National
ਨਾਈਟ੍ਰੋਜਨ ਸਿਲੰਡਰ ਦੇ ਗੋਦਾਮ ਵਿੱਚ ਧਮਾਕਾ ਹੋਣ ਕਾਰਨ 4 ਵਿਅਕਤੀਆਂ ਦੀ ਮੌਤ, 6 ਗੰਭੀਰ ਜ਼ਖਮੀ
ਨਵੀਂ ਦਿੱਲੀ, 4 ਅਪ੍ਰੈਲ (ਸ.ਬ.) ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਤੇ ਨਗਰ ਹਵੇਲੀ ਦੇ ਦਾਦਰਾ ਇਲਾਕੇ ਵਿੱਚ ਇਕ ਸਕੂਲ ਦੇ ਨੇੜੇ ਨਾਈਟ੍ਰੋਜਨ ਗੈਸ ਦੇ ਗੋਦਾਮ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ। ਇਸ ਘਟਨਾ ਵਿਚ 6 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਦਯੋਗਿਕ ਨਾਈਟ੍ਰੋਜਨ ਗੈਸ ਦੇ ਸਿਲੰਡਰਾਂ ਵਿੱਚ ਅਚਾਨਕ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣੀ ਗਈ। ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ। ਸਾਰੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਕੁਝ ਜ਼ਖ਼ਮੀਆਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ।
ਦਾਦਰਾ ਤੇ ਨਗਰ ਹਵੇਲੀ ਦੇ ਕਲੈਕਟਰ ਨੇ ਇਸ ਹਾਦਸੇ ਵਿੱਚ 4 ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਸਿਲੰਡਰ ਫਟਣ ਦਾ ਅਸਲ ਕਾਰਨ ਕੀ ਸੀ। ਪ੍ਰਸ਼ਾਸਨ ਅਤੇ ਪੁਲੀਸ ਦੀਆਂ ਟੀਮਾਂ ਮੌਕੇ ਤੇ ਮੌਜੂਦ ਹਨ ਅਤੇ ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵਲਸਾਡ ਤੋਂ ਫੋਰੈਂਸਿਕ ਸਾਇੰਸ ਲੈਬੋਰਟਰੀ ਦੀ ਟੀਮ ਨੂੰ ਬੁਲਾਇਆ ਗਿਆ ਹੈ। ਪੁਲੀਸ ਨੇ ਇਲਾਕੇ ਨੂੰ ਸੀਲ ਕਰਕੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
National
24 ਰਾਜ ਸਭਾ ਸੀਟਾਂ ਲਈ ਚੋਣਾਂ 18 ਜੂਨ ਨੂੰ
ਨਵੀ ਦਿੱਲੀ, 22 ਮਈ (ਸ.ਬ.) ਚੋਣ ਕਮਿਸ਼ਨ ਨੇ 10 ਰਾਜਾਂ ਦੀਆਂ ਰਾਜ ਸਭਾ ਦੀਆਂ 24 ਖਾਲੀ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਸੀਟਾਂ ਲਈ ਵੋਟਿੰਗ 18 ਜੂਨ ਨੂੰ ਹੋਵੇਗੀ ਅਤੇ ਨਤੀਜੇ ਉਸੇ ਦਿਨ ਐਲਾਨੇ ਜਾਣਗੇ। ਇਸ ਦੌਰਾਨ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਗੁਜਰਾਤ ਵਿੱਚ ਚਾਰ-ਚਾਰ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਤਿੰਨ- ਤਿੰਨ, ਝਾਰਖੰਡ, ਮਨੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ ਇੱਕ-ਇੱਕ ਸੀਟ ਤੇ ਚੋਣਾਂ ਹੋਣਗੀਆਂ।
ਚੋਣ ਕਮਿਸ਼ਨ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 10 ਰਾਜਾਂ ਵਿੱਚ (ਜਿੱਥੇ ਮੌਜੂਦਾ ਸੰਸਦ ਮੈਂਬਰ ਸੇਵਾਮੁਕਤ ਹੋ ਰਹੇ ਹਨ) ਰਾਜ ਸਭਾ ਸੀਟਾਂ ਲਈ ਚੋਣਾਂ 21 ਜੂਨ ਤੋਂ 19 ਜੁਲਾਈ ਤੱਕ ਵੱਖ-ਵੱਖ ਤਰੀਕਾਂ ਤੇ ਹੋਣਗੀਆਂ।
ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ, ਰਾਜ ਸਭਾ ਚੋਣਾਂ ਲਈ ਨੋਟੀਫਿਕੇਸ਼ਨ 1 ਜੂਨ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 8 ਜੂਨ ਹੈ। ਨਾਮਜ਼ਦਗੀ ਪੱਤਰਾਂ ਦੀ ਜਾਂਚ 9 ਜੂਨ ਨੂੰ ਹੋਵੇਗੀ, ਅਤੇ ਉਮੀਦਵਾਰਾਂ ਨੂੰ 11 ਜੂਨ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਇਜਾਜ਼ਤ ਹੋਵੇਗੀ। ਵੋਟਿੰਗ 18 ਜੂਨ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਵੋਟਾਂ ਦੀ ਗਿਣਤੀ ਉਸੇ ਦਿਨ ਸ਼ਾਮ 5 ਵਜੇ ਤੈਅ ਕੀਤੀ ਗਈ ਹੈ।
ਇਨ੍ਹਾਂ 24 ਸੀਟਾਂ ਤੇ ਕਈ ਪ੍ਰਮੁੱਖ ਨੇਤਾਵਾਂ ਦੇ ਕਾਰਜਕਾਲ ਖਤਮ ਹੋ ਰਹੇ ਹਨ। ਇਨ੍ਹਾਂ ਵਿੱਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਦਿਗਵਿਜੈ ਸਿੰਘ, ਸ਼ਕਤੀ ਸਿੰਘ ਗੋਹਿਲ, ਨਬਾਮ ਰੇਬੀਆ ਅਤੇ ਐਚਡੀ ਦੇਵਗੌੜਾ ਸ਼ਾਮਲ ਹਨ। ਇਸ ਤੋਂ ਇਲਾਵਾ, ਹੇਮੰਤ ਸੋਰੇਨ ਦੇ ਪਿਤਾ, ਸ਼ਿਬੂ ਸੋਰੇਨ, 4 ਅਗਸਤ, 2025 ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਖਾਲੀ ਹਨ।
National
ਸੁਪਰੀਮ ਕੋਰਟ ਵਲੋਂ ਆਵਾਰਾ ਕੁੱਤਿਆਂ ਨੂੰ ਜਨਤਕ ਥਾਵਾਂ ਤੋਂ ਹਟਾਉਣ ਦੇ ਹੁਕਮਾਂ ਵਿੱਚ ਬਦਲਾਅ ਕਰਨ ਤੋਂ ਇਨਕਾਰ
ਨਵੀਂ ਦਿੱਲੀ, 19 ਮਈ (ਸ.ਬ.) ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਦੇ ਮੁੱਦੇ ਨਾਲ ਸੰਬੰਧਿਤ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਆਵਾਰਾ ਕੁੱਤਿਆਂ ਨੂੰ ਹਟਾਉਣ ਦੇ ਹੁਕਮ ਵਿਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਇਸ ਲਈ ਪੁਰਾਣਾ ਹੁਕਮ (2025 ਤੋਂ) ਹੀ ਲਾਗੂ ਰਹੇਗਾ। ਅਦਾਲਤ ਨੇ ਕਿਹਾ ਕਿ ਮਨੁੱਖੀ ਜਾਨਾਂ ਦੀ ਸੁਰੱਖਿਆ ਬਹੁਤ ਮਹੱਤਵਪੂਰਨ ਹੈ। ਜੋ ਵੀ ਅਧਿਕਾਰੀ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ, ਉਸ ਤੇ ਮਾਣਹਾਨੀ ਦਾ ਦੋਸ਼ ਲਗਾਇਆ ਜਾਣਾ ਚਾਹੀਦਾ ਹੈ।
ਅਦਾਲਤ ਨੇ ਕਿਹਾ ਕਿ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਸ਼ਹਿਰ ਵਿਚ ਹੀ ਇਕ ਮਹੀਨੇ ਦੇ ਅੰਦਰ 1,084 ਕੁੱਤਿਆਂ ਦੇ ਕੱਟਣ ਦੀਆਂ ਰਿਪੋਰਟਾਂ ਆਈਆਂ। ਰਿਪੋਰਟਾਂ ਦਰਸਾਉਂਦੀਆਂ ਹਨ ਕਿ ਛੋਟੇ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਵਿਚ ਚਿਹਰੇ ਤੇ ਡੂੰਘੇ ਜ਼ਖ਼ਮ ਵੀ ਸ਼ਾਮਿਲ ਹਨ। ਤਾਮਿਲਨਾਡੂ ਵਿਚ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿਚ ਹੀ ਲਗਭਗ 200,000 ਕੁੱਤਿਆਂ ਦੇ ਕੱਟਣ ਦੀਆਂ ਰਿਪੋਰਟਾਂ ਆਈਆਂ।
ਇਸ ਮਾਮਲੇ ਦੀ ਸੁਣਵਾਈ ਜਸਟਿਸ ਵਿਕਰਮ ਨਾਥ, ਸੰਦੀਪ ਮਹਿਤਾ ਅਤੇ ਐਨ.ਵੀ. ਅੰਜਾਰੀਆ ਦੀ ਬੈਂਚ ਵਲੋਂ ਕੀਤੀ ਗਈ ਸੀ। ਆਖਰੀ ਸੁਣਵਾਈ 29 ਜਨਵਰੀ ਨੂੰ ਹੋਈ ਸੀ, ਜਿਥੇ ਬੈਂਚ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਸੁਣਵਾਈ ਦੌਰਾਨ ਰਾਜਾਂ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਅਤੇ ਐਨੀਮਲ ਵੈਲਫੇਅਰ ਬੋਰਡ ਆਫ਼ ਇੰਡੀਆ ਵਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ ਸਨ। ਅਦਾਲਤ ਨੇ ਕਿਹਾ ਕਿ ਜੇਕਰ ਕਿਸੇ ਅਵਾਰਾ ਕੁੱਤੇ ਦੇ ਹਮਲੇ ਨਾਲ ਸੱਟ ਜਾਂ ਮੌਤ ਹੁੰਦੀ ਹੈ, ਤਾਂ ਜ਼ਿੰਮੇਵਾਰੀ ਨਗਰ ਨਿਗਮ ਦੇ ਨਾਲ-ਨਾਲ ਕੁੱਤਿਆਂ ਨੂੰ ਖੁਆਉਣ ਵਾਲਿਆਂ ਤੇ ਵੀ ਤੈਅ ਕੀਤੀ ਜਾ ਸਕਦੀ ਹੈ। ਅਦਾਲਤ ਨੇ ਕਿਹਾ ਕਿ ਸਾਡੀਆਂ ਟਿੱਪਣੀਆਂ ਨੂੰ ਮਜ਼ਾਕ ਵਜੋਂ ਲੈਣਾ ਗਲਤ ਹੋਵੇਗਾ। ਅਸੀਂ ਗੰਭੀਰ ਹਾਂ। ਅਦਾਲਤ ਜ਼ਿੰਮੇਵਾਰੀ ਤੈਅ ਕਰਨ ਤੋਂ ਨਹੀਂ ਝਿਜਕੇਗੀ, ਕਿਉਂਕਿ ਮੌਜੂਦਾ ਪ੍ਰਣਾਲੀ ਨੇ ਸਥਾਨਕ ਪ੍ਰਸ਼ਾਸਨ ਦੀ ਅਸਫ਼ਲਤਾ ਨੂੰ ਉਜਾਗਰ ਕਰ ਦਿੱਤਾ ਹੈ।
ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਆਵਾਰਾ ਕੁੱਤਿਆਂ ਦੇ ਪ੍ਰਬੰਧਨ ਨਾਲ ਸਬੰਧਤ ਮਾਮਲਿਆਂ ਦੀ ਨਿਗਰਾਨੀ ਹੁਣ ਦੇਸ਼ ਭਰ ਦੀਆਂ ਸਬੰਧਤ ਹਾਈ ਕੋਰਟਾਂ ਦੁਆਰਾ ਕੀਤੀ ਜਾਵੇਗੀ। ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਸਨਮਾਨ ਨਾਲ ਜਿਉਣ ਦੇ ਅਧਿਕਾਰ ਵਿੱਚ ਕੁੱਤਿਆਂ ਦੇ ਡਰ ਤੋਂ ਬਿਨਾਂ ਆਜ਼ਾਦ ਤੌਰ ਤੇ ਜਿਉਣ ਦਾ ਅਧਿਕਾਰ ਸ਼ਾਮਲ ਹੈ।
ਅਦਾਲਤ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਸਾਂਝੇ ਤੌਰ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਨਿਰਦੇਸ਼ ਦਿੱਤਾ। ਪਿਛਲੇ ਸਾਲ 7 ਨਵੰਬਰ ਨੂੰ, ਵਿਦਿਅਕ ਸੰਸਥਾਵਾਂ, ਹਸਪਤਾਲਾਂ ਅਤੇ ਰੇਲਵੇ ਸਟੇਸ਼ਨਾਂ ਵਰਗੇ ਸੰਸਥਾਗਤ ਖੇਤਰਾਂ ਵਿੱਚ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਵਿੱਚ ਚਿੰਤਾਜਨਕ ਵਾਧੇ ਦਾ ਨੋਟਿਸ ਲੈਂਦੇ ਹੋਏ, ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਸੀ ਕਿ ਅਵਾਰਾ ਕੁੱਤਿਆਂ ਦੀ ਨਸਬੰਦੀ ਤੋਂ ਬਾਅਦ ਤੁਰੰਤ ਨਿਰਧਾਰਤ ਆਸਰਾ ਸਥਾਨਾਂ ਵਿੱਚ ਭੇਜਿਆ ਜਾਵੇ।
National
ਚਲਦੀ ਕਾਰ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜੀ ਗਰਭਵਤੀ ਪਤਨੀ, ਪਤੀ ਝੁਲਸਿਆ
ਕੋਜ਼ੀਕੋਡ, 16 ਮਈ (ਸ.ਬ.) ਕੇਰਲ ਦੇ ਕੋਜ਼ੀਕੋਡ ਜ਼ਿਲ੍ਹੇ ਵਿੱਚ ਇੱਕ ਚਲਦੀ ਕਾਰ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਇੱਕ ਗਰਭਵਤੀ ਮਹਿਲਾ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਹਾਦਸਾ ਬੀਤੀ ਰਾਤ ਕਰੀਬ 9 ਵਜੇ ਪੇਰਾਮਬਰਾ ਦੇ ਨੇੜੇ ਚੇਰੂਵੰਨੂਰ ਵਿਖੇ ਵਾਪਰਿਆ। ਪੂਵਥੁਮਚਲ ਦਾ ਰਹਿਣ ਵਾਲਾ ਲਾਲੂ ਆਪਣੀ ਗਰਭਵਤੀ ਪਤਨੀ ਸੋਨਾ ਨਾਲ ਕਾਰ ਵਿੱਚ ਕਿਧਰੇ ਜਾ ਰਿਹਾ ਸੀ ਕਿ ਅਚਾਨਕ ਕਾਰ ਦੇ ਪਿਛਲੇ ਹਿੱਸੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ।
ਚਸ਼ਮਦੀਦਾਂ ਅਨੁਸਾਰ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਪਿਛਲੀ ਸੀਟ ਤੇ ਬੈਠੀ ਸੋਨਾ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਕਾਰ ਚਲਾ ਰਿਹਾ ਲਾਲੂ ਕਿਸੇ ਤਰ੍ਹਾਂ ਬਾਹਰ ਨਿਕਲਣ ਵਿੱਚ ਸਫਲ ਰਿਹਾ ਅਤੇ ਉਸਨੇ ਆਪਣੀ ਪਤਨੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਅੱਗ ਦੀਆਂ ਭਿਆਨਕ ਲਪਟਾਂ ਕਾਰਨ ਉਹ ਅਸਫਲ ਰਿਹਾ। ਆਪਣੀ ਪਤਨੀ ਨੂੰ ਅੱਖਾਂ ਦੇ ਸਾਹਮਣੇ ਸੜਦਾ ਦੇਖ ਪਤੀ ਬੇਵੱਸ ਨਜ਼ਰ ਆਇਆ।
ਇਸ ਕੋਸ਼ਿਸ਼ ਵਿੱਚ ਲਾਲੂ ਵੀ ਬੁਰੀ ਤਰ੍ਹਾਂ ਝੁਲਸ ਗਿਆ ਹੈ ਅਤੇ ਉਸ ਨੂੰ ਇਲਾਜ ਲਈ ਕੋਜ਼ੀਕੋਡ ਮੈਡੀਕਲ ਕਾਲਜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਇਆ, ਪਰ ਉਦੋਂ ਤੱਕ ਸੋਨਾ ਦੀ ਜਾਨ ਜਾ ਚੁੱਕੀ ਸੀ।
ਮੇੱਪਾਯੁਰ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਜਾਂ ਕਿਸੇ ਤਕਨੀਕੀ ਖ਼ਰਾਬੀ ਕਾਰਨ ਲੱਗੀ ਹੋ ਸਕਦੀ ਹੈ। ਪੁਲੀਸ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਲਾਲੂ ਅਤੇ ਹੋਰ ਚਸ਼ਮਦੀਦਾਂ ਦੇ ਬਿਆਨ ਦਰਜ ਕਰ ਰਹੀ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ। ਮਹਿਲਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
-
International1 month agoਆਰਟੇਮਿਸ 2 ਮਿਸ਼ਨ ਦੇ 4 ਪੁਲਾੜ ਯਾਤਰੀ ਚੰਦਰਮਾ ਦੀ ਪਰਿਕਰਮਾ ਕਰਨ ਤੋਂ ਬਾਅਦ ਪਰਤੇ
-
Chandigarh1 month agoਪੰਜਾਬ ਵਿਧਾਨ ਸਭਾ ਵਿੱਚ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ-2026’ ਸਰਬਸੰਮਤੀ ਨਾਲ ਪਾਸ
-
International1 month agoਇੰਡੋਨੇਸ਼ੀਆ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ 8 ਵਿਅਕਤੀਆਂ ਦੀ ਮੌਤ
-
Mohali1 month agoਕੂੜੇ ਦੇ ਡੰਪ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਫੇਜ਼ 5 ਅਤੇ ਸ਼ਾਹੀਮਾਜਰਾ ਦੇ ਵਸਨੀਕਾਂ ਦਾ ਧਰਨਾ ਜਾਰੀ
-
Chandigarh1 month agoਪੰਜਾਬ ਕੈਬਨਿਟ ਨੇ ਕਿਸਾਨਾਂ ਨੂੰ ਜ਼ਮੀਨਾਂ ਵਿੱਚੋਂ ਗਾਰ ਕੱਢਣ ਦੀ ਪ੍ਰਵਾਨਗੀ ਦਿੱਤੀ
-
International1 month agoਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਧੂ ਨੂੰ ਦਿੱਲੀ ਦੇ ਉਪ ਰਾਜਪਾਲ ਵਜੋਂ ਨਿਯੁਕਤੀ ਤੇ ਵਧਾਈ ਦਿੱਤੀ
-
Mohali1 month agoਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕੈਂਸਰ ਸਬੰਧੀ ਫਰੀ ਚੈਕਅੱਪ ਟੈਸਟ ਅਤੇ ਮੈਡੀਕਲ ਕੈਂਪ ਦਾ ਆਯੋਜਨ
-
National2 months agoਚੋਣ ਪ੍ਰਚਾਰ ਦੌਰਾਨ ਕਾਂਗਰਸੀ ਆਗੂ ਸ਼ਸ਼ੀ ਥਰੂਰ ਦੇ ਕਾਫਲੇ ਤੇ ਹਮਲਾ, ਗੰਨਮੈਨ ਜ਼ਖ਼ਮੀ
