Connect with us

International

ਇੰਡੋਨੇਸ਼ੀਆ ਵਿੱਚ 7.4 ਤੀਬਰਤਾ ਦਾ ਭੂਚਾਲ, ਇੱਕ ਦੀ ਮੌਤ

Published

on

ਜਕਾਰਾਤਾ, 2 ਅਪ੍ਰੈਲ (ਸ.ਬ.) ਅੱਜ ਸਵੇਰੇ ਪੂਰਬੀ ਇੰਡੋਨੇਸ਼ੀਆ ਵਿੱਚ 7.4 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਉੱਤਰੀ ਸੁਲਾਵੇਸੀ ਸੂਬੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ।

ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਕਿਹਾ ਕਿ ਭੂਚਾਲ ਦਾ ਕੇਂਦਰ 1.20 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 126.35 ਡਿਗਰੀ ਪੂਰਬੀ ਦੇਸ਼ਾਂਤਰ ਤੇ ਸਥਿਤ ਸੀ ਅਤੇ ਭੂਚਾਲ ਸਵੇਰੇ ਸੁਲਾਵੇਸੀ ਅਤੇ ਮਲੂਕੂ ਟਾਪੂ ਸਮੂਹਾਂ ਦੇ ਵਿਚਕਾਰ ਮੋਲੂਕਾ ਸਾਗਰ ਵਿੱਚ 35 ਕਿਲੋਮੀਟਰ ਦੀ ਘੱਟ ਡੂੰਘਾਈ ਤੇ ਆਇਆ। ਯੂਐਸਜੀਐਸ ਨੇ ਅੱਗੇ ਕਿਹਾ ਕਿ ਭੂਚਾਲ, ਜਿਸਦੀ ਤੀਬਰਤਾ ਸ਼ੁਰੂ ਵਿੱਚ 7.4 ਦਰਜ ਕੀਤੀ ਗਈ ਸੀ, ਮੋਲੂਕਾ ਸਾਗਰ ਵਿੱਚ ਸਥਾਨਕ ਸਮੇਂ ਮੁਤਾਬਿਕ ਸਵੇਰੇ ਲਗਭਗ 6:48 ਵਜੇ ਆਇਆ।

ਇੱਕ ਸਥਾਨਕ ਖੋਜ ਅਤੇ ਬਚਾਅ ਅਧਿਕਾਰੀ ਨੇ ਏਐਫਪੀ ਨੂੰ ਦੱਸਿਆ ਕਿ ਉੱਤਰੀ ਸੁਲਾਵੇਸੀ ਸੂਬੇ ਦੇ ਮਨਾਡੋ ਸ਼ਹਿਰ ਵਿੱਚ ਇੱਕ ਇਮਾਰਤ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਭੂਚਾਲ ਦੇ ਝਟਕੇ ਮਨਾਡੋ ਦੇ ਆਲੇ-ਦੁਆਲੇ ਜ਼ੋਰਦਾਰ ਮਹਿਸੂਸ ਕੀਤੇ ਗਏ, ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਦੀ ਲੱਤ ਵਿੱਚ ਸੱਟ ਲੱਗੀ। ਪੀੜਤ ਢਹਿ-ਢੇਰੀ ਹੋਈ ਇਮਾਰਤ ਦੇ ਮਲਬੇ ਹੇਠ ਦਬਿਆ ਹੋਇਆ ਸੀ।

ਭੂਚਾਲ ਕਾਰਨ ਸ਼ੁਰੂ ਵਿੱਚ ਇੱਕ ਅਮਰੀਕੀ ਨਿਗਰਾਨੀ ਏਜੰਸੀ ਨੇ ਭੂਚਾਲ ਦੇ ਕੇਂਦਰ ਤੋਂ 1000 ਕਿਲੋਮੀਟਰ ਦੇ ਘੇਰੇ ਵਿੱਚ ਖਤਰਨਾਕ ਸੁਨਾਮੀ ਲਹਿਰਾਂ ਦੀ ਸੰਭਾਵਨਾ ਬਾਰੇ ਚਿਤਾਵਨੀ ਦਿੱਤੀ ਗਈ ਸੀ ਪਰ ਬਾਅਦ ਵਿੱਚ ਚਿਤਾਵਨੀ ਵਾਪਸ ਲੈ ਲਈ ਗਈ। ਇਸ ਤੋਂ ਪਹਿਲਾਂ ਹਵਾਈ ਸਥਿਤ ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਇੱਕ ਚਿਤਾਵਨੀ ਜਾਰੀ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਭੂਚਾਲ ਦੇ ਕੇਂਦਰ ਤੋਂ 1,000 ਕਿਲੋਮੀਟਰ ਦੇ ਅੰਦਰ, ਖਾਸ ਕਰਕੇ ਇੰਡੋਨੇਸ਼ੀਆ, ਫਿਲੀਪੀਨਜ਼ ਅਤੇ ਮਲੇਸ਼ੀਆ ਦੇ ਤੱਟਵਰਤੀ ਖੇਤਰਾਂ ਵਿੱਚ ਖਤਰਨਾਕ ਸੁਨਾਮੀ ਲਹਿਰਾਂ ਉੱਠ ਸਕਦੀਆਂ ਹਨ। ਯੂਐਸਜੀਐਸ ਨੇ ਭੂਚਾਲ ਦੇ ਕੇਂਦਰ ਤੋਂ ਉਸੇ ਦੂਰੀ ਦੇ ਅੰਦਰ ਸਥਿਤ ਖੇਤਰਾਂ ਵਿੱਚ ਖਤਰਨਾਕ ਸੁਨਾਮੀ ਲਹਿਰਾਂ ਦੀ ਸੰਭਾਵਨਾ ਬਾਰੇ ਆਪਣੀ ਚੇਤਾਵਨੀ ਵੀ ਦੁਹਰਾਈ।

ਇੰਡੋਨੇਸ਼ੀਆ ਦੀ ਬੀਐਮਕੇਜੀ ਭੂ-ਵਿਗਿਆਨਕ ਏਜੰਸੀ ਦੇ ਮੁਤਾਬਿਕ ਭੂਚਾਲ ਦੇ ਇੱਕ ਘੰਟੇ ਦੇ ਅੰਦਰ ਕਈ ਨਿਗਰਾਨੀ ਸਟੇਸ਼ਨਾਂ ਤੇ ਹਲਕੀਆਂ ਸੁਨਾਮੀ ਲਹਿਰਾਂ ਰਿਕਾਰਡ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਉੱਤਰੀ ਮਿਨਾਹਾਸਾ ਵਿੱਚ 75 ਸੈਂਟੀਮੀਟਰ ਲਹਿਰਾਂ ਦਰਜ ਕੀਤੀਆਂ ਗਈਆਂ, ਬਿਟੁੰਗ ਵਿੱਚ 20 ਸੈਂਟੀਮੀਟਰ (8 ਇੰਚ) ਦੀ ਉਚਾਈ ਅਤੇ ਪੱਛਮੀ ਹਾਲਮੇਹਰਾ ਵਿੱਚ 30 ਸੈਂਟੀਮੀਟਰ (ਇੱਕ ਫੁੱਟ) ਦੀ ਉਚਾਈ ਸ਼ਾਮਲ ਹੈ।

ਹੋਨੋਲੂਲੂ ਵਿੱਚ ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਕਿਹਾ ਕਿ ਮਲੇਸ਼ੀਆ, ਫਿਲੀਪੀਨਜ਼, ਤਾਈਵਾਨ ਅਤੇ ਪਾਪੂਆ ਨਿਊ ਗਿਨੀ ਵਿੱਚ ਵੀ ਛੋਟੀਆਂ ਲਹਿਰਾਂ ਸੰਭਵ ਹਨ ਪਰ ਹਵਾਈ ਗੁਆਮ ਅਤੇ ਹੋਰ ਦੂਰ-ਦੁਰਾਡੇ ਟਾਪੂਆਂ ਲਈ ਕੋਈ ਖ਼ਤਰਾ ਨਹੀਂ ਹੈ।

Continue Reading

International

ਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ

Published

on

By

ਪੇਈਚਿੰਗ, 23 ਅਕਤੂਬਰ (ਸ.ਬ.) ਚੀਨ ਦੇ ਤਿੱਬਤ ਖੇਤਰ ਵਿੱਚ ਬੀਤੀ ਸ਼ਾਮ 7 ਦੀ ਸ਼ਿੱਦਤ ਦਾ ਭੂਚਾਲ ਆਇਆ, ਜਿਸ ਨਾਲ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ 54 ਜ਼ਖ਼ਮੀ ਹੋ ਗਏ। ਇਸ ਦੌਰਾਨ ਉੱਤਰੀ ਖੇਤਰੀ ਸ਼ਹਿਰ ਨਾਗਚੂ ਵਿੱਚ ਸੈਂਕੜੇ ਮਕਾਨ ਢਹਿ-ਢੇਰੀ ਹੋ ਗਏ।

ਸ਼ਹਿਰ ਦੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਨਾਗਚੂ ਮੀਡੀਆ ਦਫ਼ਤਰ ਨੇ ਦੱਸਿਆ ਕਿ 339 ਮਕਾਨਾਂ ਅਤੇ 20 ਪਸ਼ੂਆਂ ਦੇ ਸ਼ੈਡਾਂ ਦੇ ਢਹਿ ਜਾਣ ਤੋਂ ਬਾਅਦ ਖੋਜ ਅਤੇ ਰਾਹਤ ਕਾਰਜ ਜਾਰੀ ਹਨ।

ਸਥਾਨਕ ਕਾਊਂਟੀ ਦੇ 1,600 ਤੋਂ ਵੱਧ ਲੋਕਾਂ ਨੂੰ ਰਾਹਤ ਕਾਰਜਾਂ ਲਈ ਤਾਇਨਾਤ ਕੀਤਾ ਗਿਆ। ਖੇਤਰ ਵਿੱਚ 1,000 ਪ੍ਰੀਫੈਬਰੀਕੇਟਿਡ ਹਾਊਸਿੰਗ ਯੂਨਿਟ (ਬਣੇ-ਬਣਾਏ ਮਕਾਨ), ਲਗਪਗ 3,000 ਤੰਬੂ ਅਤੇ ਫੋਲਡਿੰਗ ਬੈਡਾਂ ਦੇ ਨਾਲ-ਨਾਲ ਫਲੈਸ਼ਲਾਈਟਾਂ ਅਤੇ ਸਰਦੀਆਂ ਦੇ ਕੱਪੜਿਆਂ ਸਮੇਤ ਸਮੱਗਰੀ ਪਹੁੰਚ ਗਈ ਹੈ।

ਯੂ.ਐਸ. ਜੀਓਲੋਜੀਕਲ ਸਰਵੇ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਰਾਤ 10:33 ਵਜੇ ਆਇਆ, ਜਿਸ ਦਾ ਕੇਂਦਰ ਉੱਤਰੀ ਤਿੱਬਤ ਦੇ ਘੱਟ ਆਬਾਦੀ ਵਾਲੇ, ਉੱਚਾਈ ਵਾਲੇ ਖੇਤਰ ਵਿੱਚ ਨਾਗਚੂ ਤੋਂ 191 ਕਿਲੋਮੀਟਰ (119 ਮੀਲ) ਪੂਰਬ-ਉੱਤਰ-ਪੂਰਬ ਵਿੱਚ ਸੀ। ਇਸ ਨੇ ਭੂਚਾਲ ਦੀ ਡੂੰਘਾਈ 18 ਕਿਲੋਮੀਟਰ (11 ਮੀਲ) ਦੱਸੀ ਹੈ।

ਅਮਰੀਕੀ ਏਜੰਸੀ ਦੀ ਵੈਬਸਾਈਟ ਅਨੁਸਾਰ, ਉਸ ਨੇ 4.3 ਅਤੇ 5.2 ਦੇ ਵਿਚਕਾਰ ਤੀਬਰਤਾ ਵਾਲੇ ਸੱਤ ਬਾਅਦ ਦੇ ਝਟਕੇ ਦਰਜ ਕੀਤੇ, ਜੋ ਸਾਰੇ 10 ਕਿਲੋਮੀਟਰ (ਛੇ ਮੀਲ) ਦੀ ਡੂੰਘਾਈ ਤੇ ਸਨ।

ਚੀਨ ਨੇ ਅੱਜ ਦੱਸਿਆ ਕਿ ਖੇਤਰ ਦੇ ਕੁਝ ਹਿੱਸੇ ਵਿੱਚ ਸੰਚਾਰ ਠੱਪ ਹੋ ਗਿਆ ਹੈ। ਸਥਾਨਕ ਰੇਲਵੇ ਅਧਿਕਾਰੀਆਂ ਨੇ ਖੇਤਰ ਵਿੱਚੋਂ ਲੰਘਣ ਵਾਲੀਆਂ ਰੇਲਗੱਡੀਆਂ ਨੂੰ ਰੋਕਣ ਲਈ ਸੰਕਟਕਾਲੀਨ ਕਦਮ ਚੁੱਕੇ ਹਨ।

ਭੂਚਾਲ ਕਾਰਨ ਚੱਟਾਨਾਂ ਵੀ ਖਿਸਕੀਆਂ ਹਨ, ਜਿਸ ਕਾਰਨ ਸਥਾਨਕ ਅਧਿਕਾਰੀਆਂ ਨੂੰ ਕੌਮੀ ਰਾਜਮਾਰਗ 317 ਦਾ ਇੱਕ ਹਿੱਸਾ ਬੰਦ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਕਰਮਚਾਰੀਆਂ ਵੱਲੋਂ ਮਲਬਾ ਹਟਾਉਣ ਦਾ ਕੰਮ ਕੀਤੇ ਜਾਣ ਦੌਰਾਨ ਕੇਵਲ ਸੰਕਟਕਾਲੀਨ, ਰਾਹਤ ਅਤੇ ਸਰਕਾਰੀ ਸਹਾਇਤਾ ਵਾਲੇ ਵਾਹਨਾਂ ਨੂੰ ਹੀ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ।

ਅਗਲੇ ਤਿੰਨ ਦਿਨਾਂ ਵਿੱਚ ਭੂਚਾਲ ਵਾਲੇ ਖੇਤਰ ਵਿੱਚ ਰੁਕ-ਰੁਕ ਕੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਚੀਨ ਦੇ ਰਾਸ਼ਟਰੀ ਪ੍ਰਸਾਰਕ ਸੀ.ਸੀ.ਟੀ.ਵੀ. ਨੇ ਦੱਸਿਆ ਕਿ ਇਹ ਪਿਛਲੇ ਪੰਜ ਸਾਲਾਂ ਵਿੱਚ ਇਸ ਖੇਤਰ ਵਿੱਚ ਆਇਆ ਸਭ ਤੋਂ ਵੱਡਾ ਭੂਚਾਲ ਸੀ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰਾਹਤ ਕਾਰਜਾਂ ਅਤੇ ਡਾਕਟਰੀ ਸਹਾਇਤਾ ਦੇ ਕੰਮਾਂ ਵਿੱਚ ਪੂਰੇ ਜੋਰ-ਸ਼ੋਰ ਨਾਲ ਜੁਟਣ ਦਾ ਸੱਦਾ ਦਿੱਤਾ ਹੈ। ਨਾਗਚੂ ਤਿੱਬਤ ਦੀ ਰਾਜਧਾਨੀ ਲਹਾਸਾ ਤੋਂ 300 ਕਿਲੋਮੀਟਰ (186 ਮੀਲ) ਤੋਂ ਵੱਧ ਉੱਤਰ ਵਿੱਚ ਹੈ।

Continue Reading

International

ਸਾਊਦੀ ਅਰਬ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਮਲਾ, 1 ਵਿਅਕਤੀ ਦੀ ਮੌਤ, 8 ਗੰਭੀਰ ਜ਼ਖਮੀ

Published

on

By

ਰਿਆਦ, 22 ਅਕਤੂਬਰ (ਸ.ਬ.) ਸਊਦੀ ਅਰਬ ਦੇ ਦੰਮਾਮ ਸਥਿਤ ਕਿੰਗ ਫਾਹਦ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਬੀਤੀ ਦੇਰ ਸ਼ਾਮ ਇੱਕ ਹਮਲਾ ਹੋਇਆ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ; ਸਾਰਿਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ, ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਰਾਜਦੂਤਾਂ ਨੂੰ ਦੇਸ਼ ਛੱਡਣ ਦੇ ਹੁਕਮ ਜਾਰੀ ਕੀਤੇ ਹਨ। ਸਾਊਦੀ ਅਰਬ ਦੀ ਜਨਰਲ ਅਥਾਰਟੀ ਆਫ਼ ਸਿਵਲ ਏਵੀਏਸ਼ਨ ਨੇ ਅੱਜ ਇਹ ਜਾਣਕਾਰੀ ਦਿੱਤੀ। ਅਥਾਰਟੀ ਅਨੁਸਾਰ, ਇਸ ਹਮਲੇ ਕਾਰਨ ਜਾਇਦਾਦ ਦਾ ਵੀ ਨੁਕਸਾਨ ਹੋਇਆ ਹੈ। ਨੁਕਸਾਨ ਦੀ ਹੱਦ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜਾਰੀ ਇੱਕ ਬਿਆਨ ਵਿੱਚ, ਜਨਰਲ ਅਥਾਰਟੀ ਆਫ਼ ਸਿਵਲ ਏਵੀਏਸ਼ਨ ਨੇ ਦੱਸਿਆ ਕਿ ਇਹ ਹਮਲਾ ਬੀਤੀ ਸ਼ਾਮ ਹੋਇਆ ਸੀ। ਅਥਾਰਟੀ ਨੇ ਕਿਹਾ ਕਿ ਇਸ ਘਟਨਾ ਬਾਰੇ ਹੋਰ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

ਅਮਰੀਕੀ ਵਿਦੇਸ਼ ਵਿਭਾਗ ਨੇ ਸਾਊਦੀ ਅਰਬ ਵਿੱਚ ਮੌਜੂਦ ਅਮਰੀਕੀ ਸਰਕਾਰ ਦੇ ਉਨ੍ਹਾਂ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉੱਥੋਂ ਵਾਪਸ ਆਉਣ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਦਾ ਉੱਥੇ ਰਹਿਣਾ ਕਿਸੇ ਐਮਰਜੈਂਸੀ ਕਾਰਨ ਕਰਕੇ ਜ਼ਰੂਰੀ ਨਹੀਂ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਐਕਸ ਤੇ ਲਿਖਿਆ ਹੈ ਕਿ ਇਰਾਨ-ਸਮਰਥਿਤ ਹੂਤੀ ਬਾਗੀ ਸਾਊਦੀ ਅਰਬ ਵਿਰੁੱਧ ਲਗਾਤਾਰ ਵਧੇਰੇ ਦੁਸ਼ਮਣਾਨਾ ਕਾਰਵਾਈਆਂ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਵਿਚ ਇਕ ਨਾਗਰਿਕ ਹਵਾਈ ਅੱਡੇ ਅਤੇ ਹੋਰ ਜ਼ਰੂਰੀ ਬੁਨਿਆਦੀ ਢਾਂਚੇ ਤੇ ਕੀਤੇ ਗਏ ਹਮਲੇ ਸ਼ਾਮਲ ਹਨ, ਜਿਨ੍ਹਾਂ ਦੇ ਨਤੀਜੇ ਵਜੋਂ ਆਮ ਨਾਗਰਿਕਾਂ ਦੀ ਜਾਨ ਗਈ ਹੈ ਅਤੇ ਆਵਾਜਾਈ ਵਿੱਚ ਭਾਰੀ ਵਿਘਨ ਪਿਆ ਹੈ। ਸਾਡੇ ਵਿਭਾਗ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ, ਅਤੇ ਅਸੀਂ ਉਨ੍ਹਾਂ ਦੀ ਸੁਰੱਖਿਆ ਅਤੇ ਸਹਾਇਤਾ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕਣੇ ਜਾਰੀ ਰੱਖਾਂਗੇ।

Continue Reading

International

ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ

Published

on

By

ਅਲਬਰਟਾ, 19 ਅਕਤੂਬਰ (ਸ.ਬ.) ਕੈਨੇਡਾ ਦੇ ਅਲਬਰਟਾ ਸਥਿਤ ਇੱਕ ਮਿਲਟਰੀ ਬੇਸ ਤੇ ਲਾਈਵ-ਫਾਇਰ ਜੰਗੀ ਅਭਿਆਸ ਦੌਰਾਨ ਤੇਜ਼ੀ ਨਾਲ ਫੈਲੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਕੈਨੇਡੀਅਨ ਫ਼ੌਜ ਦੇ 4 ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ 39 ਹੋਰ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਅਨੁਸਾਰ ਜ਼ਖ਼ਮੀਆਂ ਵਿੱਚੋਂ 19 ਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਮੇਜਰ ਜਨਰਲ ਵੇਡ ਰੁਟਲੈਂਡ ਨੇ ਦੱਸਿਆ ਕਿ ਮਿਲਟਰੀ ਅਧਿਕਾਰੀਆਂ ਨੂੰ ਕਈ ਘੰਟਿਆਂ ਤੋਂ ਅੱਗ ਬਾਰੇ ਜਾਣਕਾਰੀ ਸੀ, ਪਰ ਉਨ੍ਹਾਂ ਦਾ ਮੰਨਣਾ ਸੀ ਕਿ ਅੱਗ ਤੇ ਕਾਬੂ ਪਾਇਆ ਹੋਇਆ ਹੈ ਅਤੇ ਸਿਖਲਾਈ ਜਾਰੀ ਰੱਖੀ ਜਾ ਸਕਦੀ ਹੈ। ਪਰ ਅਚਾਨਕ ਹਵਾ ਦਾ ਰੁਖ਼ ਬਦਲ ਗਿਆ ਅਤੇ ਤੇਜ਼ ਲਪਟਾਂ ਨੇ ਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਐਡਮੰਟਨ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਦੱਸਿਆ ਕਿ ਜਦੋਂ ਹਵਾ ਦਾ ਰੁਖ਼ ਬਦਲਿਆ, ਉਦੋਂ ਅੱਗ ਇੱਕ ਕਿਲੋਮੀਟਰ ਦੂਰ ਸੀ। ਅੱਗ ਦਾ ਸਿਰਫ਼ 36 ਸੈਕਿੰਡਾਂ ਵਿੱਚ ਇੱਕ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਨਾ ਇੱਕ ਅਸਾਧਾਰਨ ਘਟਨਾ ਹੈ। ਰੁਟਲੈਂਡ ਨੇ ਮੌਕੇ ਤੇ ਮੌਜੂਦ ਇੱਕ ਕਮਾਂਡਰ ਦੇ ਹਵਾਲੇ ਨਾਲ ਦੱਸਿਆ ਕਿ ਫ਼ੌਜੀਆਂ ਨੂੰ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਅੱਗ ਨੇ ਚਾਰੇ ਪਾਸਿਓਂ ਘੇਰ ਲਿਆ।

Continue Reading

Latest News

Trending