Connect with us

Mohali

ਸਮਗੌਲੀ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਨੂੰ ਵਿਗਿਆਨਕ ਢੰਗ ਨਾਲ ਚਾਲੂ ਕਰਨ ਲਈ ਸਮਾਂਬੱਧ ਕਾਰਵਾਈ ਕਰੇ ਸਰਕਾਰ : ਕੁਲਜੀਤ ਸਿੰਘ ਬੇਦੀ

Published

on

ਸਾਬਕਾ ਡਿਪਟੀ ਮੇਅਰ ਨੇ ਪੰਜਾਬ ਸਰਕਾਰ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਦਿੱਤਾ

ਐਸ ਏ ਐਸ ਨਗਰ, 21 ਅਗਸਤ (ਸ.ਬ.) ਮੁਹਾਲੀ ਸ਼ਹਿਰ ਵਿੱਚ ਪੇਸ਼ ਆ ਰਹੀ ਕੂੜਾ ਪ੍ਰਬੰਧਨ ਦੀ ਗੰਭੀਰ ਸਮੱਸਿਆ ਅਤੇ ਸਮਗੌਲੀ ਵਿਖੇ ਪ੍ਰਸਤਾਵਿਤ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਦੇ ਲੰਬੇ ਸਮੇਂ ਤੋਂ ਲਟਕਣ ਨੂੰ ਲੈ ਕੇ ਨਗਰ ਨਿਗਮ ਮੁਹਾਲੀ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਆਪਣੇ ਵਕੀਲਾਂ ਰੰਜੀਵਨ ਸਿੰਘ, ਰਿਸ਼ਮਰਾਗ ਸਿੰਘ ਅਤੇ ਕਨਿਕਾ ਤੂਰ ਰਾਂਹੀ ਪੰਜਾਬ ਸਰਕਾਰ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਸz. ਬੇਦੀ ਨੇ ਇਸ ਨੋਟਿਸ ਰਾਹੀਂ ਸਮਗੌਲੀ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਨੂੰ ਤੁਰੰਤ ਅੱਗੇ ਵਧਾਉਣ ਅਤੇ ਵਿਗਿਆਨਕ ਢੰਗ ਨਾਲ ਚਲਾਉਣ ਲਈ ਸਮਾਂਬੱਧ ਕਾਰਵਾਈ ਦੀ ਮੰਗ ਕੀਤੀ ਹੈ।

ਨੋਟਿਸ ਵਿੱਚ ਕਿਹਾ ਗਿਆ ਹੈ ਕਿ ਡੇਰਾਬੱਸੀ ਤਹਿਸੀਲ ਦੇ ਸਮਗੌਲੀ ਵਿਖੇ ਲਗਭਗ 50 ਏਕੜ ਜ਼ਮੀਨ ਸਾਲਿਡ ਵੇਸਟ ਮੈਨੇਜਮੈਂਟ ਸਹੂਲਤ ਲਈ ਨਿਰਧਾਰਤ ਕੀਤੀ ਗਈ ਸੀ। ਨੋਟਿਸ ਮੁਤਾਬਕ ਇੱਕ ਦਹਾਕੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਹ ਪ੍ਰਾਜੈਕਟ ਪੂਰੀ ਤਰ੍ਹਾਂ ਵਿਕਸਤ ਅਤੇ ਚਾਲੂ ਨਹੀਂ ਹੋ ਸਕਿਆ, ਜਿਸ ਕਾਰਨ ਮੁਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕੂੜਾ ਪ੍ਰਬੰਧਨ ਨਾਲ ਜੁੜੀਆਂ ਸਮੱਸਿਆਵਾਂ ਲਗਾਤਾਰ ਬਣੀਆਂ ਹੋਈਆਂ ਹਨ।

ਨੋਟਿਸ ਵਿੱਚ ਸਾਲ 2015 ਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ ਜੀ ਟੀ) ਦੇ ਹੁਕਮ ਦਾ ਵੀ ਹਵਾਲਾ ਦਿੱਤਾ ਗਿਆ ਹੈ। ਬੇਦੀ ਵੱਲੋਂ ਕਿਹਾ ਗਿਆ ਹੈ ਕਿ 13 ਜਨਵਰੀ 2015 ਦੇ ਹੁਕਮ ਵਿੱਚ ਸਮਗੌਲੀ ਵਿਖੇ ਸਾਲਿਡ ਵੇਸਟ ਪਲਾਂਟ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਅਤੇ ਵੱਧ ਤੋਂ ਵੱਧ ਜਨਵਰੀ 2017 ਤੱਕ ਚਾਲੂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਕਾਨੂੰਨੀ ਨੋਟਿਸ ਅਨੁਸਾਰ ਨਿਰਧਾਰਤ ਸਮਾਂ ਸੀਮਾ ਲੰਘ ਜਾਣ ਦੇ ਬਾਵਜੂਦ ਪ੍ਰਾਜੈਕਟ ਪੂਰੀ ਤਰ੍ਹਾਂ ਚਾਲੂ ਨਹੀਂ ਹੋ ਸਕਿਆ। ਸz. ਬੇਦੀ ਵਲੋਂ ਨੋਟਿਸ ਵਿੱਚ ਇਹ ਵੀ ਦਲੀਲ ਦਿੱਤੀ ਗਈ ਹੈ ਕਿ ਮੁਹਾਲੀ ਸ਼ਹਿਰ ਦੇ ਲਗਾਤਾਰ ਵਿਸਥਾਰ ਨਾਲ ਠੋਸ ਕੂੜੇ ਦੀ ਮਾਤਰਾ ਵਿੱਚ ਵਾਧਾ ਹੋਇਆ ਹੈ, ਜਦਕਿ ਕੂੜੇ ਦੀ ਵਿਗਿਆਨਕ ਪ੍ਰੋਸੈਸਿੰਗ ਅਤੇ ਨਿਪਟਾਰੇ ਲਈ ਸਥਾਈ ਪ੍ਰਬੰਧ ਅਜੇ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਉਪਲਬਧ ਨਹੀਂ ਹੋ ਸਕਿਆ।

ਕਾਨੂੰਨੀ ਨੋਟਿਸ ਵਿੱਚ ਸਥਾਨਕ ਸਰਕਾਰ ਵਿਭਾਗ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ, ਨਗਰ ਨਿਗਮ ਮੁਹਾਲੀ, ਗਮਾਡਾ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਸ਼ਾਮਲ ਕਰਕੇ ਇੱਕ ਅੰਤਰ-ਵਿਭਾਗੀ ਟਾਸਕ ਫੋਰਸ ਬਣਾਉਣ ਦੀ ਮੰਗ ਕੀਤੀ ਗਈ ਹੈ ਅਤੇ ਇਸ ਟਾਸਕ ਫੋਰਸ ਰਾਹੀਂ ਸਮਗੌਲੀ ਪ੍ਰਾਜੈਕਟ ਨਾਲ ਸਬੰਧਤ ਜ਼ਮੀਨ, ਸੜਕ, ਪ੍ਰਸ਼ਾਸਨਿਕ ਅਤੇ ਬੁਨਿਆਦੀ ਢਾਂਚੇ ਨਾਲ ਜੁੜੀਆਂ ਰੁਕਾਵਟਾਂ ਨੂੰ ਸਮਾਂਬੱਧ ਢੰਗ ਨਾਲ ਦੂਰ ਕਰਨ ਦੀ ਮੰਗ ਕੀਤੀ ਗਈ ਹੈ।

ਇਸ ਦੇ ਨਾਲ ਸਮਗੌਲੀ ਵਿਖੇ ਅਜਿਹੀ ਵਿਗਿਆਨਕ ਸਾਲਿਡ ਵੇਸਟ ਪ੍ਰੋਸੈਸਿੰਗ ਸਹੂਲਤ ਸਥਾਪਤ ਕਰਨ ਦੀ ਮੰਗ ਕੀਤੀ ਗਈ ਹੈ, ਜੋ ਮੁਹਾਲੀ ਦੇ ਨਾਲ-ਨਾਲ ਡੇਰਾਬੱਸੀ, ਖਰੜ ਅਤੇ ਜ਼ੀਰਕਪੁਰ ਖੇਤਰ ਤੋਂ ਪੈਦਾ ਹੋਣ ਵਾਲੇ ਕੂੜੇ ਨੂੰ ਵੀ ਸੰਭਾਲਣ ਦੇ ਸਮਰੱਥ ਹੋਵੇ।

ਨੋਟਿਸ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਮੁਹਾਲੀ ਵਿੱਚ 100 ਫੀਸਦੀ ਕੂੜਾ ਸਰੋਤ ਪੱਧਰ ਤੇ ਵੱਖ ਕਰਨ, ਘਰ-ਘਰ ਤੋਂ ਵੱਖ-ਵੱਖ ਕਿਸਮ ਦਾ ਕੂੜਾ ਇਕੱਠਾ ਕਰਨ ਅਤੇ ਇਸ ਨੂੰ ਢੱਕੇ ਹੋਏ ਵਾਹਨਾਂ ਰਾਹੀਂ ਲਿਜਾਣ ਦੀ ਵਿਵਸਥਾ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਖੁੱਲ੍ਹੀਆਂ ਥਾਵਾਂ, ਖਾਲੀ ਪਲਾਟਾਂ, ਸੜਕਾਂ ਦੇ ਕਿਨਾਰਿਆਂ, ਨਾਲਿਆਂ ਜਾਂ ਜਲ ਸਰੋਤਾਂ ਦੇ ਨੇੜੇ ਬਿਨਾਂ ਛਾਂਟੀ ਕੀਤੇ ਜਾਂ ਬਿਨਾਂ ਇਲਾਜ ਕੀਤੇ ਠੋਸ ਕੂੜੇ ਦੀ ਡੰਪਿੰਗ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਨੋਟਿਸ ਵਿੱਚ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ ਦੀ ਪਾਲਣਾ ਯਕੀਨੀ ਬਣਾਉਣ ਅਤੇ ਕੂੜਾ ਪ੍ਰਬੰਧਨ ਨਾਲ ਸਬੰਧਤ ਸਾਰੀਆਂ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਮੰਗ ਵੀ ਕੀਤੀ ਗਈ ਹੈ।

ਸz. ਬੇਦੀ ਵੱਲੋਂ ਜਾਰੀ ਕਾਨੂੰਨੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਨਾ ਕੀਤੀ ਗਈ ਤਾਂ ਸਮਰੱਥ ਅਦਾਲਤ ਜਾਂ ਸਬੰਧਤ ਕਾਨੂੰਨੀ ਫੋਰਮ ਅੱਗੇ ਉਚਿਤ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

Continue Reading

Mohali

ਗਮਾਡਾ ਨੇ ਪਿੰਡ ਰਾਏਪੁਰ ਵਿੱਚ ਬਾਗ਼ ਦੀ ਜ਼ਮੀਨ ਤੇ ਨਾਜਾਇਜ਼ ਕਲੋਨੀ ਕੱਟਣ ਵਾਲਿਆਂ ਖਿਲਾਫ ਕੀਤੀ ਕਾਰਵਾਈ

Published

on

By

ਬੁਲਡੋਜ਼ਰ ਚਲਾ ਕੇ ਚਾਰਦੀਵਾਰੀ ਢਾਹੀ, ਸੀਵਰੇਜ ਦੀਆਂ ਲਾਈਨਾਂ ਪੁੱਟੀਆਂ

ਐਸ ਏ ਐਸ ਨਗਰ, 29 ਅਕਤੂਬਰ (ਪਵਨ ਰਾਵਤ) ਪਿੰਡ ਰਾਏਪੁਰ ਵਿੱਚ ਬਾਗ਼ ਦੀ ਜ਼ਮੀਨ ਤੇ ਕਥਿਤ ਤੌਰ ਤੇ ਨਾਜਾਇਜ਼ ਕਲੋਨੀ ਕੱਟਣ ਅਤੇ ਹਰੇ-ਭਰੇ ਦਰੱਖਤਾਂ ਦੀ ਕਟਾਈ ਦੇ ਮਾਮਲੇ ਵਿੱਚ ਗਮਾਡਾ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਮੌਕੇ ਤੇ ਬੁਲਡੋਜ਼ਰ ਚਲਾ ਕੇ ਚਾਰਦੀਵਾਰੀ ਢਾਹ ਦਿੱਤੀ ਗਈ ਅਤੇ ਸੀਵਰੇਜ ਦੀਆਂ ਲਾਈਨਾਂ ਪੁੱਟ ਦਿੱਤੀਆਂ ਗਈਆਂ।

ਗਮਾਡਾ ਦੀ ਰੈਗੁਲੇਟਰੀ ਬ੍ਰਾਂਚ ਦੇ ਐਸ ਡੀ ਓ ਸz. ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਕਾਰਵਾਈ ਨਾਲ ਨਾਜਾਇਜ਼ ਤੌਰ ਤੇ ਕਲੋਨੀਆਂ ਵਿਕਸਿਤ ਕਰਨ ਵਾਲਿਆਂ ਨੂੰ ਸਖ਼ਤ ਸੰਦੇਸ਼ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਕੇ ਕਲੋਨੀਆਂ ਵਿਕਸਿਤ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜਿਨ੍ਹਾਂ ਲੋਕਾਂ ਨੇ ਲੋੜੀਂਦੀਆਂ ਮਨਜ਼ੂਰੀਆਂ ਲਏ ਬਿਨਾਂ ਉਸਾਰੀ ਕੀਤੀ ਹੈ, ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਗਲਤਫ਼ਹਿਮੀ ਨਹੀਂ ਰੱਖਣੀ ਚਾਹੀਦੀ ਕਿ ਮਕਾਨ ਬਣ ਜਾਣ ਤੋਂ ਬਾਅਦ ਗਮਾਡਾ ਕੋਈ ਕਾਰਵਾਈ ਨਹੀਂ ਕਰ ਸਕਦਾ। ਜੇਕਰ ਕਿਸੇ ਨੇ ਬਿਨਾਂ ਮਨਜ਼ੂਰੀ ਮਕਾਨ ਬਣਾਇਆ ਹੈ, ਤਾਂ ਗਮਾਡਾ ਵੱਲੋਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Continue Reading

Mohali

ਪੰਚਾਇਤ ਸਮਿਤੀਆਂ/ਜਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਵੱਲੋਂ ਰੋਸ ਧਰਨਾ

Published

on

By

ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਪੰਚਾਇਤ ਸਮਿਤੀਆਂ/ਜਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਵੱਲੋਂ ਆਪਣੀਆਂ ਲਮਕਦੀਆਂ ਮੰਗਾਂ ਮੰਗਵਾਉਣ ਲਈ ਸz. ਲਛਮਣ ਸਿੰਘ ਗਰੇਵਾਲ ਅਤੇ ਰਾਜਵਿੰਦਰ ਸਿੰਘ ਤਰਸਿੱਕਾ ਦੀ ਅਗਵਾਈ ਵਿੱਚ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਮੁੱਖ ਦਫਤਰ (ਵਿਕਾਸ ਭਵਨ ਮੁਹਾਲੀ) ਵਿਖੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਬੁਲਾਰਿਆਂ ਵੱਲੋਂ ਕਿਹਾ ਗਿਆ ਕਿ ਸਰਕਾਰ ਅਤੇ ਵਿਭਾਗ ਉਨ੍ਹਾਂ ਨਾਲ ਮਤਰੇਈ ਮਾਂ ਜਿਹਾ ਸਲੂਕ ਕਰ ਰਿਹਾ ਹੈ। ਪੇ-ਕਮਿਸ਼ਨ ਦੇ ਬਕਾਏ ਜਾਰੀ ਨਹੀਂ ਕੀਤੇ ਜਾ ਰਹੇ, ਬੁਢਾਪਾ ਭੱਤਾ ਪੂਰਾ ਨਹੀਂ ਦਿੱਤਾ ਜਾ ਰਿਹਾ, ਐਲ. ਟੀ. ਸੀ. ਦੀ ਸਹੂਲਤ ਲਾਗੂ ਨਹੀਂ ਕੀਤੀ ਜਾ ਰਹੀ, ਪੈਨਸ਼ਨ ਲਾਉਣ ਲਈ ਕੋਈ ਸਮਾਂ ਸੀਮਾਂ ਨਹੀਂ, ਪੈਨਸ਼ਨ ਸਮੇਂ ਸਿਰ ਨਹੀਂ ਦਿੱਤੀ ਜਾਂਦੀ, ਅਦਾਲਤੀ ਫੈਸਲਿਆਂ ਨੂੰ ਅਪੀਲਾਂ ਰਾਹੀਂ ਲਟਕਾਇਆ ਜਾ ਰਿਹਾ ਹੈ ਅਤੇ ਪੈਨਸ਼ਨ ਸੈਲ ਨੂੰ ਸੂਚਾਰੂ ਬਣਾਉਣ ਲਈ ਯਤਨ ਨਹੀਂ ਕੀਤੇ ਜਾਂਦੇ।

ਉਨ੍ਹਾਂ ਕਿਹਾ ਕਿ ਜੇ ਇਸ ਧਰਨੇ ਉਪਰੰਤ ਵੀ ਕਾਰਗਰ ਕਦਮ ਨਾ ਚੁੱਕੇ ਗਏ ਤਾਂ 25 ਨਵੰਬਰ ਨੂੰ ਮੁੜ ਧਰਨਾ ਲਗਾਇਆ ਜਾਵੇਗਾ। ਧਰਨੇ ਨੂੰ ਪੈਨਸ਼ਨਰ ਆਗੂਆਂ ਲਛਮਣ ਸਿੰਘ ਗਰੇਵਾਲ, ਰਾਜਵਿੰਦਰ ਸਿੰਘ ਤਰਸਿੱਕਾ, ਕੁਲਵੰਤ ਕੌਰ ਬਾਠ, ਗੁਰਮੀਤ ਸਿੰਘ ਭਾਂਖਰਪੁਰ, ਸੁਰਿੰਦਰ ਹਾਟਾ, ਸ਼ੇਰ ਮੁਹੰਮਦ, ਲਖਵਿੰਦਰ ਸਿੰਘ, ਰਾਜਵੰਤ ਸਿੰਘ, ਦਰਸ਼ਨ ਸਿੰਘ, ਮਾਨ ਸਿੰਘ, ਬਲਦੇਵ ਸਿੰਘ, ਮਹਿੰਦਰ ਸਿੰਘ ਭੰਗੂ, ਭਗਵਾਨ ਸਿੰਘ ਤੇ ਜਾਗੀਰ ਸਿੰਘ ਢਿੱਲੋਂ ਆਦਿ ਨੇ ਸੰਬੋਧਨ ਕੀਤਾ।

Continue Reading

Mohali

ਝੋਨੇ ਦੇ ਖਰੀਦ ਜਾਰੀ ਰੱਖਣ ਸਬੰਧੀ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਸਕੱਤਰ ਫੂਡ ਸਪਲਾਈ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ

Published

on

By

ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਕੱਤਰ ਫੂਡ ਸਪਲਾਈ ਪੰਜਾਬ ਨੂੰ ਡਿਪਟੀ ਕਮਿਸ਼ਨਰ ਮੁਹਾਲੀ ਰਾਹੀਂ ਮੰਗ ਪੱਤਰ ਦੇ ਕੇ ਝੋਨੇ ਦੇ ਖਰੀਦ ਜਾਰੀ ਰੱਖਣ ਸਬੰਧੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ ਨੇ ਦੱਸਿਆ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਮੰਡੀਆਂ ਵਿੱਚ ਕਿਸਾਨਾਂ ਨੂੰ ਝੋਨਾ ਵੇਚਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ ਕਿਉਂਕਿ ਆੜ੍ਹਤੀਆਂ ਵੱਲੋਂ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਸਰਕਾਰ ਦਾ ਖਰੀਦ ਦਾ ਟੀਚਾ ਪੂਰਾ ਹੋ ਜਾਣ ਕਾਰਨ ਸਰਕਾਰ ਵੱਲੋਂ ਖਰੀਦ ਬੰਦ ਕਰ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਕੁਝ ਮੰਡੀਆਂ ਵਿੱਚ ਬਾਰਦਾਨਾ ਮੁਹਈਆ ਨਹੀਂ ਕਰਵਾਇਆ ਜਾ ਰਿਹਾ ਅਤੇ ਕੁਝ ਮੰਡੀਆਂ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਦੱਸ ਕੇ ਕਈ-ਕਈ ਦਿਨਾਂ ਤੋਂ ਖਰੀਦ ਨਹੀਂ ਕੀਤੀ ਜਾ ਰਹੀ। ਉਹਨਾਂ ਲਿਖਿਆ ਹੈ ਕਿ ਸੀਜਨ ਦੇ ਪਹਿਲੇ ਦਿਨ ਤੋਂ ਹੀ ਸਰਕਾਰ ਕਹਿ ਰਹੀ ਹੈ ਕਿ ਝੋਨਾ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ, ਇਸ ਕਰਕੇ ਖਰੀਦ ਬੰਦ ਨਹੀਂ ਕਰਨੀ ਚਾਹੀਦੀ।

ਉਹਨਾਂ ਲਿਖਿਆ ਹੈ ਕਿ ਖੇਤੀਬਾੜੀ ਵਿਭਾਗ ਦੇ ਸਰਵੇ ਅਨੁਸਾਰ ਝਾੜ ਵਿੱਚ ਵਾਧਾ ਹੋਇਆ ਹੈ ਅਤੇ ਖਰੀਦ ਏਜੰਸੀਆਂ ਵੱਲੋਂ ਕਿਹਾ ਜਾ ਰਿਹਾ ਹੈ ਪਿਛਲੇ ਸਾਲਾਂ ਦੇ ਸੀਜਨਾਂ ਦੇ ਝਾੜ ਮੁਤਾਬਕ ਖਰੀਦ ਕੀਤੀ ਜਾਵੇਗੀ ਜਦ ਕਿ ਇਸ ਸਾਲ ਝਾੜ ਜਿਆਦਾ ਹੈ। ਪਿਛਲੇ ਸੀਜ਼ਨ ਵਿੱਚ ਤਾਂ ਹੜ੍ਹਾਂ ਅਤੇ ਬਿਮਾਰੀਆਂ ਕਾਰਨ ਫਸਲ ਘੱਟ ਹੁੰਦੀ ਰਹੀ।

ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਨਿਰਵਿਘਨ ਖਰੀਦ ਕੀਤੀ ਜਾਵੇ ਕਿਉਂਕਿ ਜੇਕਰ ਕਿਸਾਨ ਨੂੰ ਮੰਡੀਆਂ ਵਿੱਚ ਵਾਧੂ ਟਾਈਮ ਲੱਗੇਗਾ ਤਾਂ ਕਣਕ ਦੀ ਬਿਜਾਈ ਵੀ ਲੇਟ ਹੋਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਖਾਦ ਅਤੇ ਹੋਰ ਖਾਦਾਂ ਦਾ ਪ੍ਰਬੰਧ ਕਰਨ ਲਈ ਵਾਧੂ ਪਰੇਸ਼ਾਨ ਹੋਣਾ ਪੈ ਰਿਹਾ ਹੈ। ਉਪਰੋਕਤ ਮੰਗਾਂ ਤੇ ਤੁਰੰਤ ਧਿਆਨ ਦਿੱਤਾ ਜਾਵੇ ਕਿਸੇ ਵੀ ਦਾਣਾ ਮੰਡੀ ਵਿੱਚ ਖਰੀਦ ਬੰਦ ਨਾ ਕੀਤੀ ਜਾਵੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਹਰ ਸਿੰਘ ਥੇੜੀ ਪ੍ਰੈਸ ਸਕੱਤਰ ਪੰਜਾਬ, ਹਕੀਕਤ ਸਿੰਘ ਘੜੂੰਆਂ ਜ਼ਿਲ੍ਹਾ ਪ੍ਰੈਸ ਸਕੱਤਰ, ਬਹਾਦਰ ਸਿੰਘ ਨਿਆਮੀਆਂ ਜ਼ਿਲ੍ਹਾ ਜਨਰਲ ਸਕੱਤਰ, ਕੁਲਦੀਪ ਸਿੰਘ ਜਲਾਲਪੁਰ ਬਲਾਕ ਡੇਰਾਬੱਸੀ, ਜਰਨੈਲ ਸਿੰਘ ਦਿਆਲਪੁਰਾ ਬਲਾਕ ਪ੍ਰਧਾਨ ਡੇਰਾਬੱਸੀ, ਬਲਵਿੰਦਰ ਸਿੰਘ ਮਲਕਪੁਰ ਡੇਰਾਬੱਸੀ, ਪ੍ਰੇਮ ਸਿੰਘ ਮੀਰਪੁਰ ਡੇਰਾਬੱਸੀ, ਤਲਵਿੰਦਰ ਸਿੰਘ ਡੇਰਾਬੱਸੀ ਹਾਜ਼ਰ ਸਨ।

Continue Reading

Latest News

Trending