Connect with us

Mohali

ਦਸਵੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

Published

on

ਐਸ ਏ ਐਸ ਨਗਰ, 28 ਮਾਰਚ (ਸ.ਬ.) ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਸਵੀਂ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਧਾਰਮਿਕ ਸਮਾਗਮ ਵਿੱਚ ਭਾਈ ਮਲਕੀਤ ਸਿੰਘ ਦੇ ਇੰਟਰਨੈਸ਼ਨਲ ਪੰਥਕ ਢਾਡੀ ਜੱਥੇ ਨੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਅਤੇ ਸ਼ਹਾਦਤ ਤੋਂ ਬਾਅਦ ਉਨਾਂ ਦੇ ਸੀਸ ਨੂੰ ਭਾਈ ਜੈਤਾ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਲਿਆਉਣ ਦਾ ਪ੍ਰਸੰਗ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਸਹਿਤ ਸੁਣਾਇਆ। ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਵਾਲਿਆਂ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਇਲਾਹੀ ਬਾਣੀ ਨਾਲ ਗਵਾ ਕੇ ਸੰਗਤਾਂ ਨੂੰ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਭਾਈ ਲੱਖੀ ਸ਼ਾਹ ਵਨਜਾਰਾ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਉਨਾਂ ਦੇ ਧੜ ਦਾ ਸਸਕਾਰ ਕਰਨ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਦੱਸਿਆ।

ਇਸ ਤੋਂ ਇਲਾਵਾ ਬੀਬੀ ਸੁਰਿੰਦਰ ਕੌਰ ਪਟਿਆਲੇ ਵਾਲਿਆਂ ਦਾ ਇੰਟਰਨੈਸ਼ਨਲ ਢਾਡੀ ਜੱਥਾ, ਭਾਈ ਹਰਜਿੰਦਰ ਸਿੰਘ ਕਰਨਾਲ ਵਾਲੇ, ਭਾਈ ਸੂਬਾ ਸਿੰਘ ਬਰਨਾਲਾ ਵਾਲੇ, ਭਾਈ ਕੁਲਦੀਪ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਜਸਵਿੰਦਰ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਇੰਦਰਜੀਤ ਸਿੰਘ, ਭਾਈ ਹਰਬਖਸ਼ ਸਿੰਘ, ਭਾਈ ਗੁਰਮੀਤ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਦਸਵੀਂ ਦੇ ਦਿਹਾੜੇ ਤੇ ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ।

ਇਸ ਮੌਕੇ ਹਰ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਅਤੇ ਦਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ। ਇਸ ਦਿਨ ਕਰਵਾਏ ਗਏ ਅੰਮ੍ਰਿਤ ਸੰਚਾਰ ਵਿੱਚ ਵੱਡੀ ਗਿਣਤੀ ਵਿੱਚ ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ। ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਗਿਆ।

Continue Reading

Mohali

ਮੁਹਾਲੀ ਦੇ ਜੁਡੀਸ਼ਿਅਲ ਕੋਰਟ ਸਮੇਤ ਅੱਧਾ ਦਰਜਨ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Published

on

By

ਪੁਲੀਸ ਪ੍ਰਸ਼ਾਸ਼ਨ ਹਾਈ ਅਲਰਟ ਤੇ, ਪੁਲੀਸ ਦੀ ਜਾਂਚ ਦੌਰਾਨ ਕੋਈ ਇਤਰਾਜਯੋਗ ਵਸਤੂ ਨਹੀਂ ਮਿਲੀ

ਐਸ ਏ ਐਸ ਨਗਰ, 21 ਸਤੰਬਰ (ਸ.ਬ.) ਮੁਹਾਲੀ ਦੇ ਜੁਡੀਸ਼ੀਅਲ ਕੋਰਟ ਕਾਂਪਲੈਕਸ ਸਮੇਤ ਸ਼ਹਿਰ ਦੇ ਲਗਭਗ ਅੱਧ ਦਰਜਨ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਸੰਬੰਧੀ ਈ ਮੇਲ ਪ੍ਰਾਪਤ ਹੋਈ ਹੈ। ਧਮਕੀ ਦੀ ਸੂਚਨਾ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ, ਐਸਏਐਸ ਨਗਰ (ਮੁਹਾਲੀ) ਪੁਲੀਸ ਅਤੇ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਫੇਜ਼ 6 ਵਿੱਚ ਸਥਿਤ ਸ਼ਿਵਾਲਿਕ ਪਬਲਿਕ ਸਕੂਲ, ਸੈਕਟਰ 69 ਵਿੱਚ ਸਥਿਤ ਪੈਰਾਗਾਨ ਸੀਨੀਅਰ ਸਕੈਂਡਰੀ ਸਕੂਲ ਤੋਂ ਇਲਾਵਾ ਰੇਆਨ ਸਕੂਲ, ਗੁਰੂਕੁਲ ਸਕੂਲ, ਆਰਕਿਜ ਇੰਟਨੈਸ਼ਨਲ ਸਕੂਲ ਸਮੇਤ ਕੁੱਝ ਹੋਰ ਸਕੂਲਾਂ ਨੂੰ ਧਮਕੀ ਵਾਲੀ ਈ ਮੇਲ ਮਿਲਣ ਤੋਂ ਬਾਅਦ ਇਹਨਾਂ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ। ਜਿਸਤੋਂ ਬਾਅਦ ਪੁਲੀਸ ਵਲੋਂ ਇਹਨਾਂ ਸਕੂਲਾਂ ਅਤੇ ਕੋਰਟ ਕਾਂਪਲੈਕਸ ਦੀ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਐਂਟੀ ਸਾਬੋਤਾਜ ਟੀਮਾਂ ਅਤੇ ਬੰਬ ਸਕੂਐਡ ਵਲੋਂ ਇਹਨਾਂ ਥਾਵਾਂ ਦੀ ਤਲਾਸ਼ੀ ਲਈ ਗਈ ਪਰੰਤੂ ਕੁੱਝ ਵੀ ਇਤਰਾਜ ਯੋਗ ਨਹੀਂ ਮਿਲਿਆ।

ਇਸ ਦੌਰਾਨ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਮਾਪਿਆਂ ਨੂੰ ਸੂਚਨਾ ਦੇ ਕੇ ਵਿਦਿਆਰਥੀਆਂ ਨੂੰ ਸਕੂਲ ਵਿੱਚੋਂ ਸੁਰਖਿਤ ਬਾਹਰ ਕੱਢ ਕੇ ਘਰ ਭੇਜ ਦਿੱਤਾ ਗਿਆ। ਇਸ ਦੌਰਾਨ ਛੋਟੇ ਬੱਚਿਆਂ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਬੱਸਾਂ ਦੇ ਮਾਧਿਅਮ ਰਾਹੀਂ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ। ਇਹਨਾਂ ਸਕੂਲਾਂ ਨੂੰ ਮਿਲੀ ਧਮਕੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਕੂਲਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕੀਤਾ ਗਿਆ ਹੈ ਅਤੇ ਪੁਲੀਸ ਵਲੋਂ ਅੱਗੇ ਦੀ ਕਾਰਵਾਈ ਜਾਰੀ ਹੈ।

ਇਸ ਦੌਰਾਨ ਅਦਾਲਤੀ ਕਾਂਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਜਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਇਸ ਸੰਬੰਧੀ ਅਧਿਕਾਰਤ ਹੁਕਮ ਜਾਰੀ ਕਰਕੇ ਸਾਰੇ ਜੁਡੀਸ਼ੀਅਲ ਅਧਿਕਾਰੀਆਂ, ਡਿਪਟੀ ਕਮਿਸ਼ਨਰ ਮੁਹਾਲੀ, ਐਸ ਐਸ ਪੀ ਮੁਹਾਲੀ, ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜਿਲ੍ਹਾ ਅਟਾਰਨੀ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਕਿ ਜਿਲ੍ਹਾ ਅਦਾਲਤ ਦੀ ਆਫੀਸ਼ੀਅਲ ਈ ਮੇਲ ਤੇ ਅਦਾਲਤੀ ਕਾਂਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਮੇਲ ਆਈ ਹੈ ਜਿਸਤੋਂ ਬਾਅਦ ਅਦਾਲਤਾਂ ਨੂੰ ਖਾਲੀ ਕਰਵਾ ਕੇ ਸੁਰਖਿਆ ਜਾਂਚ ਕੀਤੀ ਜਾ ਰਹੀ ਹੈ।

ਇਸ ਦੌਰਾਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਦਾਲਤ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਉੱਥੇ ਮੌਜੂਦ ਵਕੀਲਾਂ, ਅਦਾਲਤੀ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਗਿਆ। ਘਟਨਾ ਵਾਲੀ ਥਾਂ ਤੇ ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਦੀਆਂ ਟੀਮਾਂ ਪਹੁੰਚੀਆਂ, ਜਿਨ੍ਹਾਂ ਵੱਲੋਂ ਕੋਰਟ ਕੰਪਲੈਕਸ ਦੇ ਚੱਪੇ-ਚੱਪੇ, ਦਫ਼ਤਰਾਂ ਅਤੇ ਖੁੱਲ੍ਹੇ ਹਿੱਸਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਪੁਲੀਸ ਵੱਲੋਂ ਪੂਰੇ ਅਦਾਲਤ ਪਰਿਸਰ ਨੂੰ ਸੁਰੱਖਿਆ ਘੇਰੇ ਵਿੱਚ ਲੈ ਲਿਆ ਗਿਆ ਅਤੇ ਜਾਂਚ ਮੁਕੰਮਲ ਹੋਣ ਤੱਕ ਕਿਸੇ ਵੀ ਆਮ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵੱਲੋਂ ਧਮਕੀ ਦੇ ਸਰੋਤ ਅਤੇ ਇਸ ਦੀ ਸੱਚਾਈ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਡਰਨ ਦੀ ਬਜਾਏ ਸੁਰੱਖਿਆ ਪ੍ਰਬੰਧਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।

Continue Reading

Mohali

ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ

Published

on

By

ਐਸ ਏ ਐਸ ਨਗਰ, 21 ਸਤੰਬਰ (ਸ.ਬ.) ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ, ਐਸ.ਏ.ਐਸ. ਨਗਰ (ਮੁਹਾਲੀ) ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4, 2026 ਦੇ ਬਲਾਕ ਪੱਧਰੀ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐਥਲੈਟਿਕਸ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਕਈ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।

ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ ਬੈਂਸ ਨੈ ਦੱਸਿਆ ਕਿ ਕਾਲਜ ਦੇ ਬੀ. ਏ. ਸਮੈਸਟਰ-5 ਦੇ ਵਿਦਿਆਰਥੀ ਸੰਜੀਵ ਗਿਰ ਨੇ ਸ਼ਾਟ ਪੁੱਟ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਬੀ.ਏ. ਦੂਜੇ ਸਾਲ ਦੀ ਵਿਦਿਆਰਥਣ ਸਪਨਾ ਨੇ 1500 ਮੀਟਰ ਅਤੇ 5000 ਮੀਟਰ ਵਿੱਚ ਪਹਿਲਾ ਅਤੇ 800 ਮੀਟਰ ਵਿੱਚ ਦੂਜਾ ਸਥਾਨ, ਭੰਨਾ ਨੇ 800 ਮੀਟਰ ਅਤੇ 5000 ਮੀਟਰ ਵਿੱਚ ਦੂਜਾ ਸਥਾਨ ਹਾਸਲ ਕੀਤਾ, ਦਿੱਵਿਆ ਨੇ 1500 ਮੀਟਰ ਵਿੱਚ ਦੂਜਾ ਅਤੇ 800 ਮੀਟਰ ਵਿੱਚ ਤੀਜਾ ਸਥਾਨ ਅਤੇ ਕਾਜਲ ਨੇ 400 ਮੀਟਰ ਅਤੇ 5000 ਮੀਟਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਜਸਪ੍ਰੀਤ ਕੌਰ ਬੈਂਸ, ਸ਼ਰੀਰਕ ਸਿੱਖਿਆ ਵਿਭਾਗ ਦੀ ਮੁਖੀ ਪ੍ਰੋ. ਸਿਮਰਪ੍ਰੀਤ ਕੌਰ, ਪ੍ਰੋ. ਜਗਤਾਰ ਸਿੰਘ ਵਲੋਂ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Continue Reading

Mohali

ਵਪਾਰੀਆਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕਰਨਾ ਪ੍ਰਸ਼ਾਸਨ ਦੀ ਪਹਿਲੀ ਜਿੰਮੇਵਾਰੀ : ਡਾ. ਅੰਕਿਤਾ ਕਾਂਸਲ

Published

on

By

ਐਸ ਏ ਐਸ ਨਗਰ, 21 ਸਤੰਬਰ (ਸ.ਬ.) ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੇ ਚੈਅਰਮੈਨ ਰਣਜੀਤ ਪਾਲ ਸਿੰਘ ਵੱਲੋਂ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਚਲ ਰਹੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਪ੍ਰਭਾਵਸ਼ਾਲੀ ਹੱਲ ਅਤੇ ਕਾਰੋਬਾਰ ਲਈ ਅਨੁਕੂਲ ਮਾਹੌਲ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੀ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਵਪਾਰੀ ਨੁਮਾਇੰਦਿਆਂ ਨੇ ਭਾਗ ਲਿਆ।

ਇਸ ਮੌਕੇ ਚੇਅਰਮੈਨ ਰਣਜੀਤ ਪਾਲ ਸਿੰਘ ਨੇ ਕਿਹਾ ਕਿ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਰਹਿੰਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।

ਮੀਟਿੰਗ ਦੌਰਾਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਕੋਲ ਪ੍ਰਾਪਤ ਵੱਖ-ਵੱਖ ਸ਼ਿਕਾਇਤਾਂ ਅਤੇ ਲੰਬਿਤ ਮਾਮਲਿਆਂ ਦੀ ਵਿਭਾਗ ਵਾਰ ਸਮੀਖਿਆ ਕੀਤੀ ਗਈ। ਸਹਾਇਕ ਕਮਿਸ਼ਨਰ (ਜਨਰਲ) ਨੇ ਗਮਾਡਾ, ਪਾਵਰਕਾਮ, ਸਿਹਤ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਤੋਂ ਲੰਬਿਤ ਮਾਮਲਿਆਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਲੋੜ ਅਨੁਸਾਰ ਮਾਮਲਿਆਂ ਦੇ ਤੁਰੰਤ ਨਿਪਟਾਰੇ ਲਈ ਨਿਰਦੇਸ਼ ਜਾਰੀ ਕੀਤੇ।

ਇਸ ਮੌਕੇ ਡਾ. ਅੰਕਿਤਾ ਕਾਂਸਲ ਨੇ ਕਿਹਾ ਕਿ ਵਪਾਰੀ ਵਰਗ ਜ਼ਿਲ੍ਹੇ ਦੀ ਆਰਥਿਕ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਇਸ ਲਈ ਉਨ੍ਹਾਂ ਦੀਆਂ ਜਾਇਜ਼ ਸਮੱਸਿਆਵਾਂ ਦਾ ਨਿਪਟਾਰਾ ਸਮੇਂ ਸਿਰ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਿਕਾਇਤ ਨੂੰ ਬੇਲੋੜੀ ਦੇਰੀ ਕਾਰਨ ਲੰਬਿਤ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਹਰ ਵਿਭਾਗ ਆਪਣੇ ਨਾਲ ਸਬੰਧਤ ਮਾਮਲਿਆਂ ਨੂੰ ਪਹਿਲ ਦੇ ਆਧਾਰ ਤੇ ਨਿਪਟਾਏ।

ਮੀਟਿੰਗ ਵਿੱਚ ਜਿਲ੍ਹਾ ਟਰੇਡਰਜ਼ ਕਮਿਸ਼ਨ ਦੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਬੈਦਵਾਨ, ਖਰੜ ਦੇ ਹਲਕਾ ਚੇਅਰਮੈਨ ਯਸ਼ਪਾਲ ਬਾਂਸਲ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਹੋਰ ਵਪਾਰੀ ਨੁਮਾਇੰਦੇ ਹਾਜ਼ਰ ਸਨ।

Continue Reading

Latest News

Trending