Connect with us

Punjab

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2026-27 ਦਾ 1487.41 ਕਰੋੜ ਦਾ ਬਜਟ ਪਾਸ

Published

on

ਅੰਮ੍ਰਿਤਸਰ, 28 ਮਾਰਚ (ਸ.ਬ.) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਵਿੱਚ ਅੱਜ ਸਾਲ 2026-27 ਲਈ 1487.41 ਕਰੋੜ ਰੁਪਏ ਦਾ ਅਨੁਮਾਨਤ ਬਜਟ ਪੇਸ਼ ਕੀਤਾ ਗਿਆ, ਜਿਸ ਨੂੰ ਹਾਜਰ ਮੈਂਬਰਾਂ ਵਲੋਂ ਪ੍ਰਵਾਨ ਕਰਦਿਆਂ ਪਾਸ ਕਰ ਦਿੱਤਾ ਗਿਆ।

ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਆਯੋਜਿਤ ਬਜਟ ਇਜਲਾਸ ਦੌਰਾਨ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਨੇ ਬਜਟ ਪੇਸ਼ ਕੀਤਾ। ਇਸ ਵਿੱਤੀ ਸਾਲ ਦਾ ਬਜਟ ਪਿਛਲੇ ਸਾਲ ਨਾਲੋਂ 100.94 ਕਰੋੜ ਰੁਪਏ ਵੱਧ ਹੈ। ਪਿਛਲੇ ਵਿੱਤੀ ਸਾਲ ਦੌਰਾਨ ਲਗਪਗ 1386 ਕਰੋੜ ਰੁਪਏ ਦਾ ਬਜਟ ਪਾਸ ਹੋਇਆ ਸੀ। ਇਸ ਸਾਲ ਬਜਟ ਵਿੱਚ ਪਿਛਲੇ ਸਾਲ ਨਾਲੋਂ 7.28 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।

ਬਜਟ ਇਜਲਾਸ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੂਲ ਮੰਤਰ ਦਾ ਜਾਪ ਕੀਤਾ ਗਿਆ ਅਤੇ ਅਰਦਾਸ ਕੀਤੀ ਗਈ। ਬਜਟ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਵੀ ਸ਼ਾਮਿਲ ਸਨ।

ਇਸ ਦੌਰਾਨ ਜਨਰਲ ਹਾਊਸ ਵਿੱਚ ਕੁੱਝ ਮਤੇ ਵੀ ਪਾਸ ਕੀਤੇ ਗਏ ਹਨ ਜਿਨਾਂ ਵਿੱਚ ਜੇਲਾਂ ਵਿੱਚ ਬੰਦ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਅਤੇ ਬੇਅਦਬੀਆਂ ਰੋਕਣ ਲਈ ਸਰਕਾਰ ਵੱਲੋਂ ਬਣਾਏ ਜਾ ਰਹੇ ਐਕਟ ਬਾਰੇ ਮੰਗ ਕੀਤੀ ਗਈ ਕਿ ਸਰਕਾਰ ਇਹ ਖਰੜਾ ਪਹਿਲਾਂ ਸੰਗਤ ਦੇ ਸਾਹਮਣੇ ਰੱਖੇ। ਇਸਦੇ ਨਾਲ ਹੀ ਸਿੱਖ ਧਰਮ ਦੀ ਵੱਖਰੀ ਪਛਾਣ ਅਤੇ ਹੋਂਦ ਤੇ ਹੋ ਰਹੇ ਹਮਲਿਆਂ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਿੱਖ ਸੰਗਤ ਨੂੰ ਸੁਚੇਤ ਰਹਿਣ ਲਈ ਆਖਿਆ ਗਿਆ ਹੈ।

ਇਸ ਤੋਂ ਪਹਿਲਾਂ ਇਜਲਾਸ ਵਿੱਚ ਸ਼ਾਮਿਲ ਵਿਰੋਧੀ ਧਿਰ ਦੇ ਮੈਂਬਰ ਮਿੱਠੂ ਸਿੰਘ ਕਾਹਣੇਕੇ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਵਧੇਰੇ ਦਿਨਾਂ ਦਾ ਹੋਣਾ ਚਾਹੀਦਾ ਹੈ ਤਾਂ ਜੋ ਇਸ ਵਿੱਚ ਵਿਸਥਾਰ ਪੂਰਵਕ ਬਜਟ ਨੂੰ ਵਿਚਾਰਿਆ ਜਾ ਸਕੇ।

Continue Reading

Punjab

ਬਰਨਿੰਗ ਟਰੇਨ : ਰਾਜਪੁਰਾ ਨੇੜੇ ਸਵਾਰੀਆਂ ਨਾਲ ਭਰੀ ਚਲਦੀ ਰੇਲਗੱਡੀ ਨੂੰ ਅਚਾਨਕ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

Published

on

By

ਰਾਜਪੁਰਾ, 6 ਨਵੰਬਰ (ਸ.ਬ.) ਅੰਮ੍ਰਿਤਸਰ ਤੋਂ ਕਟਿਹਾਰ ਜਾ ਰਹੀ ਇੱਕ ਟਰੇਨ ਵਿੱਚ ਰਾਜਪੁਰਾ ਤੋਂ ਕਰੀਬ 15 ਕਿਲੋਮੀਟਰ ਦੂਰ ਬਸੰਤਪੁਰਾ ਸਟੇਸ਼ਨ ਨੇੜੇ ਅਚਾਨਕ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਟਰੇਨ ਦੀਆਂ ਚਾਰ ਬੋਗੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ।

ਟਰੇਨ ਵਿੱਚੋਂ ਅਚਾਨਕ ਧੂੰਆਂ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖ ਕੇ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ ਅਤੇ ਚੀਕ-ਚਿਹਾੜਾ ਸ਼ੁਰੂ ਹੋ ਗਿਆ। ਚਾਲਕ ਅਤੇ ਰੇਲਵੇ ਕਰਮਚਾਰੀਆਂ ਦੀ ਚੌਕਸੀ ਕਾਰਨ ਟਰੇਨ ਨੂੰ ਤੁਰੰਤ ਰੋਕ ਲਿਆ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਮੁੱਢਲੀ ਜਾਣਕਾਰੀ ਅਨੁਸਾਰ, ਇਸ ਹਾਦਸੇ ਵਿੱਚ ਕਿਸੇ ਵੀ ਯਾਤਰੀ ਦੇ ਜਾਨੀ ਨੁਕਸਾਨ ਜਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਮੌਕੇ ਤੇ ਪਹੁੰਚ ਗਈਆਂ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ।

ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਸ਼ਾਰਟ ਸਰਕਟ ਕਾਰਨ ਵਾਪਰੀ ਹੈ। ਜਿਸ ਸਮੇਂ ਬੋਗੀਆਂ ਵਿੱਚ ਅੱਗ ਲੱਗੀ, ਟਰੇਨ ਨੂੰ ਤੁਰੰਤ ਰੋਕ ਦਿੱਤਾ ਗਿਆ ਅਤੇ ਯਾਤਰੀ ਬੋਗੀਆਂ ਵਿੱਚੋਂ ਬਾਹਰ ਆ ਗਏ। ਇਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਘਟਨਾ ਵਿੱਚ ਚਾਰ ਬੋਗੀਆਂ ਦੇ ਪੂਰੀ ਤਰ੍ਹਾਂ ਨੁਕਸਾਨੇ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਘਟਨਾ ਦੌਰਾਨ ਤਿਉਹਾਰਾਂ ਮੌਕੇ ਆਪਣੇ ਪਿੰਡਾਂ ਨੂੰ ਜਾ ਰਹੇ ਲੋਕਾਂ ਦਾ ਸਾਮਾਨ ਬੋਗੀਆਂ ਦੇ ਨਾਲ ਹੀ ਸੜ ਗਿਆ। ਇਸ ਕਾਰਨ ਯਾਤਰੀਆਂ ਦਾ ਕਾਫ਼ੀ ਨੁਕਸਾਨ ਹੋਣ ਦੀ ਸੂਚਨਾ ਹੈ।

ਅੰਮ੍ਰਿਤਸਰ ਤੋਂ ਕਟਿਹਾਰ ਜਾ ਰਹੀ ਇਸ ਟਰੇਨ ਵਿੱਚ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕ ਸਵਾਰ ਸਨ, ਜੋ ਦੀਵਾਲੀ ਮਨਾਉਣ ਲਈ ਆਪਣੇ ਪਿੰਡਾਂ ਨੂੰ ਜਾ ਰਹੇ ਸਨ। ਰੇਲਵੇ ਵੱਲੋਂ ਅੱਗ ਨੂੰ ਹੋਰ ਫੈਲਣ ਅਤੇ ਬਾਕੀ ਬੋਗੀਆਂ ਨੂੰ ਨੁਕਸਾਨ ਤੋਂ ਬਚਾਉਣ ਲਈ ਸੜ ਰਹੀਆਂ ਬੋਗੀਆਂ ਨੂੰ ਤੁਰੰਤ ਟਰੇਨ ਤੋਂ ਵੱਖ ਕਰ ਦਿੱਤਾ ਗਿਆ। ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚ ਗਈਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਕਰਮ ਭੂਮੀ ਨਾਮਕ ਰੇਲ ਗੱਡੀ ਅੰਮ੍ਰਿਤਸਰ ਤੋਂ ਚੱਲ ਕੇ ਜਲਪਾਈ ਗੁੜੀ ਦੇ ਲਈ ਜਾ ਰਹੀ ਸੀ। ਇਸ ਰੇਲ ਗੱਡੀ ਦੇ ਸਰਾਏ ਵਣਜਾਰਾ ਰੇਲਵੇ ਸਟੇਸ਼ਨ ਨੇੜੇ ਪਹੁੰਚਣ ਤੇ ਇਸੋਦੇ ਸਲੀਪਰ ਡੱਬੇ ਦੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰ ਗਈ। ਇਸ ਦੌਰਾਨ ਰੇਲ ਗੱਡੀ ਦੇ ਡਰਾਈਵਰ ਵੱਲੋਂ ਰੇਲ ਗੱਡੀ ਨੂੰ ਰੋਕ ਦਿੱਤਾ ਗਿਆ ਅਤੇ ਯਾਤਰੀਆਂ ਨੇ ਡੱਬੇ ਦੇ ਵਿੱਚੋਂ ਛਾਲਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸਵਾਰੀਆਂ ਨੂੰ ਟ੍ਰੇਨ ਵਿੱਚੋਂ ਛਾਲ ਮਾਰਨ ਸਮੇਂ ਮਾਮੂਲੀ ਖਰੋਚਾਂ ਆਈਆਂ ਅਤੇ ਇਸ ਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਮੌਕੇ ਉੱਤੇ ਐਸ ਡੀ ਐਮ ਰਾਜਪੁਰਾ ਰਵਿੰਦਰ ਸਿੰਘ, ਰੇਲਵੇ ਪੁਲੀਸ ਦੇ ਐਸ ਐਚ ਓ ਗੁਰਪ੍ਰੀਤ ਸਿੰਘ ਅਤੇ ਹੋਰ ਪੁਲੀਸ ਅਧਿਕਾਰੀ ਪਹੁੰਚ ਗਏ ਸਨ।

Continue Reading

Mohali

37 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਸਾਬਕਾ ਫੌਜੀ ਨਾਇਕ ਨਰਮੈਲ ਸਿੰਘ ਨੂੰ ਮਿਲਿਆ ਇਨਸਾਫ਼

Published

on

By

ਆਰਮਡ ਫੋਰਸਿਜ਼ ਟ੍ਰਿਬਿਊਨਲ ਨੇ ਸਾਬਕਾ ਫੌਜੀ ਦੇ ਹੱਕ ਵਿੱਚ ਸੁਣਾਇਆ ਫੈਸਲਾ

ਐਸ ਏ ਐਸ ਨਗਰ, 6 ਨਵੰਬਰ (ਸ.ਬ.) ਸਾਬਕਾ ਫੌਜੀ ਨਾਇਕ ਨਰਮੈਲ ਸਿੰਘ (63) ਨੂੰ ਲਗਭਗ 37 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਇਨਸਾਫ਼ ਮਿਲਿਆ ਹੈ। ਇਸ ਮਾਮਲੇ ਵਿੱਚ ਐਕਸ-ਸਰਵਿਸਮੈਨ ਗ੍ਰੀਵੈਂਸਿਜ਼ ਸੈਲ (ਰਜਿ.), ਮੁਹਾਲੀ ਵੱਲੋਂ ਲੰਬੀ ਕਾਨੂੰਨੀ ਲੜਾਈ ਲੜੀ ਗਈ ਅਤੇ ਆਰਮਡ ਫੋਰਸਿਜ਼ ਟ੍ਰਿਬਿਊਨਲ (ਏਐਫਟੀ), ਚੰਡੀਮੰਦਰ ਨੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਕਸ-ਸਰਵਿਸਮੈਨ ਗ੍ਰੀਵੈਂਸਿਜ਼ ਸੈਲ (ਰਜਿ.), ਮੁਹਾਲੀ ਦੇ ਪ੍ਰਧਾਨ ਕਰਨਲ ਐਸ ਐਸ ਸੋਹੀ (ਰਿਟਾ.) ਨੇ ਦੱਸਿਆ ਕਿ ਨਰਮੈਲ ਸਿੰਘ 10 ਦਸੰਬਰ 1981 ਨੂੰ ਭਾਰਤੀ ਫੌਜ ਦੀ 105 ਆਰਟਿਲਰੀ ਏਅਰ ਡਿਫੈਂਸ ਰੈਜੀਮੈਂਟ ਵਿੱਚ ਭਰਤੀ ਹੋਏ ਸਨ। ਲਗਭਗ ਸਾਢੇ ਸੱਤ ਸਾਲ ਦੀ ਸੇਵਾ ਦੌਰਾਨ ਉਨ੍ਹਾਂ ਨੇ ਫੀਲਡ ਅਤੇ ਸ਼ਾਂਤੀ ਵਾਲੇ ਇਲਾਕਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਦੌਰਾਨ 12 ਜੁਲਾਈ 1986 ਨੂੰ ਉਨ੍ਹਾਂ ਵਿੱਚ ਸਿਜ਼ੋਫ੍ਰੇਨੀਆ ਨਾਮਕ ਮਾਨਸਿਕ ਬਿਮਾਰੀ ਦੀ ਪਛਾਣ ਹੋਈ। ਇਸ ਤੋਂ ਬਾਅਦ 18 ਅਪ੍ਰੈਲ 1989 ਨੂੰ ਮੈਡੀਕਲ ਬੋਰਡ ਨੇ 40 ਫੀਸਦੀ ਅਪੰਗਤਾ ਦੇ ਆਧਾਰ ਤੇ ਉਨ੍ਹਾਂ ਨੂੰ ਫੌਜ ਵਿੱਚੋਂ ਮੈਡੀਕਲੀ ਅਣਫਿੱਟ ਕਰਾਰ ਦੇ ਕੇ ਸੇਵਾਮੁਕਤ ਕਰ ਦਿੱਤਾ।

ਉਹਨਾਂ ਕਿਹਾ ਕਿ ਬਾਅਦ ਵਿੱਚ ਸੀ ਡੀ ਏ ਵੱਲੋਂ ਉਨ੍ਹਾਂ ਦੀ ਪੈਨਸ਼ਨ ਸਬੰਧੀ ਅਰਜ਼ੀ ਇਹ ਕਹਿ ਕੇ ਰੱਦ ਕਰ ਦਿੱਤੀ ਗਈ ਕਿ ਇਹ ਬਿਮਾਰੀ ਸੰਵਿਧਾਨਕ ਕਿਸਮ ਦੀ ਹੈ ਅਤੇ ਇਸ ਲਈ ਫੌਜ ਜ਼ਿੰਮੇਵਾਰ ਨਹੀਂ ਹੈ। ਇਸ ਤੋਂ ਬਾਅਦ ਨਰਮੈਲ ਸਿੰਘ ਨੇ ਆਪਣੇ ਹੱਕ ਲਈ ਲੰਬਾ ਸੰਘਰਸ਼ ਕੀਤਾ। ਉਨ੍ਹਾਂ ਨੇ ਪੰਚਕੂਲਾ ਜ਼ਿਲ੍ਹਾ ਸੈਨਿਕ ਬੋਰਡ ਰਾਹੀਂ ਆਰਮੀ ਰਿਕਾਰਡਜ਼ ਨਾਲ ਵੀ ਸੰਪਰਕ ਕੀਤਾ, ਪਰ ਕੋਈ ਸਫ਼ਲਤਾ ਨਹੀਂ ਮਿਲੀ।

ਉਹਨਾਂ ਦੱਸਿਆ ਕਿ ਸਾਲ 2020 ਵਿੱਚ ਅਖ਼ਬਾਰਾਂ ਵਿੱਚ ਐਨਜੀਓ ਦੀਆਂ ਸਫ਼ਲਤਾਵਾਂ ਬਾਰੇ ਪੜ੍ਹਨ ਤੋਂ ਬਾਅਦ ਨਰਮੈਲ ਸਿੰਘ ਨੇ ਸੰਸਥਾ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਉਹਨਾਂ ਦੀ ਸੰਸਥਾ ਵਲੋਂਅ ਨਰਮੈਲ ਸਿੰਘ ਦਾ ਕੇਸ ਆਰਮਡ ਫੋਰਸਿਜ਼ ਟ੍ਰਿਬਿਊਨਲ, ਚੰਡੀਮੰਦਰ ਵਿੱਚ ਦਾਇਰ ਕੀਤਾ, ਜਿਸ ਦੀ ਸੁਣਵਾਈ 22 ਅਕਤੂਬਰ 2020 ਨੂੰ ਸ਼ੁਰੂ ਹੋਈ। ਕਰਨਲ ਸੋਹੀ ਨੇ ਦੱਸਿਆ ਕਿ ਇਹ ਕੇਸ ਕਾਫ਼ੀ ਗੁੰਝਲਦਾਰ ਸੀ, ਪਰ ਸੰਸਥਾ ਦੇ ਵਕੀਲ ਸ੍ਰੀ ਆਰ. ਐਨ. ਓਝਾ ਨੇ ਪੂਰੀ ਮਿਹਨਤ, ਤੱਥਾਂ, ਕਾਨੂੰਨੀ ਦਲੀਲਾਂ ਅਤੇ ਮਿਸਾਲਾਂ ਦੇ ਆਧਾਰ ਤੇ ਕੇਸ ਦੀ ਪੈਰਵੀ ਕੀਤੀ ਅਤੇ ਅਦਾਲਤ ਨੂੰ ਉਨ੍ਹਾਂ ਦਾ ਪੱਖ ਸਮਝਾਉਣ ਵਿੱਚ ਸਫ਼ਲ ਰਹੇ। ਆਖ਼ਰਕਾਰ 22 ਅਕਤੂਬਰ 2026 ਨੂੰ ਟ੍ਰਿਬਿਊਨਲ ਨੇ ਨਰਮੈਲ ਸਿੰਘ ਦੇ ਹੱਕ ਵਿੱਚ ਫੈਸਲਾ ਸੁਣਾਇਆ।

ਉਨ੍ਹਾਂ ਦੱਸਿਆ ਕਿ ਹੁਣ ਨਰਮੈਲ ਸਿੰਘ ਦਾ ਦੁਬਾਰਾ ਮੈਡੀਕਲ ਬੋਰਡ ਹੋਵੇਗਾ, ਜੋ ਉਨ੍ਹਾਂ ਦੀ ਅਪੰਗਤਾ ਦੀ ਪ੍ਰਤੀਸ਼ਤਤਾ ਦਾ ਮੁਲਾਂਕਣ ਕਰੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਜੀਵਨ ਭਰ ਲਈ 50 ਫੀਸਦੀ ਡਿਸਏਬਿਲਟੀ ਪੈਨਸ਼ਨ ਜਾਂ ਘੱਟੋ-ਘੱਟ ਪਿਛਲੇ 9 ਸਾਲਾਂ ਦੇ ਆਧਾਰ ਤੇ ਪੈਨਸ਼ਨ ਮਿਲਣ ਦੀ ਉਮੀਦ ਹੈ। ਇਸ ਨਾਲ ਉਨ੍ਹਾਂ ਨੂੰ ਲਗਭਗ 16,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਨਾਲ ਮੁਫ਼ਤ ਮੈਡੀਕਲ ਸਹੂਲਤਾਂ ਅਤੇ ਹੋਰ ਲਾਭ ਵੀ ਮਿਲ ਸਕਣਗੇ।

ਕਰਨਲ ਸੋਹੀ ਨੇ ਕਿਹਾ ਕਿ ਇਹ ਫੈਸਲਾ ਨਰਮੈਲ ਸਿੰਘ ਲਈ ਬੁਢਾਪੇ ਵਿੱਚ ਸਨਮਾਨਜਨਕ ਜੀਵਨ ਜਿਊਣ ਦਾ ਰਾਹ ਖੋਲ੍ਹੇਗਾ। ਉਨ੍ਹਾਂ ਨੇ ਕਿਹਾ ਕਿ ਸੰਸਥਾ ਸਾਬਕਾ ਫੌਜੀਆਂ ਦੇ ਹੱਕਾਂ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗੀ।

Continue Reading

Mohali

ਮੁਹਾਲੀ ਦੀ ਕੂੜੇ ਦੀ ਸਮੱਸਿਆ ਦਾ ਜਲਦ ਹੋਵੇਗਾ ਸਥਾਈ ਹੱਲ : ਸਰਬਜੀਤ ਸਿੰਘ ਸਮਾਣਾ

Published

on

By

ਸਮਗੌਲੀ ਵਿੱਚ ਸ਼ੁਰੂ ਹੋਵੇਗਾ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ, ਆਰ ਐਮ ਸੀ ਪੁਆਇੰਟਾਂ ਤੋਂ ਕੂੜਾ ਇਕੱਠਾ ਕਰਨ ਦੀ ਸਮੱਸਿਆ ਤੋਂ ਮਿਲੇਗੀ ਨਿਜਾਤ

ਐਸ ਏ ਐਸ ਨਗਰ, 6 ਨਵੰਬਰ (ਸ.ਬ.) ਨਗਰ ਨਿਗਮ ਦੇ ਮਅਰ ਸz. ਸਰਬਜੀਤ ਸਿੰਘ ਸਮਾਣਾ ਨੇ ਕਿਹਾ ਹੈ ਕਿ ਮੁਹਾਲੀ ਸ਼ਹਿਰ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਕੂੜੇ ਦੀ ਸਮੱਸਿਆ ਦਾ ਜਲਦ ਹੀ ਸਥਾਈ ਹੱਲ ਹੋ ਜਾਵੇਗਾ। ਅੱਜ ਇੱਥੇ ਨਗਰ ਨਿਗਮ ਭਵਨ ਵਿਖੇ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਗੱਲ ਕਰਦਿਆਂ ਉਹਨਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੂੜੇ ਦੇ ਢੇਰਾਂ ਅਤੇ ਆਰ ਐਮ ਸੀ (ਰਿਫਿਊਜ਼ ਮੈਟੀਰੀਅਲ ਕਲੈਕਸ਼ਨ) ਪੁਆਇੰਟਾਂ ਤੋਂ ਸਮੇਂ ਸਿਰ ਕੂੜਾ ਨਾ ਚੁੱਕੇ ਜਾਣ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਨਗਰ ਨਿਗਮ ਵੱਲੋਂ ਸਮਗੌਲੀ ਵਿਖੇ ਬਣੇ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਨੂੰ ਜਲਦ ਚਾਲੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਲਾਂਟ ਦੀ ਅਧੂਰੀ ਚਾਰਦੀਵਾਰੀ ਅਤੇ ਸੜਕ ਦਾ ਨਿਰਮਾਣ ਕਾਰਜ ਵੀ ਜਲਦ ਸ਼ੁਰੂ ਕਰਵਾਇਆ ਜਾਵੇਗਾ। ਇਨ੍ਹਾਂ ਕੰਮਾਂ ਦੇ ਮੁਕੰਮਲ ਹੋਣ ਤੋਂ ਬਾਅਦ ਪਲਾਂਟ ਨੂੰ ਚਾਲੂ ਕਰਨ ਦਾ ਰਾਹ ਸਾਫ਼ ਹੋ ਜਾਵੇਗਾ।

ਉਹਨਾਂ ਦੱਸਿਆ ਕਿ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਦੌਰਾਨ ਸ਼ਹਿਰ ਦੀ ਸਫ਼ਾਈ ਵਿਵਸਥਾ, ਕੂੜੇ ਦੇ ਪ੍ਰਬੰਧਨ ਅਤੇ ਵੱਖ-ਵੱਖ ਵਾਰਡਾਂ ਵਿੱਚ ਚੱਲ ਰਹੇ ਅਤੇ ਨਵੇਂ ਸ਼ੁਰੂ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਮਗੌਲੀ ਵਿਖੇ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਨੂੰ ਜਲਦ ਚਾਲੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਸਮਗੌਲੀ ਪਲਾਂਟ ਦੀ ਅਧੂਰੀ ਚਾਰਦੀਵਾਰੀ ਅਤੇ ਸੜਕ ਦਾ ਕੰਮ ਪੂਰਾ ਕਰਵਾਉਣ ਤੋਂ ਬਾਅਦ ਇੱਥੇ ਕੂੜੇ ਦੇ ਪ੍ਰਬੰਧਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕਾਰਜਾਂ ਲਈ ਕਰੀਬ 9 ਕਰੋੜ ਰੁਪਏ ਦੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਕੰਮਾਂ ਵਿੱਚ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ, ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਅਤੇ ਹੋਰ ਜ਼ਰੂਰੀ ਵਿਕਾਸ ਕਾਰਜ ਸ਼ਾਮਲ ਹਨ। ਇਸ ਦੇ ਨਾਲ ਹੀ ਕਰੀਬ 30 ਕਰੋੜ ਰੁਪਏ ਦੇ ਹੋਰ ਵਿਕਾਸ ਕਾਰਜਾਂ ਲਈ ਐਸਟੀਮੇਟ ਵੀ ਤਿਆਰ ਕੀਤੇ ਗਏ ਹਨ।

ਫੇਜ਼-5 ਅਤੇ ਸ਼ਾਹੀਮਾਜਰਾ ਵਿਚਾਲੇ ਪੇਂਦੀ ਗ੍ਰੀਨ ਬੈਲਟ ਦੀ ਥਾਂ ਤੇ ਸਬਜ਼ੀ ਮੰਡੀ ਨੂੰ ਜਬਰੀ ਬੰਦ ਕਰਵਾਉਣ ਦੇ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਮੇਅਰ ਨੇ ਕਿਹਾ ਕਿ ਕੁਝ ਰਾਜਨੀਤਿਕ ਆਗੂ ਇਸ ਮੁੱਦੇ ਨੂੰ ਸਿਆਸੀ ਰੰਗ ਦੇ ਕੇ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦਿਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਦੇਖਣ ਦੀ ਲੋੜ ਹੈ।

ਮੀਟਿੰਗ ਵਿੱਚ ਨਗਰ ਨਿਗਮ ਕਮਿਸ਼ਨਰ ਸੰਦੀਪ ਸਿੰਘ, ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਕਮੇਟੀ ਮੈਂਬਰ ਅਤੇ ਕੌਂਸਲਰ ਗੁਰਮੀਤ ਕੌਰ ਸਮੇਤ ਹੋਰ ਨਿਗਮ ਕੌਂਸਲਰ ਅਤੇ ਅਧਿਕਾਰੀ ਵੀ ਮੌਜੂਦ ਸਨ।

Continue Reading

Latest News

Trending