International
ਕੈਨੇਡਾ ਦੇ ਮਾਰਖਮ ਵਿੱਚ ਸਟੋਰ ਤੋਂ ਪਾਵਰ ਟੂਲ ਚੋਰੀ ਕਰਨ ਦੇ ਦੋਸ਼ ਹੇਠ 4 ਪੰਜਾਬੀ ਗ੍ਰਿਫ਼ਤਾਰ
ਮਾਰਖਮ, 21 ਜੁਲਾਈ (ਸ.ਬ.) ਕੈਨੇਡਾ ਦੇ ਸ਼ਹਿਰ ਟੋਰਾਂਟੋ ਨੇੜੇ ਮਾਰਖਮ ਵਿੱਚ ਇੱਕ ਰਿਟੇਲ ਸਟੋਰ ਤੋਂ ਮਹਿੰਗੇ ਬਿਜਲੀ ਦੇ ਸੰਦ (ਪਾਵਰ ਟੂਲਜ਼) ਚੋਰੀ ਕਰਨ ਦੇ ਦੋਸ਼ ਹੇਠ ਯੌਰਕ ਰਿਜਨਲ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ। ਪੁਲੀਸ ਅਨੁਸਾਰ ਇਹ ਘਟਨਾ ਐਤਵਾਰ 19 ਜੁਲਾਈ ਨੂੰ ਸ਼ਾਮ ਕਰੀਬ 7:45 ਵਜੇ ਫੇਅਰਬਰਨ ਡਰਾਈਵ ਅਤੇ ਹਾਈਵੇਅ 7 ਨੇੜੇ ਸਥਿਤ ਇੱਕ ਰਿਟੇਲ ਸਟੋਰ ਵਿੱਚ ਵਾਪਰੀ।
ਸਟੋਰ ਦੇ ਨੁਕਸਾਨ ਦੀ ਰੋਕਥਾਮ ਅਮਲੇ ਨੇ ਪੰਜ ਸ਼ੱਕੀ ਵਿਅਕਤੀਆਂ ਨੂੰ ਸ਼ਾਪਿੰਗ ਕਾਰਟਾਂ ਵਿੱਚ ਮਹਿੰਗੇ ਪਾਵਰ ਟੂਲ ਪਾਉਂਦਿਆਂ ਦੇਖਿਆ। ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਹੋਈਆਂ ਚੋਰੀਆਂ ਦੇ ਮਾਮਲਿਆਂ ਨਾਲ ਵੀ ਜੁੜੇ ਹੋਏ ਸਨ। ਨਿਗਰਾਨੀ ਦੌਰਾਨ ਪਤਾ ਲੱਗਿਆ ਕਿ ਉਹ ਬਿਨਾਂ ਭੁਗਤਾਨ ਕੀਤੇ ਸਮਾਨ ਲੈ ਕੇ ਸਟੋਰ ਤੋਂ ਬਾਹਰ ਨਿਕਲ ਗਏ।
ਸਟੋਰ ਕਰਮਚਾਰੀਆਂ ਨੇ ਬਾਹਰ ਜਾ ਕੇ ਦੇਖਿਆ ਕਿ ਮੁਲਜ਼ਮ ਚੋਰੀ ਕੀਤਾ ਸਮਾਨ ਇੱਕ ਵਾਹਨ ਵਿੱਚ ਰੱਖ ਰਹੇ ਸਨ, ਜਿਸ ਤੋਂ ਬਾਅਦ ਪੁਲੀਸ ਨੂੰ ਸੂਚਨਾ ਦਿੱਤੀ ਗਈ। ਮੌਕੇ ਤੇ ਪਹੁੰਚੀ ਪੁਲੀਸ ਨੂੰ ਦੇਖ ਕੇ ਮੁਲਜ਼ਮਾਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਅਤੇ ਆਪਣਾ ਵਾਹਨ ਪੁਲੀਸ ਦੀ ਗੱਡੀ ਨਾਲ ਟਕਰਾ ਦਿੱਤਾ। ਇਸ ਉਪਰੰਤ ਸਾਰੇ ਮੁਲਜ਼ਮ ਪੈਦਲ ਭੱਜਣ ਲੱਗੇ। ਪੁਲੀਸ ਅਧਿਕਾਰੀਆਂ ਨੇ ਪਿੱਛਾ ਕਰਕੇ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਦੋਂਕਿ ਪੰਜਵਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਚਾਰੇ ਵਿਅਕਤੀ ਘਟਨਾ ਸਮੇਂ ਪਹਿਲਾਂ ਤੋਂ ਹੀ ਜ਼ਮਾਨਤ ਜਾਂ ਰਿਹਾਈ ਦੀਆਂ ਸ਼ਰਤਾਂ ਹੇਠ ਸਨ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਮੋਹਿਤ ਸ਼ਰਮਾ (36), ਜਿਸ ਦਾ ਕੋਈ ਪੱਕਾ ਪਤਾ ਦਰਜ ਨਹੀਂ, ਮਨਪ੍ਰੀਤ ਸਿੰਘ (30), ਬਰੈਂਪਟਨ, ਵਿਸ਼ਵਜੀਤ ਸਿੰਘ (22), ਮਿਸੀਸਾਗਾ ਅਤੇ ਸੁਖਜਿੰਦਰ ਰੱਖੜਾ (43), ਕਿਚਨਰ ਸ਼ਾਮਲ ਹਨ।
ਪੁਲੀਸ ਅਨੁਸਾਰ ਮੋਹਿਤ ਸ਼ਰਮਾ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨ੍ਹ ਮਾਰੀ ਦੇ ਔਜ਼ਾਰ ਰੱਖਣ, ਪੁਲੀਸ ਕਾਰਵਾਈ ਵਿੱਚ ਰੁਕਾਵਟ ਪਾਉਣ, ਨਸ਼ੀਲੇ ਪਦਾਰਥ ਰੱਖਣ ਅਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਹਨ। ਮਨਪ੍ਰੀਤ ਸਿੰਘ ਤੇ 5,000 ਡਾਲਰ ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨ੍ਹ ਮਾਰੀ ਦੇ ਔਜ਼ਾਰ ਰੱਖਣ, ਪੁਲੀਸ ਕਾਰਵਾਈ ਵਿੱਚ ਰੁਕਾਵਟ ਪਾਉਣ, ਰਿਹਾਈ ਹੁਕਮਾਂ ਦੀ ਉਲੰਘਣਾ ਅਤੇ ਪ੍ਰੋਬੇਸ਼ਨ ਦੀ ਉਲੰਘਣਾ ਦੇ ਦੋਸ਼ ਦਰਜ ਕੀਤੇ ਗਏ ਹਨ।
ਇਸੇ ਤਰ੍ਹਾਂ ਵਿਸ਼ਵਜੀਤ ਸਿੰਘ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨ੍ਹ ਮਾਰੀ ਦੇ ਔਜ਼ਾਰ ਰੱਖਣ, ਪੁਲੀਸ ਕਾਰਵਾਈ ਵਿੱਚ ਰੁਕਾਵਟ ਪਾਉਣ ਅਤੇ ਰਿਹਾਈ ਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਹਨ, ਜਦਕਿ ਸੁਖਜਿੰਦਰ ਰੱਖੜਾ ਤੇ 5,000 ਡਾਲਰ ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨ੍ਹ ਮਾਰੀ ਦੇ ਔਜ਼ਾਰ ਰੱਖਣ ਅਤੇ ਪੁਲੀਸ ਤੋਂ ਭੱਜਣ ਦੇ ਦੋਸ਼ ਆਇਦ ਕੀਤੇ ਗਏ ਹਨ। ਯੌਰਕ ਰਿਜਨਲ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫ਼ਰਾਰ ਪੰਜਵੇਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
International
ਇਤਾਲਵੀ ਫੌਜੀ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 4 ਵਿਅਕਤੀਆਂ ਦੀ ਮੌਤ, 12 ਜ਼ਖ਼ਮੀ
ਬੋਸਨੀਆ, 30 ਅਕਤੂਬਰ (ਸ.ਬ.) ਬੋਸਨੀਆ ਅਤੇ ਹਰਜ਼ੇਗੋਵੀਨਾ ਵਿਚ ਯੂਰਪੀ ਸੰਘ ਦੇ ਸ਼ਾਂਤੀ ਮਿਸ਼ਨ ਨਾਲ ਜੁੜਿਆ ਇਕ ਇਤਾਲਵੀ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਦਰਦਨਾਕ ਹਾਦਸੇ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉੱਤਰੀ ਬੋਸਨੀਆ ਦੇ ਬ੍ਰਚਕੋ ਜ਼ਿਲ੍ਹੇ ਦੇ ਗੋਰੀਸੇ ਇਲਾਕੇ ਵਿਚ ਵਾਪਰਿਆ। ਹਾਦਸੇ ਤੋਂ ਬਾਅਦ ਐਮਰਜੈਂਸੀ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਅਧਿਕਾਰੀਆਂ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹੈਲੀਕਾਪਟਰ ਕਿਸ ਕਾਰਨ ਹਾਦਸਾਗ੍ਰਸਤ ਹੋਇਆ। ਯੂਰਪੀ ਸੰਘ ਦੇ ਮਿਸ਼ਨ ਵਲੋਂ ਵੀ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ। ਹਾਦਸੇ ਵਿਚ ਮਾਰੇ ਗਏ ਅਤੇ ਜ਼ਖ਼ਮੀ ਹੋਏ ਲੋਕਾਂ ਦੀ ਪਛਾਣ ਸਬੰਧੀ ਪੂਰੀ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।
International
ਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
ਪੇਈਚਿੰਗ, 23 ਅਕਤੂਬਰ (ਸ.ਬ.) ਚੀਨ ਦੇ ਤਿੱਬਤ ਖੇਤਰ ਵਿੱਚ ਬੀਤੀ ਸ਼ਾਮ 7 ਦੀ ਸ਼ਿੱਦਤ ਦਾ ਭੂਚਾਲ ਆਇਆ, ਜਿਸ ਨਾਲ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ 54 ਜ਼ਖ਼ਮੀ ਹੋ ਗਏ। ਇਸ ਦੌਰਾਨ ਉੱਤਰੀ ਖੇਤਰੀ ਸ਼ਹਿਰ ਨਾਗਚੂ ਵਿੱਚ ਸੈਂਕੜੇ ਮਕਾਨ ਢਹਿ-ਢੇਰੀ ਹੋ ਗਏ।
ਸ਼ਹਿਰ ਦੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਨਾਗਚੂ ਮੀਡੀਆ ਦਫ਼ਤਰ ਨੇ ਦੱਸਿਆ ਕਿ 339 ਮਕਾਨਾਂ ਅਤੇ 20 ਪਸ਼ੂਆਂ ਦੇ ਸ਼ੈਡਾਂ ਦੇ ਢਹਿ ਜਾਣ ਤੋਂ ਬਾਅਦ ਖੋਜ ਅਤੇ ਰਾਹਤ ਕਾਰਜ ਜਾਰੀ ਹਨ।
ਸਥਾਨਕ ਕਾਊਂਟੀ ਦੇ 1,600 ਤੋਂ ਵੱਧ ਲੋਕਾਂ ਨੂੰ ਰਾਹਤ ਕਾਰਜਾਂ ਲਈ ਤਾਇਨਾਤ ਕੀਤਾ ਗਿਆ। ਖੇਤਰ ਵਿੱਚ 1,000 ਪ੍ਰੀਫੈਬਰੀਕੇਟਿਡ ਹਾਊਸਿੰਗ ਯੂਨਿਟ (ਬਣੇ-ਬਣਾਏ ਮਕਾਨ), ਲਗਪਗ 3,000 ਤੰਬੂ ਅਤੇ ਫੋਲਡਿੰਗ ਬੈਡਾਂ ਦੇ ਨਾਲ-ਨਾਲ ਫਲੈਸ਼ਲਾਈਟਾਂ ਅਤੇ ਸਰਦੀਆਂ ਦੇ ਕੱਪੜਿਆਂ ਸਮੇਤ ਸਮੱਗਰੀ ਪਹੁੰਚ ਗਈ ਹੈ।
ਯੂ.ਐਸ. ਜੀਓਲੋਜੀਕਲ ਸਰਵੇ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਰਾਤ 10:33 ਵਜੇ ਆਇਆ, ਜਿਸ ਦਾ ਕੇਂਦਰ ਉੱਤਰੀ ਤਿੱਬਤ ਦੇ ਘੱਟ ਆਬਾਦੀ ਵਾਲੇ, ਉੱਚਾਈ ਵਾਲੇ ਖੇਤਰ ਵਿੱਚ ਨਾਗਚੂ ਤੋਂ 191 ਕਿਲੋਮੀਟਰ (119 ਮੀਲ) ਪੂਰਬ-ਉੱਤਰ-ਪੂਰਬ ਵਿੱਚ ਸੀ। ਇਸ ਨੇ ਭੂਚਾਲ ਦੀ ਡੂੰਘਾਈ 18 ਕਿਲੋਮੀਟਰ (11 ਮੀਲ) ਦੱਸੀ ਹੈ।
ਅਮਰੀਕੀ ਏਜੰਸੀ ਦੀ ਵੈਬਸਾਈਟ ਅਨੁਸਾਰ, ਉਸ ਨੇ 4.3 ਅਤੇ 5.2 ਦੇ ਵਿਚਕਾਰ ਤੀਬਰਤਾ ਵਾਲੇ ਸੱਤ ਬਾਅਦ ਦੇ ਝਟਕੇ ਦਰਜ ਕੀਤੇ, ਜੋ ਸਾਰੇ 10 ਕਿਲੋਮੀਟਰ (ਛੇ ਮੀਲ) ਦੀ ਡੂੰਘਾਈ ਤੇ ਸਨ।
ਚੀਨ ਨੇ ਅੱਜ ਦੱਸਿਆ ਕਿ ਖੇਤਰ ਦੇ ਕੁਝ ਹਿੱਸੇ ਵਿੱਚ ਸੰਚਾਰ ਠੱਪ ਹੋ ਗਿਆ ਹੈ। ਸਥਾਨਕ ਰੇਲਵੇ ਅਧਿਕਾਰੀਆਂ ਨੇ ਖੇਤਰ ਵਿੱਚੋਂ ਲੰਘਣ ਵਾਲੀਆਂ ਰੇਲਗੱਡੀਆਂ ਨੂੰ ਰੋਕਣ ਲਈ ਸੰਕਟਕਾਲੀਨ ਕਦਮ ਚੁੱਕੇ ਹਨ।
ਭੂਚਾਲ ਕਾਰਨ ਚੱਟਾਨਾਂ ਵੀ ਖਿਸਕੀਆਂ ਹਨ, ਜਿਸ ਕਾਰਨ ਸਥਾਨਕ ਅਧਿਕਾਰੀਆਂ ਨੂੰ ਕੌਮੀ ਰਾਜਮਾਰਗ 317 ਦਾ ਇੱਕ ਹਿੱਸਾ ਬੰਦ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਕਰਮਚਾਰੀਆਂ ਵੱਲੋਂ ਮਲਬਾ ਹਟਾਉਣ ਦਾ ਕੰਮ ਕੀਤੇ ਜਾਣ ਦੌਰਾਨ ਕੇਵਲ ਸੰਕਟਕਾਲੀਨ, ਰਾਹਤ ਅਤੇ ਸਰਕਾਰੀ ਸਹਾਇਤਾ ਵਾਲੇ ਵਾਹਨਾਂ ਨੂੰ ਹੀ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ।
ਅਗਲੇ ਤਿੰਨ ਦਿਨਾਂ ਵਿੱਚ ਭੂਚਾਲ ਵਾਲੇ ਖੇਤਰ ਵਿੱਚ ਰੁਕ-ਰੁਕ ਕੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਚੀਨ ਦੇ ਰਾਸ਼ਟਰੀ ਪ੍ਰਸਾਰਕ ਸੀ.ਸੀ.ਟੀ.ਵੀ. ਨੇ ਦੱਸਿਆ ਕਿ ਇਹ ਪਿਛਲੇ ਪੰਜ ਸਾਲਾਂ ਵਿੱਚ ਇਸ ਖੇਤਰ ਵਿੱਚ ਆਇਆ ਸਭ ਤੋਂ ਵੱਡਾ ਭੂਚਾਲ ਸੀ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰਾਹਤ ਕਾਰਜਾਂ ਅਤੇ ਡਾਕਟਰੀ ਸਹਾਇਤਾ ਦੇ ਕੰਮਾਂ ਵਿੱਚ ਪੂਰੇ ਜੋਰ-ਸ਼ੋਰ ਨਾਲ ਜੁਟਣ ਦਾ ਸੱਦਾ ਦਿੱਤਾ ਹੈ। ਨਾਗਚੂ ਤਿੱਬਤ ਦੀ ਰਾਜਧਾਨੀ ਲਹਾਸਾ ਤੋਂ 300 ਕਿਲੋਮੀਟਰ (186 ਮੀਲ) ਤੋਂ ਵੱਧ ਉੱਤਰ ਵਿੱਚ ਹੈ।
International
ਸਾਊਦੀ ਅਰਬ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਮਲਾ, 1 ਵਿਅਕਤੀ ਦੀ ਮੌਤ, 8 ਗੰਭੀਰ ਜ਼ਖਮੀ
ਰਿਆਦ, 22 ਅਕਤੂਬਰ (ਸ.ਬ.) ਸਊਦੀ ਅਰਬ ਦੇ ਦੰਮਾਮ ਸਥਿਤ ਕਿੰਗ ਫਾਹਦ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਬੀਤੀ ਦੇਰ ਸ਼ਾਮ ਇੱਕ ਹਮਲਾ ਹੋਇਆ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ; ਸਾਰਿਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ, ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਰਾਜਦੂਤਾਂ ਨੂੰ ਦੇਸ਼ ਛੱਡਣ ਦੇ ਹੁਕਮ ਜਾਰੀ ਕੀਤੇ ਹਨ। ਸਾਊਦੀ ਅਰਬ ਦੀ ਜਨਰਲ ਅਥਾਰਟੀ ਆਫ਼ ਸਿਵਲ ਏਵੀਏਸ਼ਨ ਨੇ ਅੱਜ ਇਹ ਜਾਣਕਾਰੀ ਦਿੱਤੀ। ਅਥਾਰਟੀ ਅਨੁਸਾਰ, ਇਸ ਹਮਲੇ ਕਾਰਨ ਜਾਇਦਾਦ ਦਾ ਵੀ ਨੁਕਸਾਨ ਹੋਇਆ ਹੈ। ਨੁਕਸਾਨ ਦੀ ਹੱਦ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜਾਰੀ ਇੱਕ ਬਿਆਨ ਵਿੱਚ, ਜਨਰਲ ਅਥਾਰਟੀ ਆਫ਼ ਸਿਵਲ ਏਵੀਏਸ਼ਨ ਨੇ ਦੱਸਿਆ ਕਿ ਇਹ ਹਮਲਾ ਬੀਤੀ ਸ਼ਾਮ ਹੋਇਆ ਸੀ। ਅਥਾਰਟੀ ਨੇ ਕਿਹਾ ਕਿ ਇਸ ਘਟਨਾ ਬਾਰੇ ਹੋਰ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।
ਅਮਰੀਕੀ ਵਿਦੇਸ਼ ਵਿਭਾਗ ਨੇ ਸਾਊਦੀ ਅਰਬ ਵਿੱਚ ਮੌਜੂਦ ਅਮਰੀਕੀ ਸਰਕਾਰ ਦੇ ਉਨ੍ਹਾਂ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉੱਥੋਂ ਵਾਪਸ ਆਉਣ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਦਾ ਉੱਥੇ ਰਹਿਣਾ ਕਿਸੇ ਐਮਰਜੈਂਸੀ ਕਾਰਨ ਕਰਕੇ ਜ਼ਰੂਰੀ ਨਹੀਂ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਐਕਸ ਤੇ ਲਿਖਿਆ ਹੈ ਕਿ ਇਰਾਨ-ਸਮਰਥਿਤ ਹੂਤੀ ਬਾਗੀ ਸਾਊਦੀ ਅਰਬ ਵਿਰੁੱਧ ਲਗਾਤਾਰ ਵਧੇਰੇ ਦੁਸ਼ਮਣਾਨਾ ਕਾਰਵਾਈਆਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਵਿਚ ਇਕ ਨਾਗਰਿਕ ਹਵਾਈ ਅੱਡੇ ਅਤੇ ਹੋਰ ਜ਼ਰੂਰੀ ਬੁਨਿਆਦੀ ਢਾਂਚੇ ਤੇ ਕੀਤੇ ਗਏ ਹਮਲੇ ਸ਼ਾਮਲ ਹਨ, ਜਿਨ੍ਹਾਂ ਦੇ ਨਤੀਜੇ ਵਜੋਂ ਆਮ ਨਾਗਰਿਕਾਂ ਦੀ ਜਾਨ ਗਈ ਹੈ ਅਤੇ ਆਵਾਜਾਈ ਵਿੱਚ ਭਾਰੀ ਵਿਘਨ ਪਿਆ ਹੈ। ਸਾਡੇ ਵਿਭਾਗ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ, ਅਤੇ ਅਸੀਂ ਉਨ੍ਹਾਂ ਦੀ ਸੁਰੱਖਿਆ ਅਤੇ ਸਹਾਇਤਾ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕਣੇ ਜਾਰੀ ਰੱਖਾਂਗੇ।
-
International2 months ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
National2 months agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Editorial1 month agoਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ
-
International2 months ago
ਛੇ ਸਾਲਾਂ ਦੀ ਮੁਅੱਤਲੀ ਤੋਂ ਬਾਅਦ ਗੁਆਂਗਜ਼ੂ-ਦਿੱਲੀ ਉਡਾਣਾਂ ਮੁੜ ਸ਼ੁਰੂ ਹੋਣਗੀਆਂ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
Chandigarh1 month ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
