Punjab
ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਸੰਪੂਰਨ ਹੋਇਆ ਮੀਰੀ ਪੀਰੀ ਖਾਲਸਾ ਮਾਰਚ
ਤਲਵੰਡੀ ਸਾਬੋ, 5 ਅਗਸਤ (ਸ.ਬ.) ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਬਖ਼ਸ਼ੇ ਮੀਰੀ-ਪੀਰੀ ਦੇ ਮਹਾਨ ਸਿਧਾਂਤ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਪੰਥਕ ਪਰੰਪਰਾਵਾਂ ਪ੍ਰਤੀ ਸਮਰਪਣ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਆਰੰਭ ਹੋਇਆ ਮੀਰੀ-ਪੀਰੀ ਖ਼ਾਲਸਾ ਮਾਰਚ ਬੀਤੀ ਦੇਰ ਰਾਤ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੀ ਪਾਵਨ ਧਰਤੀ ਤੇ ਵਿਸ਼ਾਲ ਇਕੱਠ ਅਤੇ ਚੜ੍ਹਦੀ ਕਲਾ ਦੇ ਮਾਹੌਲ ਵਿੱਚ ਸੰਪੂਰਨ ਹੋਇਆ।
ਇਸ ਖਾਲਸਾ ਮਾਰਚ ਦੌਰਾਨ ਵੱਖ-ਵੱਖ ਪੜਾਵਾਂ ਤੇ ਸੰਗਤਾਂ ਦੇ ਵੱਡੇ ਇਕੱਠ ਨੇ ਸਪੱਸ਼ਟ ਸੰਦੇਸ਼ ਦਿੱਤਾ ਕਿ ਸਿੱਖ ਕੌਮ ਆਪਣੀਆਂ ਪੰਥਕ ਪਰੰਪਰਾਵਾਂ, ਗੁਰੂ ਸਾਹਿਬ ਵੱਲੋਂ ਬਖ਼ਸ਼ੇ ਮੀਰੀ-ਪੀਰੀ ਦੇ ਫ਼ਲਸਫ਼ੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਹਮੇਸ਼ਾ ਇੱਕਜੁੱਟ ਰਹੇਗੀ ਅਤੇ ਹਰ ਚੁਣੌਤੀ ਦਾ ਸਾਹਮਣਾ ਚੜ੍ਹਦੀ ਕਲਾ ਨਾਲ ਕਰੇਗੀ। ਖਾਲਸਾ ਮਾਰਚ ਦੀ ਸਮਾਪਤੀ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਤਜਿੰਦਰ ਸਿੰਘ ਮਿੱਡੂਖੇੜਾ ਸਮੇਤ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਬਖਸਿਆ ਮੀਰੀ ਪੀਰੀ ਦਾ ਸਿਧਾਂਤ ਅਟੱਲ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਕੌਮ ਨੇ ਹਰ ਔਖੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਹੈ। ਅਨੇਕਾਂ ਜ਼ੁਲਮਾਂ, ਹਮਲਿਆਂ ਅਤੇ ਸਾਜ਼ਿਸ਼ਾਂ ਦੇ ਬਾਵਜੂਦ ਸਿੱਖਾਂ ਦਾ ਆਪਣੇ ਤਖ਼ਤਾਂ, ਗੁਰੂ ਘਰ ਅਤੇ ਪੰਥਕ ਪਰੰਪਰਾਵਾਂ ਨਾਲ ਨਾਤਾ ਕਦੇ ਵੀ ਕਮਜ਼ੋਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੋਈ ਵੀ ਤਾਕਤ ਸਿੱਖ ਨੂੰ ਉਸ ਦੀ ਵਿਰਾਸਤ, ਉਸ ਦੇ ਸਿਧਾਂਤਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਉਸ ਦੇ ਸਮਰਪਣ ਤੋਂ ਵੱਖ ਨਹੀਂ ਕਰ ਸਕਦੀ।
ਉਨ੍ਹਾਂ ਕਿਹਾ ਕਿ ਅੱਜ ਵੀ ਕੁਝ ਪੰਥ ਵਿਰੋਧੀ ਤਾਕਤਾਂ ਸਿੱਖ ਸੰਸਥਾਵਾਂ ਦੀ ਮਰਯਾਦਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਪੰਥਕ ਏਕਤਾ ਨੂੰ ਕਮਜ਼ੋਰ ਕਰਨ ਲਈ ਵੱਖ-ਵੱਖ ਢੰਗਾਂ ਨਾਲ ਹਮਲੇ ਕਰ ਰਹੀਆਂ ਹਨ। ਕਦੇ ਸਿੱਖ ਸੰਸਥਾਵਾਂ ਬਾਰੇ ਭਰਮ ਫੈਲਾਇਆ ਜਾਂਦਾ ਹੈ, ਕਦੇ ਪੰਥਕ ਫ਼ੈਸਲਿਆਂ ਨੂੰ ਵਿਵਾਦਿਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਕਦੇ ਸੰਗਤਾਂ ਵਿੱਚ ਫੁੱਟ ਪਾਉਣ ਦੇ ਯਤਨ ਹੁੰਦੇ ਹਨ। ਅਜਿਹੀਆਂ ਕੋਸ਼ਿਸ਼ਾਂ ਦਾ ਇਕੋ ਉਦੇਸ਼ ਸਿੱਖ ਕੌਮ ਦੀ ਸਾਂਝੀ ਤਾਕਤ ਨੂੰ ਕਮਜ਼ੋਰ ਕਰਨਾ ਹੈ। ਉਨ੍ਹਾਂ ਸੰਗਤਾਂ ਨੂੰ ਅਜਿਹੀਆਂ ਤਾਕਤਾਂ ਤੋਂ ਸੁਚੇਤ ਰਹਿਣ ਲਈ ਪ੍ਰੇਰਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏ ਮੀਰੀ ਪੀਰੀ ਖਾਲਸਾ ਮਾਰਚ ਨੂੰ ਪਿਛਲੇ 12 ਦਿਨਾਂ ਦੌਰਾਨ ਮਾਝੇ ਅਤੇ ਮਾਲਵੇ ਦੇ ਅਨੇਕਾਂ ਪਿੰਡਾਂ ਤੇ ਸ਼ਹਿਰਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋ ਕੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਅੱਜ ਵੀ ਗੁਰੂ ਸਾਹਿਬ ਦੇ ਸਿਧਾਂਤਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਨਾਲ ਅਟੁੱਟ ਤੌਰ ਤੇ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਖਾਲਸਾ ਮਾਰਚ ਵਿੱਚ ਸ਼ਾਮਲ ਵੱਡੀ ਗਿਣਤੀ ਸੰਗਤਾਂ ਨੇ ਉਨ੍ਹਾਂ ਲੋਕਾਂ ਨੂੰ ਵੀ ਜਵਾਬ ਦਿੱਤਾ ਹੈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਤੇ ਸਿੱਖ ਸੰਸਥਾਵਾਂ ਤੇ ਸਵਾਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀ ਮਰਯਾਦਾ ਅਤੇ ਪੰਥਕ ਫ਼ੈਸਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਹੀ ਤੈਅ ਹੁੰਦੇ ਹਨ, ਨਾ ਕਿ ਸਿਆਸੀ ਮੰਚਾਂ ਜਾਂ ਵਿਅਕਤੀਗਤ ਵਿਚਾਰਾਂ ਦੇ ਆਧਾਰ ਤੇ। ਉਨ੍ਹਾਂ ਖਾਲਸਾ ਮਾਰਚ ਦੌਰਾਨ ਸਹਿਯੋਗ ਕਰਨ ਵਾਲੀਆਂ ਜਥੇਬੰਦੀਆਂ ਤੇ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਖਾਲਸਾ ਮਾਰਚ ਦੀ ਸਮਾਪਤੀ ਸਮੇਂ ਹਾਥੀ ਘੋੜਿਆਂ ਸਮੇਤ ਸ਼ਾਮਲ ਨਿਹੰਗ ਸਿੰਘ ਸੰਗਤਾਂ ਅੰਦਰ ਜੋਸ਼ ਪੈਦਾ ਕਰ ਰਹੇ ਸਨ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਅੰਤ੍ਰਿੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਮੈਂਬਰ ਨਵਤੇਜ ਸਿੰਘ ਕਾਉਣੀ, ਅਵਤਾਰ ਸਿੰਘ ਵਣਵਾਲਾ, ਭਾਈ ਅਜੈਬ ਸਿੰਘ ਅਭਿਆਸੀ, ਬਾਬਾ ਬੂਟਾ ਸਿੰਘ, ਅਮਰੀਕ ਸਿੰਘ ਕੋਟ ਸ਼ਮੀਰ, ਬੀਬੀ ਜੋਗਿੰਦਰ ਕੌਰ, ਜਗਸੀਰ ਸਿੰਘ ਮਾਂਗੇਆਣਾ, ਜਥੇਦਾਰ ਸੁਰਜੀਤ ਸਿੰਘ ਰਾਏਪੁਰ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਅਕਾਲੀ ਆਗੂ ਡਾ. ਦਲਜੀਤ ਸਿੰਘ ਗੁਰੂ, ਜਗਸੀਰ ਸਿੰਘ ਕਲਿਆਣ, ਗੁਰਚਰਨ ਸਿੰਘ, ਬਲਕਾਰ ਸਿੰਘ ਗੋਨੇਆਣਾ, ਗੁਰਿੰਦਰਜੀਤ ਸਿੰਘ ਭੁੱਚੋਂ, ਇਕਬਾਲ ਸਿੰਘ ਬਬਲੀ ਢਿੱਲੋਂ, ਬਾਬਾ ਮੇਜਰ ਸਿੰਘ ਸੋਢੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਵਧੀਕ ਸਕੱਤਰ ਬਿਜੈ ਸਿੰਘ, ਮੀਤ ਸਕੱਤਰ ਗੁਰਮੀਤ ਸਿੰਘ ਮੁਕਤਸਰੀ, ਇੰਚਾਰਜ ਗੁਰਪ੍ਰੀਤ ਸਿੰਘ ਰੋਡੇ, ਅਵਤਾਰ ਸਿੰਘ, ਭੋਲਾ ਸਿੰਘ, ਜਥੇਦਾਰ ਸਾਹਿਬ ਦੇ ਨਿੱਜੀ ਸਹਾਇਕ ਗਿਆਨੀ ਬਲਦੇਵ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਯੁਵਰਾਜ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ੍ਹ, ਸੰਦੀਪ ਸਿੰਘ ਕਲੋਤਾ, ਬਾਬਾ ਸਤਨਾਮ ਸਿੰਘ ਖਾਪੜਖੇੜੀ, ਬਾਬਾ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਬਾਬਾ ਕਸ਼ਮੀਰ ਸਿੰਘ, ਬਾਬਾ ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੁਪਰਵਾਈਜ਼ਰ ਜਸਬੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Mohali
ਮੁਹਾਲੀ ਦੇ ਜੁਡੀਸ਼ਿਅਲ ਕੋਰਟ ਸਮੇਤ ਅੱਧਾ ਦਰਜਨ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਪੁਲੀਸ ਪ੍ਰਸ਼ਾਸ਼ਨ ਹਾਈ ਅਲਰਟ ਤੇ, ਪੁਲੀਸ ਦੀ ਜਾਂਚ ਦੌਰਾਨ ਕੋਈ ਇਤਰਾਜਯੋਗ ਵਸਤੂ ਨਹੀਂ ਮਿਲੀ
ਐਸ ਏ ਐਸ ਨਗਰ, 21 ਸਤੰਬਰ (ਸ.ਬ.) ਮੁਹਾਲੀ ਦੇ ਜੁਡੀਸ਼ੀਅਲ ਕੋਰਟ ਕਾਂਪਲੈਕਸ ਸਮੇਤ ਸ਼ਹਿਰ ਦੇ ਲਗਭਗ ਅੱਧ ਦਰਜਨ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਸੰਬੰਧੀ ਈ ਮੇਲ ਪ੍ਰਾਪਤ ਹੋਈ ਹੈ। ਧਮਕੀ ਦੀ ਸੂਚਨਾ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ, ਐਸਏਐਸ ਨਗਰ (ਮੁਹਾਲੀ) ਪੁਲੀਸ ਅਤੇ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਫੇਜ਼ 6 ਵਿੱਚ ਸਥਿਤ ਸ਼ਿਵਾਲਿਕ ਪਬਲਿਕ ਸਕੂਲ, ਸੈਕਟਰ 69 ਵਿੱਚ ਸਥਿਤ ਪੈਰਾਗਾਨ ਸੀਨੀਅਰ ਸਕੈਂਡਰੀ ਸਕੂਲ ਤੋਂ ਇਲਾਵਾ ਰੇਆਨ ਸਕੂਲ, ਗੁਰੂਕੁਲ ਸਕੂਲ, ਆਰਕਿਜ ਇੰਟਨੈਸ਼ਨਲ ਸਕੂਲ ਸਮੇਤ ਕੁੱਝ ਹੋਰ ਸਕੂਲਾਂ ਨੂੰ ਧਮਕੀ ਵਾਲੀ ਈ ਮੇਲ ਮਿਲਣ ਤੋਂ ਬਾਅਦ ਇਹਨਾਂ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ। ਜਿਸਤੋਂ ਬਾਅਦ ਪੁਲੀਸ ਵਲੋਂ ਇਹਨਾਂ ਸਕੂਲਾਂ ਅਤੇ ਕੋਰਟ ਕਾਂਪਲੈਕਸ ਦੀ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਐਂਟੀ ਸਾਬੋਤਾਜ ਟੀਮਾਂ ਅਤੇ ਬੰਬ ਸਕੂਐਡ ਵਲੋਂ ਇਹਨਾਂ ਥਾਵਾਂ ਦੀ ਤਲਾਸ਼ੀ ਲਈ ਗਈ ਪਰੰਤੂ ਕੁੱਝ ਵੀ ਇਤਰਾਜ ਯੋਗ ਨਹੀਂ ਮਿਲਿਆ।
ਇਸ ਦੌਰਾਨ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਮਾਪਿਆਂ ਨੂੰ ਸੂਚਨਾ ਦੇ ਕੇ ਵਿਦਿਆਰਥੀਆਂ ਨੂੰ ਸਕੂਲ ਵਿੱਚੋਂ ਸੁਰਖਿਤ ਬਾਹਰ ਕੱਢ ਕੇ ਘਰ ਭੇਜ ਦਿੱਤਾ ਗਿਆ। ਇਸ ਦੌਰਾਨ ਛੋਟੇ ਬੱਚਿਆਂ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਬੱਸਾਂ ਦੇ ਮਾਧਿਅਮ ਰਾਹੀਂ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ। ਇਹਨਾਂ ਸਕੂਲਾਂ ਨੂੰ ਮਿਲੀ ਧਮਕੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਕੂਲਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕੀਤਾ ਗਿਆ ਹੈ ਅਤੇ ਪੁਲੀਸ ਵਲੋਂ ਅੱਗੇ ਦੀ ਕਾਰਵਾਈ ਜਾਰੀ ਹੈ।
ਇਸ ਦੌਰਾਨ ਅਦਾਲਤੀ ਕਾਂਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਜਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਇਸ ਸੰਬੰਧੀ ਅਧਿਕਾਰਤ ਹੁਕਮ ਜਾਰੀ ਕਰਕੇ ਸਾਰੇ ਜੁਡੀਸ਼ੀਅਲ ਅਧਿਕਾਰੀਆਂ, ਡਿਪਟੀ ਕਮਿਸ਼ਨਰ ਮੁਹਾਲੀ, ਐਸ ਐਸ ਪੀ ਮੁਹਾਲੀ, ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜਿਲ੍ਹਾ ਅਟਾਰਨੀ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਕਿ ਜਿਲ੍ਹਾ ਅਦਾਲਤ ਦੀ ਆਫੀਸ਼ੀਅਲ ਈ ਮੇਲ ਤੇ ਅਦਾਲਤੀ ਕਾਂਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਮੇਲ ਆਈ ਹੈ ਜਿਸਤੋਂ ਬਾਅਦ ਅਦਾਲਤਾਂ ਨੂੰ ਖਾਲੀ ਕਰਵਾ ਕੇ ਸੁਰਖਿਆ ਜਾਂਚ ਕੀਤੀ ਜਾ ਰਹੀ ਹੈ।
ਇਸ ਦੌਰਾਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਦਾਲਤ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਉੱਥੇ ਮੌਜੂਦ ਵਕੀਲਾਂ, ਅਦਾਲਤੀ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਗਿਆ। ਘਟਨਾ ਵਾਲੀ ਥਾਂ ਤੇ ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਦੀਆਂ ਟੀਮਾਂ ਪਹੁੰਚੀਆਂ, ਜਿਨ੍ਹਾਂ ਵੱਲੋਂ ਕੋਰਟ ਕੰਪਲੈਕਸ ਦੇ ਚੱਪੇ-ਚੱਪੇ, ਦਫ਼ਤਰਾਂ ਅਤੇ ਖੁੱਲ੍ਹੇ ਹਿੱਸਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਪੁਲੀਸ ਵੱਲੋਂ ਪੂਰੇ ਅਦਾਲਤ ਪਰਿਸਰ ਨੂੰ ਸੁਰੱਖਿਆ ਘੇਰੇ ਵਿੱਚ ਲੈ ਲਿਆ ਗਿਆ ਅਤੇ ਜਾਂਚ ਮੁਕੰਮਲ ਹੋਣ ਤੱਕ ਕਿਸੇ ਵੀ ਆਮ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵੱਲੋਂ ਧਮਕੀ ਦੇ ਸਰੋਤ ਅਤੇ ਇਸ ਦੀ ਸੱਚਾਈ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਡਰਨ ਦੀ ਬਜਾਏ ਸੁਰੱਖਿਆ ਪ੍ਰਬੰਧਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।
Mohali
ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ
ਐਸ ਏ ਐਸ ਨਗਰ, 21 ਸਤੰਬਰ (ਸ.ਬ.) ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ, ਐਸ.ਏ.ਐਸ. ਨਗਰ (ਮੁਹਾਲੀ) ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4, 2026 ਦੇ ਬਲਾਕ ਪੱਧਰੀ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐਥਲੈਟਿਕਸ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਕਈ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।
ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ ਬੈਂਸ ਨੈ ਦੱਸਿਆ ਕਿ ਕਾਲਜ ਦੇ ਬੀ. ਏ. ਸਮੈਸਟਰ-5 ਦੇ ਵਿਦਿਆਰਥੀ ਸੰਜੀਵ ਗਿਰ ਨੇ ਸ਼ਾਟ ਪੁੱਟ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਬੀ.ਏ. ਦੂਜੇ ਸਾਲ ਦੀ ਵਿਦਿਆਰਥਣ ਸਪਨਾ ਨੇ 1500 ਮੀਟਰ ਅਤੇ 5000 ਮੀਟਰ ਵਿੱਚ ਪਹਿਲਾ ਅਤੇ 800 ਮੀਟਰ ਵਿੱਚ ਦੂਜਾ ਸਥਾਨ, ਭੰਨਾ ਨੇ 800 ਮੀਟਰ ਅਤੇ 5000 ਮੀਟਰ ਵਿੱਚ ਦੂਜਾ ਸਥਾਨ ਹਾਸਲ ਕੀਤਾ, ਦਿੱਵਿਆ ਨੇ 1500 ਮੀਟਰ ਵਿੱਚ ਦੂਜਾ ਅਤੇ 800 ਮੀਟਰ ਵਿੱਚ ਤੀਜਾ ਸਥਾਨ ਅਤੇ ਕਾਜਲ ਨੇ 400 ਮੀਟਰ ਅਤੇ 5000 ਮੀਟਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਜਸਪ੍ਰੀਤ ਕੌਰ ਬੈਂਸ, ਸ਼ਰੀਰਕ ਸਿੱਖਿਆ ਵਿਭਾਗ ਦੀ ਮੁਖੀ ਪ੍ਰੋ. ਸਿਮਰਪ੍ਰੀਤ ਕੌਰ, ਪ੍ਰੋ. ਜਗਤਾਰ ਸਿੰਘ ਵਲੋਂ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
Chandigarh
ਖੁਰਾਕ ਸੁਰੱਖਿਆ ਸੂਬੇ ਦੀ ਮੁੱਖ ਤਰਜੀਹ : ਡਾ. ਬਲਬੀਰ ਸਿੰਘ
ਸਿਹਤ ਵਿਭਾਗ ਵਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਖੁਰਾਕੀ ਪਦਾਰਥਾਂ ਦੀ ਜਾਂਚ ਮੁਹਿੰਮ ਤੇਜ਼
ਚੰਡੀਗੜ੍ਹ, 21 ਸਤੰਬਰ (ਸ.ਬ.) ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਖੁਰਾਕ ਸੁਰੱਖਿਆ ਸੂਬੇ ਦੀ ਮੁੱਖ ਤਰਜੀਹ ਹੈ ਅਤੇ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਰਾਹੀਂ ਖਪਤਕਾਰਾਂ ਲਈ ਸੁਰੱਖਿਅਤ, ਪੌਸ਼ਟਿਕ ਅਤੇ ਸਾਫ਼-ਸੁਥਰੇ ਖਾਧ ਪਦਾਰਥਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਪੰਜਾਬ ਭਰ ਵਿੱਚ ਖੁਰਾਕ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਨ ਸਬੰਧੀ ਮੁਹਿੰਮ ਤੇਜ਼ ਕਰ ਦਿੱਤੀ ਹੈ।
ਉਹਨਾਂ ਕਿਹਾ ਕਿ ਤਿਉਹਾਰਾਂ ਦੇ ਸਮੇਂ ਦੌਰਾਨ ਜਦੋਂ ਮਿਠਾਈਆਂ, ਡੇਅਰੀ ਉਤਪਾਦਾਂ ਅਤੇ ਬੇਕਰੀ ਦੀਆਂ ਵਸਤਾਂ ਦੀ ਮੰਗ ਕਾਫ਼ੀ ਵੱਧ ਜਾਂਦੀ ਹੈ, ਬਾਰ ਵਿੱਚ ਨਕਲੀ ਅਤੇ ਮਾੜੀ ਗੁਣਵਤਾ ਵਾਲੇ ਸਾਮਾਨ ਦੀ ਸਪਲਾਈ ਦਾ ਖਤਰਾ ਵੱਧ ਜਾਂਦਾ ਹੈ। ਉਹਨਾਂ ਕਿਹਾ ਕਿ ਸਾਰੇ ਖੁਰਾਕ ਕਾਰੋਬਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਖੁਰਾਕ ਸੁਰੱਖਿਆ ਸਬੰਧੀ ਕਾਨੂੰਨਾਂ, ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਜ਼ਿੰਮੇਵਾਰਾਨਾ ਤੇ ਸਾਫ਼-ਸੁਥਰੇ ਤਰੀਕੇ ਖਾਧ ਪਦਾਰਥ ਬਣਾਉਣ।
ਉਨ੍ਹਾਂ ਖੁਰਾਕ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੱਚੇ ਮਾਲ ਦੀ ਸਹੀ ਖਰੀਦ ਅਤੇ ਸੁਚੱਜੀ ਸੰਭਾਲ ਯਕੀਨੀ ਬਣਾਉਣ, ਸਫਾਈ ਵਿਵਸਥਾ ਕਾਇਮ ਰੱਖਣ, ਮਿਲਾਵਟਖੋਰੀ ਤੋਂ ਬਚਣ ਅਤੇ ਲੋਕਾਂ ਦੀ ਸਿਹਤ ਲਈ ਖ਼ਤਰਾ ਪੈਦਾ ਕਰਨ ਵਾਲੀ ਕਿਸੇ ਵੀ ਗੈਰ-ਮਿਆਰੀ ਕਾਰਵਾਈ ਤੋਂ ਸਖ਼ਤੀ ਨਾਲ ਗੁਰੇਜ਼ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਖੁਰਾਕ ਦੀ ਗੁਣਵੱਤਾ ਨਾਲ ਕੋਈ ਵੀ ਸਮਝੌਤਾ ਕਰਨ ਵਾਲਿਆਂ ਤੇ ‘ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ’ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਸੰਬੰਧੀ ਜ਼ਮੀਨੀ ਪੱਧਰ ਤੇ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ, ਐਫ.ਡੀ.ਏ. (ਐਫਡੀਏ) ਪੰਜਾਬ ਦੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਦੱਸਿਆ ਕਿ ਖਾਧ ਪਦਾਰਥਾਂ ਦੀ ਗੁਣਵੱਤਾ ਦੀ ਨਜ਼ਰਸਾਨੀ ਲਈ ਪੂਰੇ ਰਾਜ ਵਿੱਚ ਵਿਸ਼ੇਸ਼ ਮੁਹਿੰਮਾਂ ਦੀ ਇੱਕ ਲੜੀ ਸ਼ੁਰੂ ਕੀਤੀ ਗਈ ਹੈ। 12 ਅਤੇ 13 ਸਤੰਬਰ ਨੂੰ ਪਨੀਰ ਅਤੇ ਖੋਏ ਦੀ ਗੁਣਵੱਤਾ ਜਾਂਚ ਦੇ ਮੱਦੇਨਜ਼ਰ ਚਲਾਈ ਗਈ ਰਾਜ ਪੱਧਰੀ ਮੁਹਿੰਮ ਦੌਰਾਨ 216 ਨਮੂਨੇ ਲਏ ਗਏ ਜਿਹੜੇ ਵਿਸਥਾਰਪੂਰਵਕ ਜਾਂਚ ਲਈ ਰਾਜ ਖੁਰਾਕ ਲੈਬਾਰਿਟਰੀ ਨੂੰ ਭੇਜੇ ਗਏ ਹਨ। ਉਹਨਾਂ ਕਿਹਾ ਕਿ ਜਾਂਚ ਰਿਪੋਰਟਾਂ ਪ੍ਰਾਪਤ ਹੋਣ ਤੇ ‘ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਅਤੇ ਨਿਯਮਾਂ’ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਐਫ.ਡੀ. ਏ. ਦੀਆਂ ਟੀਮਾਂ ਨੇ 19 ਅਤੇ 20 ਸਤੰਬਰ ਨੂੰ ਮਿਠਾਈ ਅਤੇ ਬੇਕਰੀ ਉਤਪਾਦਨ ਇਕਾਈਆਂ ਵਿੱਚ ਸਫਾਈ ਅਤੇ ਸਵੱਛਤਾ ਮਾਪਦੰਡਾਂ ਦੀ ਪਾਲਣਾ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਿਸ ਦੌਰਾਨ ਪੰਜਾਬ ਭਰ ਵਿੱਚ ਕੀਤੀਆਂ ਗਈਆਂ 250 ਜਾਂਚਾਂ ਵਿੱਚੋਂ, ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 101 ਸੁਧਾਰ ਨੋਟਿਸ ਜਾਰੀ ਕੀਤੇ ਗਏ, ਜਦਕਿ ਨਿਯਮਾਂ ਦੀ ਉਲੰਘਣਾ ਕਰਨ ਲਈ ਮੌਕੇ ਤੇ ਹੀ 20 ਚਲਾਨ ਕੱਟੇ ਗਏ।
ਉਹਨਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਖ਼ਤ ਨਿਗਰਾਨੀ, ਦੇਖ-ਰੇਖ ਅਤੇ ਅਚਨਚੇਤ ਜਾਂਚ ਦਾ ਸਿਲਸਿਲਾ ਇਸੇ ਤਰ੍ਹਾਂ ਨਿਰਵਿਘਨ ਜਾਰੀ ਰਹੇਗਾ। ਸਿਹਤ ਵਿਭਾਗ ਅਤੇ ਐਫ.ਡੀ.ਏ. ਪੰਜਾਬ ਨੇ ਨਾਗਰਿਕਾਂ ਨੂੰ ਵੀ ਸੁਚੇਤ ਰਹਿਣ, ਸਮਝਦਾਰੀ ਨਾਲ ਖਰੀਦਦਾਰੀ ਕਰਨ ਅਤੇ ਮਿਠਾਈਆਂ, ਡੇਅਰੀ ਉਤਪਾਦ ਤੇ ਬੇਕਰੀ ਉਤਪਾਦ ਸਿਰਫ਼ ਭਰੋਸੇਯੋਗ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲੀਆਂ ਦੁਕਾਨਾਂ ਤੋਂ ਹੀ ਖਰੀਦਣ ਦੀ ਅਪੀਲ ਕੀਤੀ ਹੈ।
-
International2 months agoਸ਼੍ਰੀਲੰਕਾ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਜ਼ਮੀਨ ਖਿਸਕੀ, 7 ਵਿਅਕਤੀਆਂ ਦੀ ਮੌਤ
-
International2 months agoਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਸ਼ਾਕਿਬ ਅਲ ਹਸਨ ਦੇ ਘਰ ਤੇ ਪੈਟਰੋਲ ਬੰਬ ਨਾਲ ਹਮਲਾ
-
International1 month agoਸਾਊਦੀ ਅਰਬ ਵਿੱਚ ਸੋਫਾ ਫੈਕਟਰੀ ਨੂੰ ਅੱਗ ਲੱਗਣ ਕਾਰਨ 16 ਬੰਗਲਾਦੇਸ਼ੀ ਮਜ਼ਦੂਰਾਂ ਦੀ ਮੌਤ
-
National1 month agoਬੱਸ ਬੇਕਾਬੂ ਹੋ ਕੇ ਸੜਕ ਤੋਂ 100 ਫੁੱਟ ਹੇਠਾਂ ਡਿੱਗੀ, 7 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International2 months agoਇਥੋਪੀਆ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ, 14 ਵਿਅਕਤੀਆਂ ਦੀ ਮੌਤ
-
National1 month ago
ਖਰਾਬ ਮੌਸਮ ਅਤੇ ਸ਼ਰਧਾਲੂਆਂ ਦੀ ਘੱਟ ਰਹੀ ਗਿਣਤੀ ਦੇ ਮੱਦੇਨਜ਼ਰ ਅਮਰਨਾਥ ਯਾਤਰਾ ਮੁਲਤਵੀ
-
Chandigarh1 month agoਸੁਖਬੀਰ ਸਿੰਘ ਬਾਦਲ ਵਲੋਂ ਚੰਡੀਗੜ੍ਹ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ
-
National1 month agoਆਸਾਮ ਵਿੱਚ ਹੜ੍ਹ ਕਾਰਨ ਮ੍ਰਿਤਕਾਂ ਦੀ ਗਿਣਤੀ 100 ਤੇ ਪਹੁੰਚੀ, 1.4 ਲੱਖ ਲੋਕ ਪ੍ਰਭਾਵਿਤ
