰ ਵਰੇ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਅਤੇ ਜੋ ਗਰੰਟੀਆਂ ਦਿੱਤੀਆਂ ਗਈਆਂ ਸਨ, ਉਹਨਾਂ ਸਭ ਨੂੰ ਪੂਰਾ ਕਰ ਲਿਆ ਗਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਦੇ ਪ੍ਰਧਾਨ ਅਤੇ ਟ੍ਰੇਡ ਵਿੰਗ ਵਿਧਾਨ ਸਭਾ ਹਲਕਾ ਮੁਹਾਲੀ ਦੇ ਚੇਅਰਪਰਸਨ ਅਕਬਿੰਦਰ ਸਿੰਘ ਗੋਸਲ, ਅਨਿਲ ਕੁਮਾਰ ਐਸ. ਈ., ਪਬਲਿਕ ਹੈਲਥ, ਗੁਰਪ੍ਰਕਾਸ਼ ਸਿੰਘ ਐਕਸੀਅਨ, ਰਮਨਦੀਪ ਸਿੰਘ ਐਸ. ਡੀ. ਓ, ਆਤਮਾ ਰਾਮ ਅੱਗਰਵਾਲ (ਚੇਅਰਮੈਨ 3ਬੀ2 ਮਾਰਕੀਟ), ਤਰਲੋਚਨ ਸਿੰਘ, ਅਸ਼ੋਕ ਬਾਸਲ, ਸ਼ਰਨਜੀਤ ਕੌਰ ਬਲਾਕ ਪ੍ਰਧਾਨ, ਕੁਲਦੀਪ ਕੌਰ, ਕੁਲਵਿੰਦਰ ਜੀਤ ਕੌਰ, ਪਰਮਜੀਤ ਸਿੰਘ ਮਾਵੀ, ਕੁਲਦੀਪ ਸਿੰਘ, ਆਰ ਪੀ ਸ਼ਰਮਾ, ਜਸਪਾਲ ਸਿੰਘ ਮਟੋਰ, ਹਰਪਾਲ ਸਿੰਘ ਚੰਨਾ, ਗੁਰਮੁੱਖ ਸਿੰਘ ਸੋਹਲ, ਗੁਰਵਿੰਦਰ ਸਿੰਘ ਪਿੰਕੀ ਵੀ ਹਾਜ਼ਰ ਸਨ।
Mohali
ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਗਮਾਡਾ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਿਮਾਇਤ ਦਾ ਐਲਾਨ
6 ਅਪ੍ਰੈਲ ਨੂੰ ਧਰਨੇ ਵਿੱਚ ਹੋਣਗੇ ਸ਼ਾਮਲ, ਪ੍ਰਤਾਪ ਸਿੰਘ ਬਾਜਵਾ ਵੀ ਕਰਨਗੇ ਕਿਸਾਨਾਂ ਨੂੰ ਸੰਬੋਧਨ
ਐਸ ਏ ਐਸ ਨਗਰ, 1 ਅਪ੍ਰੈਲ (ਸ.ਬ.) ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਗਮਾਡਾ ਵਿਰੁੱਧ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਪੂਰੀ ਹਿਮਾਇਤ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਹ 6 ਅਪ੍ਰੈਲ ਨੂੰ ਸਵੇਰੇ 10 ਵਜੇ ਕਾਂਗਰਸੀ ਵਰਕਰਾਂ ਸਮੇਤ ਧਰਨੇ ਵਿੱਚ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਇਸ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ. ਪ੍ਰਤਾਪ ਸਿੰਘ ਬਾਜਵਾ ਵੀ ਕਿਸਾਨਾਂ ਨੂੰ ਸੰਬੋਧਨ ਕਰਨਗੇ।
ਸ੍ਰੀ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਗਮਾਡਾ ਰਾਹੀਂ ਕਿਸਾਨਾਂ ਨਾਲ ਨਾਇਨਸਾਫ਼ੀ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਬਿਨਾਂ ਯੋਗ ਮੁਆਵਜ਼ਾ ਦਿੱਤੇ ਕਿਸਾਨਾਂ ਤੋਂ ਜ਼ਮੀਨ ਲੈ ਰਹੀ ਹੈ, ਜਦੋਂਕਿ ਪਲਾਟਾਂ ਦੀ ਵੰਡ ਸਮੇਂ ਕਿਸਾਨਾਂ ਦੀ ਥਾਂ ਵਪਾਰਕ ਅਦਾਰਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੂੰ ਡਰਾਅ ਵਿੱਚ ਕੋਨੇ ਜਾਂ ਪਾਰਕ ਦੇ ਸਾਹਮਣੇ ਵਾਲੇ ਪਲਾਟ ਮਿਲਦੇ ਹਨ, ਉਨ੍ਹਾਂ ਤੋਂ ਵੀ ਆਮ ਅਲਾਟੀਆਂ ਵਾਂਗ ਵਾਧੂ ਰਕਮ ਵਸੂਲੀ ਜਾਂਦੀ ਹੈ, ਜੋ ਕਿ ਪੂਰੀ ਤਰ੍ਹਾਂ ਗਲਤ ਹੈ।
ਉਹਨਾਂ ਕਿਹਾ ਕਿ ਸਰਕਾਰ ਲੈਂਡ ਪੂਲਿੰਗ ਨੀਤੀ ਰਾਹੀਂ ਕਿਸਾਨਾਂ ਦੀ ਜ਼ਮੀਨ ਲੈ ਕੇ ਅਰਬਾਂ ਰੁਪਏ ਕਮਾਉਣ ਦਾ ਸੌਖਾ ਜ਼ਰੀਆ ਬਣਾਉਂਦੀ ਜਾ ਰਹੀ ਹੈ, ਜਿਸ ਨਾਲ ਆਮ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋ ਰਿਹਾ। ਗਮਾਡਾ ਦੀਆਂ ਨੀਤੀਆਂ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰੀ ਅਦਾਰਾ (ਜੋ ਲੋਕਾਂ ਨੂੰ ਵਾਜ਼ਿਬ ਕੀਮਤਾਂ ਤੇ ਮਕਾਨ ਮੁਹੱਈਆ ਕਰਾਉਣ ਲਈ ਬਣਾਇਆ ਗਿਆ ਸੀ) ਹੁਣ ਨਿੱਜੀ ਕੰਪਨੀਆਂ ਵਾਂਗ ਮੁਨਾਫ਼ਾ ਕਮਾਉਣ ਵਿੱਚ ਲੱਗ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਏਅਰੋਟ੍ਰੋਪੋਲਿਸ ਦੇ ਵਿਸਥਾਰ ਅਤੇ ਨਿਊ ਚੰਡੀਗੜ੍ਹ ਤੇ ਮੁਹਾਲੀ ਵਿੱਚ ਨਵੇਂ ਰਿਹਾਇਸ਼ੀ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਕੀ ਕੋਈ ਸਰਵੇ ਕੀਤਾ ਗਿਆ ਸੀ, ਜਿਸ ਨਾਲ ਇਲਾਕੇ ਵਿੱਚ ਮਕਾਨਾਂ ਦੀ ਅਸਲ ਲੋੜ ਦਾ ਅੰਦਾਜ਼ਾ ਲੱਗ ਸਕੇ?
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸੰਘਰਸ਼ਸ਼ੀਲ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰੇਗੀ। ਨਾਲ ਹੀ ਇਹ ਮੁੱਦਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਉਠਾ ਕੇ ਲੈਂਡ ਪੂਲਿੰਗ ਨੀਤੀ ਨੂੰ ਕਿਸਾਨ-ਪੱਖੀ ਬਣਾਉਣ ਦੀ ਮੰਗ ਵੀ ਕੀਤੀ ਜਾਵੇਗੀ। ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੈਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੀ ਹਾਜਿਰ ਸਨ।
-
National1 month agoਘਰ ਵਿੱਚ ਡਿੱਗਣ ਕਾਰਨ ਅਨਿਲ ਵਿੱਜ ਦੀਆਂ ਦੋਵੇਂ ਲੱਤਾਂ ਫਰੈਕਚਰ
-
International2 months agoਕੈਨੇਡਾ ਦੇ ਸਕੂਲ ਵਿੱਚ ਗੋਲੀਬਾਰੀ ਦੌਰਾਨ ਹਮਲਾਵਰ ਸਮੇਤ 10 ਵਿਅਕਤੀਆਂ ਦੀ ਮੌਤ, 25 ਜ਼ਖਮੀ
-
Mohali2 months agoਪਿੰਡ ਬਹਿਲੋਲਪੁਰ ਦੇ ਬਿਊਟੀ ਪਾਰਲਰ ਸੈਂਟਰ ਵਿੱਚ ਮਹਿੰਦੀ ਮੁਕਾਬਲਾ ਕਰਵਾਇਆ
-
Editorial1 month ago
ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਲਈ ਆਟੋ ਰਿਕਸ਼ਿਆਂ ਵਾਸਤੇ ਸਪੀਡ ਲਿਮਿਟ ਲਾਗੂ ਹੋਵੇ
-
Editorial1 month agoਪੰਜਾਬ ਦੀ ਰਾਜਨੀਤੀ ਵਿੱਚ ਤੇਜ ਹੋ ਰਹੀਆਂ ਹਨ ਸਿਆਸੀ ਸਰਗਰਮੀਆਂ
-
Punjab1 month agoਸਮਾਣਾ ਵਿੱਚ ਕਿਸਾਨਾਂ ਅਤੇ ਪੁਲੀਸ ਦਰਮਿਆਨ ਹੋਇਆ ਟਕਰਾਅ, 90 ਕਿਸਾਨ ਹਿਰਾਸਤ ਵਿਚ ਲਏ
-
Mohali1 month agoਪੰਜਾਬ ਮੰਡੀ ਬੋਰਡ ਵੱਲੋਂ 6330.79 ਕਰੋੜ ਰੁਪਏ ਦਾ ਸਾਲਾਨਾ ਬਜਟ ਪਾਸ
-
Mohali1 month agoਗਮਾਡਾ ਨੇ ਪਿੰਡ ਜੁਝਾਰ ਨਗਰ ਵਿੱਚ ਨਾਜਾਇਜ਼ ਉਸਾਰੀ ਢਾਹੀ
