National
ਸੁਪਰੀਮ ਕੋਰਟ ਨੇ ਹਰ ਵਿਅਕਤੀ ਦੇ ਮੋਬਾਈਲ ਫ਼ੋਨ ਨੂੰ ਮੀਡੀਆ ਬਣਾਉਣ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੀਡੀਓ ਅਪਲੋਡ ਕਰਨ ਦੇ ਵਧਦੇ ਰੁਝਾਨ ਤੇ ਚਿੰਤਾ ਪ੍ਰਗਟਾਈ
ਨਵੀਂ ਦਿੱਲੀ, 21 ਮਾਰਚ (ਸ.ਬ.) ਸੁਪਰੀਮ ਕੋਰਟ ਨੇ ਅੱਜ ਹਰ ਵਿਅਕਤੀ ਦੇ ਮੋਬਾਈਲ ਫ਼ੋਨ ਨੂੰ ਮੀਡੀਆ ਬਣਾਉਣ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਤੁਰੰਤ ਵੀਡੀਓ ਅਪਲੋਡ ਕਰਨ ਦੇ ਵਧਦੇ ਰੁਝਾਨ ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਅਦਾਲਤ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਮੁਲਜ਼ਮਾਂ ਦੀ ਨਿਰਪੱਖ ਸੁਣਵਾਈ ਲਈ ਗੰਭੀਰ ਖ਼ਤਰਾ ਪੈਦਾ ਕਰਦੀਆਂ ਹਨ।
ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵਿਪੁਲ ਐਮ ਪੰਚੋਲੀ ਦੀ ਬੈਂਚ ਨੇ ਇੱਕ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਇਹ ਗੱਲ ਕਹੀ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਸੀ ਕਿ ਪੁਲੀਸ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਅਪਲੋਡ ਕਰ ਦਿੰਦੀ ਹੈ, ਜਿਸ ਨਾਲ ਲੋਕਾਂ ਦੇ ਮਨਾਂ ਵਿੱਚ ਪਹਿਲਾਂ ਹੀ ਇੱਕ ਰਾਏ ਬਣ ਜਾਂਦੀ ਹੈ। ਬਾਅਦ ਵਿੱਚ, ਜਦੋਂ ਸਬੂਤਾਂ ਦੀ ਘਾਟ ਕਾਰਨ ਮੁਲਜ਼ਮ ਬਰੀ ਹੋ ਜਾਂਦੇ ਹਨ, ਤਾਂ ਲੋਕ ਨਿਆਂਪਾਲਿਕਾ ਨੂੰ ਦੋਸ਼ੀ ਠਹਿਰਾਉਂਦੇ ਹਨ।
ਬੈਂਚ ਨੇ ਸੀਨੀਅਰ ਐਡਵੋਕੇਟ ਗੋਪਾਲ ਸ਼ੰਕਰਨਾਰਾਇਣਨ ਦੀ ਇਸ ਗੱਲ ਨਾਲ ਸਹਿਮਤੀ ਜਤਾਈ ਕਿ ਮੋਬਾਈਲ ਫ਼ੋਨ ਰੱਖਣ ਵਾਲਾ ਹਰ ਵਿਅਕਤੀ ਮੀਡੀਆ ਬਣ ਗਿਆ ਹੈ। ਅਦਾਲਤ ਨੇ ਕਿਹਾ ਕਿ ਜਦੋਂ ਵੀ ਕੋਈ ਹਾਦਸਾ ਵਾਪਰਦਾ ਹੈ, ਤਾਂ ਲੋਕ ਮਦਦ ਕਰਨ ਦੀ ਬਜਾਏ ਕੰਟੈਂਟ ਬਣਾਉਣ ਲਈ ਆਪਣੇ ਮੋਬਾਈਲ ਫ਼ੋਨ ਕੱਢ ਲੈਂਦੇ ਹਨ, ਭਾਵੇਂ ਕੋਈ ਵਿਅਕਤੀ ਸੜਕ ਤੇ ਖ਼ੂਨ ਨਾਲ ਲੱਥਪੱਥ ਕਿਉਂ ਨਾ ਪਿਆ ਹੋਵੇ।
ਜਸਟਿਸ ਬਾਗਚੀ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਸਿਰਫ਼ ਪੁਲੀਸ ਦੇ ਸੋਸ਼ਲ ਮੀਡੀਆ ਹੈਂਡਲਾਂ ਬਾਰੇ ਗੱਲ ਕਰਨ ਦੀ ਬਜਾਏ, ਪੁਲੀਸ, ਰਵਾਇਤੀ ਮੀਡੀਆ ਅਤੇ ਸੋਸ਼ਲ ਮੀਡੀਆ ਲਈ ਇੱਕ ਵਿਆਪਕ ਪ੍ਰਣਾਲੀ ਦੀ ਭਾਲ ਕਰਨੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਸਾਰੇ ਰਾਜਾਂ ਵਿੱਚ ਜਾਂਚ ਵਿੱਚ ਪਾਰਦਰਸ਼ਤਾ, ਸੂਚਨਾ ਦੇ ਅਧਿਕਾਰ ਅਤੇ ਮੁਲਜ਼ਮਾਂ ਦੀ ਨਿਰਪੱਖ ਸੁਣਵਾਈ ਦੇ ਅਧਿਕਾਰ ਨੂੰ ਸੰਤੁਲਿਤ ਕਰਨ ਲਈ ‘ਪੁਲੀਸ-ਮੀਡੀਆ ਬ੍ਰੀਫਿੰਗ’ ਦੇ ਸਬੰਧ ਵਿੱਚ ਇੱਕ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ ਤਿਆਰ ਕਰਨ ਅਤੇ ਉਸ ਦੀ ਪਾਲਣਾ ਕਰਨ ਲਈ ਤਿੰਨ ਮਹੀਨਿਆਂ ਦਾ ਸਮਾਂ ਦਿੱਤਾ ਹੈ।
ਉਨ੍ਹਾਂ ਟਿੱਪਣੀ ਕੀਤੀ ਕਿ ਵੱਡੇ ਪੱਧਰ ਤੇ ਸਾਡਾ ਮੰਨਣਾ ਹੈ ਕਿ ਪੁਲੀਸ ਨੂੰ ਆਪਣੀ ਬ੍ਰੀਫਿੰਗ ਰਾਹੀਂ ਮੁਲਜ਼ਮਾਂ ਵਿਰੁੱਧ ਕੋਈ ਪੱਖਪਾਤ ਪੈਦਾ ਨਹੀਂ ਕਰਨਾ ਚਾਹੀਦਾ। ਪੁਲੀਸ ਨੂੰ ਸ਼ੌਫ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ। ਪਰ ਮੀਡੀਆ, ਖ਼ਾਸ ਕਰਕੇ ਸੋਸ਼ਲ ਮੀਡੀਆ ਅਤੇ ਜਨਤਾ ਬਾਰੇ ਕੀ? ਕੀ ਉਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ? ਤੁਲਨਾਤਮਕ ਤੌਰ ਤੇ ਟੀਵੀ ਚੈਨਲ ਕਿਤੇ ਵੱਧ ਸੰਜਮ ਵਿੱਚ ਹਨ, ਭਾਵੇਂ ਕੋਈ ਉਨ੍ਹਾਂ ਦੇ ਵਿਚਾਰਾਂ ਨਾਲ ਅਸਹਿਮਤ ਹੋ ਸਕਦਾ ਹੈ।
ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਅਜਿਹੇ ਟੈਬਲੌਇਡ ਹਨ ਜਿਨ੍ਹਾਂ ਨੂੰ ਸਧਾਰਨ ਸ਼ਬਦਾਂ ਵਿੱਚ ਬਲੈਕਮੇਲਰ ਕਿਹਾ ਜਾ ਸਕਦਾ ਹੈ। ਜਸਟਿਸ ਬਾਗਚੀ ਨੇ ਇਸ ਸਥਿਤੀ ਨੂੰ ਬੇਹੱਦ ਗੰਭੀਰ ਦੱਸਦਿਆਂ ਕਿਹਾ ਕਿ ਅਸਲ ਸਮੱਸਿਆ ਖਿੰਡਿਆ ਹੋਇਆ ਸੋਸ਼ਲ ਮੀਡੀਆ ਔਖਾ ਹੈ। ਜਿਸ ਤੇ ਕਾਬੂ ਪਾਉਣਾ ਹੈ।
ਚੀਫ਼ ਜਸਟਿਸ ਸੂਰਿਆ ਕਾਂਤ ਨੇ ਇੱਕ ਹੋਰ ਗੰਭੀਰ ਪਹਿਲੂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਡਿਜੀਟਲ ਗ੍ਰਿਫ਼ਤਾਰੀ ਦੇ ਸਮਾਨ ਜਾਂ ਉਸ ਦਾ ਇੱਕ ਵੱਖਰਾ ਰੂਪ ਹੈ। ਰਾਸ਼ਟਰੀ ਰਾਜਧਾਨੀ ਤੋਂ ਦੂਰ ਕਸਬਿਆਂ ਅਤੇ ਸ਼ਹਿਰਾਂ ਵਿੱਚ ਇੱਕ ਰੁਝਾਨ ਹੈ ਜਿੱਥੇ ਲੋਕ ਮੀਡੀਆ ਕਰਮੀਆਂ ਵਜੋਂ ਆਪਣੀ ਪਛਾਣ ਦਿਖਾਉਂਦੇ ਹਨ ਅਤੇ ਗ਼ਲਤ ਇਰਾਦਿਆਂ ਲਈ ਆਪਣੇ ਵਾਹਨਾਂ ਤੇ ਮੀਡੀਆ ਦੇ ਸਟਿੱਕਰ ਲਗਾ ਕੇ ਘੁੰਮਦੇ ਹਨ।
ਵਕੀਲ ਸ਼ੰਕਰਨਾਰਾਇਣਨ ਨੇ ਵੀ ਇੱਕ ਉਦਾਹਰਨ ਦਿੰਦਿਆਂ ਕਿਹਾ ਕਿ ਮੈਂ ਕੁਝ ਅਜਿਹੇ ਵਕੀਲਾਂ ਨੂੰ ਜਾਣਦਾ ਹਾਂ ਜੋ ਹਾਈਵੇਅ ਤੇ ਟੋਲ ਟੈਕਸ ਤੋਂ ਬਚਣ ਲਈ ਆਪਣੀਆਂ ਕਾਰਾਂ ਤੇ ‘ਸੁਪਰੀਮ ਕੋਰਟ ਐਡਵੋਕੇਟ’ ਦੇ ਸਟਿੱਕਰ ਲਗਾਉਂਦੇ ਹਨ।
ਅਦਾਲਤ ਨੇ ਇਸ ਮਾਮਲੇ ਤੇ ਨਿਰਣਾ ਲੈਂਦਿਆਂ ਕਿਹਾ ਕਿ ਕਿਉਂਕਿ ਮੁਲਜ਼ਮਾਂ ਲਈ ਨਿਰਪੱਖ ਸੁਣਵਾਈ ਦੇ ਮੁੱਦੇ ਤੇ ਇੱਕ ਵਿਆਪਕ ਨਜ਼ਰੀਏ ਦੀ ਲੋੜ ਹੈ, ਇਸ ਲਈ ਬਿਹਤਰ ਹੋਵੇਗਾ ਕਿ ਪਟੀਸ਼ਨ ਵਾਪਸ ਲੈ ਲਈ ਜਾਵੇ। ਅਦਾਲਤ ਨੇ ਸੁਝਾਅ ਦਿੱਤਾ ਕਿ ਅਪ੍ਰੈਲ ਤੋਂ ਬਾਅਦ, ਜਦੋਂ ਪੁਲੀਸ ਲਈ ਸ਼ੌਫ ਲਾਗੂ ਹੋ ਜਾਵੇਗਾ, ਤਾਂ ਇਸ ਪਟੀਸ਼ਨ ਨੂੰ ਵਧੇਰੇ ਵਿਸਥਾਰਪੂਰਵਕ ਦਾਇਰੇ ਨਾਲ ਦੁਬਾਰਾ ਦਾਇਰ ਕੀਤਾ ਜਾਵੇ।
National
ਭਲਕੇ ਜਾਰੀ ਹੋਵੇਗੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪ ਉਮੀਦਵਾਰਾਂ ਦੀ ਪਹਿਲੀ ਸੂਚੀ : ਮੁੱਖ ਮੰਤਰੀ ਮਾਨ
ਦਿੱਲੀ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਵਿਚਕਾਰ ਮੀਟਿੰਗ ਤੋਂ ਬਾਅਦ ਦਿੱਤੀ ਜਾਣਕਾਰੀ
ਨਵੀਂ ਦਿੱਲੀ, 30 ਅਕਤੂਬਰ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋ ਭਲਕੇ ਉਮੀਦਵਾਰਾਂ ਦੀ ਪਹਿਲੀ ਸੂਚੀ ਭਲਕੇ ਜਾਰੀ ਕੀਤੀ ਜਾਵੇਗੀ। ਇਸ ਸਬੰਧੀ ਅੱਜ ਦਿੱਲੀ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਅਹਿਮ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ।
ਇਸ ਸਬੰਧੀ ਅੱਜ ਨਵੀਂ ਦਿੱਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਹੋਰ ਸੀਨੀਅਰ ਆਗੂਆਂ ਵਿਚਕਾਰ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਸੰਭਾਵੀ ਉਮੀਦਵਾਰਾਂ ਦੇ ਨਾਵਾਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਵਿੱਚ ਮਨੀਸ਼ ਸਿਸੋਦੀਆ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਮੌਜੂਦ ਰਹੇ। ਪੰਜਾਬ ਦੇ ਕੈਬਨਿਟ ਮੰਤਰੀ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੀ ਆਨਲਾਈਨ ਮਾਧਿਅਮ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ।
ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਸੂਚੀ ਵਿੱਚ ਕਰੀਬ 25 ਤੋਂ 30 ਉਮੀਦਵਾਰਾਂ ਦੇ ਨਾਂ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਸ਼ੁੱਕਰਵਾਰ ਦੀ ਮੀਟਿੰਗ ਵਿੱਚ ਸਾਰੀਆਂ ਸੀਟਾਂ ਲਈ ਉਮੀਦਵਾਰਾਂ ਬਾਰੇ ਅੰਤਿਮ ਫ਼ੈਸਲਾ ਨਹੀਂ ਹੋ ਸਕਿਆ। ਇਸ ਕਾਰਨ ਸ਼ਨੀਵਾਰ ਸਵੇਰੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਇੱਕ ਹੋਰ ਮੀਟਿੰਗ ਹੋਵੇਗੀ। ਇਸ ਵਿੱਚ ਸੰਭਾਵੀ ਉਮੀਦਵਾਰਾਂ ਦੇ ਨਾਵਾਂ ਤੇ ਅੰਤਿਮ ਮੋਹਰ ਲਗਾਈ ਜਾਵੇਗੀ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਸਕਦੇ ਹਨ।
ਪਾਰਟੀ ਵੱਲੋਂ ਫਿਲਹਾਲ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਪਹਿਲੀ ਸੂਚੀ ਵਿੱਚ ਕਿੰਨੀਆਂ ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਪੜਾਅਵਾਰ ਤਰੀਕੇ ਨਾਲ ਉਮੀਦਵਾਰਾਂ ਦੇ ਨਾਂ ਸਾਹਮਣੇ ਲਿਆ ਸਕਦੀ ਹੈ। ਜੇਕਰ ਸ਼ਨੀਵਾਰ ਨੂੰ ਪਹਿਲੀ ਸੂਚੀ ਜਾਰੀ ਹੁੰਦੀ ਹੈ ਤਾਂ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰਨ ਵਾਲੀਆਂ ਸ਼ੁਰੂਆਤੀ ਸਿਆਸੀ ਪਾਰਟੀਆਂ ਵਿੱਚ ਸ਼ਾਮਲ ਹੋ ਜਾਵੇਗੀ। ਸੂਚੀ ਜਾਰੀ ਹੋਣ ਨਾਲ ਪਾਰਟੀ ਦੀਆਂ ਚੋਣ ਤਿਆਰੀਆਂ ਨੂੰ ਵੀ ਗਤੀ ਮਿਲੇਗੀ।
National
ਉੱਤਰਾਖੰਡ ਦੇ ਜੋਸ਼ੀਮਠ ਨੇੜੇ ਹੈਲੀਕਾਪਟਰ ਕਰੈਸ਼, ਪਾਇਲਟ ਸਮੇਤ 6 ਵਿਅਕਤੀਆਂ ਦੀ ਮੌਤ
ਜੋਸ਼ੀਮਠ, 30 ਅਕਤੂਬਰ (ਸ.ਬ.) ਉੱਤਰਾਖੰਡ ਦੇ ਜੋਸ਼ੀਮਠ ਨੇੜੇ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਹੈਲੀਕਾਪਟਰ ਬਦਰੀਨਾਥ ਤੋਂ ਵਾਪਸ ਆ ਰਿਹਾ ਸੀ। ਦੱਸਿਆ ਗਿਆ ਹੈ ਕਿ ਪਾਇਲਟ ਸਮੇਤ ਕੁੱਲ ਛੇ ਲੋਕ ਸਵਾਰ ਸਨ। ਹਾਦਸੇ ਵਿੱਚ ਸਾਰੇ ਛੇ ਲੋਕਾਂ ਦੀ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਣ ਤੇ, ਪ੍ਰਸ਼ਾਸਨਿਕ ਟੀਮ ਨੂੰ ਮੌਕੇ ਤੇ ਭੇਜਿਆ ਗਿਆ। ਚਮੋਲੀ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਵੇਕ ਪ੍ਰਕਾਸ਼ ਨੇ ਦੱਸਿਆ ਕਿ ਹੈਲੀਕਾਪਟਰ ਦਾ ਪਤਾ ਲਗਾਉਣ ਲਈ ਇਲਾਕੇ ਵਿੱਚ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।
ਦਰਸ਼ਨਾਂ ਤੋਂ ਬਾਅਦ ਬਦਰੀਨਾਥ ਮੰਦਿਰ ਤੋਂ ਵਾਪਸ ਆ ਰਿਹਾ ਸੀ ਜਿਸ ਦੌਰਾਨ ਹੈਲੀਕਾਪਟਰ ਜੋਸ਼ੀਮਠ ਖੇਤਰ ਵਿੱਚ ਅਚਾਨਕ ਲਾਪਤਾ ਹੋ ਗਿਆ ਸੀ। ਇਸ ਦੌਰਾਨ, ਜੋਸ਼ੀਮਠ ਦੇ ਮਾਰਵਾੜੀ ਖੇਤਰ ਦੇ ਨੇੜੇ ਚਾਏ ਪਿੰਡ ਦੀ ਪਹਾੜੀ ਦੇ ਨੇੜੇ ਹੈਲੀਕਾਪਟਰ ਨਾਲ ਸੰਪਰਕ ਟੁੱਟ ਗਿਆ। ਸ਼ੱਕ ਸੀ ਕਿ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਹੁਣ ਖ਼ਬਰ ਆ ਗਈ ਹੈ ਕਿ ਇਹ ਹੈਲੀਕਾਪਟਰ ਕਰੈਸ਼ ਹੋ ਗਿਆ ਹੈ।
ਹਾਦਸੇ ਦੇ ਬਾਅਦ ਤੋਂ ਹੀ ਪਾਇਲਟ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਸੀ। ਜਿਸਤੋਂ ਬਾਅਦ ਹੈਲੀਕਾਪਟਰ ਨੂੰ ਲੱਭਣ ਲਈ ਡਰੋਨ ਦੀ ਮਦਦ ਲਈ ਗਈ।
National
ਇਥੇਨੌਲ ਨਾਲ ਭਰੇ ਟੈਂਕਰ ਅਤੇ ਟਰੱਕ ਦੀ ਟੱਕਰ ਕਾਰਨ ਦੋਵਾਂ ਵਾਹਨਾਂ ਨੂੰ ਲੱਗੀ ਅੱਗ, ਟਰੱਕ ਡਰਾਈਵਰ ਦੀ ਮੌਤ
ਕੈਥਲ, 30 ਅਕਤੂਬਰ (ਸ.ਬ.) ਚੰਡੀਗੜ੍ਹ-ਹਿਸਾਰ ਨੈਸ਼ਨਲ ਹਾਈਵੇਅ ਤੇ ਕਲਾਇਤ ਇਲਾਕੇ ਅਧੀਨ ਪੈਂਦੇ ਪਿੰਡ ਸ਼ਿਮਲਾ ਨੇੜੇ ਬੀਤੀ ਦੇਰ ਰਾਤ ਇੱਕ ਇਥੇਨੌਲ ਨਾਲ ਭਰੇ ਇੱਕ ਟੈਂਕਰ ਅਤੇ ਝੋਨੇ ਨਾਲ ਲੱਦੇ ਟਰੱਕ ਵਿਚਾਲੇ ਟੱਕਰ ਹੋਣ ਤੋਂ ਬਾਅਦ ਟੈਂਕਰ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕੇ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ। ਇਸ ਦੀ ਲਪੇਟ ਵਿੱਚ ਆਉਣ ਕਾਰਨ ਇਥੇਨੌਲ ਟੈਂਕਰ ਦੇ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਡਰਾਈਵਰ ਰਾਜਸਥਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ, ਝੋਨੇ ਨਾਲ ਲੱਦੇ ਇੱਕ ਟਰੱਕ ਦਾ ਡਰਾਈਵਰ ਟਾਇਰਾਂ ਦੀ ਹਵਾ ਚੈਕ ਕਰਨ ਲਈ ਗੱਡੀ ਤੋਂ ਹੇਠਾਂ ਉਤਰਿਆ ਹੋਇਆ ਸੀ। ਇਸੇ ਦੌਰਾਨ ਪਿੱਛੋਂ ਆ ਰਿਹਾ ਇਥੇਨੌਲ ਨਾਲ ਭਰਿਆ ਤੇਜ਼ ਰਫ਼ਤਾਰ ਟੈਂਕਰ ਅਚਾਨਕ ਬੇਕਾਬੂ ਹੋ ਕੇ ਖੜ੍ਹੇ ਟਰੱਕ ਨਾਲ ਜਾ ਟਕਰਾਇਆ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਇਥੇਨੌਲ ਦੇ ਸੰਪਰਕ ਵਿੱਚ ਆਉਂਦੇ ਹੀ ਟੈਂਕਰ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਦੋਵੇਂ ਵਾਹਨ ਅੱਗ ਦੀਆਂ ਲਪਟਾਂ ਵਿੱਚ ਘਿਰ ਗਏ।
ਧਮਾਕੇ ਦੀ ਆਵਾਜ਼ ਅਤੇ ਉੱਚੀਆਂ ਉੱਠਦੀਆਂ ਅੱਗ ਦੀਆਂ ਲਪਟਾਂ ਦੇਖ ਕੇ ਆਸ-ਪਾਸ ਦੇ ਇਲਾਕੇ ਅਤੇ ਰਾਹਗੀਰਾਂ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਕਲਾਇਤ ਥਾਣੇ ਦੇ ਇੰਚਾਰਜ ਰਣਦੀਪ ਸਿੰਘ ਪੁਲੀਸ ਟੀਮ ਨਾਲ ਤੁਰੰਤ ਮੌਕੇ ਤੇ ਪਹੁੰਚੇ।
ਥਾਣਾ ਇੰਚਾਰਜ ਰਣਦੀਪ ਸਿੰਘ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਕਾਫ਼ੀ ਭਿਆਨਕ ਸਨ। ਇਸ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 5 ਤੋਂ 6 ਗੱਡੀਆਂ ਮੌਕੇ ਤੇ ਬੁਲਾਈਆਂ ਗਈਆਂ। ਕਾਫ਼ੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਇਆ। ਪੁਲੀਸ ਨੇ ਮ੍ਰਿਤਕ ਡਰਾਈਵਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-
International2 months ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
National2 months agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Editorial1 month agoਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ
-
International2 months ago
ਛੇ ਸਾਲਾਂ ਦੀ ਮੁਅੱਤਲੀ ਤੋਂ ਬਾਅਦ ਗੁਆਂਗਜ਼ੂ-ਦਿੱਲੀ ਉਡਾਣਾਂ ਮੁੜ ਸ਼ੁਰੂ ਹੋਣਗੀਆਂ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
Chandigarh1 month ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
