Punjab
ਜ਼ਮੀਨੀ ਵਿਵਾਦ ਕਾਰਨ ਵੱਡੇ ਭਰਾ ਵੱਲੋਂ ਛੋਟੇ ਭਰਾ ਅਤੇ ਭਰਜਾਈ ਦਾ ਗੋਲੀਆਂ ਮਾਰ ਕੇ ਕਤਲ
ਗੁਰਦਾਸਪੁਰ, 13 ਮਈ (ਸ.ਬ.) ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂੰਵਾਨ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਨੈਨੇਕੋਟ ਪਿੰਡ ਵਿੱਚ ਬੀਤੀ ਦੇਰ ਰਾਤ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਅਤੇ ਭਰਜਾਈ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਦੋਂ ਪੁਲੀਸ ਨੂੰ ਇਸ ਵਾਰਦਾਤ ਦੀ ਸੂਚਨਾ ਮਿਲੀ ਤਾਂ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤੇ ਮੁਲਜ਼ਮ ਨੂੰ ਉਸਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ, ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਭੈਣੀ ਮੀਆਂ ਖਾਨ ਥਾਣੇ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੂਰਾ ਮਾਮਲਾ ਜ਼ਮੀਨੀ ਵਿਵਾਦ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਅਜਾਇਬ ਸਿੰਘ (52) ਅਤੇ ਉਸਦੀ ਪਤਨੀ ਕਮਲ ਕੌਰ (50) ਵਜੋਂ ਹੋਈ ਹੈ, ਜੋ ਕਿ ਨੈਨੇਕੋਟ ਦੇ ਰਹਿਣ ਵਾਲੇ ਹਨ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਅਨੁਸਾਰ, ਅਜਾਇਬ ਸਿੰਘ ਦੇ ਵੱਡੇ ਭਰਾ ਅਮਰਜੀਤ ਸਿੰਘ ਉਰਫ਼ ਅੰਬਾ ਨੇ ਆਪਣੇ ਰਿਵਾਲਵਰ ਨਾਲ ਹੀ ਇਸ ਦੋਹਰੇ ਕਤਲ ਨੂੰ ਅੰਜਾਮ ਦਿੱਤਾ ਹੈ।
ਮ੍ਰਿਤਕ ਦੇ ਰਿਸ਼ਤੇਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਤਿੰਨਾਂ ਭਰਾਵਾਂ ਵਿਚਕਾਰ ਜਾਇਦਾਦ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਹ ਪਰਿਵਾਰ ਟਾਟਾ ਨਗਰ (ਝਾਰਖੰਡ) ਤੋਂ ਆਪਣੇ ਜੱਦੀ ਪਿੰਡ ਨੈਨੇਕੋਟ ਆ ਗਏ ਸਨ ਅਤੇ ਵੱਖ-ਵੱਖ ਮੁਹੱਲਿਆਂ ਵਿੱਚ ਰਹਿ ਰਹੇ ਸਨ। ਪਿਛਲੇ ਸਾਲ ਦੌਰਾਨ, ਪਿੰਡ ਦੀ ਨੌਂ ਏਕੜ ਜ਼ਮੀਨ ਦੀ ਵੰਡ ਬਾਰੇ ਸਮਝੌਤਾ ਕਰਨ ਲਈ ਕਈ ਪੰਚਾਇਤਾਂ ਬੁਲਾਈਆਂ ਗਈਆਂ ਸਨ, ਪਰ ਇੱਕ ਧਿਰ ਦੇ ਇਨਕਾਰ ਕਾਰਨ ਸਮਝੌਤਾ ਅਸਫਲ ਰਿਹਾ ਸੀ। ਝਗੜੇ ਕਾਰਨ, ਅਮਰਜੀਤ ਸਿੰਘ ਨੇ ਬੀਤੀ ਦੇਰ ਸ਼ਾਮ ਦੋਵਾਂ ਦਾ ਪਿੱਛਾ ਕਰਕੇ ਕਤਲ ਕਰ ਦਿੱਤਾ। ਉਸਨੇ ਪਹਿਲਾਂ ਆਪਣੇ ਭਰਾ ਅਜਾਇਬ ਸਿੰਘ ਦਾ ਪਿੱਛਾ ਕੀਤਾ ਅਤੇ ਪਿੰਡ ਦੇ ਬਾਹਰ ਇੱਕ ਪੋਲਟਰੀ ਫਾਰਮ ਨੂੰ ਜਾਂਦੇ ਸਮੇਂ ਰਸਤੇ ਵਿੱਚ ਗੋਲੀ ਮਾਰ ਦਿੱਤੀ। ਅਜਾਇਬ ਸਿੰਘ ਉਸ ਸਮੇਂ ਸੈਰ ਕਰ ਰਿਹਾ ਸੀ। ਇਸ ਦੌਰਾਨ, ਮੁਲਜ਼ਮ ਨੇ ਉਸ ਦੇ ਘਰ ਵਿੱਚ ਦਾਖਲ ਹੋਇਆ ਅਤੇ ਉਸਦੀ ਭਰਜਾਈ ਕਮਲ ਕੌਰ ਨੂੰ ਗੋਲੀ ਮਾਰ ਦਿੱਤੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਅਜਾਇਬ ਸਿੰਘ ਦੇ ਦੋ ਪੁੱਤਰ ਸਨ, ਦੋਵੇਂ ਘਰ ਨਹੀਂ ਸਨ। ਜੋੜੇ ਦੇ ਪੁੱਤਰਾਂ ਵਿੱਚੋਂ ਇੱਕ ਆਸਟ੍ਰੇਲੀਆ ਵਿੱਚ ਰਹਿੰਦਾ ਹੈ ਅਤੇ ਦੂਜਾ ਬਿਹਾਰ ਵਿੱਚ ਕੰਮ ਕਰਦਾ ਹੈ। ਉਨ੍ਹਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।
ਘਟਨਾ ਦੀ ਜਾਣਕਾਰੀ ਮਿਲਣ ਤੇ ਭੈਣੀ ਮੀਆਂ ਖਾਨ ਪੁਲੀਸ ਸਟੇਸ਼ਨ ਦੇ ਮੁੱਖ ਅਧਿਕਾਰੀ ਗੁਰਨਾਮ ਸਿੰਘ ਅਤੇ ਡੀਐਸਪੀ ਕੁਲਵੰਤ ਸਿੰਘ ਮਾਨ ਪੁਲੀਸ ਫੋਰਸ ਨਾਲ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਡੀਐਸਪੀ ਕੁਲਵੰਤ ਸਿੰਘ ਮਾਨ ਨੇ ਪੁਸ਼ਟੀ ਕੀਤੀ ਕਿ ਇਹ ਦੋਹਰਾ ਕਤਲ ਜ਼ਮੀਨੀ ਵਿਵਾਦ ਦਾ ਨਤੀਜਾ ਸੀ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਅਮਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਮ੍ਰਿਤਕਾਂ ਦੇ ਪਰਿਵਾਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਅਤੇ ਉਸ ਜਾਣਕਾਰੀ ਦੇ ਆਧਾਰ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
Chandigarh
ਈ ਡੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਅਮਰਦੀਪ ਸਿੰਘ ਗਰੇਵਾਲ ਨੂੰ ਹਿਰਾਸਤ ਵਿੱਚ ਲਿਆ
ਪੰਜ ਕਰੋੜ ਰੁਪਏ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਹੋਈ ਕਾਰਵਾਈ
ਚੰਡੀਗੜ੍ਹ, 17 ਅਕਤੂਬਰ (ਸ.ਬ.) ਪੰਜਾਬ ਵਿੱਚ ਤਬਾਦਲਿਆਂ ਨਾਲ ਸਬੰਧਤ 5 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਮਰਦੀਪ ਸਿੰਘ ਗਰੇਵਾਲ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਮਰਦੀਪ ਗਰੇਵਾਲ ਨੂੰ ਕੈਨੇਡਾ ਤੋਂ ਭਾਰਤ ਪਰਤਣ ਮਗਰੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਰੀਬੀ ਦੱਸਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਮਰਦੀਪ ਸਿੰਘ ਗਰੇਵਾਲ ਪੰਜਾਬੀ ਫ਼ਿਲਮ ਜਗਤ ਦੀ ਇੱਕ ਜਾਣੀ-ਪਛਾਣੀ ਹਸਤੀ ਹੈ ਅਤੇ ਉਹ ‘ਮੈਸਰਜ਼ ਈਸਟ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ’ ਨਾਲ ਜੁੜਿਆ ਹੋਇਆ ਹੈ। ਅਮਰਦੀਪ ਸਿੰਘ ਗਰੇਵਾਲ ਦੇ ਵਿਦੇਸ਼ਾਂ ਵਿੱਚ ਫ਼ਿਲਮ ਨਿਰਮਾਣ ਅਤੇ ਰਿਲੀਜ਼ ਨਾਲ ਸਬੰਧਿਤ ਕਾਰੋਬਾਰੀ ਸੰਪਰਕ ਹਨ ਅਤੇ ਉਹ ਕਈ ਪੰਜਾਬੀ ਫ਼ਿਲਮਾਂ ਨਾਲ ਜੁੜੇ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਮਾਮਲੇ ਵਿੱਚ ਗਰੇਵਾਲ ਨੂੰ ਤਲਬ ਕੀਤਾ ਗਿਆ ਹੈ, ਉਸ ਵਿੱਚ ਮੁੱਖ ਮੰਤਰੀ ਦੀ ਪਤਨੀ ਦਾ ਨਾਂ ਵੀ ਸਾਹਮਣੇ ਆਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਈ ਡੀ ਨੇ ਗਰੇਵਾਲ ਨੂੰ ਮਾਮਲੇ ਵਿੱਚ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਨੂੰ ਜਾਂਚ ਏਜੰਸੀ ਦੇ ਦਫ਼ਤਰ ਲਿਜਾਇਆ ਗਿਆ ਹੈ। ਈ ਡੀ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਅਮਰਦੀਪ ਸਿੰਘ ਗਰੇਵਾਲ ਦੇ ਖਿਲਾਫ ਪਹਿਲਾਂ ਹੀ ਲੁੱਕ-ਆਊਟ ਸਰਕੂਲਰ ਜਾਰੀ ਕੀਤਾ ਹੋਇਆ ਸੀ ਜਿਸ ਕਾਰਨ ਭਾਰਤ ਪਰਤਣ ਸਮੇਂ ਉਨ੍ਹਾਂ ਨੂੰ ਰੋਕਿਆ ਗਿਆ।
ਇਹ ਮਾਮਲਾ ਪੰਜਾਬ ਵਿੱਚ ਤਬਾਦਲਿਆਂ ਨਾਲ ਜੁੜੀ ਕਥਿਤ 5 ਕਰੋੜ ਰੁਪਏ ਦੀ ਰਿਸ਼ਵਤ ਦੇ ਦੋਸ਼ਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਈਡੀ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਗਰੇਵਾਲ ਨੂੰ ਪਹਿਲਾਂ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਨ ਭੇਜੇ ਜਾਣ ਦੀ ਗੱਲ ਸਾਹਮਣੇ ਆਈ ਸੀ।
Mohali
ਆਮ ਆਦਮੀ ਪਾਰਟੀ ਨੇ ਵਿਨੀਤ ਵਰਮਾ ਨੂੰ ਬਣਾਇਆ ਪੰਜਾਬ ਦਾ ਮੀਤ ਪ੍ਰਧਾਨ
ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਆਮ ਆਦਮੀ ਪਾਰਟੀ ਵਲੋਂ ਪਾਰਟੀ ਦੇ ਸੀਨੀਅਰ ਨੇਤਾ ਅਤੇ ਟ੍ਰੇਡਰਜ਼ ਕਮਿਸ਼ਨ ਦੇ ਸਾਬਕਾ ਮੈਂਬਰ ਸ੍ਰੀ ਵਿਨੀਤ ਵਰਮਾ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਮੀਤ ਪ੍ਰਧਾਨ (ਬੀ ਸੀ ਵਿੰਗ) ਨਿਯੁਕਤ ਕੀਤਾ ਹੈ। ਸ੍ਰੀ ਵਿਨੀਤ ਵਰਮਾ ਇਸਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਬੁਲਾਰੇ, ਵਪਾਰ ਮੰਡਲ ਵਿੰਗ ਦੇ ਸੂਬਾ ਪ੍ਰਧਾਨ ਅਤੇ ਪਾਰਟੀ ਦੇ ਟਰੇਡ ਵਿੰਗ ਦੇ ਸੂਬਾ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਉਹ ਮੁਹਾਲੀ ਵਪਾਰ ਮੰਡਲ ਦੇ ਵੀ ਪ੍ਰਧਾਨ ਹਨ ਅਤੇ ਮੁਹਾਲੀ ਵਿਧਾਨਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਟਿਕਟ ਦੇ ਦਾਅਵੇਦਾਰ ਹਨ।
ਸ੍ਰੀ ਵਿਨੀਤ ਵਰਮਾ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਵਲੋਂ ਸਮੇਂ ਸਮੇਂ ਤੇ ਉਹਨਾਂ ਨੂੰ ਜਿਹੜੀ ਵੀ ਜਿੰਮੇਵਾਰੀ ਸੌਂਪੀ ਗਈ ਹੈ, ਉਸਨੂੰ ਉਹਨਾਂ ਨੇ ਪੂਰੀ ਜਿੰਮੇਵਾਰੀ ਨਾਲ ਨਿਭਾਇਆ ਹੈ ਅਤੇ ਹੁਣ ਵੀ ਪਾਰਟੀ ਵਲੋਂ ਉਹਨਾਂ ਨੂੰ ਪਾਰਟੀ ਦੀ ਸੂਬਾ ਇਕਾਈ ਦੇ ਮੀਤ ਪ੍ਰਧਾਨ (ਬੀ ਸੀ ਵਿੰਗ) ਦੀ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਂਦਿਆਂ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਾ ਜਾਰੀ ਰੱਖਣਗੇ।
Mohali
ਬਿਜਲੀ ਵਿਭਾਗ ਨੇ ਖਪਤਕਾਰ ਨੂੰ ਸਿਫਰ ਰੀਡਿੰਗ ਵਾਲੇ ਮੀਟਰ ਦਾ ਭੇਜਿਆ 5 ਲੱਖ 92 ਹਜਾਰ ਦਾ ਬਿਲ
ਖਪਤਕਾਰ ਵਲੋਂ 9 ਸਾਲਾਂ ਤੋਂ ਕੀਤੀ ਜਾ ਰਹੀ ਹੈ ਬਿਜਲੀ ਦਾ ਮੀਟਰ ਪੁੱਟਣ ਦੀ ਮੰਗ
ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਪਿੰਡ ਸੋਹਾਣਾ ਦੇ ਇੱਕ ਖਪਤਕਾਰ ਸੁੰਦਰ ਲਾਲ ਅਗਰਵਾਲ ਨੂੰ 2017 ਵਿੱਚ ਉਸਦੇ ਘਰ ਵਿੱਚ ਲਗਾਏ ਗਏ ਬਿਜਲੀ ਦੇ ਮੀਟਰ ਦੀ ਸਿਫਰ ਰੀਡਿੰਗ ਹੋਣ ਦੇ ਬਾਵਜੂਦ ਉਸਨੂੰ 5 ਲੱਖ 92 ਹਜਾਰ ਰੁਪਏ ਦਾ ਬਿਜਲੀ ਦਾ ਬਿਲ ਭੇਜਿਆ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁੰਦਰ ਲਾਲ ਅਗਰਵਾਲ ਨੇ ਦੱਸਿਆ ਕਿ ਪਿੰਡ ਸੋਹਾਣਾ ਵਿੱਚ ਉਹਨਾਂ ਦੀ ਪੁਰਾਣੀ ਹਵੇਲੀ ਵਿੱਚ ਬਿਜਲੀ ਦਾ ਜੱਦੀ ਕਨੈਕਸ਼ਨ ਨੰਬਰ 30001799204 ਚਲਦਾ ਸੀ। ਉਹਨਾਂ ਦੱਸਿਆ ਕਿ ਬਾਅਦ ਵਿੱਚ ਪਰਿਵਾਰ ਵਲੋਂ ਹਵੇਲੀ ਢਾਅ ਦਿੱਤੀ ਗਈ ਅਤੇ ਬਿਜਲੀ ਬਿਲ ਦਾ ਕੁੱਝ ਬਕਾਇਆ ਰਹਿਣ ਕਾਰਨ ਬਿਜਲੀ ਵਿਭਾਗ ਨਾਲ ਵਿਵਾਦ ਹੋ ਗਿਆ ਸੀ ਜਿਸਤੇ ਉਹਨਾਂ ਨੇ ਉਹ ਕਨੈਕਸ਼ਨ ਕਟਵਾ ਦਿੱਤਾ ਸੀ।
ਉਹਨਾਂ ਦੱਸਿਆ ਕਿ ਸਾਲ 2016 ਵਿੱਚ ਉਹਨਾਂ ਨੇ ਉੱਥੇ ਬਿਜਲੀ ਦੇ ਦੋ ਨਵੇਂ ਕਨੈਕਸ਼ਨ ਲਗਵਾਏ ਸੀ ਜਿਹਨਾਂ ਦੇ ਨੰਬਰ 3004542282 ਅਤੇ 3004740110 ਸਨ। ਉਹਨਾਂ ਦੱਸਿਆ ਕਿ ਇਸ ਦੌਰਾਨ ਬਿਜਲੀ ਵਿਭਾਗ ਨੇ ਜੱਦੀ ਕਨੈਕਸ਼ਨ ਦਾ ਬਕਾਇਆ ਉਹਨਾਂ ਦੇ ਨਵੇਂ ਕਨੈਕਸ਼ਨ (ਖਾਤਾ ਨੰਬਰ 3004542282) ਵਿੱਚ ਪਾ ਦਿੱਤਾ, ਜਿਸਦੇ ਖਿਲਾਫ ਉਹਨਾਂ ਵਲੋਂ ਪਟਿਆਲਾ ਵਿਖੇ ਅਪੀਲ ਦਾਇਰ ਕੀਤੀ ਗਈ ਅਤੇ ਉਸਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਹੋ ਗਿਆ।
ਉਹਨਾਂ ਕਿਹਾ ਕਿ ਬਾਅਦ ਵਿੱਚ ਵਿਭਾਗ ਵਲੋਂ ਲੋਕਪਾਲ ਵਿੱਚ ਪਾਈ ਅਪੀਲ ਦਾ ਫੈਸਲਾ ਉਹਨਾਂ ਦੇ ਖਿਲਾਫ ਹੋ ਗਿਆ ਅਤੇ ਉਹਨਾਂ ਵਲੋਂ 44 ਹਜਾਰ ਰੁਪਏ ਦੀ ਰਕਮ ਵਿਭਾਗ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ।
ਉਹਨਾਂ ਕਿਹਾ ਕਿ ਇਸ ਉਪਰੰਤ ਵਿਭਾਗ ਵਲੋਂ ਉਹਨਾਂ ਵੱਲ 36 ਹਾਜਾਰ ਦਾ ਹੋਰ ਬਕਾਇਆ ਕੱਢ ਦਿੱਤਾ ਗਿਆ। ਉਸਤੋਂ ਬਾਅਦ ਉਹਨਾਂ ਵਲੋਂ ਵਿਭਾਗ ਨੂੰ ਅਰਜੀ ਦਿੱਤੀ ਗਈ ਕਿ ਉਹ ਇਹ ਅਦਾਇਗੀ ਕਰਨ ਲਈ ਤਿਆਰ ਹਨ ਇਸ ਬਿਜਲੀ ਦੇ ਮੀਟਰ ਨੂੰ ਲਾਹ ਲਿਆ ਜਾਵੇ ਪਰੰਤੂ ਵਿਭਾਗ ਵਲੇ ਇਸਦੀ ਥਾਂ ਦੂਜਾ ਮੀਟਰ ਲਾਹ ਕੇ ਲੈ ਗਏ। ਦੁਬਾਰਾ ਸ਼ਿਕਾਇਤ ਕਰਨ ਤੇ ਇਸ ਮੀਟਰ ਤੋਂ ਅੱਗੇ ਘਰ ਤਕ ਸਪਲਾਈ ਹੋਣ ਵਾਲੀਆਂ ਤਾਰਾਂ ਕੱਢ ਦਿੱਤੀਆਂ ਗਈਆਂ ਅਤੇ ਇਸ ਮੀਟਰ ਤੋਂ ਸਪਲਾਈ ਵੀ ਬੰਦ ਹੋ ਗਈ।
ਉਹਨਾਂ ਕਿਹਾ ਕਿ ਹੁਣ ਬਿਜਲੀ ਵਿਭਾਗ ਵਲੋਂ ਉਹਨਾਂ ਨੂੰ ਇਸ ਮੀਟਰ ਦਾ 5 ਲੱਖ 92 ਹਜਾਰ ਰੁਪਏ ਦਾ ਬਿਲ ਭੇਜ ਦਿੱਤਾ ਗਿਆ ਹੈ ਜੋ ਸਰਾਸਰ ਗਲਤ ਹੈ।
ਉਹਨਾਂ ਕਿਹਾ ਕਿ ਉਸ ਤੋਂ ਬਾਅਦ ਤੋਂ ਉਹ ਕਈ ਵਾਰ ਵਿਭਾਗ ਵਿੱਚ ਸ਼ਿਕਾਇਤ ਦੇ ਚੁੱਕੇ ਹਨ ਕਿ ਜਦੋਂ ਇਸ ਮੀਟਰ ਵਿੱਚ ਸਪਲਾਈ ਹੀ ਨਹੀਂ ਆਉਣੀ ਤਾਂ ਇਸਨੂੰ ਇੱਥੋਂ ਹਟਾਇਆ ਜਾਵੇ ਪਰੰਤੂ ਬਿਜਲੀ ਵਿਭਾਗ ਇਸ ਮੀਟਰ ਨੂੰ ਪੁੱਟਣ ਤੋਂ ਵੀ ਇਨਕਾਰੀ ਹੈ ਅਤੇ ਹੁਣ ਉਹਨਾਂ ਨੂੰ ਲਗਭਗ 6 ਲੱਖ ਦਾ ਬਿਲ ਭੇਜਿਆ ਗਿਆ ਹੈ।
ਉਹਨਾਂ ਕਿਹਾ ਕਿ ਜਦੋਂ ਪਿਛਲੇ 9 ਸਾਲਾਂ ਤੋਂ ਬਿਜਲੀ ਦੀ ਸਪਲਾਈ ਹੀ ਨਹੀਂ ਮਿਲ ਰਹੀ ਫਿਰ ਬਿਜਲੀ ਵਿਭਾਗ ਉਹਨਾਂ ਤੋਂ ਬਿਜਲੀ ਬਿਲ ਦੀ ਇੰਨੀ ਵੱਡੀ ਰਕਮ ਕਿਵੇਂ ਮੰਗ ਸਕਦਾ ਹੈ। ਉਹਨਾਂ ਕਿਹਾ ਕਿ ਉਹ ਅੱਜ ਵੀ ਆਪਣਾ 36 ਹਜਾਰ ਰੁਪਏ ਦਾ ਬਕਾਇਆ ਜਮਾਂ ਕਰਨ ਲਈ ਤਿਆਰ ਹਨ ਪਰੰਤੂ ਬਿਜਲੀ ਵਿਭਾਗ ਹੈ ਕਿ ਉਹਨਾਂ ਨਾਲ ਜਿਆਦਤੀ ਕਰ ਰਿਹਾ ਹੈ।
ਉਹਨਾਂ ਪੰਜਾਬ ਦੇ ਬਿਜਲੀ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਇਸ ਮਾਮਲੇ ਦਾ ਹਲ ਕੱਢ ਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।
ਇਸ ਸਬੰਧੀ ਸੰਪਰਕ ਕਰਨ ਤੇ ਐਡੀਸ਼ਨਲ ਐਸ ਈ ਸ੍ਰੀ ਅਮਨਦੀਪ ਸਿੰਘ ਨੇ ਕਿਹਾ ਕਿ ਇਸ ਖਪਤਕਾਰ ਦਾ ਪੁਰਾਣਾ ਬਕਾਇਆ ਰੁਕਿਆ ਹੋਇਆ ਹੈ ਜਿਸ ਸਬੰਧੀ ਖਪਤਕਾਰ ਨੇ ਅਦਾਲਤ ਵਿੱਚ ਕੇਸ ਵੀ ਪਾਇਆ ਸੀ ਅਤੇ ਉਸ ਦੀ ਆੜ ਹੇਠ ਇਸ ਖਪਤਕਾਰ ਵੱਲੋਂ ਬਿਜਲੀ ਦੇ ਅਗਲੇ ਬਿਲ ਵੀ ਜਮ੍ਹਾ ਨਹੀਂ ਕਰਵਾਏ ਗਏ ਜਿਸ ਕਾਰਨ ਉਸ ਦੇ ਪੁਰਾਣੇ ਬਕਾਏ ਅਤੇ ਵਿਆਜ ਦਾ ਬਿਲ ਹੀ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਖਪਤਕਾਰ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਉਹਨਾਂ ਨੂੰ ਨਿੱਜੀ ਤੌਰ ਤੇ ਮਿਲ ਸਕਦਾ ਹੈ।
-
International1 month ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International4 weeks ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
International4 weeks ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
National1 month agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Punjab1 month agoਪੰਜਾਬ ਪੁਲੀਸ ਵਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀ ਕਾਬੂ
-
International2 months ago
ਮੇਲਾ ਪੰਜਾਬਣਾਂ ਦਾ 6 ਸਤੰਬਰ ਨੂੰ
-
National1 month agoਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਈ, 3 ਵਿਅਕਤੀਆਂ ਦੀ ਮੌਤ
-
International1 month ago
ਇਰਾਨ ਵੱਲੋਂ ਜਾਰਡਨ ਵਿੱਚ ਅਮਰੀਕੀ ਏਅਰਬੇਸ ਤੇ ਮਿਜ਼ਾਈਲ ਹਮਲਾ, ਕਈ ਲੜਾਕੂ ਜਹਾਜ਼ ਨੁਕਸਾਨੇ
