National
ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਬ੍ਰਿਜਭੂਸ਼ਣ ਸਿੰਘ ਬਰੀ
ਨਵੀਂ ਦਿੱਲੀ, 3 ਅਗਸਤ (ਸ.ਬ.) ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਅਤੇ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਸਾਬਕਾ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚੋਂ ਬਰੀ ਕਰ ਦਿੱਤਾ। ਇਸ ਮਾਮਲੇ ਵਿੱਚ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਭਾਰਤੀ ਕੁਸ਼ਤੀ ਫੈਡਰੇਸ਼ਨ ਮੁਖੀ ਵਜੋਂ ਕਾਰਜਕਾਲ ਦੌਰਾਨ ਮਹਿਲਾ ਪਹਿਲਵਾਨਾਂ ਵਲੋਂ ਲਗਾਏ ਗਏ ਦੋਸ਼ ਸ਼ਾਮਲ ਸਨ। 2023 ਵਿੱਚ, ਦਿੱਲੀ ਪੁਲੀਸ ਨੇ ਬ੍ਰਿਜਭੂਸ਼ਣ ਸ਼ਰਨ ਸਿੰਘ ਵਿਰੁੱਧ ਇੱਕ ਚਾਰਜਸ਼ੀਟ ਦਾਇਰ ਕੀਤੀ, ਜਿਸ ਵਿੱਚ ਜਿਨਸੀ ਸ਼ੋਸ਼ਣ, ਔਰਤਾਂ ਵਿਰੁੱਧ ਹਮਲਾ ਜਾਂ ਅਪਰਾਧਿਕ ਤਾਕਤ ਦੀ ਵਰਤੋਂ ਅਤੇ ਅਪਰਾਧਿਕ ਧਮਕੀ ਵਰਗੇ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ। ਤੋਮਰ ਨੂੰ ਇਸ ਮਾਮਲੇ ਵਿੱਚ ਸਹਿ-ਮੁਲਜ਼ਮ ਵਜੋਂ ਵੀ ਨਾਮਜ਼ਦ ਕੀਤਾ ਗਿਆ ਸੀ।
ਪਿਛਲੇ ਮਹੀਨੇ, ਅਦਾਲਤ ਨੇ ਮਹਿਲਾ ਪਹਿਲਵਾਨਾਂ ਦੁਆਰਾ ਲਗਾਏ ਗਏ ਦੋਸ਼ਾਂ ਨਾਲ ਸਬੰਧਤ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਉਣ ਲਈ 3 ਅਗਸਤ ਦੀ ਤਰੀਕ ਨਿਰਧਾਰਤ ਕੀਤੀ ਸੀ। ਕਾਰਵਾਈ ਬੰਦ ਕਮਰੇ ਵਿੱਚ ਕੀਤੀ ਗਈ। ਦੋਵਾਂ ਧਿਰਾਂ ਦੀਆਂ ਅੰਤਿਮ ਦਲੀਲਾਂ ਦੇ ਸਿੱਟੇ ਵਜੋਂ, ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਅਸ਼ਵਨੀ ਪੰਵਾਰ ਨੇ ਇਸਤਗਾਸਾ ਅਤੇ ਬਚਾਅ ਪੱਖ ਦੀਆਂ ਵਿਸਤ੍ਰਿਤ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ। ਅਦਾਲਤ ਨੇ ਵਕੀਲਾਂ ਨੂੰ ਦੋ ਹਫ਼ਤਿਆਂ ਦੇ ਅੰਦਰ ਆਪਣੀਆਂ ਲਿਖਤੀ ਦਲੀਲਾਂ ਪੇਸ਼ ਕਰਨ ਦਾ ਵੀ ਨਿਰਦੇਸ਼ ਦਿੱਤਾ। ਅੰਤਿਮ ਦਲੀਲਾਂ ਦੌਰਾਨ, ਸੀਨੀਅਰ ਵਕੀਲ ਰੇਬੇਕਾ ਜੌਨ ਨੇ ਸ਼ਿਕਾਇਤਕਰਤਾਵਾਂ ਵੱਲੋਂ ਦਲੀਲਾਂ ਪੇਸ਼ ਕੀਤੀਆਂ, ਜਦੋਂ ਕਿ ਵਕੀਲ ਰਾਜੀਵ ਮੋਹਨ ਦੀ ਅਗਵਾਈ ਵਾਲੀ ਬਚਾਅ ਟੀਮ – ਜਿਸ ਵਿੱਚ ਰੇਹਾਨ ਖਾਨ ਅਤੇ ਰਿਸ਼ਭ ਭਾਟੀ ਵੀ ਸ਼ਾਮਲ ਸਨ, ਨੇ 30 ਜੂਨ ਨੂੰ ਆਪਣੀਆਂ ਦਲੀਲਾਂ ਪੂਰੀਆਂ ਕੀਤੀਆਂ।
ਇਹ ਮਾਮਲਾ ਜੰਤਰ-ਮੰਤਰ ਤੇ ਮਹਿਲਾ ਪਹਿਲਵਾਨਾਂ ਦੇ ਵਿਰੋਧ ਤੋਂ ਬਾਅਦ ਦਿੱਲੀ ਪੁਲੀਸ ਵਲੋਂ ਦਰਜ ਕੀਤੀ ਗਈ ਐਫਆਈਆਰ ਨਾਲ ਸਬੰਧਤ ਹੈ। ਵਿਰੋਧ ਪ੍ਰਦਰਸ਼ਨ ਵਿੱਚ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਡਬਲਯੂਐਫਆਈ ਮੁਖੀ ਵਜੋਂ ਕਾਰਜਕਾਲ ਦੌਰਾਨ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਪਹਿਲਾਂ, ਦਿੱਲੀ ਪੁਲੀਸ ਨੇ ਦੋਸ਼ਾਂ ਦੀ ਜਾਂਚ ਪੂਰੀ ਕਰਨ ਤੋਂ ਬਾਅਦ 15 ਜੂਨ, 2023 ਨੂੰ 1,500 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। ਚਾਰਜਸ਼ੀਟ ਵਿੱਚ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀਆਂ ਧਾਰਾਵਾਂ 354, 354ਏ, 354ਡੀ, ਅਤੇ 506(1) ਦੇ ਤਹਿਤ ਉਪਬੰਧਾਂ ਦਾ ਹਵਾਲਾ ਦਿੱਤਾ ਗਿਆ ਸੀ।
ਅਦਾਲਤ ਨੇ ਪਹਿਲਾਂ ਮੁਕੱਦਮੇ ਦੀ ਕਾਰਵਾਈ ਦੌਰਾਨ 12 ਮਈ ਨੂੰ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਮੈਂਬਰ ਅਤੇ ਜਾਂਚ ਅਧਿਕਾਰੀ ਦਾ ਬਿਆਨ ਦਰਜ ਕੀਤਾ ਸੀ। ਮੁਲਜ਼ਮ ਭਾਰਤ ਅਤੇ ਵਿਦੇਸ਼ਾਂ ਦੀਆਂ ਮਹਿਲਾ ਪਹਿਲਵਾਨਾਂ ਦੁਆਰਾ ਲਗਾਏ ਗਏ ਦੋਸ਼ਾਂ ਦੇ ਸੰਬੰਧ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ਨੇ ਸਿੰਘ ਤੇ ਭਾਰਤੀ ਕੁਸ਼ਤੀ ਸੰਘ ਦੇ ਮੁਖੀ ਵਜੋਂ ਆਪਣੇ ਕਾਰਜਕਾਲ ਦੌਰਾਨ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ।
ਅਦਾਲਤ ਦੇ ਫੈਸਲੇ ਤੋਂ ਬਾਅਦ, ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਪਹਿਲੇ ਦਿਨ, ਜਦੋਂ ਮੇਰਾ ਪਹਿਲਾ ਬਿਆਨ ਆਇਆ, ਮੈਂ ਕਿਹਾ ਸੀ ਕਿ ਜੇਕਰ ਕੋਈ ਵੀ ਦੋਸ਼ ਸਾਬਤ ਹੁੰਦਾ ਹੈ, ਤਾਂ ਮੈਂ ਆਪਣੇ ਆਪ ਨੂੰ ਫਾਂਸੀ ਲਗਾ ਲਵਾਂਗਾ। ਅੱਜ ਅਦਾਲਤ ਨੇ ਮੈਨੂੰ ਸਨਮਾਨ ਨਾਲ ਬਰੀ ਕਰ ਦਿੱਤਾ ਹੈ। ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਖੁਸ਼ੀ ਦੀ ਗੱਲ ਹੈ, ਅੱਜ ਇੱਕ ਖੁਸ਼ੀ ਦਾ ਦਿਨ ਹੈ।
ਵਿਨੇਸ਼ ਫੋਗਾਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਇਕ ਤਾਕਤਵਰ ਆਗੂ ਵਿਰੁੱਧ ਐਫ.ਆਈ.ਆਰ. ਦਰਜ ਕਰਵਾਉਣਾ ਬਹੁਤ ਵੱਡੀ ਹਿੰਮਤ ਵਾਲਾ ਕੰਮ ਸੀ। ਫੋਗਾਟ ਨੇ ਦੋਸ਼ ਲਾਇਆ ਕਿ ਬ੍ਰਿਜ ਭੂਸ਼ਣ ਨੇ ਆਪਣੀ ਤਾਕਤ ਦੀ ਵਰਤੋਂ ਕਰਕੇ ਕਈ ਲੜਕੀਆਂ ਨੂੰ ਡਰਾ-ਧਮਕਾ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਵਾਪਸ ਕਰਵਾਈਆਂ। ਇਸ ਦੇ ਬਾਵਜੂਦ, ਕਈ ਮਹਿਲਾ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਵਿਰੁੱਧ ਇੱਕ ਮਜ਼ਬੂਤ ਕਾਨੂੰਨੀ ਲੜਾਈ ਲੜੀ।
ਵਿਨੇਸ਼ ਨੇ ਇਹ ਵੀ ਦੋਸ਼ ਲਾਇਆ ਕਿ ਪੂਰਾ ਸਿਸਟਮ ਅਤੇ ਸਰਕਾਰ ਸ਼ੁਰੂ ਤੋਂ ਹੀ ਬ੍ਰਿਜ ਭੂਸ਼ਣ ਨੂੰ ਬਚਾਉਣ ਤੇ ਲੱਗੇ ਹੋਏ ਸਨ। ਮਹਿਲਾ ਪਹਿਲਵਾਨਾਂ ਨੇ ਆਪਣੇ ਵਕੀਲਾਂ ਨੂੰ ਇਸ ਫ਼ੈਸਲੇ ਵਿਰੁੱਧ ਅਪੀਲ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੇ ਉਮੀਦ ਨਹੀਂ ਛੱਡੀ ਹੈ ਅਤੇ ਉਹ ਆਪਣਾ ਸੰਘਰਸ਼ ਜਾਰੀ ਰੱਖਣਗੀਆਂ।
National
ਬੇਕਾਬੂ ਸਕਾਰਪੀਓ ਕਾਰ ਨਦੀ ਵਿੱਚ ਡਿੱਗਣ ਕਾਰਨ 6 ਵਿਅਕਤੀਆਂ ਦੀ ਮੌਤ, 1 ਗੰਭੀਰ ਜ਼ਖਮੀ
ਅਰਾਰੀਆ, 19 ਨਵੰਬਰ (ਸ.ਬ.) ਬਿਹਾਰ ਦੇ ਅਰਾਰੀਆ ਜ਼ਿਲ੍ਹੇ ਵਿੱਚ ਇੱਕ ਸਕਾਰਪੀਓ ਗੱਡੀ ਬੇਕਾਬੂ ਹੋ ਕੇ 50 ਫੁੱਟ ਹੇਠਾਂ ਨਦੀ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਡਾਕਟਰੀ ਇਲਾਜ ਲਈ ਪਟਨਾ ਭੇਜਿਆ ਗਿਆ ਹੈ। ਗੱਡੀ ਵਿੱਚ ਕੁੱਲ 7 ਵਿਅਕਤੀ ਸਵਾਰ ਸਨ।
ਇਹ ਹਾਦਸਾ ਬੀਤੀ ਰਾਤ ਕਰੀਬ 11:45 ਵਜੇ ਤਾਰਾਬਾੜੀ ਥਾਣੇ ਦੇ ਅਧਿਕਾਰ ਖੇਤਰ ਵਿੱਚ, ਮਦਨਪੁਰ-ਸਿਕਤੀ ਸੜਕ ਤੇ ਬਿਡੀ ਪੁਲ ਦੇ ਨੇੜੇ ਵਾਪਰਿਆ।
ਜ਼ਿਕਰਯੋਗ ਹੈ ਕਿ ਇੱਕ ਤਿੱਖੇ ਮੋੜ ਤੇ ਸਕੋਰਪੀਓ ਬੇਕਾਬੂ ਹੋ ਗਈ, ਸੜਕ ਦੇ ਕਿਨਾਰੇ ਲੱਗੀ ਰੇਲਿੰਗ ਨੂੰ ਤੋੜਦੀ ਹੋਈ ਨਦੀ ਵਿੱਚ ਜਾ ਡਿੱਗੀ। ਉਹ ਸਾਰੇ ਅਰਰੀਆ ਦੇ ਸਿਕਟੀ ਬਲਾਕ ਵਿੱਚ ਸਥਿਤ ਭਪਤੀਆਈ ਪਿੰਡ ਵਿੱਚ ਤਿਲਕ ਰਸਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਪੌਲ ਵਾਪਸ ਪਰਤ ਰਹੇ ਸਨ। ਤਿਲਕ ਦੀ ਰਸਮ ਖਤਮ ਹੋਣ ਤੇ, ਲਾੜੀ ਦੇ ਪਰਿਵਾਰਕ ਮੈਂਬਰ ਇੱਕ ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਆਪਣੇ ਘਰ ਜਾ ਰਹੇ ਸਨ।
ਵਾਹਨ ਦੇ ਨਦੀ ਵਿੱਚ ਡਿੱਗਣ ਤੋਂ ਬਾਅਦ, ਇਸ ਵਿੱਚ ਪਾਣੀ ਭਰਨ ਲੱਗਾ, ਜਿਸ ਕਾਰਨ ਅੰਦਰ ਸਵਾਰ ਲੋਕ ਫਸ ਗਏ। ਜਿਵੇਂ-ਜਿਵੇਂ ਪਾਣੀ ਦਾ ਪੱਧਰ ਵਧਿਆ, ਅੰਦਰ ਮੌਜੂਦ ਲੋਕ ਬਾਹਰ ਨਿਕਲਣ ਵਿੱਚ ਅਸਮਰੱਥ ਰਹੇ। ਜ਼ਿਕਰਯੋਗ ਹੈ ਕਿ ਪਾਣੀ ਵਿੱਚ ਦਮ ਘੁੱਟਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ।
ਹਾਦਸੇ ਦੀ ਆਵਾਜ਼ ਸੁਣ ਕੇ, ਸਥਾਨਕ ਵਸਨੀਕ ਅਤੇ ਰਾਹਗੀਰ ਮੌਕੇ ਤੇ ਪਹੁੰਚ ਗਏ। ਕੁਝ ਲੋਕਾਂ ਨੇ ਵਾਹਨ ਨਾਲ ਰੱਸੀ ਬੰਨ੍ਹੀ ਅਤੇ ਇੱਕ ਜੇਸੀਬੀ ਦੀ ਮਦਦ ਨਾਲ ਉਸ ਨੂੰ ਨਦੀ ਵਿੱਚੋਂ ਬਾਹਰ ਕੱਢ ਲਿਆ। ਘਟਨਾ ਬਾਰੇ ਸੂਚਨਾ ਮਿਲਣ ਤੇ, ਤਾਰਾਬਾੜੀ ਪੁਲੀਸ ਅਤੇ ਹੈਡਕੁਆਰਟਰ ਡੀ. ਐਸ. ਪੀ. ਰਜਨੀਸ਼ ਕੁਮਾਰ ਮੌਕੇ ਤੇ ਪਹੁੰਚੇ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਪੋਸਟਮਾਰਟਮ ਲਈ ਸਦਰ ਹਸਪਤਾਲ, ਅਰਾਰੀਆ ਭੇਜ ਦਿੱਤਾ ਗਿਆ।
National
2 ਮੋਟਰਸਾਇਕਲਾਂ ਦੀ ਟੱਕਰ ਕਾਰਨ 1 ਵਿਅਕਤੀ ਦੀ ਮੌਤ, 4 ਜ਼ਖਮੀ
ਦੇਵਰੀਆ, 19 ਨਵੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲੇ ਦੇ ਬਾਘੌਚਘਾਟ ਥਾਣਾ ਖੇਤਰ ਵਿੱਚ ਬੀਤੀ ਰਾਤ ਦੋ ਮੋਟਰਸਾਈਕਲਾਂ ਵਿਚਕਾਰ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਪੁਲੀਸ ਅਨੁਸਾਰ, ਬਾਘੌਚਘਾਟ ਪੁਲੀਸ ਸਟੇਸ਼ਨ ਖੇਤਰ ਦੇ ਪਖਾਨ ਉੱਤਰੀ ਟੋਲਾ ਦੇ ਵਸਨੀਕ ਹਰੀਕਿਸ਼ਨ ਕੁਸ਼ਵਾਹਾ (30) ਅਤੇ ਗਾਝੀ ਦਾ ਵਸਨੀਕ ਸੁਗਰੀਵ (24) ਮੋਟਰਸਾਈਕਲ ਤੇ ਬਾਜ਼ਾਰ ਤੋਂ ਘਰ ਵਾਪਸ ਆ ਰਹੇ ਸਨ। ਇਸ ਦੌਰਾਨ, ਕੁਸ਼ੀਨਗਰ ਜ਼ਿਲੇ ਦੇ ਕਸੀਆ ਥਾਣਾ ਖੇਤਰ ਦੇ ਖਾਧੀ ਪਿੰਡ ਦੇ ਰਹਿਣ ਵਾਲੇ ਅਮਿਤ ਮੁਸਾਹਰ (22), ਅਰਜੁਨ ਮੁਸਾਹਰ (22), ਅਤੇ ਨਿਖਿਲ ਉਰਫ਼ ਸ਼ੈਲੇਸ਼ ਮੁਸਾਹਰ (20), ਇਕ ਹੋਰ ਮੋਟਰਸਾਈਕਲ ਤੇ ਬਾਘੌਚਘਾਟ ਵੱਲ ਜਾ ਰਹੇ ਸਨ।
ਇਸ ਦੌਰਾਨ ਪੁਲੀਸ ਨੇ ਦੱਸਿਆ ਕਿ ਬੀਤੀ ਰਾਤ ਮਾਲਸੀ ਚੌਰਾਹੇ ਨੇੜੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਸਾਰੇ ਪੰਜ ਨੌਜਵਾਨ ਸੜਕ ਤੇ ਡਿੱਗ ਪਏ ਅਤੇ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਸਥਾਨਕ ਨਿਵਾਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਪੁਲੀਸ ਨੇ ਸਾਰੇ ਜ਼ਖਮੀਆਂ ਨੂੰ ਦੋ ਐਂਬੂਲੈਂਸਾਂ ਵਿੱਚ ਪਥਰਦੇਵਾ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਅਰਜੁਨ ਮੁਸਾਹਰ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਅਨੁਸਾਰ, ਹਰੀਕਿਸ਼ਨ ਅਤੇ ਸੁਗਰੀਵ ਨੂੰ ਗੰਭੀਰ ਸੱਟਾਂ ਕਾਰਨ ਮੁੱਢਲੀ ਸਹਾਇਤਾ ਤੋਂ ਬਾਅਦ ਦੇਵਰੀਆ ਮੈਡੀਕਲ ਕਾਲਜ ਭੇਜਿਆ ਗਿਆ, ਜਦੋਂ ਕਿ ਅਮਿਤ ਅਤੇ ਨਿਖਿਲ ਦਾ ਇਲਾਜ ਚੱਲ ਰਿਹਾ ਹੈ। ਬਾਘੌਚਘਾਟ ਪੁਲੀਸ ਸਟੇਸ਼ਨ ਦੇ ਮੁਖੀ ਅਨਿਲ ਕੁਮਾਰ ਤਿਵਾੜੀ ਨੇ ਕਿਹਾ ਕਿ ਅਰਜੁਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲੀਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
National
ਮੂੰਹਬੋਲੇ ਮਾਮੇ ਵੱਲੋਂ 11 ਸਾਲਾ ਬੱਚੀ ਨਾਲ ਜਿਨਸੀ ਸ਼ੋਸ਼ਣ, ਮੁਲਜ਼ਮ ਗ੍ਰਿਫ਼ਤਾਰ
ਗ੍ਰੇਟਰ ਨੋਇਡਾ, 19 ਨਵੰਬਰ (ਸ.ਬ.) ਗ੍ਰੇਟਰ ਨੋਇਡਾ ਦੇ ਬਾਦਲਪੁਰ ਕੋਤਵਾਲੀ ਖੇਤਰ ਵਿੱਚ 11 ਸਾਲ ਦੀ ਨਾਬਾਲਗ ਲੜਕੀ ਨਾਲ ਜਿਨਸੀ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਦੇਰ ਰਾਤ ਜੰਗਲ ਵਿੱਚ ਜ਼ਖ਼ਮੀ ਹਾਲਤ ਵਿੱਚ ਬੱਚੀ ਦੇ ਮਿਲਣ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਪੁਲੀਸ ਮੁਤਾਬਕ, ਮੁਲਜ਼ਮ ਨੂੰ ਦੋ ਘੰਟਿਆਂ ਦੇ ਅੰਦਰ ਪੁਲੀਸ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ।
ਜ਼ਿਕਰਯੋਗ ਹੈ ਕਿ 11 ਸਾਲ ਦੀ ਨਾਬਾਲਗ ਲੜਕੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਾਦਲਪੁਰ ਕੋਤਵਾਲੀ ਖੇਤਰ ਦੇ ਇੱਕ ਪਿੰਡ ਵਿੱਚ ਰਹਿਣ ਵਾਲੇ ਆਪਣੇ ਮਾਮੇ ਦੇ ਘਰ ਇੱਕ ਮੰਗਲਿਕ ਸਮਾਗਮ ਵਿੱਚ ਸ਼ਾਮਲ ਹੋਣ ਆਈ ਸੀ।
ਪੁਲੀਸ ਮੁਤਾਬਕ ਮੁਲਜ਼ਮ ਪੀੜਤਾ ਦਾ ਜਾਣਕਾਰ ਸੀ। ਲੜਕੀ ਉਸ ਨੂੰ ਮਾਮਾ ਕਹਿ ਕੇ ਬੁਲਾਉਂਦੀ ਸੀ ਅਤੇ ਉਹ ਆਪਣੀ ਮਰਜ਼ੀ ਨਾਲ ਮੁਲਜ਼ਮ ਦੇ ਨਾਲ ਗਈ ਸੀ। ਸੂਚਨਾ ਮਿਲਦਿਆਂ ਹੀ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਪੁਲੀਸ ਅਨੁਸਾਰ ਪੀੜਤਾ ਦੀ ਹਾਲਤ ਠੀਕ ਹੈ।
ਉੱਥੇ ਹੀ, ਪੀੜਤ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਵਿੱਚ ਸਮੂਹਿਕ ਜਿਨਸੀ ਸ਼ੋਸ਼ਣ ਹੋਣ ਦਾ ਖ਼ਦਸ਼ਾ ਵੀ ਜਤਾਇਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-
International2 months agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International4 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International1 month agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
