Connect with us

International

ਰੂਸ ਵੱਲੋਂ ਕੀਵ ਸਮੇਤ ਕਈ ਥਾਂਵਾਂ ਤੇ ਹਵਾਈ ਹਮਲੇ, 9 ਵਿਅਕਤੀਆਂ ਦੀ ਮੌਤ

Published

on

ਕੀਵ, 15 ਜੂਨ (ਸ.ਬ.) ਅੱਜ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਥਾਵਾਂ ਤੇ ਰੂਸ ਨੇ ਭਿਆਨਕ ਹਵਾਈ ਹਮਲਾ ਕੀਤਾ। ਇਸ ਏਅਰਸਟ੍ਰਾਈਕ ਵਿੱਚ 5 ਬਚਾਅ ਕਰਮਚਾਰੀਆਂ ਸਮੇਤ ਕੁੱਲ 9 ਵਿਅਕਤੀਆਂ ਦੀ ਮੌਤ ਹੋ ਗਈ।

ਰੂਸ ਵੱਲੋਂ ਕੀਤੇ ਗਏ ਇਸ ਹਮਲੇ ਵਿੱਚ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਵ ਦਾ ਇਤਿਹਾਸਕ ਅਤੇ ਅਧਿਆਤਮਿਕ ਪ੍ਰਤੀਕ ‘ਕੀਵ ਪੇਚੇਰਸਕ ਲਾਵਰਾ’ ਸਿੱਧਾ ਹਮਲੇ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉੱਥੇ ਭਿਆਨਕ ਅੱਗ ਲੱਗ ਗਈ।

ਰਾਜਧਾਨੀ ਕੀਵ ਦੇ ਫੌਜੀ ਪ੍ਰਸ਼ਾਸਨ ਦੇ ਮੁਖੀ ਤਿਮੁਰ ਤਕਾਚੈਂਕੋ ਨੇ ਇੱਕ ਟੈਲੀਗ੍ਰਾਮ ਪੋਸਟ ਵਿੱਚ ਜਾਣਕਾਰੀ ਦਿੱਤੀ ਕਿ ਸਾਲ 1051 ਵਿੱਚ ਸਥਾਪਿਤ ਅਤੇ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ‘ਕੀਵ ਪੇਚੇਰਸਕ ਲਾਵਰਾ’ ਮੱਠ ਸਿੱਧੇ ਹਮਲੇ ਦੀ ਲਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।

ਇਸ ਹਮਲੇ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਯੂਕਰੇਨ ਦੀ ਪ੍ਰਧਾਨ ਮੰਤਰੀ ਯੂਲੀਆ ਸਵਿਰੀਦੈਂਕੋ ਨੇ ਐਕਸ ਤੇ ਲਿਖਿਆ ਕਿ ਇਹ ਸਾਡੇ ਲੋਕਾਂ ਅਤੇ ਸਾਡੀ ਇਤਿਹਾਸਕ ਵਿਰਾਸਤ ਤੇ ਇੱਕ ਬੇਰਹਿਮ ਹਮਲਾ ਹੈ। ਇਹੀ ਰੂਸ ਦੇ ਆਰਥੋਡਾਕਸ ਕਦਰਾਂ-ਕੀਮਤਾਂ ਦਾ ਅਸਲੀ ਚਿਹਰਾ ਹੈ।

ਮੱਠ ਵਿੱਚੋਂ ਉੱਠਦੀਆਂ ਭਿਆਨਕ ਅਤੇ ਉੱਚੀਆਂ ਲਪਟਾਂ ਨੂੰ ਦੇਖ ਕੇ ਸਥਾਨਕ ਨਿਵਾਸੀਆਂ ਨੇ ਜ਼ਮੀਨ ਦੇ ਹੇਠਾਂ ਬਣੇ ਬੰਕਰਾਂ ਵਿੱਚ ਸ਼ਰਨ ਲਈ। ਇਹ ਨਵਾਂ ਹਮਲਾ ਉਸ ਵੇਲੇ ਹੋਇਆ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮਿਰ ਜ਼ੇਲੇਂਸਕੀ ਨੇ ਬੀਤੇ ਦਿਨ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕੀਤੀ ਹੈ ਅਤੇ ਇਸ ਹਫ਼ਤੇ ਫਰਾਂਸ ਵਿੱਚ ਹੋਣ ਵਾਲੀ ਜੀ7 ਬੈਠਕ ਤੋਂ ਪਹਿਲਾਂ ਚਾਰ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੇ ਇਸ ਸੰਘਰਸ਼ ਨੂੰ ਖ਼ਤਮ ਕਰਨ ਦੇ ਯਤਨਾਂ ਤੇ ਚਰਚਾ ਕੀਤੀ ਹੈ।

ਕੀਵ ਅਧਿਕਾਰੀਆਂ ਅਨੁਸਾਰ ਰੂਸ ਵੱਲੋਂ ਕੀਤੇ ਗਏ ਇਸ ਭਿਆਨਕ ਹਮਲੇ ਦੌਰਾਨ ਕਈ ਰਿਹਾਇਸ਼ੀ ਇਮਾਰਤਾਂ, ਬਾਜ਼ਾਰਾਂ ਅਤੇ ਨਾਗਰਿਕ ਟਿਕਾਣਿਆਂ ਨੂੰ ਨੁਕਸਾਨ ਪਹੁੰਚਿਆ ਹੈ। ਹਮਲਿਆਂ ਕਾਰਨ ਕਈ ਰਿਹਾਇਸ਼ੀ ਇਮਾਰਤਾਂ ਤਬਾਹ ਹੋ ਗਈਆਂ ਹਨ ਅਤੇ ਕਰੀਬ 1 ਲੱਖ 40 ਹਜ਼ਾਰ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ।

ਯੂਕਰੇਨ ਦੇ ਆਰਥੋਡਾਕਸ ਚਰਚ ਦੇ ਮੁਖੀ, ਮੈਟਰੋਪੋਲੀਟਨ ਐਪੀਫੈਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਤਿੱਖਾ ਰੁਖ ਅਪਣਾਉਂਦੇ ਹੋਏ ਕਿਹਾ ਕਿ ਕ੍ਰੇਮਲਿਨ ਦੇ ਉਸ ‘ਐਂਟੀਕ੍ਰਾਈਸਟ’ ਨੂੰ ਹੋਰ ਕੀ ਕਰਨਾ ਬਾਕੀ ਰਹਿ ਗਿਆ ਹੈ ਤਾਂ ਜੋ ਦੁਨੀਆ ਇਹ ਸਮਝ ਸਕੇ ਕਿ ਹੁਣ ਫੈਸਲਾਕੁੰਨ ਕਦਮ ਚੁੱਕਣ ਦਾ ਸਮਾਂ ਆ ਗਿਆ ਹੈ? ਯੂਕਰੇਨ ਖ਼ਿਲਾਫ਼ ਰੂਸੀ ਅੱਤਵਾਦ ਅਤੇ ਸ਼ਾਂਤੀ ਦੇ ਬੁਨਿਆਦੀ ਸਿਧਾਂਤਾਂ ਤੇ ਹੋ ਰਹੇ ਇਨ੍ਹਾਂ ਹਮਲਿਆਂ ਦਾ ਅੰਤ ਹੋਣਾ ਹੀ ਚਾਹੀਦਾ ਹੈ।

ਇਸ ਦੌਰਾਨ, ਯੂਰਪੀਅਨ ਯੂਨੀਅਨ ਅਤੇ ਨਾਟੋ ਦੇ ਮੈਂਬਰ ਗੁਆਂਢੀ ਦੇਸ਼ ਪੋਲੈਂਡ ਨੇ ਅੱਜ ਆਪਣੇ ਹਵਾਈ ਖੇਤਰ ਵਿੱਚ ਰੂਸੀ ਘੁਸਪੈਠ ਦੇ ਖ਼ਦਸ਼ੇ ਦੇ ਮੱਦੇਨਜ਼ਰ ਅਹਿਤਿਆਤ ਵਜੋਂ ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ ਸਨ। ਹਾਲਾਂਕਿ, ਬਾਅਦ ਵਿੱਚ ਪੋਲਿਸ਼ ਫੌਜ ਨੇ ਐਕਸ ਤੇ ਜਾਣਕਾਰੀ ਦਿੱਤੀ ਕਿ ਹਵਾਈ ਖੇਤਰ ਦੀ ਉਲੰਘਣਾ ਦੀ ਕੋਈ ਘਟਨਾ ਨਹੀਂ ਹੋਈ, ਜਿਸ ਤੋਂ ਬਾਅਦ ਅਲਰਟ ਵਾਪਸ ਲੈ ਲਿਆ ਗਿਆ।

ਮੱਠ ਤੇ ਹੋਏ ਭਿਆਨਕ ਹਮਲੇ ਨੂੰ ਲੈ ਕੇ ਯੂਕਰੇਨ ਦੇ ਵਿਦੇਸ਼ ਮੰਤਰੀ ਐਂਡਰੀ ਸਿਬੀਹਾ ਨੇ ਕਿਹਾ ਕਿ ਇਸ ਬਰਬਰਤਾਪੂਰਨ ਕਾਰੇ ਖ਼ਿਲਾਫ਼ ਤੁਰੰਤ ਅਤੇ ਉਚਿਤ ਗਲੋਬਲ ਪ੍ਰਤੀਕਿਰਿਆ ਯਕੀਨੀ ਬਣਾਉਣ ਲਈ ਯੂਕਰੇਨ ਜਲਦੀ ਹੀ ਯੂਨੈਸਕੋ ਅਤੇ ਹੋਰ ਅੰਤਰਰਾਸ਼ਟਰੀ ਮੰਚਾਂ ਦਾ ਦਰਵਾਜ਼ਾ ਖੜਕਾਏਗਾ। ਦੂਜੇ ਪਾਸੇ, ਐਸਟੋਨੀਆ ਦੇ ਵਿਦੇਸ਼ ਮੰਤਰੀ ਮਾਰਗਸ ਤਸਾਹਕਨਾ ਨੇ ਵੀ ਇਨ੍ਹਾਂ ਰੂਸੀ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਅੱਜ ਤੜਕੇ ਯੂਕਰੇਨ ਦੇ ਇੱਕ ਵੱਡੇ ਹਿੱਸੇ ਵਿੱਚ ਹਵਾਈ ਹਮਲੇ ਦੇ ਸਾਇਰਨ ਗੂੰਜਦੇ ਰਹੇ। ਦੋਵਾਂ ਦੇਸ਼ਾਂ ਵੱਲੋਂ ਇੱਕ-ਦੂਜੇ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਰੂਸ ਦੇ ਅਸਮਾਨ ਵਿੱਚ ਯੂਕਰੇਨੀ ਡ੍ਰੋਨਾਂ ਨੂੰ ਖਦੇੜਿਆ ਗਿਆ।

ਯੂਕਰੇਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਇਹੋਰ ਕਲੀਮੈਂਕੋ ਨੇ ਟੈਲੀਗ੍ਰਾਮ ਤੇ ਦੱਸਿਆ ਕਿ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਰੂਸ ਵੱਲੋਂ ਕੀਤੇ ਗਏ ਇੱਕ ਹੋਰ ਹਮਲੇ ਵਿੱਚ ਐਮਰਜੈਂਸੀ ਸੇਵਾਵਾਂ ਦੇ 5 ਬਚਾਅ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ, ਸਥਾਨਕ ਅਧਿਕਾਰੀਆਂ ਅਨੁਸਾਰ ਸੁਮੀ ਇਲਾਕੇ ਵਿੱਚ ਵੀ ਇੱਕ ਬੱਚੇ ਸਮੇਤ 3 ਲੋਕ ਜ਼ਖਮੀ ਹੋਏ ਹਨ।

ਹਾਲਾਂਕਿ, ਰੂਸ ਅਤੇ ਯੂਕਰੇਨ ਦੋਵੇਂ ਹੀ ਨਾਗਰਿਕ ਟਿਕਾਣਿਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਦੇ ਦੋਸ਼ਾਂ ਤੋਂ ਇਨਕਾਰ ਕਰਦੇ ਹਨ।

International

ਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ

Published

on

By

ਪੇਈਚਿੰਗ, 23 ਅਕਤੂਬਰ (ਸ.ਬ.) ਚੀਨ ਦੇ ਤਿੱਬਤ ਖੇਤਰ ਵਿੱਚ ਬੀਤੀ ਸ਼ਾਮ 7 ਦੀ ਸ਼ਿੱਦਤ ਦਾ ਭੂਚਾਲ ਆਇਆ, ਜਿਸ ਨਾਲ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ 54 ਜ਼ਖ਼ਮੀ ਹੋ ਗਏ। ਇਸ ਦੌਰਾਨ ਉੱਤਰੀ ਖੇਤਰੀ ਸ਼ਹਿਰ ਨਾਗਚੂ ਵਿੱਚ ਸੈਂਕੜੇ ਮਕਾਨ ਢਹਿ-ਢੇਰੀ ਹੋ ਗਏ।

ਸ਼ਹਿਰ ਦੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਨਾਗਚੂ ਮੀਡੀਆ ਦਫ਼ਤਰ ਨੇ ਦੱਸਿਆ ਕਿ 339 ਮਕਾਨਾਂ ਅਤੇ 20 ਪਸ਼ੂਆਂ ਦੇ ਸ਼ੈਡਾਂ ਦੇ ਢਹਿ ਜਾਣ ਤੋਂ ਬਾਅਦ ਖੋਜ ਅਤੇ ਰਾਹਤ ਕਾਰਜ ਜਾਰੀ ਹਨ।

ਸਥਾਨਕ ਕਾਊਂਟੀ ਦੇ 1,600 ਤੋਂ ਵੱਧ ਲੋਕਾਂ ਨੂੰ ਰਾਹਤ ਕਾਰਜਾਂ ਲਈ ਤਾਇਨਾਤ ਕੀਤਾ ਗਿਆ। ਖੇਤਰ ਵਿੱਚ 1,000 ਪ੍ਰੀਫੈਬਰੀਕੇਟਿਡ ਹਾਊਸਿੰਗ ਯੂਨਿਟ (ਬਣੇ-ਬਣਾਏ ਮਕਾਨ), ਲਗਪਗ 3,000 ਤੰਬੂ ਅਤੇ ਫੋਲਡਿੰਗ ਬੈਡਾਂ ਦੇ ਨਾਲ-ਨਾਲ ਫਲੈਸ਼ਲਾਈਟਾਂ ਅਤੇ ਸਰਦੀਆਂ ਦੇ ਕੱਪੜਿਆਂ ਸਮੇਤ ਸਮੱਗਰੀ ਪਹੁੰਚ ਗਈ ਹੈ।

ਯੂ.ਐਸ. ਜੀਓਲੋਜੀਕਲ ਸਰਵੇ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਰਾਤ 10:33 ਵਜੇ ਆਇਆ, ਜਿਸ ਦਾ ਕੇਂਦਰ ਉੱਤਰੀ ਤਿੱਬਤ ਦੇ ਘੱਟ ਆਬਾਦੀ ਵਾਲੇ, ਉੱਚਾਈ ਵਾਲੇ ਖੇਤਰ ਵਿੱਚ ਨਾਗਚੂ ਤੋਂ 191 ਕਿਲੋਮੀਟਰ (119 ਮੀਲ) ਪੂਰਬ-ਉੱਤਰ-ਪੂਰਬ ਵਿੱਚ ਸੀ। ਇਸ ਨੇ ਭੂਚਾਲ ਦੀ ਡੂੰਘਾਈ 18 ਕਿਲੋਮੀਟਰ (11 ਮੀਲ) ਦੱਸੀ ਹੈ।

ਅਮਰੀਕੀ ਏਜੰਸੀ ਦੀ ਵੈਬਸਾਈਟ ਅਨੁਸਾਰ, ਉਸ ਨੇ 4.3 ਅਤੇ 5.2 ਦੇ ਵਿਚਕਾਰ ਤੀਬਰਤਾ ਵਾਲੇ ਸੱਤ ਬਾਅਦ ਦੇ ਝਟਕੇ ਦਰਜ ਕੀਤੇ, ਜੋ ਸਾਰੇ 10 ਕਿਲੋਮੀਟਰ (ਛੇ ਮੀਲ) ਦੀ ਡੂੰਘਾਈ ਤੇ ਸਨ।

ਚੀਨ ਨੇ ਅੱਜ ਦੱਸਿਆ ਕਿ ਖੇਤਰ ਦੇ ਕੁਝ ਹਿੱਸੇ ਵਿੱਚ ਸੰਚਾਰ ਠੱਪ ਹੋ ਗਿਆ ਹੈ। ਸਥਾਨਕ ਰੇਲਵੇ ਅਧਿਕਾਰੀਆਂ ਨੇ ਖੇਤਰ ਵਿੱਚੋਂ ਲੰਘਣ ਵਾਲੀਆਂ ਰੇਲਗੱਡੀਆਂ ਨੂੰ ਰੋਕਣ ਲਈ ਸੰਕਟਕਾਲੀਨ ਕਦਮ ਚੁੱਕੇ ਹਨ।

ਭੂਚਾਲ ਕਾਰਨ ਚੱਟਾਨਾਂ ਵੀ ਖਿਸਕੀਆਂ ਹਨ, ਜਿਸ ਕਾਰਨ ਸਥਾਨਕ ਅਧਿਕਾਰੀਆਂ ਨੂੰ ਕੌਮੀ ਰਾਜਮਾਰਗ 317 ਦਾ ਇੱਕ ਹਿੱਸਾ ਬੰਦ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਕਰਮਚਾਰੀਆਂ ਵੱਲੋਂ ਮਲਬਾ ਹਟਾਉਣ ਦਾ ਕੰਮ ਕੀਤੇ ਜਾਣ ਦੌਰਾਨ ਕੇਵਲ ਸੰਕਟਕਾਲੀਨ, ਰਾਹਤ ਅਤੇ ਸਰਕਾਰੀ ਸਹਾਇਤਾ ਵਾਲੇ ਵਾਹਨਾਂ ਨੂੰ ਹੀ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ।

ਅਗਲੇ ਤਿੰਨ ਦਿਨਾਂ ਵਿੱਚ ਭੂਚਾਲ ਵਾਲੇ ਖੇਤਰ ਵਿੱਚ ਰੁਕ-ਰੁਕ ਕੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਚੀਨ ਦੇ ਰਾਸ਼ਟਰੀ ਪ੍ਰਸਾਰਕ ਸੀ.ਸੀ.ਟੀ.ਵੀ. ਨੇ ਦੱਸਿਆ ਕਿ ਇਹ ਪਿਛਲੇ ਪੰਜ ਸਾਲਾਂ ਵਿੱਚ ਇਸ ਖੇਤਰ ਵਿੱਚ ਆਇਆ ਸਭ ਤੋਂ ਵੱਡਾ ਭੂਚਾਲ ਸੀ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰਾਹਤ ਕਾਰਜਾਂ ਅਤੇ ਡਾਕਟਰੀ ਸਹਾਇਤਾ ਦੇ ਕੰਮਾਂ ਵਿੱਚ ਪੂਰੇ ਜੋਰ-ਸ਼ੋਰ ਨਾਲ ਜੁਟਣ ਦਾ ਸੱਦਾ ਦਿੱਤਾ ਹੈ। ਨਾਗਚੂ ਤਿੱਬਤ ਦੀ ਰਾਜਧਾਨੀ ਲਹਾਸਾ ਤੋਂ 300 ਕਿਲੋਮੀਟਰ (186 ਮੀਲ) ਤੋਂ ਵੱਧ ਉੱਤਰ ਵਿੱਚ ਹੈ।

Continue Reading

International

ਸਾਊਦੀ ਅਰਬ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਮਲਾ, 1 ਵਿਅਕਤੀ ਦੀ ਮੌਤ, 8 ਗੰਭੀਰ ਜ਼ਖਮੀ

Published

on

By

ਰਿਆਦ, 22 ਅਕਤੂਬਰ (ਸ.ਬ.) ਸਊਦੀ ਅਰਬ ਦੇ ਦੰਮਾਮ ਸਥਿਤ ਕਿੰਗ ਫਾਹਦ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਬੀਤੀ ਦੇਰ ਸ਼ਾਮ ਇੱਕ ਹਮਲਾ ਹੋਇਆ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ; ਸਾਰਿਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ, ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਰਾਜਦੂਤਾਂ ਨੂੰ ਦੇਸ਼ ਛੱਡਣ ਦੇ ਹੁਕਮ ਜਾਰੀ ਕੀਤੇ ਹਨ। ਸਾਊਦੀ ਅਰਬ ਦੀ ਜਨਰਲ ਅਥਾਰਟੀ ਆਫ਼ ਸਿਵਲ ਏਵੀਏਸ਼ਨ ਨੇ ਅੱਜ ਇਹ ਜਾਣਕਾਰੀ ਦਿੱਤੀ। ਅਥਾਰਟੀ ਅਨੁਸਾਰ, ਇਸ ਹਮਲੇ ਕਾਰਨ ਜਾਇਦਾਦ ਦਾ ਵੀ ਨੁਕਸਾਨ ਹੋਇਆ ਹੈ। ਨੁਕਸਾਨ ਦੀ ਹੱਦ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜਾਰੀ ਇੱਕ ਬਿਆਨ ਵਿੱਚ, ਜਨਰਲ ਅਥਾਰਟੀ ਆਫ਼ ਸਿਵਲ ਏਵੀਏਸ਼ਨ ਨੇ ਦੱਸਿਆ ਕਿ ਇਹ ਹਮਲਾ ਬੀਤੀ ਸ਼ਾਮ ਹੋਇਆ ਸੀ। ਅਥਾਰਟੀ ਨੇ ਕਿਹਾ ਕਿ ਇਸ ਘਟਨਾ ਬਾਰੇ ਹੋਰ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

ਅਮਰੀਕੀ ਵਿਦੇਸ਼ ਵਿਭਾਗ ਨੇ ਸਾਊਦੀ ਅਰਬ ਵਿੱਚ ਮੌਜੂਦ ਅਮਰੀਕੀ ਸਰਕਾਰ ਦੇ ਉਨ੍ਹਾਂ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉੱਥੋਂ ਵਾਪਸ ਆਉਣ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਦਾ ਉੱਥੇ ਰਹਿਣਾ ਕਿਸੇ ਐਮਰਜੈਂਸੀ ਕਾਰਨ ਕਰਕੇ ਜ਼ਰੂਰੀ ਨਹੀਂ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਐਕਸ ਤੇ ਲਿਖਿਆ ਹੈ ਕਿ ਇਰਾਨ-ਸਮਰਥਿਤ ਹੂਤੀ ਬਾਗੀ ਸਾਊਦੀ ਅਰਬ ਵਿਰੁੱਧ ਲਗਾਤਾਰ ਵਧੇਰੇ ਦੁਸ਼ਮਣਾਨਾ ਕਾਰਵਾਈਆਂ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਵਿਚ ਇਕ ਨਾਗਰਿਕ ਹਵਾਈ ਅੱਡੇ ਅਤੇ ਹੋਰ ਜ਼ਰੂਰੀ ਬੁਨਿਆਦੀ ਢਾਂਚੇ ਤੇ ਕੀਤੇ ਗਏ ਹਮਲੇ ਸ਼ਾਮਲ ਹਨ, ਜਿਨ੍ਹਾਂ ਦੇ ਨਤੀਜੇ ਵਜੋਂ ਆਮ ਨਾਗਰਿਕਾਂ ਦੀ ਜਾਨ ਗਈ ਹੈ ਅਤੇ ਆਵਾਜਾਈ ਵਿੱਚ ਭਾਰੀ ਵਿਘਨ ਪਿਆ ਹੈ। ਸਾਡੇ ਵਿਭਾਗ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ, ਅਤੇ ਅਸੀਂ ਉਨ੍ਹਾਂ ਦੀ ਸੁਰੱਖਿਆ ਅਤੇ ਸਹਾਇਤਾ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕਣੇ ਜਾਰੀ ਰੱਖਾਂਗੇ।

Continue Reading

International

ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ

Published

on

By

ਅਲਬਰਟਾ, 19 ਅਕਤੂਬਰ (ਸ.ਬ.) ਕੈਨੇਡਾ ਦੇ ਅਲਬਰਟਾ ਸਥਿਤ ਇੱਕ ਮਿਲਟਰੀ ਬੇਸ ਤੇ ਲਾਈਵ-ਫਾਇਰ ਜੰਗੀ ਅਭਿਆਸ ਦੌਰਾਨ ਤੇਜ਼ੀ ਨਾਲ ਫੈਲੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਕੈਨੇਡੀਅਨ ਫ਼ੌਜ ਦੇ 4 ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ 39 ਹੋਰ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਅਨੁਸਾਰ ਜ਼ਖ਼ਮੀਆਂ ਵਿੱਚੋਂ 19 ਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਮੇਜਰ ਜਨਰਲ ਵੇਡ ਰੁਟਲੈਂਡ ਨੇ ਦੱਸਿਆ ਕਿ ਮਿਲਟਰੀ ਅਧਿਕਾਰੀਆਂ ਨੂੰ ਕਈ ਘੰਟਿਆਂ ਤੋਂ ਅੱਗ ਬਾਰੇ ਜਾਣਕਾਰੀ ਸੀ, ਪਰ ਉਨ੍ਹਾਂ ਦਾ ਮੰਨਣਾ ਸੀ ਕਿ ਅੱਗ ਤੇ ਕਾਬੂ ਪਾਇਆ ਹੋਇਆ ਹੈ ਅਤੇ ਸਿਖਲਾਈ ਜਾਰੀ ਰੱਖੀ ਜਾ ਸਕਦੀ ਹੈ। ਪਰ ਅਚਾਨਕ ਹਵਾ ਦਾ ਰੁਖ਼ ਬਦਲ ਗਿਆ ਅਤੇ ਤੇਜ਼ ਲਪਟਾਂ ਨੇ ਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਐਡਮੰਟਨ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਦੱਸਿਆ ਕਿ ਜਦੋਂ ਹਵਾ ਦਾ ਰੁਖ਼ ਬਦਲਿਆ, ਉਦੋਂ ਅੱਗ ਇੱਕ ਕਿਲੋਮੀਟਰ ਦੂਰ ਸੀ। ਅੱਗ ਦਾ ਸਿਰਫ਼ 36 ਸੈਕਿੰਡਾਂ ਵਿੱਚ ਇੱਕ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਨਾ ਇੱਕ ਅਸਾਧਾਰਨ ਘਟਨਾ ਹੈ। ਰੁਟਲੈਂਡ ਨੇ ਮੌਕੇ ਤੇ ਮੌਜੂਦ ਇੱਕ ਕਮਾਂਡਰ ਦੇ ਹਵਾਲੇ ਨਾਲ ਦੱਸਿਆ ਕਿ ਫ਼ੌਜੀਆਂ ਨੂੰ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਅੱਗ ਨੇ ਚਾਰੇ ਪਾਸਿਓਂ ਘੇਰ ਲਿਆ।

Continue Reading

Latest News

Trending