Connect with us

Mohali

ਗੰਨੇ ਦੀ ਫਸਲ ਵਿਚ ਖਾਦਾਂ ਦੀ ਸੰਤੁਲਤ ਵਰਤੋਂ ਕਰਨ ਦੀ ਲੋੜ : ਕੇਨ ਕਮਿਸ਼ਨਰ

Published

on

ਐਸ ਏ ਐਸ ਨਗਰ, 13 ਮਈ (ਸ.ਬ.) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਫ਼ਸਲਾਂ ਵਿਚ ਸੰਤੁਲਿਤ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਚਲਾਈ ਮੁਹਿੰਮ ਤਹਿਤ ਦਫਤਰ ਗੰਨਾ ਕਮਿਸ਼ਨਰ ਪੰਜਾਬ ਅਤੇ ਸਮੂਹ ਖੰਡ ਮਿੱਲਾਂ ਵਲੋਂ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਪੰਜਾਬ ਭਰ ਦੀਆਂ ਨਿੱਜੀ ਅਤੇ ਸਹਿਕਾਰੀ ਖੰਡ ਮਿੱਲਾਂ ਦੇ ਸਹਿਯੋਗ ਨਾਲ ਇੱਕੋ ਦਿਨ 441 ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕਰਕੇ 4363 ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫ਼ਸਲ ਵਿਚ ਸੰਤੁਲਿਤ ਖਾਦਾਂ ਦੀ ਵਰਤੋਂ ਖਾਸ ਕਰਕੇ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ਾਂ ਅਨੁਸਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਇਸ ਲੜੀ ਤਹਿਤ ਪਿੰਡ ਰੰਗੀਆਂ, ਪੋਪਨਾ ਅਤੇ ਧੜਾਕ ਕਲਾਂ ਵਿਚ ਇਕੱਤਰ ਗੰਨਾ ਕਾਸ਼ਤਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਅਮਰੀਕ ਸਿੰਘ ਨੇ ਕਿਹਾ ਕਿ ਯੂਰੀਆ ਦੀ ਵਧ ਰਹੀ ਖਪਤ ਦੇ ਮੱਦੇਨਜ਼ਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਗੰਨਾ ਕਾਸ਼ਤਕਾਰਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ, ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੰਨੇ ਦੀ ਫ਼ਸਲ ਲੰਮੇ ਸਮੇਂ ਦੀ ਫ਼ਸਲ ਹੋਣ ਕਾਰਨ ,ਆਮ ਫ਼ਸਲਾਂ ਜਿਵੇਂ ਕਣਕ ਝੋਨੇ, ਮੱਕੀ ਆਦਿ ਨਾਲੋਂ, ਗੰਨੇ ਦੀ ਫ਼ਸਲ ਨੂੰ ਜ਼ਿਆਦਾ ਮਾਤਰਾ ਵਿਚ ਖੁਰਾਕੀ ਤੱਤਾਂ ਦੀ ਜ਼ਰੂਰਤ ਪੈਂਦੀ ਹੈ ਅਤੇ ਪੀ ਏ ਯੂ ਲੁਧਿਆਣਾ ਵਲੋਂ ਬੀਜੜ੍ਹ ਗੰਨੇ ਦੀ ਫ਼ਸਲ ਲਈ 135 ਕਿਲੋ ਯੂਰੀਆ ਅਤੇ ਮੂਢੀ ਫ਼ਸਲ ਲਈ 195 ਕਿਲੋ ਯੂਰੀਆ ਪ੍ਰਤੀ ਏਕੜ ਸਿਫਾਰਸ਼ ਕੀਤੀ ਗਈ ਹੈ ਪ੍ਰੰਤੂ ਗੰਨਾ ਕਾਸ਼ਤਕਾਰਾਂ ਵਲੋਂ ਸਿਫਾਰਸ਼ਾਂ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ।

ਉਨ੍ਹਾਂ ਦੱਸਿਆ ਕਿ ਵਿਭਾਗ ਦੇ ਧਿਆਨ ਵਿਚ ਆਇਆ ਹੈ ਕਿ ਗੰਨਾ ਕਾਸ਼ਤਕਾਰਾਂ ਵਲੋਂ ਗੰਨੇ ਦੀ ਫ਼ਸਲ ਲਈ ਸਿਫਾਰਸ਼ਾਂ ਤੋਂ ਵੱਧ ਖਾਦਾਂ (ਖਾਸ ਕਰਕੇ ਯੂਰੀਆ ਖਾਦ) ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ। ਕਈ ਵਾਰ ਤਾਂ ਇਹ ਵੀ ਦੇਖਿਆ ਗਿਆ ਹੈ ਕਿ ਸਤੰਬਰ ਮਹੀਨੇ ਦੌਰਾਨ, ਜਦੋਂ ਪੂਰੇ ਗੰਨੇ ਬਣ ਚੁੱਕੇ ਹੁੰਦੇ ਹਨ ਤਾਂ ਵੀ ਗੰਨਾ ਕਾਸ਼ਤਕਾਰਾਂ ਵਲੋਂ ਯੂਰੀਆ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਪੋਗੇ ਗੰਨੇ ਅਤੇ ਮੁੱਢ ਤੋਂ ਹੋਰ ਫੋਟ ਫੁੱਟਦੀ ਹੈ ਜੋ ਪੀੜ੍ਹਨਯੋਗ ਗੰਨਿਆਂ ਵਿਚ ਤਬਦੀਲ ਨਹੀਂ ਹੁੰਦੇ ਹਨ ਅਤੇ ਪਹਿਲਾਂ ਬਣੇ ਗੰਨਿਆਂ ਦਾ ਭਾਰ ਘਟਾਉਣ ਵਿੱਚ ਸਹਾਈ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਵੱਧ ਯੂਰੀਆ ਖਾਦ ਦੀ ਵਰਤੋਂ ਕਰਨ ਨਾਲ ਗੰਨੇ ਦੀ ਫਸਲ ਵਧੇਰੇ ਡਿੱਗਦੀ ਹੈ, ਕੀੜੇ ਮਕੌੜਿਆਂ ਦਾ ਹਮਲਾ ਵਧੇਰੇ ਹੁੰਦਾ ਹੈ ਅਤੇ ਖੰਡ ਦੀ ਰਿਕਵਰੀ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ, ਇਸ ਲਈ ਵਧੇਰੇ ਪੈਦਾਵਾਰ ਅਤੇ ਖੰਡ ਰਿਕਵਰੀ ਲਈ ਸੰਤੁਲਿਤ ਖਾਦਾ ਦੀ ਵਰਤੋਂ ਕਰਨੀ ਚਾਹੀਦੀ ਹੈ।

ਉਨ੍ਹਾਂ ਦਸਿਆ ਕਿ ਸਿਫਾਰਸ਼ਾਂ ਮੁਤਾਬਕ ਬਹਾਰ ਰੁੱਤ ਦੇ ਗੰਨੇ ਦੀ ਬੀਜੜ ਫ਼ਸਲ ਦੇ ਉੱਗਣ ਉਪਰੰਤ ਪਹਿਲੇ ਪਾਣੀ ਤੋਂ ਪਹਿਲਾ ਪਹਿਲੀ ਕਿਸ਼ਤ 65 ਕਿਲੋ ਯੂਰੀਆ ਫ਼ਸਲ ਦੀਆਂ ਲਾਈਨਾਂ ਦੇ ਨਾਲ ਨਾਲ ਪਾਉਣੀ ਚਾਹੀਦੀ ਹੈ ਅਤੇ ਬਾਕੀ ਦੀ 65 ਕਿਲੋ ਯੂਰੀਆ ਮਈ – ਜੂਨ ਵਿਚ ਪਾ ਦੇਣੀ ਚਾਹੀਦੀ ਹੈ । ਇਸੇ ਤਰਾਂ ਮੂਢੀ ਫ਼ਸਲ ਨੂੰ 195 ਕਿਲੋ ਯੂਰੀਆ ਪ੍ਰਤੀ ਏਕੜ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ, ਪਹਿਲਾ 65 ਕਿਲੋ ਯੂਰੀਆ ਦੀ ਕਿਸ਼ਤ ਗੋਡੀ ਜਾਂ ਵਾਹੀ ਸਮੇਂ , ਦੂਜੀ ਕਿਸ਼ਤ ਅਪ੍ਰੈਲ ਅਤੇ ਤੀਜੀ ਕਿਸ਼ਤ ਮਈ ਵਿਚ ਪਾ ਦੇਣੀ ਚਾਹੀਦੀ ਹੈ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ ਸੁਖਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕਿਸਾਨ ਸਰਕਾਰੀ ਸਕੀਮਾਂ ਦੀ ਸਹੂਲਤ ਲੈਣ ਲਈ ਆਪਣੀ ਐਗਰੀ ਸਟੈਕ ਰਜਿਸਟਰੀ ਕਰਵਾਉਣ ਅਤੇ ਆਪਣੀ ਆਈ ਡੀ ਬਣਾਉਣ ਲਈ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕਰਨ। ਇਸ ਮੌਕੇ ਖ਼ੇਤੀਬਾੜੀ ਵਿਕਾਸ ਅਫ਼ਸਰ, ਮੁਹਾਲੀ ਗੁਰਦਿਆਲ ਕੁਮਾਰ, ਖੇਤੀਬਾੜੀ ਵਿਕਾਸ ਅਫਸਰ (ਗੰਨਾ) ਸਵਰਨਜੀਤ ਸਿੰਘ ਅਤੇ ਲਖਵਿੰਦਰ ਸਿੰਘ ਤੋਂ ਇਲਾਵਾ ਹੋਰ ਅਗਾਂਹਵਧੂ ਕਿਸਾਨ ਹਾਜ਼ਰ ਸਨ।

Continue Reading

Mohali

ਪਿੰਡ ਜਗਤਪੁਰਾ ਵਿਖੇ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਚੈਕਅਪ ਕੈਂਪ ਭਲਕੇ, ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮਿਲਣਗੀਆਂ

Published

on

By

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਪਿੰਡ ਜਗਤਪੁਰਾ ਵਿਖੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ 10 ਅਕਤੂਬਰ ਨੂੰ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ।

ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਹ ਕੈਂਪ ਗੁਰਦੁਆਰਾ ਸਿੰਘ ਸਭਾ, ਪਿੰਡ ਜਗਤਪੁਰਾ, ਮੁਹਾਲੀ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਮਰੀਜਾਂ ਦੀ ਜਾਂਚ ਕਰਣਗੇ ਅਤੇ ਮੁਫ਼ਤ ਦਵਾਈਆਂ ਵੀ ਦੇਣਗੇ।

ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਦੌਰਾਨ ਚਮੜੀ ਰੋਗਾਂ, ਅੱਖਾਂ, ਦੰਦਾਂ, ਹੱਡੀਆਂ ਅਤੇ ਜਨਰਲ ਮੈਡੀਸਨ ਦੇ ਮਾਹਿਰ ਡਾਕਟਰਾਂ ਵੱਲੋਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅੱਖਾਂ ਦੀ ਜਾਂਚ ਅਤੇ ਬਲੱਡ ਸ਼ੂਗਰ ਟੈਸਟ ਦੀ ਸਹੂਲਤ ਵੀ ਉਪਲਬਧ ਹੋਵੇਗੀ।

Continue Reading

Mohali

ਮੁਹਾਲੀ ਪੁਲੀਸ ਵਲੋਂ ਤਿੰਨ ਵਾਹਨ ਚੋਰ ਕਾਬੂ

Published

on

By

ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਮੁਹਾਲੀ ਪੁਲੀਸ ਨੇ 3 ਚੋਰਾਂ ਨੂੰ ਕਾਬੂ ਕਰਕੇ ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਚੋਰਾਂ ਨੂੰ ਐਸ. ਐਸ. ਪੀ ਵਰੁਣ ਸ਼ਰਮਾ ਦੀਆਂ ਹਿਦਾਇਤਾਂ ਦੇ ਚੋਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਬੂ ਕੀਤਾ ਗਿਆਜ ਹੈ।

ਉਹਨਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਪੈਟਰੋਲਿੰਗ ਅਤੇ ਨਾਕਾਬੰਦੀ ਵਧਾਈ ਗਈ ਹੈ। ਜਿਸ ਦੌਰਾਨ ਥਾਣਾ ਫੇਜ਼ 11 ਦੇ ਮੁੱਖ ਅਫਸਰ ਇੰਸਪੈਕਟਰ ਅਮਨ ਅਤੇ ਉਹਨਾਂ ਦੀ ਟੀਮ ਵਲੋਂ ਪੈਟਰੋਲਿੰਗ ਅਤੇ ਨਾਕਾਬੰਦੀ ਦੌਰਾਨ ਫੇਜ਼-11 ਮੁਹਾਲੀ ਵਿੱਚ 3 ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਜੀਤ ਸਿੰਘ ਵਾਸੀ ਪਿੰਡ ਕੰਬਾਲਾ ਨੇੜੇ ਰਵੀਦਾਸ ਧਰਮਸ਼ਾਲਾ ਜਿਲ੍ਹਾ ਐਸ.ਏ.ਐਸ ਨਗਰ, ਹਰਵਿੰਦਰ ਸਿੰਘ ਉਰਫ ਹਨੀ ਫੇਜ਼ 11 ਮੁਹਾਲੀ ਅਤੇ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਗੰਭੀਰਪੁਰ, ਥਾਣਾ ਆਨੰਦਪੁਰ ਸਾਹਿਬ ਜਿਲ੍ਹਾ ਰੋਪੜ ਵਜੋਂ ਹੋਈ ਹੈ।

ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਚੋਰਾਂ ਪਾਸੋਂ ਕੁੱਲ 6 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਇਸ ਸਬੰਧੀ ਥਾਣਾ ਫੇਜ 11 ਮੁਹਾਲੀ ਵਿਖੇ ਬੀ ਐਨ ਐਸ ਦੀ ਧਾਰਾ 303(2),317(2) ਅਧੀਨ ਮਾਮਲਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਵੀ ਪਾਇਆ ਗਿਆ ਹੈ ਕਿ ਗ੍ਰਿਫਤਾਰ ਕੀਤੇ ਤਿੰਨਾਂ ਚੋਰਾਂ ਖਿਲਾਫ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ ਚੋਰੀ ਆਦਿ ਦੇ ਕਈ ਮੁਕੱਦਮੇ ਦਰਜ ਹਨ।

Continue Reading

Mohali

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਟੂਸ਼ਾਮ ਤੇ ਸਾਲਾਸਰ ਲਈ ਬੱਸ ਰਵਾਨਾ

Published

on

By

ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਵਿਖਾਈ ਹਰੀ ਝੰਡੀ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਖਾਟੂਸ਼ਾਮ ਅਤੇ ਸਾਲਾਸਰ ਦੇ ਦਰਸ਼ਨਾਂ ਦੇ ਲਈ ਆਂਸਲ, ਸੈਕਟਰ -114, ਮੁਹਾਲੀ ਤੋਂ ਸੀਨੀਅਰ ਸਿਟੀਜਨ ਸ਼ਰਧਾਲੂਆਂ ਦਾ ਨਾਲ ਭਰੀ ਬਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਸ ਮੌਕੇ ਗੱਲ ਕਰਦਿਆਂ ਸz. ਕੁਲਵੰਤ ਸਿੰਘ ਨੇ ਦੱਸਿਆ ਕਿ ਤੀਰਥ ਯਾਤਰਾ ਤੇ ਜਾ ਰਹੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਇੱਕ ਬਸ ਤੋਂ ਸ਼ੁਰੂ ਹੋਈ ਯਾਤਰਾ ਤਹਿਤ ਹੁਣ ਰੋਜਾਨਾਂ ਕਈ ਬਸਾਂ ਰਵਾਨਾ ਹੁੰਦੀਆਂ ਹਨ। ਉਹਨਾਂ ਕਿਹਾ ਕਿ ਸ਼ਰਧਾਲੂਆਂ ਦੇ ਆਉਣ ਜਾਣ, ਰਹਿਣ-ਸਹਿਣ ਅਤੇ ਖਾਣ- ਪੀਣ ਸਮੇਤ ਸਾਰੇ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਜਾਂਦੇ ਹਨ।

ਉਹਨਾਂ ਕਿਹਾ ਕਿ ਪਹਿਲਾਂ ਇਸ ਯੋਜਨਾ ਦੇ ਤਹਿਤ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸ੍ਰੀ ਦਰਬਾਰ ਸਾਹਿਬ, ਸ਼੍ਰੀ ਦੁਰਗਿਆਨਾ ਮੰਦਿਰ, ਰਾਮ ਤੀਰਥ ਵਾਲਮੀਕੀ ਮੰਦਿਰ, ਵਾਹਗਾ ਬਾਰਡਰ ਅਤੇ ਜਲਿਆਂ ਵਾਲੇ ਬਾਗ ਦੇ ਦਰਸ਼ਨਾਂ ਲਈ ਬੱਸਾਂ ਰਵਾਨਾ ਹੋ ਰਹੀਆਂ ਸਨ ਅਤੇ ਹੁਣ ਨਾਲ ਹੀ ਖਾਟੂਸ਼ਾਮ, ਸਾਲਾਸਰ, ਵਰਿੰਦਾਵਨ, ਹਰਿਦੁਆਰ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਲਈ ਵੀ ਬਸ ਰਵਾਨਾ ਹੋ ਰਹੀਆਂ ਹਨ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਖੁਸ਼ਵੀਰ ਕੌਰ, ਸੁਖਵਿੰਦਰ ਕੌਰ ਭੁੱਲਰ, ਤਰਲੋਚਨ ਸਿੰਘ ਤੋਚੀ ਬਲਾਕ ਪ੍ਰਧਾਨ , ਦਲਜੀਤ ਸਿੰਘ ਪ੍ਰਧਾਨ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ, ਭੁਪਿੰਦਰ ਸਿੰਘ ਸੈਣੀ ਸਾਬਕਾ ਪ੍ਰਧਾਨ , ਪਾਲ ਸਿੰਘ ਰੱਤੂ ਸਾਬਕਾ ਮੀਤ ਪ੍ਰਧਾਨ , ਖੁਸ਼ਵੀਰ ਕੌਰ ਵਾਈਸ ਪ੍ਰਧਾਨ ਅਮਰਜੀਤ ਸਿੰਘ ਸਿੱਧੂ, ਬਲਜੀਤ ਸਿੰਘ ਹੈਪੀ, ਪ੍ਰਗਟ ਸਿੰਘ ਰਾਏਪੁਰ ਕਲਾਂ, ਗਗਨ ਮੁਹਾਲੀ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਰਹੇ।

Continue Reading

Latest News

Trending