Editorial
ਪੰਥਕ ਜਥੇਬੰਦੀਆਂ ਵਿੱਚ ਏਕਤਾ ਅਜੇ ਦੁੂਰ ਦੀ ਗੱਲ
1995 ਵਿੱਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਜੇਲ੍ਹ ਵਿਚੋਂ ਲਿਖਿਆ ਇੱਕ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ। ਇਸ ਪੱਤਰ ਵਿੱਚ ਭਾਈ ਹਵਾਰਾ ਨੇ ਪੰਥਕ ਆਗੂਆਂ ਨੂੰ ਸੰਬੋਧਨ ਕਰਦਿਆਂ ਲਿਖਿਆ ਹੈ ਕਿ ”ਤੁਸੀਂ ਸਾਨੂੰ ਜੇਲ੍ਹਾਂ ਵਿੱਚੋਂ ਨਹੀਂ ਕੱਢਵਾ ਸਕਦੇ ਕੋਈ ਗੱਲ ਨਹੀਂ। ਇੱਥੇ ਇਹ ਗੱਲ ਕਹਿ ਕੇ ਪੱਲਾ ਛੁਡਾਇਆ ਜਾ ਸਕਦਾ ਹੈ ਕਿ ਸਰਕਾਰ ਸਿੱਖਾਂ ਦੀ ਗੱਲ ਨਹੀਂ ਮੰਨਦੀ। ਤੁਸੀਂ ਸਾਡੀ ਫਿਕਰ ਛੱਡ ਦਿਓ ਪਰ ਪੰਥਕ ਧਿਰਾਂ ਦੇ ਆਗੂ ਸਾਹਿਬਾਨੋ, ਤੁਹਾਨੂੰ ਏਕਤਾ ਕਰਨ ਤੋਂ ਕਿਹੜੀ ਸਰਕਾਰ ਰੋਕਦੀ ਹੈ? ਤੁਸੀਂ ਇਕੱਠੇ ਕਿਉਂ ਨਹੀਂ ਹੁੰਦੇ?”
ਇਸ ਤਰ੍ਹਾਂ ਆਪਣੇ ਪੱਤਰ ਵਿੱਚ ਭਾਈ ਹਵਾਰਾ ਨੇ ਪੰਥਕ ਆਗੂਆਂ ਨੂੰ ਏਕਤਾ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਵੀ ਪੰਥਕ ਆਗੂਆਂ ਅਤੇ ਪੰਥਕ ਜਥੇਬੰਦੀਆਂ ਵਿੱਚ ਏਕੇ ਦੀਆਂ ਗੱਲਾਂ ਚੱਲੀਆਂ ਹਨ ਪਰ ਪੰਥਕ ਜਥੇਬੰਦੀਆਂ ਵਿੱਚ ਏਕਤਾ ਨਹੀਂ ਹੋਈ ਬਲਕਿ ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਜਦੋਂ ਵੀ ਪੰਥਕ ਜਥੇਬੰਦੀਆਂ ਦੇ ਆਗੂਆਂ ਦੀ ਆਪਸੀ ਏਕਤਾ ਲਈ ਮੀਟਿੰਗ ਹੁੰਦੀ ਹੈ ਤਾਂ ਏਕਤਾ ਹੋਣ ਦੀ ਥਾਂ ਇੱਕ ਹੋਰ ਪੰਥਕ ਜਥੇਬੰਦੀ ਹੋਂਦ ਵਿੱਚ ਆ ਜਾਂਦੀ ਹੈ।
ਪੰਜਾਬ ਦੀ ਸਿਆਸਤ ਪੰਥਕ ਸਿਆਸਤ ਬਿਨਾਂ ਅਧੂਰੀ ਹੈ ਅਤੇ ਅਕਾਲੀ ਦਲ ਪੰਥਕ ਸਿਆਸਤ ਦਾ ਮੁੱਖ ਧੁਰਾ ਹੈ। ਇਸ ਸਮੇਂ ਅਕਾਲੀ ਦਲ ਵੱਖ ਵੱਖ ਧੜਿਆਂ ਵਿੱਚ ਵੰਡਿਆ ਹੋਇਆ ਹੈ। ਇਸ ਸਮੇਂ ਅਕਾਲੀ ਦਲ ਬਾਦਲ, ਅਕਾਲੀ ਦਲ ਪੁਨਰ ਸੁਰਜੀਤ, ਅਕਾਲੀ ਦਲ ਵਾਰਿਸ ਪੰਜਾਬ ਦੇ, ਅਕਾਲੀ ਦਲ ਮਾਨ ਮੁੱਖ ਤੌਰ ਤੇ ਸਰਗਰਮ ਹਨ। ਬਾਦਲ ਦਲ ਜਿੱਥੇ ਵੱਖਰੇ ਤੌਰ ਤੇ ਸਿਆਸੀ ਸਰਗਰਮੀਆਂ ਕਰ ਰਿਹਾ ਹੈ। ਉਥੇ ਬਾਕੀ ਅਕਾਲੀ ਧੜੇ ਵੀ ਆਪੋ ਆਪਣੇ ਪੱਧਰ ਤੇ ਸਿਆਸੀ ਸਰਗਰਮੀਆਂ ਕਰ ਰਹੇ ਹਨ ਪਰ ਇਹਨਾਂ ਸਾਰੇ ਅਕਾਲੀ ਧੜਿਆਂ ਦਾ ਰਸਤਾ ਵੱਖਰਾ ਵੱਖਰਾ ਹੈ।
ਪਿਛਲੇ ਦਿਨੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕੱਢਿਆ ਗਿਆ। ਇਸ ਪਾਰਟੀ ਦੇ ਆਗੂਆਂ ਅਨੁਸਾਰ ਇਹ ਰੋਸ ਮਾਰਚ ਸਫਲ ਰਿਹਾ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਜੇਲ੍ਹ ਵਿੱਚ ਬੰਦ ਇਸ ਪਾਰਟੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ। ਇਸ ਪਾਰਟੀ ਵੱਲੋਂ ਕਾਫੀ ਸਮਾਂ ਪਹਿਲਾਂ ਤੋਂ ਭਾਈ ਅੰਮ੍ਰਿਤਪਾਲ ਸਿੰਘ (ਜੋ ਸਾਂਸਦ ਵੀ ਹਨ) ਨੂੰ ਮੁੱਖ ਮੰਤਰੀ ਉਮੀਦਵਾਰ ਦਾ ਚਿਹਰਾ ਬਣਾ ਕੇ ਪੰਜਾਬ ਵਿੱਚ ਸਿਆਸੀ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ।
ਦੂਜੇ ਪਾਸੇ ਅਕਾਲੀ ਦਲ ਪੁਨਰ ਸੁਰਜੀਤ ਆਪਣੇ ਵੱਖਰੇ ਰਸਤੇ ਤੇ ਸਰਗਰਮ ਹੈ। ਇਸ ਅਕਾਲੀ ਧੜੇ ਦੇ ਇੱਕ ਵਫਦ ਵੱਲੋਂ ਪਿਛਲੇ ਦਿਨੀਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਉਹਨਾਂ ਦੀ ਬਿਮਾਰ ਮਾਤਾ ਨੂੰ ਮਿਲਣ ਲਈ ਪੈਰੋਲ ਦੇਣ ਦੀ ਮੰਗ ਕੀਤੀ ਗਈ। ਇਸ ਵਫਦ ਨੇ ਇਸ ਮੌਕੇ ਰਾਜਪਾਲ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਵੀ ਘਟਾਉਣ ਦੀ ਮੰਗ ਕੀਤੀ।
ਇੱਕ ਹੋਰ ਪੰਥਕ ਪਾਰਟੀ ਅਕਾਲੀ ਦਲ ਮਾਨ ਵੀ ਇਸ ਸਮੇਂ ਕਾਫੀ ਸਰਗਰਮੀਆਂ ਕਰ ਰਿਹਾ ਹੈ। ਇਸ ਅਕਾਲੀ ਦਲ ਨੂੰ ਅਕਾਲੀ ਦਲ ਅੰਮ੍ਰਿਤਸਰ ਵੀ ਕਿਹਾ ਜਾਂਦਾ ਹੈ। ਇਸ ਧੜੇ ਨੇ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਪਾਰਟੀ ਦੇ ਆਗੂਆਂ ਅਨੁਸਾਰ ਪਾਰਟੀ ਦੇ ਹੋਰਨਾਂ ਉਮੀਦਵਾਰਾਂ ਦੀ ਅਗਲੀ ਦੂਜੀ ਸੂਚੀ ਵੀ ਜਲਦੀ ਹੀ ਆ ਜਾਵੇਗੀ।
ਅਕਾਲੀ ਦਲ ਦੇ ਸਾਰੇ ਧੜੇ ਆਪਣੇ ਆਪ ਨੂੰ ਅਸਲੀ ਅਕਾਲੀ ਦਲ ਦਸ ਰਹੇ ਹਨ ਅਤੇ ਸਾਰੇ ਧੜਿਆਂ ਦਾ ਧਿਆਨ ਪੰਥਕ ਭਾਵਨਾਵਾਂ ਅਤੇ ਸਿੱਖ ਪਛਾਣ ਨਾਲ ਜੁੜੇ ਮੁੱਦਿਆਂ ਉੱਤੇ ਹੀ ਟਿਕਿਆ ਹੋਇਆ ਹੈ। ਇਹਨਾਂ ਸਾਰੇ ਧੜਿਆਂ ਦੀ ਅਗਵਾਈ ਵੱਖ ਵੱਖ ਆਗੂ ਕਰ ਰਹੇ ਹਨ ਅਤੇ ਸਾਰੇ ਧੜਿਆਂ ਦੇ ਰਸਤੇ ਵੀ ਵੱਖਰੇ ਹਨ ਪਰ ਸਭ ਦਾ ਇੱਕੋ ਟੀਚਾ ਹੈ ਕਿ ਉਹ ਪੰਜਾਬ ਦੀ ਸੱਤਾ ਪ੍ਰਾਪਤ ਕਰ ਲੈਣ। ਇਸ ਸਮੇਂ ਸਾਰੇ ਅਕਾਲੀ ਧੜੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਮੁੱਖ ਤੌਰ ਤੇ ਉਠਾ ਰਹੇ ਹਨ ਅਤੇ ਕਰਤਾਰ ਪੁਰ ਲਾਂਘਾ ਮੁੜ ਖੋਲੇ ਜਾਣ ਦੀ ਮੰਗ ਕਰ ਰਹੇ ਹਨ।
ਜਦੋਂ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਿਸੇ ਰੈਲੀ ਵਿੱਚ ਕਹਿੰਦੇ ਹਨ ਕਿ ਪੰਜਾਬੀਓ ਇੱਕ ਵਾਰ ਮੈਨੂੰ ਮੁੱਖ ਮੰਤਰੀ ਬਣਾ ਦਿਓ, ਫਿਰ ਇੱਕ ਘੁੱਗੀ ਮਾਰ ਕੇ ਮੈਂ ਸਾਰੇ ਬੰਦੀ ਸਿੰਘ ਰਿਹਾਅ ਕਰ ਦੇਵਾਂਗਾ ਤਾਂ ਤੁਰੰਤ ਹੀ ਸੁਖਬੀਰ ਬਾਦਲ ਦੇ ਵਿਰੋਧੀ ਆਗੂ ਉਹਨਾਂ ਦੇ ਉਸ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦੇ ਹਨ, ਜੋ ਕਿ ਸੁਖਬੀਰ ਬਾਦਲ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਹੁੰਦਿਆਂ ਦਿੱਤਾ ਸੀ। ਉਸ ਵੀਡੀਓ ਵਿੱਚ ਇੱਕ ਪੱਤਰਕਾਰ ਉਸ ਸਮੇਂ ਦੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਭਾਈ ਹਵਾਰਾ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸਵਾਲ ਕਰਦਾ ਹੈ ਤਾਂ ਸੁਖਬੀਰ ਬਾਦਲ ਭਾਈ ਹਵਾਰਾ ਅਤੇ ਹੋਰ ਬੰਦੀ ਸਿੰਘਾਂ ਦੇ ਵਿਰੁੱਧ ਬੋਲਦੇ ਹਨ।
ਪੰਜਾਬ ਦੇ ਵੱਡੀ ਗਿਣਤੀ ਸਿੱਖ ਇਹ ਦੋਸ਼ ਲਗਾਉਂਦੇ ਹਨ ਕਿ ਬਾਦਲ ਦਲ ਨੂੰ ਸੱਤਾ ਤੋਂ ਦੂਰ ਹੁੰਦਿਆਂ ਹੀ ਪੰਥਕ ਮੁੱਦੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਯਾਦ ਆ ਜਾਂਦੀ ਹੈ ਪਰ ਸੱਤਾ ਪ੍ਰਾਪਤ ਕਰਦਿਆਂ ਹੀ ਬਾਦਲ ਦਲ ਨੂੰ ਇਹ ਮੁੱਦੇ ਪੂਰੀ ਤਰ੍ਹਾਂ ਭੁੱਲ ਜਾਂਦੇ ਹਨ ਅਤੇ ਬਾਅਦ ਵਿੱਚ ਸੱਤਾ ਤੋਂ ਦੂਰ ਹੁੰਦਿਆਂ ਬਾਦਲ ਦਲ ਵੱਲੋਂ ਮੁੜ ਇਹ ਪੰਥਕ ਮੁੱਦੇ ਉਭਾਰ ਦਿੱਤੇ ਜਾਂਦੇ ਹਨ। ਇਸ ਸਮੇਂ ਸਾਰੇ ਅਕਾਲੀ ਧੜਿਆਂ ਵੱਲੋਂ ਆਪੋ ਆਪਣੀਆਂ ਸਰਗਰਮੀਆਂ ਵੱਖੋ ਵੱਖਰੇ ਰੂਪ ਵਿੱਚ ਚਲਾਈਆਂ ਜਾ ਰਹੀਆਂ ਹਨ ਅਤੇ ਇਹਨਾਂ ਪੰਥਕ ਜਥੇਬੰਦੀਆਂ ਵਿੱਚ ਏਕਤਾ ਅਜੇ ਦੂਰ ਦੀ ਗੱਲ ਜਾਪਦੀ ਹੈ।
ਬਿਊਰੋ
Editorial
ਟ੍ਰੈਫਿਕ ਸਮੱਸਿਆ ਦੇ ਹਲ ਲਈ ਸ਼ਹਿਰ ਦੀਆਂ ਮੁੱਖ ਸੜਕਾਂ ਕਿਨਾਰੇ ਗੱਡੀਆਂ ਖੜ੍ਹਾਉਣ ਦੀ ਕਾਰਵਾਈ ਤੇ ਸਖਤੀ ਨਾਲ ਰੋਕ ਲੱਗੇ
ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਭਾਵੇਂ ਸਾਡੇ ਸ਼ਹਿਰ ਦੇ ਵਸਨੀਕਾਂ ਨੂੰ ਵਿਸ਼ਵਪੱਧਰੀ ਅਤਿਆਧੁਨਿਕ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਪਰੰਤੂ ਸਰਕਾਰ ਦੇ ਇਹ ਦਾਅਵੇ ਹਵਾ ਹਵਾਈ ਹੀ ਹਨ ਅਤੇ ਜਮੀਨੀ ਪੱਧਰ ਤੇ ਹਾਲਾਤ ਇਹ ਹਨ ਕਿ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਲਈ ਵੀ ਤੰਗ ਹੋਣਾ ਪੈਂਦਾ ਹੈ। ਕਿਸੇ ਵੀ ਸ਼ਹਿਰ ਦੇ ਵਸਨੀਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਹੀ ਉਸ ਸ਼ਹਿਰ ਦੇ ਵਿਕਾਸ (ਅਤੇ ਦਰਜਾਬੰਦੀ) ਦੀ ਜਾਮਣੀ ਭਰਨ ਵਾਲੀਆਂ ਹੁੰਦੀਆਂ ਹਨ ਅਤੇ ਕਿਸੇ ਵੀ ਸ਼ਹਿਰ ਦੀ ਦਰਜਾਬੰਦੀ ਵਿੱਚ ਟ੍ਰੈਫਿਕ ਵਿਵਸਥਾ ਬਹੁਤ ਅਹਿਮ ਹੁੰਦੀ ਹੈ ਪਰੰਤੂ ਸਾਡੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਸਰਕਾਰ ਦੇ ਇਹਨਾਂ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ।
ਸਾਡੇ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਇਹ ਬਦਹਾਲੀ ਆਮ ਵਾਹਨ ਚਾਲਕਾਂ ਨੂੰ ਬਹੁਤ ਜਿਆਦਾ ਪਰੇਸ਼ਾਨ ਕਰਦੀ ਹੈ ਅਤੇ ਲੋਕ ਅਕਸਰ ਇਸਦੀ ਸ਼ਿਕਾਇਤ ਕਰਦੇ ਹਨ। ਇਸ ਸਮੱਸਿਆ ਵਿੱਚ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਖੜ੍ਹਣ ਵਾਲੀਆਂ ਗੱਡੀਆਂ ਦਾ ਵੱਡਾ ਯੋਗਦਾਨ ਹੈ ਜਿਹਨਾਂ ਕਾਰਨ ਸੜਕ ਤੇ ਵਾਹਨਾਂ ਦੇ ਲਾਂਘੇ ਦੀ ਥਾਂ ਘੱਟ ਜਾਂਦੀ ਹੈ ਅਤੇ ਟ੍ਰੈਫਿਕ ਦਾ ਜੋਰ ਵਧਣ ਤੇ ਪੂਰੀ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਹੁੰਦੀ ਹੈ। ਸੜਕਾਂ ਕਿਨਾਰੇ ਵਾਹਨ ਖੜ੍ਹੇ ਕਰਨ ਦੀ ਇਸ ਕਾਰਵਾਈ ਕਾਰਨ ਕਈ ਵਾਰ ਜਾਮ ਤਕ ਲਗਣ ਦੀ ਨੌਬਤ ਆ ਜਾਂਦੀ ਹੈ ਪਰੰਤੂ ਇਸਦੇ ਬਾਵਜੂਦ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਆਪਣੇ ਵਾਹਨ ਖੜ੍ਹੇ ਕਰਨ ਵਾਲਿਆਂ ਦੀ ਕਾਰਵਾਈ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਸ਼ਹਿਰ ਦੀਆਂ ਮੁੱਖ ਸੜਕਾਂ ਕਿਨਾਰੇ ਗੱਡੀਆਂ ਖੜ੍ਹਾਉਣ ਦੀ ਇਹ ਕਾਰਵਾਈ ਉਹਨਾਂ ਥਾਵਾਂ ਤੇ ਕਾਫੀ ਜ਼ਿਆਦਾ ਹੈ ਜਿੱਥੇ ਸੜਕ ਕਿਨਾਰੇ ਬਣੀਆਂ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਜਾਂ ਕਿਸੇ ਕੰਮ ਆਏ ਵਿਅਕਤੀ ਮਾਰਕੀਟ ਦੀ ਪਾਰਕਿੰਗ ਵਿੱਚ ਜਾ ਕੇ ਗੱਡੀ ਖੜ੍ਹਾਉਣ ਦੀ ਥਾਂ ਮੁੱਖ ਸੜਕ ਦੇ ਕਿਨਾਰੇ ਤੇ ਆਪਣੀ ਗੱਡੀ ਖੜ੍ਹੀ ਕਰ ਦਿੰਦੇ ਹਨ ਅਤੇ ਖੁਦ ਮਾਰਕੀਟ ਵਿੱਚ ਚਲੇ ਜਾਂਦੇ ਹਨ। ਸ਼ਹਿਰ ਦੀ ਸਭ ਤੋਂ ਵਿਅਸਤ ਸੜਕ (ਜਿਹੜੀ ਫੇਜ਼ 1 ਨੂੰ ਫੇਜ਼ 11 ਨਾਲ ਜੋੜਦੀ ਹੈ) ਦਾ ਮਾਰਕੀਟਾਂ ਦੇ ਸਾਮ੍ਹਣੇ ਪੈਂਦਾ ਖੇਤਰ ਇਸ ਸਮੱਸਿਆ ਦਾ ਸਭ ਤੋਂ ਵੱਧ ਸ਼ਿਕਾਰ ਹੈ। ਫੇਜ਼ 1 ਵਿੱਚ ਪੁਰਾਣੇ ਬੈਰੀਅਰ ਤੋਂ ਫਰੈਂਕੋ ਹੋਟਲ ਤਕ ਦੀ ਸੜਕ, ਫੇਜ਼ 5 ਵਿੱਚ 3-5 ਚੌਂਕ ਦੇ ਨਾਲ ਲੱਗਦੇ ਬੂਥਾਂ ਦੇ ਸਾਮ੍ਹਣੇ ਵਾਲੀ ਸੜਕ, ਫੇਜ਼ 7 ਦੀ ਮਾਰਕੀਟ ਦਾ ਉਹ ਹਿੱਸਾ ਜਿੱਥੇ ਵਿੱਚ ਵੱਡੀ ਗਿਣਤੀ ਬੈਂਕ ਮੌਜੂਦ ਹਨ, ਫੇਜ਼ 7 ਦੇ ਐਚ ਐਮ ਕਵਾਟਰਾਂ ਦੇ ਸਾਮ੍ਹਣੇ ਵਾਲੀ ਥਾਂ, ਫੇਜ਼ 11 ਵਿੱਚ ਮਾਰਕੀਟ ਦੇ ਸਾਮ੍ਹਣੇ ਸੈਕਟਰ 78 ਵਿੱਚ ਜਿਲ੍ਹਾ ਪ੍ਰਸ਼ਾਸ਼ਕੀ ਕਾਂਪਲੈਕਸ ਅਤੇ ਜਿਲ੍ਹਾ ਅਦਾਲਤ ਦੇ ਬਾਹਰ ਅਤੇ ਏਅਰ ਪੋਰਟ ਰੋਡ ਤੇ ਇਹ ਸਮੱਸਿਆ ਕਾਫੀ ਜਿਆਦਾ ਹੈ।
ਹਾਲਾਂਕਿ ਇਸ ਸਮੱਸਿਆ ਲਈ ਸਾਡੇ ਸ਼ਹਿਰ ਦੇ ਵਸਨੀਕ ਖੁਦ ਹੀ ਜਿੰਮੇਵਾਰ ਹਨ ਜਿਹੜੇ ਦੂਜਿਆਂ ਤੇ ਤਾਂ ਸਵਾਲ ਚੁੱਕਦੇ ਹਨ ਪਰੰਤੂ ਜਦੋਂ ਖੁਦ ਤੇ ਗੱਲ ਆਉਂਦੀ ਹੈ ਤਾਂ ਕਈ ਤਰ੍ਹਾਂ ਦੇ ਬਹਾਨੇ ਬਣਾਉਣ ਲੱਗ ਜਾਂਦੇ ਹਨ। ਸ਼ਹਿਰਵਾਸੀ ਹੋਰਨਾਂ ਲੋਕਾਂ ਵਲੋਂ ਕੀਤੀ ਜਾਂਦੀ ਕਾਨੂੰਨ ਦੀ ਉਲੰਘਣਾਂ ਦੀ ਤਾਂ ਸ਼ਿਕਾਇਤ ਕਰਦੇ ਹਨ ਪਰੰਤੂ ਉਹ ਖੁਦ ਵੀ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਲੋਕਾਂ ਦੀ ਮਾਨਸਿਕਤਾ ਹੀ ਕੁੱਝ ਅਜਿਹੀ ਹੋ ਗਈ ਹੈ ਕਿ ਆਪਣੀ ਖੁਦ ਦੀ ਸਹੂਲੀਅਤ ਲਈ ਉਹ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੀ ਕੋਈ ਕਾਰਵਾਈ ਹੋਰਨਾਂ ਸ਼ਹਿਰੀਆਂ ਲਈ ਕਿੰਨੀ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਸ਼ਹਿਰ ਦੇ ਵਸਨੀਕ ਸਰਕਾਰ ਤੋਂ ਵੱਧ ਤੋਂ ਵੱਧ ਸੁਵਿਧਾਵਾਂ ਦੀ ਮੰਗ ਤਾਂ ਕਰਦੇ ਹਨ ਪਰੰਤੂ ਉਹਨਾਂ ਦੀਆਂ ਖੁਦ ਦੀਆਂ ਕਾਰਵਾਈਆਂ ਹੀ ਅਜਿਹੀਆਂ ਹਨ ਜਿਹੜੀਆਂ ਹੋਰਨਾਂ ਲੋਕਾਂ ਵਾਸਤੇ ਪਰੇਸ਼ਾਨੀ ਦਾ ਕਾਰਨ ਬਣ ਜਾਂਦੀਆਂ ਹਨ।
ਇਸ ਤਰੀਕੇ ਨਾਲ ਮੁੱਖ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਹ ਕਾਰਵਾਈ ਕਾਨੂੰਨ ਦੀ ਸਿੱਧੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਅਜਿਹਾ ਕਰਨ ਵਾਲਿਆਂ ਦੀਆਂ ਗੱਡੀਆਂ ਨੂੰ ਜਬਤ ਵੀ ਕੀਤਾ ਜਾ ਸਕਦਾ ਹੈ। ਪਹਿਲਾਂ ਟ੍ਰੈਫਿਕ ਪੁਲੀਸ ਵਲੋਂ ਅਜਿਹੇ ਵਾਹਨ ਚਾਲਕਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਰਹੀ ਹੈ ਜਿਸਦੇ ਤਹਿਤ ਕ੍ਰੇਨ ਲਿਆ ਕੇ ਅਜਿਹੀਆਂ ਗੱਡੀਆਂ ਨੂੰ ਚੁਕਵਾ ਕੇ ਥਾਣੇ ਪਹੁੰਚਾ ਦਿੱਤਾ ਜਾਂਦਾ ਸੀ ਅਤੇ ਇਹਨਾਂ ਵਾਹਨਾਂ ਦੇ ਮਾਲਕਾਂ ਤੋਂ ਜੁਰਮਾਨਾ ਵਸੂਲਣ ਤੋਂ ਬਾਅਦ ਹੀ ਇਹ ਵਾਹਨ ਛੱਡੇ ਜਾਂਦੇ ਸੀ, ਪਰੰਤੂ ਪਿਛਲੇ ਕਾਫੀ ਸਮੇਂ ਤੋਂ ਟ੍ਰੈਫਿਕ ਪੁਲੀਸ ਦੀ ਇਹ ਕਾਰਵਾਈ ਬੰਦ ਹੋਣ ਕਾਰਨ ਸੜਕਾਂ ਕਿਨਾਰੇ ਖੜ੍ਹਦੀਆਂ ਇਹਨਾਂ ਗੱਡੀਆਂ ਦੀ ਸਮੱਸਿਆ ਲਗਾਤਾਰ ਵੱਧਦੀ ਹੀ ਜਾ ਰਹੀ ਹੈ।
ਜਿਲ੍ਹੇ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਇਸ ਸੰਬੰਧੀ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਸੜਕਾਂ ਕਿਨਾਰੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਕਾਰਨ ਪੇਸ਼ ਆਉਂਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸਮੱਸਿਆ ਤੋਂ ਛੁਟਕਾਰਾ ਹਾਸਿਲ ਹੋ ਸਕੇ।
Editorial
ਪੰਜਾਬ ਵਿੱਚ ਨਕਲੀ ਮਿਠਾਈਆਂ ਵਿਰੁੱਧ ਮੁਹਿੰਮ ਚਲਾਉਣ ਕਿਸਾਨ ਜਥੇਬੰਦੀਆਂ
ਪੰਜਾਬ ਦੇ ਇੱਕ ਸ਼ਹਿਰ ਵਿੱਚ ਇੱਕ ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਉਸ ਸ਼ਹਿਰ ਦੀਆਂ ਮਿਠਾਈਆਂ ਵੇਚਣ ਵਾਲੀਆਂ ਵੱਖ ਵੱਖ ਦੁਕਾਨਾਂ ਤੇ ਛਾਪੇ ਮਾਰੇ ਗਏ ਹਨ ਅਤੇ ਵੱਖ ਵੱਖ ਮਿਠਾਈਆਂ ਦੇ ਸੈਂਪਲ ਵੀ ਭਰੇ ਗਏ ਹਨ। ਇਸ ਮੌਕੇ ਕਈ ਦੁਕਾਨਾਂ ਵਿਚੋਂ ਸ਼ੱਕੀ ਘਿਓ ਅਤੇ ਸ਼ੱਕੀ ਮਿਠਾਈਆਂ ਵੀ ਜਬਤ ਕੀਤੀਆਂ ਗਈਆਂ ਅਤੇ ਮਿਠਾਈ ਦੀ ਇੱਕ ਦੁਕਾਨ ਵਿਚੋਂ ਰੰਗਕਾਟ ਵੀ ਬਰਾਮਦ ਕੀਤਾ ਗਿਆ। ਜਿਸ ਬਾਰੇ ਕਿਸਾਨ ਆਗੂਆਂ ਵੱਲੋਂ ਦਾਅਵਾ ਕੀਤਾ ਗਿਆ ਕਿ ਇਸ ਰੰਗਕਾਟ ਦੀ ਵਰਤੋ ਵੀ ਹਲਵਾਈਆਂ ਵੱਲੋਂ ਮਿਠਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ।
ਕਿਸਾਨ ਆਗੂਆਂ ਵੱਲੋਂ ਨਕਲੀ ਅਤੇ ਮਿਲਾਵਟੀ ਮਿਠਾਈਆਂ ਵੇਚਣ ਵਾਲਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਕਾਰਨ ਆਮ ਲੋਕ ਕਾਫੀ ਸਤੁੰਸ਼ਟ ਨਜ਼ਰ ਆ ਰਹੇ ਹਨ। ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਉਹ ਆਪਣੇ ਇਲਾਕੇ ਵਿੱਚ ਕਿਸੇ ਵੀ ਦੁਕਾਨਦਾਰ ਨੂੰ ਨਕਲੀ ਅਤੇ ਮਿਲਾਵਟੀ ਮਿਠਾਈਆਂ ਨਹੀਂ ਵੇਚਣ ਦੇਣਗੇ। ਕਿਸਾਨ ਆਗੂਆਂ ਵੱਲੋਂ ਨਕਲੀ ਅਤੇ ਮਿਲਾਵਟੀ ਮਿਠਾਈਆਂ ਵਿਰੁੱਧ ਮੁਹਿੰਮ ਭਾਵੇਂ ਸਿਰਫ਼ ਇੱਕ ਇਲਾਕੇ ਵਿੱਚ ਸ਼ੁਰੂ ਕੀਤੀ ਗਈ ਹੈ, ਪਰਤੂ ਹੁਣ ਪੰਜਾਬ ਦੇ ਵੱਡੀ ਗਿਣਤੀ ਲੋਕ ਕਿਸਾਨ ਆਗੁੂਆਂ ਤੋਂ ਮੰਗ ਕਰਨ ਲੱਗ ਗਏ ਹਨ ਕਿ ਸਾਰੀਆਂ ਕਿਸਾਨ ਯੂਨੀਅਨਾਂ ਰਲ ਮਿਲ ਕੇ ਪੂਰੇ ਪੰਜਾਬ ਵਿੱਚ ਨਕਲੀ ਅਤੇ ਮਿਲਾਵਟੀ ਮਿਠਾਈਆਂ ਵੇਚਣ ਵਾਲਿਆਂ ਵਿਰੁੱਧ ਮੁਹਿੰਮ ਚਲਾਉਣ ਤਾਂ ਕਿ ਪੰਜਾਬ ਵਿੱਚ ਨਕਲੀ ਅਤੇ ਮਿਲਾਵਟੀ ਮਿਠਾਈਆਂ ਵੇਚਣ ਦਾ ਧੰਦਾ ਪੂਰੀ ਤਰ੍ਹਾਂ ਬੰਦ ਕਰਵਾਇਆ ਜਾ ਸਕੇ।
ਮੀਡੀਆ ਵਿੱਚ ਅਕਸਰ ਰਿਪੋਰਟਾਂ ਆਉਂਦੀਆਂ ਹਨ ਕਿ ਪੰਜਾਬ ਵਿੱਚ ਦੇਸ਼ ਦੇ ਹੋਰਨਾਂ ਹਿਸਿਆਂ ਵਾਂਗੂ ਨਕਲੀ ਅਤੇ ਮਿਲਾਵਟੀ ਮਿਠਾਈਆਂ ਵੇਚੀਆਂ ਜਾਂਦੀਆਂ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਸੀਜਨ ਦੌਰਾਨ ਤਾਂ ਨਕਲੀ ਅਤੇ ਮਿਲਾਵਟੀ ਮਿਠਾਈਆਂ ਵੇਚਣ ਵਾਲਿਆਂ ਦਾ ਹੜ੍ਹ ਆ ਜਾਂਦਾ ਹੈ ਅਤੇ ਤਿਉਹਾਰਾਂ ਮੌਕੇ ਵੱਡੀ ਮਾਤਰਾ ਵਿੱਚ ਮਿਠਾਈਆਂ ਦੀ ਵਿਕਰੀ ਹੋਣ ਕਾਰਨ ਵੱਡੀ ਗਿਣਤੀ ਦੁਕਾਨਦਾਰ ਨਕਲੀ ਅਤੇ ਮਿਲਾਵਟੀ ਮਿਠਾਈਆਂ ਵੀ ਵੇਚਣ ਦਾ ਯਤਨ ਕਰਦੇ ਹਨ ਤਾਂ ਕਿ ਉਹ ਵਧੇਰੇ ਮੁਨਾਫਾ ਕਮਾ ਸਕਣ। ਭਾਵੇਂ ਕੁਝ ਦੁਕਾਨਦਾਰ ਸਹੀ ਮਿਠਾਈਆਂ ਵੀ ਵੇਚਦੇ ਹਨ ਪਰ ਨਕਲੀ ਅਤੇ ਮਿਲਾਵਟੀ ਮਿਠਾਈਆਂ ਵੇਚਣ ਵਾਲੇ ਦੁਕਾਨਦਾਰਾਂ ਕਾਰਨ ਸਾਰੇ ਮਿਠਾਈ ਵੇਚਣ ਵਾਲੇ ਦੁਕਾਨਦਾਰਾਂ ਦੀ ਬਦਨਾਮੀ ਹੁੰਦੀ ਹੈ ਅਤੇ ਆਮ ਲੋਕ ਹਰ ਦੁਕਾਨਦਾਰ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਜਾਂਦੇ ਹਨ।
ਸਿਹਤ ਮਾਹਿਰ ਕਹਿੰਦੇ ਹਨ ਕਿ ਨਕਲੀ ਅਤੇ ਮਿਲਾਵਟੀ ਮਿਠਾਈਆਂ ਖਾਣ ਨਾਲ ਆਮ ਲੋਕਾਂ ਦੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ ਅਤੇ ਉਹਨਾਂ ਨੂੰ ਕਈ ਗੰਭੀਰ ਬਿਮਾਰੀਆਂ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ। ਨਕਲੀ ਮਿਠਾਈਆਂ ਖਾ ਕੇ ਅਕਸਰ ਵੱਡੀ ਗਿਣਤੀ ਲੋਕ ਬਿਮਾਰ ਹੋ ਜਾਂਦੇ ਹਨ। ਸਿਹਤ ਵਿਭਾਗ ਵੱਲੋਂ ਭਾਵੇਂ ਵੱਖ ਵੱਖ ਇਲਾਕਿਆਂ ਵਿੱਚ ਵਿਕ ਰਹੀਆਂ ਮਿਠਾਈਆਂ ਦੇ ਸੈਂਪਲ ਵੀ ਭਰੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਨਕਲੀ ਮਿਠਠਾਈਆਂ ਅਤੇ ਮਿਲਾਵਟੀ ਮਿਠਾਈਆਂ ਵੇਚਣ ਦਾ ਧੰਦਾ ਲਗਾਤਾਰ ਚਲਦਾ ਰਹਿੰਦਾ ਹੈ ਅਤੇ ਆਮ ਲੋਕਾਂ ਨੂੰ ਪਤਾ ਨਹੀਂ ਚਲਦਾ ਕਿ ਉਹ ਜਿਹੜੀ ਮਿਠਾਈ ਖਾ ਰਹੇ ਹਨ, ਉਹ ਨਕਲੀ ਹੈ ਜਾਂ ਅਸਲੀ।
ਵੱਡੀ ਗਿਣਤੀ ਲੋਕ ਅਜਿਹੇ ਹਨ ਜੋ ਕਿ ਨਕਲੀ ਅਤੇ ਮਿਲਾਵਟੀ ਮਿਠਾਈਆਂ ਦੇ ਡਰ ਕਾਰਨ ਮਿਠਾਈਆਂ ਨਹੀਂ ਖਾਂਦੇ ਜਾਂ ਬਹੁਤ ਘੱਟ ਜਾਂਦੇ ਹਨ ਪਰ ਤਿਉਹਾਰਾਂ ਦੇ ਸੀਜਨ ਦੌਰਾਨ ਮਿਠਾਈਆਂ ਦੀ ਵਿਕਰੀ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ ਅਤੇ ਹਰ ਸ਼ਹਿਰ ਵਿੱਚ ਮਿਠਾਈ ਬਣਾਉਣ ਵਾਲੀਆਂ ਅਜਿਹੀਆਂ ਫੈਕਟਰੀਆਂ ਹਨ, ਜਿਥੇ ਹਰ ਤਰ੍ਹਾਂ ਦੀ ਮਿਠਾਈ ਤਿਆਰ ਕਰਕੇ ਸ਼ਹਿਰਾਂ ਦੀਆਂ ਵੱਖ ਵੱਖ ਦੁਕਾਨਾਂ ਤੇ ਸਪਲਾਈ ਕੀਤੀ ਜਾਂਦੀ ਹੈ।
ਪੰਜਾਬ ਦੇ ਵੱਡੀ ਗਿਣਤੀ ਲੋਕਾਂ ਨੇ ਪੰਜਾਬ ਦੀਆਂ ਸਰਗਰਮ ਕਿਸਾਨ ਯੂਨੀਅਨਾਂ ਦੇ ਆਗੂਆਂ ਤੋਂ ਮੰਗ ਕੀਤੀ ਹੈ ਕਿ ਉਹ ਨਕਲੀ ਅਤੇ ਮਿਲਾਵਟੀ ਮਿਠਾਈਆਂ ਵਿਰੁੱਧ ਮੁਹਿੰਮ ਨੂੰ ਸਿਰਫ਼ ਇੱਕ ਸ਼ਹਿਰ ਤੱਕ ਸੀਮਿਤ ਨਾ ਰੱਖਣ ਬਲਕਿ ਇਸ ਮੁਹਿੰਮ ਨੂੰ ਪੂਰੇ ਪੰਜਾਬ ਵਿੱਚ ਵੱਡੇ ਪੱਧਰ ਤੇ ਚਲਾਉਣ ਤਾਂ ਕਿ ਪੰਜਾਬ ਵਿੱਚ ਨਕਲੀ ਅਤੇ ਮਿਲਾਵਟੀ ਮਿਠਾਈਆਂ ਵੇਚਣ ਦਾ ਧੰਦਾ ਪੂਰੀ ਤਰ੍ਹਾਂ ਬੰਦ ਕਰਵਾਇਆ ਜਾ ਸਕੇ।
ਬਿਊਰੋ
Editorial
ਸੁਲਝ ਨਹੀਂ ਰਿਹਾ ਅਮਰੀਕਾ ਤੇ ਇਰਾਨ ਵਿਚਲਾ ਵਿਵਾਦ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫੇਰ ਕਿਹਾ ਹੈ ਕਿ ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਟਰੰਪ ਕਈ ਵਾਰ ਕਹਿ ਚੁੱਕੇ ਹਨ ਕਿ ਅਮਰੀਕਾ ਕਦੇ ਵੀ ਇਰਾਨ ਨੂੰ ਪਰਮਾਣੂ ਹਥਿਆਰ ਨਹੀਂ ਬਣਾਉਣ ਦੇਵੇਗਾ। ਦੂਜੇ ਪਾਸੇ ਇਰਾਨ ਦਾ ਦਾਅਵਾ ਹੈ ਕਿ ਉਸ ਵੱਲੋਂ ਪਰਮਾਣੂ ਹਥਿਆਰ ਬਣਾਉਣ ਦਾ ਕਦੇ ਵੀ ਯਤਨ ਨਹੀਂ ਕੀਤਾ ਗਿਆ ਅਤੇ ਜੇਕਰ ਇਰਾਨ ਨੇ ਪਰਮਾਣੂ ਹਥਿਆਰ ਬਣਾਉਣਾ ਹੋਵੇਗਾ ਤਾਂ ਅਮਰੀਕਾ ਉਸਨੂੰ ਰੋਕ ਨਹੀਂ ਸਕੇਗਾ।
ਅਮਰੀਕਾ ਵੱਲੋਂ ਭਾਵੇਂ ਜਲ ਮਾਰਗ ਜਲਡਮਰੂ ਉਤੇ ਵੀ ਆਪਣਾ ਕਬਜਾ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰੰਤੂ ਇਰਾਨ ਦਾ ਕਹਿਣਾ ਹੈ ਕਿ ਜਲ ਡਮਰੂ ਤੇ ਅਜੇ ਵੀ ਇਰਾਨ ਦਾ ਹੀ ਕਬਜਾ ਹੈ ਅਤੇ ਇਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਨੇ ਐਲਾਨ ਕੀਤਾ ਹੈ ਕਿ ਹਰਮੁਜ਼ ਜਲ ਮਾਰਗ ਉਦੋਂ ਤੱਕ ਨਹੀਂ ਖੁੱਲ੍ਹੇਗਾ ਜਦੋਂ ਤੱਕ ਅਮਰੀਕਾ ਆਪਣਾ ਰਵੱਈਆ ਨਹੀਂ ਸੁਧਾਰਦਾ।
ਅਮਰੀਕਾ ਅਤੇ ਇਰਾਨ ਵਿਚਾਲੇ ਵਿਵਾਦ ਨੂੰ ਕਾਫੀ ਸਮਾਂ ਬੀਤ ਚੁੱਕਿਆ ਹੈ ਪਰ ਦੋਵਾਂ ਧਿਰਾਂ ਵਿਚੋਂ ਕੋਈ ਵੀ ਝੁਕਣ ਲਈ ਤਿਆਰ ਨਹੀਂ ਹੈ। ਇਸ ਜੰਗ ਵਿੱਚ ਜਿਥੇ ਅਮਰੀਕਾ ਨੇ ਇਰਾਨ ਵਿੱਚ ਵੱਡੀ ਪੱਧਰ ਤੇ ਤਬਾਹੀ ਕੀਤੀ ਹੈ, ਉਥੇ ਇਰਾਨ ਵੱਲੋਂ ਵੀ ਅਮਰੀਕਾ ਦੇ ਹਮਾਇਤੀ ਦੇਸ਼ਾਂ ਤੇ ਹਮਲੇ ਕਰਕੇ ਅਮਰੀਕੀ ਹਮਲਿਆਂ ਦਾ ਜਵਾਬ ਦਿਤਾ ਗਿਆ ਹੈ। ਇਸ ਜੰਗ ਵਿੱਚ ਅਮਰੀਕਾ ਦਾ ਕਾਫੀ ਆਰਥਿਕ ਨੁਕਸਾਨ ਹੋ ਚੁੱਕਿਆ ਹੈ। ਇਸ ਦੇ ਬਾਵਜੂਦ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਇਹ ਜੰਗ ਜਾਰੀ ਰੱਖਣ ਲਈ ਬਜਿੱਦ ਹਨ।
ਕਿਹਾ ਜਾਂਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਅੱਖ ਇਰਾਨ ਦੇ ਤੇਲ ਭੰਡਾਰਾਂ ਤੇ ਹੈ। ਟਰੰਪ ਹਰ ਹੀਲੇ ਇਰਾਨ ਦੇ ਤੇਲ ਭੰਡਾਰਾਂ ਤੇ ਕਬਜਾ ਕਰਨਾ ਚਾਹੁੰਦੇ ਹਨ, ਜਦੋਂਕਿ ਇਰਾਨ ਦਾ ਕਹਿਣਾ ਹੈ ਕਿ ਉਹ ਹਰ ਅਮਰੀਕੀ ਹਮਲੇ ਦਾ ਜਵਾਬ ਦੇਣ ਲਈ ਤਿਆਰ ਹੈ। ਜਿਸ ਕਾਰਨ ਸਾਰਾ ਮਾਮਲਾ ਉਲਝਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਕੁਝ ਦਿਨਾਂ ਦੀ ਜੰਗਬੰਦੀ ਵੀ ਰਹੀ ਹੈ, ਪਰ ਫੇਰ ਦੋਵੇਂ ਦੇਸ਼ ਜੰਗ ਦਾ ਸ਼ਿਕਾਰ ਹੋ ਗਏ ਹਨ। ਅਮਰੀਕਾ ਤੇ ਇਰਾਨ ਜੰਗ ਕਾਰਨ ਅਮਰੀਕਾ ਤੇ ਇਰਾਨ ਵਿੱਚ ਤਾਂ ਮਹਿੰਗਾਈ ਵਧ ਹੀ ਰਹੀ ਹੈ ਇਸ ਕਾਰਨ ਪੂਰੇ ਵਿਸ਼ਵ ਵਿੱਚ ਮਹਿੰਗਾਈ ਵਿੱਚ ਵਾਧਾ ਹੋ ਗਿਆ ਹੈ। ਵਪਾਰੀ ਵੀ ਇਸ ਜੰਗ ਤੋਂ ਆਰਥਿਕ ਫਾਇਦਾ ਚੁੱਕ ਰਹੇ ਹਨ।
ਵਿਸ਼ਵ ਦੇ ਸ਼ਾਂਤੀ ਪਸੰਦ ਲੋਕਾਂ ਦਾ ਕਹਿਣਾ ਹੈ ਕਿ ਤੀਜੀ ਸੰਸਾਰ ਜੰਗ ਕਿਸਤਾਂ ਵਿੱਚ ਲੜੀ ਜਾ ਰਹੀ ਹੈ। ਇੱਕ ਪਾਸੇ ਅਮਰੀਕਾ ਤੇ ਇਰਾਨ ਵਿਚਾਲੇ ਵਿਵਾਦ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਰੂਸ ਤੇ ਯੂ੍ਰਕੇਨ ਵਿਚਾਲੇ ਜੰਗ ਜਾਰੀ ਹੈ। ਰੂਸ ਅਤੇ ਯੂਕ੍ਰੇਨ ਪਿਛਲੇ ਕਈ ਸਾਲਾਂ ਤੋਂ ਇੱਕ ਦੂਜੇ ਉਪਰ ਹਮਲੇ ਕਰ ਰਹੇ ਹਨ ਜਿਸ ਦੌਰਾਨ ਦੋਵਾਂ ਦੇਸ਼ਾਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ, ਪਰ ਨਾ ਤਾਂ ਇਹ ਜੰਗ ਖਤਮ ਹੋ ਸਕੀ ਹੈ ਅਤੇ ਨਾ ਹੀ ਅਮਰੀਕਾ ਵੱਲੋਂ ਇਰਾਨ ਖ਼ਿਲਾਫ਼ ਸ਼ੁਰੂ ਕੀਤੀ ਗਈ ਜੰਗ ਖਤਮ ਹੁੰਦੀ ਦਿਖ ਰਹੀ ਹੈ।
ਬਿਊਰੋ
-
International3 weeks agoਸ਼੍ਰੀਲੰਕਾ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਜ਼ਮੀਨ ਖਿਸਕੀ, 7 ਵਿਅਕਤੀਆਂ ਦੀ ਮੌਤ
-
National1 month agoਪਿਕਅੱਪ ਟਰੱਕ ਅਤੇ ਟਰੱਕ ਦੀ ਟੱਕਰ ਕਾਰਨ 1 ਵਿਅਕਤੀ ਦੀ ਮੌਤ, 2 ਗੰਭੀਰ ਜ਼ਖਮੀ
-
Mohali2 months agoਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ, ਸਿੱਧੁੂਪੁਰ ਅਤੇ ਡੱਲੇਵਾਲ ਨੇ ਸੂਬੇ ਵਿੱਚ ਟੋਲ ਪਲਾਜ਼ੇ ਪਰਚੀ ਮੁਕਤ ਕੀਤੇ
-
International3 weeks agoਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਸ਼ਾਕਿਬ ਅਲ ਹਸਨ ਦੇ ਘਰ ਤੇ ਪੈਟਰੋਲ ਬੰਬ ਨਾਲ ਹਮਲਾ
-
Chandigarh1 month agoਭਾਰਤ-ਅਮਰੀਕਾ ਦੇ ਵਪਾਰ ਸਮਝੌਤੇ ਖਿਲਾਫ਼ ਲੋਕ ਹਿੱਤ ਮਿਸ਼ਨ ਵੱਲੋਂ 22 ਜੁਲਾਈ ਨੂੰ ਬੜੌਦੀ ਟੋਲ ਪਲਾਜ਼ਾ ਕੀਤਾ ਜਾਵੇਗਾ ਮੁਫਤ
-
National2 months agoਗੁਰੂਗ੍ਰਾਮ ਵਿੱਚ ਪੁਲੀਸ ਮੁਕਾਬਲੇ ਦੌਰਾਨ ਦੀਪਕ ਨੰਦਲ ਗੈਂਗ ਦੇ 4 ਮੈਂਬਰ ਢੇਰ, 3 ਪੁਲੀਸ ਮੁਲਾਜ਼ਮ ਜ਼ਖ਼ਮੀ
-
Chandigarh1 month agoਲਗਾਤਾਰ ਚਾਰ ਮੁਕਾਬਲੇ ਜਿੱਤ ਕੇ ਕਰਨ ਰਾਜ ਬਣੇ ਵਾਈ ਆਰ ਐਲ ਮਿਕਸਡ ਮਾਰਸ਼ਲ ਆਰਟ ਲੀਗ ਸੀਜ਼ਨ-1 ਦੇ ਚੈਂਪੀਅਨ
-
National1 month agoਪੁੱਤ ਵੱਲੋਂ 150 ਕਰੋੜ ਦੀ ਜਾਇਦਾਦ ਪਿੱਛੇ ਪਿਓ ਦਾ ਗੋਲੀਆਂ ਮਾਰ ਕੇ ਕਤਲ
