Connect with us

International

ਰੂਸੀ ਫੌਜੀ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 29 ਮੌਤਾਂ

Published

on

ਮਾਸਕੋ, 1 ਅਪ੍ਰੈਲ (ਸ.ਬ.) ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਵਿੱਚ ਇੱਕ ਰੂਸੀ ਫੌਜੀ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਸਵਾਰ ਛੇ ਚਾਲਕ ਦਲ ਦੇ ਮੈਂਬਰਾਂ ਸਮੇਤ 29 ਯਾਤਰੀ ਮਾਰੇ ਗਏ ਹਨ। ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਅੱਜ ਤੜਕੇ ਜਾਣਕਾਰੀ ਸਾਂਝੀ ਕੀਤੀ ਹੈ।

ਫੌਜੀ ਟ੍ਰਾਂਸਪੋਰਟ ਜਹਾਜ਼ ਕ੍ਰੀਮੀਆ ਪ੍ਰਾਇਦੀਪ ਉੱਤੇ ਇੱਕ ਨਿਰਧਾਰਤ ਉਡਾਣ ਭਰ ਰਿਹਾ ਸੀ, ਜਿਸ ਨੂੰ ਰੂਸ ਨੇ 2014 ਵਿੱਚ ਯੂਕਰੇਨ ਤੋਂ ਗੈਰ-ਕਾਨੂੰਨੀ ਤੌਰ ਤੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਫੌਜ ਦਾ ਬੀਤੀ ਸ਼ਾਮ ਲਗਪਗ 6 ਵਜੇ ਜਹਾਜ਼ ਨਾਲ ਸੰਪਰਕ ਟੁੱਟ ਗਿਆ ਸੀ।

ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਹਾਦਸਾ ਤਕਨੀਕੀ ਖਰਾਬੀ ਕਾਰਨ ਹੋਇਆ ਹੈ ਅਤੇ ਜਹਾਜ਼ ਨਾਲ ਕੋਈ ਨੁਕਸਾਨਦੇਹ ਦਖਲਅੰਦਾਜ਼ੀ ਨਹੀਂ ਹੋਈ ਸੀ।

ਜ਼ਿਕਰਯੋਗ ਹੈ ਕਿ ਜਹਾਜ਼ ਇੱਕ ਚੱਟਾਨ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ। ਜਿਸ ਕਾਰਨ 29 ਵਿਅਕਤੀਆਂ ਦੀ ਮੌਤ ਹੋ ਗਈ।

Continue Reading

International

ਸੁਰੰਗ ਵਿੱਚ ਗੈਸ ਲੀਕ ਹੋਣ ਤੋਂ ਬਾਅਦ ਧਮਾਕਾ, 4 ਵਿਅਕਤੀਆਂ ਦੀ ਮੌਤ, 9 ਗੰਭੀਰ ਜ਼ਖਮੀ

Published

on

By

ਬੀਜਿੰਗ, 31 ਮਾਰਚ (ਸ.ਬ.) ਦੱਖਣੀ-ਪੱਛਮੀ ਚੀਨ ਦੇ ਚੋਂਗਕਿੰਗ ਕਾਰਪੋਰੇਸ਼ਨ ਇਲਾਕੇ ਵਿੱਚ ਹਾਈਵੇਅ ਲਈ ਬਣਾਈ ਜਾ ਰਹੀ ਇੱਕ ਸੁਰੰਗ ਵਿੱਚ ਹੋਏ ਧਮਾਕੇ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 9 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਵਾਨਝੋਉ ਜ਼ਿਲ੍ਹੇ ਵਿੱਚ ਉਸ ਸਮੇਂ ਹੋਇਆ ਜਦੋਂ ਹੁਬੇਈ ਅਤੇ ਸਿਚੁਆਨ ਸੂਬਿਆਂ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ। ਧਮਾਕਾ ਬੀਤੀ ਦੁਪਹਿਰ ਹੋਇਆ, ਜਿਸ ਤੋਂ ਬਾਅਦ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ।

ਸ਼ੁਰੂਆਤੀ ਰਿਪੋਰਟਾਂ ਅਨੁਸਾਰ ਇੱਕ ਵਿਅਕਤੀ ਲਾਪਤਾ ਸੀ ਅਤੇ 12 ਲੋਕ ਜ਼ਖ਼ਮੀ ਸਨ। ਬੀਤੀ ਅੱਧੀ ਰਾਤ ਤੱਕ ਬਚਾਅ ਟੀਮ ਨੇ ਲਾਪਤਾ ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਅਤੇ ਤਿੰਨ ਜ਼ਖ਼ਮੀਆਂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮੁੱਢਲੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਸੁਰੰਗ ਦੇ ਅੰਦਰ ਜਲਣਸ਼ੀਲ ਗੈਸ ਲੀਕ ਹੋਣ ਕਾਰਨ ਇਹ ਧਮਾਕਾ ਹੋਇਆ ਹੈ। ਸੁਰੰਗਾਂ ਦੇ ਨਿਰਮਾਣ ਦੌਰਾਨ ਅਕਸਰ ਅਜਿਹੀਆਂ ਗੈਸਾਂ ਇਕੱਠੀਆਂ ਹੋ ਜਾਂਦੀਆਂ ਹਨ, ਜੋ ਮਾਮੂਲੀ ਚੰਗਿਆੜੀ ਨਾਲ ਵੀ ਵੱਡੇ ਧਮਾਕੇ ਦਾ ਰੂਪ ਲੈ ਲੈਂਦੀਆਂ ਹਨ।

ਅਧਿਕਾਰੀਆਂ ਨੇ ਹਾਦਸੇ ਵਾਲੀ ਜਗ੍ਹਾ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਸੁਰੰਗ ਦੇ ਨਿਰਮਾਣ ਕਾਰਜ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਦੁਰਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਜਾਂਚ ਜਾਰੀ ਹੈ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕੁਝ ਦੀ ਹਾਲਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ।

Continue Reading

International

ਮੈਟਾ, ਸਨੈਪਚੈਟ, ਟਿਕਟੌਕ ਅਤੇ ਯੂਟਿਊਬ ਤੇ ਪਾਬੰਦੀ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕਰ ਰਹੇ : ਆਸਟਰੇਲੀਆ

Published

on

By

ਮੈਲਬਰਨ, 31 ਮਾਰਚ (ਸ.ਬ.) ਆਸਟ੍ਰੇਲੀਆ ਦੇ ਆਨਲਾਈਨ ਸੁਰੱਖਿਆ ਵਾਚਡੌਗ (ਨਿਗਰਾਨ ਸੰਸਥਾ) ਨੇ ਅੱਜ ਕਿਹਾ ਕਿ ਉਹ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ, ਟਿਕਟੌਕ ਅਤੇ ਯੂਟਿਊਬ ਵਿਰੁੱਧ ਅਦਾਲਤੀ ਕਾਰਵਾਈ ਤੇ ਵਿਚਾਰ ਕਰ ਰਹੇ ਹਨ। ਇਨ੍ਹਾਂ ਤੇ ਦੋਸ਼ ਹੈ ਕਿ ਉਹ 16 ਸਾਲ ਤੋਂ ਘੱਟ ਉਮਰ ਦੇ ਆਸਟਰੇਲੀਆਈ ਬੱਚਿਆਂ ਨੂੰ ਆਪਣੇ ਪਲੇਟਫਾਰਮਾਂ ਤੋਂ ਦੂਰ ਰੱਖਣ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੇ।

ਮਾਹਿਰਾਂ ਦਾ ਕਹਿਣਾ ਹੈ ਕਿ ਆਸਟਰੇਲੀਆਈ ਅਦਾਲਤਾਂ ਇਹ ਫੈਸਲਾ ਕਰ ਸਕਦੀਆਂ ਹਨ ਕਿ 10 ਦਸੰਬਰ ਤੋਂ ਲਾਗੂ ਹੋਏ ਕਾਨੂੰਨਾਂ ਤਹਿਤ ਪਲੇਟਫਾਰਮਾਂ ਤੋਂ ਵਾਜਬ ਤੌਰ ਤੇ ਕਿਹੜੇ ਕਦਮ ਚੁੱਕਣ ਦੀ ਉਮੀਦ ਕੀਤੀ ਜਾ ਸਕਦੀ ਹੈ।

ਈ-ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ ਨੇ ਅੱਜ ਆਪਣੀ ਪਹਿਲੀ ਪਾਲਣਾ ਰਿਪੋਰਟ ਜਾਰੀ ਕੀਤੀ, ਜਿਸ ਵਿੱਚ 10 ਪਲੇਟਫਾਰਮਾਂ ਤੋਂ 16 ਸਾਲ ਤੋਂ ਘੱਟ ਉਮਰ ਦੇ ਸਾਰੇ ਆਸਟਰੇਲੀਆਈ ਖਾਤਾ-ਧਾਰਕਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ। ਰਿਪੋਰਟ ਅਨੁਸਾਰ, ਹਾਲਾਂਕਿ 50 ਲੱਖ ਆਸਟਰੇਲੀਆਈ ਖਾਤੇ ਬੰਦ ਕਰ ਦਿੱਤੇ ਗਏ ਹਨ, ਪਰ ਫਿਰ ਵੀ ਵੱਡੀ ਗਿਣਤੀ ਵਿੱਚ ਬੱਚੇ ਖਾਤੇ ਰੱਖ ਰਹੇ ਹਨ, ਨਵੇਂ ਖਾਤੇ ਬਣਾ ਰਹੇ ਹਨ ਅਤੇ ਪਲੇਟਫਾਰਮਾਂ ਦੇ ਉਮਰ ਜਾਂਚ ਸਿਸਟਮ ਨੂੰ ਪਾਰ ਕਰ ਰਹੇ ਹਨ।

ਇਨਮੈਨ ਗ੍ਰਾਂਟ ਨੇ ਕਿਹਾ ਕਿ ਉਨ੍ਹਾਂ ਦਾ ਦਫ਼ਤਰ ਇਨ੍ਹਾਂ ਪੰਜ ਕੰਪਨੀਆਂ ਵਿਰੁੱਧ ਸਬੂਤ ਇਕੱਠੇ ਕਰ ਰਿਹਾ ਹੈ ਕਿ ਉਨ੍ਹਾਂ ਨੇ ਬੱਚਿਆਂ ਨੂੰ ਰੋਕਣ ਲਈ ਵਾਜਬ ਕਦਮ ਨਹੀਂ ਚੁੱਕੇ। ਅਦਾਲਤਾਂ ਨਿਯਮਾਂ ਦੀ ਉਲੰਘਣਾ ਲਈ 4.95 ਕਰੋੜ ਆਸਟਰੇਲੀਆਈ ਡਾਲਰ (3.3 ਕਰੋੜ ਅਮਰੀਕੀ ਡਾਲਰ) ਤੱਕ ਦਾ ਜੁਰਮਾਨਾ ਲਗਾ ਸਕਦੀਆਂ ਹਨ। ਰੈਡਿਟ, ਐਕਸ ਕਿੱਕ, ਥ੍ਰੈਡਸ ਅਤੇ ਟਵਿਚ ਵਰਗੇ ਪਲੇਟਫਾਰਮ ਫਿਲਹਾਲ ਜਾਂਚ ਦੇ ਘੇਰੇ ਵਿੱਚ ਨਹੀਂ ਹਨ।

ਸੰਚਾਰ ਮੰਤਰੀ ਅਨੀਕਾ ਵੇਲਜ਼ ਨੇ ਕਿਹਾ ਕਿ ਇਹ ਪੰਜੇ ਪਲੇਟਫਾਰਮ ਜਾਣਬੁੱਝ ਕੇ ਆਸਟਰੇਲੀਆਈ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਬਿਲਕੁਲ ਮਾਮੂਲੀ ਕੰਮ ਕਰਨ ਦੀ ਚੋਣ ਕਰ ਰਹੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਇਹ ਕਾਨੂੰਨ ਅਸਫਲ ਹੋ ਜਾਣ। ਉਨ੍ਹਾਂ ਅੱਗੇ ਕਿਹਾ ਕਿ ਆਸਟਰੇਲੀਆ ਅਜਿਹਾ ਕਾਨੂੰਨ ਬਣਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਹੈ ਅਤੇ ਇਹ ਕੰਪਨੀਆਂ ਨਹੀਂ ਚਾਹੁੰਦੀਆਂ ਕਿ ਇਹ ਕੰਮ ਕਰੇ ਤਾਂ ਜੋ ਦੂਜੇ ਦੇਸ਼ਾਂ ਤੇ ਇਸ ਦਾ ਅਸਰ ਨਾ ਪਵੇ।

ਈ-ਸੇਫਟੀ ਨੇ ਮਾੜੀਆਂ ਪ੍ਰਥਾਵਾਂ ਦੀ ਪਛਾਣ ਕੀਤੀ ਹੈ, ਜਿਵੇਂ ਕਿ ਪਲੇਟਫਾਰਮਾਂ ਵੱਲੋਂ ਉਮਰ ਦੀ ਪੁਸ਼ਟੀ ਕਰਨ ਲਈ ਅਣਗਿਣਤ ਮੌਕੇ ਦੇਣਾ ਅਤੇ ਉਮਰ ਘੱਟ ਦੱਸਣ ਦੇ ਬਾਵਜੂਦ ਉਪਭੋਗਤਾ ਨੂੰ ਦੁਬਾਰਾ ਕੋਸ਼ਿਸ਼ ਕਰਨ ਲਈ ਉਕਸਾਉਣਾ। ਮੈਟਾ, ਜੋ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕ ਹੈ, ਨੇ ਕਿਹਾ ਕਿ ਉਹ ਕਾਨੂੰਨ ਦੀ ਪਾਲਣਾ ਲਈ ਵਚਨਬੱਧ ਹਨ ਪਰ ਆਨਲਾਈਨ ਉਮਰ ਦਾ ਸਹੀ ਪਤਾ ਲਗਾਉਣਾ ਪੂਰੀ ਇੰਡਸਟਰੀ ਲਈ ਇੱਕ ਚੁਣੌਤੀ ਹੈ।

ਸਨੈਪ ਇੰਕ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ 4,50,000 ਖਾਤਿਆਂ ਨੂੰ ਲਾਕ ਕਰ ਦਿੱਤਾ ਹੈ ਅਤੇ ਇਹ ਪ੍ਰਕਿਰਿਆ ਜਾਰੀ ਹੈ। ਟਿਕਟੌਕ ਨੇ ਇਸ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਅਲਫਾਬੇਟ ਇੰਕ. (ਯੂਟਿਊਬ ਦੀ ਮਾਲਕ) ਨੇ ਤੁਰੰਤ ਕੋਈ ਜਵਾਬ ਨਹੀਂ ਦਿੱਤਾ।

ਆਰ ਐਮ ਆਈ ਟੀ ਯੂਨੀਵਰਸਿਟੀ ਦੀ ਮਾਹਰ ਲੀਜ਼ਾ ਗਿਵਨ ਨੇ ਕਿਹਾ ਕਿ ਅਸਲ ਮੁੱਦਾ ਇਹ ਹੈ ਕਿ ਅਦਾਲਤਾਂ ਕਿਸ ਨੂੰ ਵਾਜਬ ਕਦਮ ਮੰਨਦੀਆਂ ਹਨ, ਕਿਉਂਕਿ ਕੋਈ ਵੀ ਤਕਨੀਕ 100 ਫੀਸਦੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੋ ਸਕਦੀ।

Continue Reading

International

ਕੈਲੀਫੋਰਨੀਆ ਵਿੱਚ ਸੇਸਰ ਸ਼ਾਵੇਜ ਦਿਵਸ ਦਾ ਨਾਂ ਬਦਲ ਕੇ ਖੇਤ ਮਜ਼ਦੂਰ ਦਿਵਸ ਰੱਖਿਆ

Published

on

By

ਕੈਲੀਫੋਰਨੀਆ, 27 ਮਾਰਚ (ਸ.ਬ.) ਕੈਲੀਫੋਰਨੀਆ ਸਟੇਟ ਅਸੈਂਬਲੀ ਵਿਚ ਸੇਸਰ ਸ਼ਾਵੇਜ ਦਿਵਸ ਦਾ ਨਾਂ ਬਦਲ ਕੇ ਖੇਤ ਮਜ਼ਦੂਰ ਦਿਵਸ ਰੱਖਣ ਲਈ ਇਕ ਬਿੱਲ ਪਾਸ ਕਰ ਦਿੱਤਾ ਗਿਆ ਹੈ। 31 ਮਾਰਚ ਨੂੰ ਸੇਸਰ ਸ਼ਾਵੇਜ ਦਿਵਸ ਦੀ ਛੁੱਟੀ ਤੋਂ ਪਹਿਲਾਂ ਬਿੱਲ ਉਪਰ ਗਵਰਨਰ ਗੈਵਿਨ ਨਿਊਸੋਮ ਦੁਆਰਾ ਦਸਤਖਤ ਕਰ ਦਿੱਤੇ ਜਾਣਗੇ। ਇਹ ਕਦਮ ਖੇਤ ਮਜ਼ਦੂਰ ਆਗੂ ਤੇ ਮਾਨਵੀ ਹੱਕਾਂ ਬਾਰੇ ਕਾਰਕੁੰਨ ਸੇਸਰ ਸ਼ਾਵੇਜ ਉਪਰ ਸੈਕਸ ਸੋਸ਼ਣ ਦੇ ਗੰਭੀਰ ਦੋਸ਼ ਲੱਗਣ ਉਪਰੰਤ ਚੁੱਕਿਆ ਗਿਆ ਹੈ। ਪਿਛਲੇ ਹਫਤੇ ਸ਼ਾਵੇਜ ਉਪਰ ਦੋਸ਼ ਜਨਤਕ ਹੋਏ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ 1960 ਵਿਆਂ ਵਿਚ ਕੈਲੀਫੋਰਨੀਆ ਵਿਚ ਖੇਤ ਮਜ਼ਦੂਰਾਂ ਦੇ ਹੱਕਾਂ ਲਈ ਵੱਡਾ ਅੰਦੋਲਨ ਖੜ੍ਹਾ ਕਰ ਦੇਣ ਵਾਲੇ ਆਗੂ ਸ਼ਾਵੇਜ ਨੇ ਲੜਕੀਆਂ ਤੇ ਔਰਤਾਂ ਨਾਲ ਸਰੀਰਕ ਸੰਬੰਧ ਬਣਾਏ ਤੇ ਉਨ੍ਹਾਂ ਦਾ ਜਿਨਸੀ ਸੋਸ਼ਣ ਕੀਤਾ। ਸ਼ਾਵੇਜ ਉਪਰ ਦੋਸ਼ ਲਾਉਣ ਵਾਲਿਆਂ ਵਿਚ ਡੋਲੋਰਸ ਹੁਏਰਟਾ ਵੀ ਸ਼ਾਮਿਲ ਸੀ, ਜਿਸ ਨੇ ਸ਼ਾਵੇਜ ਨਾਲ ਖੇਤ ਮਜ਼ਦੂਰ ਅੰਦੋਲਨ ਦੀ ਅਗਵਾਈ ਕੀਤੀ ਸੀ।

1993 ਵਿਚ ਸ਼ਾਵੇਜ ਦੀ ਮੌਤ ਤੋਂ ਬਾਅਦ ਖੇਤ ਮਜ਼ਦੂਰਾਂ ਵਿਚ ਉਸ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਸੀ ਤੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਜਨਤਕ ਜੀਵਨ ਵਿਚੋਂ ਉਸ ਦਾ ਨਾਂ ਹਟਾ ਦਿੱਤਾ ਜਾਵੇਗਾ। ਰਿਪਬਲੀਕਨ ਸੈਨੇਟ ਮੈਂਬਰ ਸੂਜ਼ੇਟ ਵਾਲਾਡੇਰਸ ਨੇ ਬਿੱਲ ਉਪਰ ਬੋਲਦਿਆਂ ਕਿਹਾ ਕਿ ਉਸ ਦੇ ਪਰਿਵਾਰ ਨੇ ਖੇਤਾਂ ਵਿਚ ਕੰਮ ਕਰਕੇ ਆਪਣਾ ਜੀਵਨ ਜੀਵਿਆ ਹੈ ਤੇ ਉਸ ਸਮੇਂ ਸ਼ਾਵੇਜ ਦੀ ਅਗਵਾਈ ਵਾਲੇ ਅੰਦੋਲਨ ਨੇ ਵੱਖ-ਵੱਖ ਪਿਛੋਕੜਾਂ ਨਾਲ ਸੰਬੰਧ ਰੱਖਦੇ ਖੇਤ ਮਜ਼ਦੂਰਾਂ ਨੂੰ ਇਕਜੁਟ ਕਰ ਦਿੱਤਾ ਸੀ। ਹੋਰ ਸੈਨੇਟ ਮੈਂਬਰਾਂ ਨੇ ਖੇਤ ਮਜ਼ਦੂਰਾਂ ਨੂੰ ਮਹੱਤਵ ਦੇਣ ਉਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਮੀਗ੍ਰੇਸ਼ਨ ਦੇ ਛਾਪਿਆਂ ਦੇ ਮੱਦੇਨਜਰ ਖੇਤ ਮਜ਼ਦੂਰਾਂ ਨੂੰ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਇਸ ਉਪਰੰਤ ਸੇਸਰ ਸ਼ਾਵੇਜ ਦਿਵਸ ਦੀ ਜਗਾ ਖੇਤ ਮਜ਼ਦੂਰ ਦਿਵਸ ਨਾਂ ਰੱਖਣ ਲਈ ਬਿੱਲ ਪ੍ਰਵਾਨ ਕਰ ਲਿਆ ਗਿਆ।

Continue Reading

Latest News

Trending