Editorial
ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਟੋ ਚਾਲਕਾਂ ਖਿਲਾਫ ਹੋਵੇ ਸਖਤ ਕਾਰਵਾਈ
ਪਿਛਲੇ ਕੁੱਝ ਸਾਲਾਂ ਦੌਰਾਨ ਸਾਡੇ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਹਾਲਾਤ ਇਹ ਹੋ ਚੁੱਕੇ ਹਨ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਹਰ ਵੇਲੇ ਇਹਨਾਂ ਆਟੋ ਰਿਕਸ਼ਿਆਂ ਦੀ ਭੀੜ ਦਿਖਦੀ ਹੈ, ਜਿਹਨਾਂ ਨੂੰ ਤੇਜ ਰਫਤਾਰ ਵਿੱਚ ਇੱਕ ਦੁੂਜੇ ਨਾਲ ਰੇਸ ਲਗਾਉਂਦਿਆਂ ਅਤੇ ਟੈ੍ਰਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਮ ਵੇਖਿਆ ਜਾ ਸਕਦਾ ਹੈ। ਹਾਲਾਤ ਇਹ ਹਨ ਕਿ ਕਿਸੇ ਵੀ ਮੁੱਖ ਸੜਕ ਤੇ ਤੇਜ ਰਫਤਾਰ ਨਾਲ ਜਾ ਰਿਹਾ ਕਿਸੇ ਆਟੋ ਰਿਕਸ਼ਾ ਦਾ ਚਾਲਕ ਅਚਾਨਕ ਕਿਸੇ ਸਵਾਰੀ ਨੂੰ ਵੇਖ ਕੇ ਸੜਕ ਦੇ ਵਿਚਕਾਰ ਕਦੋਂ ਬਰੇਕ ਲਗਾ ਦੇਵੇਗਾ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੋਣ ਤੇ ਜਾਂ ਤਾਂ ਆਟੋ ਦੇ ਪਿੱਛੇ ਆ ਰਹੇ ਵਾਹਨ ਖੁਦ ਨੂੰ ਆਟੋ ਨਾਲ ਟਕਰਾਉਣ ਤੋਂ ਬਹੁਤ ਮੁਸ਼ਕਿਲ ਨਾਲ ਬਚਾਉਂਦੇ ਹਨ ਜਾਂ ਫਿਰ ਉਸ ਨਾਲ ਟਕਰਾ ਜਾਂਦੇ ਹਨ।
ਅਜਿਹੇ ਵਿੱਚ ਜੇਕਰ ਕੋਈ ਵਾਹਨ ਚਾਲਕ ਇਹਨਾਂ ਆਟੋ ਰਿਕਸ਼ਿਆਂ ਚਾਲਕਾਂ ਨੂੰ ਸੜਕ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਠੀਕ ਤਰੀਕੇ ਨਾਲ ਆਟੋ ਚਲਾਉਣ ਲਈ ਕਹਿੰਦਾ ਹੈ ਤਾਂ ਇਹ ਉਲਟਾ ਉਸ ਵਿਅਕਤੀ ਨਾਲ ਹੀ ਲੜਣ ਲੱਗ ਜਾਂਦੇ ਹਨ ਅਤੇ ਮਿੰਟਾਂ ਵਿੱਚ ਹੀ ਉੱਥੇ ਵੱਡੀ ਗਿਣਤੀ ਆਟੋ ਚਾਲਕ ਇਕੱਠੇ ਹੋ ਕੇ ਉਲਟਾ ਦੂਜੇ ਵਾਹਨ ਚਾਲਕਾਂ ਤੇ ਹੀ ਦਬਾਓ ਪਾਉਣਾ ਸ਼ੁਰੂ ਕਰ ਦਿੰਦੇ ਹਨ। ਇਹਨਾਂ ਆਟੋ ਚਾਲਕਾਂ ਨੇ ਆਪੋ ਆਪਣੀਆਂ ਯੂਨੀਅਨਾਂ, ਧੜੇ ਅਤੇ ਗਰੁਪ ਵੀ ਬਣਾਏ ਹੋਏ ਹਨ ਜਿਹੜੇ ਕਿਸੇ ਮਾਮੂਲੀ ਜਿਹੀ ਗੱਲ ਤੇ ਲੜਾਈ ਝਗੜਾ ਕਰਨ ਲਗਦੇ ਹਨ ਅਤੇ ਤੁਰੰਤ ਇਕਠੇ ਹੋ ਕੇ ਆਮ ਲੋਕਾਂ ਉਪਰ ਦਬਾਓ ਪਾਉਂਦੇ ਹਨ।
ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਵਿੱਚੋਂ ਜਿਆਦਾਤਰ ਦੇ ਚਾਲਕ ਹੋਰਨਾਂ ਰਾਜਾਂ ਤੋਂ ਆਏ ਪਰਵਾਸੀ ਹਨ, ਜਿਹਨਾਂ ਵਿੱਚੋਂ ਕਈ ਤਾਂ ਅਜਿਹੇ ਹਨ ਜਿਹਨਾਂ ਨੂੰ ਨਾ ਤਾਂ ਆਟੋ ਚਲਾਉਣ ਦਾ ਕੋਈ ਤਜਰਬਾ ਹੁੰਦਾ ਹੈ ਅਤੇ ਨਾ ਹੀ ਉਹਨਾਂ ਕੋਲ ਇਸਦਾ ਕੋਈ ਲਾਈਸੰਸ ਹੀ ਹੁੰਦਾ ਹੈ। ਇਹ ਵਿਅਕਤੀ ਯੂ ਪੀ, ਬਿਹਾਰ ਤੋਂ ਰੁਜਗਾਰ ਦੀ ਭਾਲ ਵਿੱਚ ਇੱਥੇ ਆਉਂਦੇ ਹਨ ਅਤੇ ਇੱਥੇ ਉਹਨਾਂ ਦੇ ਕਿਸੇ ਜਾਣਕਾਰ ਵਲੋਂ ਉਹਨਾਂ ਨੂੰ ਆਪਣੇ ਨਾਲ ਚਾਰ ਪੰਜ ਦਿਨ ਆਟੋ ਤੇ ਘੁਮਾ ਕੇ ਆਟੋ ਚਲਾਉਣ ਦੀ ਟਰੇਨਿੰਗ ਦੇ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਆਟੋ ਕਿਰਾਏ ਤੇ ਦਿਵਾ ਦਿੱਤਾ ਜਾਂਦਾ ਹੈ। ਇਸਤੋਂ ਬਾਅਦ ਇਹ ਸਿਖਾਂਦਰੂ ਚਾਲਕ ਕਿਰਾਏ ਤੇ ਆਟੋ ਲੈ ਕੇ ਸਾਰਾ ਦਿਨ ਸ਼ਹਿਰ ਦੀਆਂ ਸੜਕਾਂ ਤੇ ਖੜਦੂੰਗ ਪਾਉਂਦੇ ਰਹਿੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਆਮ ਵਾਹਨ ਚਾਲਕਾਂ ਦੇ ਹਰ ਮਾਮੂਲੀ ਗਲਤੀ ਤਕ ਲਈ ਉਹਨਾਂ ਦਾ ਤੁਰੰਤ ਚਾਲਾਨ ਵਾਲੀ ਮੁਹਾਲੀ ਟੈ੍ਰਫਿਕ ਪੁਲੀਸ ਦੇ ਮੁਲਾਜਮ ਇਹਨਾਂ ਆਟੋ ਰਿਕਸ਼ਿਆਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਕਾਫੀ ਹੱਦ ਤਕ ਅਣਦੇਖਿਆ ਕਰ ਦਿੰਦੇ ਹਨ।
ਸਥਾਨਕ ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਨੂੰ ਜਨਤਕ ਆਵਾਜਾਈ ਦੀ ਸਹੂਲੀਅਤ ਨਾ ਦਿੱਤੇ ਜਾਣ ਕਾਰਨ ਆਮ ਲੋਕ ਇਹਨਾਂ ਆਟੋ ਰਿਕਸ਼ਿਆਂ ਤੇ ਸਫਰ ਕਰਨ ਲਈ ਮਜਬੂਰ ਹੁੰਦੇ ਹਨ ਅਤੇ ਇਹ ਆਟੋ ਚਾਲਕ ਲੋਕਾਂ ਦੀ ਇਸ ਮਜਬੂਰੀ ਦਾ ਪੂਰਾ ਫਾਇਦਾ ਚੁੱਕਦੇ ਹਨ। ਪ੍ਰਸ਼ਾਸ਼ਨ ਵਲੋਂ ਇਹਨਾਂ ਆਟੋ ਰਿਕਸ਼ਿਆਂ ਦੇ ਰੇਟ ਤੈਅ ਨਾ ਕੀਤੇ ਜਾਣ ਕਾਰਨ ਇਹ ਆਟੋ ਚਾਲਕ ਲੋਕਾਂ ਤੋਂ ਮੂੰਹ ਮੰਗਿਆ ਕਿਰਾਇਆ ਮੰਗਦੇ ਹਨ। ਸਵੇਰ ਅਤੇ ਸ਼ਾਮ ਵੇਲੇ (ਜਦੋਂ ਲੋਕਾਂ ਨੂੰ ਆਪਣੇ ਦਫਤਰ ਜਾਂ ਕੰਮ ਤੇ ਪਹੁੰਚਣ ਅਤੇ ਵਾਪਸ ਪਰਤਣ ਦੀ ਜਲਦੀ ਹੁੰਦੀ ਹੈ) ਇਹ ਆਟੋ ਚਾਲਕ ਆਪਣੇ ਕੋਲ ਆਉਣ ਵਾਲੇ ਮੁਲਾਜਮਾਂ ਦੀ ਮਜਬੂਰੀ ਦਾ ਪੂਰਾ ਫਾਇਦਾ ਚੁਕਦੇ ਹਨ ਅਤੇ ਉਹਨਾਂ ਤੋਂ ਮੂੰਹ ਮੰਗੇ ਪੈਸੇ ਵਸੂਲਦੇ ਹਨ।
ਹਾਲਾਂਕਿ ਸਵਾਰੀ ਸਿਸਟਮ ਦੇ ਆਧਾਰ ਤੇ ਚਲਣ ਵਾਲੇ ਆਟੋ ਰਿਕਸ਼ਿਆਂ ਦੇ ਕਿਰਾਏ ਬਾਰੇ ਤਾਂ ਫਿਰ ਵੀ ਲੋਕਾਂ ਨੂੰ ਜਾਣਕਾਰੀ ਹੁੰਦੀ ਹੈ ਪਰੰਤੂ ਜਿਹੜੇ ਵਿਅਕਤੀ ਹੋਰਨਾਂ ਇਲਾਕਿਆਂ ਤੋਂ ਕਿਸੇ ਕੰਮ ਲਈ ਮੁਹਾਲੀ ਆ ਕੇ ਆਟੋ ਰਿਕਸ਼ੇ ਦੀ ਸਵਾਰੀ ਲੈਂਦੇ ਹਨ ਉਹਨਾਂ ਨੂੰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਬਾਰੇ ਜਾਣਕਾਰੀ ਨਾ ਹੋਣ ਕਾਰਨ ਕਈ ਵਾਰ ਆਟੋ ਚਾਲਕ ਉਸ ਵਿਅਕਤੀ ਨੂੰ ਬਿਨਾ ਵਜ੍ਹਾ ਇਧਰ ਉਧਰ ਘੁੰਮਾਉਣ ਅਤੇ ਲੰਬਾ ਗੇੜਾ ਲਵਾਉਣ ਤੋਂ ਬਾਅਦ ਉਸਦੀ ਮੰਜਿਲ ਤਕ ਪੰਹੁਚਾਉਂਦੇ ਹਨ ਅਤੇ ਫਿਰ ਮੂੰਹ ਮੰਗਿਆ ਕਿਰਾਇਆ ਵਸੂਲਦੇ ਹਨ। ਅਜਿਹਾ ਹੋਣ ਕਾਰਨ ਜਿੱਥੇ ਲੋਕਾਂ ਦਾ ਜਰੂਰੀ ਸਮਾਂ ਬਰਬਾਦ ਹੁੰਦਾ ਹੈ ਉੱਥੇ ਉਹਨਾਂ ਦੀ ਸਿੱਧੇ ਤਰੀਕੇ ਨਾਲ ਲੁੱਟ ਵੀ ਕੀਤੀ ਜਾਂਦੀ ਹੈ।
ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਨ ਵਾਲੇ ਇਹਨਾਂ ਆਟੋ ਚਾਲਕਾਂ ਖਿਲਾਫ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ। ਇਸ ਸੰਬੰਧੀ ਜਿੱਥੇ ਇਹਨਾਂ ਆਟੋ ਰਿਕਸ਼ਿਆਂ ਦਾ ਕਿਰਾਇਆ ਤੈਅ ਕੀਤਾ ਜਾਣਾ ਚਾਹੀਦਾ ਹੈ ਉੱਥੇ ਟੈ੍ਰਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਟੋ ਰਿਕਸ਼ਿਆਂ ਦੇ ਚਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹਨਾਂ ਵਲੋਂ ਕੀਤੀਆਂ ਜਾਂਦੀਆਂ ਆਪਹੁਦਰੀਆਂ ਤੇ ਰੋਕ ਲੱਗੇ ਅਤੇ ਆਮ ਵਾਹਨ ਚਾਲਕਾਂ ਦੀ ਪਰੇਸ਼ਾਨੀ ਦੂਰ ਹੋਵੇ।
Editorial
ਸਾਡੀਆਂ ਜੜ੍ਹਾਂ ਨੂੰ ਬੁਰੀ ਤਰ੍ਹਾਂ ਖੋਖਲਾ ਕਰ ਰਿਹਾ ਹੈ ਹਰ ਪਾਸੇ ਫੈਲਿਆ ਭ੍ਰਿਸ਼ਟਾਚਾਰ
ਸਾਡੇ ਦੇਸ਼ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਫੈਲਿਆ ਭ੍ਰਿਸ਼ਟਾਚਾਰ (ਅਤੇ ਰਿਸ਼ਵਤਖੋਰੀ) ਸਾਰੀਆਂ ਹੱਦਾਂ ਟੱਪ ਗਿਆ ਹੈ ਅਤੇ ਹਾਲਾਤ ਇਹ ਹਨ ਕਿ ਆਮ ਲੋਕਾਂ ਨੂੰ ਆਪਣੇ ਹਰ ਛੋਟੇ ਵੱਡੇ ਕੰਮ ਲਈ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਿਸ਼ਵਤ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ। ਭ੍ਰਿਸ਼ਟਾਚਾਰ ਦਾ ਬੋਲਬਾਲਾ ਉੱਪਰ ਤਕ ਹੋਣ ਕਾਰਨ ਆਮ ਆਦਮੀ ਦੀ ਕਿਤੇ ਸੁਣਵਾਈ ਵੀ ਨਹੀਂ ਹੁੁੰਦੀ। ਹੋਰ ਤਾਂ ਹੋਰ ਦੇਸ਼ ਦੀ ਸੁਰਖਿਆ ਕਰਨ ਵਾਲੀ ਭਾਰਤੀ ਫੌਜ ਅਤੇ ਰਖਿਆ ਵਿਭਾਗ ਉੱਪਰ ਵੀ ਭ੍ਰਿਸ਼ਟਾਚਾਰ ਦਾ ਪਰਛਾਵਾਂ ਪੈ ਚੁਕਿਆ ਹੈ ਅਤੇ ਸਮੇਂ ਸਮੇਂ ਤੇ ਵੱਖ ਵੱਖ ਰਖਿਆ ਸੌਦਿਆਂ ਵਿੱਚ ਦਲਾਲੀ ਹੋਣ ਦੀਆਂ ਖਬਰਾਂ ਵੀ ਸਾਮ੍ਹਣੇ ਆਉਂਦੀਆਂ ਰਹਿੰਦੀਆਂ ਹਨ।
ਹਾਲਾਂਕਿ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦਾ ਇਹ ਅਮਲ ਸਿਰਫ ਸਰਕਾਰੀ ਅਦਾਰਿਆਂ ਤਕ ਹੀ ਸੀਮਿਤ ਨਹੀਂ ਹੈ ਬਲਕਿ ਭ੍ਰਿਸ਼ਟਾਚਾਰ ਦੀ ਇਸ ਬਿਮਾਰੀ ਨੇ ਨਿੱਜੀ ਅਦਾਰਿਆਂ ਦੇ ਅਧਿਕਾਰੀ ਅਤੇ ਕਰਮਚਾਰੀੰ ਵੀ ਪੂਰੀ ਤਰ੍ਹਾਂ ਜਕੜੇ ਗਏ ਹਨ। ਅਜਿਹੀਆਂ ਕੰਪਨੀਆਂ ਜਿਹੜੀਆਂ ਆਪਣੇ ਕੰਮ ਕਾਜ ਕਾਜ ਲਈ ਹੋਰਨਾਂ ਲੋਕਾਂ ਤੋਂ ਠੇਕੇ ਤੇ ਕੰਮ ਕਰਵਾਉਂਦੀਆਂ ਹਨ ਜਾਂ ਆਪਣੇ ਉਤਪਾਦ ਬਣਾਉਣ ਲਈ ਬਾਜਾਰ ਤੋਂ ਸਾਮਾਨ ਦੀ ਖਰੀਦਦਾਰੀ ਕਰਦੀਆਂ ਹਨ, ਉਹਨਾਂ ਦੇ ਸੰਬੰਧਿਤ ਅਧਿਕਾਰੀਆਂ ਉੱਪਰ ਵੀ ਅਕਸਰ ਮੋਟੀ ਰਿਸ਼ਵਤ ਖਾਣ ਦੇ ਇਲਜਾਮ ਲੱਗਦੇ ਹਨ ਅਤੇ ਮੌਜੂਦਾ ਸਮੇਂ ਹਰ ਪਾਸੇ ਭ੍ਰਿਸ਼ਟਾਚਾਰ ਦਾ ਹੀ ਬੋਲਬਾਲਾ ਹੈ।
ਹਾਲਾਤ ਇਹ ਹਨ ਕਿ ਬੱਚੇ ਦੇ ਜਨਮ ਤੋਂ ਲੈ ਕੇ ਇਨਸਾਨ ਦੀ ਮੌਤ ਤਕ ਦੇ ਸਫਰ ਦੌਰਾਨ ਭ੍ਰਿਸ਼ਟਾਚਾਰ ਦਾ ਇਹ ਕੋਹੜ ਉਸਦੇ ਨਾਲ ਨਾਲ ਹੀ ਚਲਦਾ ਰਹਿੰਦਾ ਹੈ। ਬੱਚੇ ਦੇ ਜਨਮ ਵੇਲੇ ਨਰਸਾਂ ਅਤੇ ਹੋਰ ਸਟਾਫ ਵਲੋਂ ਨਵਜੰਮੇ ਬੱਚੇ ਦੇ ਪਰਿਵਾਰ ਵਾਲਿਆਂ ਤੋੋਂ ਜਿਹੜੀ ਵਧਾਈ ਮੰਗੀ ਜਾਂਦੀ ਹੈ ਉਹ ਵੀ ਭ੍ਰਿਸ਼ਟਾਚਾਰ ਦਾ ਹੀ ਇਕ ਰੂਪ ਹੈ। ਫਿਰ ਬੱਚੇ ਦਾ ਜਨਮ ਸਰਟੀਫਿਕੇਟ ਬਣਾਉਣ, ਕਿਸੇ ਚੰਗੇ ਸਕੂਲ ਵਿਚ ਦਾਖਲ ਕਰਵਾਉਣ, ਉਚੇਰੀ ਵਿਦਿਆ ਪ੍ਰਾਪਤੀ ਕਰਨ ਲਈ ਦਾਖਲਾ ਦਿਵਾਉਣ, ਨੌਕਰੀ ਪ੍ਰਾਪਤ ਕਰਨ ਜਾਂ ਕੋਈ ਕੰਮ ਧੰਦਾ ਚਲਾਉਣ, ਕਰਜਾ ਲੈਣ, ਵੱਖ ਵੱਖ ਸਰਕਾਰੀ ਵਿਭਾਗਾਂ ਤੋਂ ਆਪਣੇ ਕੰਮ ਕਰਵਾਉਣ ਲਈ ਜਾਂ ਤਾਂ ਕੋਈ ਵੱਡੀ ਸਿਫਾਰਿਸ਼ ਕਰਵਾਉਣੀ ਪੈਂਦੀ ਹੈ ਜਾਂ ਫਿਰ ਸੰਬੰਧਿਤ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਰਿਸ਼ਵਤ ਅਦਾ ਕਰਨੀ ਪੈਂਦੀ ਹੈ। ਇਸ ਸਾਰੇ ਕੁੱਝ ਤੋਂ ਬਾਅਦ ਜਦੋਂ ਵਿਅਕਤੀ ਖੁਦ ਕਮਾਉਣ ਲੱਗ ਜਾਂਦਾ ਹੈ, ਉਦੋਂ ਤਕ ਉਹ ਖੁਦ ਵੀ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕਿਆ ਹੁੰਦਾ ਹੈ। ਉਹ ਆਪਣੀਆਂ ਟੈਕਸ ਦੇਣਦਾਰੀਆਂ ਬਚਾਉਣ ਲਈ ਕਈ ਤਰ੍ਹਾਂ ਦੇ ਭ੍ਰਿਸ਼ਟ ਤਰੀਕੇ ਅਜਮਾਉਂਦਾ ਹੈ ਅਤੇ ਭ੍ਰਿਸ਼ਟਾਚਾਰ ਦਾ ਇਹ ਸਫਰ ਲਗਾਤਰ ਚਲਦਾ ਰਹਿੰਦਾ ਹੈ।
ਬਾਅਦ ਵਿੱਚ ਫਿਰ ਉਹੀ ਵਿਅਕਤੀ ਆਪਣੀ ਔਲਾਦ ਲਈ ਭਿਸ਼ਟਾਚਾਰ ਦੇ ਨਵੇਂ ਚੱਕਰ ਵਿੱਚ ਉਲਝ ਜਾਂਦਾ ਹੈ। ਉਹ ਆਪਣਾ ਕੋਈ ਵੀ ਵੱਡਾ ਛੋਟਾ ਕੰਮ ਕਢਵਾਉਣ ਲਈ ਸੰਬੰਧਿਤ ਅਧਿਕਾਰੀ ਜਾਂ ਕਰਮਚਾਰੀ ਨੂੰ ਰਿਸ਼ਵਤ ਦੀ ਪੇਸ਼ਕਸ਼ ਕਰਦਾ ਹੈ ਅਤੇ ਭ੍ਰਿਸ਼ਟਾਚਾਰ ਦਾ ਇਹ ਸਿਲਸਿਲਾ ਲਗਾਤਾਰ ਚਲਦਾ ਰਹਿੰਦਾ ਹੈ ਜਿਹੜਾ ਕਿਸੇ ਵਿਅਕਤੀ ਦੀ ਮੌਤ ਹੋਣ ਤਕ ਉਸਦਾ ਪਿੱਛਾ ਨਹੀਂ ਛੱਡਦਾ। ਹੁਣ ਤਾਂ ਭਗਵਾਨ ਦਾ ਘਰ ਵੀ ਇਸਤੋਂ ਬਚਿਆ ਹੋਇਆ ਨਹੀਂ ਹੈ ਅਤੇ ਸਾਡੇ ਧਰਮ ਅਸਥਾਨ ਵੀ ਇਸ ਭ੍ਰਿਸ਼ਟਾਚਾਰ ਦੀ ਮਾਰ ਹੇਠ ਆ ਚੁੱਕੇ ਹਨ, ਜਿੱਥੇ ਪਾਠ ਪੂਜਾ ਦੀ ਵਾਰੀ ਪਹਿਲਾਂ ਹਾਸਿਲ ਕਰਨ ਲਈ ਰਿਸ਼ਵਤ ਦੇਣੀ ਪੈਂਦੀ ਹੈ।
ਸਾਡੀਆਂ ਸਿਆਸੀ ਪਾਰਟੀਆਂ (ਜਿਹੜੀਆਂ ਆਮ ਲੋਕਾਂ ਨੂੰ ਸਾਫ ਸੁਥਰਾ ਅਤੇ ਪਾਰਦਰਸ਼ੀ ਰਾਜ ਪ੍ਰਬੰਧ ਦੇਣ ਦਾ ਦਾਅਵਾ ਕਰਕੇ ਵੋਟਾਂ ਮੰਗਦੀਆਂ ਹਨ) ਵਿੱਚ ਇਹ ਬਿਮਾਰੀ ਕੁੱਝ ਜਿਆਦਾ ਹੀ ਹੈ ਅਤੇ ਸਿਆਸੀ ਪਾਰਟੀਆਂ ਵਲੋਂ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਚੰਦਾ ਲੈਣ ਦੇ ਨਾਮ ਤੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕਰਨ ਦੀਆਂ ਖਬਰਾਂ ਆਮ ਹਨ। ਇਹਨਾਂ ਸਿਆਸੀ ਪਾਰਟੀਆਂ ਉੱਪਰ ਚੋਣਾਂ ਦੌਰਾਨ ਉਮੀਦਵਾਰਾਂ ਤੋਂ ਪੈਸੇ ਲੈ ਕੇ ਟਿਕਟਾਂ ਵੇਚਣ ਦੇ ਇਲਜਾਮ ਵੀ ਆਮ ਲੱਗਦੇ ਹਨ, ਜਿਹੜੇ ਇਹਨਾਂ ਪਾਰਟੀਆਂ ਦੇ ਨਾਰਾਜ ਆਗੂਆਂ ਵਲੋਂ ਹੀ ਲਗਾਏ ਜਾਂਦੇ ਹਨ ਅਤੇ ਸਿਆਸੀ ਆਗੂਆਂ ਵਲੋਂ ਚੋਣ ਜਿੱਤਣ ਲਈ ਹਰ ਤਰ੍ਹਾਂ ਦੇ ਭ੍ਰਿਸ਼ਟ ਤਰੀਕੇ ਵੀ ਅਪਣਾਏ ਜਾਂਦੇ ਹਨ।
ਲਗਾਤਾਰ ਵੱਧਦਾ ਭ੍ਰਿਸ਼ਟਾਚਾਰ ਇੱਕ ਅਜਿਹਾ ਘੁਣ ਬਣ ਗਿਆ ਹੈ ਜਿਹੜਾ ਸਾਡੀਆਂ ਜੜ੍ਹਾਂ ਨੂੰ ਲਗਾਤਾਰ ਖੋਖਲਾ ਕਰਦਾ ਜਾ ਰਿਹਾ ਹੈ। ਸਾਡੇ ਦੇਸ਼ ਅਤੇ ਸਮਾਜ ਵਿੱਚ ਹਰ ਪਾਸੇ ਫੈਲ ਚੁੱਕੇ ਇਸ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਕੋਹੜ ਨੇ ਬਹੁਤ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ। ਇਹ ਉਹ ਬਿਮਾਰੀ ਹੈ ਜਿਹੜੀ ਸਾਡੇ ਪੂਰੇ ਢਾਂਚੇ ਨੂੰ ਤਬਾਹ ਕਰ ਰਹੀ ਹੈ। ਜਿਸ ਦੇਸ਼ ਨੂੰ ਚਲਾਉਣ ਵਾਲੀ ਸਰਕਾਰ ਦੇ ਆਗੂ ਹੀ ਭ੍ਰਿਸ਼ਟ ਹੋਣ ਉਸਦਾ ਵਿਕਾਸ ਭਲਾ ਕਿਵੇਂ ਸੰਭਵ ਹੈ ਅਤੇ ਭ੍ਰਿਸ਼ਟਾਚਾਰ ਦਾ ਇਹ ਘੁਣ ਸਾਡੇ ਦੇਸ਼ ਨੂੰ ਅੰਦਰੋਂ ਖੋਖਲਾ ਕਰਦਾ ਆ ਰਿਹਾ ਹੈ। ਇਸਤੇ ਕਾਬੂ ਕਰਨ ਲਈ ਜਨਤਾ ਨੂੰ ਹੀ ਅੱਗੇ ਆਉਣਾ ਪੈਣਾ ਹੈ ਕਿਉਂਕਿ ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਇੱਕ ਦਿਨ ਇਸਨੇ ਸਾਡੇ ਦੇਸ਼ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਣਾ ਹੈ।
Editorial
ਉਦਯੋਗਿਕ ਵਿਕਾਸ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ਵੀ ਜਰੂਰੀ
ਸਾਵਣ ਮਹੀਨਾ ਚੱਲ ਰਿਹਾ ਹੈ ਅਤੇ ਸਵੇਰ ਵੇਲੇ ਰੁਮਕਦੀ ਠੰਡੀ ਤੇ ਸ਼ੁੱਧ ਹਵਾ ਅਤੇ ਚੰਗੇ ਮੌਸਮ ਦਾ ਆਨੰਦ ਲੈਣ ਲਈ ਵੱਡੀ ਗਿਣਤੀ ਲੋਕ ਅਕਸਰ ਸੈਰ ਕਰਨ ਜਾਂਦੇ ਹਨ। ਪੰਜਾਬ ਦੇ ਪਿੰਡਾਂ ਵਿੱਚ ਤਾਂ ਵਾਤਾਵਰਣ ਕੁਝ ਸ਼ੁੱਧ ਹੁੰਦਾ ਹੈ ਪਰ ਵੱਡੀ ਗਿਣਤੀ ਸ਼ਹਿਰਾਂ ਅਤੇ ਇਹਨਾਂ ਸ਼ਹਿਰਾਂ ਦੇ ਆਲੇ ਦੁਆਲੇ ਬਣੀਆਂ ਫੈਕਟਰੀਆਂ, ਭੱਠੀਆਂ, ਉਦਯੋਗਾਂ ਦੀਆਂ ਚਿਮਨੀਆਂ ਵਿੱਚੋਂ ਸਵੇਰ ਵੇਲੇ ਹੀ ਜ਼ਹਿਰੀਲਾ ਧੂੰਆਂ ਨਿਕਲ ਰਿਹਾ ਹੁੰਦਾ ਹੈ, ਜਿਸ ਕਾਰਨ ਸਵੇਰ ਵੇਲੇ ਤਾਜੀ ਹਵਾ ਵਿੱਚ ਤਰੋ ਤਾਜਾ ਹੋਣ ਦੀ ਇੱਛਾ ਰੱਖਣ ਵਾਲਿਆਂ ਨੂੰ ਜਹਿਰੀਲੇ ਧੂੰਏਂ ਕਾਰਨ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣੇ ਪੈਂਦੇ ਹਨ।
ਪੰਜਾਬ ਦੇ ਜਿਹੜੇ ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਉਦਯੋਗ ਅਤੇ ਫੈਕਟਰੀਆਂ ਲੱਗੀਆਂ ਹੋਈਆਂ ਹਨ, ਉਹਨਾਂ ਸ਼ਹਿਰਾਂ ਦਾ ਵਾਤਾਵਰਣ ਦਿਨ ਰਾਤ ਦੂਸ਼ਿਤ ਰਹਿੰਦਾ ਹੈ, ਇਸ ਦਾ ਕਰਨ ਇਹਨਾਂ ਫੈਕਟਰੀਆਂ, ਉਦਯੋਗਾਂ ਦੀਆਂ ਚਿਮਨੀਆਂ ਵਿਚੋਂ ਲਗਾਤਾਰ ਨਿਕਲਦਾ ਜਹਿਰੀਲਾ ਧੂੰਆਂ ਹੁੰਦਾ ਹੈ। ਇਹ ਠੀਕ ਹੈ ਕਿ ਵੱਡੀ ਗਿਣਤੀ ਅਮੀਰ ਲੋਕ ਉਦਯੋਗਾਂ, ਫੈਕਟਰੀਆਂ ਆਦਿ ਚਲਾ ਕੇ ਹਜ਼ਾਰਾਂ ਲੋਕਾ ਨੂੰ ਰੁਜਗਾਰ ਦੇ ਰਹੇ ਹਨ। ਇਸ ਤਰ੍ਹਾਂ ਵੱਡੀ ਗਿਣਤੀ ਲੋਕ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ ਪਰ ਦੁੱਖ ਦੀ ਗੱਲ ਹੈ ਕਿ ਇਹ ਲੋਕ ਆਰਥਿਕ ਵਿਕਾਸ ਦੀ ਆੜ ਵਿੱਚ ਅਕਸਰ ਵਾਤਾਵਰਣ ਦੀ ਸੰਭਾਲ ਕਰਨੀ ਭੁੱਲ ਜਾਂਦੇ ਹਨ ਜਾਂ ਵਾਤਾਵਰਣ ਵਿੱਚ ਪ੍ਰਦੂਸ਼ਣ ਫੈਲਾਉਣ ਵਿੱਚ ਇੱਕ ਕਾਰਨ ਬਣਦੇ ਹਨ।
ਜਿਹੜੇ ਲੋਕ ਉਦਯੋਗ ਜਾਂ ਫੈਕਟਰੀਆਂ ਜਾਂ ਇੱਟਾਂ ਦੇ ਭੱਠੇਚਲਾਉਂਦੇ ਹਨ, ਉਹ ਹੋਰਨਾਂ ਲੋਕਾਂ ਨੂੰ ਰੁਜ਼ਗਾਰ ਤਾਂ ਦਿੰਦੇ ਹਨ ਪਰ ਇਹ ਉਦਯੋਗ, ਭੱਠੇ ਵਾਤਾਵਰਣ ਵਿੱਚ ਭਾਰੀ ਪ੍ਰਦੂਸ਼ਨ ਫੈਲਾਉਂਦੇ ਹਨ। ਉਦਯੋਗਾਂ ਤੇ ਭੱਠਿਆਂ ਦੀਆਂ ਚਿਮਨੀਆਂ ਵਿਚੋਂ ਨਿਕਲਦਾ ਧੂੰਆਂ ਹਵਾ ਵਿੱਚ ਪ੍ਰਦੂਸ਼ਨ ਤਾਂ ਫੈਲਾਉਂਦਾ ਹੀ ਹੈ ਕਈ ਉਦਯੋਗ ਨਦੀਆਂ ਨਾਲਿਆਂ ਵਿੱਚ ਜ਼ਹਿਰੀਲਾ ਤੇ ਕੈਮੀਕਲ ਵਾਲਾ ਪਾਣੀ ਸੁੱਟ ਦਿੰਦੇ ਹਨ। ਕਈ ਵਾਰ ਤਾਂ ਕਈ ਉਦਯੋਗਾਂ ਤੇ ਫੈਕਟਰੀਆਂ ਵਾਲੇ ਗੰਦਾ ਤੇ ਕੈਮੀਕਲ ਵਾਲਾ ਪਾਣੀ ਸਿੱਧਾ ਧਰਤੀ ਹੇਠਾਂ ਹੀ ਭੇਜ ਦਿੰਦੇ ਹਨ,ਜਿਸ ਕਾਰਨ ਧਰਤੀ ਹੇਠਲਾ ਪਾਣੀ ਵੀ ਦੂੁਸ਼ਿਤ ਹੋ ਜਾਂਦਾ ਹੈ।
ਉਦਯੋਗ ਅਤੇ ਫੈਕਟਰੀਆਂ ਆਰਥਿਕ ਵਿਕਾਸ ਦਾ ਧੁਰਾ ਹੁੰਦੇ ਹਨ ਪਰ ਇਹ ਵਾਤਾਵਰਣ ਨੂੰ ਵਿਗਾੜਨ ਦੇ ਦੇਸ਼ੀ ਵੀ ਹੁੰਦੇ ਹਨ। ਮਨੁੱਖ ਦੀ ਹੋਂਦ ਪੌਦਿਆਂ ਅਤੇ ਜਾਨਵਰਾਂ ਦੀ ਹੋਂਦ ਤੇ ਨਿਰਭਰ ਕਰਦੀ ਹੈ। ਅਸੀਂ ਆਪਣੇ ਆਲੇ-ਦੁਆਲੇ ਦੇ ਰੁੱਖਾਂ, ਪਾਣੀ, ਹਵਾ ਅਤੇ ਵੱਖ-ਵੱਖ ਕੁਦਰਤੀ ਕਾਰਕਾਂ ਨੂੰ ਵਾਤਾਵਰਣ ਵਜੋਂ ਜਾਣਦੇ ਹਾਂ। ਵਾਤਾਵਰਣ ਦਾ ਸਿੱਧਾ ਸਬੰਧ ਕੁਦਰਤ ਨਾਲ ਹੈ। ਸਾਡੇ ਵਾਤਾਵਰਣ ਵਿੱਚ ਸਾਨੂੰ ਵੱਖ-ਵੱਖ ਤਰ੍ਹਾਂ ਦੇ ਜਾਨਵਰ, ਰੁੱਖ, ਪੌਦੇ ਅਤੇ ਹੋਰ ਜੀਵਿਤ ਅਤੇ ਨਿਰਜੀਵ ਚੀਜ਼ਾਂ ਮਿਲਦੀਆਂ ਹਨ। ਇਹ ਸਭ ਮਿਲ ਕੇ ਵਾਤਾਵਰਣ ਬਣਾਉਂਦੇ ਹਨ।
ਮਨੁੱਖ ਲਈ ਦੋਸਤਾਨਾ ਅਤੇ ਸੰਤੁਲਿਤ ਵਾਤਾਵਰਣ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਹੁਣ ਤੋਂ ਹੀ ਵਾਤਾਵਰਣ ਦੀ ਸੰਭਾਲ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲਾ ਮਨੁੱਖੀ ਜੀਵਨ ਹਨੇਰਾ ਬਣ ਜਾਵੇਗਾ। ਸਾਨੂੰ ਆਰਥਿਕ ਮਾਹੌਲ ਦਾ ਵੀ ਧਿਆਨ ਰੱਖਣਾ ਹੋਵੇਗਾ। ਆਰਥਿਕ ਵਾਤਾਵਰਣ ਨੂੰ ਬਚਾ ਕੇ ਅਸੀਂ ਮਨੁੱਖੀ ਜੀਵਨ ਨੂੰ ਸੁੱਖੀ ਅਤੇ ਸੁਰੱਖਿਅਤ ਬਣਾ ਸਕਦੇ ਹਾਂ।
ਵੇਖਣ ਵਿੱਚ ਆਇਆ ਹੈ ਕਿ ਰੇਹੜੀਆਂ ਫੜੀਆਂ ਵਾਲੇ ਮੂੰਗਫਲੀ, ਸ਼ਕਰਕੰਦੀ ਅਤੇ ਹੋਰ ਸਮਾਨ ਵੇਚਦਿਆਂ ਅਕਸਰ ਲਗਾਤਾਰ ਅੱਗ ਬਾਲੀ ਰੱਖਦੇ ਹਨ, ਜਿਸ ਕਾਰਨ ਇਹ ਖਾਣ ਪੀਣ ਵਾਲਾ ਸਮਾਨ ਤਾਂ ਗਰਮ ਰਹਿੰਦਾ ਹੈ ਪਰ ਇਸ ਨਾਲ ਲਗਾਤਾਰ ਕਈ ਘੰਟੇ ਧੂੰਆਂ ਪੈਦਾ ਹੁੰਦਾ ਹੈ, ਜੋ ਕਿ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ। ਇਹ ਖਾਣ ਪੀਣ ਦਾ ਸਮਾਨ ਵੇਚ ਕੇ ਰੇਹੜੀਆਂ ਫੜੀਆਂ ਵਾਲੇ ਰੁਜਗਾਰ ਤਾਂ ਪੈਦਾ ਕਰ ਲੈਂਦੇ ਹਨ ਪਰ ਉਹ ਵੀ ਵਾਤਾਵਰਣ ਵਿੱਚ ਪ੍ਰਦੂਸ਼ਨ ਫੈਅਲਾਊਣ ਦਾ ਕਾਰਨ ਵੀ ਬਣਦੇ ਹਨ। ਇਸ ਤੋਂ ਇਲਾਵਾ ਕਈ ਸ਼ਹਿਰਾਂ ਵਿੱਚ ਸੁੱਕੇ ਪੱਤਿਆਂ ਅਤੇ ਟਾਹਣੀਆਂ ਨੂੰ ਅੱਗ ਲਗਾ ਦਿਤੀ ਜਾਂਦੀ ਹੈ, ਜਿਸ ਕਾਰਨ ਵੀ ਕਾਫੀ ਧੂੰਆਂ ਪੈਦਾ ਹੁੰਦਾ ਹੈ। ਕਿਸਾਨ ਜਦੋਂ ਖੇਤਾਂ ਵਿੱਚ ਝੋਨੇ ਦੀ ਪਰਾਲੀ ਜਾਂ ਕਣਕ ਦੇ ਨਾੜ ਨੂੰ ਅੱਗ ਲਾਉਂਦੇ ਹਨ, ਉਦੋਂ ਵੀ ਵਾਤਾਵਰਣ ਦੂਸ਼ਿਤ ਹੁੰਦਾ ਹੈ। ਵੱਡੀ ਗਿਣਤੀ ਲੋਕ ਬਿਨਾ ਕੰਮ ਤੋਂ ਹੀ ਵਾਹਨਾਂ ਵਿੱਚ ਘੁੰਮਦੇ ਰਹਿੰਦੇ ਹਨ, ਵਾਹਨਾਂ ਦੇ ਧੂੰਏਂ ਕਾਰਨ ਵੀ ਵਾਤਾਵਰਣ ਦੂਸ਼ਿਤ ਹੁੰਦਾ ਹੈ।
ਅੱਜ ਲੋੜ ਹੈ ਵਾਤਾਵਰਣ ਨਾਲ ਸਬੰਧਿਤ ਉਪਲਬਧ ਗਿਆਨ ਨੂੰ ਸਰਲ ਬਣਾਉਣ ਦੀ ਤਾਂ ਜੋ ਆਮ ਜਨਤਾ ਸਮੱਸਿਆ ਨੂੰ ਆਸਾਨੀ ਨਾਲ ਸਮਝ ਸਕੇ। ਅਜਿਹੀ ਔਖੀ ਸਥਿਤੀ ਵਿੱਚ ਸਮਾਜ ਨੂੰ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਣਾ ਜ਼ਰੂਰੀ ਹੈ। ਇਸ ਤਰ੍ਹਾਂ ਸਮਾਜ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਪੰਜਾਬ ਦੇ ਹਰ ਉਦਯੋਗ, ਫੈਕਟਰੀ ਅਤੇ ਹੋਰ ਕਾਰਖਾਨਿਆਂ ਦੇ ਆਲੇ ਦੁਆਲੇ ਅਤੇ ਨੇੜਲੇ ਇਲਾਕਿਆਂ ਵਿੱਚ ਵੱਧ ਤੋਂ ਵੱਧ ਦਰਖਤ ਲਗਾਉਣ ਦੀ ਮੁਹਿੰਮ ਚਲਾਵੇ ਤਾਂ ਕਿ ਹਰ ਫੈਕਟਰੀ,ਉਦਯੋਗ ਅਤੇ ਕਾਰਖਾਨੇ ਵੱਲੋਂ ਫੈਲਾਏ ਜਾਂਦੇ ਹਵਾ ਪ੍ਰਦੂਸ਼ਨ ਨੂੰ ਇਹਨਾਂ ਦਰਖੱਤਾਂ ਰਾਹੀਂ ਘੱਟ ਕੀਤਾ ਜਾ ਸਕੇ। ਅੱਜ ਕੱਲ੍ਹ ਬਰਸਾਤ ਦੇ ਮੌਸਮ ਨੂੰ ਨਵੇਂ ਪੌਦੇ ਲਗਾਉਣ ਲਈ ਸਹੀ ਸਮਾਂ ਮੰਨਿਆ ਜਾਂਦਾ ਹੈ। ਇਸ ਲਈ ਹਰ ਫੈਕਟਰੀ,ਉਦਯੋਗ ਅਤੇ ਕਾਰਖਾਨੇ ਦੇ ਆਲੇ ਦੁਆਲੇ ਨਵੇਂ ਪੌਦੇ ਲਗਾਉਣ ਦੀ ਮੁਹਿੰਮ ਹੁਣੇ ਹੀ ਸ਼ੁਰੂ ਕੀਤੀ ਜਾ ਸਕਦੀ ਹੈ।
ਬਿਊਰੋ
Editorial
ਸ਼ਿਕਾਇਤ ਅਤੇ ਭਾਗੀਦਾਰੀ ਵਿਚਕਾਰ ਵਧ ਰਿਹਾ ਫ਼ਾਸਲਾ ਵੱਡੀ ਚੁਣੌਤੀ
ਜਿਹੜਾ ਸਮਾਜ ਸਿਰਫ਼ ਆਪਣੀਆਂ ਸਮੱਸਿਆਵਾਂ ਦੀ ਸ਼ਿਕਾਇਤ ਕਰਦਾ ਰਹਿੰਦਾ ਹੈ, ਉਹ ਲੰਬੇ ਸਮੇਂ ਤੱਕ ਨਿਰਾਸ਼ ਰਹਿ ਸਕਦਾ ਹੈ। ਪਰ ਜਿਹੜਾ ਸਮਾਜ ਆਪਣੀਆਂ ਸਮੱਸਿਆਵਾਂ ਦੇ ਹੱਲ ਵਿੱਚ ਖੁਦ ਭਾਗੀਦਾਰ ਬਣਦਾ ਹੈ, ਉਹ ਬਦਲਾਅ ਪੈਦਾ ਕਰਨਾ ਸ਼ੁਰੂ ਕਰ ਦਿੰਦਾ ਹੈ। ਮਨੋਵਿਗਿਆਨਿਕ ਨਜਰੀਏ ਨਾਲ ਵੇਖੀਏ ਤਾਂ ਆਧੁਨਿਕ ਲੋਕਤੰਤਰ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਲੋਕਾਂ ਦੀ ਰਾਏ ਦੀ ਘਾਟ ਨਹੀਂ, ਬਲਕਿ ਸ਼ਿਕਾਇਤ ਅਤੇ ਭਾਗੀਦਾਰੀ ਵਿਚਕਾਰ ਵਧ ਰਿਹਾ ਫ਼ਾਸਲਾ ਹੈ।
ਅਸੀਂ ਗੰਦੀਆਂ ਸੜਕਾਂ, ਟ੍ਰੈਫਿਕ ਦੀ ਬੇਤਰਤੀਬੀ, ਕੂੜਾ ਪ੍ਰਬੰਧਨ, ਟੁੱਟੇ ਬੁਨਿਆਦੀ ਢਾਂਚੇ, ਭ੍ਰਿਸ਼ਟਾਚਾਰ, ਵੱਧਦੇ ਅਪਰਾਧ, ਸਰਕਾਰੀ ਸੇਵਾਵਾਂ ਦੀ ਕਮੀ ਅਤੇ ਨੀਤੀਆਂ ਬਾਰੇ ਸ਼ਿਕਾਇਤ ਕਰਨ ਵਿੱਚ ਬਹੁਤ ਤੇਜ਼ ਹਾਂ। ਇਹ ਚਿੰਤਾਵਾਂ ਜਾਇਜ਼ ਹਨ। ਹਰ ਨਾਗਰਿਕ ਨੂੰ ਸਰਕਾਰ ਤੋਂ ਸਵਾਲ ਪੁੱਛਣ ਅਤੇ ਜਵਾਬਦੇਹੀ ਦੀ ਮੰਗ ਕਰਨ ਦਾ ਪੂਰਾ ਅਧਿਕਾਰ ਹੈ।
ਪਰ ਨਾਗਰਿਕਤਾ ਸਿਰਫ਼ ਆਲੋਚਨਾ ਕਰਨ ਨਾਲ ਖ਼ਤਮ ਨਹੀਂ ਹੁੰਦੀ। ਸਗੋਂ ਅਸਲ ਨਾਗਰਿਕਤਾ ਉੱਥੋਂ ਸ਼ੁਰੂ ਹੁੰਦੀ ਹੈ। ਇੱਕ ਆਮ ਸ਼ਿਕਾਇਤਕਰਤਾ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਦੀ ਮਨੋਵਿਗਿਆਨਕ ਸੋਚ ਵਿੱਚ ਵੱਡਾ ਅੰਤਰ ਹੁੰਦਾ ਹੈ। ਸ਼ਿਕਾਇਤਕਰਤਾ ਅਕਸਰ ਸਮੱਸਿਆ ਨੂੰ ਕਿਸੇ ਹੋਰ ਦੀ ਜ਼ਿੰਮੇਵਾਰੀ ਮੰਨਦਾ ਹੈ। ਜ਼ਿੰਮੇਵਾਰ ਨਾਗਰਿਕ ਵੇਖਦਾ ਹੈ ਕਿ ਉੁਸਦੇ ਵੱਸ ਵਿੱਚ ਕੀ ਹੈ ਅਤੇ ਉਹ ਇਸ ਹੱਲ ਵਿੱਚ ਕੀ ਯੋਗਦਾਨ ਪਾ ਸਕਦਾ ਹੈ?’
ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਨਾਗਰਿਕ ਮਾੜੇ ਪ੍ਰਸ਼ਾਸਨ ਨੂੰ ਚੁੱਪਚਾਪ ਸਵੀਕਾਰ ਕਰ ਲੈਣ। ਇਸ ਦੇ ਉਲਟ, ਇੱਕ ਸਿਹਤਮੰਦ ਲੋਕਤੰਤਰ ਨੂੰ ਅਜਿਹੇ ਨਾਗਰਿਕਾਂ ਦੀ ਲੋੜ ਹੁੰਦੀ ਹੈ ਜੋ ਸੱਤਾ ਤੋਂ ਸਵਾਲ ਪੁੱਛਣ, ਪਾਰਦਰਸ਼ਤਾ ਦੀ ਮੰਗ ਕਰਨ ਅਤੇ ਬੇਇਨਸਾਫੀ ਦੇ ਵਿਰੁੱਧ ਆਵਾਜ਼ ਉਠਾਉਣ। ਪਰ ਇਹ ਆਲੋਚਨਾ ਉਦੋਂ ਹੋਰ ਵੀ ਵੱਧ ਪ੍ਰਭਾਵਸ਼ਾਲੀ ਬਣਦੀ ਹੈ ਜਦੋਂ ਉਹ ਜਾਣਕਾਰੀ ਤੇ ਆਧਾਰਿਤ, ਰਚਨਾਤਮਕ ਅਤੇ ਹੱਲ ਵੱਲ ਲੈ ਜਾਣ ਵਾਲੀ ਹੋਵੇ।
ਸਾਨੂੰ ਆਪਣੀ ਸੋਚ ਨੂੰ ‘ਸਰਕਾਰ ਕੀ ਕਰ ਰਹੀ ਹੈ’ ਤੋਂ ਬਦਲ ਕੇ ‘ਸਰਕਾਰ, ਸਮਾਜ ਅਤੇ ਅਸੀਂ ਮਿਲ ਕੇ ਕੀ ਕਰ ਸਕਦੇ ਹਾਂ’ ਵੱਲ ਲਿਜਾਣਾ ਹੋਵੇਗਾ। ਇਹ ਬਦਲਾਅ ਖ਼ਾਸ ਕਰਕੇ ਸ਼ਹਿਰੀ ਭਾਰਤ ਲਈ ਬਹੁਤ ਜ਼ਰੂਰੀ ਹੈ। ਜੇ ਨਾਗਰਿਕ ਆਪਣਾ ਕੂੜਾ ਜਿੱਥੇ ਮਰਜ਼ੀ ਸੁੱਟਦੇ ਰਹਿਣ ਤਾਂ ਕੋਈ ਵੀ ਸਥਾਨਕ ਸਰਕਾਰ ਅਦਾਰਾ ਸ਼ਹਿਰ ਨੂੰ ਸਾਫ਼ ਨਹੀਂ ਰੱਖ ਸਕਦਾ। ਟ੍ਰੈਫਿਕ ਪੁਲੀਸ ਉਦੋਂ ਤਕ ਸੜਕਾਂ ਤੇ ਅਨੁਸ਼ਾਸਨ ਨਹੀਂ ਲਿਆ ਸਕਦੀ ਜੇ ਨਾਗਰਿਕ ਖੁਦ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ। ਸਰਕਾਰ ਜਨਤਕ ਬੁਨਿਆਦੀ ਢਾਂਚੇ ਦੀ ਸੰਭਾਲ ਕਰ ਸਕਦੀ ਹੈ, ਪਰ ਨਾਗਰਿਕਾਂ ਨੂੰ ਵੀ ਜਨਤਕ ਸੰਪਤੀ ਨੂੰ ਆਪਣੀ ਸੰਪਤੀ ਸਮਝਣਾ ਪਵੇਗਾ।
ਇਹੀ ਸਿਧਾਂਤ ਲੋਕਤੰਤਰ ਤੇ ਵੀ ਲਾਗੂ ਹੁੰਦਾ ਹੈ। ਅਸੀਂ ਅਕਸਰ ਆਪਣੇ ਅਧਿਕਾਰ ਯਾਦ ਰੱਖਦੇ ਹਾਂ, ਪਰ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਜਾਂਦੇ ਹਾਂ। ਅਸੀਂ ਚੰਗੀਆਂ ਸੜਕਾਂ ਦੀ ਮੰਗ ਕਰਦੇ ਹਾਂ, ਪਰ ਕਈ ਵਾਰ ਟ੍ਰੈਫਿਕ ਨਿਯਮਾਂ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਅਸੀਂ ਸਫ਼ਾਈ ਦੀ ਮੰਗ ਕਰਦੇ ਹਾਂ, ਪਰ ਆਪਣੇ ਕੂੜੇ ਦੀ ਜ਼ਿੰਮੇਵਾਰੀ ਨਹੀਂ ਲੈਂਦੇ। ਅਸੀਂ ਪਾਰਦਰਸ਼ਤਾ ਦੀ ਮੰਗ ਕਰਦੇ ਹਾਂ, ਪਰ ਕਈ ਵਾਰ ਬਿਨਾਂ ਤੱਥ ਜਾਂਚੇ ਜਾਣਕਾਰੀ ਸੋਸ਼ਲ ਮੀਡੀਆ ਤੇ ਅੱਗੇ ਭੇਜ ਦਿੰਦੇ ਹਾਂ। ਜ਼ਿੰਮੇਵਾਰ ਨਾਗਰਿਕਤਾ ਲਈ ਮਨੋਵਿਗਿਆਨਕ ਸਮਝਦਾਰੀ ਦੀ ਲੋੜ ਹੁੰਦੀ ਹੈ। ਇਸ ਦਾ ਮਤਲਬ ਹੈ ਸਮਝਣਾ ਕਿ ਆਜ਼ਾਦੀ ਦੇ ਨਾਲ ਜ਼ਿੰਮੇਵਾਰੀ ਆਉਂਦੀ ਹੈ, ਅਧਿਕਾਰਾਂ ਦੇ ਨਾਲ ਫ਼ਰਜ਼ ਆਉਂਦੇ ਹਨ ਅਤੇ ਆਲੋਚਨਾ ਦੇ ਨਾਲ ਸੰਭਵ ਹੱਲ ਵੀ ਹੋਣਾ ਚਾਹੀਦਾ ਹੈ।
ਸਰਕਾਰਾਂ ਦੀ ਵੀ ਇਸ ਰਿਸ਼ਤੇ ਵਿੱਚ ਵੱਡੀ ਜ਼ਿੰਮੇਵਾਰੀ ਹੈ। ਜਦੋਂ ਨਾਗਰਿਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਗੱਲ ਸੁਣੀ ਜਾ ਰਹੀ ਹੈ, ਤਾਂ ਉਹ ਪ੍ਰਣਾਲੀ ਵਿੱਚ ਵਧੇਰੇ ਭਰੋਸਾ ਕਰਦੇ ਹਨ। ਜਨਤਕ ਸਲਾਹ-ਮਸ਼ਵਰਾ, ਪਾਰਦਰਸ਼ੀ ਸੰਚਾਰ, ਪ੍ਰਭਾਵਸ਼ਾਲੀ ਸ਼ਿਕਾਇਤ ਪ੍ਰਣਾਲੀ ਅਤੇ ਜਾਇਜ਼ ਸ਼ਿਕਾਇਤਾਂ ਤੇ ਦਿਖਾਈ ਦੇਣ ਵਾਲੀ ਕਾਰਵਾਈ ਲੋਕਾਂ ਦਾ ਭਰੋਸਾ ਮਜ਼ਬੂਤ ਕਰਦੀ ਹੈ। ਜਦੋਂ ਲੋਕ ਵਾਰ-ਵਾਰ ਸ਼ਿਕਾਇਤ ਕਰਦੇ ਹਨ ਅਤੇ ਕੋਈ ਜਵਾਬ ਨਹੀਂ ਮਿਲਦਾ, ਤਾਂ ਨਿਰਾਸ਼ਾ ਹੌਲੀ-ਹੌਲੀ ਬੇਪਰਵਾਹੀ ਜਾਂ ਗੁੱਸੇ ਵਿੱਚ ਬਦਲ ਸਕਦੀ ਹੈ। ਇਸ ਲਈ ਭਾਗੀਦਾਰੀ ਦੋਵੇਂ ਪਾਸਿਆਂ ਤੋਂ ਹੋਣੀ ਚਾਹੀਦੀ ਹੈ। ਨਾਗਰਿਕ ਹੋਰ ਜ਼ਿੰਮੇਵਾਰ ਬਣਨ ਅਤੇ ਸੰਸਥਾਵਾਂ ਹੋਰ ਜਵਾਬਦੇਹ।
ਸਾਡੀ ਨੌਜਵਾਨ ਪੀੜ੍ਹੀ ਨੂੰ ਖ਼ਾਸ ਤੌਰ ਤੇ ਇਹ ਸਿਖਾਉਣ ਦੀ ਲੋੜ ਹੈ ਕਿ ਲੋਕਤੰਤਰ ਸਿਰਫ਼ ਚੋਣਾਂ ਦੇ ਸਮੇਂ ਨਹੀਂ ਹੁੰਦਾ। ਲੋਕਤੰਤਰ ਸਾਡੇ ਰੋਜ਼ਾਨਾ ਦੇ ਵਿਹਾਰ ਵਿੱਚ ਵੀ ਦਿਖਾਈ ਦਿੰਦਾ ਹੈ-ਅਸੀਂ ਸੜਕ ਤੇ ਕਿਵੇਂ ਗੱਡੀ ਚਲਾਉਂਦੇ ਹਾਂ, ਜਨਤਕ ਥਾਵਾਂ ਨੂੰ ਕਿਵੇਂ ਵਰਤਦੇ ਹਾਂ, ਗੁਆਂਢੀਆਂ ਨਾਲ ਕਿਵੇਂ ਵਿਹਾਰ ਕਰਦੇ ਹਾਂ, ਸੱਤਾ ਤੋਂ ਕਿਵੇਂ ਸਵਾਲ ਪੁੱਛਦੇ ਹਾਂ ਅਤੇ ਅਸਹਿਮਤੀ ਨੂੰ ਕਿਵੇਂ ਸਵੀਕਾਰ ਕਰਦੇ ਹਾਂ।
ਇੱਕ ਜ਼ਿੰਮੇਵਾਰ ਨਾਗਰਿਕ ਨੂੰ ਹਰ ਸਰਕਾਰੀ ਫ਼ੈਸਲੇ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ। ਜ਼ਿੰਮੇਵਾਰ ਨਾਗਰਿਕ ਉਹ ਹੈ ਜਿਸ ਵਿੱਚ ਸਵਾਲ ਪੁੱਛਣ ਦੀ ਹਿੰਮਤ, ਸਮਝਣ ਦੀ ਸਿਆਣਪ ਅਤੇ ਭਾਗੀਦਾਰੀ ਦੀ ਜ਼ਿੰਮੇਵਾਰੀ ਹੋਵੇ।
ਭਾਰਤ ਵਿਕਾਸ ਦੇ ਇੱਕ ਨਵੇਂ ਦੌਰ ਵੱਲ ਵੱਧ ਰਿਹਾ ਹੈ। ਸਾਡੇ ਸ਼ਹਿਰ ਵਧ ਰਹੇ ਹਨ, ਤਕਨਾਲੋਜੀ ਪ੍ਰਸ਼ਾਸਨ ਨੂੰ ਬਦਲ ਰਹੀ ਹੈ ਅਤੇ ਨੌਜਵਾਨ ਆਪਣੇ ਜੀਵਨ ਨਾਲ ਜੁੜੇ ਫ਼ੈਸਲਿਆਂ ਵਿੱਚ ਵੱਧ ਭਾਗੀਦਾਰੀ ਚਾਹੁੰਦੇ ਹਨ। ਇਹ ਸਾਡੀ ਨਾਗਰਿਕ ਸੋਚ ਬਦਲਣ ਦਾ ਸਹੀ ਸਮਾਂ ਹੈ।
ਆਓ ਅਸੀਂ ਸਿਰਫ਼ ਉਂਗਲ ਚੁੱਕਣ ਵਾਲਾ ਸਮਾਜ ਨਾ ਰਹੀਏ। ਆਓ ਅਸੀਂ ਅਜਿਹਾ ਸਮਾਜ ਬਣੀਏ ਜੋ ਸਮੱਸਿਆ ਪਛਾਣੇ, ਜਵਾਬਦੇਹੀ ਮੰਗੇ, ਹੱਲ ਸੁਝਾਏ ਅਤੇ ਉਸ ਹੱਲ ਨੂੰ ਲਾਗੂ ਕਰਨ ਵਿੱਚ ਵੀ ਆਪਣਾ ਯੋਗਦਾਨ ਪਾਏ। ਕਿਉਂਕਿ ਇੱਕ ਬਿਹਤਰ ਸ਼ਹਿਰ ਸਿਰਫ਼ ਸਰਕਾਰੀ ਦਫ਼ਤਰਾਂ ਵਿੱਚ ਨਹੀਂ ਬਣਦਾ। ਇਹ ਉਸ ਦੇ ਨਾਗਰਿਕਾਂ ਦੇ ਹਰ ਰੋਜ਼ ਦੇ ਵਿਹਾਰ ਨਾਲ ਬਣਦਾ ਹੈ।
ਸ਼ਿਕਾਇਤ ਜਾਗਰੂਕਤਾ ਪੈਦਾ ਕਰ ਸਕਦੀ ਹੈ। ਪਰ ਭਾਗੀਦਾਰੀ ਬਦਲਾਅ ਪੈਦਾ ਕਰਦੀ ਹੈ। ਅਤੇ ਜ਼ਿੰਮੇਵਾਰ ਨਾਗਰਿਕਤਾ ਹੀ ਲੋਕਤੰਤਰ ਨੂੰ ਅਸਲ ਅਰਥ ਦਿੰਦੀ ਹੈ।
ਡਾ. ਹਰਜਿੰਦਰ ਸਿੰਘ ਹੈਰੀ
ਮਨੋਵਿਗਿਆਨੀ ਅਤੇ ਸਮਾਜ ਵਿਗਿਆਨੀ
-
Mohali1 month agoਗੁਰਦੁਆਰਾ ਤਾਲਮੇਲ ਕਮੇਟੀ ਵਲੋਂ ਬੱਚਿਆਂ ਦੇ ਗੁਰਬਾਣੀ ਕੰਠ, ਕਵਿਤਾਵਾਂ, ਭਾਸ਼ਣ ਅਤੇ ਦਸਤਾਰ ਸਜਾਉਣ ਦੇ ਮੁਕਾਬਲਿਆਂ ਦਾ ਆਯੋਜਨ
-
International2 months ago
ਕੈਨੇਡਾ ਵਿੱਚ ਭਾਰਤੀ ਰੈਸਟੋਰੈਂਟ ਤੇ ਫਾਇਰਿੰਗ
-
National1 month agoਹਥਿਆਰਬੰਦ ਬਦਮਾਸ਼ਾਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਸੋਨਾ, ਨਗਦੀ ਅਤੇ ਕੀਮਤੀ ਸਮਾਨ ਲੁਟਿਆ
-
Editorial2 months ago
ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸਮੱਸਿਆ ਤੇ ਕਾਬੂ ਕਰੇ ਪ੍ਰਸ਼ਾਸਨ
-
National1 month agoਟਰੱਕ ਨਾਲ ਟੱਕਰ ਤੋਂ ਬਾਅਦ ਬੱਸ ਨੂੰ ਲੱਗੀ ਅੱਗ, 8 ਵਿਅਕਤੀਆਂ ਦੀ ਮੌਤ, ਕਈ ਗੰਭੀਰ ਜ਼ਖਮੀ
-
Mohali2 months agoਮਹਿਲਾ ਕਾਂਗਰਸ ਵਲੋਂ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ
-
Mohali1 month agoਭਾਈ ਘਨਈਆ ਸੋਸਾਇਟੀ ਨੇ ਲੜਕੀਆਂ ਦੇ ਖਾਣਾ ਬਣਾਉਣ ਦੇ ਮੁਕਾਬਲੇ ਕਰਵਾਏ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
