Chandigarh
ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਚੰਡੀਗੜ੍ਹ ਅਤੇ ਪਟਿਆਲਾ ਵਿੱਚ ਬੰਬ ਧਮਾਕੇ ਕਰਨ ਦੀ ਧਮਕੀ
ਚੰਡੀਗੜ੍ਹ, 17 ਜੁਲਾਈ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਡੀਗੜ੍ਹ ਦੌਰੇ ਤੋਂ ਠੀਕ ਪਹਿਲਾਂ ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਕੰਟਰੋਲ ਰੂਮ ਨੂੰ ਬੰਬ ਧਮਕੀ ਦਾ ਸੁਨੇਹਾ ਮਿਲਣ ਤੋਂ ਬਾਅਦ ਪੂਰੇ ਸਕੱਤਰੇਤ ਕੰਪਲੈਕਸ ਵਿੱਚ ਹਾਈ ਅਲਰਟ ਐਲਾਨ ਦਿੱਤਾ ਗਿਆ।
ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ, ਬੰਬ ਨਿਰੋਧਕ ਦਸਤਾ, ਡੌਗ ਸਕੁਆਡ ਅਤੇ ਹੋਰ ਸੁਰੱਖਿਆ ਏਜੰਸੀਆਂ ਮੌਕੇ ਤੇ ਪਹੁੰਚ ਗਈਆਂ। ਸਾਵਧਾਨੀ ਵਜੋਂ ਸਕੱਤਰੇਤ ਕੰਪਲੈਕਸ ਨੂੰ ਖਾਲੀ ਕਰਵਾ ਦਿੱਤਾ ਗਿਆ ਅਤੇ ਪੂਰੇ ਇਲਾਕੇ ਦੀ ਡੂੰਘਾਈ ਨਾਲ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਹੀ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅਜਿਹੇ ਵਿੱਚ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਪ੍ਰਬੰਧ ਹੋਰ ਵੀ ਸਖ਼ਤ ਕਰ ਦਿੱਤੇ ਗਏ ਹਨ। ਪੁਲੀਸ ਨੇ ਸਕੱਤਰੇਤ ਦੇ ਸਾਰੇ ਦਾਖ਼ਲਾ ਅਤੇ ਨਿਕਾਸ ਦਰਵਾਜ਼ਿਆਂ ਤੇ ਸੁਰੱਖਿਆ ਵਧਾ ਦਿੱਤੀ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਵੀ ਨਿਗਰਾਨੀ ਤੇਜ਼ ਕਰ ਦਿੱਤੀ ਹੈ।
ਪੁਲੀਸ ਅਧਿਕਾਰੀਆਂ ਅਨੁਸਾਰ ਕੰਟਰੋਲ ਰੂਮ ਤੇ ਪ੍ਰਾਪਤ ਧਮਕੀ ਭਰੇ ਸੁਨੇਹੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸੁਨੇਹਾ ਭੇਜਣ ਵਾਲੇ ਦੀ ਪਛਾਣ ਅਤੇ ਸਰੋਤ ਦਾ ਪਤਾ ਲਗਾਉਣ ਲਈ ਸਾਈਬਰ ਅਤੇ ਤਕਨੀਕੀ ਟੀਮਾਂ ਨੂੰ ਵੀ ਲਗਾਇਆ ਗਿਆ ਹੈ। ਕਿਸੇ ਵੀ ਸ਼ੱਕੀ ਵਸਤੂ ਜਾਂ ਵਿਸਫੋਟਕ ਮਿਲਣ ਦੀ ਅਧਿਕਾਰਤ ਪੁਸ਼ਟੀ ਅਜੇ ਤੱਕ ਨਹੀਂ ਹੋਈ ਹੈ।
ਪੁਲੀਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।
ਇਸ ਦੌਰਾਨ ਪਟਿਆਲਾ ਦੇ ਇੱਕ ਸਰਕਾਰੀ ਦਫ਼ਤਰ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਇੱਕ ਈਮੇਲ ਰਾਹੀਂ ਭੇਜੀ ਗਈ ਹੈ, ਜਿਸ ਤੋਂ ਬਾਅਦ ਪੁਲੀਸ ਵੱਲੋਂ ਮੁਸਤੈਦੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ‘ਖਾਲਿਸਤਾਨ ਨੈਸ਼ਨਲ ਆਰਮੀ’ ਵੱਲੋਂ ਈਮੇਲ ਰਾਹੀਂ ਭੇਜੇ ਗਏ ਇਸ ਧਮਕੀ ਪੱਤਰ ਵਿੱਚ, ਧਮਕੀ ਦੇਣ ਵਾਲਿਆਂ ਵਜੋਂ ਇੰਜੀਨੀਅਰ ਗੁਰਨਾਖ ਸਿੰਘ ਰੁਕਣ ਸ਼ਾਹਵਾਲਾ ਅਤੇ ਡਾ. ਗੁਰਨਿਰਵੈਰ ਸਿੰਘ ਦੇ ਨਾਮ ਸ਼ਾਮਲ ਹਨ।
Chandigarh
ਪੰਜਾਬ ਨੂੰ ਗੈਂਗਸਟਰ ਮੁਕਤ ਕਰਨ ਤਕ ਜਾਰੀ ਰਹੇਗੀ ਗੈਂਗਸਟਰਾਂ ਤੇ ਵਾਰ ਮੁਹਿੰਮ : ਡੀ ਜੀ ਪੀ ਗੌਰਵ ਯਾਦਵ
ਆਪਰੇਸ਼ਨ ਪ੍ਰਹਾਰ-3.0 ਨੇ ਪੰਜਾਬ ਭਰ ਵਿੱਚ ਸੰਗਠਿਤ ਅਪਰਾਧ ਅਤੇ ਡਰੱਗ-ਗੈਂਗਸਟਰ ਗਠਜੋੜ ਨੂੰ ਦਿੱਤਾ ਕਰਾਰਾ ਝਟਕਾ
ਚੰਡੀਗੜ੍ਹ, 18 ਜੁਲਾਈ (ਸ.ਬ.) ਪੰਜਾਬ ਦੇ ਡੀ ਜੀ ਪੀ ਸ੍ਰੀ ਗੌਰਵ ਯਾਦਵ ਨੇ ਕਿਹਾ ਹੈ ਕਿ ਪੰਜਾਬ ਵਿੱਚ ਚਲਾਈ ਜਾ ਰਹੀ ਗੈਂਗਸਟਰਾਂ ਤੇ ਵਾਰ ਮੁਹਿੰਮ, ਪੰਜਾਬ ਨੂੰ ਪੂਰੀ ਤਰ੍ਹਾਂ ਗੈਂਗਸਟਰ ਮੁਕਤ ਕਰਨ ਤਕ ਜਾਰੀ ਰਹੇਗੀ। ਉਹਨਾਂ ਕਿਹਾ ਕਿ ਪੰਜਾਬ ਪੁਲੀਸ ਵਲੋਂ ਗੈਂਗਸਟਰਾਂ ਤੇ ਵਾਰ ਮੁਹਿੰਮ ਦੇ ਹਿੱਸੇ ਵਜੋਂ, 16 ਦਿਨਾਂ ਦੀ ਸੂਬਾ ਪੱਧਰੀ ਖੁਫੀਆ ਜਾਣਕਾਰੀ ਅਧਾਰਤ ਇਨਫੋਰਸਮੈਂਟ ਮੁਹਿੰਮ, ਆਪਰੇਸ਼ਨ ਪ੍ਰਹਾਰ-3.0 ਚਲਾਈ ਹੈ, ਜਿਸ ਦੌਰਾਨ ਸੰਗਠਿਤ ਅਪਰਾਧ ਅਤੇ ਡਰੱਗ-ਗੈਂਗਸਟਰ ਗਠਜੋੜ ਨੂੰ ਵੱਡੇ ਪੱਧਰ ਤੇ ਠੱਲ ਪਾਈ ਗਈ ਹੈ।
ਉਹਨਾਂ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ, ਪੁਲੀਸ ਟੀਮਾਂ ਨੇ ਸੂਬੇ ਦੇ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ, ਡਰੱਗ ਤਸਕਰਾਂ ਅਤੇ ਲੋੜੀਂਦੇ ਅਪਰਾਧੀਆਂ ਨਾਲ ਜੁੜੇ 5,448 ਸਥਾਨਾਂ ਤੇ ਛਾਪੇਮਾਰੀ ਕੀਤੀ। ਉਨ੍ਹਾਂ ਕਿਹਾ ਕਿ ਇਹ ਆਪਰੇਸ਼ਨ 16 ਦਿਨਾਂ ਲਈ ਕ੍ਰਮਬੱਧ ਢੰਗ ਨਾਲ ਚਲਾਇਆ ਗਿਆ ਸੀ, ਜਿਸ ਵਿੱਚ ਹਰ ਰੋਜ਼ ਇੱਕ ਵਿਸ਼ੇਸ਼ ਪੁਲੀਸ ਰੇਂਜ ਜਾਂ ਕਮਿਸ਼ਨਰੇਟ ਵਿੱਚ ਮੁਹਿੰਮ ਚਲਾਈ ਜਾਂਦੀ ਸੀ।
ਉਹਨਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਗੈਂਗਸਟਰ-ਡਰੱਗ ਗੱਠਜੋੜ ਨੂੰ ਤੋੜਨਾ, ਭਗੌੜੇ ਅਤੇ ਲੋੜੀਂਦੇ ਅਪਰਾਧੀਆਂ ਨੂੰ ਫੜਨਾ, ਸੂਚੀਬੱਧ ਅਤੇ ਗੈਰ-ਸੂਚੀਬੱਧ ਨਸ਼ਾ ਤਸਕਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ, ਆਦਤਨ ਅਤੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਰੋਕਥਾਮ ਕਾਰਵਾਈ ਕਰਨਾ ਅਤੇ ਗੈਰ-ਕਾਨੂੰਨੀ ਹਥਿਆਰ, ਨਸ਼ੀਲੇ ਪਦਾਰਥ, ਗੈਰ-ਕਾਨੂੰਨੀ ਸ਼ਰਾਬ, ਚੋਰੀ ਹੋਈ ਸੰਪਤੀ ਅਤੇ ਅਪਰਾਧ ਨਾਲ ਜੁੜੇ ਵਾਹਨ ਬਰਾਮਦ ਕਰਨਾ ਸੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਕੁੱਲ 958 ਮਾਮਲੇ ਦਰਜ ਕੀਤੇ ਗਏ, 1,520 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ ਅਤੇ 262 ਵਾਹਨ ਜ਼ਬਤ ਕੀਤੇ ਗਏ।
ਆਪਰੇਸ਼ਨ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ, ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲੀਸ (ਕਾਨੂੰਨ ਅਤੇ ਵਿਵਸਥਾ) ਪ੍ਰਵੀਨ ਸਿਨਹਾ ਨੇ ਕਿਹਾ ਕਿ ਆਪਰੇਸ਼ਨ ਪ੍ਰਹਾਰ-3.0 ਦੌਰਾਨ ਕੁੱਲ 3,949 ਵਿਅਕਤੀਆਂ (ਜਿਨ੍ਹਾਂ ਵਿੱਚ 42 ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀ, 1,201 ਨਸ਼ਾ ਤਸਕਰ, 119 ਭਗੌੜੇ ਅਪਰਾਧੀ ਅਤੇ 2,587 ਲੋੜੀਂਦੇ ਮੁਲਜ਼ਮ ਸ਼ਾਮਲ ਹਨ) ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ 1,520 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ ਪੁਲੀਸ ਟੀਮਾਂ ਨੇ 12 ਹਥਿਆਰ, 10.47 ਕਿਲੋ ਹੈਰੋਇਨ, 1.50 ਕਿਲੋ ਅਫੀਮ, 30 ਕਿਲੋ ਗਾਂਜਾ, 259 ਕਿਲੋ ਭੁੱਕੀ, 21,746 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ, 646.25 ਲੀਟਰ ਲਾਹਣ, 1,243.5 ਲੀਟਰ ਨਜ਼ਾਇਜ ਸ਼ਰਾਬ ਅਤੇ 4.03 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਇਸ ਕਾਰਵਾਈ ਦੌਰਾਨ ਗੈਰ-ਕਾਨੂੰਨੀ ਹਥਿਆਰ, ਗੋਲਾ-ਸਿੱਕਾ, ਚੋਰੀ ਹੋਏ ਵਾਹਨ, ਮੋਬਾਈਲ ਫੋਨ ਅਤੇ ਹੋਰ ਅਪਰਾਧਕ ਸਮੱਗਰੀ ਵੀ ਬਰਾਮਦ ਕੀਤੀ ਗਈ।
ਉਨ੍ਹਾਂ ਅੱਗੇ ਕਿਹਾ ਕਿ ਆਪਰੇਸ਼ਨ ਪ੍ਰਹਾਰ-3.0 ਨੇ ਅਪਰਾਧਿਕ ਅਤੇ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਨੂੰ ਕਰਾਰਾ ਝਟਕਾ ਦਿੱਤਾ ਹੈ ਅਤੇ ਇੱਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਗੈਂਗਸਟਰਵਾਦ, ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
Chandigarh
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਬੋਰਡਾਂ ਦੇ ਨਵੇਂ ਨਿਯੁਕਤ ਚੇਅਰਮੈਨਾਂ ਦਾ ਸਨਮਾਨ
ਚੰਡੀਗੜ੍ਹ, 18 ਜੁਲਾਈ (ਸ.ਬ.) ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਬੋਰਡਾਂ ਦੇ ਨਵੇਂ ਨਿਯੁਕਤ ਚੇਅਰਮੈਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਨਿਭਾਉਣ ਦੌਰਾਨ ਲੋਕ ਸੇਵਾ ਨੂੰ ਤਰਜੀਹ ਦੇਣ ਦਾ ਸੱਦਾ ਦਿੱਤਾ।
ਇਸ ਸੰਬੰਧੀ ਗੜ੍ਹਸ਼ੰਕਰ ਵਿਖੇ ਆਯੋਜਿਤ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਡਿਪਟੀ ਸਪੀਕਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕ-ਭਲਾਈ, ਪਾਰਦਰਸ਼ੀ ਪ੍ਰਸ਼ਾਸਨ ਅਤੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਵੇਂ ਚੇਅਰਪਰਸਨਾਂ ਦੀ ਨਿਯੁਕਤੀ ਨਾਲ ਵੱਖ-ਵੱਖ ਬੋਰਡਾਂ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਹੋਵੇਗੀ ਅਤੇ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਸਮਾਜ ਦੇ ਹਰ ਵਰਗ ਤੱਕ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚੇਗਾ। ਉਨ੍ਹਾਂ ਕਿਹਾ ਕਿ ਬੋਰਡਾਂ ਦੀ ਸਫ਼ਲਤਾ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਵਿਅਕਤੀਆਂ ਦੀ ਦੂਰਅੰਦੇਸ਼ੀ, ਇਮਾਨਦਾਰੀ ਅਤੇ ਲੋਕ ਸੇਵਾ ਪ੍ਰਤੀ ਸਮਰਪਣ ਤੇ ਨਿਰਭਰ ਕਰਦੀ ਹੈ।
ਸਨਮਾਨਿਤ ਕੀਤੇ ਗਏ ਚੇਅਰਮੈਨਾਂ ਜਸਕਰਨ ਤੰਬਰ (ਸੈਣੀ ਵੈਲਫੇਅਰ ਬੋਰਡ), ਦਲਜੀਤ ਸਿੰਘ (ਸੈਣ ਸਮਾਜ ਵੈਲਫੇਅਰ ਬੋਰਡ), ਜਸਪ੍ਰੀਤ ਫਲੋਰਾ (ਰਾਮਗੜ੍ਹੀਆ ਵੈਲਫੇਅਰ ਬੋਰਡ), ਪਰਵੀਨ ਕੁਮਾਰ (ਰਾਜਪੂਤ ਕਲਿਆਣ ਬੋਰਡ), ਦਲਵਿੰਦਰ ਪਾਲ ਸਿੰਘ (ਖੱਤਰੀ ਅਰੋੜਾ ਵੈਲਫੇਅਰ ਬੋਰਡ), ਪਾਸਟਰ ਕੁਲਵਿੰਦਰ ਸਿੰਘ (ਮਸੀਹ ਵੈਲਫੇਅਰ ਬੋਰਡ), ਇਸਮਾਈਲ ਖਾਨ (ਮੁਸਲਿਮ ਵਿਕਾਸ ਬੋਰਡ), ਬਲਵਿੰਦਰ ਸਿੰਘ ਡੱਬ (ਪ੍ਰਜਾਪਤ ਸਮਾਜ ਵੈਲਫੇਅਰ ਬੋਰਡ), ਰਾਜਵਰਿੰਦਰ ਸਿੰਘ ਥਿੰਦ (ਕੰਬੋਜ ਵੈਲਫੇਅਰ ਬੋਰਡ), ਵਿਕਾਸ ਕਾਂਡਾ (ਸਵਰਨਕਾਰ ਵੈਲਫੇਅਰ ਬੋਰਡ), ਹਰਮੇਸ਼ ਲਾਲ (ਗੁੱਜਰ ਵੈਲਫੇਅਰ ਬੋਰਡ), ਰਾਜੀਵ ਕੁਮਾਰ ਸ਼ਰਮਾ (ਬ੍ਰਾਹਮਣ ਵੈਲਫੇਅਰ ਬੋਰਡ), ਪ੍ਰਦੀਪ ਲੋਈ (ਦਲਿਤ ਵਿਕਾਸ ਬੋਰਡ), ਗੋਲਡੀ ਭੂਸ਼ਣ (ਖੇਡ ਭਲਾਈ ਬੋਰਡ), ਜੀਤ ਰਾਮ (ਬਾਜ਼ੀਗਰ ਅਤੇ ਟੱਪਰੀਵਾਸ ਵੈਲਫੇਅਰ ਬੋਰਡ) ਅਤੇ ਭੂਸ਼ਣ ਕੁਮਾਰ ਅਗਰਵਾਲ (ਅਗਰਵਾਲ ਵੈਲਫੇਅਰ ਬੋਰਡ) ਸ਼ਾਮਲ ਸਨ।
ਇਸ ਸਮਾਗਮ ਵਿੱਚ ਹਲਕਾ ਸੰਗਠਨ ਇੰਚਾਰਜ ਚਰਨਜੀਤ ਸਿੰਘ ਚੰਨੀ, ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਚੇਅਰਮੈਨ ਬਲਦੀਪ ਸਿੰਘ ਸੈਣੀ, ਐਮ.ਸੀ. ਪ੍ਰਿੰਸ ਚੌਧਰੀ, ਬਲਾਕ ਪ੍ਰਧਾਨ ਗੁਲਸ਼ਨ ਠਾਕੁਰ, ਸਮੂਹ ਗ੍ਰਾਮ ਪੰਚਾਇਤਾਂ ਦੇ ਨੁਮਾਇੰਦੇ, ਪਾਰਟੀ ਦੇ ਆਗੂ ਅਤੇ ਵਰਕਰ, ਸਮਾਜ ਸੇਵੀ, ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਪਤਵੰਤੇ ਹਾਜ਼ਰ ਸਨ।
Chandigarh
ਪ੍ਰਧਾਨ ਮੰਤਰੀ ਮੋਦੀ ਵੱਲੋਂ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ
ਚੰਡੀਗੜ੍ਹ, 17 ਜੁਲਾਈ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੇ ਅੱਜ ਪੰਜਾਬ-ਹਰਿਆਣਾ ਦੇ ਦੌਰੇ ਦੌਰਾਨ ਚੰਡੀਗੜ੍ਹ ਵਿਖੇ ਸਿਹਤ ਸੰਭਾਲ, ਸਿੱਖਿਆ ਅਤੇ ਸੜਕੀ ਬੁਨਿਆਦੀ ਢਾਂਚੇ ਨੂੰ ਫੈਲਾਉਣ ਵਾਲੇ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਵੇਂ ਬਣਨ ਵਾਲੇ ਹਾਈਵੇਅਜ਼ ਨਾਲ ਜਿੱਥੇ ਲੋਕਾਂ ਨੂੰ ਟ੍ਰੈਫ਼ਿਕ ਜਾਮ ਤੋਂ ਰਾਹਤ ਮਿਲੇਗੀ, ਉੱਥੇ ਹੀ ਉਦਯੋਗਾਂ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਹ ਜਲੰਧਰ ਜਾ ਰਹੇ ਹਨ, ਜਿੱਥੇ ਰੇਲਵੇ ਨਾਲ ਜੁੜੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦਾ ਫ਼ਾਇਦਾ ਪੂਰੇ ਪੰਜਾਬ ਤੋਂ ਇਲਾਵਾ ਨਾਲ ਲਗਦੇ ਇਲਾਕਿਆਂ ਨੂੰ ਵੀ ਹੋਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚੰਡੀਗੜ੍ਹ ਸਿਰਫ਼ ਇਕ ਸ਼ਹਿਰ ਨਹੀਂ, ਬਲਕਿ ਭਾਰਤ ਲਈ ਵਿਕਾਸ ਦਾ ਮਾਡਲ ਰਿਹਾ ਹੈ। ਚੰਡੀਗੜ੍ਹ ਮਾਂ ਚੰਡੀ ਦਾ ਅਸ਼ੀਰਵਾਦ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਵਿਚ ਅੰਗਰੇਜ਼ਾਂ ਦੇ ਕਾਨੂੰਨਾਂ ਦੀ ਥਾਂ ਭਾਰਤੀ ਨਿਆਂ ਸੰਹਿਤਾ ਲਾਗੂ ਕੀਤਾ ਗਿਆ, ਤਾਂ ਉਸ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਹੀ ਕੀਤੀ ਗਈ ਸੀ। ਉਹਨਾਂ ਸੇਵਾਮੁਕਤ ਆਈ.ਪੀ.ਐਸ. ਅਫ਼ਸਰ ਇੰਦਰਜੀਤ ਸਿੰਘ ਸਿੱਧੂ ਦੇ ਯਤਨਾਂ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਨੇ ਚੰਡੀਗੜ੍ਹ ਵਿਚ ਸਵੱਛਤਾ ਨੂੰ ਲੈ ਕੇ ਨਵੀਂ ਅਲਖ ਜਗਾਈ ਤੇ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਲਈ ਉਨ੍ਹਾਂ ਨੂੰ ਇਸੇ ਸਾਲ ਪਦਮ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਮੰਚ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਕੇਂਦਰੀ ਮੰਤਰੀ ਜੇ. ਪੀ. ਨੱਡਾ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੇ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾਰੀ ਵੀ ਮੌਜੂਦ ਰਹੇ।
ਹੋਰ ਪ੍ਰੋਜੈਕਟਾਂ ਦੇ ਨਾਲ, ਮੋਦੀ ਨੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐਮ.ਈ.ਆਰ.), ਚੰਡੀਗੜ੍ਹ ਵਿਖੇ ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ ਅਤੇ ਐਡਵਾਂਸਡ ਨਿਊਰੋਸਾਇੰਸ ਸੈਂਟਰ ਦਾ ਉਦਘਾਟਨ ਕੀਤਾ। ਐਡਵਾਂਸਡ ਨਿਊਰੋਸਾਇੰਸ ਸੈਂਟਰ ਇੱਕੋ ਛੱਤ ਹੇਠ ਨਿਊਰੋਲੋਜੀ, ਨਿਊਰੋਸਰਜਰੀ, ਨਿਊਰੋ-ਕ੍ਰਿਟੀਕਲ ਕੇਅਰ ਅਤੇ ਐਡਵਾਂਸਡ ਡਾਇਗਨੌਸਟਿਕ ਸਹੂਲਤਾਂ ਵਿੱਚ ਏਕੀਕ੍ਰਿਤ ਸੇਵਾਵਾਂ ਪ੍ਰਦਾਨ ਕਰੇਗਾ। ਇਹ ਗੁੰਝਲਦਾਰ ਨਿਊਰੋਲੋਜੀਕਲ ਵਿਕਾਰਾਂ ਤੋਂ ਪੀੜਤ ਮਰੀਜ਼ਾਂ ਲਈ ਸਮੇਂ ਸਿਰ ਅਤੇ ਵਿਸ਼ਵ ਪੱਧਰੀ ਇਲਾਜ ਨੂੰ ਯਕੀਨੀ ਬਣਾਏਗਾ ਜਦੋਂ ਕਿ ਨਿਊਰੋਸਾਇੰਸ ਵਿੱਚ ਡਾਕਟਰੀ ਖੋਜ, ਸਿੱਖਿਆ ਅਤੇ ਸਿਖਲਾਈ ਨੂੰ ਮਜ਼ਬੂਤ ਕਰੇਗਾ। ਸ੍ਰੀ ਮੋਦੀ ਨੇ ਪੀਜੀਆਈਐਮਈਆਰ, ਚੰਡੀਗੜ੍ਹ ਵਿਖੇ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ (ਪੀਐਮ-ਅਭਿਮ) ਦੇ ਤਹਿਤ 150 ਬਿਸਤਰਿਆਂ ਵਾਲੇ ਅਤਿ-ਆਧੁਨਿਕ ਕ੍ਰਿਟੀਕਲ ਕੇਅਰ ਬਲਾਕ ਦਾ ਨੀਂਹ ਪੱਥਰ ਵੀ ਰੱਖਿਆ।
-
Mohali1 month ago
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 18 ਜੂਨ ਤਕ ਚਲੇਗਾ 18 ਰੋਜ਼ਾ ਗੁਰਮਤਿ ਅਤੇ ਗੱਤਕਾ ਕੈਂਪ
-
International2 months ago
ਅਫ਼ਗਾਨਿਸਤਾਨ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
National1 month agoਸ਼ਾਰਟ ਸਰਕਟ ਕਾਰਨ ਫਲੈਟ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
-
Mohali2 months ago
ਨਗਰ ਨਿਗਮ ਦੇ 26 ਸਾਬਕਾ ਕੌਂਸਲਰ ਚੋਣ ਜਿੱਤ ਕੇ ਮੁੜ ਬਣੇ ਕੌਂਸਲਰ
-
International2 months agoਰੂਸ ਵੱਲੋਂ ਯੂਕ੍ਰੇਨ ਤੇ ਮਿਜ਼ਾਈਲਾਂ ਅਤੇ ਆਤਮਘਾਤੀ ਡਰੋਨਾਂ ਨਾਲ ਹਮਲਾ, 11 ਵਿਅਕਤੀਆਂ ਦੀ ਮੌਤ, ਕਈ ਗੰਭੀਰ ਜ਼ਖਮੀ
-
National2 months agoਫਰੀਦਾਬਾਦ ਵਿੱਚ ਮਸਜਿਦ ਅਤੇ ਮੰਦਰਾਂ ਤੇ ਚੱਲੇ ਬੁਲਡੋਜ਼ਰ
-
National1 month agoਐਮਾਜ਼ਾਨ ਦੇ ਗੋਦਾਮ ਵਿੱਚ ਅੱਗ ਲੱਗਣ ਕਾਰਨ ਦੋ ਕਰਮਚਾਰੀਆਂ ਦੀ ਮੌਤ
-
National2 months agoਲਾਸ਼ ਲੈ ਕੇ ਜਾ ਰਹੇ ਪਰਿਵਾਰ ਦੀ ਕਾਰ ਖੱਡ ਵਿੱਚ ਡਿੱਗਣ ਕਾਰਨ 3 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
