Punjab
10ਵੀਂ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਦੇ ਕਤਲ ਮਾਮਲੇ ਵਿੱਚ 2 ਮੁੱਖ ਮੁਲਜ਼ਮ ਗ੍ਰਿਫਤਾਰ
ਸੰਗਰੂਰ, 7 ਮਈ (ਸ.ਬ.) ਸੰਗਰੂਰ ਪੁਲੀਸ ਨੇ 15 ਸਾਲਾ ਨੌਜਵਾਨ ਅਰਸ਼ਦੀਪ ਸਿੰਘ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਅਰਸ਼ਦੀਪ ਸਿੰਘ 10ਵੀਂ ਜਮਾਤ ਦਾ ਵਿਦਿਆਰਥੀ ਸੀ। ਜ਼ਿਕਰਯੋਗ ਹੈ ਕਿ ਕਿਸੇ ਕੁੜੀ ਕਾਰਨ ਇਹ ਲੜਾਈ ਹੋਈ ਸੀ, ਜਿਸ ਵਿਚ 15 ਸਾਲਾ ਅਰਸ਼ਦੀਪ ਸਿੰਘ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਦੇ ਭਰਾ ਅਵਨੀਤ ਨੂੰ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਘਟਨਾ ਦੇ ਰੋਸ ਵਜੋਂ ਪਰਿਵਾਰ ਤੇ ਸ਼ਹਿਰ ਵਾਸੀਆਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਸੰਗਰੂਰ ਦੇ ਬਾਜ਼ਾਰ ਬੰਦ ਕੀਤੇ ਸੀ। ਪਰਿਵਾਰ ਨੇ ਮੰਗ ਕੀਤੀ ਸੀ ਕਿ ਜਦੋਂ ਤਕ ਦੋਸ਼ੀ ਫੜੇ ਨਹੀਂ ਜਾਂਦੇ, ਉਦੋਂ ਤਕ ਪੁੱਤ ਦਾ ਸਸਕਾਰ ਨਹੀਂ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 4 ਤਾਰੀਖ਼ ਦੀ ਦੇਰ ਸ਼ਾਮ ਪੁਲੀਸ ਨੂੰ ਇਕ ਲੜਾਈ ਦੀ ਸੂਚਨਾ ਮਿਲੀ ਸੀ, ਜਿੱਥੇ ਦੋ ਵਿਅਕਤੀਆਂ ਨੇ ਦੋ ਨੌਜਵਾਨ ਬੱਚਿਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਹਸਪਤਾਲ ਲਿਜਾਣ ਤੇ ਅਰਸ਼ਦੀਪ ਸਿੰਘ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਉਸ ਦੇ ਸਾਥੀ ਅਵਨੀਤ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਐਸ.ਐਸ.ਪੀ. ਅਨੁਸਾਰ ਅਵਨੀਤ ਦੀ ਹਾਲਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ।
ਐਸ.ਐਸ.ਪੀ. ਚਾਹਲ ਨੇ ਅੱਗੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਥਾਣਾ ਸਿਟੀ ਸੰਗਰੂਰ ਵਿਚ ਐਫ.ਆਈ.ਆਰ. ਦਰਜ ਕਰਕੇ ਪੁਲੀਸ ਟੀਮਾਂ ਬਣਾਈਆਂ ਗਈਆਂ। ਪੁਲੀਸ ਨੇ ਉਸੇ ਰਾਤ ਛਾਪੇਮਾਰੀ ਕਰਕੇ 4 ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਅਗਲੀ ਸਵੇਰ ਟੈਕਨੀਕਲ ਜਾਂਚ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਕੇਸ ਦੇ ਦੋ ਮੁੱਖ ਮੁਲਜ਼ਮਾਂ, ਮੁਹੰਮਦ ਨੋਮਨ ਅਤੇ ਉਮਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਉਮਰ ਲਗਭਗ 18 ਸਾਲ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਤਫਤੀਸ਼ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਦੀ ਇਨ੍ਹਾਂ ਬੱਚਿਆਂ ਨਾਲ ਨਿੱਜੀ ਰੰਜਿਸ਼ ਸੀ, ਜਿਸ ਕਾਰਨ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਮੁਲਜ਼ਮਾਂ ਖਿਲਾਫ਼ ਕਤਲ ਅਤੇ ਹੋਰ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਮੁਲਜ਼ਮਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਪਨਾਹ ਦੇਣ ਵਿਚ ਕੋਈ ਭੂਮਿਕਾ ਨਿਭਾਈ ਹੈ। ਜੇਕਰ ਕਿਸੇ ਦਾ ਰੋਲ ਸਾਹਮਣੇ ਆਉਂਦਾ ਹੈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Punjab
ਜਲੰਧਰ ਵਿੱਚ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਈ ਮੇਲ ਵਿੱਚ ਰੇਲਵੇ ਟਰੈਕਾਂ ਤੇ ਹਮਲਾ ਕਰਨ ਅਤੇ ਰਾਹੁਲ ਗਾਂਧੀ ਦੇ ਸੰਗਰੂਰ ਦੌਰੇ ਦੌਰਾਨ ਧਮਾਕਾ ਕਰਨ ਦੀ ਵੀ ਦਿੱਤੀ ਧਮਕੀ
ਜਲੰਧਰ, 30 ਅਕਤੂਬਰ (ਸ.ਬ.) ਜਲੰਧਰ ਵਿੱਚ ਦੋ ਸਕੂਲਾਂ ਏ ਪੀ ਜੇ ਸਕੂਲ ਅਤੇ ਆਰਮੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪ੍ਰਾਪਤ ਰਿਪੋਰਟਾਂ ਅਨੁਸਾਰ, ਸਕੂਲਾਂ ਨੂੰ ਧਮਕੀ ਭਰੀ ਈਮੇਲ ਪ੍ਰਾਪਤ ਹੋਈ, ਜਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ। ਪ੍ਰਾਪਤ ਹੋਈ ਈਮੇਲ ਵਿੱਚ ਸਕੂਲਾਂ ਨੂੰ ਬੰਬ ਨਾਲ ਉੜਾਊਣ ਦੀ ਧਮਕੀ ਦੇਣ ਦੇ ਨਾਲ ਨਾਲ ਰੇਲਵੇ ਟਰੈਕਾਂ ਨੂੰ ਵੱਡੇ ਪੱਧਰ ਤੇ ਨਿਸ਼ਾਨਾ ਬਣਾਉਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਈਮੇਲ ਰਾਹੀਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ 1 ਨਵੰਬਰ ਨੂੰ ਦਿੱਲੀ ਜਾਣ ਵਾਲੀਆਂ ਰੇਲਗੱਡੀਆਂ ਵਿੱਚ ਸਫ਼ਰ ਕਰਨ ਤੋਂ ਗੁਰੇਜ਼ ਕਰਨ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਅੰਮ੍ਰਿਤਸਰ, ਫਿਰੋਜ਼ਪੁਰ, ਲੁਧਿਆਣਾ ਅਤੇ ਬਠਿੰਡਾ ਵਿੱਚ ਟਰੈਕ ਤੇ ਆਈ ਈ ਡੀ ਬਲਾਸਟ ਕੀਤੇ ਜਾਣਗੇ।
ਈ-ਮੇਲ ਵਿੱਚ ਸਕੂਲਾਂ ਵਿੱਚ ਦੁਪਹਿਰ 12:11 ਵਜੇ ਧਮਾਕੇ ਕਰਨ ਦੀਆਂ ਯੋਜਨਾਵਾਂ ਦਾ ਜ਼ਿਕਰ ਸੀ, ਇਸ ਤੋਂ ਬਾਅਦ, ਸੁਰੱਖਿਆ ਬਲਾਂ ਅਤੇ ਬੰਬ ਨਿਰੋਧਕ ਦਸਤਿਆਂ ਨੇ ਸਬੰਧਤ ਥਾਵਾਂ ਨੂੰ ਘੇਰ ਲਿਆ ਅਤੇ ਇੱਕ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਇਹ ਵੀ ਸਾਹਮਣੇ ਆਇਆ ਹੈ ਕਿ ਧਮਕੀ ਭਰੀ ਈਮੇਲ ਵਿੱਚ ਬੱਚਿਆਂ ਦੀ ਸੁਰੱਖਿਆ ਬਾਰੇ ਇੱਕ ਸੰਦੇਸ਼ ਸ਼ਾਮਲ ਹੈ। ਧਮਕੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੁਲੀਸ ਜਾਂਚ ਅਤੇ ਸੁਰੱਖਿਆ ਸਬੰਧੀ ਉਪਾਅ ਤੇਜ਼ ਕਰ ਦਿੱਤੇ ਗਏ ਹਨ।
ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਇੱਕ ਹੋਰ ਕਾਰਨ ਇਹ ਹੈ ਕਿ ਉਸੇ ਈ-ਮੇਲ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਸੰਗਰੂਰ ਦੌਰੇ ਦੌਰਾਨ ਧਮਾਕਾ ਕਰਨ ਦੀ ਧਮਕੀ ਵੀ ਦਿੱਤੀ ਗਈ ਹੈ। ਕਈ ਸੰਵੇਦਨਸ਼ੀਲ ਥਾਵਾਂ, ਵਿਦਿਅਕ ਅਦਾਰਿਆਂ, ਰੇਲ ਮਾਰਗਾਂ ਅਤੇ ਸਿਆਸੀ ਸਮਾਗਮਾਂ ਨੂੰ ਇੱਕੋ ਸਮੇਂ ਨਿਸ਼ਾਨਾ ਬਣਾਏ ਜਾਣ ਦੀ ਚੇਤਾਵਨੀ ਤੋਂ ਬਾਅਦ, ਪੂਰੇ ਪੰਜਾਬ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਕਾਫ਼ੀ ਸਖ਼ਤ ਕਰ ਦਿੱਤਾ ਗਿਆ ਹੈ। ਪੁਲੀਸ ਅਤੇ ਖੁਫੀਆ ਏਜੰਸੀਆਂ ਇਸ ਧਮਕੀ ਭਰੀ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਅਤੇ ਇਸਨੂੰ ਭੇਜਣ ਵਾਲੇ ਦੀ ਪਛਾਣ ਕਰਨ ਲਈ ਕੰਮ ਕਰ ਰਹੀਆਂ ਹਨ।
ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਪੁਲੀਸ ਦੀਆਂ ਟੀਮਾਂ ਵਲੋਂ ਸਕੂਲਾਂ ਵਿੱਚ ਪਹੁੰਚ ਕੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਬੰਬ ਡਿਸਪੋਜ਼ਲ ਟੀਮ ਅਤੇ ਹੋਰ ਪੁਲੀਸ ਟੀਮਾਂ ਨੇ ਸਕੂਲ ਕੈਂਪਸਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਹਾਲਾਂਕਿ, ਚੈਕਿੰਗ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।
Mohali
ਫੇਜ਼ 5 ਦੇ ਨਾਲ ਲੱਗਦੀ ਗ੍ਰੀਨ ਬੈਲਟ ਵਿੱਚ ਪਿਛਲੇ ਤਿੰਨ ਚਾਰ ਦਹਾਕਿਆਂ ਤੋਂ ਕਬਜਾ ਕਰਕੇ ਰਹਿ ਰਿਹਾ ਹੈ ਪਰਿਵਾਰ : ਐਨ ਐਸ ਕਲਸੀ
ਵਸਨੀਕਾਂ ਨੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਅਤੇ ਨਗਰ ਨਿਗਮ ਦੇ ਮੇਅਰ ਨੂੰ ਪੱਤਰ ਲਿਖ ਕੇ ਕਬਜਾ ਖਤਮ ਕਰਵਾਉਣ ਲਈ ਕਿਹਾ
ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਸਥਾਨਕ ਫੇਜ਼ 5 ਦੇ ਨਾਲ ਲੱਗਦੀ ਗ੍ਰੀਨ ਬੈਲਟ ਵਾਲੀ ਥਾਂ ਤੇ ਬਣੇ ਇੱਕ ਟਿਊਬਵੈਲ ਦੇ ਪੁਰਾਣੇ ਕਮਰੇ ਦੇ ਨਾਲ ਲਗਭਗ ਡੇਢ ਕਨਾਲ ਥਾਂ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੱਕ ਵਿਅਕਤੀ ਵਲੋਂ ਕਬਜਾ ਕਰਕੇ ਆਪਣੇ ਪਰਿਵਾਰ ਦੀ ਰਿਹਾਇਸ਼ ਬਣਾਈ ਹੋਈ ਹੈ। ਹੁਣ ਜਦੋਂ ਫੇਜ਼ 5 ਦੇ ਵਸਨੀਕਾਂ ਵਲੋਂ ਇਸ ਥਾਂ ਤੇ ਪਏ ਕੂੜੇ ਦੇ ਢੇਰ ਦੀ ਸਫਾਈ ਕਰਵਾਉਣ ਲਈ ਜੋਰ ਪਾਉਣ ਤੇ ਨਗਰ ਨਿਗਮ ਵਲੋਂ ਇੱਥੋਂ ਦੀ ਸਫਾਈ ਕਰਵਾਈ ਜਾ ਰਹੀ ਹੈ ਤਾਂ ਇੱਥੇ ਇਸ ਪਰਿਵਾਰ ਦੇ ਰਹਿਣ ਦੀ ਗੱਲ ਸਾਮ੍ਹਣੇ ਆਈ ਹੈ। ਇਸ ਸੰਬੰਧੀ ਫੇਜ਼ 5 ਅਤੇ ਚਾਰ ਦੇ ਵਸਨੀਕਾਂ ਵਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਨਗਰ ਨਿਗਮ ਦੇ ਮੇਅਰ ਸz. ਸਰਬਜੀਤ ਸਿੰਘ ਸਮਾਣਾ ਨੂੰਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਸੈਕਟਰ 58 ਵਿੱਚ ਬੰਦ ਪਏ ਟਿਊਬਵੈਲ ਪੰਪ ਹਾਊਸ ਨੂੰ ਢਾਹ ਕੇ ਗ੍ਰੀਨ ਬੈਲਟ ਤੇ ਹੋਏ ਨਾਜਾਇਜ਼ ਕਬਜ਼ੇ ਨੂੰ ਖਤਮ ਕਰਵਾਇਆ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ ਐਮ ਹਾਊਸਿਸ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸzz ਐਨ ਐਸ ਕਲਸੀ ਨੇ ਦੱਸਿਆ ਕਿ ਸੈਕਟਰ 58 ਵਿੱਚ, ‘ਭੈਣਾ ਦਾ ਢਾਬਾ’ ਦੇ ਸਾਹਮਣੇ, ਲਗਭਗ 1,000 ਵਰਗ ਫੁੱਟ ਦੀ ਗ੍ਰੀਨ ਬੈਲਟ ਵਿੱਚ ਸਥਿਤ ਇੱਕ ਪੁਰਾਣਾ ਅਤੇ ਬੰਦ ਪਿਆ ਟਿਊਬਵੈਲ ਪੰਪ ਹਾਊਸ ਹੈ, ਜਿਸ ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਇਹ ਪੰਪ ਹਾਊਸ ਲਗਭਗ 50 ਸਾਲ ਪੁਰਾਣਾ ਹੈ ਅਤੇ ਸਬੰਧਤ ਵਿਅਕਤੀ ਪਿਛਲੇ 30 ਸਾਲਾਂ ਤੋਂ ਉੱਥੇ ਰਹਿ ਰਿਹਾ ਹੈ। ਇਸ ਤੋਂ ਇਲਾਵਾ, ਕਬਜ਼ਾ ਕਰਨ ਵਾਲੇ ਵਿਅਕਤੀ ਨੇ ਉੱਥੇ ਇੱਕ ਵਾਧੂ ਕਮਰਾ ਬਣਾ ਕੇ ਅਤੇ ਉਸ ਉੱਪਰ ਟੀਨ ਦੀ ਛੱਤ ਪਾ ਕੇ ਕਬਜ਼ੇ ਦਾ ਦਾਇਰਾ ਹੋਰ ਵਧਾ ਲਿਆ ਹੈ।
ਉਹਨਾਂ ਕਿਹਾ ਕਿ ਗ੍ਰੀਨ ਬੈਲਟ ਦਾ ਇੱਕ ਵੱਡਾ ਹਿੱਸਾ (ਜੋ ਲਗਭਗ 1,000 ਵਰਗ ਗਜ਼ ਦੇ ਕਰੀਬ ਹੈ) ਕੰਡਿਆਲੀ ਤਾਰ ਲਗਾ ਕੇ ਘੇਰ ਲਿਆ ਗਿਆ ਹੈ ਅਤੇ ਇਸ ਤੇ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਸਬੰਧਤ ਅਧਿਕਾਰੀਆਂ ਵੱਲੋਂ ਇਸ ਨਾਜਾਇਜ਼ ਕਬਜ਼ੇ ਵੱਲ ਕੋਈ ਧਿਆਨ ਕਿਉਂ ਨਹੀਂ ਦਿੱਤਾ ਗਿਆ।
ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕੀਤੀ ਜਾਵੇ, ਕਾਨੂੰਨ ਅਨੁਸਾਰ ਨਾਜਾਇਜ਼ ਕਬਜ਼ਾ ਹਟਾਉਣ ਲਈ ਢੁਕਵੀਂ ਕਾਰਵਾਈ ਕੀਤੀ ਜਾਵੇ, ਜੇਕਰ ਇਸ ਬੰਦ ਪਏ ਪੰਪ ਹਾਊਸ ਦੀ ਹੁਣ ਕੋਈ ਲੋੜ ਨਹੀਂ ਹੈ ਤਾਂ ਇਸਨੂੰ ਢਾਹ ਦਿੱਤਾ ਜਾਵੇ ਅਤੇ ਇਸ ਖੇਤਰ ਨੂੰ ਮੁੜ ਗ੍ਰੀਨ ਬੈਲਟ ਵਜੋਂ ਵਿਕਸਤ ਕੀਤਾ ਜਾਵੇ। ਇਸ ਮੌਕੇ ਨਗਰ ਨਿਗਮ ਦੇ ਕੌਂਸਲਰ ਕੁਲਦੀਪ ਕੌਰ ਕੰਗ, ਗ੍ਰੀਨ ਪਾਰਕ ਰੈਜ਼ੀਡੈਂਟ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮੋਹਿੰਦਰ ਸਿੰਘ, ਸੁਖਵਿੰਦਰ ਸਿੰਘ ਵਿਰਦੀ, ਰਵਿੰਦਰ ਸਿੰਘ ਰਾਜੂ ਵੀ ਮੌਜੂਦ ਸਨ।
Punjab
ਹਾਰ ਤੋਂ ਬਾਅਦ ਈ ਵੀ ਐਮ ਅਤੇ ਵੋਟ ਚੋਰੀ ਦਾ ਰੋਣਾ ਰੋਣਾ ਸ਼ੁਰੂ ਕਰ ਦਿੰਦੀ ਹੈ ਕਾਂਗਰਸ : ਕੇਵਲ ਢਿੱਲੋਂ
ਪਟਿਆਲਾ, 30 ਅਕਤੂਬਰ (ਸ.ਬ.) ਪੰਜਾਬ ਭਾਜਪਾ ਦੇ ਪ੍ਰਧਾਨ ਸz. ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਜਦੋਂ ਵੀ ਕਿਤੇ ਕਾਂਗਰਸ ਹਾਰਦੀ ਹੈ ਤਾਂ ਨਾਲ ਹੀ ਈ ਵੀ ਐਮ ਅਤੇ ਵੋਟ ਚੋਰੀ ਦਾ ਰੋਣਾ ਰੋਣਾ ਸ਼ੁਰੂ ਕਰ ਦਿੰਦੀ ਹੈ। ਪੰਜਾਬ ਭਾਜਪਾ ਵਲੋਂ ਪਟਿਆਲਾ ਵਿਖੇ ‘ਲੋਕਤੰਤਰ ਬਚਾਓ, ਅਰਾਜਕਤਾ ਹਟਾਓ’ ਮਾਰਚ ਦਾ ਆਯੋਜਨ ਕੀਰਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸz. ਢਿੱਲੋਂ ਨੇ ਕਿਹਾ ਕਿ ਕਾਂਗਰਸ ਦੋਹਰੇ ਮਾਪਦੰਡ ਵਰਤ ਰਹੀ ਹੈ। ਜਦੋਂ ਵੀ ਕਾਂਗਰਸ ਕਿਸੇ ਸੂਬੇ ਵਿੱਚ ਜਿੱਤਦੀ ਹੈ, ਤਾਂ ਉਸ ਨੂੰ ਲੋਕਤੰਤਰੀ ਪ੍ਰਕਿਰਿਆ ਜਾਂ ਈ ਵੀ ਐਮਜ਼ ਦੀ ਕਾਰਜਪ੍ਰਣਾਲੀ ਤੇ ਕੋਈ ਇਤਰਾਜ਼ ਨਹੀਂ ਹੁੰਦਾ। ਪਰੰਤੂ, ਜਦੋਂ ਵੀ ਇਹ ਹਾਰਦੀ ਹੈ, ਇਸ ਦੇ ਲੀਡਰ ਈ ਵੀ ਐਮ ਛੇੜਛਾੜ ਅਤੇ ਵੋਟ ਚੋਰੀ ਦੇ ਦੋਸ਼ ਲਗਾਉਣਾ ਸ਼ੁਰੂ ਕਰ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਜਨਤਾ ਦੇ ਫਤਵੇ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਚੋਣ ਵਿੱਚ ਹੋਈ ਹਾਰ ਨੂੰ ਵੋਟ ਚੋਰੀ ਦੱਸਣਾ ਲੋਕਤੰਤਰ ਅਤੇ ਵੋਟਰਾਂ ਦੇ ਫੈਸਲੇ ਦਾ ਅਪਮਾਨ ਕਰਨ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਚੋਣਾਂ ਵਿੰਚ ਹੋਈ ਹਾਰ ਲਈ ਈਵੀਐਮਜ਼ ਨੂੰ ਦੋਸ਼ ਦੇਣਾ ਜਨਤਾ ਦਾ ਵਿਸ਼ਵਾਸ ਜਿੱਤਣ ਦਾ ਤਰੀਕਾ ਨਹੀਂ ਹੈ।
ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜਾਰੀ ਤੇ ਸਵਾਲਪ ਕਰਦਿਆਂ ਸz. ਢਿੱਲੋਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਵੋਟ ਚੋਰੀ ਬਾਰੇ ਬਿਆਨਬਾਜ਼ੀ ਕਰ ਰਹੇ ਸਨ, ਜਦਕਿ ਉਹ ਆਪਣੀ ਹੀ ਪਾਰਟੀ ਦੀ ਸਰਕਾਰ ਅਧੀਨ ਪੰਜਾਬ ਵਿੱਚ ਹੋਈਆਂ ਕਥਿਤ ਚੋਣ ਧਾਂਦਲੀਆਂ ਬਾਰੇ ਪੂਰੀ ਤਰ੍ਹਾਂ ਚੁੱਪ ਰਹੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਖੋਹਣ ਅਤੇ ਪਾੜਨ, ਉਮੀਦਵਾਰਾਂ ਨੂੰ ਧਮਕਾਉਣ ਅਤੇ ਇੱਥੋਂ ਤੱਕ ਕਿ ਸਰੀਰਕ ਹਮਲਿਆਂ ਦੀਆਂ ਵੀ ਕਈ ਘਟਨਾਵਾਂ ਸਾਹਮਣੇ ਆਈਆਂ ਸਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਪਟਿਆਲਾ, ਮੋਗਾ ਅਤੇ ਬਾਘਾ ਪੁਰਾਣਾ ਵਿੱਚ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੇ ਸੁਪਰੀਮ ਕੋਰਟ ਦੇ ਫੈਸਲਿਆਂ ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਜੇ ਕੇਜਰੀਵਾਲ ਦਿੱਲੀ ਵਵਿੱਚ ਵੋਟ ਚੋਰੀ ਦਾ ਮੁੱਦਾ ਚੁੱਕ ਰਹੇ ਸਨ, ਤਾਂ ਉਹ ਪੰਜਾਬ ਵਿੱਚ ਹੋਈਆਂ ਕਥਿਤ ਚੋਣ ਧਾਂਦਲੀਆਂ ਬਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰੱਥ ਕਿਉਂ ਸਨ?
ਇਸ ਮੌਕੇ ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਪੰਜਾਬ ਇੰਚਾਰਜ ਡਾ. ਸਤੀਸ਼ ਪੂਨੀਆ, ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਸਹਿ-ਇੰਚਾਰਜ ਅਲਕਾ ਗੁਰਜਰ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਣੀਤ ਕੌਰ, ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈਇੰਦਰ ਕੌਰ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ, ਜਨਰਲ ਸਕੱਤਰ ਜੀਵਨ ਗਰਗ ਅਤੇ ਜਨਰਲ ਸਕੱਤਰ ਰਾਜੇਸ਼ ਬਾਘਾ ਵੀ ਹਾਜਿਰ ਸਨ।
-
International2 months ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
National2 months agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Editorial1 month agoਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ
-
International2 months ago
ਛੇ ਸਾਲਾਂ ਦੀ ਮੁਅੱਤਲੀ ਤੋਂ ਬਾਅਦ ਗੁਆਂਗਜ਼ੂ-ਦਿੱਲੀ ਉਡਾਣਾਂ ਮੁੜ ਸ਼ੁਰੂ ਹੋਣਗੀਆਂ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
Chandigarh1 month ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
