Mohali
ਮੁਲਾਜ਼ਮਾਂ ਦੀ ਹੜਤਾਲ ਅਤੇ ਪੋਰਟਲ ਠੱਪ ਹੋਣ ਕਾਰਨ ਸੇਵਾ ਕੇਂਦਰ ਬਣੇ ਸਜ਼ਾ ਕੇਂਦਰ : ਸੰਜੀਵ ਵਸ਼ਿਸ਼ਠ
ਸਰਕਾਰ ਦੀ ਮਾੜੀ ਕਾਰਗੁਜਾਰੀ ਕਾਰਨ ਲੋਕ ਹੋ ਰਹੇ ਹਨ ਖੱਜਲ
ਐਸ ਏ ਐਸ ਨਗਰ, 10 ਜੁਲਾਈ (ਸ.ਬ.) ਭਾਰਤੀ ਜਨਤਾ ਪਾਰਟੀ ਮੁਹਾਲੀ ਦੇ ਜਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਹੈ ਕਿ ਪੰਜਾਬ ਭਰ ਵਿੱਚ ਸੇਵਾ ਕੇਂਦਰਾਂ ਦੇ ‘ਕਨੈਕਟ ਪੰਜਾਬ’ ਪੋਰਟਲ ਦੇ ਵਾਰ-ਵਾਰ ਠੱਪ ਹੋਣ ਅਤੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਹੋਣ ਕਰਕੇ ਸੇਵਾ ਕੇਂਦਰ ਹੁਣ ਸਜ਼ਾ ਕੇਂਦਰ ਬਣ ਗਏ ਹਨ ਜਿੱਥੇ ਆਪਣੇ ਕੰਮਾਂ ਕਾਰਾਂ ਲਈ ਪਹੁੰਚਣ ਵਾਲੇ ਲੋਕਾਂ ਨੂੰ ਬੁਰੀ ਤਰ੍ਹਾਂ ਖੱਜਲ ਖਵਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਜ਼ੀਟਲ ਗਵਰਨੈਂਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ‘ਆਪ’ ਸਰਕਾਰ ਦੀ ਪੂਰੀ ਪ੍ਰਸ਼ਾਸਨਿਕ ਨਾਕਾਮੀ ਹੁਣ ਲੋਕਾਂ ਸਾਹਮਣੇ ਆ ਚੁੱਕੀ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਸ੍ਰੀ ਵਸ਼ਿਸ਼ਟ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਸੇਵਾ ਕੇਂਦਰਾਂ ਵਿੱਚ ਲੋਕ ਸਵੇਰੇ ਤੋਂ ਹੀ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਲਈ ਮਜਬੂਰ ਹਨ, ਪਰ ਪੋਰਟਲ ਬੰਦ ਹੋਣ ਕਾਰਨ ਉਨ੍ਹਾਂ ਦੇ ਜਨਮ ਸਰਟੀਫਿਕੇਟ, ਮੌਤ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਨਾਲ ਸਬੰਧਤ ਸੇਵਾਵਾਂ ਅਤੇ ਹੋਰ ਜ਼ਰੂਰੀ ਸਰਕਾਰੀ ਦਸਤਾਵੇਜ਼ਾਂ ਦਾ ਕੰਮ ਠੱਪ ਪਿਆ ਹੈ। ਉਨ੍ਹਾਂ ਕਿਹਾ ਕਿ ਤਪਦੀ ਗਰਮੀ ਵਿੱਚ ਬਜ਼ੁਰਗ, ਮਹਿਲਾਵਾਂ, ਵਿਦਿਆਰਥੀ, ਕਿਸਾਨ, ਮਜ਼ਦੂਰ ਅਤੇ ਰੋਜ਼ਾਨਾ ਦਿਹਾੜੀ ਕਰਕੇ ਆਪਣਾ ਪਰਿਵਾਰ ਚਲਾਉਣ ਵਾਲੇ ਲੋਕ ਘੰਟਿਆਂ ਸੇਵਾ ਕੇਂਦਰਾਂ ਦੇ ਬਾਹਰ ਖੜ੍ਹੇ ਰਹਿੰਦੇ ਹਨ, ਪਰ ਆਖ਼ਿਰ ਵਿੱਚ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਕਿ ਪੋਰਟਲ ਕੰਮ ਨਹੀਂ ਕਰ ਰਿਹਾ।
ਸ੍ਰੀ ਵਸ਼ਿਸ਼ਟ ਨੇ ਕਿਹਾ ਕਿ ਇਹ ਸਿਰਫ਼ ਲੋਕਾਂ ਦੇ ਸਮੇਂ ਦੀ ਹੀ ਨਹੀਂ, ਸਗੋਂ ਉਨ੍ਹਾਂ ਦੇ ਪੈਸੇ ਦੀ ਵੀ ਬਰਬਾਦੀ ਹੈ। ਕਈ ਲੋਕ ਦੂਰ-ਦੁਰਾਡੇ ਇਲਾਕਿਆਂ ਤੋਂ ਕਿਰਾਇਆ ਖਰਚ ਕਰਕੇ ਸੇਵਾ ਕੇਂਦਰਾਂ ਤੱਕ ਪਹੁੰਚਦੇ ਹਨ, ਆਪਣੀ ਦਿਹਾੜੀ ਛੱਡ ਕੇ ਆਉਂਦੇ ਹਨ, ਪਰ ਸਰਕਾਰ ਦੀ ਲਾਪਰਵਾਹੀ ਕਾਰਨ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਜਾਣਾ ਪੈਂਦਾ ਹੈ। ਉਹਨਾਂ ਕਿਹਾ ਕਿ ਜੋ ਸਰਕਾਰ ਆਪਣੇ ਹੀ ਡਿਜ਼ੀਟਲ ਪੋਰਟਲ ਨੂੰ ਸੁਚਾਰੂ ਢੰਗ ਨਾਲ ਨਹੀਂ ਚਲਾ ਸਕਦੀ, ਉਸਨੂੰ ਚੰਗੇ ਪ੍ਰਸ਼ਾਸਨ ਅਤੇ ਪਾਰਦਰਸ਼ੀ ਗਵਰਨੈਂਸ ਦੇ ਦਾਅਵੇ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਇਹ ਭਗਵੰਤ ਮਾਨ ਸਰਕਾਰ ਦੀ ਅਯੋਗਤਾ ਅਤੇ ਪ੍ਰਸ਼ਾਸਨਿਕ ਅਸਫਲਤਾ ਦਾ ਜਿਉਂਦਾ ਜਾਗਦਾ ਸਬੂਤ ਹੈ।
ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ‘ਕਨੈਕਟ ਪੰਜਾਬ’ ਪੋਰਟਲ ਨੂੰ ਤੁਰੰਤ ਚਾਲੂ ਕੀਤਾ ਜਾਵੇ, ਤਕਨੀਕੀ ਖਾਮੀਆਂ ਨੂੰ ਫੌਰੀ ਤੌਰ ਤੇ ਦੂਰ ਕੀਤਾ ਜਾਵੇ ਅਤੇ ਜਦੋਂ ਤੱਕ ਪੋਰਟਲ ਪੂਰੀ ਤਰ੍ਹਾਂ ਬਹਾਲ ਨਹੀਂ ਹੁੰਦਾ, ਉਦੋਂ ਤੱਕ ਜਨਤਾ ਨੂੰ ਰਾਹਤ ਦੇਣ ਲਈ ਆਫਲਾਈਨ ਵਿਵਸਥਾ ਕੀਤੀ ਜਾਵੇ ਤਾਂ ਜੋ ਲੋਕਾਂ ਦੇ ਜ਼ਰੂਰੀ ਕੰਮ ਪ੍ਰਭਾਵਿਤ ਨਾ ਹੋਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਲਾਪਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਦੁਹਰਾਈਆਂ ਜਾਣ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਦੀ ਨਾਕਾਮੀਆਂ ਦੀ ਸਜ਼ਾ ਭੁਗਤ ਰਹੇ ਹਨ। ਸਰਕਾਰੀ ਸੇਵਾਵਾਂ ਹਰ ਨਾਗਰਿਕ ਦਾ ਅਧਿਕਾਰ ਹਨ, ਸਰਕਾਰ ਦਾ ਅਹਿਸਾਨ ਨਹੀਂ। ਭਗਵੰਤ ਮਾਨ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਨਾ ਕਿ ਲੋਕਾਂ ਨੂੰ ਖੱਜਲ-ਖੁਆਰ ਕਰਨਾ ਚਾਹੀਦਾ ਹੈ।
Mohali
ਪੰਜਾਬ ਦੇ ਪਾਣੀਆਂ ਨੂੰ ਲੁੱਟਣ ਲਈ ਕਾਂਗਰਸ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ ਕੇਂਦਰ ਦੀ ਭਾਜਪਾ ਸਰਕਾਰ : ਪਰਮਜੀਤ ਸਿੰਘ ਕਾਹਲੋਂ
ਐਸ ਏ ਐਸ ਨਗਰ, 18 ਸਤੰਬਰ (ਸ.ਬ.) ਵਾਰਡ ਨੰਬਰ 10 ਤੋਂ ਆਜ਼ਾਦ ਕੌਂਸਲਰ ਸz. ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਕੇਂਦਰ ਦੀ ਸੱਤਾ ਤੇ ਕਾਬਜ ਭਾਜਪਾ ਦੀ ਸਰਕਾਰ ਵੀ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਲਈ ਪਿਛਲੇ ਸਮੇਂ ਦੀ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਾਲੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਪਹਿਲਾਂ ਦੀ ਕਾਂਗਰਸ ਸਰਕਾਰ ਨੇ ਪੰਜਾਬ ਦਾ ਪਾਣੀ ਧੱਕੇ ਨਾਲ ਰਾਜਸਥਾਨ ਨੂੰ ਦੇ ਦਿੱਤਾ। ਫਿਰ 1966 ਤੋਂ ਬਾਅਦ ਗੈਰ ਰਾਈਪੇਰੀਅਨ ਹਰਿਆਣਾ ਰਾਜ ਨੂੰ 1966 ਤੋਂ ਪਹਿਲਾਂ ਰਾਈਪੇਰੀਅਨ ਸੂਬੇ ਦਾ ਹਿੱਸਾ ਮੰਨਦਿਆ ਸਤਲੁਜ ਅਤੇ ਬਿਆਸ ਦੇ ਪਾਣੀਆਂ ਵਿੱਚੋਂ ਹਿੱਸਾ ਦੇ ਦਿੱਤਾ ਗਿਆ।
ਉਹਨਾਂ ਕਿਹਾ ਕਿ ਕੇਂਦਰ ਦੀ ਸੱਤਾ ਤੇ ਕਾਬਜ ਸਰਕਾਰ ਵਲੋਂ ਪਹਿਲਾਂ ਭਾਖੜਾ ਬਿਆਸ ਮੈਨੇਜਮੈਟ ਬੋਰਡ ਦਾ ਅਧਿਕਾਰ ਪੰਜਾਬ ਤੋਂ ਲੈ ਲਿਆ ਗਿਆ ਅਤੇ ਹੁਣ ਯਮੁਨਾ ਦੇ ਪਾਣੀ ਦੀ ਵੰਡ ਲਈ ਕਿਸ਼ਾਉ ਬਹੁਮੰਤਵੀ ਪ੍ਰੋਜੈਕਟ (ਜਿਸ ਵਿੱਚ 90 ਫੀਸਦੀ ਪੈਸਾ ਕੇਂਦਰ ਸਰਕਾਰ ਨੇ ਲਗਾਉਣਾ ਹੈ) ਵਿੱਚੋਂ ਪੰਜਾਬ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ ਜੋ ਪੰਜਾਬ ਨਾਲ ਬੇਇਨਸਾਫੀ ਹੈ। ਉਹਨਾਂ ਕਿਹਾ ਕਿ 1966 ਵੇਲੇ ਯਮੁਨਾ ਨਾਲ ਪੰਜਾਬ ਰਾਈਪੇਰੀਅਨ ਸੂਬੇ ਵਿੱਚੋਂ ਸ਼ਾਮਿਲ ਸੀ ਪਰੰਤੂ ਪੰਜਾਬ ਨੂੰ ਬਾਹਰ ਕਰਕੇ ਉੱਤਰਾਖੰਡ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਸਮਝੌਤੇ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਉਹਨਾਂ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਚੁੱਪੀ ਦੀ ਨਿਖੇਧੀ ਕਰਦਿਆਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵਲੋਂ ਪੰਜਾਬ ਦੇ ਪਾਣੀਆਂ ਨੂੰ ਚੁਪ ਚੁਪੀਤੇ ਲੁਟਾਇਆ ਜਾ ਰਿਹਾ ਹੈ। ਉਹਨਾਂ ਕੇਂਦਰ ਸਰਕਾਰ ਨੂੰ ਇਹ ਸਮਝੌਤੇ ਤੇ ਮੁੜ ਵਿਚਾਰ ਕਰਨ ਅਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਇਸ ਸਮਝੌਤੇ ਖਿਲਾਫ ਲੜਨ ਦੀ ਅਪੀਲ ਕੀਤੀ।
Mohali
ਪੰਜਾਬ ਨੂੰ ਫਿਰ ਤੋਂ ਤੰਦਰੁਸਤ ਅਤੇ ਰੰਗਲਾ ਪੰਜਾਬ ਬਣਾਉਣ ਲਈ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਸਰਕਾਰ : ਸਰਬਜੀਤ ਸਿੰਘ ਸਮਾਣਾ
ਵਾਲੀਬਾਲ ਅਤੇ ਬੈਡਮਿੰਟਨ ਕੋਰਟ ਦਾ ਉਦਘਾਟਨ ਕੀਤਾ
ਐਸ ਏ ਐਸ ਨਗਰ, 18 ਸਤੰਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਨੂੰ ਫਿਰ ਤੋਂ ਤੰਦਰੁਸਤ ਅਤੇ ਰੰਗਲਾ ਪੰਜਾਬ ਬਣਾਉਣ ਲਈ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਸਰਕਾਰੀ ਹਾਈ ਸਕੂਲ ਮਟੌਰ ਦੇ ਨੇੜੇ ਸੈਕਟਰ 70 ਵਾਲੇ ਪਾਰਕ ਵਿੱਚ ਵਾਲੀਬਾਲ ਕੋਰਟ ਅਤੇ ਕਾਰਗਿਲ ਪਾਰਕ ਸੈਕਟਰ -71 ਵਿਖੇ ਬੈਡਮਿੰਟਨ ਕੋਰਟ ਅਤੇ ਫੁਆਰੇ ਦਾ ਉਦਘਾਟਨ ਕਰਨ ਮੌਕੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਵਿੱਚ ਖਿਡਾਰੀਆਂ ਨੂੰ ਲੋੜੀਂਦੇ ਸਮਾਨ ਦੀ ਉਪਲਬਧਤਾ ਕਰਵਾਈ ਜਾ ਰਹੀ ਹੈ, ਤਾਂ ਕਿ ਕੋਈ ਵੀ ਖਿਡਾਰੀ ਆਪਣੀ ਖੇਡ ਕਲਾ ਦਾ ਪ੍ਰਗਟਾਵਾ ਕਰਨ ਤੋਂ ਵਾਂਝਾ ਨਾ ਰਹਿ ਸਕੇ ਅਤੇ ਨੌਜਵਾਨ ਵਰਗ ਨੂੰ ਤੰਦਰੁਸਤੀ ਦੇ ਰਾਹ ਤੋਂ ਤੋਰਿਆ ਜਾ ਸਕੇ। ਇਸ ਮੌਕੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਮੇਅਰ ਸਰਬਜੀਤ ਸਿੰਘ ਸਮਾਣਾ ਨੇ ਉਹਨਾਂ ਕਿਹਾ ਕਿ ਬੈਡਮਿੰਟਨ ਅਤੇ ਵਾਲੀਬਾਲ ਕੋਰਟ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸਮਰਪਿਤ ਕਰ ਦਿੱਤੇ ਗਏ ਹਨ, ਹੁਣ ਖਿਡਾਰੀ ਵਰਗ ਆਪਣੇ ਨੇੜੇ ਦੇ ਖੇਡ ਮੈਦਾਨ ਦੇ ਵਿੱਚ ਜਾ ਕੇ ਆਪਣੀ ਖੇਡ ਕਲਾ ਦੇ ਵਿੱਚ ਵਧੇਰੇ ਨਿਖਾਰ ਲਿਆ ਸਕਣਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਜਿਸ ਵੀ ਖਿਡਾਰੀ ਨੂੰ ਕਿਸੇ ਵੀ ਸਮਾਨ ਜਾਂ ਸਹੂਲੀਅਤ ਦੀ ਲੋੜ ਹੋਵੇਗੀ ਉਸਨੂੰ ਸਮੇਂ ਸਿਰ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਦੇ ਕੌਂਸਲਰ ਬੱਚਨ ਸਿੰਘ ਬੋਪਾਰਾਏ, ਗੁਰਪ੍ਰੀਤ ਕੌਰ , ਕੁਲਵਿੰਦਰ ਕੌਰ ਅਤੇ ਗੁਰਜੀਤ ਸਿੰਘ, ਤਰਲੋਚਨ ਸਿੰਘ, ਮਨਦੀਪ ਮਟੌਰ, ਸੁਰਿੰਦਰ ਛਿੰਦਾ, ਮਨਜੀਤ ਖ਼ਾਨ, ਕਮਲਪ੍ਰੀਤ ਸਿੰਘ, ਸੁਦਾਗਰ ਖਾਨ, ਨਵਜੋਤ ਸਿੰਘ, ਸੋਨੂ ਮਟੋਰ, ਖ਼ਸ਼ ਮਨਿਹਾਸ, ਮਨਜੋਤ ਸਿੰਘ, ਸਤਾਰ ਖਾਨ, ਕਰਨਲ ਢਿਲੋਂ, ਵਿਸ਼ਵਪ੍ਰੀਤ ਸਿੰਘ, ਐਕਸੀਅਨ ਰਜਿੰਦਰ ਕੁਮਾਰ ਅਤੇ ਨਿਗਮ ਦੇ ਅਧਿਕਾਰੀ ਹਾਜ਼ਰ ਸਨ।
Mohali
ਖਰੜ ਪੁਲੀਸ ਵਲੋਂ ਟਰੈਕਟਰ ਚੋਰ ਗਿਰੋਹ ਦੇ ਤਿੰਨ ਮੈਂਬਰ ਕਾਬੂ
4 ਟਰੈਕਟਰ, 3 ਟਰਾਲੀਆਂ, 1 ਟੋਏ ਪੁੱਟਣ ਵਾਲੀ ਮਸ਼ੀਨ ਅਤੇ ਬਿਜਲੀ ਦੀ ਸਟੀਲ ਤਾਰ ਦੇ 8 ਰੋਲ ਬਰਾਮਦ
ਐਸ ਏ ਐਸ ਨਗਰ, 18 ਸਤੰਬਰ (ਸ.ਬ.) ਖਰੜ ਪੁਲੀਸ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 4 ਟਰੈਕਟਰ, 3 ਟਰਾਲੀਆਂ, 1 ਟੋਏ ਪੁੱਟਣ ਵਾਲੀ ਮਸ਼ੀਨ ਅਤੇ ਬਿਜਲੀ ਦੀ ਸਟੀਲ ਤਾਰ ਦੇ 8 ਰੋਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਸ੍ਰੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਥਾਣਾ ਸਦਰ ਖਰੜ ਦੇ ਖੇਤਰ ਵਿੱਚ ਏਰੀਆ ਵਿੱਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿਮ ਤੇ ਦੌਰਾਨ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਬੀਤੀ 29 ਜੂਨ ਨੂੰ ਇੱਕ ਟਰੈਕਟਰ ਚੋਰੀ ਹੋਇਆ ਸੀ ਜਿਸ ਸੰਬੰਧੀ ਬੀ. ਐਨ. ਐਸ ਦੀ ਧਾਰਾ 303(2) ਤਹਿਤ ਥਾਣਾ ਸਦਰ ਖਰੜ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੌਰਾਨ 7 ਸਤਬੰਰ ਦੀ ਰਾਤ ਨੂੰ ਇੱਕ ਟਰੈਕਟਰ ਚੋਰੀ ਹੋਇਆ ਸੀ ਜਿਸ ਸੰਬੰਧੀ ਬੀ. ਐਨ .ਐਸ ਦੀ ਧਾਰਾ 303(2) ਤਹਿਤ ਥਾਣਾ ਸਦਰ ਖਰੜ ਵਿਖੇ ਵੱਖਰਾ ਮਾਮਲਾ ਦਰਜ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਸ਼ੇਰਾ ਵਾਸੀ ਪਿੰਡ ਸਹਿਬਾਜਪੁਰ ਰੋਡ (ਨੇੜੇ ਹਨੁਮਾਨ ਮੰਦਿਰ) ਰਾਏਕੋਟ ਲੁਧਿਆਣਾ ਨੂੰ ਕਾਬੂ ਕੀਤਾ ਗਿਆ ਜਿਸ ਦੀ ਪੁਛਗਿਛ ਤੇ ਹਿਮਾਂਸ਼ੂ ਕੁਮਾਰ ਵਾਸੀ ਪਿੰਡ ਰਾਮ ਸ਼ੇਰਗੜ੍ਹ ਥਾਣਾ ਹਸਨਪੁਰ, ਜਿਲ੍ਹਾ ਅਮਰੋਹਾ, ਯੂ.ਪੀ ਨੂੰ ਮੇਰਠ (ਯੂ.ਪੀ) ਤੋਂ ਕਾਬੂ ਕੀਤਾ ਗਿਆ। ਪੁਛਗਿਛ ਦੌਰਾਨ ਹਿਮਾਂਸ਼ੂ ਨੇ ਦਸਿਆ ਕਿ ਉਸ ਵਲੋਂ ਟਰੈਕਟਰਾਂ ਦੀ ਚੋਰੀ ਕੀਤੀ ਗਈ ਹੈ ਅਤੇ ਜਿਸ ਤੇ ਥਾਣਾ ਸਦਰ ਖਰੜ ਦੀ ਟੀਮ ਵਲੋਂ 4 ਟਰੈਕਟਰ, 3 ਟਰਾਲੀਆਂ ਰਿਕਵਰ ਕੀਤੇ ਗਏ।
ਹਿਮਾਂਸ਼ੂ ਦੀ ਪੁੱਛਗਿਛ ਤੇ ਸਮੀਰ ਅੰਸਾਰੀ ਵਾਸੀ ਨਿਉ ਸਲੇਮਪੁਰ ਕੇ ਬਲਾਕ ਬੈਂਡ ਬਾਜੇ ਵਾਲੀ ਗਲੀ ਪੂਰਵੀ ਦਿੱਲੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਕੀਤੀ ਹੋਈ 1 ਟੋਏ ਪੁੱਟਣ ਵਾਲੀ ਮਸ਼ੀਨ ਅਤੇ ਬਿਜਲੀ ਦੀ ਸਟੀਲ ਤਾਰ ਦੇ 8 ਰੋਲ ਬਰਾਮਦ ਕੀਤੇ ਗਏ ਹਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
-
International1 month agoਸ਼੍ਰੀਲੰਕਾ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਜ਼ਮੀਨ ਖਿਸਕੀ, 7 ਵਿਅਕਤੀਆਂ ਦੀ ਮੌਤ
-
Editorial2 months agoਪੰਥਕ ਜਥੇਬੰਦੀਆਂ ਵਿੱਚ ਏਕਤਾ ਅਜੇ ਦੁੂਰ ਦੀ ਗੱਲ
-
International1 month agoਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਸ਼ਾਕਿਬ ਅਲ ਹਸਨ ਦੇ ਘਰ ਤੇ ਪੈਟਰੋਲ ਬੰਬ ਨਾਲ ਹਮਲਾ
-
International1 month agoਸਾਊਦੀ ਅਰਬ ਵਿੱਚ ਸੋਫਾ ਫੈਕਟਰੀ ਨੂੰ ਅੱਗ ਲੱਗਣ ਕਾਰਨ 16 ਬੰਗਲਾਦੇਸ਼ੀ ਮਜ਼ਦੂਰਾਂ ਦੀ ਮੌਤ
-
International2 months agoਸਪੇਨ ਵਿੱਚ ਜਬਰਦਸਤੀ ਦਾਖਿਲ ਹੋਏ ਹਜ਼ਾਰਾਂ ਪ੍ਰਵਾਸੀ, ਕਈ ਵਿਅਕਤੀਆਂ ਦੀ ਮੌਤ
-
International2 months agoਇਥੋਪੀਆ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ, 14 ਵਿਅਕਤੀਆਂ ਦੀ ਮੌਤ
-
National1 month agoਬੱਸ ਬੇਕਾਬੂ ਹੋ ਕੇ ਸੜਕ ਤੋਂ 100 ਫੁੱਟ ਹੇਠਾਂ ਡਿੱਗੀ, 7 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
Chandigarh1 month agoਸੁਖਬੀਰ ਸਿੰਘ ਬਾਦਲ ਵਲੋਂ ਚੰਡੀਗੜ੍ਹ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ
