Mohali
ਛੇ ਮਹੀਨੇ ਦਾ ਕੋਰਸ ਪੂਰਾ ਹੋਣ ਤੇ ਸਿਖਿਆਰਥਣਾਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤੇ ਗਏ ਵੱਖ-ਵੱਖ ਸੈਂਪਲਾਂ ਦੀ ਪ੍ਰਦਰਸ਼ਨੀ ਲਗਾਈ
ਐਸ ਏ ਐਸ ਨਗਰ, 27 ਅਗਸਤ (ਸ.ਬ.) ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਮਟੌਰ ਵਿਖੇ ਚਲਾਏ ਜਾ ਰਹੇ ਸਿਲਾਈ ਅਤੇ ਕਢਾਈ ਸੈਂਟਰ ਵਿੱਚ ਛੇ ਮਹੀਨੇ ਦਾ ਕੋਰਸ ਪੂਰਾ ਹੋਣ ਤੇ ਸਿਖਿਆਰਥਣਾਂ ਵੱਲੋਂ ਟ੍ਰੇਨਿੰਗ ਦੌਰਾਨ ਆਪਣੇ ਹੱਥਾਂ ਨਾਲ ਤਿਆਰ ਕੀਤੇ ਗਏ ਵੱਖ-ਵੱਖ ਸੈਂਪਲਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਕੇ.ਕੇ. ਸੈਣੀ ਅਤੇ ਪ੍ਰਧਾਨ ਸ਼੍ਰੀ ਸੰਜੀਵ ਰਾਬੜਾ ਨੇ ਪ੍ਰਦਰਸ਼ਨੀ ਦਾ ਮੁਆਇਨਾ ਕੀਤਾ ਅਤੇ ਸਿਖਿਆਰਥਣਾਂ ਵੱਲੋਂ ਤਿਆਰ ਕੀਤੇ ਸੈਂਪਲਾਂ ਨੂੰ ਦੇਖਿਆ। ਉਨ੍ਹਾਂ ਕਿਹਾ ਕਿ ਸਿਖਿਆਰਥਣਾਂ ਨੇ ਛੇ ਮਹੀਨਿਆਂ ਦੌਰਾਨ ਬੜੀ ਮਿਹਨਤ ਅਤੇ ਲਗਨ ਨਾਲ ਸਿਲਾਈ ਤੇ ਕਢਾਈ ਦਾ ਹੁਨਰ ਸਿੱਖਿਆ ਹੈ।
ਉਹਨਾਂ ਕਿਹਾ ਕਿ ਸੋਸਾਇਟੀ ਦਾ ਮੁੱਖ ਉਦੇਸ਼ ਲੜਕੀਆਂ ਅਤੇ ਮਹਿਲਾਵਾਂ ਨੂੰ ਹੁਨਰਮੰਦ ਬਣਾਕੇ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨਾ ਅਤੇ ਆਤਮਨਿਰਭਰ ਬਣਾਉਣਾ ਹੈ। ਇਸ ਤਰ੍ਹਾਂ ਦੇ ਵੋਕੇਸ਼ਨਲ ਕੋਰਸ ਲੜਕੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਵੀ ਪੈਦਾ ਕਰਦੇ ਹਨ। ਇਸ ਮੌਕੇ ਸਿਲਾਈ ਅਤੇ ਕਢਾਈ ਦੀ ਅਧਿਆਪਕਾ ਸਿਮਰਨ ਸਮੇਤ ਲਗਭਗ 20 ਸਿਖਿਆਰਥਣਾਂ ਹਾਜ਼ਰ ਸਨ।
Mohali
ਲੋਕਤੰਤਰ ਦਾ ਘਾਣ ਕਰ ਰਹੀ ਹੈ ਆਪ ਸਰਕਾਰ : ਕਮਲਪ੍ਰੀਤ ਸਿੰਘ ਬੰਨੀ
ਚੁਣੇ ਹੋਏ ਨੁਮਾਇੰਦਿਆਂ ਨੂੰ ਅਣਦੇਖਿਆ ਕਰ ਕੇ ਆਪ ਦੇ ਹਾਰੇ ਉਮੀਦਵਾਰ ਖਿਚਵਾ ਰਹੇ ਹਨ ਵਿਕਾਸ ਕਾਰਜਾਂ ਦੀਆਂ ਫੋਟੋਆਂ
ਐਸ ਏ ਐਸ ਨਗਰ, 27 ਅਗਸਤ (ਸ.ਬ.) ਨਗਰ ਨਿਗਮ ਦੇ ਵਾਰਡ ਨੰਬਰ 14 ਦੇ ਕੌਂਸਲਰ ਸz. ਕਮਲਪ੍ਰੀਤ ਸਿੰਘ ਬੰਨੀ ਨੇ ਦੋਸ਼ ਲਗਾਇਆ ਹੈ ਕਿ ਆਪ ਸਰਕਾਰ ਪੂਰੀ ਤਰ੍ਹਾਂ ਬੇਸ਼ਰਮੀ ਤੇ ਉਤਾਰੂ ਹੋ ਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ ਅਤੇ ਕੌਂਸਲਰਾਂ ਵਲੋਂ ਪਾਸ ਕਰਵਾਏ ਕੰਮਾਂ ਦਾ ਸਿਹਰਾ ਆਪ ਦੇ ਹਾਰੇ ਉਮੀਦਵਾਰਾਂ ਨੂੰ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿ ਪਹਿਲਾਂ ਤਾਂ ਵਿਰੋਧੀ ਕੌਂਸਲਰਾਂ ਦੇ ਵਾਰਡਾਂ ਵਿੱਚ ਲੰਬਾ ਸਮਾਂ ਕੰਮ ਹੀ ਨਹੀਂ ਕਰਵਾਏ ਜਾਂਦੇ ਅਤੇ ਜਦੋਂ ਕੰਮ ਆਰੰਭ ਹੁੰਦਾ ਹੈ ਤਾਂ ਕੌਂਸਲਰ ਨੂੰ ਇਸਦੀ ਜਾਣਕਾਰੀ ਤਕ ਨਹੀਂ ਦਿੱਤੀ ਜਾਂਦੀ ਅਤੇ ਆਪ ਦੇ ਹਾਰੇ ਹੋਏ ਉਮੀਦਵਾਰ ਮੌਕੇ ਤੇ ਫੋਟੋਆਂ ਖਿਚਵਾ ਕੇ ਇਹ ਸਾਬਿਤ ਕਰਨ ਦਾ ਯਤਨ ਕਰਦੇ ਹਨ ਕਿ ਇਹ ਕੰਮ ਉਹਨਾਂ ਵਲੋਂ ਹੀ ਕਰਵਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਉਹਨਾਂ ਵਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ 7 ਜਨਵਰੀ 2026 ਦੀ ਮੀਟਿੰਗ ਵਿੱਚ ਵਾਰਡ ਵਿੱਚ ਲੋੜੀਂਦੇ ਮੁਰੰਮਤ ਦੇ ਕੰਮਾਂ ਲਈ 24.16 ਲੱਖ ਦੇ ਮੁਰੰਮਤ ਦੇ ਕੰਮਾਂ ਦਾ ਮਤਾ ਪਾਸ ਕਰਵਾਇਆ ਸੀ ਜਿਸਦਾ ਪਹਿਲਾਂ ਤਾਂ ਲੰਬਾ ਸਮਾਂ ਵਰਕ ਆਰਡਰ ਹੀ ਜਾਰੀ ਨਹੀਂ ਹੋਇਆ ਅਤੇ ਹੁਣ ਵਾਰਡ ਨੰਬਰ 14 ਵਿੱਚ ਚੋਣ ਹਾਰੇ ਆਪ ਦੇ ਉਮੀਦਵਾਰ ਵਿਕਰਮ ਸੰਧੂ ਇਹ ਕੰਮ ਕਰਵਾਉਂਦਿਆਂ ਦੀਆਂ ਫੋਟੋਆਂ ਜਾਰੀ ਕਰਕੇ ਇਹ ਦਾਅਵਾ ਕਰ ਰਹੇ ਹਨ ਕਿ ਇਹ ਕੰਮ ਉਹਨਾਂ ਵਲੋਂ ਹੀ ਕਰਵਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਨਗਰ ਨਿਗਮ ਦੇ ਜੇ ਈ ਅਤੇ ਐਸ ਡੀ ਓ ਵਲੋਂ ਉਹਨਾਂ ਨੂੰ ਜਾਣਕਾਰੀ ਤਕ ਨਹੀਂ ਦਿੱਤੀ ਗਈ ਅਤੇ ਜਿਹਨਾਂ ਥਾਵਾਂ ਤੇ ਲੋੜ ਸੀ ਉਹਨਾਂ ਥਾਵਾਂ ਤੇ ਕੰਮ ਕਰਵਾਉਣ ਦੀ ਥਾਂ ਆਪ ਦੇ ਹਾਰੇ ਹੋਏ ਉਮੀਦਵਾਰ ਦੀ ਮਰਜੀ ਅਨੁਸਾਰ ਕੰਮ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਵਲੋਂ ਨਗਰ ਨਿਗਮ ਦੇ ਜੇ ਈ ਪਰਮਿੰਦਰ ਸਿੰਘ ਦੀ ਲਿਖਤੀ ਸ਼ਿਕਾਇਤ ਵੀ ਕੀਤੀ ਹੈ।
ਸz. ਬੰਨੀ ਨੇ ਕਿਹਾ ਕਿ ਇਸੇ ਤਰ੍ਹਾਂ ਉਹਨਾਂ ਵਲੋਂ 9-2-26 ਅਤੇ 5-3-26 ਦੀਆਂ ਮੀਟਿੰਗਾਂ ਦੌਰਾਨ ਫੇਜ਼ 9 ਦੇ ਪਾਰਕਾਂ ਦੇ ਰੱਖ ਰਖਾਓ ਅਤੇ ਮੁਰੰਮਤ ਲਈ 16.83 ਲੱਖ ਦੇ ਦੋ ਵੱਖਰੇ ਕੰਮ ਪਾਸ ਕਰਵਾਏ ਸਨ ਜਿਹਨਾਂ ਵਿੱਚੋਂ ਇੱਕ ਦਾ ਕੰਮ ਤਾਂ ਹੁਣ ਤਕ ਆਰੰਭ ਹੀ ਨਹੀਂ ਹੋਇਆ ਅਤੇ ਦੂਜਾ ਕੰਮ (ਜਿਹੜਾ ਪਿਛਲੇ ਦਿਨੀਂ ਆਰੰਭ ਹੋਇਆ ਸੀ ਅਤੇ ਪਾਰਕ ਵਿੱਚ ਝੂਲੇ ਲਾਉਣ ਦਾ ਕੰਮ ਚਲ ਰਿਹਾ ਸੀ) ਵੀ ਬਿਨਾ ਕਿਸੇ ਕਾਰਨ ਦੇ ਰੋਕ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਜੇ ਈ ਨੂੰ ਇਸ ਬਾਰੇ ਪੁੱਛਿਆ ਤਾਂ ਉਸਦਾ ਕਹਿਣਾ ਸੀ ਕਿ ਇਸ ਕੰਮ ਦਾ ਮੇਅਰ ਵਲੋਂ ਉਦਘਾਟਨ ਕੀਤਾ ਜਾਣਾ ਹੈ ਜਿਸਤੋਂ ਬਾਅਦ ਹੀ ਇਹ ਆਰੰਭ ਹੋਵੇਗਾ।
ਉਹਨਾਂ ਕਿਹਾ ਕਿ ਫੇਜ਼ 9 ਦੀ ਮਾਰਕੀਟ ਦੇ ਪਿਛਲੇ ਪਾਸੇ ਸੀਵਰੇਜ ਦੀ ਨਵੀਂ ਪਾਈਪ ਲਾਈਨ ਪਾਉਣ ਦਾ 44.61 ਲੱਖ ਰੁਪਏ ਦੀ ਲਾਗਤ ਵਾਲਾ ਕੰਮ ਇੱਕ ਸਾਲ ਪਹਿਲਾਂ (2-7-2025) ਪਾਸ ਹੋਇਆ ਸੀ ਅਤੇ ਐਸ ਆਰ ਬਿਲਡਰ ਨਾਮ ਦੀ ਕੰਪਨੀ ਨੂੰ ਅਲਾਟ ਕਰਕੇ ਇਸਦਾ ਵਰਕ ਆਰਡਰ ਵੀ ਜਾਰੀ ਹੋ ਚੁੱਕਿਆ ਹੈ ਪਰੰਤੂ ਇਹ ਕੰਮ ਹੁਣ ਤਕ ਆਰੰਭ ਨਹੀਂ ਕੀਤਾ ਗਿਆ ਹੈ।
ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਜੇ ਈ ਪਰਮਿੰਦਰ ਸਿੰਘ ਨੇ ਕਿਹਾ ਕਿ ਕੌਂਸਲਰ ਵਲੋਂ ਉਹਨਾਂ ਤੇ ਲਗਾਏ ਜਾ ਰਹੇ ਇਲਜਾਮ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਜਿੱਥੋਂ ਤਕ ਮੁਰਮੰਤ ਦੇ ਕੰਮਾਂ ਦੀ ਗੱਲ ਹੈ ਤਾਂ ਲੋਕਾਂ ਵਲੋਂ ਦੱਸੇ ਅਨੁਸਾਰ ਕੰਮ ਕਰਵਾਏ ਜਾ ਰਹੇ ਹਨ।
ਨਗਰ ਨਿਗਮ ਦੇ ਕੌਂਸਲਰਾਂ ਦਾ ਪੂਰਾ ਸਤਿਕਾਰ ਹੈ: ਸਰਬਜੀਤ ਸਿੰਘ ਸਮਾਣਾ
ਇਸ ਸਬੰਧੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਨਿਗਮ ਦੇ ਕੌਂਸਲਰਾਂ ਦਾ ਪੂਰਾ ਸਤਿਕਾਰ ਹੈ ਅਤੇ ਜੇਕਰ ਕੋਈ ਅਧਿਕਾਰੀ ਚੁਣੇ ਹੋਏ ਨੁਮਾਇੰਦੇ ਨੂੰ ਅਣਦੇਖਿਆ ਕਰਦਾ ਹੈ ਤਾਂ ਇਹ ਗਲਤ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਕੌਂਸਲਰ ਨੂੰ ਅਜਿਹੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ।
ਆਪ ਦੇ ਹਾਰੇ ਹੋਏ ਉਮੀਦਵਾਰ ਵਲੋਂ ਨਿਗਮ ਦੇ ਕੰਮਾਂ ਦਾ ਸਿਹਰਾ ਲੈਣ ਦੀ ਕੋਸ਼ਿਸ਼ ਬਾਰੇ ਉਹਨਾਂ ਕਿਹਾ ਕਿ ਇਸ ਵਿੱਚ ਨਿਗਮ ਦਾ ਕੋਈ ਹੱਥ ਨਹੀਂ ਹੈ ਅਤੇ ਕੋਈ ਵੀ ਵਿਅਕਤੀ ਨਿਗਮ ਦੇ ਚਲ ਰਹੇ ਕੰਮ ਕੋਲ ਖੜ੍ਹ ਕੇ ਆਪਣੀਆਂ ਫੋਟੋਆਂ ਖਿਚਵਾ ਸਕਦਾ ਹੈ। ਪਾਰਕ ਦੇ ਕੰਮ ਬਾਰੇ ਉਹਨਾਂ ਕਿਹਾ ਕਿ ਉਹਨਾਂ ਵਲੋਂ ਕੋਈ ਕੰਮ ਨਹੀਂ ਰੁਕਵਾਇਆ ਗਿਆ ਹੈ ਅਤੇ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਵੀ ਨਹੀਂ ਹੈ। ਉਹਨਾਂ ਕਿਹਾ ਕਿ ਉਹ ਇਹਨਾਂ ਸਾਰੀਆਂ ਗੱਲਾਂ ਦੀ ਜਾਂਚ ਕਰਵਾਉਣਗੇ ਅਤੇ ਇਸ ਸੰਬੰਧੀ ਬਣਦੀ ਕਾਰਵਾਈ ਨੂੰ ਯਕੀਨੀ ਕਰਵਾਇਆ ਜਾਵੇਗਾ।
Mohali
ਪਿੰਡ ਤਾਰਾਪੁਰ ਦੇ ਵਸਨੀਕਾਂ ਵਲੋਂ ਖੈਰ ਦੇ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਜਾਂਚ ਦੀ ਮੰਗ
ਸਵਾ ਤਿੰਨ ਸੌ ਦਰਖਤ ਕੱਟੇ ਜਾਣ ਦਾ ਇਲਜਾਮ ਲਗਾਇਆ
ਐਸ ਏ ਐਸ ਨਗਰ, 27 ਅਗਸਤ (ਸ.ਬ.) ਖੈਰ ਦੇ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਵਸਨੀਕਾਂ ਵਲੋਂ ਲਿਖਤੀ ਸ਼ਿਕਾਇਤ ਰਾਹੀਂ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਕਥਿਤ ਤੌਰ ਤੇ ਹੋ ਰਹੀ ਗੈਰ-ਕਾਨੂੰਨੀ ਕਟਾਈ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ।
ਇਸ ਸੰਬੰਧੀ ਸਥਾਨਕ ਫੇਜ਼-2 ਵਿਖੇ ਆਯੋਜਿਤ ਇੱਕ ਪੱਤਰਕਾਰ ਸੰਮੇਲਨ ਦੌਰਾਨ ਪਿੰਡ ਤਾਰਾਪੁਰ ਦੇ ਵਸਨੀਕਾਂ ਭੁਪਿੰਦਰ ਸਿੰਘ, ਹਰਵਿੰਦਰ ਸਿੰਘ, ਰਾਮਜੀ ਦਾਸ ਅਤੇ ਹੋਰਨਾਂ ਨੇ ਦੱਸਿਆ ਕਿ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਖੈਰ ਦੇ ਦਰੱਖਤਾਂ ਦੀ ਕਟਾਈ ਹੋ ਰਹੀ ਹੈ। ਉਨ੍ਹਾਂ ਕਰੀਬ 325 ਦਰੱਖਤਾਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਮਾਮਲੇ ਸਬੰਧੀ ਪਹਿਲਾਂ ਵੀ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਸੀ, ਪਰ ਇਸ ਦੇ ਬਾਵਜੂਦ ਕਟਾਈ ਤੇ ਢੁਕਵੀਂ ਕਾਰਵਾਈ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਜੰਗਲਾਤ ਕਮੇਟੀ ਵੱਲੋਂ ਪਹਿਲਾਂ ਰੇਂਜ ਆਫਿਸਰ ਸਿਸਵਾ ਅਤੇ ਜਿਲ੍ਹਾ ਫੋਰੈਸਟ ਆਫਿਸਰ ਡੀਐਫਓ ਅਵਨੀਤ ਸਿੰਘ ਸਮੇਤ ਸਬੰਧਤ ਅਧਿਕਾਰੀਆਂ ਨੂੰ ਵੀ ਲਿਖਤੀ ਜਾਣਕਾਰੀ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀ ਹੋਈ, ਉਲਟਾ ਪਿੰਡ ਵਿੱਚ ਬਣਾਈ ਫੋਰੈਸਟ ਪ੍ਰੋਟੈਕਸ਼ਨ ਕਮੈਟੀ ਅਤੇ ਪਿੰਡ ਦੇ ਸਰਪੰਚ ਰਾਜੇਸ਼ ਕੁਮਾਰ, ਕਮੇਟੀ ਪ੍ਰਧਾਨ ਗੁਰਚਰਨ ਸਿੰਘ, ਬਿਕਰਮਜੀਤ ਸਿੰਘ, ਦਾਸ ਰਾਮ, ਮੱਖਣ ਸਿੰਘ ਅਤੇ ਵਰਿੰਦਰਪਾਲ ਸਿੰਘ ਦੇ ਖਿਲਾਫ ਇੱਕ ਮਹਿਲਾ ਗਾਰਡ ਦੀ ਸ਼ਿਕਾਇਤ ਤੇ ਥਾਣਾ ਮਾਜਰੀ ਵਿੱਚ ਕੇਸ ਦਰਜ ਕਰਵਾ ਦਿੱਤਾ ਗਿਆ।
ਉਹਨਾਂ ਮੰਗ ਕੀਤੀ ਹੈ ਕਿ ਮੌਕੇ ਦੀ ਜਾਂਚ ਕਰਵਾ ਕੇ ਦਰੱਖਤਾਂ ਦੀ ਕਟਾਈ, ਇਜਾਜ਼ਤਾਂ ਅਤੇ ਇਸ ਨਾਲ ਸਬੰਧਤ ਰਿਕਾਰਡ ਦੀ ਪੜਤਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਦਰੱਖਤਾਂ ਦੀ ਕਟਾਈ ਬਿਨਾਂ ਮਨਜ਼ੂਰੀ ਹੋਈ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਤੱਥ ਜਨਤਕ ਕੀਤੇ ਜਾਣ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਿਸੇ ਵੀ ਕਾਰਵਾਈ ਤੇ ਤੁਰੰਤ ਰੋਕ ਲਗਾਈ ਜਾਵੇ।
ਇਸ ਸੰਬਧੀ ਸੰਪਰਕ ਕਰਨ ਦੇ ਜਿਲ੍ਹਾ ਫਾਰੈਸਟ ਅਫਿਸਰ ਸz. ਅਮਨੀਤ ਸਿੰਘ ਨੇ ਕਿਹਾ ਕਿ ਇਸ ੰਸਬੰਧੀ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਜਿਸ ਦੀ ਜਾਂਚ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਵਿਭਾਗ ਵਲੋਂ ਕਮੇਟੀ ਬਣਾ ਕੇ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਜਾਂਚ ਪੂਰੀ ਹੋਣ ਤੇ ਵਿਭਾਗ ਵਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Mohali
ਆਪ ਦੇ ਸਾਂਸਦ ਮਲਵਿੰਦਰ ਸਿੰਘ ਕੰਗ ਵੱਲੋਂ ਲਗਾਏ ਭਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਮੰਤਰੀ ਨੂੰ ਅਹੁਦੇ ਤੇ ਰਹਿਣ ਦਾ ਹੱਕ ਨਹੀਂ : ਪਰਵਿੰਦਰ ਸਿੰਘ ਸੋਹਾਣਾ
ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਨੇ ਮੰਗਿਆ ਗਮਾਡਾ ਮੰਤਰੀ ਦਾ ਅਸਤੀਫਾ
ਐਸ ਏ ਐਸ ਨਗਰ, 27 ਅਗਸਤ (ਸ.ਬ.) ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਅਤੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਆਮ ਆਦਮੀ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਵੱਲੋਂ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੀ ਕਾਰਗੁਜ਼ਾਰੀ ਨੂੰ ਲੈ ਕੇ ਉਠਾਏ ਗਏ ਸਵਾਲਾਂ ਤੋਂ ਬਾਅਦ ਪੰਜਾਬ ਸਰਕਾਰ ਦੇ ਗਮਾਡਾ ਨਾਲ ਸਬੰਧਤ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ।
ਇੱਥੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਜਦੋਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਪਣੇ ਹੀ ਸੰਸਦ ਮੈਂਬਰ ਵੱਲੋਂ ਸਰਕਾਰ ਦੇ ਇੱਕ ਮਹੱਤਵਪੂਰਨ ਵਿਭਾਗ (ਗਮਾਡਾ) ਦੀ ਕਾਰਗੁਜ਼ਾਰੀ ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਉਸਨੂੰ ਭ੍ਰਿਸ਼ਟਾਚਾਰ ਦਾ ਕੇਂਦਰ ਦੱਸਿਆ ਜਾ ਰਿਹਾ ਹੈ ਤਾਂ ਸਰਕਾਰ ਨੂੰ ਇਨ੍ਹਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੂਰੇ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੰਗ ਵੱਲੋਂ ਸੈਣੀ ਮਾਜਰਾ ਵਿੱਚ ਗਮਾਡਾ ਦੀ ਕਾਰਵਾਈ ਤੇ ਸਵਾਲ ਚੁੱਕੇ ਗਏ ਹਨ। ਕੰਗ ਨੇ ਦੋਸ਼ ਲਾਇਆ ਕਿ ਗਮਾਡਾ ਦੇ ਅਧਿਕਾਰੀਆਂ ਵਲੋਂ ਕੁਝ ਦੁਕਾਨਾਂ ਅਤੇ ਢਾਂਚਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ, ਜਦਕਿ ਨਾਲ ਲੱਗਦੇ ਕੁਝ ਹੋਰ ਢਾਂਚਿਆਂ ਨੂੰ ਛੱਡ ਦਿੱਤਾ ਗਿਆ। ਉਹਨਾਂ ਕਿਹਾ ਕਿ ਕੰਗ ਨੇ ਗਮਾਡਾ ਵਿੱਚ ਲੰਮੇ ਸਮੇਂ ਤੋਂ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ ਅਤੇ ਕਥਿਤ ਬੇਨਿਯਮੀਆਂ ਦੀ ਜਾਂਚ ਦੀ ਮੰਗ ਵੀ ਕੀਤੀ ਹੈ।
ਸz. ਸੋਹਾਣਾ ਨੇ ਕਿਹਾ ਕਿ ਜੇਕਰ ਇੱਕ ਸੱਤਾਧਾਰੀ ਪਾਰਟੀ ਦਾ ਸੰਸਦ ਮੈਂਬਰ ਖੁਦ ਸਰਕਾਰ ਦੇ ਵਿਭਾਗ ਤੇ ਇੰਨੇ ਗੰਭੀਰ ਦੋਸ਼ ਲਗਾ ਰਿਹਾ ਹੈ ਤਾਂ ਸਰਕਾਰ ਨੂੰ ਸਿਰਫ਼ ਬਿਆਨਬਾਜ਼ੀ ਤੱਕ ਸੀਮਤ ਰਹਿਣ ਦੀ ਬਜਾਏ ਤੁਰੰਤ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਗਮਾਡਾ ਨਾਲ ਸਬੰਧਤ ਮੰਤਰੀ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਅਤੇ ਜੇਕਰ ਸਰਕਾਰ ਦੋਸ਼ਾਂ ਨੂੰ ਗਲਤ ਮੰਨਦੀ ਹੈ ਤਾਂ ਤੱਥ ਜਨਤਕ ਕਰਕੇ ਸਥਿਤੀ ਸਪੱਸ਼ਟ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੇ ਆਪਣੇ ਹੀ ਨੁਮਾਇੰਦਿਆਂ ਵੱਲੋਂ ਉਠਾਏ ਸਵਾਲਾਂ ਤੇ ਕਾਰਵਾਈ ਨਹੀਂ ਹੁੰਦੀ ਤਾਂ ਇਸ ਨਾਲ ਸਰਕਾਰ ਦੀ ਨੀਅਤ ਅਤੇ ਪ੍ਰਸ਼ਾਸਨਿਕ ਪਾਰਦਰਸ਼ਤਾ ਤੇ ਹੋਰ ਸਵਾਲ ਖੜ੍ਹੇ ਹੋਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਗਮਾਡਾ ਵਿੱਚ ਲੰਮੇ ਸਮੇਂ ਤੋਂ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭੂਮਿਕਾ ਕੀ ਰਹੀ ਹੈ, ਵੱਖ-ਵੱਖ ਇਲਾਕਿਆਂ ਵਿੱਚ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਮਾਪਦੰਡ ਕੀ ਹਨ ਅਤੇ ਕੀ ਸਾਰੇ ਮਾਮਲਿਆਂ ਵਿੱਚ ਇੱਕੋ ਜਿਹੇ ਨਿਯਮ ਲਾਗੂ ਕੀਤੇ ਜਾ ਰਹੇ ਹਨ।
ਇਸ ਦਰਾਨ ਸz. ਸੋਹਾਣਾ ਨੇ ਮੁਹਾਲੀ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਵਿੱਚ ਕਥਿਤ ਤੌਰ ਤੇ ਪੱਖਪਾਤ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਜਾਇਜ਼ ਕਬਜ਼ਿਆਂ ਦੇ ਖਿਲਾਫ ਹੋਣ ਵਾਲੀ ਕਾਰਵਾਈ ਇਕਸਾਰ ਹੋਣੀ ਚਾਹੀਦੀ ਹੈ। ਕਿਸੇ ਇੱਕ ਦੁਕਾਨਦਾਰ ਜਾਂ ਰੇਹੜੀ ਵਾਲੇ ਖ਼ਿਲਾਫ਼ ਕਾਰਵਾਈ ਕਰਕੇ ਉਸਦੇ ਨਾਲ ਲੱਗੇ ਹੋਏ ਕਬਜ਼ੇ ਨੂੰ ਛੱਡ ਦੇਣਾ ਲੋਕਾਂ ਵਿੱਚ ਪੱਖਪਾਤ ਦੀ ਭਾਵਨਾ ਪੈਦਾ ਕਰਦਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਦੀ ਸੱਚਾਈ ਸਾਹਮਣੇ ਲਿਆਉਣ ਲਈ ਤਹਿਬਾਜ਼ਾਰੀ ਵਿਭਾਗ ਦੀ ਪਿਛਲੇ ਸਮੇਂ ਦੀ ਪੂਰੀ ਕਾਰਗੁਜ਼ਾਰੀ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਦੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਖ਼ਿਲਾਫ਼ ਭ੍ਰਿਸ਼ਟਾਚਾਰ, ਪੱਖਪਾਤ ਜਾਂ ਕਿਸੇ ਕਿਸਮ ਦੀ ਮਿਲੀਭੁਗਤ ਦੇ ਸਬੂਤ ਸਾਹਮਣੇ ਆਉਂਦੇ ਹਨ ਤਾਂ ਉਸਦੇ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਮੁਹਾਲੀ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨਾਲ ਸਬੰਧਤ ਕਥਿਤ ਬੇਨਿਯਮੀਆਂ ਅਤੇ ਘਪਲਿਆਂ ਦੀ ਵਿਜੀਲੈਂਸ ਪੱਧਰ ਤੇ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਜਾਂਚ ਦੌਰਾਨ ਕੋਈ ਅਧਿਕਾਰੀ, ਕਰਮਚਾਰੀ ਜਾਂ ਹੋਰ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਮਾਡਾ ਅਤੇ ਮੁਹਾਲੀ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨਾਲ ਸਬੰਧਤ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਜਾਂਚ ਦੀ ਰਿਪੋਰਟ ਜਨਤਕ ਕੀਤੀ ਜਾਵੇ ਅਤੇ ਜੇਕਰ ਕਿਸੇ ਪੱਧਰ ‘ਤੇ ਭ੍ਰਿਸ਼ਟਾਚਾਰ ਜਾਂ ਪੱਖਪਾਤ ਸਾਬਤ ਹੁੰਦਾ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
-
International3 weeks agoਸ਼੍ਰੀਲੰਕਾ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਜ਼ਮੀਨ ਖਿਸਕੀ, 7 ਵਿਅਕਤੀਆਂ ਦੀ ਮੌਤ
-
Chandigarh2 months agoਪੰਜਾਬ ਸਰਕਾਰ ਨੇ 892 ਆਧੁਨਿਕ ਆਂਗਣਵਾੜੀ ਕੇਂਦਰਾਂ ਦਾ ਨਿਰਮਾਣ ਨੇਪਰੇ ਚਾੜ੍ਹਿਆ: ਡਾ. ਬਲਜੀਤ ਕੌਰ
-
Editorial4 weeks agoਪੰਥਕ ਜਥੇਬੰਦੀਆਂ ਵਿੱਚ ਏਕਤਾ ਅਜੇ ਦੁੂਰ ਦੀ ਗੱਲ
-
National1 month agoਪਿਕਅੱਪ ਟਰੱਕ ਅਤੇ ਟਰੱਕ ਦੀ ਟੱਕਰ ਕਾਰਨ 1 ਵਿਅਕਤੀ ਦੀ ਮੌਤ, 2 ਗੰਭੀਰ ਜ਼ਖਮੀ
-
Mohali1 month agoਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ, ਸਿੱਧੁੂਪੁਰ ਅਤੇ ਡੱਲੇਵਾਲ ਨੇ ਸੂਬੇ ਵਿੱਚ ਟੋਲ ਪਲਾਜ਼ੇ ਪਰਚੀ ਮੁਕਤ ਕੀਤੇ
-
Chandigarh1 month agoਭਾਰਤ-ਅਮਰੀਕਾ ਦੇ ਵਪਾਰ ਸਮਝੌਤੇ ਖਿਲਾਫ਼ ਲੋਕ ਹਿੱਤ ਮਿਸ਼ਨ ਵੱਲੋਂ 22 ਜੁਲਾਈ ਨੂੰ ਬੜੌਦੀ ਟੋਲ ਪਲਾਜ਼ਾ ਕੀਤਾ ਜਾਵੇਗਾ ਮੁਫਤ
-
International3 weeks agoਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਸ਼ਾਕਿਬ ਅਲ ਹਸਨ ਦੇ ਘਰ ਤੇ ਪੈਟਰੋਲ ਬੰਬ ਨਾਲ ਹਮਲਾ
-
National2 months agoਗੁਰੂਗ੍ਰਾਮ ਵਿੱਚ ਪੁਲੀਸ ਮੁਕਾਬਲੇ ਦੌਰਾਨ ਦੀਪਕ ਨੰਦਲ ਗੈਂਗ ਦੇ 4 ਮੈਂਬਰ ਢੇਰ, 3 ਪੁਲੀਸ ਮੁਲਾਜ਼ਮ ਜ਼ਖ਼ਮੀ
