Connect with us

Punjab

ਖੜ੍ਹੇ ਟਰੱਕ ਨਾਲ ਬੱਸ ਟਕਰਾਉਣ ਕਾਰਨ 6 ਵਿਅਕਤੀ ਗੰਭੀਰ ਜ਼ਖ਼ਮੀ

Published

on

ਕਿਸ਼ਨਗੜ੍ਹ, 19 ਜੂਨ (ਸ.ਬ.) ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਅੱਡਾ ਬਿਆਸ ਪਿੰਡ ਤੋਂ ਅੱਗੇ ਪੈਟਰੋਲ ਪੰਪ ਤੇ ਸੜਕ ਕੰਢੇ ਖੜੇ ਟਰੱਕ ਨਾਲ ਟੂਰਿਸਟ ਬੱਸ ਟਕਰਾਉਣ ਕਾਰਨ 6 ਵਿਅਕਤੀਆਂ ਦੇ ਜ਼ਖ਼ਮੀ ਹੋ ਗਏ।

ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ.ਐਸ.ਆਈ. ਰਣਧੀਰ ਸਿੰਘ ਨੇ ਦੱਸਿਆ ਕਿ ਤੜਕੇ ਚਾਰ ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅੱਡਾ ਬਿਆਸ ਪਿੰਡ ਤੋਂ ਅੱਗੇ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਟੂਰਿਸਟ ਬੱਸ ਨਾਲ ਹਾਦਸਾ ਵਾਪਰਿਆ ਹੈ, ਜਿਸ ਵਿੱਚ 6 ਵਿਅਕਤੀ ਜ਼ਖ਼ਮੀ ਹੋ ਗਏ ਹਨ।

ਸੂਚਨਾ ਉਪਰੰਤ ਐਸ. ਐਸ. ਐਫ. ਟੀਮ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਡੈਲਟਨ ਕੰਪਨੀ ਦੀ ਟੂਰਿਸਟ ਬੱਸ, ਜਿਸ ਨੂੰ ਡਰਾਈਵਰ ਗੁਲਾਮ ਮੁਸਤਫਾ ਵਾਸੀ ਜੰਮੂ ਚਲਾ ਰਿਹਾ ਸੀ ਅਤੇ ਸੈਕਿੰਡ ਡਰਾਈਵਰ ਰਾਜੇਸ਼ ਵਾਸੀ ਕਾਂਗੜਾ, ਹਿਮਾਚਲ ਪ੍ਰਦੇਸ਼ ਬੱਸ ਵਿੱਚ ਮੌਜੂਦ ਸੀ। ਜੋ ਦਿੱਲੀ ਤੋਂ ਜੰਮੂ ਵੱਲ ਨੂੰ ਜਾ ਰਹੀ ਸੀ।

ਟੂਰਿਸਟ ਬੱਸ ਜਦੋਂ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਅੱਡਾ ਬਿਆਸ ਪਿੰਡ ਤੋਂ ਅੱਗੇ ਪੈਟਰੋਲ ਪੰਪ ਦੇ ਨਜ਼ਦੀਕ ਪੁੱਜੀ ਤਾਂ ਸੜਕ ਕੰਢੇ ਖੜੇ ਸਕਰੈਪ ਨਾਲ ਲੱਦੇ ਹੋਏ ਟਰੱਕ ਨਾਲ ਟਕਰਾ ਗਈ।

ਐਸ. ਐਸ. ਐਫ. ਟੀਮ ਦੇ ਮੁਲਾਜ਼ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੂਰਿਸਟ ਬੱਸ ਦੇ ਡਰਾਈਵਰ ਦੇ ਦੱਸਣ ਮੁਤਾਬਕ ਉਸ ਨੂੰ ਨੀਂਦ ਆ ਗਈ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ।

ਇਸ ਹਾਦਸੇ ਵਿੱਚ 6 ਵਿਅਕਤੀ ਜਿੰਨਾਂ ਵਿੱਚ ਰੋਹਿਤ ਕੁਮਾਰ, ਅਮਨ ਸਿੰਘ ਅਤੇ ਮੁਸਕਾਨ ਵਾਸੀ ਦਿੱਲੀ, ਰਾਕੇਸ਼ ਕੁਮਾਰ ਵਾਸੀ ਮਥੁਰਾ, ਮੁਹੰਮਦ ਜਾਵੇਦ ਵਾਸੀ ਅਲੀਗੜ੍ਹ ਅਤੇ ਕਾਈਦ ਸਦੀਕੀ ਵਾਸੀ ਯੂਪੀ ਗੰਭੀਰ ਜ਼ਖ਼ਮੀ ਹੋ ਗਏ। ਜਿਨਾਂ ਨੂੰ ਮੌਕੇ ਤੇ ਪਹੁੰਚੀ ਐਸ.ਐਸ.ਐਫ. ਟੀਮ ਵੱਲੋਂ 108 ਐਬੂਲੈਂਸ ਦੀ ਮਦਦ ਰਾਹੀਂ ਇਲਾਜ ਲਈ ਨੇੜੇ ਦੇ ਸਿਵਿਲ ਹਸਪਤਾਲ ਕਾਲਾ ਬੱਕਰਾ ਵਿਖੇ ਦਾਖਲ ਕਰਵਾਇਆ ਗਿਆ।

ਇਸ ਦੌਰਾਨ ਹਾਦਸਾ ਗ੍ਰਸਤ ਵਾਹਨਾਂ ਨੂੰ ਸੜਕ ਤੋਂ ਸਾਈਡ ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ। ਐਸ.ਐਸ.ਐਫ. ਟੀਮ ਵੱਲੋਂ ਇਸ ਹਾਦਸੇ ਬਾਰੇ ਪੁਲੀਸ ਚੌਂਕੀ ਅਲਾਵਲਪੁਰ ਦੇ ਇੰਚਾਰਜ ਐਸ. ਆਈ. ਰਵਿੰਦਰ ਸਿੰਘ ਨੂੰ ਸੂਚਿਤ ਕੀਤਾ ਗਿਆ। ਅਗਲੇਰੀ ਕਾਰਵਾਈ ਲਈ ਪੁਲੀਸ ਚੌਂਕੀ ਅਲਾਵਲਪੁਰ ਤੋਂ ਏ.ਐਸ.ਆਈ. ਰਸ਼ਪਾਲ ਸਿੰਘ ਅਤੇ ਕਾਂਸਟੇਬਲ ਰਣਜੀਤ ਕੁਮਾਰ 112 ਟੀਮ ਅਲਾਵਲਪੁਰ ਤੋਂ ਮੌਕੇ ਤੇ ਪਹੁੰਚੇ ਅਤੇ ਹਾਦਸੇ ਦੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ।

Continue Reading

Chandigarh

ਈ ਡੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਅਮਰਦੀਪ ਸਿੰਘ ਗਰੇਵਾਲ ਨੂੰ ਹਿਰਾਸਤ ਵਿੱਚ ਲਿਆ

Published

on

By

ਪੰਜ ਕਰੋੜ ਰੁਪਏ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਹੋਈ ਕਾਰਵਾਈ

ਚੰਡੀਗੜ੍ਹ, 17 ਅਕਤੂਬਰ (ਸ.ਬ.) ਪੰਜਾਬ ਵਿੱਚ ਤਬਾਦਲਿਆਂ ਨਾਲ ਸਬੰਧਤ 5 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਮਰਦੀਪ ਸਿੰਘ ਗਰੇਵਾਲ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਮਰਦੀਪ ਗਰੇਵਾਲ ਨੂੰ ਕੈਨੇਡਾ ਤੋਂ ਭਾਰਤ ਪਰਤਣ ਮਗਰੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਰੀਬੀ ਦੱਸਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਅਮਰਦੀਪ ਸਿੰਘ ਗਰੇਵਾਲ ਪੰਜਾਬੀ ਫ਼ਿਲਮ ਜਗਤ ਦੀ ਇੱਕ ਜਾਣੀ-ਪਛਾਣੀ ਹਸਤੀ ਹੈ ਅਤੇ ਉਹ ‘ਮੈਸਰਜ਼ ਈਸਟ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ’ ਨਾਲ ਜੁੜਿਆ ਹੋਇਆ ਹੈ। ਅਮਰਦੀਪ ਸਿੰਘ ਗਰੇਵਾਲ ਦੇ ਵਿਦੇਸ਼ਾਂ ਵਿੱਚ ਫ਼ਿਲਮ ਨਿਰਮਾਣ ਅਤੇ ਰਿਲੀਜ਼ ਨਾਲ ਸਬੰਧਿਤ ਕਾਰੋਬਾਰੀ ਸੰਪਰਕ ਹਨ ਅਤੇ ਉਹ ਕਈ ਪੰਜਾਬੀ ਫ਼ਿਲਮਾਂ ਨਾਲ ਜੁੜੇ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਮਾਮਲੇ ਵਿੱਚ ਗਰੇਵਾਲ ਨੂੰ ਤਲਬ ਕੀਤਾ ਗਿਆ ਹੈ, ਉਸ ਵਿੱਚ ਮੁੱਖ ਮੰਤਰੀ ਦੀ ਪਤਨੀ ਦਾ ਨਾਂ ਵੀ ਸਾਹਮਣੇ ਆਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਈ ਡੀ ਨੇ ਗਰੇਵਾਲ ਨੂੰ ਮਾਮਲੇ ਵਿੱਚ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਨੂੰ ਜਾਂਚ ਏਜੰਸੀ ਦੇ ਦਫ਼ਤਰ ਲਿਜਾਇਆ ਗਿਆ ਹੈ। ਈ ਡੀ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਅਮਰਦੀਪ ਸਿੰਘ ਗਰੇਵਾਲ ਦੇ ਖਿਲਾਫ ਪਹਿਲਾਂ ਹੀ ਲੁੱਕ-ਆਊਟ ਸਰਕੂਲਰ ਜਾਰੀ ਕੀਤਾ ਹੋਇਆ ਸੀ ਜਿਸ ਕਾਰਨ ਭਾਰਤ ਪਰਤਣ ਸਮੇਂ ਉਨ੍ਹਾਂ ਨੂੰ ਰੋਕਿਆ ਗਿਆ।

ਇਹ ਮਾਮਲਾ ਪੰਜਾਬ ਵਿੱਚ ਤਬਾਦਲਿਆਂ ਨਾਲ ਜੁੜੀ ਕਥਿਤ 5 ਕਰੋੜ ਰੁਪਏ ਦੀ ਰਿਸ਼ਵਤ ਦੇ ਦੋਸ਼ਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਈਡੀ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਗਰੇਵਾਲ ਨੂੰ ਪਹਿਲਾਂ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਨ ਭੇਜੇ ਜਾਣ ਦੀ ਗੱਲ ਸਾਹਮਣੇ ਆਈ ਸੀ।

Continue Reading

Mohali

ਆਮ ਆਦਮੀ ਪਾਰਟੀ ਨੇ ਵਿਨੀਤ ਵਰਮਾ ਨੂੰ ਬਣਾਇਆ ਪੰਜਾਬ ਦਾ ਮੀਤ ਪ੍ਰਧਾਨ

Published

on

By

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਆਮ ਆਦਮੀ ਪਾਰਟੀ ਵਲੋਂ ਪਾਰਟੀ ਦੇ ਸੀਨੀਅਰ ਨੇਤਾ ਅਤੇ ਟ੍ਰੇਡਰਜ਼ ਕਮਿਸ਼ਨ ਦੇ ਸਾਬਕਾ ਮੈਂਬਰ ਸ੍ਰੀ ਵਿਨੀਤ ਵਰਮਾ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਮੀਤ ਪ੍ਰਧਾਨ (ਬੀ ਸੀ ਵਿੰਗ) ਨਿਯੁਕਤ ਕੀਤਾ ਹੈ। ਸ੍ਰੀ ਵਿਨੀਤ ਵਰਮਾ ਇਸਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਬੁਲਾਰੇ, ਵਪਾਰ ਮੰਡਲ ਵਿੰਗ ਦੇ ਸੂਬਾ ਪ੍ਰਧਾਨ ਅਤੇ ਪਾਰਟੀ ਦੇ ਟਰੇਡ ਵਿੰਗ ਦੇ ਸੂਬਾ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਉਹ ਮੁਹਾਲੀ ਵਪਾਰ ਮੰਡਲ ਦੇ ਵੀ ਪ੍ਰਧਾਨ ਹਨ ਅਤੇ ਮੁਹਾਲੀ ਵਿਧਾਨਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਟਿਕਟ ਦੇ ਦਾਅਵੇਦਾਰ ਹਨ।

ਸ੍ਰੀ ਵਿਨੀਤ ਵਰਮਾ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਵਲੋਂ ਸਮੇਂ ਸਮੇਂ ਤੇ ਉਹਨਾਂ ਨੂੰ ਜਿਹੜੀ ਵੀ ਜਿੰਮੇਵਾਰੀ ਸੌਂਪੀ ਗਈ ਹੈ, ਉਸਨੂੰ ਉਹਨਾਂ ਨੇ ਪੂਰੀ ਜਿੰਮੇਵਾਰੀ ਨਾਲ ਨਿਭਾਇਆ ਹੈ ਅਤੇ ਹੁਣ ਵੀ ਪਾਰਟੀ ਵਲੋਂ ਉਹਨਾਂ ਨੂੰ ਪਾਰਟੀ ਦੀ ਸੂਬਾ ਇਕਾਈ ਦੇ ਮੀਤ ਪ੍ਰਧਾਨ (ਬੀ ਸੀ ਵਿੰਗ) ਦੀ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਂਦਿਆਂ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਾ ਜਾਰੀ ਰੱਖਣਗੇ।

Continue Reading

Mohali

ਬਿਜਲੀ ਵਿਭਾਗ ਨੇ ਖਪਤਕਾਰ ਨੂੰ ਸਿਫਰ ਰੀਡਿੰਗ ਵਾਲੇ ਮੀਟਰ ਦਾ ਭੇਜਿਆ 5 ਲੱਖ 92 ਹਜਾਰ ਦਾ ਬਿਲ

Published

on

By

ਖਪਤਕਾਰ ਵਲੋਂ 9 ਸਾਲਾਂ ਤੋਂ ਕੀਤੀ ਜਾ ਰਹੀ ਹੈ ਬਿਜਲੀ ਦਾ ਮੀਟਰ ਪੁੱਟਣ ਦੀ ਮੰਗ

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਪਿੰਡ ਸੋਹਾਣਾ ਦੇ ਇੱਕ ਖਪਤਕਾਰ ਸੁੰਦਰ ਲਾਲ ਅਗਰਵਾਲ ਨੂੰ 2017 ਵਿੱਚ ਉਸਦੇ ਘਰ ਵਿੱਚ ਲਗਾਏ ਗਏ ਬਿਜਲੀ ਦੇ ਮੀਟਰ ਦੀ ਸਿਫਰ ਰੀਡਿੰਗ ਹੋਣ ਦੇ ਬਾਵਜੂਦ ਉਸਨੂੰ 5 ਲੱਖ 92 ਹਜਾਰ ਰੁਪਏ ਦਾ ਬਿਜਲੀ ਦਾ ਬਿਲ ਭੇਜਿਆ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁੰਦਰ ਲਾਲ ਅਗਰਵਾਲ ਨੇ ਦੱਸਿਆ ਕਿ ਪਿੰਡ ਸੋਹਾਣਾ ਵਿੱਚ ਉਹਨਾਂ ਦੀ ਪੁਰਾਣੀ ਹਵੇਲੀ ਵਿੱਚ ਬਿਜਲੀ ਦਾ ਜੱਦੀ ਕਨੈਕਸ਼ਨ ਨੰਬਰ 30001799204 ਚਲਦਾ ਸੀ। ਉਹਨਾਂ ਦੱਸਿਆ ਕਿ ਬਾਅਦ ਵਿੱਚ ਪਰਿਵਾਰ ਵਲੋਂ ਹਵੇਲੀ ਢਾਅ ਦਿੱਤੀ ਗਈ ਅਤੇ ਬਿਜਲੀ ਬਿਲ ਦਾ ਕੁੱਝ ਬਕਾਇਆ ਰਹਿਣ ਕਾਰਨ ਬਿਜਲੀ ਵਿਭਾਗ ਨਾਲ ਵਿਵਾਦ ਹੋ ਗਿਆ ਸੀ ਜਿਸਤੇ ਉਹਨਾਂ ਨੇ ਉਹ ਕਨੈਕਸ਼ਨ ਕਟਵਾ ਦਿੱਤਾ ਸੀ।

ਉਹਨਾਂ ਦੱਸਿਆ ਕਿ ਸਾਲ 2016 ਵਿੱਚ ਉਹਨਾਂ ਨੇ ਉੱਥੇ ਬਿਜਲੀ ਦੇ ਦੋ ਨਵੇਂ ਕਨੈਕਸ਼ਨ ਲਗਵਾਏ ਸੀ ਜਿਹਨਾਂ ਦੇ ਨੰਬਰ 3004542282 ਅਤੇ 3004740110 ਸਨ। ਉਹਨਾਂ ਦੱਸਿਆ ਕਿ ਇਸ ਦੌਰਾਨ ਬਿਜਲੀ ਵਿਭਾਗ ਨੇ ਜੱਦੀ ਕਨੈਕਸ਼ਨ ਦਾ ਬਕਾਇਆ ਉਹਨਾਂ ਦੇ ਨਵੇਂ ਕਨੈਕਸ਼ਨ (ਖਾਤਾ ਨੰਬਰ 3004542282) ਵਿੱਚ ਪਾ ਦਿੱਤਾ, ਜਿਸਦੇ ਖਿਲਾਫ ਉਹਨਾਂ ਵਲੋਂ ਪਟਿਆਲਾ ਵਿਖੇ ਅਪੀਲ ਦਾਇਰ ਕੀਤੀ ਗਈ ਅਤੇ ਉਸਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਹੋ ਗਿਆ।

ਉਹਨਾਂ ਕਿਹਾ ਕਿ ਬਾਅਦ ਵਿੱਚ ਵਿਭਾਗ ਵਲੋਂ ਲੋਕਪਾਲ ਵਿੱਚ ਪਾਈ ਅਪੀਲ ਦਾ ਫੈਸਲਾ ਉਹਨਾਂ ਦੇ ਖਿਲਾਫ ਹੋ ਗਿਆ ਅਤੇ ਉਹਨਾਂ ਵਲੋਂ 44 ਹਜਾਰ ਰੁਪਏ ਦੀ ਰਕਮ ਵਿਭਾਗ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ।

ਉਹਨਾਂ ਕਿਹਾ ਕਿ ਇਸ ਉਪਰੰਤ ਵਿਭਾਗ ਵਲੋਂ ਉਹਨਾਂ ਵੱਲ 36 ਹਾਜਾਰ ਦਾ ਹੋਰ ਬਕਾਇਆ ਕੱਢ ਦਿੱਤਾ ਗਿਆ। ਉਸਤੋਂ ਬਾਅਦ ਉਹਨਾਂ ਵਲੋਂ ਵਿਭਾਗ ਨੂੰ ਅਰਜੀ ਦਿੱਤੀ ਗਈ ਕਿ ਉਹ ਇਹ ਅਦਾਇਗੀ ਕਰਨ ਲਈ ਤਿਆਰ ਹਨ ਇਸ ਬਿਜਲੀ ਦੇ ਮੀਟਰ ਨੂੰ ਲਾਹ ਲਿਆ ਜਾਵੇ ਪਰੰਤੂ ਵਿਭਾਗ ਵਲੇ ਇਸਦੀ ਥਾਂ ਦੂਜਾ ਮੀਟਰ ਲਾਹ ਕੇ ਲੈ ਗਏ। ਦੁਬਾਰਾ ਸ਼ਿਕਾਇਤ ਕਰਨ ਤੇ ਇਸ ਮੀਟਰ ਤੋਂ ਅੱਗੇ ਘਰ ਤਕ ਸਪਲਾਈ ਹੋਣ ਵਾਲੀਆਂ ਤਾਰਾਂ ਕੱਢ ਦਿੱਤੀਆਂ ਗਈਆਂ ਅਤੇ ਇਸ ਮੀਟਰ ਤੋਂ ਸਪਲਾਈ ਵੀ ਬੰਦ ਹੋ ਗਈ।

ਉਹਨਾਂ ਕਿਹਾ ਕਿ ਹੁਣ ਬਿਜਲੀ ਵਿਭਾਗ ਵਲੋਂ ਉਹਨਾਂ ਨੂੰ ਇਸ ਮੀਟਰ ਦਾ 5 ਲੱਖ 92 ਹਜਾਰ ਰੁਪਏ ਦਾ ਬਿਲ ਭੇਜ ਦਿੱਤਾ ਗਿਆ ਹੈ ਜੋ ਸਰਾਸਰ ਗਲਤ ਹੈ।

ਉਹਨਾਂ ਕਿਹਾ ਕਿ ਉਸ ਤੋਂ ਬਾਅਦ ਤੋਂ ਉਹ ਕਈ ਵਾਰ ਵਿਭਾਗ ਵਿੱਚ ਸ਼ਿਕਾਇਤ ਦੇ ਚੁੱਕੇ ਹਨ ਕਿ ਜਦੋਂ ਇਸ ਮੀਟਰ ਵਿੱਚ ਸਪਲਾਈ ਹੀ ਨਹੀਂ ਆਉਣੀ ਤਾਂ ਇਸਨੂੰ ਇੱਥੋਂ ਹਟਾਇਆ ਜਾਵੇ ਪਰੰਤੂ ਬਿਜਲੀ ਵਿਭਾਗ ਇਸ ਮੀਟਰ ਨੂੰ ਪੁੱਟਣ ਤੋਂ ਵੀ ਇਨਕਾਰੀ ਹੈ ਅਤੇ ਹੁਣ ਉਹਨਾਂ ਨੂੰ ਲਗਭਗ 6 ਲੱਖ ਦਾ ਬਿਲ ਭੇਜਿਆ ਗਿਆ ਹੈ।

ਉਹਨਾਂ ਕਿਹਾ ਕਿ ਜਦੋਂ ਪਿਛਲੇ 9 ਸਾਲਾਂ ਤੋਂ ਬਿਜਲੀ ਦੀ ਸਪਲਾਈ ਹੀ ਨਹੀਂ ਮਿਲ ਰਹੀ ਫਿਰ ਬਿਜਲੀ ਵਿਭਾਗ ਉਹਨਾਂ ਤੋਂ ਬਿਜਲੀ ਬਿਲ ਦੀ ਇੰਨੀ ਵੱਡੀ ਰਕਮ ਕਿਵੇਂ ਮੰਗ ਸਕਦਾ ਹੈ। ਉਹਨਾਂ ਕਿਹਾ ਕਿ ਉਹ ਅੱਜ ਵੀ ਆਪਣਾ 36 ਹਜਾਰ ਰੁਪਏ ਦਾ ਬਕਾਇਆ ਜਮਾਂ ਕਰਨ ਲਈ ਤਿਆਰ ਹਨ ਪਰੰਤੂ ਬਿਜਲੀ ਵਿਭਾਗ ਹੈ ਕਿ ਉਹਨਾਂ ਨਾਲ ਜਿਆਦਤੀ ਕਰ ਰਿਹਾ ਹੈ।

ਉਹਨਾਂ ਪੰਜਾਬ ਦੇ ਬਿਜਲੀ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਇਸ ਮਾਮਲੇ ਦਾ ਹਲ ਕੱਢ ਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।

ਇਸ ਸਬੰਧੀ ਸੰਪਰਕ ਕਰਨ ਤੇ ਐਡੀਸ਼ਨਲ ਐਸ ਈ ਸ੍ਰੀ ਅਮਨਦੀਪ ਸਿੰਘ ਨੇ ਕਿਹਾ ਕਿ ਇਸ ਖਪਤਕਾਰ ਦਾ ਪੁਰਾਣਾ ਬਕਾਇਆ ਰੁਕਿਆ ਹੋਇਆ ਹੈ ਜਿਸ ਸਬੰਧੀ ਖਪਤਕਾਰ ਨੇ ਅਦਾਲਤ ਵਿੱਚ ਕੇਸ ਵੀ ਪਾਇਆ ਸੀ ਅਤੇ ਉਸ ਦੀ ਆੜ ਹੇਠ ਇਸ ਖਪਤਕਾਰ ਵੱਲੋਂ ਬਿਜਲੀ ਦੇ ਅਗਲੇ ਬਿਲ ਵੀ ਜਮ੍ਹਾ ਨਹੀਂ ਕਰਵਾਏ ਗਏ ਜਿਸ ਕਾਰਨ ਉਸ ਦੇ ਪੁਰਾਣੇ ਬਕਾਏ ਅਤੇ ਵਿਆਜ ਦਾ ਬਿਲ ਹੀ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਖਪਤਕਾਰ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਉਹਨਾਂ ਨੂੰ ਨਿੱਜੀ ਤੌਰ ਤੇ ਮਿਲ ਸਕਦਾ ਹੈ।

Continue Reading

Latest News

Trending