Connect with us

Editorial

ਮਰਦ ਨੂੰ ਵੀ ਦਰਦ ਹੁੰਦਾ ਹੈ : ਹੱਸਦੇ ਚਿਹਰੇ ਪਿੱਛੇ ਛੁਪਿਆ ਸੱਚ

Published

on

(ਆਪਣੀਆਂ ਲੋੜਾਂ ਨੂੰ ਪਿੱਛੇ ਰੱਖ ਕੇ ਪਰਿਵਾਰ ਦੇ ਹਰ ਰਿਸ਼ਤੇ ਦਾ ਫ਼ਰਜ਼ ਨਿਭਾਉਣ ਦਾ ਸੰਘਰਸ਼)

ਇੱਕ ਮਰਦ ਹੋਣਾ ਦੇਖਣ ਨੂੰ ਭਾਵੇਂ ਬਹੁਤ ਸੌਖਾ, ਸਰਲ ਅਤੇ ਆਮ ਲੱਗਦਾ ਹੈ, ਪਰ ਅਸਲ ਜ਼ਿੰਦਗੀ ਵਿੱਚ ਇਸ ਦੇ ਪਿੱਛੇ ਬਹੁਤ ਸਾਰੀਆਂ ਗੁੰਝਲਦਾਰ ਮੁਸ਼ਕਿਲਾਂ ਅਤੇ ਅਣਗਿਣਤ ਮਾਨਸਿਕ ਚੁਣੌਤੀਆਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਸਾਡੇ ਸਮਾਜ ਵਿੱਚ ਆਮ ਤੌਰ ਤੇ ਕਦੇ ਵੀ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ। ਅੱਜ ਦੇ ਇਸ ਆਧੁਨਿਕ ਅਤੇ ਜਾਗਰੂਕ ਸਮੇਂ ਵਿੱਚ ਜਿੱਥੇ ਹਰ ਕੋਈ ਆਪਣੇ ਹੱਕਾਂ, ਆਪਣੀ ਨਿੱਜੀ ਆਜ਼ਾਦੀ, ਅਧਿਕਾਰਾਂ ਅਤੇ ਬਰਾਬਰੀ ਦੀ ਗੱਲ ਬਹੁਤ ਉੱਚੀ ਆਵਾਜ਼ ਵਿੱਚ ਕਰਦਾ ਹੈ, ਉੱਥੇ ਹੀ ਮਰਦਾਂ ਦੇ ਸਿਰ ਤੇ ਪੈਣ ਵਾਲੀਆਂ ਭਾਰੀ ਪਰਿਵਾਰਕ ਜ਼ਿੰਮੇਵਾਰੀਆਂ, ਉਨ੍ਹਾਂ ਦੇ ਮਾਨਸਿਕ ਤਣਾਅ ਅਤੇ ਉਨ੍ਹਾਂ ਦੇ ਮਨ ਦੇ ਗੂੜ੍ਹੇ ਦੁੱਖਾਂ ਨੂੰ ਸਮਾਜਿਕ ਤੌਰ ਤੇ ਕੋਈ ਖਾਸ ਅਹਿਮੀਅਤ ਜਾਂ ਹਮਦਰਦੀ ਨਹੀਂ ਦਿੱਤੀ ਜਾਂਦੀ। ਜਦੋਂ ਇੱਕ ਮੁੰਡਾ ਅਜੇ ਛੋਟਾ ਹੀ ਹੁੰਦਾ ਹੈ ਅਤੇ ਉਸ ਨੂੰ ਦੁਨੀਆ ਦੀਆਂ ਚਲਾਕੀਆਂ ਦੀ ਸਮਝ ਵੀ ਨਹੀਂ ਹੁੰਦੀ, ਉਸ ਦੇ ਕੋਮਲ ਅਤੇ ਮਾਸੂਮ ਮਨ ਵਿੱਚ ਇਹ ਗੱਲ ਬਹੁਤ ਡੂੰਘਾਈ ਨਾਲ ਬਿਠਾ ਦਿੱਤੀ ਜਾਂਦੀ ਹੈ ਕਿ ਉਸਨੇ ਵੱਡਾ ਹੋ ਕੇ ਬਹੁਤ ਸਾਰੇ ਪੈਸੇ ਕਮਾਉਣੇ ਹਨ ਅਤੇ ਘਰ ਦਾ ਸਾਰਾ ਆਰਥਿਕ ਖਰਚਾ ਆਪਣੇ ਸਿਰ ਤੇ ਚੁੱਕਣਾ ਹੈ।

ਸਾਡੇ ਪਰੰਪਰਾਗਤ ਪੁਰਸ਼ ਪ੍ਰਧਾਨ ਸਮਾਜ ਵਿੱਚ ਇਹ ਇੱਕ ਅਟੱਲ ਨਿਯਮ ਵਾਂਗ ਪੱਕਾ ਮੰਨਿਆ ਜਾਂਦਾ ਹੈ ਕਿ ਮਰਦ ਕੁਦਰਤੀ ਤੌਰ ਤੇ ਬਹੁਤ ਤਾਕਤਵਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਕਦੇ ਵੀ ਕੋਈ ਸਰੀਰਕ ਪੀੜ ਜਾਂ ਮਾਨਸਿਕ ਤਕਲੀਫ਼ ਪ੍ਰਭਾਵਿਤ ਨਹੀਂ ਕਰ ਸਕਦੀ। ਛੋਟੇ ਹੁੰਦਿਆਂ ਤੋਂ ਹੀ ਲੜਕਿਆਂ ਨੂੰ ਘਰਾਂ ਦੇ ਅੰਦਰ ਅਤੇ ਬਾਹਰ ਖੇਡਦੇ ਹੋਏ ਇਹ ਪਾਠ ਬਾਰ-ਬਾਰ ਪੜ੍ਹਾਇਆ ਜਾਂਦਾ ਹੈ ਕਿ ਰੋਣਾ ਸਿਰਫ਼ ਕੁੜੀਆਂ ਦਾ ਕੰਮ ਹੈ ਅਤੇ ਮਰਦਾਂ ਨੂੰ ਹਰ ਮੁਸ਼ਕਿਲ, ਦੁੱਖ ਅਤੇ ਦਰਦ ਦੇ ਹਾਲਾਤ ਵਿੱਚ ਹਮੇਸ਼ਾ ਬਹਾਦਰ, ਲੋਹੇ ਵਾਂਗ ਸਖ਼ਤ ਅਤੇ ਅਡੋਲ ਰਹਿਣਾ ਚਾਹੀਦਾ ਹੈ। ਇਸੇ ਪੁਰਾਣੀ ਸੋਚ ਅਤੇ ਸਮਾਜਿਕ ਦਬਾਅ ਕਾਰਨ ਇੱਕ ਮਰਦ ਆਪਣੇ ਹਰ ਦਰਦ, ਅੰਦਰੂਨੀ ਤਕਲੀਫ਼, ਬੇਬਸੀ ਅਤੇ ਨਿਰਾਸ਼ਾ ਨੂੰ ਆਪਣੇ ਮਨ ਦੇ ਕਿਸੇ ਕੋਨੇ ਵਿੱਚ ਦਬਾ ਕੇ ਰੱਖਦਾ ਹੈ ਅਤੇ ਕਦੇ ਵੀ ਆਪਣੇ ਹੰਝੂਆਂ ਨੂੰ ਅੱਖਾਂ ਵਿੱਚੋਂ ਬਾਹਰ ਨਹੀਂ ਆਉਣ ਦਿੰਦਾ।

ਇੱਕ ਮਰਦ ਦੀ ਪੂਰੀ ਜ਼ਿੰਦਗੀ ਪਰਿਵਾਰ ਦੇ ਵੱਖ-ਵੱਖ ਰਿਸ਼ਤਿਆਂ ਦੀਆਂ ਬੇਅੰਤ ਉਮੀਦਾਂ ਨੂੰ ਨਿਭਾਉਂਦਿਆਂ, ਸਭ ਨੂੰ ਖੁਸ਼ ਰੱਖਦਿਆਂ ਅਤੇ ਰਿਸ਼ਤਿਆਂ ਵਿਚਕਾਰ ਸੰਤੁਲਨ ਬਣਾਉਂਦਿਆਂ ਹੀ ਲੰਘ ਜਾਂਦੀ ਹੈ। ਕਦੇ ਉਹ ਇੱਕ ਚੰਗਾ ਅਤੇ ਆਗਿਆਕਾਰੀ ਪੁੱਤਰ ਬਣਦਾ ਹੈ, ਕਦੇ ਪਰਿਵਾਰ ਨੂੰ ਸਹਾਰਾ ਦੇਣ ਵਾਲਾ ਜ਼ਿੰਮੇਵਾਰ ਭਰਾ ਬਣਦਾ ਹੈ, ਕਦੇ ਪਤਨੀ ਦੀਆਂ ਉਮੀਦਾਂ ਤੇ ਖਰਾ ਉਤਰਨ ਵਾਲਾ ਪਤੀ ਅਤੇ ਕਦੇ ਆਪਣੇ ਬੱਚਿਆਂ ਦੇ ਭਵਿੱਖ ਲਈ ਦਿਨ-ਰਾਤ ਇੱਕ ਕਰਨ ਵਾਲਾ ਪਿਆਰ ਕਰਨ ਵਾਲਾ ਪਿਤਾ ਬਣ ਕੇ ਆਪਣਾ ਹਰ ਫ਼ਰਜ਼ ਪੂਰੀ ਸ਼ਿੱਦਤ ਨਾਲ ਨਿਭਾਉਂਦਾ ਹੈ।

ਘਰ ਦਾ ਰਾਸ਼ਨ, ਬੱਚਿਆਂ ਦੀ ਸਕੂਲ ਦੀ ਮਹਿੰਗੀ ਫੀਸ, ਬਿਮਾਰ ਅਤੇ ਬੁੱਢੇ ਮਾਪਿਆਂ ਦੀ ਦਵਾਈ ਅਤੇ ਸਮਾਜਿਕ ਰਿਸ਼ਤੇਦਾਰੀਆਂ ਨੂੰ ਸੰਭਾਲਣਾ ਉਸ ਦੇ ਰੋਜ਼ਾਨਾ ਦੇ ਅਜਿਹੇ ਬੰਧਨ ਅਤੇ ਕੰਮ ਹਨ ਜਿਨ੍ਹਾਂ ਤੋਂ ਉਹ ਚਾਹ ਕੇ ਵੀ ਕਦੇ ਪਿੱਛੇ ਨਹੀਂ ਹਟ ਸਕਦਾ। ਭਾਵੇਂ ਉਸ ਦੀ ਆਪਣੀ ਜੇਬ ਖਾਲੀ ਹੋਵੇ ਜਾਂ ਉਸਦੇ ਕੰਮ-ਕਾਰ ਜਾਂ ਨੌਕਰੀ ਵਿੱਚ ਘਾਟਾ ਪੈ ਗਿਆ ਹੋਵੇ, ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਦੀ ਭਿਣਕ ਵੀ ਨਹੀਂ ਲੱਗਣ ਦਿੰਦਾ ਤਾਂ ਜੋ ਘਰ ਦੀ ਸ਼ਾਂਤੀ ਅਤੇ ਮਾਹੌਲ ਖਰਾਬ ਨਾ ਹੋਵੇ। ਉਹ ਆਪਣੇ ਪਰਿਵਾਰ ਦੇ ਹਰ ਮੈਂਬਰ ਦੀਆਂ ਖੁਸ਼ੀਆਂ, ਤਿਉਹਾਰਾਂ ਅਤੇ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਨਵੇਂ ਕੱਪੜੇ, ਆਪਣੀਆਂ ਛੋਟੀਆਂ-ਛੋਟੀਆਂ ਇੱਛਾਵਾਂ ਜਾਂ ਆਪਣੀਆਂ ਬੁਨਿਆਦੀ ਨਿੱਜੀ ਲੋੜਾਂ ਨੂੰ ਹਮੇਸ਼ਾ ਸਭ ਤੋਂ ਪਿੱਛੇ ਰੱਖਦਾ ਹੈ। ਇਸ ਸਭ ਦੇ ਬਾਵਜੂਦ ਜੇਕਰ ਕੋਈ ਕਮੀ ਰਹਿ ਜਾਂਦੀ ਹੈ ਤਾਂ ਉਸਦਾ ਸਾਰਾ ਕਸੂਰ ਸਿਰਫ਼ ਮਰਦ ਦਾ ਹੀ ਕੱਢਿਆ ਜਾਂਦਾ ਹੈ।

ਪੈਸੇ ਕਮਾਉਣ ਦੇ ਲਗਾਤਾਰ ਵਧ ਰਹੇ ਦਬਾਅ ਕਰਕੇ ਅੱਜ ਬਹੁਤ ਸਾਰੇ ਮਰਦ ਅੰਦਰੋਂ ਬਹੁਤ ਜ਼ਿਆਦਾ ਪਰੇਸ਼ਾਨ, ਚਿੰਤਤ ਅਤੇ ਬਿਲਕੁਲ ਇਕੱਲੇ ਰਹਿਣ ਲੱਗ ਗਏ ਹਨ ਪਰੰਤੂ ਉਹ ਆਪਣੀ ਇਸ ਮਾਨਸਿਕ ਪਰੇਸ਼ਾਨੀ ਅਤੇ ਦਿਲ ਦੇ ਗੁਬਾਰ ਬਾਰੇ ਕਿਸੇ ਨਾਲ ਗੱਲ ਵੀ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੂੰ ਹਮੇਸ਼ਾ ਇਹ ਡਰ ਸਤਾਉਂਦਾ ਰਹਿੰਦਾ ਹੈ ਕਿ ਲੋਕ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਨੂੰ ਕਮਜ਼ੋਰ ਸਮਝਣਗੇ, ਉਨ੍ਹਾਂ ਦੀ ਮਰਦਾਨਗੀ ਤੇ ਸਵਾਲ ਚੁੱਕਣਗੇ ਜਾਂ ਸਮਾਜ ਵਿੱਚ ਉਨ੍ਹਾਂ ਦਾ ਮਜ਼ਾਕ ਉਡਾਉਣਗੇ।

ਸਾਨੂੰ ਸਾਰਿਆਂ ਨੂੰ ਇਹ ਗੱਲ ਬਹੁਤ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨਾਲ ਸਮਝਣੀ ਚਾਹੀਦੀ ਹੈ ਕਿ ਮਰਦ ਕੋਈ ਲੋਹੇ ਜਾਂ ਪੱਥਰ ਦੀ ਬਣੀ ਮਸ਼ੀਨ ਨਹੀਂ ਹੁੰਦੇ, ਉਹ ਵੀ ਸਾਡੇ ਵਰਗੇ ਹੀ ਭਾਵਨਾਵਾਂ, ਅਹਿਸਾਸਾਂ ਅਤੇ ਜਜ਼ਬਾਤਾਂ ਨਾਲ ਭਰੇ ਇਨਸਾਨ ਹਨ ਅਤੇ ਬਹੁਤ ਜ਼ਿਆਦਾ ਦਬਾਅ ਹੋਣ ਤੇ ਉਨ੍ਹਾਂ ਦਾ ਵੀ ਕਦੇ-ਕਦੇ ਬੱਚਿਆਂ ਵਾਂਗ ਉੱਚੀ-ਉੱਚੀ ਰੋਣ ਦਾ ਮਨ ਕਰਦਾ ਹੈ। ਮਰਦ ਹੋਣ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਉਹ ਦੁਨੀਆ ਦਾ ਹਰ ਦੁੱਖ, ਹਰ ਪਰਿਵਾਰਕ ਤਕਲੀਫ਼, ਹਰ ਜ਼ਿੰਮੇਵਾਰੀ ਅਤੇ ਹਰ ਨਾਕਾਮਯਾਬੀ ਦਾ ਭਾਰੀ ਬੋਝ ਇਕੱਲੇ ਹੀ ਆਪਣੇ ਮੋਢਿਆਂ ਤੇ ਸਹਿੰਦੇ ਰਹਿਣ, ਅੰਦਰੇ-ਅੰਦਰ ਘੁਟਦੇ ਰਹਿਣ ਅਤੇ ਬਿਨਾਂ ਕੁਝ ਕਹੇ ਇਸ ਦੁਨੀਆ ਤੋਂ ਚਲੇ ਜਾਣ।

ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਘਰ ਦੇ ਮਰਦਾਂ, ਚਾਹੇ ਉਹ ਪਿਤਾ ਹੋਵੇ, ਭਰਾ ਹੋਵੇ, ਪਤੀ ਹੋਵੇ ਜਾਂ ਪੁੱਤਰ ਹੋਵੇ, ਉਨ੍ਹਾਂ ਦੀ ਮਿਹਨਤ, ਤਿਆਗ ਅਤੇ ਨਿਰਸਵਾਰਥ ਪਿਆਰ ਨੂੰ ਸਮਝੀਏ ਅਤੇ ਉਸ ਦੀ ਕਦਰ ਕਰੀਏ। ਸਾਨੂੰ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣਾ ਚਾਹੀਦਾ ਹੈ ਕਿ ਪਰਿਵਾਰ ਵਿੱਚ ਉਨ੍ਹਾਂ ਦੀ ਅਹਿਮੀਅਤ ਸਿਰਫ਼ ਉਨ੍ਹਾਂ ਦੀ ਕਮਾਈ, ਬੈਂਕ ਬੈਲੈਂਸ ਜਾਂ ਪੈਸਿਆਂ ਨਾਲ ਨਹੀਂ ਹੈ, ਬਲਕਿ ਇੱਕ ਇਨਸਾਨ ਵਜੋਂ ਅਤੇ ਇੱਕ ਪਿਆਰੇ ਮੈਂਬਰ ਵਜੋਂ ਉਨ੍ਹਾਂ ਦੀ ਮੌਜੂਦਗੀ ਸਾਡੇ ਲਈ ਸਭ ਤੋਂ ਵੱਡੀ ਦੌਲਤ ਹੈ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇੱਕ ਹੱਸਦੇ ਹੋਏ ਚਿਹਰੇ ਦੇ ਪਿੱਛੇ ਬਹੁਤ ਸਾਰਾ ਦਰਦ ਛੁਪਿਆ ਹੈ, ਅਤੇ ਮਰਦ ਨੂੰ ਵੀ ਦਰਦ ਹੁੰਦਾ ਹੈ, ਇਸ ਲਈ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ।

ਚਾਨਣਦੀਪ ਸਿੰਘ ਔਲਖ

ਸੰਪਰਕ 9876888177

Continue Reading

Editorial

ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਲਗਾਤਾਰ ਗੰਭੀਰ ਹੁੰਦੀ ਸਮੱਸਿਆ ਨੂੰ ਹਲ ਕਰੇ ਪ੍ਰਸ਼ਾਸਨ

Published

on

By

ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸਮੱਸਿਆ ਵਿੱਚ ਲਗਾਤਾਰ ਵਾਧਾ ਹੋਇਆ ਹੈ ਅਤੇ ਸ਼ਹਿਰ ਵਾਸੀ ਅਕਸਰ ਇਸਦੀ ਸ਼ਿਕਾਇਤ ਵੀ ਕਰਦੇ ਹਨ। ਮੌਜੂਦਾ ਹਾਲਾਤ ਇਹ ਹਨ ਕਿ ਸ਼ਹਿਰ ਦੀਆਂ ਸੜਕਾਂ ਦੀ ਸਮਰਥਾ ਦੇ ਮੁਕਾਬਲੇ ਉਹਨਾਂ ਤੇ ਚੱਲਣ ਵਾਲੇ ਵਾਹਨਾਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਇਸ ਕਾਰਨ ਆਵਾਜਾਈ ਦੀ ਗੰਭੀਰ ਸਮੱਸਿਆ ਪੇਸ਼ ਆਉਂਦੀ ਹੈ। ਵੈਸੇ ਵੀ ਅੱਜ ਕੱਲ ਨਵਾਂ ਵਾਹਨ ਲੈਣਾ ਤਾਂ ਆਸਾਨ ਹੈ ਅਤੇ ਹਰ ਵਿਅਕਤੀ ਕੋਲ ਕੋਈ ਨਾ ਕੋਈ ਨਿੱਜੀ ਵਾਹਨ ਹੈ ਪਰੰਤੂ ਸੜਕਾਂ ਦੀ ਭੀੜ ਕਾਰਨ ਵਾਹਨ ਚਲਾਉਣਾ ਹੀ ਔਖਾ ਹੋ ਗਿਆ ਹੈ।

ਸਾਡੇ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਇੱਕ ਪ੍ਰਮੁਖ ਕਾਰਨ ਇਹ ਵੀ ਹੈ ਕਿ ਪੰਜਾਬ ਸਰਕਾਰ ਦੇ ਜਿਆਦਾਤਰ ਮੁੱਖ ਦਫਤਰ ਹੁਣ ਸਾਡੇ ਸ਼ਹਿਰ ਵਿੱਚ ਤਬਦੀਲ ਹੋ ਗਏ ਹਨ ਅਤੇ ਇਹਨਾਂ ਦਫਤਰਾਂ ਦੇ ਮੁਲਾਜਮਾਂ ਤੋਂ ਇਲਾਵਾ ਇਹਨਾਂ ਦਫਤਰਾਂ ਵਿੱਚ ਆਪਣੇ ਕੰਮਾਂ ਕਾਰਾਂ ਲਈ ਆਏ ਲੋਕ ਵੀ ਆਪਣੇ ਵਾਹਨਾਂ ਰਾਂਹੀ ਸ਼ਹਿਰ ਵਿੱਚ ਆਉਂਦੇ ਜਾਂਦੇ ਹਨ, ਜਿਸ ਕਾਰਨ ਸੜਕਾਂ ਤੇ ਵਾਹਨਾਂ ਦੀ ਭੀੜ ਵੱਧਦੀ ਹੈ। ਸ਼ਹਿਰ ਵਿਚਲੀ ਆਵਾਜਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਦਾ ਰੱਖਣ ਲਈ ਭਾਵੇਂ ਇੱਥੇ ਟ੍ਰੈਫਿਕ ਪੁਲੀਸ ਵੀ ਤੈਨਾਤ ਹੈ ਪਰੰਤੂ ਲੋਕਾਂ ਦੀ ਆਮ ਸ਼ਿਕਾਇਤ ਹੈ ਕਿ ਵੱਖ ਵੱਖ ਟ੍ਰੈਫਿਕ ਲਾਈਟਾਂ ਤੇ ਖੜ੍ਹੇ ਦਿਖਦੇ ਟੈ੍ਰਫਿਕ ਪੁਲੀਸ ਦੇ ਕਰਮਚਾਰੀਆਂ ਦਾ ਧਿਆਨ ਆਵਾਜਾਈ ਨੂੰ ਸੁਚਾਰੂਰੂਪ ਨਾਲ ਚਲਦਾ ਰੱਖਣ ਦੀ ਥਾਂ ਵਾਹਨ ਚਾਲਕਾਂ ਦੇ ਚਲਾਨ ਕਰਨ ਵੱਲ ਵਧੇਰੇ ਰਹਿੰਦਾ ਹੈ।

ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਲਈ ਵਾਹਨ ਚਾਲਕਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਕੇ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਕਾਹਲ ਵੀ ਕਾਫੀ ਹੱਦ ਤਕ ਜਿੰਮੇਵਾਰ ਸਾਬਿਤ ਹੁੰਦੀ ਹੈ ਜਿਸ ਕਾਰਨ ਸੜਕਾਂ ਤੇ ਅਕਸਰ ਜਾਮ ਵਰਗੀ ਹਾਲਤ ਬਣ ਜਾਂਦੀ ਹੈ। ਇਸਤੋਂ ਇਲਾਵਾ ਸੜਕਾਂ ਤੇ ਗੇੜੀਆਂ ਮਾਰਨ ਦੇ ਸ਼ੌਕੀਨ ਨੌਜਵਾਨਾਂ ਦਾ ਵੀ ਇਸ ਸਮੱਸਿਆ ਵਿੱਚ ਹੋਣ ਵਾਲੇ ਵਾਧੇ ਵਿੱਚ ਵੱਡਾ ਯੋਗਦਾਨ ਹੈ ਜਿਹੜੇ ਸਾਰਾ ਦਿਨ ਆਪਣੇ ਵਾਹਨ ਇਧਰੋਂ ਉਧਰ ਘੁਮਾਉਂਦੇ ਰਹਿੰਦੇ ਹਨ। ਚੰਡੀਗੜ੍ਹ ਵਿੱਚ ਪੁਲੀਸ ਦੀ ਸਖਤੀ ਕਾਰਨ ਨੌਜਵਾਨਾਂ ਦੇ ਇਹ ਟੋਲੇ ਮੁਹਾਲੀ ਸ਼ਹਿਰ ਨੂੰ ਵੱਧ ਸੁਰਖਿਅਤ ਟਿਕਾਣਾ ਸਮਝਦੇ ਹਨ ਅਤੇ ਸਾਰਾ ਦਿਨ ਇੱਥੇ ਹੀ ਖਰਮਸਤੀਆਂ ਕਰਦੇ ਦਿਖਦੇ ਹਨ।

ਇਹਨਾਂ ਸਭਦੇ ਨਾਲ ਸਾਡੇ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਦੇ ਆਟੋ ਰਿਕਸ਼ਿਆਂ ਕਾਰਨ ਵੀ ਆਵਾਜਾਈ ਵਿਵਸਥਾ ਵਿੱਚ ਵੱਡੀ ਰੁਕਾਵਟ ਆਉਂਦੀ ਹੈ ਜਿਹੜੇ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਦੇ ਹਨ। ਇਹ ਆਟੋ ਚਾਲਕ ਜਦੋਂ ਸੜਕਾਂ ਤੇ ਚਲਦੇ ਹਨ ਤਾਂ ਇਹਨਾਂ ਦੇ ਜਿਆਦਾਤਰ ਚਾਲਕ ਇਕ ਦੂਜੇ ਤੋਂ ਅੱਗੇ ਹੋ ਕੇ ਸਵਾਰੀਆਂ ਚੁਕਣ ਲਈ ਤੇਜ ਰਫਤਾਰ ਨਾਲ ਆਟੋ ਚਲਾਉਂਦੇ ਹਨ ਜਿਸ ਕਾਰਨ ਬਾਕੀ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ। ਕਿਸੇ ਸਵਾਰੀ ਨੂੰ ਵੇਖ ਕੇ ਸੜਕ ਤੇ ਚਲਦੇ ਚਲਦੇ ਕੋਈ ਆਟੋ ਚਾਲਕ ਕਦੋਂ ਆਪਣੇ ਵਾਹਨ ਨੂੰ ਅਚਾਨਕ ਬ੍ਰੇਕ ਲਗਾ ਦੇਵੇਗਾ ਕੁੱਝ ਕਿਹਾ ਨਹੀਂ ਜਾ ਸਕਦਾ ਅਤੇ ਇਸ ਕਾਰਨ ਕਈ ਵਾਰ ਸੜਕ ਹਾਦਸੇ ਵੀ ਵਾਪਰਦੇ ਹਨ। ਇਹਨਾਂ ਆਟੋ ਚਾਲਕਾਂ ਵਲੋਂ ਸ਼ਹਿਰ ਵਿੱਚ ਮੁੱਖ ਸੜਕਾਂ ਦੇ ਕਿਨਾਰੇ ਕਈ ਥਾਵਾਂ ਤੇ ਆਪਣੇ ਪੱਕੇ ਅੱਡੇ ਬਣਾਏ ਹੋਏ ਹਨ, ਜਿੱਥੇ ਸਾਰਾ ਦਿਨ ਵੱਡੀ ਗਿਣਤੀ ਵਿੱਚ ਆਟੋ ਰਿਕਸ਼ੇ ਖੜ੍ਹੇ ਰਹਿੰਦੇ ਹਨ ਅਤੇ ਇਹਨਾਂ ਕਾਰਨ ਵੀ ਆਵਾਜਾਈ ਵਿਚ ਵਿਘਨ ਪੈਂਦਾ ਹੈ।

ਸ਼ਹਿਰ ਦੀਆਂ ਮੁੱਖ ਸੜਕਾਂ ਕਿਨਾਰੇ ਖੜ੍ਹਦੇ ਵਾਹਨ ਵੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਵੱਡਾ ਕਾਰਨ ਬਣਦੇ ਹਨ। ਸ਼ਹਿਰ ਦੀਆਂ ਮਾਰਕੀਟਾਂ ਵਿੱਚ ਵਾਹਨਾਂ ਦੀ ਲਗਾਤਾਰ ਵੱਧਦੀ ਭੀੜ ਅਤੇ ਪਾਰਕਿੰਗਾਂ ਵਿੱਚ ਲੋਕਾਂ ਵਲੋਂ ਬੇਤਰਤੀਬ ਢੰਗ ਨਾਲ ਖੜ੍ਹੇ ਕੀਤੇ ਵਾਹਨਾਂ ਕਾਰਨ ਜਦੋਂ ਲੋਕਾਂ ਨੂੰ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵਾਹਨ ਖੜ੍ਹਾਉਣ ਲਈ ਥਾਂ ਨਹੀਂ ਲੱਭਦੀ ਤਾਂ ਉਹ ਮੁੱਖ ਸੜਕਾਂ ਦੇ ਕਿਨਾਰੇ ਹੀ ਵਾਹਨ ਖੜ੍ਹਾ ਕੇ ਮਾਰਕੀਟ ਵਿੱਚ ਚਲੇ ਜਾਂਦੇ ਹਨ ਅਤੇ ਸੜਕਾਂ ਕਿਨਾਰੇ ਤੇ ਵਾਹਨਾਂ ਦੀ ਕਤਾਰ ਲੱਗਣ ਕਾਰਨ ਪਹਿਲਾਂ ਹੀ ਤੰਗ ਸੜਕਾਂ ਹੋਰ ਵੀ ਤੰਗ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਸੜਕਾਂ ਕਿਨਾਰੇ ਖੜ੍ਹਦੀਆਂ ਫਲ ਫਰੂਟ ਅਤੇ ਹੋਰ ਸਮਾਨ ਵੇਚਣ ਵਾਲੀਆਂ ਰੇਹੜੀਆਂ ਕਾਰਨ ਵੀ ਸੜਕ ਦਾ ਕਾਫੀ ਹਿੱਸਾ ਰੁਕ ਜਾਂਦਾ ਹੈ। ਇਹਨਾਂ ਰੇਹੜੀਆਂ ਫੜੀਆਂ ਤੋਂ ਸਮਾਨ ਖਰੀਦਣ ਵਾਲੇ ਲੋਕਾਂ ਵਲੋਂ ਵੀ ਆਪਣੇ ਵਾਹਨ ਸੜਕ ਉਪਰ ਹੀ ਖੜ੍ਹਾ ਦਿੱਤੇ ਜਾਂਦੇ ਹਨ, ਜਿਸ ਕਾਰਨ ਆਵਾਜਾਈ ਹੋਰ ਵੀ ਪ੍ਰਭਾਵਿਤ ਹੁੰਦੀ ਹੈ।

ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਇਸ ਲਗਾਤਾਰ ਵੱਧਦੀ ਸਮੱਸਿਆ ਤੇ ਕਾਬੂ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਸ ਵਲੋਂ ਆਵਾਜਾਈ ਦੀ ਸਮੱਸਿਆ ਦੇ ਹਲ ਲਈ ਠੋਸ ਉਪਰਾਲੇ ਕੀਤੇ ਜਾਣ। ਇਸਦੇ ਤਹਿਤ ਜਿੱਥੇ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ (ਖਾਸ ਕਰ ਆਟੋ ਚਾਲਕਾਂ) ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉੱਥੇ ਲੋਕਾਂ ਵਲੋਂ ਸੜਕਾਂ ਕਿਨਾਰੇ ਵਾਹਨ ਖੜ੍ਹਾਉਣ ਦੀ ਕਾਰਵਾਈ ਤੇ ਵੀ ਸਖਤੀ ਨਾਲ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਟ੍ਰੈਫਿ ਕ ਵਿਵਸਥਾ ਦੀ ਬਦਹਾਲੀ ਦੀ ਇਸ ਸਮੱਸਿਆ ਤੋਂ ਛੁਟਕਾਰਾ ਮਿਲੇ।

Continue Reading

Editorial

ਪਾਣੀ ਦੀ ਸਾਂਭ-ਸੰਭਾਲ ਕਰਨ ਦੀ ਲੋੜ

Published

on

By

ਅੱਜ ਕੱਲ੍ਹ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਤੋਂ ਚਿੰਤਾਜਨਕ ਖ਼ਬਰਾਂ ਆ ਰਹੀਆਂ ਹਨ। ਇਹਨਾਂ ਖ਼ਬਰਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰ ਇੰਦੌਰ, ਰਤਲਾਮ, ਦੇਵਾਸ, ਉਜੈਨ ਅਤੇ ਹੋਰ ਕਈ ਇਲਾਕਿਆਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਆ ਗਈ ਹੈ। ਪ੍ਰਸ਼ਾਸਨ ਅਤੇ ਮਾਹਿਰਾਂ ਵੱਲੋਂ ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਮਾਨਸੂਨ ਅਤੇ ਬਰਸਾਤਾਂ ਦੇ ਸੀਜਨ ਦੌਰਾਨ ਮੱਧ ਪ੍ਰਦੇਸ਼ ਵਿੱਚ ਬਰਸਾਤ ਘੱਟ ਹੋਈ ਸੀ, ਜਿਸ ਕਾਰਨ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਇਸ ਸਮੇਂ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਆ ਗਈ ਹੈ।

ਮੱਧ ਪ੍ਰਦੇਸ਼ ਦੀ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਵੱਲੋਂ ਬਰਸਾਤਾਂ ਦੇ ਮੌਸਮ ਵੇਲੇ ਬਰਸਾਤੀ ਪਾਣੀ ਨੂੰ ਸੰਭਾਲ ਲਿਆ ਜਾਂਦਾ ਹੈ ਅਤੇ ਫਿਰ ਉਹੀ ਪਾਣੀ ਸਾਰਾ ਸਾਲ ਆਮ ਲੋਕਾਂ ਨੂੰ ਪਾਈਪਾਂ ਰਾਹੀਂ ਸਪਲਾਈ ਕੀਤਾ ਜਾਂਦਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਕਈ ਕਈ ਦਿਨ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਪ੍ਰਭਾਵਿਤ ਰਹਿੰਦੀ ਹੈ ਅਤੇ ਲੋਕਾਂ ਨੂੰ ਜਰੂਰੀ ਵਰਤੋਂ ਦੇ ਲਈ ਵੀ ਪਾਣੀ ਨਹੀਂ ਮਿਲਦਾ। ਵੱਡੀ ਗਿਣਤੀ ਲੋਕਾਂ ਨੇ ਆਪਣੇ ਘਰਾਂ ਵਿੱਚ ਫਰਸ਼ ਦੇ ਹੇਠਾਂ ਜ਼ਮੀਨਦੋਜ਼ ਵਾਟਰ ਟੈਂਕ ਬਣਾਏ ਹੋਏ ਹਨ। ਜਦੋਂ ਵੀ ਪਾਣੀ ਦੀ ਸਪਲਾਈ ਆਉਂਦੀ ਹੈ ਉਦੋਂ ਹੀ ਇਹਨਾਂ ਵਾਟਰ ਟੈਂਕਾਂ ਵਿੱਚ ਪਾਣੀ ਪਾਈਪਾਂ ਰਾਹੀਂ ਆਪਣੇ ਆਪ ਪੈ ਜਾਂਦਾ ਹੈ।

ਇੰਦੌਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੇ ਘਰਾਂ ਵਿੱਚ ਸਪਲਾਈ ਕੀਤੇ ਜਾਂਦੇ ਪਾਣੀ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਹੈ। ਅਕਸਰ ਰਾਤ ਸਮੇਂ ਪ੍ਰਸ਼ਾਸਨ ਵੱਲੋਂ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ, ਜਿਸ ਕਰਕੇ ਵਾਟਰ ਟੈਂਕ ਬਣਾਉਣੇ ਮਜਬੂਰੀ ਹਨ। ਘਰਾਂ ਅੰਦਰ ਬਣੇ ਵਾਟਰ ਟੈਂਕਾਂ ਵਿੱਚ ਲੋਕਾਂ ਨੇ ਟੁਲੂ ਪੰਪ ਦੀਆਂ ਪਾਈਪਾਂ ਲਗਾ ਕੇ ਪਾਣੀ ਨੂੰ ਘਰਾਂ ਦੀਆਂ ਛੱਤਾਂ ਤੇ ਰਖੀਆਂ ਟੈਂਕੀਆਂ ਵਿੱਚ ਪਹੁੰਚਦਾ ਕਰ ਦਿੱਤਾ ਜਾਂਦਾ ਹੈ।

ਮੱਧ ਪ੍ਰਦੇਸ਼ ਦੇ ਵੱਡੀ ਗਿਣਤੀ ਇਲਾਕੇ ਅਜਿਹੇ ਹਨ, ਜਿਥੇ ਕਿ ਧਰਤੀ ਪਥਰੀਲੀ ਹੈ। ਜੇ ਕਈ ਥਾਵਾਂ ਤੇ ਧਰਤੀ ਮਿੱਟੀ ਵਾਲੀ ਵੀ ਹੈ ਤਾਂ ਵੀ ਮਿੱਟੀ ਦੇ ਕੁਝ ਫੁੱਟ ਹੇਠਾਂ ਪੱਥਰ ਹਨ। ਜਿਸ ਕਾਰਨ ਮੱਧ ਪ੍ਰਦੇਸ਼ ਦੇ ਵੱਡੀ ਗਿਣਤੀ ਇਲਾਕਿਆਂ ਵਿੱਚ ਨਾ ਤਾਂ ਟਿਊਬਵੈਲ ਲੱਗ ਸਕਦੇ ਹਨ ਤੇ ਨਾ ਹੀ ਉਥੇ ਸਬਮਰਸੀਬਲ ਅਤੇ ਨਲਕੇ ਆਦਿ ਲੱਗ ਸਕਦੇ ਹਨ। ਇੰਦੌਰ ਤੇ ਰਤਲਾਮ ਸ਼ਹਿਰ ਵਿੱਚ ਰਹਿੰਦੇ ਸਿੱਖਾਂ ਅਤੇ ਹੋਰ ਵਰਗਾਂ ਦੇ ਅਮੀਰ ਲੋਕਾਂ ਵੱਲੋਂ ਕਈ ਵਾਰ ਇਹਨਾਂ ਸ਼ਹਿਰਾਂ ਵਿੱਚ ਸਥਿਤ ਆਪਣੇ ਘਰਾਂ ਅੰਦਰ ਧਰਤੀ ਹੇਠਾਂ ਬੋਰ ਕਰਨ, ਸਬਮਰਸੀਬਲ ਲਗਾਉਣ ਦਾ ਯਤਨ ਕੀਤਾ ਜਾ ਚੁੱਕਿਆ ਹੈ ਪਰ ਧਰਤੀ ਹੇਠਾਂ ਡੂੰਘੀ ਪਰਤ ਵਿੱਚ ਵੀ ਪੱਥਰ ਹੋਣ ਕਾਰਨ ਇਹ ਯਤਨ ਅਜੇ ਤੱਕ ਸਫ਼ਲ ਨਹੀਂ ਹੋਏ।

ਮੱਧ ਪ੍ਰਦੇਸ਼ ਵਿੱਚ ਭਾਵੇਂ ਕਣਕ, ਝੋਨਾ ਅਤੇ ਹੋਰ ਫਸਲਾਂ ਦੀ ਖੇਤੀ ਵੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਪਰ ਇਹ ਸਾਰੀ ਖੇਤੀ ਬਰਸਾਤਾਂ ਤੇ ਨਿਰਭਰ ਕਰਦੀ ਹੈ। ਮੱਧ ਪ੍ਰਦੇਸ਼ ਵਿੱਚ ਕਈ ਨਦੀਆਂ ਵੀ ਹਨ ਪਰ ਇਹ ਨਦੀਆਂ ‘ਸਦਾ ਨੀਰਾ’ ਨਹੀਂ ਭਾਵ ਇਹਨਾਂ ਨਦੀਆਂ ਵਿੱਚ ਸਾਰਾ ਸਾਲ ਪਾਣੀ ਨਹੀਂ ਰਹਿੰਦਾ, ਸਿਰਫ਼ ਬਰਸਾਤਾਂ ਸਮੇਂ ਹੀ ਇਹਨਾਂ ਨਦੀਆਂ ਵਿੱਚ ਪਾਣੀ ਦੀ ਧਾਰਾ ਵਹਿੰਦੀ ਹੈ, ਜੋ ਕਿ ਮੱਧ ਪ੍ਰਦੇਸ਼ ਵਿੱਚ ਰਹਿੰਦੇ ਲੋਕਾਂ ਲਈ ‘ਜੀਵਨਰੇਖਾ’ ਹੈ।

ਮੱਧ ਪ੍ਰਦੇਸ਼ ਦੇ ਗੁਆਂਢੀ ਸੂਬੇ ਰਾਜਸਥਾਨ ਵਿੱਚ ਵੀ ਅਕਸਰ ਪਾਣੀ ਦੀ ਘਾਟ ਰਹਿੰਦੀ ਹੈ। ਰਾਜਸਥਾਨ ਦੇ ਅਨੇਕਾਂ ਇਲਾਕਿਆਂ ਵਿੱਚ ਰੇਗਿਸਤਾਨ ਹੋਣ ਕਾਰਨ ਉਥੇ ਸਾਰਾ ਸਾਲ ਹੀ ਪਾਣੀ ਦੀ ਘਾਟ ਰਹਿੰਦੀ ਹੈ। ਇਹੋ ਕਾਰਨ ਹੈ ਕਿ ਰਾਜਸਥਾਨ ਦੇ ਲੋਕ ਪਾਣੀ ਦੀ ਦੁਰਵਰਤੋਂ ਨਹੀਂ ਕਰਦੇ ਅਤੇ ਪਾਣੀ ਦੀ ਪੂਰੀ ਸੰਭਾਲ ਕਰਦੇ ਹਨ।

ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜ ਦਰਿਆਵਾਂ ਦੀ ਧਰਤੀ ਅਖਵਾਏ ਜਾਂਦੇ ਪੰਜਾਬ ਵਿੱਚ ਸਿਰਫ਼ ਦੋ ਦਰਿਆ ਸਤਲੁਜ ਅਤੇ ਬਿਆਸ ਹੀ ਹਨ ਅਤੇ ਰਾਵੀ ਦਰਿਆ ਦਾ ਕੁਝ ਹਿੱਸਾ ਹੀ ਪੰਜਾਬ ਵਿੱਚ ਹੈ। ਪੰਜਾਬ ਦੀ ਧਰਤੀ ਉਪਰਾਊ ਅਤੇ ਨਰਮ ਮਿੱਟੀ ਦੀ ਹੋਣ ਕਾਰਨ ਪੰਜਾਬ ਵਿੱਚ ਇਸ ਸਮੇਂ ਲੱਖਾਂ ਦੀ ਗਿਣਤੀ ਵਿੱਚ ਟਿਊਬਵੈਲ ਅਤੇ ਸਬਮਰਸੀਵਲ ਚੱਲ ਰਹੇ ਹਨ। ਇਹਨਾਂ ਟਿਊਬਵੈਲਾਂ ਅਤੇ ਸਬਮਰਸੀਬਲਾਂ ਰਾਹੀਂ ਧਰਤੀ ਹੇਠਾਂ ਤੋਂ ਬਹੁਤ ਮਾਤਰਾ ਵਿੱਚ ਪਾਣੀ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦੀ ਧਰਤੀ ਹੇਠਲਾ ਪਾਣੀ ਖਤਮ ਹੋਣ ਕੰਢੇ ਪਹੁੰਚ ਗਿਆ ਹੈ।

ਇਸੇ ਕਾਰਨ ਵੱਖ ਵੱਖ ਮਾਹਿਰ ਪੰਜਾਬੀਆਂ ਖਾਸ ਕਰਕੇ ਕਿਸਾਨਾਂ ਨੂੰ ਅਪੀਲਾਂ ਕਰਦੇ ਰਹਿੰਦੇ ਹਨ ਕਿ ਉਹ ਧਰਤੀ ਹੇਠਾਂ ਤੋਂ ਪਾਣੀ ਕੱਢਣ ਦੀ ਥਾਂ ਖੇਤਾਂ ਵਿੱਚ ਫਸਲਾਂ ਲਈ ਨਹਿਰੀ ਪਾਣੀ ਦੀ ਵਰਤੋ ਕਰਨ ਅਤੇ ਪਾਣੀ ਦੀ ਦੁਰਵਰਤੋ ਕਦੇ ਵੀ ਨਾ ਕੀਤੀ ਜਾਵੇ। ਮੱਧ ਪ੍ਰਦੇਸ਼, ਰਾਜਸਥਾਨ ਅਤੇ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਵੇਖ ਕੇ ਇਹਨਾਂ ਸੂਬਿਆਂ ਦੀਆਂ ਸਰਕਾਰਾਂ ਅਤੇ ਵਸਨੀਕਾਂ ਨੂੰ ਪਾਣੀ ਦੀ ਸੰਭਾਲ ਕਰਨ ਲਈ ਵੱਡੇ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਇਹਨਾਂ ਸੂਬਿਆਂ ਵਿੱਚ ਪਾਣੀ ਦੀ ਕਦੇ ਵੀ ਘਾਟ ਨਾ ਆ ਸਕੇ ਅਤੇ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ।

ਬਿਊਰੋ

Continue Reading

Editorial

ਭਾਈਚਾਰਕ ਸਾਂਝ ਵੀ ਪੈਦਾ ਕਰਦੇ ਹਨ ਤਿਉਹਾਰ

Published

on

By

ਇਸ ਸਮੇਂ ਤਿਉਹਾਰਾਂ ਦਾ ਸੀਜਨ ਚੱਲ ਰਿਹਾ ਹੈ। ਰੱਖੜੀ ਤੋਂ ਸ਼ੁਰੂ ਹੋਇਆ ਇਹ ਤਿਉਹਾਰੀ ਸੀਜਨ ਅਗਲੇ ਸਾਲ ਲੋਹੜੀ ਤੱਕ ਚੱਲੇਗਾ। ਤਿਉਹਾਰਾਂ ਕਾਰਨ ਜਿੱਥੇ ਵੱਖ ਵੱਖ ਸ਼ਹਿਰਾਂ ਵਿੱਚ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ ਉਥੇ ਭਾਰਤ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਵੱਲੋਂ ਇੱਕ ਦੂਜੇ ਨੂੰ ਤਿਉਹਾਰਾਂ ਦੀਆਂ ਵਧਾਈਆਂ ਦੇਣ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਵੱਲੋਂ ਤਿਉਹਾਰਾਂ ਮੌਕੇ ਇੱਕ ਦੂਜੇ ਨੂੰ ਤੋਹਫ਼ੇ ਵੀ ਦਿੱਤੇ ਜਾ ਰਹੇ ਹਨ।

ਇਸ ਤੋਂ ਇਲਾਵਾ ਤਿਉਹਾਰਾਂ ਮੌਕੇ ਵੱਡੀ ਗਿਣਤੀ ਲੋਕ ਨਵੇਂ ਕਪੜੇ ਪਾ ਕੇ ਸ਼ਹਿਰਾਂ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਆਉਂਦੇ ਜਾਂਦੇ ਹਨ ਅਤੇ ਖਰੀਦਦਾਰੀ ਕਰਨ ਦੇ ਨਾਲ ਸੈਰ ਸਪਾਟਾ ਵੀ ਕਰਦੇ ਹਨ। ਮੁਹਾਲੀ ਸ਼ਹਿਰ ਦੀਆਂ ਦੁਲਹਣ ਵਾਂਗ ਸਜੀਆਂ ਸਾਰੀਆਂ ਮਾਰਕੀਟਾਂ ਦੀ ਰੌਣਕ ਵੇਖਣ ਲਈ ਲੋਕ ਦੂਰ ਦੂਰ ਤੋਂ ਆਉਂਦੇ ਹਨ। ਇਹੋ ਹਾਲ ਚੰਡੀਗੜ੍ਹ ਅਤੇ ਹੋਰ ਸ਼ਹਿਰਾਂ ਦਾ ਹੈ।

ਕਈ ਸ਼ਹਿਰਾਂ ਵਿੱਚ ਤਾਂ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਆਪਣੀ ਖਰੀਦਦਾਰੀ ਵਧਾਉਣ ਲਈ ਕੂਪਨ ਸਕੀਮਾਂ ਵੀ ਚਲਾਈਆਂ ਹੋਈਆਂ ਹਨ। ਮੁਹਾਲੀ ਦੇ ਫੇਜ਼ 3 ਬੀ 2 ਦੀ ਮਾਰਕੀਟ ਵੱਲੋਂ ਵੀ ਕੂਪਨ ਸਕੀਮ ਚਲਾਈ ਗਈ ਹੈ ਤਾਂ ਕਿ ਵੱਧ ਤੋਂ ਵੱਧ ਗ੍ਰਾਹਕਾਂ ਨੂੰ ਇਸ ਮਾਰਕੀਟ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਸਕੀਮ ਅਨੁਸਾਰ ਇਸ ਮਾਰਕੀਟ ਵਿੱਚ ਜਿਹੜਾ ਵਿਅਕਤੀ ਇੱਕ ਹਜ਼ਾਰ ਜਾਂ ਇਸ ਤੋਂ ਵਧੇਰੇ ਪੈਸੇ ਦੀ ਖਰੀਦਦਾਰੀ ਕਰਦਾ ਹੈ, ਉਸ ਨੂੰ ਇੱਕ ਕੂਪਨ ਦਿੱਤਾ ਜਾਂਦਾ ਹੈ ਅਤੇ ਅਗਲੇ ਸਾਲ ਦੀ ਸ਼ੁੁਰੂਆਤ ਵਿੱਚ ਇਹਨਾਂ ਕੂਪਨਾਂ ਦਾ ਨਤੀਜਾ ਕੱਢਿਆ ਜਾਵੇਗਾ। ਇਸ ਕੂਪਨ ਸਕੀਮ ਵਿੱਚ ਪਹਿਲਾ ਇਨਾਮ ‘ਕਾਰ’ ਹੈ। ਮਾਰਕੀਟ ਐਸੋਸੀਏਸ਼ਨ ਦੀ ਇਹ ਸਕੀਮ ਕਾਮਯਾਬ ਹੋ ਰਹੀ ਹੈ ਅਤੇ ਵੱਡੀ ਗਿਣਤੀ ਲੋਕ ਕੂਪਨ ਦੀ ਆਸ ਵਿੱਚ ਇਸ ਮਾਰਕੀਟ ਵਿੱਚ ਆ ਜਾ ਰਹੇ ਹਨ। ਇਹੋ ਹਾਲ ਹੋਰਨਾਂ ਸ਼ਹਿਰਾਂ ਵਿੱਚ ਹੈ। ਵੱਖ ਵੱਖ ਸ਼ਹਿਰਾਂ ਵਿੱਚ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਸੇਲਾਂ ਅਤੇ ਇੱਕ ਸਮਾਨ ਨਾਲ ਇੱਕ ਹੋਰ ਸਮਾਨ ਮੁਫ਼ਤ ਦੀਆਂ ਸਕੀਮਾਂ ਚਲਾਈਆਂ ਹੋਈਆਂ ਹਨ।

ਭਾਰਤ ਨੂੰ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਇੱਥੇ ਹਰ ਰੁੱਤ ਵਿੱਚ ਵੱਖ ਵੱਖ ਤਿਉਹਾਰ ਮਨਾਏ ਜਾਂਦੇ ਹਨ। ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਭਾਰਤ ਦੇ ਵੱਡੀ ਗਿਣਤੀ ਲੋਕ ਰਲ ਮਿਲ ਕੇ ਤਿਉਹਾਰਾਂ ਨੂੰ ਮਨਾਉਂਦੇ ਹਨ। ਕਈ ਤਿਉਹਾਰ ਤਾਂ ਵੱਖ ਵੱਖ ਵਰਗਾਂ ਦੇ ਲੋਕਾਂ ਦੇ ਸਾਂਝੇ ਹੁੰਦੇ ਹਨ। ਇਸ ਤੋਂ ਇਲਾਵਾ ਵੱਖ ਵੱਖ ਤਿਉਹਾਰ ਵੱਖ ਵੱਖ ਧਰਮਾਂ ਅਤੇ ਨਸਲਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਵੀ ਪੈਦਾ ਕਰਦੇ ਹਨ। ਤਿਉਹਾਰਾਂ ਦੀ ਇਹ ਵੱਡੀ ਵਿਸ਼ੇਸ਼ਤਾ ਹੈ ਕਿ ਹਰ ਵਰਗ ਵਿੱਚ ਖੁਸ਼ੀਆਂ ਅਤੇ ਚੰਗੀ ਸੋਚ ਵੀ ਪੈਦਾ ਕਰਦੇ ਹਨ।

ਦੂਜੇ ਪਾਸੇ ਇਹ ਵੀ ਅਸਲੀਅਤ ਹੈ ਕਿ ਭਾਰਤ ਦੇ ਕੁਝ ਇਲਾਕਿਆਂ ਵਿੱਚ ਤਿਉਹਾਰਾਂ ਮੌਕੇ ਲੜਾਈ ਝਗੜੇ ਵੀ ਹੋ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਹਰ ਇਲਾਕੇ ਵਿੱਚ ਕੁਝ ਸ਼ਰਾਰਤੀ ਅਨਸਰ ਵੀ ਹੁੰਦੇ ਹਨ, ਜਿਹਨਾਂ ਦਾ ਇੱਕੋ ਇੱਕ ਮਕਸਦ ਅਸ਼ਾਂਤੀ ਫੈਲਾਉਣਾ ਅਤੇ ਫਿਰ ਉਸ ਲੜਾਈ ਤੇ ਸਿਆਸੀ ਰੋਟੀਆਂ ਸੇਕਣਾ ਹੁੰਦਾ ਹੈ। ਭਾਰਤ ਦੇ ਵੱਡੀ ਗਿਣਤੀ ਲੋਕ ਪੜੇ ਲਿਖੇ ਅਤੇ ਸਿਆਣੇ ਹਨ, ਉਹ ਅਕਸਰ ਬਹਿਕਾਵੇ ਵਿੱਚ ਨਹੀਂ ਆਉਂਦੇ ਅਤੇ ਹਰ ਤਿਉਹਾਰ ਨੂੰ ਸ਼ਾਂਤੀ ਨਾਲ ਮਨਾਉਂਦੇ ਹਨ।

ਦਿਵਾਲੀ ਦੇ ਤਿਉਹਾਰ ਦੀ ਦੁਕਾਨਦਾਰਾਂ, ਵਪਾਰੀਆਂ, ਕੰਪਨੀਆਂ , ਸਰਕਾਰੀ ਮੁਲਾਜਮਾਂ ਦੇ ਨਾਲ ਨਾਲ ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ ਨੂੰ ਵੀ ਉਡੀਕ ਰਹਿੰਦੀ ਹੈ। ਜਿੱਥੇ ਵਪਾਰੀਆਂ, ਦੁਕਾਨਦਾਰਾਂ ਅਤੇ ਕੰਪਨੀਆਂ ਨੂੰ ਤਿਉਹਾਰਾਂ ਮੌਕੇ ਸਾਰੇ ਸਾਲ ਦੀ ਕਮਾਈ ਹੁੰਦੀ ਹੈ, ਉਥੇ ਸਰਕਾਰੀ ਮੁਲਾਜਮਾਂ ਨੂੰ ਵੀ ਸਰਕਾਰਾਂ ਵੱਲੋਂ ਵਿਸ਼ੇਸ਼ ਤਿਉਹਾਰੀ ਭੱਤੇ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਪ੍ਰਾਈਵੇਟ ਦਫਤਰਾਂ ਵਿੱਚ ਸਾਰੇ ਵਰਕਰਾਂ ਨੂੰ ਦਿਵਾਲੀ ਬੋਨਸ ਦੇ ਰੂਪ ਵਿੱਚ ਇੱਕ ਇੱਕ ਮਹੀਨੇ ਦੀ ਤਨਖਾਹ ਵਧੇਰੇ ਦਿੱਤੀ ਜਾਂਦੀ ਹੈ। ਪ੍ਰਾਈਵੇਟ ਅਦਾਰਿਆਂ ਵਿੱਚ ਦਿਵਾਲੀ ਮੌਕੇ ਵਰਕਰਾਂ ਨੂੰ ਕਈ ਕਿਸਮ ਦੇ ਤੋਹਫੇ, ਮਿਠਾਈ, ਡਰਾਈ ਫਰੂਟ ਅਤੇ ਨਵੇਂ ਕਪੜੇ ਦਿੱਤੇ ਜਾਂਦੇ ਹਨ।

ਇਸ ਮੌਕੇ ਆਮ ਦੁਕਾਨਦਾਰ ਵੀ ਆਪਣੀ ਦੁਕਾਨ ਤੇ ਕੰਮ ਕਰਦੇ ਵਰਕਰਾਂ ਨੂੰ ਮਿਠਾਈ ਅਤੇ ਨਵੇਂ ਕਪੜੇ ਜਾਂ ਹੋਰ ਤੋਹਫੇ ਦਿੰਦੇ ਹਨ। ਇਹੋ ਕਾਰਨ ਹੈ ਕਿ ਤਿਉਹਾਰਾਂ ਦੇ ਮੌਸਮ ਦੌਰਾਨ ਹਰ ਵਿਅਕਤੀ ਖੁਸ਼ ਨਜ਼ਰ ਆਉਂਦਾ ਹੈ।

ਸਿਆਣੇ ਕਹਿੰਦੇ ਹਨ ਕਿ ਧਰਮ ਤੋੜਦਾ ਨਹੀਂ ਬਲਕਿ ਜੋੜਦਾ ਹੈ ਅਤੇ ਧਾਰਮਿਕ ਤਿਉਹਾਰ ਵੱਖ ਵੱਖ ਵਰਗਾਂ ਵਿੱਚ ਭਾਈਚਾਰਕ ਸਾਂਝ ਪੈਦਾ ਕਰਨ ਦਾ ਯਤਨ ਕਰਦੇ ਹਨ। ਇਸੇ ਕਾਰਨ ਭਾਰਤ ਵਿੱਚ ਵੱਖ ਵੱਖ ਤਿਉਹਾਰਾਂ ਦਾ ਵੱਡਾ ਮਹੱਤਵ ਹੈ।

ਬਿਊਰੋ

Continue Reading

Trending