Mohali
ਸ਼ਹਿਰ ਵਿੱਚ ਕੂੜੇ ਦੇ ਨਿਪਟਾਰੇ ਦੇ ਮਾਮਲੇ ਵਿੱਚ ਸਰਕਾਰ ਪੂਰੀ ਤਰ੍ਹਾਂ ਨਾਕਾਮ : ਅਮਰਜੀਤ ਸਿੰਘ ਜੀਤੀ ਸਿੱਧੂ
ਐਸ ਏ ਐਸ ਨਗਰ, 10 ਜੁਲਾਈ (ਸ.ਬ.) ਮੁਹਾਲੀ ਨਗਰ ਨਿਗਮ ਦੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੋਸ਼ ਲਾਇਆ ਕਿ ਸ਼ਹਿਰ ਵਿੱਚ ਕੂੜੇ ਦੇ ਨਿਪਟਾਰੇ ਦੇ ਮਾਮਲੇ ਵਿੱਚ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ।
ਉਹਨਾਂ ਕਿਹਾ ਕਿ ਸਥਾਨਕ ਫੇਜ਼ 8 ਵਿੱਚ ਗੁਰਦੁਆਰਾ ਅੰਬ ਸਾਹਿਬ ਦੇ ਪਿਛਲੇ ਪਾਸੇ ਸਥਿਤ ਨੇਚਰ ਪਾਰਕ ਦੇ ਬਾਹਰਵਾਰ ਹਜ਼ਾਰਾਂ ਟਨ ਕੂੜਾ ਸੁੱਟਿਆ ਗਿਆ ਹੈ, ਜੋ ਬਰਸਾਤ ਕਾਰਨ ਸੜ ਰਿਹਾ ਹੈ ਅਤੇ ਬਦਬੂ ਫੈਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਇੱਕ ਥਾਂ ਦੀ ਸਮੱਸਿਆ ਨਹੀਂ, ਬਲਕਿ ਮੁਹਾਲੀ ਵਿੱਚ ਜਿੱਥੇ ਵੀ ਖਾਲੀ ਜਗ੍ਹਾ ਮਿਲਦੀ ਹੈ, ਉਸ ਨੂੰ ਕੂੜਾਘਰ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨੇਚਰ ਪਾਰਕ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੈਰ ਕਰਨ ਜਾਂਦੇ ਹਨ ਤੇ ਦੂਜੇ ਪਾਸੇ ਗੁਰਦੁਆਰਾ ਅੰਬ ਸਾਹਿਬ ਦੇ ਸ਼ਰਧਾਲੂ ਵੀ ਸੰਗਤ ਦੇ ਰੂਪ ਵਿੱਚ ਵੱਡੀ ਗਿਣਤੀ ਵਿੱਚ ਆਉਂਦੇ ਹਨ ਜਿਨਾਂ ਨੂੰ ਸਵੇਰੇ ਸਵੇਰੇ ਬਦਬੂ ਮਾਰਦੇ ਇਸ ਕੂੜੇ ਦੇ ਦਰਸ਼ਨ ਹੁੰਦੇ ਹਨ।
ਉਹਨਾਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਅਨੁਸਾਰ ਪੁਰਾਣਾ ਡੰਪਿੰਗ ਗਰਾਊਂਡ ਬੰਦ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਵਲੋਂ ਰਾਜਨੀਤਿਕ ਅਤੇ ਪ੍ਰਸ਼ਾਸਕੀ ਪੱਧਰ ਤੇ ਗਮਾਡਾ, ਮੁੱਖ ਮੰਤਰੀ, ਸਥਾਨਕ ਸਰਕਾਰ ਵਿਭਾਗ ਅਤੇ ਹੋਰ ਅਧਿਕਾਰੀਆਂ ਕੋਲ ਪਹੁੰਚ ਕਰਕੇ ਨਵਾਂ ਡੰਪਿੰਗ ਗਰਾਊਂਡ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ ਤਾਂ ਜੋ ਆਧੁਨਿਕ ਤਕਨੀਕ ਅਤੇ ਮਸ਼ੀਨਾਂ ਰਾਹੀਂ ਕੂੜੇ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਹੋ ਸਕੇ। ਪਰੰਤੂ ਸਰਕਾਰ ਨੇ ਜ਼ਮੀਨ ਮੁਹੱਈਆ ਨਹੀਂ ਕਰਵਾਈ ਅਤੇ ਮਾਮਲਾ ਸਿਰਫ਼ ਭਰੋਸਿਆਂ ਤੱਕ ਹੀ ਸੀਮਤ ਰਿਹਾ।
ਉਨ੍ਹਾਂ ਕਿਹਾ ਕਿ ਸਮਗੌਲੀ (ਜਿੱਥੇ ਕੂੜੇ ਦੇ ਨਿਪਟਾਰੇ ਦਾ ਵੱਡਾ ਪਲਾਂਟ ਲੱਗਣਾ ਅਤੇ ਨਵਾਂ ਡੰਪਿੰਗ ਮੈਦਾਨਬਣਨਾ ਹੈ) ਵਿਖੇ ਲਗਭਗ ਦੋ ਕਿਲੋਮੀਟਰ ਕੱਚਾ ਰਸਤਾ ਵੀ ਅਜੇ ਤੱਕ ਨਹੀਂ ਬਣਾਇਆ ਗਿਆ, ਜਿਸ ਕਾਰਨ ਕੂੜਾ ਪ੍ਰਬੰਧਨ ਦੀ ਸਮੱਸਿਆ ਹੋਰ ਗੰਭੀਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੇਅਰ ਵਜੋਂ ਕਾਰਜਕਾਲ ਖ਼ਤਮ ਹੋਏ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਹਾਲਾਤ ਸੁਧਰਨ ਦੀ ਬਜਾਏ ਹੋਰ ਵਿਗੜਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਹੁਣ ਜਦੋਂ ਸ਼ਹਿਰ ਕੂੜੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਤਾਂ ਮੌਜੂਦਾ ਮੇਅਰ ਅਤੇ ਵਿਧਾਇਕ ਚੁੱਪ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਵਾਬ ਮਿਲਣਾ ਚਾਹੀਦਾ ਹੈ ਕਿ ਕੂੜੇ ਦੇ ਨਿਪਟਾਰੇ ਲਈ ਸਰਕਾਰ ਦੀ ਠੋਸ ਯੋਜਨਾ ਕੀ ਹੈ।
ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਮੇਅਰ ਸz. ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਸਾਬਕਾ ਮੇਅਰ ਨੂੰ ਇਲਜਾਮ ਲਗਾਉਣ ਤੋਂ ਪਹਿਲਾਂ ਆਪਣੀ ਪਿਛਲੀ ਕਾਰਗੁਜਾਰੀ ਤੇ ਧਿਆਨ ਦੇਣਾ ਚਾਹੀਦਾ ਹੈ ਜਿਹਨਾਂ ਵਲੋਂ ਪੰਜ ਸਾਲ ਤਕ ਕੂੜੇ ਦੀ ਸਮੱਸਿਆ ਦੇ ਹਲ ਲਈ ਡੱਕਾ ਤਕ ਨਹੀਂ ਤੋੜਿਆ ਗਿਆ। ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਵਿੱਚੋਂ ਨਿਕਲਦੇ ਕੂੜੇ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਕੀਤਾ ਜਾ ਰਹੇ ਹਨ ਅਤੇ ਛੇਤੀ ਹੀ ਹਾਲਾਤ ਕਾਬੂ ਹੇਠ ਆ ਜਾਣਗੇ। ਹਾਲਾਂਕਿ ਉਹਨਾਂ ਕਿਹਾ ਕਿ ਜੇਕਰ ਸਾਬਕਾ ਮੇਅਰ ਕੋਲ ਕੋਈ ਉਸਾਰੂ ਸੁਝਾਅ ਹੈ ਤਾਂ ਉਹ ਉਹਨਾਂ ਨਾਲ ਸਾਂਝਾ ਕਰ ਸਕਦੇ ਹਨ ਅਤੇ ਨਿਗਮ ਵਲੋਂ ਉਹਨਾਂ ਦੇ ਹਰੇਕ ਸੁਝਾਅ ਦਾ ਸੁਆਗਤ ਕੀਤਾ ਜਾਵੇਗਾ।
Mohali
ਪੰਜਾਬ ਦੇ ਪਾਣੀਆਂ ਨੂੰ ਲੁੱਟਣ ਲਈ ਕਾਂਗਰਸ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ ਕੇਂਦਰ ਦੀ ਭਾਜਪਾ ਸਰਕਾਰ : ਪਰਮਜੀਤ ਸਿੰਘ ਕਾਹਲੋਂ
ਐਸ ਏ ਐਸ ਨਗਰ, 18 ਸਤੰਬਰ (ਸ.ਬ.) ਵਾਰਡ ਨੰਬਰ 10 ਤੋਂ ਆਜ਼ਾਦ ਕੌਂਸਲਰ ਸz. ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਕੇਂਦਰ ਦੀ ਸੱਤਾ ਤੇ ਕਾਬਜ ਭਾਜਪਾ ਦੀ ਸਰਕਾਰ ਵੀ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਲਈ ਪਿਛਲੇ ਸਮੇਂ ਦੀ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਾਲੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਪਹਿਲਾਂ ਦੀ ਕਾਂਗਰਸ ਸਰਕਾਰ ਨੇ ਪੰਜਾਬ ਦਾ ਪਾਣੀ ਧੱਕੇ ਨਾਲ ਰਾਜਸਥਾਨ ਨੂੰ ਦੇ ਦਿੱਤਾ। ਫਿਰ 1966 ਤੋਂ ਬਾਅਦ ਗੈਰ ਰਾਈਪੇਰੀਅਨ ਹਰਿਆਣਾ ਰਾਜ ਨੂੰ 1966 ਤੋਂ ਪਹਿਲਾਂ ਰਾਈਪੇਰੀਅਨ ਸੂਬੇ ਦਾ ਹਿੱਸਾ ਮੰਨਦਿਆ ਸਤਲੁਜ ਅਤੇ ਬਿਆਸ ਦੇ ਪਾਣੀਆਂ ਵਿੱਚੋਂ ਹਿੱਸਾ ਦੇ ਦਿੱਤਾ ਗਿਆ।
ਉਹਨਾਂ ਕਿਹਾ ਕਿ ਕੇਂਦਰ ਦੀ ਸੱਤਾ ਤੇ ਕਾਬਜ ਸਰਕਾਰ ਵਲੋਂ ਪਹਿਲਾਂ ਭਾਖੜਾ ਬਿਆਸ ਮੈਨੇਜਮੈਟ ਬੋਰਡ ਦਾ ਅਧਿਕਾਰ ਪੰਜਾਬ ਤੋਂ ਲੈ ਲਿਆ ਗਿਆ ਅਤੇ ਹੁਣ ਯਮੁਨਾ ਦੇ ਪਾਣੀ ਦੀ ਵੰਡ ਲਈ ਕਿਸ਼ਾਉ ਬਹੁਮੰਤਵੀ ਪ੍ਰੋਜੈਕਟ (ਜਿਸ ਵਿੱਚ 90 ਫੀਸਦੀ ਪੈਸਾ ਕੇਂਦਰ ਸਰਕਾਰ ਨੇ ਲਗਾਉਣਾ ਹੈ) ਵਿੱਚੋਂ ਪੰਜਾਬ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ ਜੋ ਪੰਜਾਬ ਨਾਲ ਬੇਇਨਸਾਫੀ ਹੈ। ਉਹਨਾਂ ਕਿਹਾ ਕਿ 1966 ਵੇਲੇ ਯਮੁਨਾ ਨਾਲ ਪੰਜਾਬ ਰਾਈਪੇਰੀਅਨ ਸੂਬੇ ਵਿੱਚੋਂ ਸ਼ਾਮਿਲ ਸੀ ਪਰੰਤੂ ਪੰਜਾਬ ਨੂੰ ਬਾਹਰ ਕਰਕੇ ਉੱਤਰਾਖੰਡ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਸਮਝੌਤੇ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਉਹਨਾਂ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਚੁੱਪੀ ਦੀ ਨਿਖੇਧੀ ਕਰਦਿਆਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵਲੋਂ ਪੰਜਾਬ ਦੇ ਪਾਣੀਆਂ ਨੂੰ ਚੁਪ ਚੁਪੀਤੇ ਲੁਟਾਇਆ ਜਾ ਰਿਹਾ ਹੈ। ਉਹਨਾਂ ਕੇਂਦਰ ਸਰਕਾਰ ਨੂੰ ਇਹ ਸਮਝੌਤੇ ਤੇ ਮੁੜ ਵਿਚਾਰ ਕਰਨ ਅਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਇਸ ਸਮਝੌਤੇ ਖਿਲਾਫ ਲੜਨ ਦੀ ਅਪੀਲ ਕੀਤੀ।
Mohali
ਪੰਜਾਬ ਨੂੰ ਫਿਰ ਤੋਂ ਤੰਦਰੁਸਤ ਅਤੇ ਰੰਗਲਾ ਪੰਜਾਬ ਬਣਾਉਣ ਲਈ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਸਰਕਾਰ : ਸਰਬਜੀਤ ਸਿੰਘ ਸਮਾਣਾ
ਵਾਲੀਬਾਲ ਅਤੇ ਬੈਡਮਿੰਟਨ ਕੋਰਟ ਦਾ ਉਦਘਾਟਨ ਕੀਤਾ
ਐਸ ਏ ਐਸ ਨਗਰ, 18 ਸਤੰਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਨੂੰ ਫਿਰ ਤੋਂ ਤੰਦਰੁਸਤ ਅਤੇ ਰੰਗਲਾ ਪੰਜਾਬ ਬਣਾਉਣ ਲਈ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਸਰਕਾਰੀ ਹਾਈ ਸਕੂਲ ਮਟੌਰ ਦੇ ਨੇੜੇ ਸੈਕਟਰ 70 ਵਾਲੇ ਪਾਰਕ ਵਿੱਚ ਵਾਲੀਬਾਲ ਕੋਰਟ ਅਤੇ ਕਾਰਗਿਲ ਪਾਰਕ ਸੈਕਟਰ -71 ਵਿਖੇ ਬੈਡਮਿੰਟਨ ਕੋਰਟ ਅਤੇ ਫੁਆਰੇ ਦਾ ਉਦਘਾਟਨ ਕਰਨ ਮੌਕੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਵਿੱਚ ਖਿਡਾਰੀਆਂ ਨੂੰ ਲੋੜੀਂਦੇ ਸਮਾਨ ਦੀ ਉਪਲਬਧਤਾ ਕਰਵਾਈ ਜਾ ਰਹੀ ਹੈ, ਤਾਂ ਕਿ ਕੋਈ ਵੀ ਖਿਡਾਰੀ ਆਪਣੀ ਖੇਡ ਕਲਾ ਦਾ ਪ੍ਰਗਟਾਵਾ ਕਰਨ ਤੋਂ ਵਾਂਝਾ ਨਾ ਰਹਿ ਸਕੇ ਅਤੇ ਨੌਜਵਾਨ ਵਰਗ ਨੂੰ ਤੰਦਰੁਸਤੀ ਦੇ ਰਾਹ ਤੋਂ ਤੋਰਿਆ ਜਾ ਸਕੇ। ਇਸ ਮੌਕੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਮੇਅਰ ਸਰਬਜੀਤ ਸਿੰਘ ਸਮਾਣਾ ਨੇ ਉਹਨਾਂ ਕਿਹਾ ਕਿ ਬੈਡਮਿੰਟਨ ਅਤੇ ਵਾਲੀਬਾਲ ਕੋਰਟ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸਮਰਪਿਤ ਕਰ ਦਿੱਤੇ ਗਏ ਹਨ, ਹੁਣ ਖਿਡਾਰੀ ਵਰਗ ਆਪਣੇ ਨੇੜੇ ਦੇ ਖੇਡ ਮੈਦਾਨ ਦੇ ਵਿੱਚ ਜਾ ਕੇ ਆਪਣੀ ਖੇਡ ਕਲਾ ਦੇ ਵਿੱਚ ਵਧੇਰੇ ਨਿਖਾਰ ਲਿਆ ਸਕਣਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਜਿਸ ਵੀ ਖਿਡਾਰੀ ਨੂੰ ਕਿਸੇ ਵੀ ਸਮਾਨ ਜਾਂ ਸਹੂਲੀਅਤ ਦੀ ਲੋੜ ਹੋਵੇਗੀ ਉਸਨੂੰ ਸਮੇਂ ਸਿਰ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਦੇ ਕੌਂਸਲਰ ਬੱਚਨ ਸਿੰਘ ਬੋਪਾਰਾਏ, ਗੁਰਪ੍ਰੀਤ ਕੌਰ , ਕੁਲਵਿੰਦਰ ਕੌਰ ਅਤੇ ਗੁਰਜੀਤ ਸਿੰਘ, ਤਰਲੋਚਨ ਸਿੰਘ, ਮਨਦੀਪ ਮਟੌਰ, ਸੁਰਿੰਦਰ ਛਿੰਦਾ, ਮਨਜੀਤ ਖ਼ਾਨ, ਕਮਲਪ੍ਰੀਤ ਸਿੰਘ, ਸੁਦਾਗਰ ਖਾਨ, ਨਵਜੋਤ ਸਿੰਘ, ਸੋਨੂ ਮਟੋਰ, ਖ਼ਸ਼ ਮਨਿਹਾਸ, ਮਨਜੋਤ ਸਿੰਘ, ਸਤਾਰ ਖਾਨ, ਕਰਨਲ ਢਿਲੋਂ, ਵਿਸ਼ਵਪ੍ਰੀਤ ਸਿੰਘ, ਐਕਸੀਅਨ ਰਜਿੰਦਰ ਕੁਮਾਰ ਅਤੇ ਨਿਗਮ ਦੇ ਅਧਿਕਾਰੀ ਹਾਜ਼ਰ ਸਨ।
Mohali
ਖਰੜ ਪੁਲੀਸ ਵਲੋਂ ਟਰੈਕਟਰ ਚੋਰ ਗਿਰੋਹ ਦੇ ਤਿੰਨ ਮੈਂਬਰ ਕਾਬੂ
4 ਟਰੈਕਟਰ, 3 ਟਰਾਲੀਆਂ, 1 ਟੋਏ ਪੁੱਟਣ ਵਾਲੀ ਮਸ਼ੀਨ ਅਤੇ ਬਿਜਲੀ ਦੀ ਸਟੀਲ ਤਾਰ ਦੇ 8 ਰੋਲ ਬਰਾਮਦ
ਐਸ ਏ ਐਸ ਨਗਰ, 18 ਸਤੰਬਰ (ਸ.ਬ.) ਖਰੜ ਪੁਲੀਸ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 4 ਟਰੈਕਟਰ, 3 ਟਰਾਲੀਆਂ, 1 ਟੋਏ ਪੁੱਟਣ ਵਾਲੀ ਮਸ਼ੀਨ ਅਤੇ ਬਿਜਲੀ ਦੀ ਸਟੀਲ ਤਾਰ ਦੇ 8 ਰੋਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਸ੍ਰੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਥਾਣਾ ਸਦਰ ਖਰੜ ਦੇ ਖੇਤਰ ਵਿੱਚ ਏਰੀਆ ਵਿੱਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿਮ ਤੇ ਦੌਰਾਨ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਬੀਤੀ 29 ਜੂਨ ਨੂੰ ਇੱਕ ਟਰੈਕਟਰ ਚੋਰੀ ਹੋਇਆ ਸੀ ਜਿਸ ਸੰਬੰਧੀ ਬੀ. ਐਨ. ਐਸ ਦੀ ਧਾਰਾ 303(2) ਤਹਿਤ ਥਾਣਾ ਸਦਰ ਖਰੜ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੌਰਾਨ 7 ਸਤਬੰਰ ਦੀ ਰਾਤ ਨੂੰ ਇੱਕ ਟਰੈਕਟਰ ਚੋਰੀ ਹੋਇਆ ਸੀ ਜਿਸ ਸੰਬੰਧੀ ਬੀ. ਐਨ .ਐਸ ਦੀ ਧਾਰਾ 303(2) ਤਹਿਤ ਥਾਣਾ ਸਦਰ ਖਰੜ ਵਿਖੇ ਵੱਖਰਾ ਮਾਮਲਾ ਦਰਜ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਸ਼ੇਰਾ ਵਾਸੀ ਪਿੰਡ ਸਹਿਬਾਜਪੁਰ ਰੋਡ (ਨੇੜੇ ਹਨੁਮਾਨ ਮੰਦਿਰ) ਰਾਏਕੋਟ ਲੁਧਿਆਣਾ ਨੂੰ ਕਾਬੂ ਕੀਤਾ ਗਿਆ ਜਿਸ ਦੀ ਪੁਛਗਿਛ ਤੇ ਹਿਮਾਂਸ਼ੂ ਕੁਮਾਰ ਵਾਸੀ ਪਿੰਡ ਰਾਮ ਸ਼ੇਰਗੜ੍ਹ ਥਾਣਾ ਹਸਨਪੁਰ, ਜਿਲ੍ਹਾ ਅਮਰੋਹਾ, ਯੂ.ਪੀ ਨੂੰ ਮੇਰਠ (ਯੂ.ਪੀ) ਤੋਂ ਕਾਬੂ ਕੀਤਾ ਗਿਆ। ਪੁਛਗਿਛ ਦੌਰਾਨ ਹਿਮਾਂਸ਼ੂ ਨੇ ਦਸਿਆ ਕਿ ਉਸ ਵਲੋਂ ਟਰੈਕਟਰਾਂ ਦੀ ਚੋਰੀ ਕੀਤੀ ਗਈ ਹੈ ਅਤੇ ਜਿਸ ਤੇ ਥਾਣਾ ਸਦਰ ਖਰੜ ਦੀ ਟੀਮ ਵਲੋਂ 4 ਟਰੈਕਟਰ, 3 ਟਰਾਲੀਆਂ ਰਿਕਵਰ ਕੀਤੇ ਗਏ।
ਹਿਮਾਂਸ਼ੂ ਦੀ ਪੁੱਛਗਿਛ ਤੇ ਸਮੀਰ ਅੰਸਾਰੀ ਵਾਸੀ ਨਿਉ ਸਲੇਮਪੁਰ ਕੇ ਬਲਾਕ ਬੈਂਡ ਬਾਜੇ ਵਾਲੀ ਗਲੀ ਪੂਰਵੀ ਦਿੱਲੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਕੀਤੀ ਹੋਈ 1 ਟੋਏ ਪੁੱਟਣ ਵਾਲੀ ਮਸ਼ੀਨ ਅਤੇ ਬਿਜਲੀ ਦੀ ਸਟੀਲ ਤਾਰ ਦੇ 8 ਰੋਲ ਬਰਾਮਦ ਕੀਤੇ ਗਏ ਹਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
-
International1 month agoਸ਼੍ਰੀਲੰਕਾ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਜ਼ਮੀਨ ਖਿਸਕੀ, 7 ਵਿਅਕਤੀਆਂ ਦੀ ਮੌਤ
-
Editorial2 months agoਪੰਥਕ ਜਥੇਬੰਦੀਆਂ ਵਿੱਚ ਏਕਤਾ ਅਜੇ ਦੁੂਰ ਦੀ ਗੱਲ
-
International1 month agoਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਸ਼ਾਕਿਬ ਅਲ ਹਸਨ ਦੇ ਘਰ ਤੇ ਪੈਟਰੋਲ ਬੰਬ ਨਾਲ ਹਮਲਾ
-
International1 month agoਸਾਊਦੀ ਅਰਬ ਵਿੱਚ ਸੋਫਾ ਫੈਕਟਰੀ ਨੂੰ ਅੱਗ ਲੱਗਣ ਕਾਰਨ 16 ਬੰਗਲਾਦੇਸ਼ੀ ਮਜ਼ਦੂਰਾਂ ਦੀ ਮੌਤ
-
International2 months agoਸਪੇਨ ਵਿੱਚ ਜਬਰਦਸਤੀ ਦਾਖਿਲ ਹੋਏ ਹਜ਼ਾਰਾਂ ਪ੍ਰਵਾਸੀ, ਕਈ ਵਿਅਕਤੀਆਂ ਦੀ ਮੌਤ
-
International2 months agoਇਥੋਪੀਆ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ, 14 ਵਿਅਕਤੀਆਂ ਦੀ ਮੌਤ
-
National1 month agoਬੱਸ ਬੇਕਾਬੂ ਹੋ ਕੇ ਸੜਕ ਤੋਂ 100 ਫੁੱਟ ਹੇਠਾਂ ਡਿੱਗੀ, 7 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
National1 month ago
ਖਰਾਬ ਮੌਸਮ ਅਤੇ ਸ਼ਰਧਾਲੂਆਂ ਦੀ ਘੱਟ ਰਹੀ ਗਿਣਤੀ ਦੇ ਮੱਦੇਨਜ਼ਰ ਅਮਰਨਾਥ ਯਾਤਰਾ ਮੁਲਤਵੀ
