Connect with us

National

ਗੁਜਰਾਤ ਹਾਈ ਕੋਰਟ ਵੱਲੋਂ ‘ਇੰਡੀਅਨ ਮੁਜਾਹਿਦੀਨ’ ਦੇ 38 ਅੱਤਵਾਦੀਆਂ ਦੀ ਫਾਂਸੀ ਦੀ ਸਜ਼ਾ ਬਰਕਰਾਰ

Published

on

ਅਹਿਮਦਾਬਾਦ, 14 ਜੁਲਾਈ (ਸ.ਬ.) ਗੁਜਰਾਤ ਹਾਈ ਕੋਰਟ ਨੇ ਸਾਲ 2008 ਦੇ ਅਹਿਮਦਾਬਾਦ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਪਾਬੰਦੀਸ਼ੁਦਾ ਜਥੇਬੰਦੀ ‘ਇੰਡੀਅਨ ਮੁਜਾਹਿਦੀਨ’ ਦੇ 38 ਅੱਤਵਾਦੀਆਂ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਇੱਕ ਬੇਹੱਦ ‘ਭਿਆਨਕ ਅਤੇ ਵਹਿਸ਼ੀਆਨਾ’ ਸਾਜ਼ਿਸ਼ ਸੀ, ਜਿਸ ਦਾ ਮੁੱਖ ਮਕਸਦ ਸਮਾਜ ਵਿੱਚ ਵੱਡੇ ਪੱਧਰ ਤੇ ਦਹਿਸ਼ਤ ਫੈਲਾਉਣਾ ਅਤੇ ਵੱਧ ਤੋਂ ਵੱਧ ਜਾਨੀ ਨੁਕਸਾਨ ਕਰਨਾ ਸੀ।

ਜਸਟਿਸ ਏ. ਵਾਈ. ਕੋਗਜੇ ਅਤੇ ਜਸਟਿਸ ਸਮੀਰ ਦਵੇ ਦੇ ਬੈਂਚ ਨੇ ਬੀਤੀ 7 ਜੁਲਾਈ ਨੂੰ ਸੁਣਾਏ ਆਪਣੇ ਫੈਸਲੇ (ਜਿਸ ਦੀ ਕਾਪੀ ਸੋਮਵਾਰ ਨੂੰ ਉਪਲਬਧ ਹੋਈ ਹੈ) ਵਿੱਚ 11 ਹੋਰ ਦੋਸ਼ੀਆਂ ਦੀ ਉਮਰ ਕੈਦ ਦੀ ਸਜ਼ਾ ਨੂੰ ਵੀ ਜਾਇਜ਼ ਠਹਿਰਾਇਆ ਹੈ। ਅਦਾਲਤ ਨੇ ਮੰਨਿਆ ਕਿ ਗੁਜਰਾਤ ਅਤੇ ਕੇਰਲ ਵਿੱਚ ਚੱਲੇ ਅੱਤਵਾਦੀ ਸਿਖਲਾਈ ਕੈਂਪਾਂ ਵਿੱਚ ਇਨ੍ਹਾਂ ਦੋਸ਼ੀਆਂ ਦੀ ਸ਼ਮੂਲੀਅਤ ਅਤੇ ਸਾਜ਼ਿਸ਼ ਲਈ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਦੇ ਸਬੂਤ ਪੂਰੀ ਤਰ੍ਹਾਂ ਸਹੀ ਪਾਏ ਗਏ ਹਨ।

ਜ਼ਿਕਰਯੋਗ ਹੈ ਕਿ 26 ਜੁਲਾਈ 2008 ਨੂੰ ਅਹਿਮਦਾਬਾਦ ਵਿੱਚ ਮਹਿਜ਼ 70 ਮਿੰਟਾਂ ਦੇ ਅੰਦਰ 21 ਧਮਾਕੇ ਹੋਏ ਸਨ, ਜਿਨ੍ਹਾਂ ਵਿੱਚ 56 ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਅੱਤਵਾਦੀਆਂ ਨੇ ਉਨ੍ਹਾਂ ਹਸਪਤਾਲਾਂ ਨੂੰ ਵੀ ਨਿਸ਼ਾਨਾ ਬਣਾਇਆ ਸੀ ਜਿੱਥੇ ਧਮਾਕਿਆਂ ਦੇ ਜ਼ਖ਼ਮੀਆਂ ਨੂੰ ਇਲਾਜ ਲਈ ਲਿਜਾਇਆ ਜਾ ਰਿਹਾ ਸੀ।

ਹਾਈ ਕੋਰਟ ਨੇ ਦੋਸ਼ੀਆਂ ਵੱਲੋਂ ਦਾਇਰ ਸਾਰੀਆਂ ਅਪੀਲਾਂ ਨੂੰ ਖਾਰਜ ਕਰਦਿਆਂ ਵਿਸ਼ੇਸ਼ ਅਦਾਲਤ ਦੇ ਫਰਵਰੀ 2022 ਦੇ ਇਤਿਹਾਸਕ ਫੈਸਲੇ ਦੀ ਪੁਸ਼ਟੀ ਕੀਤੀ ਹੈ। ਹਾਈ ਕੋਰਟ ਨੇ ਟਿੱਪਣੀ ਕੀਤੀ ਕਿ ਜਿਸ ਬੇਰਹਿਮੀ ਨਾਲ ਇਨ੍ਹਾਂ ਬੰਬ ਧਮਾਕਿਆਂ ਨੂੰ ਅੰਜਾਮ ਦਿੱਤਾ ਗਿਆ, ਉਹ ਬੇਕਸੂਰ ਲੋਕਾਂ ਦੀਆਂ ਜਾਨਾਂ ਲੈਣ ਵਾਲਿਆਂ ਦੀ ਖ਼ਤਰਨਾਕ ਮਾਨਸਿਕਤਾ ਅਤੇ ਬੇਰਹਿਮੀ ਨੂੰ ਦਰਸਾਉਂਦਾ ਹੈ।

ਅਦਾਲਤ ਨੇ ਕਿਹਾ ਕਿ ਜੇਲ੍ਹ ਦੌਰਾਨ ਵੀ ਇਨ੍ਹਾਂ ਦੋਸ਼ੀਆਂ ਦਾ ਵਿਵਹਾਰ ਠੀਕ ਨਹੀਂ ਸੀ ਅਤੇ ਉਨ੍ਹਾਂ ਦੇ ਮਨਾਂ ਵਿੱਚ ਆਪਣੇ ਗੁਨਾਹਾਂ ਲਈ ਕੋਈ ਪਛਤਾਵਾ ਨਹੀਂ ਹੈ, ਇਸ ਲਈ ਸਜ਼ਾ ਵਿੱਚ ਕਿਸੇ ਤਰ੍ਹਾਂ ਦੀ ਨਰਮੀ ਦੀ ਗੁੰਜਾਇਸ਼ ਨਹੀਂ ਬਣਦੀ।

ਅਦਾਲਤ ਨੇ ਗੁਜਰਾਤ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ 30 ਮਾਰਚ 2027 ਤੋਂ ਪਹਿਲਾਂ ਅਦਾ ਕਰੇ।

ਸਜ਼ਾ ਪਾਉਣ ਵਾਲਿਆਂ ਵਿੱਚ ਪਾਬੰਦੀਸ਼ੁਦਾ ਜਥੇਬੰਦੀ ‘ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ਼ ਇੰਡੀਆ’ ਦਾ ਸਾਬਕਾ ਆਗੂ ਸਫਦਰ ਨਾਗੋਰੀ ਅਤੇ ਉਸ ਦੇ ਸਹਿਯੋਗੀ ਸ਼ਾਮਲ ਹਨ, ਜੋ ਗੁਜਰਾਤ, ਮੱਧ ਪ੍ਰਦੇਸ਼, ਕੇਰਲ ਅਤੇ ਉੱਤਰ ਪ੍ਰਦੇਸ਼ ਸਣੇ 11 ਸੂਬਿਆਂ ਨਾਲ ਸਬੰਧਤ ਹਨ। ਹਾਈ ਕੋਰਟ ਨੇ ਡੇਢ ਸਾਲ ਤੋਂ ਵੱਧ ਸਮੇਂ ਤੱਕ ਇਸ ਮਾਮਲੇ ਦੀ ਲਗਾਤਾਰ ਸੁਣਵਾਈ ਕੀਤੀ ਅਤੇ ਇਸ ਸਾਲ ਫਰਵਰੀ ਤੋਂ ਇਸ ਕੇਸ ਤੇ ਰੋਜ਼ਾਨਾ ਦੇ ਆਧਾਰ ਤੇ ਬਹਿਸ ਸੁਣੀ ਗਈ ਸੀ।

Continue Reading

National

ਸਬਜ਼ੀ ਮੰਡੀ ਵਿੱਚ ਅੱਗ ਲੱਗਣ ਕਾਰਨ ਕਈ ਦੁਕਾਨਾਂ ਸੜੀਆਂ

Published

on

By

ਪਟਨਾ, 29 ਅਕਤੂਬਰ (ਸ.ਬ.) ਪਟਨਾ ਦੇ ਰਾਮਕ੍ਰਿਸ਼ਨ ਨਗਰ ਦੇ ਖੇਮਨੀਚਕ ਸਥਿਤ ਸਬਜ਼ੀ ਮੰਡੀ ਵਿੱਚ ਅੱਜ ਸਵੇਰੇ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ। ਸਵੇਰੇ ਤਿੰਨ ਵਜੇ ਤੋਂ ਬਾਅਦ ਅਚਾਨਕ ਲੱਗੀ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀ ਲਪੇਟ ਵਿੱਚ ਆ ਕੇ 50 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਇਨ੍ਹਾਂ ਵਿੱਚ ਸ਼ਿੰਗਾਰ (ਕਾਸਮੈਟਿਕਸ), ਮੋਬਾਈਲ ਰਿਪੇਅਰਿੰਗ ਅਤੇ ਹੋਰ ਕਾਰੋਬਾਰਾਂ ਨਾਲ ਜੁੜੀਆਂ ਦੁਕਾਨਾਂ ਸ਼ਾਮਲ ਹਨ। ਸੂਚਨਾ ਮਿਲਣ ਤੋਂ ਬਾਅਦ ਫ਼ਾਇਰ ਬ੍ਰਿਗੇਡ ਦੀਆਂ 10 ਤੋਂ 15 ਗੱਡੀਆਂ ਮੌਕੇ ਤੇ ਪਹੁੰਚੀਆਂ।

ਸਵੇਰ ਦੇ ਸਮੇਂ ਮੰਡੀ ਵਿੱਚ ਅੱਗ ਲੱਗਣ ਤੋਂ ਬਾਅਦ ਲਪਟਾਂ ਤੇਜ਼ੀ ਨਾਲ ਫੈਲਣ ਲੱਗੀਆਂ। ਦੇਖਦੇ ਹੀ ਦੇਖਦੇ ਇੱਕ ਤੋਂ ਬਾਅਦ ਇੱਕ ਕਈ ਦੁਕਾਨਾਂ ਅੱਗ ਦੀ ਲਪੇਟ ਵਿੱਚ ਆ ਗਈਆਂ। ਦੁਕਾਨਦਾਰਾਂ ਨੇ ਆਪਣਾ ਸਾਮਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦੀ ਤੇਜ਼ੀ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਮੰਡੀ ਵਿੱਚ ਵੱਡੀ ਗਿਣਤੀ ਵਿੱਚ ਦੁਕਾਨਾਂ ਇੱਕੋ ਸਮੇਂ ਸੜਨ ਨਾਲ ਕਾਰੋਬਾਰੀਆਂ ਦੀ ਚਿੰਤਾ ਵਧ ਗਈ।

ਅੱਗ ਲੱਗਣ ਦੌਰਾਨ ਮੰਡੀ ਵਿੱਚ ਸਥਿਤ ਇੱਕ ਝੁੱਗੀਨੁਮਾ ਹੋਟਲ ਵਿੱਚ ਰੱਖੇ ਚਾਰ ਗੈਸ ਸਿਲੰਡਰਾਂ ਵਿੱਚ ਵੀ ਧਮਾਕਾ ਹੋਣ ਦੀ ਸੂਚਨਾ ਹੈ। ਇਸ ਨਾਲ ਮੌਕੇ ਤੇ ਸਥਿਤੀ ਹੋਰ ਵੀ ਭਿਆਨਕ ਹੋ ਗਈ। ਅੱਗ ਦੀ ਲਪੇਟ ਵਿੱਚ ਆ ਕੇ ਮੰਡੀ ਵਿੱਚ ਖੜ੍ਹੀਆਂ ਕਈ ਬਾਈਕ ਵੀ ਸੜ ਗਈਆਂ। ਇਸ ਘਟਨਾ ਵਿੱਚ ਸੜੀਆਂ ਦੁਕਾਨਾਂ ਅਤੇ ਵਾਹਨਾਂ ਦੀ ਗਿਣਤੀ ਅਤੇ ਨੁਕਸਾਨ ਦਾ ਅਸਲ ਅੰਦਾਜ਼ਾ ਅਜੇ ਲਗਾਇਆ ਜਾਣਾ ਬਾਕੀ ਹੈ।

ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚ ਗਈਆਂ। ਫਾਇਰ ਮੁਲਾਜ਼ਮਾਂ ਨੇ ਅੱਗ ਨੂੰ ਆਸ-ਪਾਸ ਦੀਆਂ ਹੋਰ ਦੁਕਾਨਾਂ ਤੱਕ ਫੈਲਣ ਤੋਂ ਰੋਕਣ ਲਈ ਲਗਾਤਾਰ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ। ਕਰੀਬ ਇੱਕ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾ ਸਕਿਆ। ਹਾਲਾਂਕਿ, ਉਦੋਂ ਤੱਕ 50 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਚੁੱਕੀਆਂ ਸਨ। ਅੱਗ ਬੁਝਣ ਤੋਂ ਬਾਅਦ ਪ੍ਰਭਾਵਿਤ ਦੁਕਾਨਦਾਰ ਆਪਣੀਆਂ ਦੁਕਾਨਾਂ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਵਿੱਚ ਲੱਗ ਗਏ।

ਮੰਡੀ ਵਿੱਚ ਇੱਕੋ ਸਮੇਂ ਇੰਨੀ ਵੱਡੀ ਗਿਣਤੀ ਵਿੱਚ ਦੁਕਾਨਾਂ ਸੜਨ ਨਾਲ ਕਾਰੋਬਾਰੀਆਂ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਿਆ ਹੈ। ਦੁਕਾਨਾਂ ਵਿੱਚ ਰੱਖਿਆ ਸਾਮਾਨ, ਕਾਰੋਬਾਰ ਨਾਲ ਜੁੜੀ ਸਮੱਗਰੀ ਅਤੇ ਹੋਰ ਜਾਇਦਾਦ ਅੱਗ ਵਿੱਚ ਸੜ ਕੇ ਸੁਆਹ ਹੋ ਗਈ। ਪ੍ਰਭਾਵਿਤ ਦੁਕਾਨਦਾਰਾਂ ਨੂੰ ਆਪਣਾ ਕਾਰੋਬਾਰ ਦੁਬਾਰਾ ਸ਼ੁਰੂ ਕਰਨ ਲਈ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਤੋਂ ਬਾਅਦ ਅੱਗ ਲੱਗਣ ਦੀ ਵਜ੍ਹਾ ਅਤੇ ਜਾਇਦਾਦ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾਣਾ ਹੈ। ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਅੱਗ ਕਿਵੇਂ ਲੱਗੀ ਅਤੇ ਇੰਨੀ ਤੇਜ਼ੀ ਨਾਲ ਮੰਡੀ ਦੀਆਂ ਦੁਕਾਨਾਂ ਤੱਕ ਕਿਵੇਂ ਫੈਲ ਗਈ। ਇਸ ਘਟਨਾ ਨੇ ਮੰਡੀ ਵਿੱਚ ਅੱਗ ਤੋਂ ਬਚਾਅ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।

Continue Reading

National

ਚੱਕਰਵਾਤੀ ਤੂਫਾਨ ਅਰਨਬ ਕਾਰਨ 6 ਵਿਅਕਤੀਆਂ ਦੀ ਮੌਤ

Published

on

By

ਅਮਰਾਵਤੀ, 29 ਅਕਤੂਬਰ (ਸ.ਬ.) ਭਾਰਤ ਦੇ ਪੂਰਬੀ ਤੱਟ ਤੇ ਚੱਕਰਵਾਤੀ ਤੂਫਾਨ ਅਰਨਬ ਵੱਲੋਂ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਨਾਲ ਖੇਤਰ ਵਿੱਚ ਤਬਾਹੀ ਮਚਾਉਣ ਤੋਂ ਇੱਕ ਦਿਨ ਬਾਅਦ, ਅੱਜ ਭਾਰਤ ਦੇ ਪੂਰਬੀ ਤੱਟ ਦੇ ਨਾਲ ਲੱਗਦੇ ਕਈ ਇਲਾਕਿਆਂ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਬਿਜਲੀ ਦੀ ਸਪਲਾਈ ਠੱਪ ਰਹੀ। ਮੀਡੀਆ ਰਿਪੋਰਟਾਂ ਵਿੱਚ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਮੌਤਾਂ ਦੀ ਗਿਣਤੀ ਨੌਂ ਦੱਸੀ ਹੈ, ਜੋ ਕਿ ਕਰੰਟ ਲੱਗਣ ਦੇ ਨਾਲ-ਨਾਲ ਰੁੱਖ ਅਤੇ ਮਕਾਨ ਡਿੱਗਣ ਕਾਰਨ ਹੋਈਆਂ ਹਨ।

ਆਂਧਰਾ ਪ੍ਰਦੇਸ਼ ਰਾਜ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਧਿਕਾਰਤ ਤੌਰ ਤੇ ਮ੍ਰਿਤਕਾਂ ਦੀ ਗਿਣਤੀ ਛੇ ਸੀ। ਭਾਰਤੀ ਮੌਸਮ ਵਿਭਾਗ ਵੱਲੋਂ ਅਤਿ ਗੰਭੀਰ ਚੱਕਰਵਾਤੀ ਤੂਫਾਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਚੱਕਰਵਾਤ ਅਰਨਬ ਜੋ ਕਿ ਇਸ ਦੇ ਪੈਮਾਨੇ ਤੇ ਤੀਜੀ ਸਭ ਤੋਂ ਉੱਚੀ ਸ਼੍ਰੇਣੀ ਹੈ ਬੁੱਧਵਾਰ ਤੜਕੇ ਆਂਧਰਾ ਪ੍ਰਦੇਸ਼ ਵਿੱਚ ਤੱਟ ਨਾਲ ਟਕਰਾਇਆ।

ਇੱਕ ਬਿਆਨ ਵਿੱਚ ਰਾਜ ਦੇ ਮੁੱਖ ਮੰਤਰੀ ਐਨ ਚੰਦਰਾਬਾਬੂ ਨਾਇਡੂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਚੱਕਰਵਾਤ ਨਾਲ ਘੱਟੋ-ਘੱਟ 15,000 ਬਿਜਲੀ ਦੇ ਖੰਭੇ ਨੁਕਸਾਨੇ ਗਏ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਨਾਸੀਮਾ ਅਤੇ ਪੱਛਮੀ ਗੋਦਾਵਰੀ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।

ਨਾਇਡੂ ਨੇ ਕਿਹਾ ਕਿ ਤਕਨਾਲੋਜੀ ਵਿੱਚ ਤਰੱਕੀ ਨੇ ਸਰਕਾਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦੀ ਪਛਾਣ ਕਰਨ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਘਟਾਉਣ ਦੇ ਯੋਗ ਬਣਾਇਆ। ਅਧਿਕਾਰੀਆਂ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਤੱਟ ਤੇ ਫਸਿਆ ਮਾਰਸ਼ਲ ਆਈਲੈਂਡ ਦੇ ਝੰਡੇ ਵਾਲਾ ਇੱਕ ਮਾਲਵਾਹਕ ਜਹਾਜ਼, ਜਿਸ ਵਿੱਚ 20 ਕਰੂ ਮੈਂਬਰ ਸਵਾਰ ਸਨ, ਸਮੁੰਦਰ ਵਿੱਚ ਉੱਠਦੀਆਂ ਉੱਚੀਆਂ ਲਹਿਰਾਂ ਕਾਰਨ ਵੀਰਵਾਰ ਨੂੰ ਵੀ ਫਸਿਆ ਰਿਹਾ।

ਚੱਕਰਵਾਤ ਦੇ ਆਉਣ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਸੂਬਿਆਂ ਵਿੱਚ 1,80,000 (1 ਲੱਖ 80 ਹਜ਼ਾਰ) ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਸੀ। ਕੁੱਝ ਸਕੂਲ ਬੰਦ ਕਰ ਦਿੱਤੇ ਗਏ ਸਨ ਅਤੇ ਕੁੱਝ ਰੇਲ ਤੇ ਹਵਾਈ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ।

ਅਰਨਬ ਬੰਗਾਲ ਦੀ ਖਾੜੀ ਦੇ ਉੱਪਰ ਬਣਿਆ ਸੀ, ਜੋ ਕਿ ਉੱਠਣ ਵਾਲੇ ਤੂਫਾਨਾਂ ਲਈ ਇੱਕ ਮੁੱਖ ਖੇਤਰ ਹੈ ਜਿਸ ਨੇ ਭਾਰਤ ਦੇ ਪੂਰਬੀ ਤੱਟ ਤੇ ਭਿਆਨਕ ਤੂਫਾਨਾਂ ਨੂੰ ਜਨਮ ਦਿੱਤਾ ਹੈ।

Continue Reading

National

ਬਾਜ਼ਾਰ ਵਿੱਚ ਅੱਗ ਲੱਗਣ ਕਾਰਨ 150 ਤੋਂ ਵੱਧ ਦੁਕਾਨਾਂ ਸੜ ਕੇ ਸਵਾਹ

Published

on

By

ਪਣਜੀ, 29 ਅਕਤੂਬਰ (ਸ.ਬ.) ਗੋਆ ਦੇ ਬੰਦਰਗਾਹ ਸ਼ਹਿਰ ਵਾਸਕੋ ਦੇ ਇਕ ਪ੍ਰਮੁੱਖ ਬਾਜ਼ਾਰ ਵਿੱਚ ਬੀਤੀ ਦੇਰ ਰਾਤ ਲੱਗੀ ਭਿਆਨਕ ਅੱਗ ਵਿੱਚ 150 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਅੱਗ ਲੱਗਣ ਨਾਲ ਦੁਕਾਨਾਂ ਅਤੇ ਉਨ੍ਹਾਂ ਦੇ ਸਾਮਾਨ ਨੂੰ ਭਾਰੀ ਨੁਕਸਾਨ ਪਹੁੰਚਿਆ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਮੁੱਖ ਮੰਤਰੀ ਪ੍ਰਮੋਦ ਸਾਵੰਤ, ਸਥਾਨਕ ਵਿਧਾਇਕਾਂ ਅਤੇ ਇਕ ਰਾਜ ਮੰਤਰੀ ਦੇ ਨਾਲ, ਮੌਕੇ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ 150 ਤੋਂ ਵੱਧ ਦੁਕਾਨਾਂ ਸੜ ਗਈਆਂ ਹਨ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸਾਵੰਤ ਨੇ ਕਿਹਾ ਕਿ ਇਹ ਘਟਨਾ ਮੰਦਭਾਗੀ ਹੈ, ਕਿਉਂਕਿ ਜਿਨ੍ਹਾਂ ਦੁਕਾਨਦਾਰਾਂ ਨੇ ਦੀਵਾਲੀ ਲਈ ਜ਼ਰੂਰੀ ਸਮਾਨ ਦਾ ਸਟਾਕ ਕੀਤਾ ਸੀ, ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਪ੍ਰਭਾਵਿਤ ਦੁਕਾਨਦਾਰਾਂ ਨੂੰ ਰਾਜ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਾ ਵੀ ਭਰੋਸਾ ਦਿੱਤਾ।

ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਵਾਸਕੋ ਵਿੱਚ ਥੋੜ੍ਹੇ ਸਮੇਂ ਵਿੱਚ ਅੱਗ ਲੱਗਣ ਦੀਆਂ ਤਿੰਨ ਵੱਖ-ਵੱਖ ਘਟਨਾਵਾਂ ਵਾਪਰੀਆਂ। ਪਹਿਲੀ ਘਟਨਾ ਬੀਤੀ ਰਾਤ ਲਗਭਗ 10:30 ਵਜੇ ਸ਼ਹਿਰ ਦੇ ਬਾਹਰਵਾਰ ਇਕ ਘਰ ਵਿੱਚ ਵਾਪਰੀ। ਦੂਜੀ ਘਟਨਾ ਇੱਕ ਗੈਰਾਜ ਵਿੱਚ ਵਾਪਰੀ, ਜਿੱਥੇ ਦੋ ਵਾਹਨ ਸੜ ਗਏ। ਇਨ੍ਹਾਂ ਘਟਨਾਵਾਂ ਤੋਂ ਥੋੜ੍ਹੀ ਦੇਰ ਬਾਅਦ, ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਇਕ ਵੱਡੀ ਅੱਗ ਲੱਗ ਗਈ।

ਅੱਗ ਲੱਗਣ ਦੌਰਾਨ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਬਚਾਉਣ ਲਈ ਭੱਜਦੇ ਦੇਖਿਆ ਗਿਆ। ਗੋਆ ਦੇ ਪੁਲੀਸ ਡਾਇਰੈਕਟਰ ਜਨਰਲ ਆਲੋਕ ਕੁਮਾਰ ਨੇ ਪੀਟੀਆਈ ਨੂੰ ਦੱਸਿਆ ਕਿ ਅੱਗ ਬੁਝਾਉਣ ਦੇ ਕੰਮ ਵਿੱਚ ਭਾਰਤੀ ਜਲ ਸੈਨਾ, ਤੱਟ ਰੱਖਿਅਕ, ਗੋਆ ਸ਼ਿਪਯਾਰਡ ਲਿਮਟਿਡ ਅਤੇ ਮੋਰਮੁਗਾਓ ਪੋਰਟ ਅਥਾਰਟੀ ਸਮੇਤ ਵੱਖ-ਵੱਖ ਸੰਗਠਨਾਂ ਦੇ ਫਾਇਰ ਟੈਂਡਰ ਤਾਇਨਾਤ ਕੀਤੇ ਗਏ ਸਨ।

Continue Reading

Latest News

Trending