Connect with us

Mohali

ਕਾਂਗਰਸ ਦੇ ਪੰਜਾਬੀਆਂ ਨਾਲ ਵਿਸ਼ਵਾਸ਼ਘਾਤ ਨੇ ਸਿਰਜਿਆ ਪੰਜਾਬ ਅੰਦਰ ਕਤਲੋਗਾਰਦ ਦਾ ਬਿਰਤਾਂਤ : ਪਰਮਜੀਤ ਸਿੰਘ ਕਾਹਲੋਂ

Published

on

ਐਸ ਏ ਐਸ ਨਗਰ, 19 ਅਗਸਤ (ਸ.ਬ.) ਪੰਥਕ ਆਗੂ ਅਤੇ ਵਾਰਡ ਨੰਬਰ 10 ਤੋਂ ਆਜ਼ਾਦ ਕੌਂਸਲਰ ਸz. ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਆਜ਼ਾਦੀ ਤੋਂ ਬਾਅਦ ਕੇਂਦਰ ਦੀ ਸੱਤਾ ਤੇ ਕਾਬਿਜ ਹੋਣ ਤੋਂ ਬਾਅਦ ਪੰਜਾਬੀਆਂ ਨਾਲ ਵਾਅਦਾ ਖਿਲਾਫੀ ਕੀਤੀ ਜਿਸ ਨਾਲ ਪੰਜਾਬ ਅੰਦਰ ਇਨਸਾਫ ਲੈਣ ਲਈ ਸੰਘਰਸ਼ ਦਾ ਦੌਰ ਸ਼ੁਰੂ ਹੋਇਆ।

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਇਸਦੇ ਆਗੂਆਂ ਵਲੋਂ ਪੰਜਾਬੀ ਨਾਲ ਪੈਰ ਪੈਰ ਤੇ ਕੀਤੀ ਜਾਣ ਵਾਲੀ ਬੇਇਨਸਾਫੀ ਨੇ ਪੰਜਾਬੀਆਂ ਦਾ ਰੋਸ ਚਰਮ ਸੀਮਾ ਤੇ ਪਹੁੰਚਾਇਆ, ਜਿਸ ਨੂੰ ਦਬਾਉਣ ਲਈ ਕੇਂਦਰ ਦੀ ਕਾਂਗਰਸ ਸਰਕਾਰ ਨੇ ਆਪਣੀਆਂ ਏਜੰਸੀਆਂ ਰਾਹੀਂ ਮਾਹੌਲ ਨੂੰ ਫਿਰਕੂ ਰੰਗਤ ਦਿਵਾਈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦੂ ਸਿੱਖ ਸਿਵਲੀਅਨ ਅਤੇ ਪੁਲੀਸ ਮੁਲਾਜ਼ਮਾਂ ਦੀਆਂ ਜਾਨਾਂ ਗਈਆਂ।

ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਦੀਆਂ ਬੇਇਨਸਾਫੀਆਂ ਨੇ ਦੇਸ਼ ਦੇ ਸਭ ਤੋਂ ਖੁਸ਼ਹਾਲ ਅਤੇ ਹੱਸਦੇ ਵਸਦੇ ਸੂਬੇ ਪੰਜਾਬ ਨੂੰ ਤਬਾਹੀ ਦੇ ਰਾਹ ਤੇ ਤੋਰਿਆ ਜਿਸ ਨਾਲ ਪੰਜਾਬ ਦੇ ਅਰਥਚਾਰੇ ਨੂੰ ਵੱਡਾ ਨੁਕਸਾਨ ਹੋਇਆ ਜਿਸ ਨਾਲ ਪੰਜਾਬ ਕਰਜਾਈ ਹੋਣਾ ਸ਼ੁਰੂ ਹੋ ਗਿਆ। ਉਹਨਾਂ ਕਿਹਾ ਕਿ ਪੰਜਾਬੀਆਂ ਦੇ ਆਪਸੀ ਸਦਭਾਵਨਾ ਨਾਲੀ ਸੁਭਾਅ ਨੇ ਕੇਂਦਰ ਦੀ ਕਾਂਗਰਸ ਸਰਕਾਰ ਦੀਆਂ ਫਿਰਕੂ ਚਾਲਾਂ ਨੂੰ ਕਾਫੀ ਹੱਦ ਤਕ ਨਾਕਾਮ ਕੀਤਾ।

ਉਹਨਾਂ ਕਿਹਾ ਕਿ ਪੰਜਾਬ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਸਾਰੇ ਪੰਜਾਬ ਪ੍ਰਸਤ ਸਿਆਸਤਦਾਨਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਅਤੇ ਕਾਂਗਰਸ ਦੀਆਂ ਇਹਨਾਂ ਚਾਲਾਂ ਨੂੰ ਮਾਤ ਦਿੱਤੀ ਜਾ ਸਕੇ।

Continue Reading

Mohali

ਮੁਹਾਲੀ ਪੁਲੀਸ ਨੇ ਸੁਲਝਾਈ ਦੋ ਸਾਲਾ ਮਾਸੂਮ ਬੱਚੇ ਦੇ ਕਤਲ ਦੀ ਗੁੱਥੀ, ਪੜੌਸੀ ਮਹਿਲਾ ਨੇ ਕੀਤਾ ਸੀ ਗਲਾ ਘੁੱਟ ਕੇ ਕਤਲ

Published

on

By

ਸੀ. ਸੀ. ਟੀ. ਵੀ. ਫੁਟੇਜ ਅਤੇ ਤਕਨੀਕੀ ਤੇ ਵਿਗਿਆਨਕ ਸਬੂਤਾਂ ਦੀ ਮਦਦ ਨਾਲ ਸੁਲਝਿਆ ਮਾਮਲਾ, ਮਹਿਲਾ ਗ੍ਰਿਫ਼ਤਾਰ

ਐਸ ਏ ਐਸ ਨਗਰ, 19 ਨਵੰਬਰ (ਸ.ਬ.) ਮੁਹਾਲੀ ਪੁਲੀਸ ਨੇ ਲਾਲੜੂ ਥਾਣਾ ਖੇਤਰ ਦੇ ਪਿੰਡ ਬੱਲੋਪੁਰ ਵਿਖੇ ਦੋ ਸਾਲਾ ਮਾਸੂਮ ਬੱਚੇ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਇੱਕ ਮਹਿਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਅੱਜ ਇੱਥੇ ਇੱਕ ਪਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਐਸ ਪੀ (ਦਿਹਾਤੀ) ਐਸ. ਏ. ਐਸ. ਨਗਰ, ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੀਤੀ 15 ਨਵੰਬਰ ਨੂੰ ਪਿੰਡ ਬੱਲੋਪੁਰ ਦੇ ਵਸਨੀਕ ਗੁਰਵਿੰਦਰ ਸਿੰਘ ਦੇ ਦੋ ਸਾਲ ਦੇ ਪੁੱਤਰ ਗੁਰਸਾਂਝ ਸਿੰਘ ਦੀ ਲਾਸ਼ ਗੁਆਂਢੀ ਰਾਜਬੀਰ ਸਿੰਘ ਦੇ ਘਰ ਦੀ ਛੱਤ ਤੋਂ ਬਰਾਮਦ ਹੋਈ ਸੀ। ਮੁੱਢਲੀ ਜਾਂਚ ਵਿੱਚ ਬੱਚੇ ਦਾ ਗਲਾ ਘੁੱਟ ਕੇ ਕਤਲ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ।

ਉਹਨਾਂ ਦੱਸਿਆ ਕਿ ਇਸ ਸੰਬੰਧੀ ਗੁਰਵਿੰਦਰ ਸਿੰਘ ਨੇ ਪੁਲੀਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦਾ ਪੁੱਤਰ ਗੁਰਸਾਂਝ ਸਿੰਘ 14 ਨਵੰਬਰ ਨੂੰ ਦੁਪਹਿਰ ਕਰੀਬ 1:30 ਵਜੇ ਘਰ ਦੇ ਬਾਹਰ ਖੇਡਦਿਆਂ ਲਾਪਤਾ ਹੋ ਗਿਆ ਸੀ ਅਤੇ ਬੱਚੇ ਦੀ ਭਾਲ ਦੌਰਾਨ 15 ਨਵੰਬਰ ਦੀ ਸਵੇਰ ਨੂੰ ਉਸ ਦੀ ਲਾਸ਼ ਗੁਆਂਢੀ ਰਾਜਬੀਰ ਸਿੰਘ ਦੇ ਘਰ ਦੀ ਛੱਤ ਤੋਂ ਬਰਾਮਦ ਹੋਈ ਸੀ।

ਉਹਨਾਂ ਦੱਸਿਆ ਕਿ ਇਸ ਘਟਨਾ ਸਬੰਧੀ ਥਾਣਾ ਲਾਲੜੂ ਵਿਖੇ 15 ਨਵੰਬਰ ਨੂੰ ਬੀ ਐਨ ਐਸ ਦੀ ਧਾਰਾ 140(1), 103(1) ਬੀ.ਐਨ.ਐਸ. ਤਹਿਤ ਦਰਜ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਅਤੇ ਮੁਲਜ਼ਮ ਦੀ ਪਛਾਣ ਲਈ ਐਸ ਐਸ ਪੀ ਸ੍ਰੀ ਵਰੁਣ ਸ਼ਰਮਾ ਦੀਆਂ ਹਦਾਇਤਾਂ ਤੇ ਐਸ ਪੀ ਦਿਹਾਤੀ ਸ੍ਰੀ ਜਸਪਿੰਦਰ ਸਿੰਘ ਗਿੱਲ ਅਤੇ ਡੀ ਐਸ ਪੀ ਵਰਿੰਦਰ ਸਿੰਘ ਖੋਸਾ ਦੀ ਨਿਗਰਾਨੀ ਹੇਠ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਪਰਦੀਪ ਸਿੰਘ ਬਾਜਵਾ, ਸਪੈਸ਼ਲ ਸੈਲ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਲਾਲੜੂ ਇੰਸਪੈਕਟਰ ਆਕਾਸ਼ ਸ਼ਰਮਾ ਦੀ ਅਗਵਾਈ ਹੇਠ ਵੱਖ-ਵੱਖ ਪੁਲੀਸ ਟੀਮਾਂ ਦਾ ਗਠਨ ਕੀਤਾ ਗਿਆ।

ਉਹਨਾਂ ਦੱਸਿਆ ਕਿ ਪੁਲੀਸ ਟੀਮਾਂ ਵੱਲੋਂ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਜਿਸ ਦੌਰਾਨ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਪੜਤਾਲੇ ਜਾਣ ਤੋਂ ਇਲਾਵਾ ਹੋਰ ਤਕਨੀਕੀ ਅਤੇ ਵਿਗਿਆਨਕ ਸਬੂਤ ਵੀ ਇਕੱਠੇ ਕੀਤੇ ਗਏ। ਇਨ੍ਹਾਂ ਯਤਨਾਂ ਸਦਕਾ ਪੁਲੀਸ ਨੇ ਅੱਜ ਸੋਨਿਕਾ ਵਾਸੀ ਪਿੰਡ ਬੱਲੋਪੁਰ, ਥਾਣਾ ਲਾਲੜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਉਹਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਬੱਚੇ ਨੂੰ ਅਗਵਾ ਕਰਕੇ ਉਸ ਦਾ ਕਤਲ ਕਰਨ ਅਤੇ ਬਾਅਦ ਵਿੱਚ ਲਾਸ਼ ਘਰ ਦੀ ਛੱਤ ਉੱਪਰ ਰੱਖਣ ਦੀ ਗੱਲ ਕਬੂਲ ਕੀਤੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਦਾ ਕੁਝ ਦਿਨ ਪਹਿਲਾਂ ਗਰਭਪਾਤ ਹੋਇਆ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਤਣਾਅ ਵਿੱਚ ਸੀ। ਪੁਲੀਸ ਮੁਤਾਬਕ ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਗੁੱਸੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਉਹਨਾਂ ਦੱਸਿਆ ਕਿ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਵਾਰਦਾਤ ਵਿੱਚ ਵਰਤੇ ਗਏ ਦੱਸੇ ਜਾ ਰਹੇ ਇੱਕ ਕੰਬਲ ਅਤੇ ਇੱਕ ਚਾਦਰ ਦੀ ਬਰਾਮਦਗੀ ਕੀਤੀ ਗਈ ਹੈ। ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Continue Reading

Mohali

ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਅਤੇ ਲੰਬਿਤ ਮਾਮਲਿਆਂ ਦੀ ਸਮੀਖਿਆ

Published

on

By

ਸਵਾਮਿਤਵਾ ਯੋਜਨਾ, ਇੰਤਕਾਲਾਂ, ਜਮ੍ਹਾਂਬੰਦੀਆਂ, ਕਿਸਾਨ ਰਜਿਸਟਰੀ ਅਤੇ ਬਕਾਇਆ ਵਸੂਲੀਆਂ ਸਮੇਤ ਵੱਖ-ਵੱਖ ਮੁੱਦਿਆਂ ਦਾ ਲਿਆ ਜਾਇਜ਼ਾ

ਐਸ ਏ ਐਸ ਨਗਰ, 19 ਨਵੰਬਰ (ਸ.ਬ.) ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਆਦਿੱਤਿਆ ਡਚਲਵਾਲ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਬੰਧਤ ਕੰਮਾਂ ਦੀ ਸਮੀਖਿਆ ਕੀਤੀ ਗਈ। ਇਸ ਸੰਬੰਧੀ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਆਯੋਜਿਤ ਮੀਟਿੰਗ ਦੌਰਾਨ ਮਾਲ ਵਿਭਾਗ, ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਵੱਖ-ਵੱਖ ਸ਼ਾਖਾਵਾਂ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਜੁੜੇ ਅਹਿਮ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸਵਾਮਿਤਵਾ ਯੋਜਨਾ, ਲੰਬਿਤ ਇੰਤਕਾਲਾਂ, ਜਮ੍ਹਾਂਬੰਦੀਆਂ ਦੇ ਲੰਬਿਤ ਮਾਮਲਿਆਂ, ਕਿਸਾਨ ਰਜਿਸਟਰੀ ਦੀ ਪ੍ਰਵਾਨਗੀ, ਬਕਾਇਆ ਵਸੂਲੀਆਂ, ਅਦਾਲਤੀ ਮਾਮਲਿਆਂ ਅਤੇ ਜਨਗਣਨਾ ਨਾਲ ਸਬੰਧਤ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਡਿਪਟੀ ਕਪਿਮਸ਼ਨਰ ਵਲੋਂ ਸਵਾਮਿਤਵਾ ਯੋਜਨਾ ਬਾਰੇ ਸਬੰਧਤ ਅਧਿਕਾਰੀਆਂ ਨੂੰ ਇਸ ਯੋਜਨਾ ਤਹਿਤ ਕੀਤੇ ਜਾ ਰਹੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਜਲਦ ਮਿੱਥੇ ਸਮੇਂ ਦੌਰਾਨ ਪੂਰਾ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮਕਸਦ ਪਿੰਡਾਂ ਦੇ ਵਸਨੀਕਾਂ ਨੂੰ ਉਨ੍ਹਾਂ ਦੀਆਂ ਰਿਹਾਇਸ਼ੀ ਜਾਇਦਾਦਾਂ ਸਬੰਧੀ ਮਾਲਕੀ ਦੇ ਅਧਿਕਾਰਾਂ ਬਾਰੇ ਦਸਤਾਵੇਜ਼ ਮੁਹੱਈਆ ਕਰਵਾਉਣਾ ਹੈ।

ਮੀਟਿੰਗ ਦੌਰਾਨ ਲੰਬਿਤ ਇੰਤਕਾਲਾਂ ਅਤੇ ਜਮ੍ਹਾਂਬੰਦੀਆਂ ਦੇ ਮਾਮਲਿਆਂ ਦੀ ਵੀ ਸਮੀਖਿਆ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਸਬੰਧਤ ਮਾਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਮੀਨੀ ਰਿਕਾਰਡ ਨਾਲ ਸਬੰਧਤ ਮਾਮਲਿਆਂ ਨੂੰ ਬੇਲੋੜਾ ਲੰਬਿਤ ਨਾ ਰੱਖਿਆ ਜਾਵੇ ਅਤੇ ਨਿਯਮਾਂ ਅਨੁਸਾਰ ਇਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਨਾਲ ਸਬੰਧਤ ਸੇਵਾਵਾਂ ਲੋਕਾਂ ਦੇ ਰੋਜ਼ਾਨਾ ਜੀਵਨ ਨਾਲ ਸਿੱਧੇ ਤੌਰ ਤੇ ਜੁੜੀਆਂ ਹੋਈਆਂ ਹਨ, ਇਸ ਲਈ ਇਨ੍ਹਾਂ ਦੇ ਨਿਪਟਾਰੇ ਵਿੱਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨ ਰਜਿਸਟਰੀ ਨਾਲ ਜੁੜੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਸਮੇਂ ਸਿਰ ਪੂਰੀ ਕਰਨ ਲਈ ਕਿਹਾ ਗਿਆ, ਤਾਂ ਜੋ ਕਿਸਾਨਾਂ ਨੂੰ ਸਰਕਾਰੀ ਸੇਵਾਵਾਂ ਅਤੇ ਯੋਜਨਾਵਾਂ ਦਾ ਲਾਭ ਲੈਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਬਕਾਇਆ ਵਸੂਲੀਆਂ ਅਤੇ ਅਦਾਲਤਾਂ ਵਿੱਚ ਚੱਲ ਰਹੇ ਮਾਮਲਿਆਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਮਾਮਲਿਆਂ ਦੀ ਨਿਯਮਤ ਨਿਗਰਾਨੀ ਕਰਨ ਅਤੇ ਲੋੜੀਂਦੀ ਕਾਰਵਾਈ ਨੂੰ ਸਮਾਂਬੱਧ ਢੰਗ ਨਾਲ ਅੱਗੇ ਵਧਾਉਣ ਅਤੇ ਲੰਬਿਤ ਵਸੂਲੀਆਂ ਦਾ ਕੰਮ ਜਲਦ ਪੂਰਾ ਕਰਨ ਲਈ ਕਿਹਾ।

ਮੀਟਿੰਗ ਦੌਰਾਨ ਜਨਗਣਨਾ ਸਬੰਧੀ ਤਿਆਰੀਆਂ ਅਤੇ ਕੰਮਾਂ ਦੀ ਪ੍ਰਗਤੀ ਬਾਰੇ ਵੀ ਵਿਚਾਰ ਕੀਤਾ ਗਿਆ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਜਨਗਣਨਾ ਨਾਲ ਜੁੜੇ ਕੰਮਾਂ ਵਿੱਚ ਆਪਸੀ ਤਾਲਮੇਲ ਬਣਾਈ ਰੱਖਣ ਅਤੇ ਨਿਰਧਾਰਤ ਹਦਾਇਤਾਂ ਅਨੁਸਾਰ ਲੋੜੀਂਦੀ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ ਅਤੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਸਵੈ-ਗਣਨਾ ਦਾ ਕੰਮ 16 ਨਵੰਬਰ ਤੋਂ 30 ਨਵੰਬਰ 2026 ਤੱਕ ਕੀਤਾ ਜਾਵੇਗਾ। ਇਸ ਦੌਰਾਨ ਨਾਗਰਿਕ ਨਿਰਧਾਰਤ ਆਨਲਾਈਨ ਪੋਰਟਲ ਰਾਹੀਂ ਆਪਣੇ ਘਰ ਅਤੇ ਪਰਿਵਾਰ ਨਾਲ ਸਬੰਧਤ ਲੋੜੀਂਦੀ ਜਾਣਕਾਰੀ ਖੁਦ ਦਰਜ ਕਰ ਕਰਨ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਗੀਤਿਕਾ ਸਿੰਘ, ਐਸ.ਡੀ.ਐਮ. ਡੇਰਾਬੱਸੀ, ਅਮਿਤ ਗੁਪਤਾ, ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ, ਉਪ ਅਰਥ ਅਤੇ ਅੰਕੜਾ ਸਲਾਹਕਾਰ, ਕਾਰਜਕਾਰੀ ਅਧਿਕਾਰੀਆਂ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਹਾਜ਼ਰ ਸਨ।

Continue Reading

Mohali

ਗੁ: ਸਿੰਘ ਸ਼ਹੀਦਾਂ ਵਿਖੇ ਬਨਣ ਵਾਲੀ ਬਹੁਮੰਜਿਲੀ ਕਾਰ ਪਾਰਕਿੰਗ ਦੀ ਤੀਜੀ ਮੰਜਿਲ ਦੇ ਦੂਜੇ ਪੜਾਅ ਦਾ ਲੈਂਟਰ ਪਾਇਆ

Published

on

By

ਐਸ ਏ ਐਸ ਨਗਰ, 19 ਨਵੰਬਰ (ਸ.ਬ.) ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬਨਣ ਵਾਲੀ ਬਹੁਮੰਜਿਲੀ ਕਾਰ ਪਾਰਕਿੰਗ ਦੀ ਤੀਜੀ ਮੰਜਿਲ ਦੇ ਦੂਜੇ ਪੜਾਅ ਦਾ ਲੈਂਟਰ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਇਸ ਕਾਰ ਪਾਰਕਿੰਗ ਦੀ ਤੀਜੀ ਮੰਜਿਲ ਦੇ ਦੂਜੇ ਪੜਾਅ ਦੇ ਲੈਂਟਰ ਦੀ ਅਰੰਭਤਾ ਲਈ ਸਵੇਰੇ 10 ਵਜੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿੱਚ ਜੈਕਾਰਿਆਂ ਦੀ ਗੂੰਜ ਨਾਲ ਤੀਜੀ ਮੰਜਿਲ ਦੇ ਦੂਜੇ ਪੜਾਅ ਦੇ ਲੈਂਟਰ ਦੀ ਅਰੰਭਤਾ ਕਰਵਾਈ ਗਈ। ਆਧੁਨਿਕ ਸਹੁਲਤਾਂ ਵਾਲੀ ਇਹ ਕਾਰ ਪਾਰਕਿੰਗ ਬੇਸਮੇਂਟ ਸਮੇਤ 7 ਮੰਜਿਲਾ ਬਣਵਾਈ ਜਾ ਰਹੀ ਹੈ।

ਉਹਨਾਂ ਦੱਸਿਆ ਕਿ ਇਸ ਅਸਥਾਨ ਤੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਅਸ਼ੀਰਵਾਦ ਸਦਕਾ ਸੰਗਤਾਂ ਦੀ ਸਹੁਲਤ ਲਈ ਬਹੁਮੰਜਿਲੀ ਕਾਰ ਪਾਰਕਿੰਗ ਦਾ ਨਿਰਮਾਨ ਕੀਤਾ ਜਾ ਰਿਹਾ ਹੈ।

ਇਸ ਮੌਕੇ ਕਈ ਸੰਤ ਮਹਾਂਪੁਰਖ, ਸਿਆਸੀ ਆਗੂ, ਪਿੰਡ ਅਤੇ ਇਲਾਕੇ ਦੇ ਪਤਵੰਤੇ ਸੱਜਣ ਉਚੇਚੇ ਤੌਰ ਤੇ ਕਾਰ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਪੁੱਜੇ ਹੋਏ ਸਨ। ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਮਠਿਆਈਆਂ ਅਤੇ ਦੁੱਧ ਚਾਹ ਦਾ ਅਤੁੱਟ ਲੰਗਰ ਵਰਤਾਇਆ ਗਿਆ।

Continue Reading

Latest News

Trending