Editorial
ਖੇਡ ਭਲਾਈ ਬੋਰਡ ਦੇ ਗਠਨ ਨਾਲ ਖੇਡਾਂ ਨੂੰ ਮਿਲੇਗਾ ਹੁਲਾਰਾ
ਪੰਜਾਬ ਸਰਕਾਰ ਵੱਲੋਂ ਖੇਡ ਭਲਾਈ ਬੋਰਡ ਦਾ ਗਠਨ ਕਰਕੇ ਕੁਸ਼ਤੀ ਖਿਡਾਰੀ ਜਸਕੰਵਰ ਸਿੰਘ ਜੱਸਾ ਪੱਟੀ ਨੂੰ ਇਸ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸਦੇ ਨਾਲ ਹੀ ਇਸ ਬੋਰਡ ਦੇ 9 ਹੋਰ ਮੈਂਬਰ ਨਿਯੁਕਤ ਕੀਤੇ ਗਏ ਹਨ। ਪੰਜਾਬ ਦੀ ‘ਆਪ’ ਸਰਕਾਰ ਦਾ ਦਾਅਵਾ ਹੈ ਕਿ ਇਸ ਬੋਰਡ ਦੇ ਗਠਨ ਨਾਲ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਖੇਡਾਂ ਦੇ ਮਾਮਲੇ ਵਿੱਚ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾਵੇਗਾ।
ਇੱਥੇ ਜਿਕਰ ਕਰਨਾ ਬਣਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸz. ਭਗਵੰਤ ਸਿੰਘ ਮਾਨ ਕਈ ਵਾਰ ਕਹਿ ਚੁੱਕੇ ਹਨ ਕਿ ਉਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ ਖੇਡ ਸੰਸਥਾਵਾਂ ਤੇ ਖਿਡਾਰੀਆਂ ਦੀ ਥਾਂ ਸਿਆਸੀ ਆਗੂਆਂ ਦਾ ਕਬਜ਼ਾ ਸੀ, ਜਿਸ ਕਾਰਨ ਖੇਡ ਖੇਤਰ ਵਿੱਚ ਪੰਜਾਬ ਪਿੱਛੇ ਰਹਿ ਗਿਆ ਸੀ। ਉਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਖੇਡ ਸੰਸਥਾਵਾਂ ਸਿਆਸੀ ਆਗੂਆਂ ਤੋਂ ਮੁਕਤ ਕਰਵਾਈਆਂ ਗਈਆਂ ਅਤੇ ਉਹਨਾਂ ਦੀ ਵਾਗਡੋਰ ਖਿਡਾਰੀਆਂ ਅਤੇ ਖੇਡਾਂ ਨਾਲ ਮਾਹਿਰ ਵਿਅਕਤੀਆਂ ਨੂੰ ਸੌਂਪੀ ਗਈ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
ਪੰਜਾਬ ਵਿੱਚ ਹੁਣ ਖੇਡ ਭਲਾਈ ਬੋਰਡ ਦਾ ਗਠਨ ਹੋਣ ਨਾਲ ਖੇਡਾਂ ਦੇ ਖੇਤਰ ਵਿੱਚ ਸੁਧਾਰ ਹੋਣ ਦੀ ਆਸ ਬਣੀ ਹੈ। ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ਜੇ ਸਰਕਾਰ ਨਿਰਪੱਖ ਤਰੀਕੇ ਨਾਲ ਇਸੇ ਤਰ੍ਹਾਂ ਪੰਜਾਬ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੀ ਰਹੀ ਤਾਂ ਪੰਜਾਬ ਖੇਡ ਖੇਤਰ ਵਿੱਚ ਭਾਰਤ ਦਾ ਨੰਬਰ ਵੰਨ ਸੂਬਾ ਬਣ ਸਕਦਾ ਹੈ।
ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਖੇਡਾਂ ਪੰਜਾਬੀਆਂ ਦੇ ਖੁੂਨ ਵਿੱਚ ਰਚੀਆਂ ਹੋਈਆਂ ਹਨ। ਪੰਜਾਬ ਦੇ ਕਈ ਪਿੰਡ ਤਾਂ ਅਜਿਹੇ ਹਨ ਜਿੱਥੇ ਬੱਚਿਆਂ ਨੂੰ ਗੁੜਤੀ ਹੀ ਖੇਡਾਂ ਦੀ ਦਿੱਤੀ ਜਾਂਦੀ ਹੈ। ਪੰਜਾਬ ਨੇ ਪਿਛਲੇ ਸਮੇਂ ਦੌਰਾਨ ਵੱਡੀ ਗਿਣਤੀ ਅੰਤਰਰਾਸ਼ਟਰੀ ਖਿਡਾਰੀ ਅਤੇ ਉਲੰਪੀਅਨ ਦਿੱਤੇ ਹਨ। ਪੰਜਾਬ ਨੂੰ ਭਾਂਵੇਂ ਨਸ਼ੇ ਕਾਰਨ ਬਦਨਾਮ ਕੀਤਾ ਜਾਂਦਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਖੇਡ ਜਗਤ ਵਿੱਚ ਪੰਜਾਬ ਦੇ ਖਿਡਾਰੀਆਂ ਦੀ ਕਾਰਗੁਜਾਰੀ ਸ਼ਲਾਘਾਯੋਗ ਰਹੀ ਹੈ। ਪੰਜਾਬ ਦੇ ਖਿਡਾਰੀ ਇਸ ਸਮੇਂ ਵੱਖ ਵੱਖ ਖੇਡਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ ਪਰ ਦੁੱਖ ਦੀ ਗੱਲ ਹੈ ਕਿ ਰਾਸ਼ਟਰੀ ਮੀਡੀਆ ਵੱਲੋਂ ਪੰਜਾਬ ਦੇ ਖਿਡਾਰੀਆਂ ਨੂੰ ਓਨਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ, ਜਿਨਾਂ ਉਹ ਹੋਰ ਸੂਬਿਆਂ ਦੇ ਖਿਡਾਰੀਆਂ ਨੂੰ ਦਿੰਦੇ ਹਨ ਪਰ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀਆਂ ਖਿਡਾਰੀਆਂ ਨੂੰ ਮੀਡੀਆ ਵੱਲੋਂ ਪੂਰਾ ਮਾਣ ਸਤਿਕਾਰ ਮਿਲਦਾ ਹੈ ਅਤੇ ਪੰਜਾਬ ਦੇ ਖਿਡਾਰੀਆਂ ਦੀਆਂ ਖੇਡ ਪ੍ਰਾਪਤੀਆਂ ਮੁੱਖ ਰੂਪ ਵਿੱਚ ਅਖ਼ਬਾਰਾਂ ਵਿੱਚ ਛਾਪੀਆਂ ਜਾਂਦੀਆਂ ਹਨ।
ਪੰਜਾਬ ਦੇ ਖੇਡਾਂ ਦੇ ਖੇਤਰ ਵਿੱਚ ਦੇਸ਼ ਦੀ ਲੰਬਾ ਸਮਾਂ ਅਗਵਾਈ ਕੀਤੀ ਹੈ ਪਰ ਪਿਛਲੇ ਕੁਝ ਦਹਾਕਿਆਂ ਵਿੱਚ ਪੰਜਾਬ ਖੇਡ ਖੇਤਰ ਵਿੱਚ ਪਿਛੜ ਗਿਆ ਸੀ। ਇਸ ਦਾ ਇੱਕ ਕਾਰਨ ਪੰਜਾਬ ਦਾ ਮਾਹੌਲ ਠੀਕ ਨਾ ਹੋਣਾ ਸੀ। ਉਸ ਸਮੇਂ ਵੱਡੀ ਗਿਣਤੀ ਖਿਡਾਰੀ ਪੰਜਾਬ ਛੱਡ ਕੇ ਵਿਦੇਸ਼ ਚਲੇ ਗਏ ਸਨ ਅਤੇ ਅਨੇਕਾਂ ਖਿਡਾਰੀ ਖੇਡਾਂ ਤੋਂ ਦੂਰ ਹੋ ਗਏ ਸਨ। ਉਸ ਸਮੇਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਹੋਣ ਕਾਰਨ ਖਿਡਾਰੀਆਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਸੀ। ਰਾਸ਼ਟਰਪਤੀ ਰਾਜ ਤੋਂ ਬਾਅਦ ਬਣੀਆਂ ਸਰਕਾਰਾਂ ਵੱਲੋਂ ਵੀ ਖੇਡਾਂ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ ਪਰ ਹੁਣ ਜੇ ਮੌਜੂਦਾ ਸਰਕਾਰ ਖੇਡਾਂ ਪ੍ਰਤੀ ਧਿਆਨ ਦੇਣ ਲੱਗੀ ਹੈ ਤਾਂ ਇਸ ਦਾ ਵਿਰੋਧ ਕਰਨ ਦੀ ਥਾਂ ਸਵਾਗਤ ਕੀਤਾ ਜਾਣਾ ਚਾਹੀਦਾ ਹੈ।
ਇਸ ਸੰਬੰਧੀ ਖਿਡਾਰੀਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਖੇਡਾਂ ਵਿੱਚ ਇਮਾਨਦਾਰੀ ਨਾਲ ਖੇਡਣ ਅਤੇ ਹਰ ਤਰ੍ਹਾਂ ਦੇ ਨਸ਼ੇ ਅਤੇ ਤਾਕਤ ਵਧਾਉਣ ਵਾਲੀਆਂ ਦਵਾਈਆਂ ਤੋਂ ਦੂਰ ਰਹਿਣ। ਪੰਜਾਬ ਵਿੱਚ ਖਿਡਾਰੀ ਬਹੁਤ ਹਨ, ਜੋ ਕਿ ਸਵੇਰੇ ਸ਼ਾਮ ਖੇਡਾਂ ਦੀ ਪ੍ਰੈਕਟਿਸ ਕਰਦੇ ਹਨ। ਇਹਨਾਂ ਖਿਡਾਰੀਆਂ ਨੂੰ ਹੁਣ ਖੇਡਾਂ ਲਈ ਸਹੂੁਲਤਾਂ ਅਤੇ ਖੇਡ ਮੈਦਾਨ ਮਿਲਣ ਲੱਗ ਪਏ ਹਨ। ਇਸ ਲਈ ਖਿਡਾਰੀਆਂ ਲਈ ਆਪਣੀ ਖੇਡ ਕਲਾ ਵਿੱਚ ਨਿਖ਼ਾਰ ਲਿਆਉਣ ਲਈ ਚੰਗੇ ਮੌਕੇ ਹਨ।
ਖੇਡ ਭਲਾਈ ਬੋਰਡ ਦੇ ਗਠਨ ਦਾ ਤਾਂ ਹੀ ਫਾਇਦਾ ਹੈ ਜੇ ਇਹ ਨਿਰਪੱਖ ਤਰੀਕੇ ਨਾਲ ਪੰਜਾਬ ਦੇ ਖੇਡ ਜਗਤ ਵਿੱਚ ਸੁਧਾਰ ਕਰੇ ਅਤੇ ਪੰਜਾਬ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੋਹਰੀ ਸੂਬਾ ਬਣਾਉਣ ਵਿੱਚ ਕਾਮਯਾਬ ਹੋਵੇ।
ਬਿਊਰੋ
Editorial
ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਲਗਾਤਾਰ ਗੰਭੀਰ ਹੁੰਦੀ ਸਮੱਸਿਆ ਨੂੰ ਹਲ ਕਰੇ ਪ੍ਰਸ਼ਾਸਨ
ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸਮੱਸਿਆ ਵਿੱਚ ਲਗਾਤਾਰ ਵਾਧਾ ਹੋਇਆ ਹੈ ਅਤੇ ਸ਼ਹਿਰ ਵਾਸੀ ਅਕਸਰ ਇਸਦੀ ਸ਼ਿਕਾਇਤ ਵੀ ਕਰਦੇ ਹਨ। ਮੌਜੂਦਾ ਹਾਲਾਤ ਇਹ ਹਨ ਕਿ ਸ਼ਹਿਰ ਦੀਆਂ ਸੜਕਾਂ ਦੀ ਸਮਰਥਾ ਦੇ ਮੁਕਾਬਲੇ ਉਹਨਾਂ ਤੇ ਚੱਲਣ ਵਾਲੇ ਵਾਹਨਾਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਇਸ ਕਾਰਨ ਆਵਾਜਾਈ ਦੀ ਗੰਭੀਰ ਸਮੱਸਿਆ ਪੇਸ਼ ਆਉਂਦੀ ਹੈ। ਵੈਸੇ ਵੀ ਅੱਜ ਕੱਲ ਨਵਾਂ ਵਾਹਨ ਲੈਣਾ ਤਾਂ ਆਸਾਨ ਹੈ ਅਤੇ ਹਰ ਵਿਅਕਤੀ ਕੋਲ ਕੋਈ ਨਾ ਕੋਈ ਨਿੱਜੀ ਵਾਹਨ ਹੈ ਪਰੰਤੂ ਸੜਕਾਂ ਦੀ ਭੀੜ ਕਾਰਨ ਵਾਹਨ ਚਲਾਉਣਾ ਹੀ ਔਖਾ ਹੋ ਗਿਆ ਹੈ।
ਸਾਡੇ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਇੱਕ ਪ੍ਰਮੁਖ ਕਾਰਨ ਇਹ ਵੀ ਹੈ ਕਿ ਪੰਜਾਬ ਸਰਕਾਰ ਦੇ ਜਿਆਦਾਤਰ ਮੁੱਖ ਦਫਤਰ ਹੁਣ ਸਾਡੇ ਸ਼ਹਿਰ ਵਿੱਚ ਤਬਦੀਲ ਹੋ ਗਏ ਹਨ ਅਤੇ ਇਹਨਾਂ ਦਫਤਰਾਂ ਦੇ ਮੁਲਾਜਮਾਂ ਤੋਂ ਇਲਾਵਾ ਇਹਨਾਂ ਦਫਤਰਾਂ ਵਿੱਚ ਆਪਣੇ ਕੰਮਾਂ ਕਾਰਾਂ ਲਈ ਆਏ ਲੋਕ ਵੀ ਆਪਣੇ ਵਾਹਨਾਂ ਰਾਂਹੀ ਸ਼ਹਿਰ ਵਿੱਚ ਆਉਂਦੇ ਜਾਂਦੇ ਹਨ, ਜਿਸ ਕਾਰਨ ਸੜਕਾਂ ਤੇ ਵਾਹਨਾਂ ਦੀ ਭੀੜ ਵੱਧਦੀ ਹੈ। ਸ਼ਹਿਰ ਵਿਚਲੀ ਆਵਾਜਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਦਾ ਰੱਖਣ ਲਈ ਭਾਵੇਂ ਇੱਥੇ ਟ੍ਰੈਫਿਕ ਪੁਲੀਸ ਵੀ ਤੈਨਾਤ ਹੈ ਪਰੰਤੂ ਲੋਕਾਂ ਦੀ ਆਮ ਸ਼ਿਕਾਇਤ ਹੈ ਕਿ ਵੱਖ ਵੱਖ ਟ੍ਰੈਫਿਕ ਲਾਈਟਾਂ ਤੇ ਖੜ੍ਹੇ ਦਿਖਦੇ ਟੈ੍ਰਫਿਕ ਪੁਲੀਸ ਦੇ ਕਰਮਚਾਰੀਆਂ ਦਾ ਧਿਆਨ ਆਵਾਜਾਈ ਨੂੰ ਸੁਚਾਰੂਰੂਪ ਨਾਲ ਚਲਦਾ ਰੱਖਣ ਦੀ ਥਾਂ ਵਾਹਨ ਚਾਲਕਾਂ ਦੇ ਚਲਾਨ ਕਰਨ ਵੱਲ ਵਧੇਰੇ ਰਹਿੰਦਾ ਹੈ।
ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਲਈ ਵਾਹਨ ਚਾਲਕਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਕੇ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਕਾਹਲ ਵੀ ਕਾਫੀ ਹੱਦ ਤਕ ਜਿੰਮੇਵਾਰ ਸਾਬਿਤ ਹੁੰਦੀ ਹੈ ਜਿਸ ਕਾਰਨ ਸੜਕਾਂ ਤੇ ਅਕਸਰ ਜਾਮ ਵਰਗੀ ਹਾਲਤ ਬਣ ਜਾਂਦੀ ਹੈ। ਇਸਤੋਂ ਇਲਾਵਾ ਸੜਕਾਂ ਤੇ ਗੇੜੀਆਂ ਮਾਰਨ ਦੇ ਸ਼ੌਕੀਨ ਨੌਜਵਾਨਾਂ ਦਾ ਵੀ ਇਸ ਸਮੱਸਿਆ ਵਿੱਚ ਹੋਣ ਵਾਲੇ ਵਾਧੇ ਵਿੱਚ ਵੱਡਾ ਯੋਗਦਾਨ ਹੈ ਜਿਹੜੇ ਸਾਰਾ ਦਿਨ ਆਪਣੇ ਵਾਹਨ ਇਧਰੋਂ ਉਧਰ ਘੁਮਾਉਂਦੇ ਰਹਿੰਦੇ ਹਨ। ਚੰਡੀਗੜ੍ਹ ਵਿੱਚ ਪੁਲੀਸ ਦੀ ਸਖਤੀ ਕਾਰਨ ਨੌਜਵਾਨਾਂ ਦੇ ਇਹ ਟੋਲੇ ਮੁਹਾਲੀ ਸ਼ਹਿਰ ਨੂੰ ਵੱਧ ਸੁਰਖਿਅਤ ਟਿਕਾਣਾ ਸਮਝਦੇ ਹਨ ਅਤੇ ਸਾਰਾ ਦਿਨ ਇੱਥੇ ਹੀ ਖਰਮਸਤੀਆਂ ਕਰਦੇ ਦਿਖਦੇ ਹਨ।
ਇਹਨਾਂ ਸਭਦੇ ਨਾਲ ਸਾਡੇ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਦੇ ਆਟੋ ਰਿਕਸ਼ਿਆਂ ਕਾਰਨ ਵੀ ਆਵਾਜਾਈ ਵਿਵਸਥਾ ਵਿੱਚ ਵੱਡੀ ਰੁਕਾਵਟ ਆਉਂਦੀ ਹੈ ਜਿਹੜੇ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਦੇ ਹਨ। ਇਹ ਆਟੋ ਚਾਲਕ ਜਦੋਂ ਸੜਕਾਂ ਤੇ ਚਲਦੇ ਹਨ ਤਾਂ ਇਹਨਾਂ ਦੇ ਜਿਆਦਾਤਰ ਚਾਲਕ ਇਕ ਦੂਜੇ ਤੋਂ ਅੱਗੇ ਹੋ ਕੇ ਸਵਾਰੀਆਂ ਚੁਕਣ ਲਈ ਤੇਜ ਰਫਤਾਰ ਨਾਲ ਆਟੋ ਚਲਾਉਂਦੇ ਹਨ ਜਿਸ ਕਾਰਨ ਬਾਕੀ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ। ਕਿਸੇ ਸਵਾਰੀ ਨੂੰ ਵੇਖ ਕੇ ਸੜਕ ਤੇ ਚਲਦੇ ਚਲਦੇ ਕੋਈ ਆਟੋ ਚਾਲਕ ਕਦੋਂ ਆਪਣੇ ਵਾਹਨ ਨੂੰ ਅਚਾਨਕ ਬ੍ਰੇਕ ਲਗਾ ਦੇਵੇਗਾ ਕੁੱਝ ਕਿਹਾ ਨਹੀਂ ਜਾ ਸਕਦਾ ਅਤੇ ਇਸ ਕਾਰਨ ਕਈ ਵਾਰ ਸੜਕ ਹਾਦਸੇ ਵੀ ਵਾਪਰਦੇ ਹਨ। ਇਹਨਾਂ ਆਟੋ ਚਾਲਕਾਂ ਵਲੋਂ ਸ਼ਹਿਰ ਵਿੱਚ ਮੁੱਖ ਸੜਕਾਂ ਦੇ ਕਿਨਾਰੇ ਕਈ ਥਾਵਾਂ ਤੇ ਆਪਣੇ ਪੱਕੇ ਅੱਡੇ ਬਣਾਏ ਹੋਏ ਹਨ, ਜਿੱਥੇ ਸਾਰਾ ਦਿਨ ਵੱਡੀ ਗਿਣਤੀ ਵਿੱਚ ਆਟੋ ਰਿਕਸ਼ੇ ਖੜ੍ਹੇ ਰਹਿੰਦੇ ਹਨ ਅਤੇ ਇਹਨਾਂ ਕਾਰਨ ਵੀ ਆਵਾਜਾਈ ਵਿਚ ਵਿਘਨ ਪੈਂਦਾ ਹੈ।
ਸ਼ਹਿਰ ਦੀਆਂ ਮੁੱਖ ਸੜਕਾਂ ਕਿਨਾਰੇ ਖੜ੍ਹਦੇ ਵਾਹਨ ਵੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਵੱਡਾ ਕਾਰਨ ਬਣਦੇ ਹਨ। ਸ਼ਹਿਰ ਦੀਆਂ ਮਾਰਕੀਟਾਂ ਵਿੱਚ ਵਾਹਨਾਂ ਦੀ ਲਗਾਤਾਰ ਵੱਧਦੀ ਭੀੜ ਅਤੇ ਪਾਰਕਿੰਗਾਂ ਵਿੱਚ ਲੋਕਾਂ ਵਲੋਂ ਬੇਤਰਤੀਬ ਢੰਗ ਨਾਲ ਖੜ੍ਹੇ ਕੀਤੇ ਵਾਹਨਾਂ ਕਾਰਨ ਜਦੋਂ ਲੋਕਾਂ ਨੂੰ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵਾਹਨ ਖੜ੍ਹਾਉਣ ਲਈ ਥਾਂ ਨਹੀਂ ਲੱਭਦੀ ਤਾਂ ਉਹ ਮੁੱਖ ਸੜਕਾਂ ਦੇ ਕਿਨਾਰੇ ਹੀ ਵਾਹਨ ਖੜ੍ਹਾ ਕੇ ਮਾਰਕੀਟ ਵਿੱਚ ਚਲੇ ਜਾਂਦੇ ਹਨ ਅਤੇ ਸੜਕਾਂ ਕਿਨਾਰੇ ਤੇ ਵਾਹਨਾਂ ਦੀ ਕਤਾਰ ਲੱਗਣ ਕਾਰਨ ਪਹਿਲਾਂ ਹੀ ਤੰਗ ਸੜਕਾਂ ਹੋਰ ਵੀ ਤੰਗ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਸੜਕਾਂ ਕਿਨਾਰੇ ਖੜ੍ਹਦੀਆਂ ਫਲ ਫਰੂਟ ਅਤੇ ਹੋਰ ਸਮਾਨ ਵੇਚਣ ਵਾਲੀਆਂ ਰੇਹੜੀਆਂ ਕਾਰਨ ਵੀ ਸੜਕ ਦਾ ਕਾਫੀ ਹਿੱਸਾ ਰੁਕ ਜਾਂਦਾ ਹੈ। ਇਹਨਾਂ ਰੇਹੜੀਆਂ ਫੜੀਆਂ ਤੋਂ ਸਮਾਨ ਖਰੀਦਣ ਵਾਲੇ ਲੋਕਾਂ ਵਲੋਂ ਵੀ ਆਪਣੇ ਵਾਹਨ ਸੜਕ ਉਪਰ ਹੀ ਖੜ੍ਹਾ ਦਿੱਤੇ ਜਾਂਦੇ ਹਨ, ਜਿਸ ਕਾਰਨ ਆਵਾਜਾਈ ਹੋਰ ਵੀ ਪ੍ਰਭਾਵਿਤ ਹੁੰਦੀ ਹੈ।
ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਇਸ ਲਗਾਤਾਰ ਵੱਧਦੀ ਸਮੱਸਿਆ ਤੇ ਕਾਬੂ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਸ ਵਲੋਂ ਆਵਾਜਾਈ ਦੀ ਸਮੱਸਿਆ ਦੇ ਹਲ ਲਈ ਠੋਸ ਉਪਰਾਲੇ ਕੀਤੇ ਜਾਣ। ਇਸਦੇ ਤਹਿਤ ਜਿੱਥੇ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ (ਖਾਸ ਕਰ ਆਟੋ ਚਾਲਕਾਂ) ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉੱਥੇ ਲੋਕਾਂ ਵਲੋਂ ਸੜਕਾਂ ਕਿਨਾਰੇ ਵਾਹਨ ਖੜ੍ਹਾਉਣ ਦੀ ਕਾਰਵਾਈ ਤੇ ਵੀ ਸਖਤੀ ਨਾਲ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਟ੍ਰੈਫਿ ਕ ਵਿਵਸਥਾ ਦੀ ਬਦਹਾਲੀ ਦੀ ਇਸ ਸਮੱਸਿਆ ਤੋਂ ਛੁਟਕਾਰਾ ਮਿਲੇ।
Editorial
ਪਾਣੀ ਦੀ ਸਾਂਭ-ਸੰਭਾਲ ਕਰਨ ਦੀ ਲੋੜ
ਅੱਜ ਕੱਲ੍ਹ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਤੋਂ ਚਿੰਤਾਜਨਕ ਖ਼ਬਰਾਂ ਆ ਰਹੀਆਂ ਹਨ। ਇਹਨਾਂ ਖ਼ਬਰਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰ ਇੰਦੌਰ, ਰਤਲਾਮ, ਦੇਵਾਸ, ਉਜੈਨ ਅਤੇ ਹੋਰ ਕਈ ਇਲਾਕਿਆਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਆ ਗਈ ਹੈ। ਪ੍ਰਸ਼ਾਸਨ ਅਤੇ ਮਾਹਿਰਾਂ ਵੱਲੋਂ ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਮਾਨਸੂਨ ਅਤੇ ਬਰਸਾਤਾਂ ਦੇ ਸੀਜਨ ਦੌਰਾਨ ਮੱਧ ਪ੍ਰਦੇਸ਼ ਵਿੱਚ ਬਰਸਾਤ ਘੱਟ ਹੋਈ ਸੀ, ਜਿਸ ਕਾਰਨ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਇਸ ਸਮੇਂ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਆ ਗਈ ਹੈ।
ਮੱਧ ਪ੍ਰਦੇਸ਼ ਦੀ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਵੱਲੋਂ ਬਰਸਾਤਾਂ ਦੇ ਮੌਸਮ ਵੇਲੇ ਬਰਸਾਤੀ ਪਾਣੀ ਨੂੰ ਸੰਭਾਲ ਲਿਆ ਜਾਂਦਾ ਹੈ ਅਤੇ ਫਿਰ ਉਹੀ ਪਾਣੀ ਸਾਰਾ ਸਾਲ ਆਮ ਲੋਕਾਂ ਨੂੰ ਪਾਈਪਾਂ ਰਾਹੀਂ ਸਪਲਾਈ ਕੀਤਾ ਜਾਂਦਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਕਈ ਕਈ ਦਿਨ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਪ੍ਰਭਾਵਿਤ ਰਹਿੰਦੀ ਹੈ ਅਤੇ ਲੋਕਾਂ ਨੂੰ ਜਰੂਰੀ ਵਰਤੋਂ ਦੇ ਲਈ ਵੀ ਪਾਣੀ ਨਹੀਂ ਮਿਲਦਾ। ਵੱਡੀ ਗਿਣਤੀ ਲੋਕਾਂ ਨੇ ਆਪਣੇ ਘਰਾਂ ਵਿੱਚ ਫਰਸ਼ ਦੇ ਹੇਠਾਂ ਜ਼ਮੀਨਦੋਜ਼ ਵਾਟਰ ਟੈਂਕ ਬਣਾਏ ਹੋਏ ਹਨ। ਜਦੋਂ ਵੀ ਪਾਣੀ ਦੀ ਸਪਲਾਈ ਆਉਂਦੀ ਹੈ ਉਦੋਂ ਹੀ ਇਹਨਾਂ ਵਾਟਰ ਟੈਂਕਾਂ ਵਿੱਚ ਪਾਣੀ ਪਾਈਪਾਂ ਰਾਹੀਂ ਆਪਣੇ ਆਪ ਪੈ ਜਾਂਦਾ ਹੈ।
ਇੰਦੌਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੇ ਘਰਾਂ ਵਿੱਚ ਸਪਲਾਈ ਕੀਤੇ ਜਾਂਦੇ ਪਾਣੀ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਹੈ। ਅਕਸਰ ਰਾਤ ਸਮੇਂ ਪ੍ਰਸ਼ਾਸਨ ਵੱਲੋਂ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ, ਜਿਸ ਕਰਕੇ ਵਾਟਰ ਟੈਂਕ ਬਣਾਉਣੇ ਮਜਬੂਰੀ ਹਨ। ਘਰਾਂ ਅੰਦਰ ਬਣੇ ਵਾਟਰ ਟੈਂਕਾਂ ਵਿੱਚ ਲੋਕਾਂ ਨੇ ਟੁਲੂ ਪੰਪ ਦੀਆਂ ਪਾਈਪਾਂ ਲਗਾ ਕੇ ਪਾਣੀ ਨੂੰ ਘਰਾਂ ਦੀਆਂ ਛੱਤਾਂ ਤੇ ਰਖੀਆਂ ਟੈਂਕੀਆਂ ਵਿੱਚ ਪਹੁੰਚਦਾ ਕਰ ਦਿੱਤਾ ਜਾਂਦਾ ਹੈ।
ਮੱਧ ਪ੍ਰਦੇਸ਼ ਦੇ ਵੱਡੀ ਗਿਣਤੀ ਇਲਾਕੇ ਅਜਿਹੇ ਹਨ, ਜਿਥੇ ਕਿ ਧਰਤੀ ਪਥਰੀਲੀ ਹੈ। ਜੇ ਕਈ ਥਾਵਾਂ ਤੇ ਧਰਤੀ ਮਿੱਟੀ ਵਾਲੀ ਵੀ ਹੈ ਤਾਂ ਵੀ ਮਿੱਟੀ ਦੇ ਕੁਝ ਫੁੱਟ ਹੇਠਾਂ ਪੱਥਰ ਹਨ। ਜਿਸ ਕਾਰਨ ਮੱਧ ਪ੍ਰਦੇਸ਼ ਦੇ ਵੱਡੀ ਗਿਣਤੀ ਇਲਾਕਿਆਂ ਵਿੱਚ ਨਾ ਤਾਂ ਟਿਊਬਵੈਲ ਲੱਗ ਸਕਦੇ ਹਨ ਤੇ ਨਾ ਹੀ ਉਥੇ ਸਬਮਰਸੀਬਲ ਅਤੇ ਨਲਕੇ ਆਦਿ ਲੱਗ ਸਕਦੇ ਹਨ। ਇੰਦੌਰ ਤੇ ਰਤਲਾਮ ਸ਼ਹਿਰ ਵਿੱਚ ਰਹਿੰਦੇ ਸਿੱਖਾਂ ਅਤੇ ਹੋਰ ਵਰਗਾਂ ਦੇ ਅਮੀਰ ਲੋਕਾਂ ਵੱਲੋਂ ਕਈ ਵਾਰ ਇਹਨਾਂ ਸ਼ਹਿਰਾਂ ਵਿੱਚ ਸਥਿਤ ਆਪਣੇ ਘਰਾਂ ਅੰਦਰ ਧਰਤੀ ਹੇਠਾਂ ਬੋਰ ਕਰਨ, ਸਬਮਰਸੀਬਲ ਲਗਾਉਣ ਦਾ ਯਤਨ ਕੀਤਾ ਜਾ ਚੁੱਕਿਆ ਹੈ ਪਰ ਧਰਤੀ ਹੇਠਾਂ ਡੂੰਘੀ ਪਰਤ ਵਿੱਚ ਵੀ ਪੱਥਰ ਹੋਣ ਕਾਰਨ ਇਹ ਯਤਨ ਅਜੇ ਤੱਕ ਸਫ਼ਲ ਨਹੀਂ ਹੋਏ।
ਮੱਧ ਪ੍ਰਦੇਸ਼ ਵਿੱਚ ਭਾਵੇਂ ਕਣਕ, ਝੋਨਾ ਅਤੇ ਹੋਰ ਫਸਲਾਂ ਦੀ ਖੇਤੀ ਵੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਪਰ ਇਹ ਸਾਰੀ ਖੇਤੀ ਬਰਸਾਤਾਂ ਤੇ ਨਿਰਭਰ ਕਰਦੀ ਹੈ। ਮੱਧ ਪ੍ਰਦੇਸ਼ ਵਿੱਚ ਕਈ ਨਦੀਆਂ ਵੀ ਹਨ ਪਰ ਇਹ ਨਦੀਆਂ ‘ਸਦਾ ਨੀਰਾ’ ਨਹੀਂ ਭਾਵ ਇਹਨਾਂ ਨਦੀਆਂ ਵਿੱਚ ਸਾਰਾ ਸਾਲ ਪਾਣੀ ਨਹੀਂ ਰਹਿੰਦਾ, ਸਿਰਫ਼ ਬਰਸਾਤਾਂ ਸਮੇਂ ਹੀ ਇਹਨਾਂ ਨਦੀਆਂ ਵਿੱਚ ਪਾਣੀ ਦੀ ਧਾਰਾ ਵਹਿੰਦੀ ਹੈ, ਜੋ ਕਿ ਮੱਧ ਪ੍ਰਦੇਸ਼ ਵਿੱਚ ਰਹਿੰਦੇ ਲੋਕਾਂ ਲਈ ‘ਜੀਵਨਰੇਖਾ’ ਹੈ।
ਮੱਧ ਪ੍ਰਦੇਸ਼ ਦੇ ਗੁਆਂਢੀ ਸੂਬੇ ਰਾਜਸਥਾਨ ਵਿੱਚ ਵੀ ਅਕਸਰ ਪਾਣੀ ਦੀ ਘਾਟ ਰਹਿੰਦੀ ਹੈ। ਰਾਜਸਥਾਨ ਦੇ ਅਨੇਕਾਂ ਇਲਾਕਿਆਂ ਵਿੱਚ ਰੇਗਿਸਤਾਨ ਹੋਣ ਕਾਰਨ ਉਥੇ ਸਾਰਾ ਸਾਲ ਹੀ ਪਾਣੀ ਦੀ ਘਾਟ ਰਹਿੰਦੀ ਹੈ। ਇਹੋ ਕਾਰਨ ਹੈ ਕਿ ਰਾਜਸਥਾਨ ਦੇ ਲੋਕ ਪਾਣੀ ਦੀ ਦੁਰਵਰਤੋਂ ਨਹੀਂ ਕਰਦੇ ਅਤੇ ਪਾਣੀ ਦੀ ਪੂਰੀ ਸੰਭਾਲ ਕਰਦੇ ਹਨ।
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜ ਦਰਿਆਵਾਂ ਦੀ ਧਰਤੀ ਅਖਵਾਏ ਜਾਂਦੇ ਪੰਜਾਬ ਵਿੱਚ ਸਿਰਫ਼ ਦੋ ਦਰਿਆ ਸਤਲੁਜ ਅਤੇ ਬਿਆਸ ਹੀ ਹਨ ਅਤੇ ਰਾਵੀ ਦਰਿਆ ਦਾ ਕੁਝ ਹਿੱਸਾ ਹੀ ਪੰਜਾਬ ਵਿੱਚ ਹੈ। ਪੰਜਾਬ ਦੀ ਧਰਤੀ ਉਪਰਾਊ ਅਤੇ ਨਰਮ ਮਿੱਟੀ ਦੀ ਹੋਣ ਕਾਰਨ ਪੰਜਾਬ ਵਿੱਚ ਇਸ ਸਮੇਂ ਲੱਖਾਂ ਦੀ ਗਿਣਤੀ ਵਿੱਚ ਟਿਊਬਵੈਲ ਅਤੇ ਸਬਮਰਸੀਵਲ ਚੱਲ ਰਹੇ ਹਨ। ਇਹਨਾਂ ਟਿਊਬਵੈਲਾਂ ਅਤੇ ਸਬਮਰਸੀਬਲਾਂ ਰਾਹੀਂ ਧਰਤੀ ਹੇਠਾਂ ਤੋਂ ਬਹੁਤ ਮਾਤਰਾ ਵਿੱਚ ਪਾਣੀ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦੀ ਧਰਤੀ ਹੇਠਲਾ ਪਾਣੀ ਖਤਮ ਹੋਣ ਕੰਢੇ ਪਹੁੰਚ ਗਿਆ ਹੈ।
ਇਸੇ ਕਾਰਨ ਵੱਖ ਵੱਖ ਮਾਹਿਰ ਪੰਜਾਬੀਆਂ ਖਾਸ ਕਰਕੇ ਕਿਸਾਨਾਂ ਨੂੰ ਅਪੀਲਾਂ ਕਰਦੇ ਰਹਿੰਦੇ ਹਨ ਕਿ ਉਹ ਧਰਤੀ ਹੇਠਾਂ ਤੋਂ ਪਾਣੀ ਕੱਢਣ ਦੀ ਥਾਂ ਖੇਤਾਂ ਵਿੱਚ ਫਸਲਾਂ ਲਈ ਨਹਿਰੀ ਪਾਣੀ ਦੀ ਵਰਤੋ ਕਰਨ ਅਤੇ ਪਾਣੀ ਦੀ ਦੁਰਵਰਤੋ ਕਦੇ ਵੀ ਨਾ ਕੀਤੀ ਜਾਵੇ। ਮੱਧ ਪ੍ਰਦੇਸ਼, ਰਾਜਸਥਾਨ ਅਤੇ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਵੇਖ ਕੇ ਇਹਨਾਂ ਸੂਬਿਆਂ ਦੀਆਂ ਸਰਕਾਰਾਂ ਅਤੇ ਵਸਨੀਕਾਂ ਨੂੰ ਪਾਣੀ ਦੀ ਸੰਭਾਲ ਕਰਨ ਲਈ ਵੱਡੇ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਇਹਨਾਂ ਸੂਬਿਆਂ ਵਿੱਚ ਪਾਣੀ ਦੀ ਕਦੇ ਵੀ ਘਾਟ ਨਾ ਆ ਸਕੇ ਅਤੇ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ।
ਬਿਊਰੋ
Editorial
ਭਾਈਚਾਰਕ ਸਾਂਝ ਵੀ ਪੈਦਾ ਕਰਦੇ ਹਨ ਤਿਉਹਾਰ
ਇਸ ਸਮੇਂ ਤਿਉਹਾਰਾਂ ਦਾ ਸੀਜਨ ਚੱਲ ਰਿਹਾ ਹੈ। ਰੱਖੜੀ ਤੋਂ ਸ਼ੁਰੂ ਹੋਇਆ ਇਹ ਤਿਉਹਾਰੀ ਸੀਜਨ ਅਗਲੇ ਸਾਲ ਲੋਹੜੀ ਤੱਕ ਚੱਲੇਗਾ। ਤਿਉਹਾਰਾਂ ਕਾਰਨ ਜਿੱਥੇ ਵੱਖ ਵੱਖ ਸ਼ਹਿਰਾਂ ਵਿੱਚ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ ਉਥੇ ਭਾਰਤ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਵੱਲੋਂ ਇੱਕ ਦੂਜੇ ਨੂੰ ਤਿਉਹਾਰਾਂ ਦੀਆਂ ਵਧਾਈਆਂ ਦੇਣ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਵੱਲੋਂ ਤਿਉਹਾਰਾਂ ਮੌਕੇ ਇੱਕ ਦੂਜੇ ਨੂੰ ਤੋਹਫ਼ੇ ਵੀ ਦਿੱਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਤਿਉਹਾਰਾਂ ਮੌਕੇ ਵੱਡੀ ਗਿਣਤੀ ਲੋਕ ਨਵੇਂ ਕਪੜੇ ਪਾ ਕੇ ਸ਼ਹਿਰਾਂ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਆਉਂਦੇ ਜਾਂਦੇ ਹਨ ਅਤੇ ਖਰੀਦਦਾਰੀ ਕਰਨ ਦੇ ਨਾਲ ਸੈਰ ਸਪਾਟਾ ਵੀ ਕਰਦੇ ਹਨ। ਮੁਹਾਲੀ ਸ਼ਹਿਰ ਦੀਆਂ ਦੁਲਹਣ ਵਾਂਗ ਸਜੀਆਂ ਸਾਰੀਆਂ ਮਾਰਕੀਟਾਂ ਦੀ ਰੌਣਕ ਵੇਖਣ ਲਈ ਲੋਕ ਦੂਰ ਦੂਰ ਤੋਂ ਆਉਂਦੇ ਹਨ। ਇਹੋ ਹਾਲ ਚੰਡੀਗੜ੍ਹ ਅਤੇ ਹੋਰ ਸ਼ਹਿਰਾਂ ਦਾ ਹੈ।
ਕਈ ਸ਼ਹਿਰਾਂ ਵਿੱਚ ਤਾਂ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਆਪਣੀ ਖਰੀਦਦਾਰੀ ਵਧਾਉਣ ਲਈ ਕੂਪਨ ਸਕੀਮਾਂ ਵੀ ਚਲਾਈਆਂ ਹੋਈਆਂ ਹਨ। ਮੁਹਾਲੀ ਦੇ ਫੇਜ਼ 3 ਬੀ 2 ਦੀ ਮਾਰਕੀਟ ਵੱਲੋਂ ਵੀ ਕੂਪਨ ਸਕੀਮ ਚਲਾਈ ਗਈ ਹੈ ਤਾਂ ਕਿ ਵੱਧ ਤੋਂ ਵੱਧ ਗ੍ਰਾਹਕਾਂ ਨੂੰ ਇਸ ਮਾਰਕੀਟ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਸਕੀਮ ਅਨੁਸਾਰ ਇਸ ਮਾਰਕੀਟ ਵਿੱਚ ਜਿਹੜਾ ਵਿਅਕਤੀ ਇੱਕ ਹਜ਼ਾਰ ਜਾਂ ਇਸ ਤੋਂ ਵਧੇਰੇ ਪੈਸੇ ਦੀ ਖਰੀਦਦਾਰੀ ਕਰਦਾ ਹੈ, ਉਸ ਨੂੰ ਇੱਕ ਕੂਪਨ ਦਿੱਤਾ ਜਾਂਦਾ ਹੈ ਅਤੇ ਅਗਲੇ ਸਾਲ ਦੀ ਸ਼ੁੁਰੂਆਤ ਵਿੱਚ ਇਹਨਾਂ ਕੂਪਨਾਂ ਦਾ ਨਤੀਜਾ ਕੱਢਿਆ ਜਾਵੇਗਾ। ਇਸ ਕੂਪਨ ਸਕੀਮ ਵਿੱਚ ਪਹਿਲਾ ਇਨਾਮ ‘ਕਾਰ’ ਹੈ। ਮਾਰਕੀਟ ਐਸੋਸੀਏਸ਼ਨ ਦੀ ਇਹ ਸਕੀਮ ਕਾਮਯਾਬ ਹੋ ਰਹੀ ਹੈ ਅਤੇ ਵੱਡੀ ਗਿਣਤੀ ਲੋਕ ਕੂਪਨ ਦੀ ਆਸ ਵਿੱਚ ਇਸ ਮਾਰਕੀਟ ਵਿੱਚ ਆ ਜਾ ਰਹੇ ਹਨ। ਇਹੋ ਹਾਲ ਹੋਰਨਾਂ ਸ਼ਹਿਰਾਂ ਵਿੱਚ ਹੈ। ਵੱਖ ਵੱਖ ਸ਼ਹਿਰਾਂ ਵਿੱਚ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਸੇਲਾਂ ਅਤੇ ਇੱਕ ਸਮਾਨ ਨਾਲ ਇੱਕ ਹੋਰ ਸਮਾਨ ਮੁਫ਼ਤ ਦੀਆਂ ਸਕੀਮਾਂ ਚਲਾਈਆਂ ਹੋਈਆਂ ਹਨ।
ਭਾਰਤ ਨੂੰ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਇੱਥੇ ਹਰ ਰੁੱਤ ਵਿੱਚ ਵੱਖ ਵੱਖ ਤਿਉਹਾਰ ਮਨਾਏ ਜਾਂਦੇ ਹਨ। ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਭਾਰਤ ਦੇ ਵੱਡੀ ਗਿਣਤੀ ਲੋਕ ਰਲ ਮਿਲ ਕੇ ਤਿਉਹਾਰਾਂ ਨੂੰ ਮਨਾਉਂਦੇ ਹਨ। ਕਈ ਤਿਉਹਾਰ ਤਾਂ ਵੱਖ ਵੱਖ ਵਰਗਾਂ ਦੇ ਲੋਕਾਂ ਦੇ ਸਾਂਝੇ ਹੁੰਦੇ ਹਨ। ਇਸ ਤੋਂ ਇਲਾਵਾ ਵੱਖ ਵੱਖ ਤਿਉਹਾਰ ਵੱਖ ਵੱਖ ਧਰਮਾਂ ਅਤੇ ਨਸਲਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਵੀ ਪੈਦਾ ਕਰਦੇ ਹਨ। ਤਿਉਹਾਰਾਂ ਦੀ ਇਹ ਵੱਡੀ ਵਿਸ਼ੇਸ਼ਤਾ ਹੈ ਕਿ ਹਰ ਵਰਗ ਵਿੱਚ ਖੁਸ਼ੀਆਂ ਅਤੇ ਚੰਗੀ ਸੋਚ ਵੀ ਪੈਦਾ ਕਰਦੇ ਹਨ।
ਦੂਜੇ ਪਾਸੇ ਇਹ ਵੀ ਅਸਲੀਅਤ ਹੈ ਕਿ ਭਾਰਤ ਦੇ ਕੁਝ ਇਲਾਕਿਆਂ ਵਿੱਚ ਤਿਉਹਾਰਾਂ ਮੌਕੇ ਲੜਾਈ ਝਗੜੇ ਵੀ ਹੋ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਹਰ ਇਲਾਕੇ ਵਿੱਚ ਕੁਝ ਸ਼ਰਾਰਤੀ ਅਨਸਰ ਵੀ ਹੁੰਦੇ ਹਨ, ਜਿਹਨਾਂ ਦਾ ਇੱਕੋ ਇੱਕ ਮਕਸਦ ਅਸ਼ਾਂਤੀ ਫੈਲਾਉਣਾ ਅਤੇ ਫਿਰ ਉਸ ਲੜਾਈ ਤੇ ਸਿਆਸੀ ਰੋਟੀਆਂ ਸੇਕਣਾ ਹੁੰਦਾ ਹੈ। ਭਾਰਤ ਦੇ ਵੱਡੀ ਗਿਣਤੀ ਲੋਕ ਪੜੇ ਲਿਖੇ ਅਤੇ ਸਿਆਣੇ ਹਨ, ਉਹ ਅਕਸਰ ਬਹਿਕਾਵੇ ਵਿੱਚ ਨਹੀਂ ਆਉਂਦੇ ਅਤੇ ਹਰ ਤਿਉਹਾਰ ਨੂੰ ਸ਼ਾਂਤੀ ਨਾਲ ਮਨਾਉਂਦੇ ਹਨ।
ਦਿਵਾਲੀ ਦੇ ਤਿਉਹਾਰ ਦੀ ਦੁਕਾਨਦਾਰਾਂ, ਵਪਾਰੀਆਂ, ਕੰਪਨੀਆਂ , ਸਰਕਾਰੀ ਮੁਲਾਜਮਾਂ ਦੇ ਨਾਲ ਨਾਲ ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ ਨੂੰ ਵੀ ਉਡੀਕ ਰਹਿੰਦੀ ਹੈ। ਜਿੱਥੇ ਵਪਾਰੀਆਂ, ਦੁਕਾਨਦਾਰਾਂ ਅਤੇ ਕੰਪਨੀਆਂ ਨੂੰ ਤਿਉਹਾਰਾਂ ਮੌਕੇ ਸਾਰੇ ਸਾਲ ਦੀ ਕਮਾਈ ਹੁੰਦੀ ਹੈ, ਉਥੇ ਸਰਕਾਰੀ ਮੁਲਾਜਮਾਂ ਨੂੰ ਵੀ ਸਰਕਾਰਾਂ ਵੱਲੋਂ ਵਿਸ਼ੇਸ਼ ਤਿਉਹਾਰੀ ਭੱਤੇ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਪ੍ਰਾਈਵੇਟ ਦਫਤਰਾਂ ਵਿੱਚ ਸਾਰੇ ਵਰਕਰਾਂ ਨੂੰ ਦਿਵਾਲੀ ਬੋਨਸ ਦੇ ਰੂਪ ਵਿੱਚ ਇੱਕ ਇੱਕ ਮਹੀਨੇ ਦੀ ਤਨਖਾਹ ਵਧੇਰੇ ਦਿੱਤੀ ਜਾਂਦੀ ਹੈ। ਪ੍ਰਾਈਵੇਟ ਅਦਾਰਿਆਂ ਵਿੱਚ ਦਿਵਾਲੀ ਮੌਕੇ ਵਰਕਰਾਂ ਨੂੰ ਕਈ ਕਿਸਮ ਦੇ ਤੋਹਫੇ, ਮਿਠਾਈ, ਡਰਾਈ ਫਰੂਟ ਅਤੇ ਨਵੇਂ ਕਪੜੇ ਦਿੱਤੇ ਜਾਂਦੇ ਹਨ।
ਇਸ ਮੌਕੇ ਆਮ ਦੁਕਾਨਦਾਰ ਵੀ ਆਪਣੀ ਦੁਕਾਨ ਤੇ ਕੰਮ ਕਰਦੇ ਵਰਕਰਾਂ ਨੂੰ ਮਿਠਾਈ ਅਤੇ ਨਵੇਂ ਕਪੜੇ ਜਾਂ ਹੋਰ ਤੋਹਫੇ ਦਿੰਦੇ ਹਨ। ਇਹੋ ਕਾਰਨ ਹੈ ਕਿ ਤਿਉਹਾਰਾਂ ਦੇ ਮੌਸਮ ਦੌਰਾਨ ਹਰ ਵਿਅਕਤੀ ਖੁਸ਼ ਨਜ਼ਰ ਆਉਂਦਾ ਹੈ।
ਸਿਆਣੇ ਕਹਿੰਦੇ ਹਨ ਕਿ ਧਰਮ ਤੋੜਦਾ ਨਹੀਂ ਬਲਕਿ ਜੋੜਦਾ ਹੈ ਅਤੇ ਧਾਰਮਿਕ ਤਿਉਹਾਰ ਵੱਖ ਵੱਖ ਵਰਗਾਂ ਵਿੱਚ ਭਾਈਚਾਰਕ ਸਾਂਝ ਪੈਦਾ ਕਰਨ ਦਾ ਯਤਨ ਕਰਦੇ ਹਨ। ਇਸੇ ਕਾਰਨ ਭਾਰਤ ਵਿੱਚ ਵੱਖ ਵੱਖ ਤਿਉਹਾਰਾਂ ਦਾ ਵੱਡਾ ਮਹੱਤਵ ਹੈ।
ਬਿਊਰੋ
-
International2 months ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
National2 months agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Editorial1 month agoਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ
-
International2 months ago
ਛੇ ਸਾਲਾਂ ਦੀ ਮੁਅੱਤਲੀ ਤੋਂ ਬਾਅਦ ਗੁਆਂਗਜ਼ੂ-ਦਿੱਲੀ ਉਡਾਣਾਂ ਮੁੜ ਸ਼ੁਰੂ ਹੋਣਗੀਆਂ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
Chandigarh1 month ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
