National
ਈਡੀ ਵੱਲੋਂ ਤਿਰੂਪਤੀ ਇਨਫ੍ਰਾ ਪ੍ਰੋਜੈਕਟਸ ਮਾਮਲੇ ਵਿੱਚ ਵੱਡੀ ਕਾਰਵਾਈ
ਦਿੱਲੀ ਤੋਂ ਲੁਧਿਆਣਾ ਤੱਕ 26 ਥਾਵਾਂ ਤੇ ਸਰਚ ਤੇ ਸਰਵੇ
ਨਵੀਂ ਦਿੱਲੀ, 22 ਸਤੰਬਰ (ਸ.ਬ.) ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ, 2002 ਤਹਿਤ ਐਮ/ਐਸ ਤਿਰੂਪਤੀ ਇਨਫ੍ਰਾਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ ਮਾਮਲੇ ਵਿੱਚ ਦਿੱਲੀ, ਮੁਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਲੁਧਿਆਣਾ ਵਿੱਚ ਕੁੱਲ 26 ਥਾਵਾਂ ਤੇ ਸਰਚ ਅਤੇ ਸਰਵੇ ਦੀ ਕਾਰਵਾਈ ਸ਼ੁਰੂ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਾਰਵਾਈ ਮੈਸਰਸ ਤਿਰੂਪਤੀ ਇਨਫ੍ਰਾਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ, ਮੈਸਰਸ ਰਿਮੀਗੇਟ ਬਿਲਡਸਟੇਟਸ (ਇੰਡੀਆ) ਪ੍ਰਾਈਵੇਟ ਲਿਮਟਿਡ, ਮੈਸਰਸ ਐਮਬੀ ਇਨਫਰਾਬਿਲਡ ਪ੍ਰਾਈਵੇਟ ਲਿਮਟਿਡ, ਮੈਸਰਸ ਮੇਰਾ ਬਾਬਾ ਰਿਐਲਿਟੀ ਐਸੋਸੀਏਟਸ ਪ੍ਰਾਈਵੇਟ ਲਿਮਟਿਡ ਅਤੇ ਮੈਸਰਸ ਮੇਰਾ ਬਾਬਾ ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਦੇ ਪ੍ਰਮੋਟਰਾਂ, ਡਾਇਰੈਕਟਰਾਂ ਅਤੇ ਉਨ੍ਹਾਂ ਨਾਲ ਜੁੜੇ ਵਿਅਕਤੀਆਂ ਦੇ ਟਿਕਾਣਿਆਂ ਤੇ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਪੀ ਐਮ ਐਲ ਏ ਦੀ ਧਾਰਾ 16 ਤਹਿਤ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਅਤੇ ਪੰਜਾਬ ਸਰਕਾਰ ਦੇ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੇ ਦਫ਼ਤਰਾਂ ਵਿੱਚ ਵੀ ਸਰਵੇ ਕੀਤੇ ਜਾ ਰਹੇ ਹਨ। ਇਸ ਕਾਰਵਾਈ ਦਾ ਮਕਸਦ ਮੁਲਜ਼ਮ ਕੰਪਨੀਆਂ ਅਤੇ ਗਮਾਡਾ ਵਿਚਕਾਰ ਹੋਏ ਲੈਣ-ਦੇਣ ਨਾਲ ਸਬੰਧਤ ਸਬੂਤ ਇਕੱਠੇ ਕਰਨਾ ਹੈ।
ਤਿਰੂਪਤੀ ਇਨਫ੍ਰਾਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਦਿੱਲੀ ਦੇ ਪੱਛਮ ਵਿਹਾਰ ਸਥਿਤ ਰੈਡੀਸਨ ਬਲੂ ਹੋਟਲ ਪ੍ਰੋਜੈਕਟ ਨਾਲ ਜੁੜੇ ਲਗਭਗ 290 ਕਰੋੜ ਰੁਪਏ ਦੇ ਬੈਂਕ ਫਰਾਡ ਮਾਮਲੇ ਵਿੱਚ ਸੀਬੀਆਈ ਅਤੇ ਈਡੀ ਦੇ ਮਾਮਲਿਆਂ ਵਿੱਚ ਮੁਲਜ਼ਮ ਕੰਪਨੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀ ਐਮ ਐਲ ਏ ਤਹਿਤ ਜਾਂਚ ਦੌਰਾਨ ਈਡੀ ਨੂੰ ਪਤਾ ਲੱਗਿਆ ਹੈ ਕਿ ਤਿਰੂਪਤੀ ਇਨਫ੍ਰਾ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ, ਮੈਸਰਸ ਰਿਮੀਗੇਟ ਬਿਲਡਸਟੇਟਸ (ਇੰਡੀਆ) ਪ੍ਰਾਈਵੇਟ ਲਿਮਟਿਡ, ਮੈਸਰਸ ਐਮਬੀ ਇਨਫਰਾਬਿਲਡ ਪ੍ਰਾਈਵੇਟ ਲਿਮਟਿਡ ਨਾਮੀ ਕੰਪਨੀਆਂ ਨੂੰ ਵੀ ਕੰਟਰੋਲ ਕਰਦੇ ਹਨ। ਇਨ੍ਹਾਂ ਕੰਪਨੀਆਂ ਨੇ ਗਮਾਡਾ ਤੋਂ ਮੁਹਾਲੀ ਵਿੱਚ ਦੋ ਪ੍ਰਮੁੱਖ ਨੀਲਾਮੀ ਸਾਈਟਾਂ ਹਾਸਲ ਕੀਤੀਆਂ ਅਤੇ ਇਸ ਤੋਂ ਬਾਅਦ ਅਥਾਰਟੀ ਨੂੰ ਅਦਾ ਕੀਤੀਆਂ ਜਾਣ ਵਾਲੀਆਂ ਬਕਾਇਆ ਰਕਮਾਂ ਦੇ ਮਾਮਲੇ ਵਿੱਚ ਵੱਡੀ ਵਿੱਤੀ ਰਾਹਤ ਹਾਸਲ ਕੀਤੀ। ਈਡੀ ਮੁਤਾਬਕ ਇਨ੍ਹਾਂ ਕੰਪਨੀਆਂ ਨੂੰ ਹੋਏ ਕਥਿਤ ਗੈਰ-ਵਾਜਬ ਲਾਭ ਅਤੇ ਸਰਕਾਰੀ ਖ਼ਜ਼ਾਨੇ ਨੂੰ ਹੋਏ ਨੁਕਸਾਨ ਦੀ ਰਕਮ 100 ਕਰੋੜ ਰੁਪਏ ਤੋਂ ਵੱਧ ਹੋਣ ਦਾ ਸ਼ੱਕ ਹੈ।
ਈਡੀ ਵੱਲੋਂ ਮੈਸਰਸ ਟਿਲਾ ਕੰਸਲਟੈਂਟਸ ਐਂਡ ਕੰਟਰੈਕਟਰਜ਼ ਪ੍ਰਾਈਵੇਟ ਲਿਮਟਿਡ ਨਾਮੀ ਇੱਕ ਕਨਸਲਟੈਂਸੀ ਫਰਮ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਇਹ ਫਰਮ ਗਮਾਡਾ ਨਾਲ ਵੱਖ-ਵੱਖ ਕਨਸਲਟੈਂਸੀ ਕੰਮਾਂ ਨਾਲ ਜੁੜੀ ਹੋਈ ਹੈ ਅਤੇ ਇਸ ਤੇ ਇਸ ਕਥਿਤ ਘਪਲੇ ਵਿੱਚ ਵਿਚੋਲਗੀ ਦੀ ਭੂਮਿਕਾ ਨਿਭਾਉਣ ਦਾ ਸ਼ੱਕ ਹੈ।
National
ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਸਾਰੇ ਰਾਜਾਂ ਵਿੱਚ ਲੋਕ ਸਭਾ ਸੀਟਾਂ ਦੀ ਗਿਣਤੀ 50 ਫੀਸਦੀ ਵਧਾਉਣ ਦੀ ਤਜਵੀਜ
ਇੱਕ ਵਾਰ ਫਿਰ ਲੋਕ ਸਭਾ ਵਿਚ ਲਿਆਂਦਾ ਜਾਵੇਗਾ ਬਿੱਲ
ਨਵੀਂ ਦਿੱਲੀ, 27 ਨਵੰਬਰ (ਸ.ਬ.) ਕੇਂਦਰੀ ਕੈਬਨਿਟ ਨੇ ਅੱਜ ਹੱਦਬੰਦੀ ਨਾਲ ਜੁੜੇ ਨਵੇਂ ਮਹਿਲਾ ਰਾਖਵਾਂਕਰਨ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਦੇ ਅਧੀਨ ਸਾਰੇ ਰਾਜਾਂ ਵਿੱਚ ਲੋਕ ਸਭਾ ਸੀਟਾਂ ਦੀ ਗਿਣਤੀ 50 ਫੀਸਦੀ ਵਧਾਉਣ ਦਾ ਪ੍ਰਸਤਾਵ ਹੈ। ਬਿੱਲ ਨੂੰ ਅਗਲੇ ਹਫ਼ਤੇ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਵਿਸ਼ੇਸ਼ ਸੈਸ਼ਨ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਨਿਟ ਮੀਟਿੰਗ ਦੌਰਾਨ ਨਵੇਂ ਬਿੱਲ ਨੂੰ ਕੁਝ ਸੋਧਾਂ ਨਾਲ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਸੋਧਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹੱਦਬੰਦੀ ਤੋਂ ਬਾਅਦ ਲੋਕ ਸਭਾ ਵਿੱਚ ਕਿਸੇ ਵੀ ਰਾਜ ਦਾ ਹਿੱਸਾ ਦੂਜੇ ਰਾਜਾਂ ਦੇ ਮੁਕਾਬਲੇ ਘੱਟ ਨਾ ਹੋਵੇ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਦੱਖਣੀ ਰਾਜਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਹਰੇਕ ਰਾਜ ਵਿੱਚ ਲੋਕ ਸਭਾ ਸੀਟਾਂ ਦੀ ਗਿਣਤੀ 50 ਫੀਸਦੀ ਵਧਾਉਣ ਲਈ ਸਹਿਮਤ ਹੋ ਗਈ ਹੈ। ਸੀਟਾਂ ਦੀ ਗਿਣਤੀ 2051 ਤੱਕ ਬਦਲੀ ਨਹੀਂ ਜਾਵੇਗੀ। ਨਵੇਂ ਬਿੱਲ ਵਿੱਚ ਵਧਾਈਆਂ ਗਈਆਂ ਸੀਟਾਂ ਨੂੰ ਦੁਬਾਰਾ ਬਣਾਉਣ ਲਈ 2011 ਦੀ ਜਨਗਣਨਾ ਦੀ ਵਰਤੋਂ ਕਰਨ ਦਾ ਪ੍ਰਸਤਾਵ ਹੈ। ਸੂਤਰਾਂ ਅਨੁਸਾਰ, ਸਰਕਾਰ ਨੇ ਰਾਜਾਂ ਵਿੱਚ ਮੌਜੂਦਾ ਸੀਟਾਂ ਦੀ ਗਿਣਤੀ ਨੂੰ ਬਦਲੇ ਬਿਨਾਂ ਸੰਸਦੀ ਹਲਕਿਆਂ ਨੂੰ ਦੁਬਾਰਾ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ। ਪ੍ਰਸਤਾਵਿਤ ਸੋਧ ਵਿੱਚ ਹੱਦਬੰਦੀ ਰਾਹੀਂ ਲੋਕ ਸਭਾ ਸੀਟਾਂ ਦੀ ਗਿਣਤੀ ਮੌਜੂਦਾ 543 ਤੋਂ ਵਧਾ ਕੇ ਵੱਧ ਤੋਂ ਵੱਧ 850 ਕਰਨ ਦੀ ਯੋਜਨਾ ਹੈ। ਸੱਤਾਧਾਰੀ ਪਾਰਟੀ ਦਾ ਕਹਿਣਾ ਹੈ ਕਿ ਇਸ ਕਦਮ ਨਾਲ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਦਾ ਰਾਹ ਪੱਧਰਾ ਹੋਵੇਗਾ।
ਜਿਕਰਯੋਗ ਹੈ ਕਿ ਪਹਿਲਾਂ ਸਰਕਾਰ ਨੇ ਅਪ੍ਰੈਲ ਵਿੱਚ ਸੰਸਦ ਦੇ ਵਿਸ਼ੇਸ਼ ਸੈਸ਼ਨ ਦੌਰਾਨ ਇਹ ਬਿੱਲ ਪੇਸ਼ ਕੀਤਾ ਸੀ, ਪਰ ਇਸ ਨੂੰ ਲੋਕ ਸਭਾ ਦੀ ਮਨਜ਼ੂਰੀ ਨਹੀਂ ਮਿਲ ਸਕੀ ਸੀ। ਹੁਣ, ਸਰਕਾਰ ਦਾ ਦਾਅਵਾ ਹੈ ਕਿ ਇਸ ਬਿੱਲ ਨੂੰ ਪਾਸ ਕਰਨ ਲਈ ਉਸ ਕੋਲ ਲੋੜੀਂਦੇ ਸੰਸਦ ਮੈਂਬਰਾਂ ਦਾ ਸਮਰਥਨ ਹੈ। ਸੰਵਿਧਾਨ ਸੋਧ ਬਿੱਲ ਨੂੰ ਪਾਸ ਕਰਨ ਲਈ ਸੰਸਦ ਦੇ ਦੋਵਾਂ ਸਦਨਾਂ ਵਿੱਚ ਦੋ-ਤਿਹਾਈ ਬਹੁਮਤ ਦੀ ਲੋੜ ਹੈ। ਸੂਤਰਾਂ ਅਨੁਸਾਰ, ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ), ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ), ਅਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਵੱਲੋਂ ਬਿੱਲ ਦਾ ਸਮਰਥਨ ਕਰਨ ਦੀ ਉਮੀਦ ਹੈ। ਇਸ ਦੌਰਾਨ ਵਿਰੋਧੀ ਧਿਰ ‘ਇੰਡੀਆ’ ਗਠਜੋੜ ਬਿੱਲ ਦਾ ਵਿਰੋਧ ਕਰ ਰਹੀ ਹੈ।
ਵਿਰੋਧੀ ਗਠਜੋੜ ਦੇ ਨੇਤਾ ਸ਼ਨੀਵਾਰ ਨੂੰ ਆਪਣੀ ਰਣਨੀਤੀ ਤੇ ਚਰਚਾ ਕਰਨ ਲਈ ਮਿਲਣਗੇ। ਸਰਕਾਰ ਨੇ ਸੰਸਦ ਦਾ ਚਾਰ ਦਿਨਾਂ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਲੋਕ ਸਭਾ ਵਿੱਚ 30 ਨਵੰਬਰ ਅਤੇ 1 ਦਸੰਬਰ ਨੂੰ ਅਤੇ ਰਾਜ ਸਭਾ ਵਿੱਚ 2 ਅਤੇ 3 ਦਸੰਬਰ ਨੂੰ ਸੈਸ਼ਨ ਚਲੇਗਾ।
National
ਦਿੱਲੀ ਪੁਲੀਸ ਵੱਲੋਂ ਕੌਮਾਂਤਰੀ ਮਨੁੱਖੀ ਤਸਕਰੀ ਅਤੇ ਸਾਈਬਰ ਠੱਗੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 164 ਵਿਦੇਸ਼ੀ ਨਾਗਰਿਕਾਂ ਨੂੰ ਛੁਡਵਾਇਆ
ਬੰਦੀ ਬਣਾ ਕੇ ਕਰਵਾਈ ਜਾ ਰਹੀ ਸੀ ਸਾਈਬਰ ਠੱਗੀ
ਨਵੀਂ ਦਿੱਲੀ, 27 ਨਵੰਬਰ (ਸ.ਬ.) ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਨੋਇਡਾ ਦੇ ਸੈਕਟਰ 136 ਵਿੱਚ ਛਾਪੇ ਦੌਰਾਨ ਵੱਡੇ ਕੌਮਾਂਤਰੀ ਮਨੁੱਖੀ ਤਸਕਰੀ ਅਤੇ ਸਾਈਬਰ ਠੱਗੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 164 ਵਿਦੇਸ਼ੀ ਨਾਗਰਿਕਾਂ (92 ਇੰਡੋਨੇਸ਼ੀਆਈ ਅਤੇ 72 ਮਲੇਸ਼ੀਆਈ) ਨੂੰ ਛੁਡਵਾਇਆ ਹੈ। ਮੋਟੀਆਂ ਤਨਖ਼ਾਹਾਂ ਵਾਲੀਆਂ ਨੌਕਰੀਆਂ ਦਾ ਝਾਂਸਾ ਦੇ ਕੇ ਭਾਰਤ ਬੁਲਾਏ ਗਏ ਇਨ੍ਹਾਂ ਨਾਗਰਿਕਾਂ ਦੇ ਪਾਸਪੋਰਟ ਜ਼ਬਤ ਕਰਕੇ ਉਨ੍ਹਾਂ ਨੂੰ ਬੰਦੀ ਬਣਾਇਆ ਗਿਆ ਸੀ ਅਤੇ ਕੁੱਟਮਾਰ ਦਾ ਡਰ ਦਿਖਾ ਕੇ ਆਪਣੇ ਹੀ ਦੇਸ਼ਾਂ ਦੇ ਲੋਕਾਂ ਨਾਲ ਆਨਲਾਈਨ ਨਿਵੇਸ਼ ਦੇ ਨਾਮ ਤੇ ਠੱਗੀ ਮਾਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ।
ਪੁਲੀਸ ਨੇ ਇਸ ਮਾਮਲੇ ਵਿੱਚ ਇੱਕ ਮਲੇਸ਼ੀਆਈ ਨਾਗਰਿਕ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਮਾਤਰਾ ਵਿੱਚ ਇਲੈਕਟ੍ਰਾਨਿਕ ਉਪਕਰਨ ਅਤੇ 174 ਪਾਸਪੋਰਟ ਬਰਾਮਦ ਕੀਤੇ ਹਨ।
ਪੁਲੀਸ ਮੁਤਾਬਕ ਇੱਥੇ ਪਹੁੰਚਣ ਤੇ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ, ਉਨ੍ਹਾਂ ਦੀ ਆਵਾਜਾਈ ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਉਨ੍ਹਾਂ ਦਾ ਕੰਮ ਸਿਰਫ਼ ਆਪਣੇ ਦੇਸ਼ ਵਿੱਚ ਲੋਕਾਂ ਨੂੰ ਧੋਖਾਧੜੀ ਵਾਲੀਆਂ ਕਾਲਾਂ ਕਰਨਾ ਹੀ ਰਹਿ ਗਿਆ ਸੀ।
ਪੁਲੀਸ ਨੇ ਦੱਸਿਆ ਕਿ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਪੇਇੰਗ ਗੈਸਟ ਰਿਹਾਇਸ਼ਾਂ ਵਿੱਚ ਰੱਖਿਆ ਗਿਆ ਸੀ, ਕਥਿਤ ਤੌਰ ਤੇ ਘਟੀਆ ਖਾਣਾ ਦਿੱਤਾ ਜਾਂਦਾ ਸੀ ਅਤੇ ਕੰਮ ਕਰਨ ਤੋਂ ਇਨਕਾਰ ਕਰਨ ਤੇ ਕੁੱਟਮਾਰ ਕੀਤੀ ਜਾਂਦੀ ਸੀ। ਉਨ੍ਹਾਂ ਨੂੰ ਲਿਖਤੀ ਸਕ੍ਰਿਪਟਾਂ ਦੇ ਕੇ ਫ਼ਰਜ਼ੀ ਨਿਵੇਸ਼ ਪਲੇਟਫਾਰਮਾਂ ਰਾਹੀਂ ਆਪਣੇ ਹੀ ਦੇਸ਼ਾਂ ਦੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰਨ ਲਈ ਮਜਬੂਰ ਕੀਤਾ ਜਾਂਦਾ ਸੀ।
ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਇਸ ਗਰੋਹ ਨੂੰ ਚਲਾਉਣ ਲਈ ਵਰਤੇ ਜਾ ਰਹੇ ਟਿਕਾਣਿਆਂ ਤੋਂ ਕੁੱਲ 164 ਵਿਦੇਸ਼ੀ ਨਾਗਰਿਕਾਂ ਨੂੰ ਛੁਡਵਾਇਆ ਹੈ, ਜਿਨ੍ਹਾਂ ਵਿੱਚ 92 ਇੰਡੋਨੇਸ਼ੀਆਈ ਅਤੇ 72 ਮਲੇਸ਼ੀਆਈ ਨਾਗਰਿਕ ਸ਼ਾਮਲ ਹਨ। ਇਸ ਮਾਮਲੇ ਦੇ ਸਬੰਧ ਵਿੱਚ 25 ਸਾਲਾ ਮਲੇਸ਼ੀਆਈ ਨਾਗਰਿਕ, ਜਿਸ ਦੀ ਪਛਾਣ ਤਾਨ ਗੁਆਨ ਵੇਈ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਿਹੜੇ ਲੋਕ ਵਿਰੋਧ ਕਰਦੇ ਸਨ ਜਾਂ ਠੱਗੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਦੇ ਸਨ, ਉਨ੍ਹਾਂ ਦੀ ਨੈਟਵਰਕ ਦੇ ਮੈਂਬਰਾਂ ਵੱਲੋਂ ਕਥਿਤ ਤੌਰ ਤੇ ਕੁੱਟਮਾਰ ਕੀਤੀ ਜਾਂਦੀ ਸੀ ਤਾਂ ਜੋ ਉਹ ਕੰਮ ਕਰਦੇ ਰਹਿਣ। ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਲਗਪਗ ਦੋ ਵਿਅਕਤੀਆਂ ਦੀ ਕੁੱਟਮਾਰ ਕੀਤੀ ਗਈ ਸੀ। ਰਿਹਾਇਸ਼ਾਂ ਵਿੱਚ ਰਹਿਣ-ਸਹਿਣ ਦੇ ਹਾਲਾਤ ਵੀ ਕਥਿਤ ਤੌਰ ਤੇ ਬਹੁਤ ਮਾੜੇ ਸਨ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਘਟੀਆ ਖਾਣਾ ਦਿੱਤਾ ਜਾਂਦਾ ਸੀ।
ਅਧਿਕਾਰੀ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਨੂੰ ਪੀ.ਜੀ. ਰਿਹਾਇਸ਼ਾਂ ਅਤੇ ਸਾਈਬਰ ਠੱਗੀ ਕਾਲ ਸੈਂਟਰ ਵਿਚਕਾਰ ਲਿਆਉਣ-ਲਿਜਾਣ ਲਈ ਲਗਪਗ 40 ਕੈਬਾਂ (ਟੈਕਸੀਆਂ) ਦਾ ਬੇੜਾ ਵਰਤਿਆ ਜਾਂਦਾ ਸੀ, ਪਰ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਬਾਹਰ ਨਿਕਲਣ ਜਾਂ ਘੁੰਮਣ-ਫਿਰਨ ਦੀ ਇਜਾਜ਼ਤ ਨਹੀਂ ਸੀ। ਅਧਿਕਾਰੀ ਨੇ ਕਿਹਾ ਕਿ ਕੈਬਾਂ ਦੀ ਵਰਤੋਂ ਕਥਿਤ ਤੌਰ ਤੇ ਉਨ੍ਹਾਂ ਨੂੰ ਕਾਲ ਸੈਂਟਰ ਲਿਜਾਣ ਅਤੇ ਵਾਪਸ ਰਿਹਾਇਸ਼ਾਂ ਤੇ ਛੱਡਣ ਲਈ ਕੀਤੀ ਜਾਂਦੀ ਸੀ, ਤਾਂ ਜੋ ਉਨ੍ਹਾਂ ਦੀ ਆਵਾਜਾਈ ਤੇ ਗਰੋਹ ਦੇ ਸੰਚਾਲਕਾਂ ਦਾ ਪੂਰਾ ਕੰਟਰੋਲ ਰਹੇ।
ਵਿਦੇਸ਼ੀ ਨਾਗਰਿਕਾਂ ਤੋਂ ਸਿਰਫ਼ ਕੰਪਿਊਟਰ ਅਤੇ ਮੋਬਾਈਲ ਫ਼ੋਨ ਹੀ ਨਹੀਂ ਚਲਾਏ ਜਾਂਦੇ ਸਨ, ਸਗੋਂ ਉਨ੍ਹਾਂ ਨੂੰ ਸਾਈਬਰ ਠੱਗੀ ਦੇ ਇੱਕ ਖ਼ਾਸ ਤਰੀਕੇ ਨੂੰ ਅੰਜਾਮ ਦੇਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਸੀ। ਉਨ੍ਹਾਂ ਨੂੰ ਲਿਖਤੀ ਸਕ੍ਰਿਪਟਾਂ ਦਿੱਤੀਆਂ ਜਾਂਦੀਆਂ ਸਨ, ਜਿਨ੍ਹਾਂ ਵਿੱਚ ਸੰਭਾਵੀ ਸ਼ਿਕਾਰਾਂ ਨਾਲ ਕੀਤੀ ਜਾਣ ਵਾਲੀ ਗੱਲਬਾਤ ਲਿਖੀ ਹੁੰਦੀ ਸੀ। ਇਨ੍ਹਾਂ ਦੇ ਨਿਸ਼ਾਨੇ ਤੇ ਮੁੱਖ ਤੌਰ ਤੇ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਲੋਕ ਹੁੰਦੇ ਸਨ। ਸੰਚਾਲਕਾਂ ਨੇ ਭੋਲੇ-ਭਾਲੇ ਲੋਕਾਂ ਨਾਲ ਸੰਪਰਕ ਬਣਾਉਣ ਲਈ ਕਥਿਤ ਤੌਰ ਤੇ ਔਰਤਾਂ ਦੇ ਫ਼ਰਜ਼ੀ ਨਾਮ ਅਤੇ ਸੋਸ਼ਲ ਮੀਡੀਆ ਪ੍ਰੋਫਾਈਲ ਬਣਾਏ ਹੋਏ ਸਨ।
ਅਧਿਕਾਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਪ੍ਰੋਫਾਈਲਾਂ ਦੀ ਵਰਤੋਂ ਕਰਕੇ ਵਿਦੇਸ਼ੀ ਨਾਗਰਿਕਾਂ ਨੂੰ ਗੱਲਬਾਤ ਸ਼ੁਰੂ ਕਰਨ, ਆਨਲਾਈਨ ਸਬੰਧ ਬਣਾਉਣ ਅਤੇ ਹੌਲੀ-ਹੌਲੀ ਨਿਸ਼ਾਨਾ ਬਣਾਏ ਗਏ ਵਿਅਕਤੀਆਂ ਦਾ ਭਰੋਸਾ ਜਿੱਤਣ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਸਨ। ਇੱਕ ਵਾਰ ਭਰੋਸਾ ਬਣਨ ਤੋਂ ਬਾਅਦ, ਪੀੜਤਾਂ ਨੂੰ ਫ਼ਰਜ਼ੀ ਟ੍ਰੇਡਿੰਗ ਅਤੇ ਨਿਵੇਸ਼ ਪਲੇਟਫਾਰਮਾਂ ਰਾਹੀਂ ਪੈਸਾ ਲਗਾਉਣ ਲਈ ਰਾਜ਼ੀ ਕੀਤਾ ਜਾਂਦਾ ਸੀ।
ਇਹ ਗਿਰੋਹ ਵੱਧ ਮੁਨਾਫ਼ੇ ਦਾ ਝਾਂਸਾ ਦੇ ਕੇ ਲੋਕਾਂ ਨੂੰ ਫਸਾਉਣ ਲਈ ਕਥਿਤ ਤੌਰ ਤੇ ਵੈਬਸਾਈਟਾਂ ਅਤੇ ਏ.ਪੀ.ਕੇ. ਅਧਾਰਿਤ ਐਪਲੀਕੇਸ਼ਨਾਂ ਦੀ ਵਰਤੋਂ ਕਰਦਾ ਸੀ। ਪੀੜਤਾਂ ਨੂੰ ਇਹ ਵਿਸ਼ਵਾਸ ਦਿਵਾਇਆ ਜਾਂਦਾ ਸੀ ਕਿ ਉਹ ਜਾਇਜ਼ ਵਿੱਤੀ ਮੌਕਿਆਂ ਵਿੱਚ ਨਿਵੇਸ਼ ਕਰ ਰਹੇ ਹਨ, ਜਦੋਂ ਕਿ ਪੈਸਾ ਕਥਿਤ ਤੌਰ ਤੇ ਫ਼ਰਜ਼ੀ ਨੈਟਵਰਕ ਰਾਹੀਂ ਹੜੱਪ ਲਿਆ ਜਾਂਦਾ ਸੀ।
ਅਧਿਕਾਰੀ ਨੇ ਕਿਹਾ ਕਿ ਸਾਨੂੰ ਇਸ ਠੱਗੀ ਬਾਰੇ ਉਦੋਂ ਪਤਾ ਲੱਗਾ ਜਦੋਂ ਕ੍ਰਾਈਮ ਬ੍ਰਾਂਚ ਨੂੰ ਲਗਭਗ ਇੱਕ ਹਫ਼ਤਾ ਪਹਿਲਾਂ ਇਸ ਕਥਿਤ ਗਰੋਹ ਬਾਰੇ ਇੱਕ ਈ-ਮੇਲ ਅਲਰਟ ਮਿਲਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਨੈਟਵਰਕ ਬਾਰੇ ਖੁਫ਼ੀਆ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ।
ਵਿਸ਼ੇਸ਼ ਪੁਲੀਸ ਕਮਿਸ਼ਨਰ (ਕ੍ਰਾਈਮ ਬ੍ਰਾਂਚ) ਐਚ.ਜੀ.ਐਸ. ਧਾਲੀਵਾਲ ਨੇ ਕਿਹਾ ਕਿ ਜਿਵੇਂ ਹੀ ਸਾਨੂੰ ਸਾਈਬਰ ਗਰੋਹ ਬਾਰੇ ਜਾਣਕਾਰੀ ਮਿਲੀ, ਮੈਂ ਨਿੱਜੀ ਤੌਰ ਤੇ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਅਤੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਸ਼ੁਰੂਆਤੀ ਜਾਣਕਾਰੀ ਤੋਂ ਸੰਕੇਤ ਮਿਲਿਆ ਸੀ ਕਿ ਸਾਈਬਰ ਠੱਗੀ ਦੇ ਇਸ ਧੰਦੇ ਵਿੱਚ ਲਗਪਗ 60 ਤੋਂ 70 ਵਿਦੇਸ਼ੀ ਨਾਗਰਿਕਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾ ਰਿਹਾ ਹੈ। ਹਾਲਾਂਕਿ, ਜਦੋਂ ਪੁਲੀਸ ਟੀਮ ਨੇ ਸ਼ੱਕੀ ਟਿਕਾਣਿਆਂ ਤੇ ਛਾਪੇਮਾਰੀ ਕੀਤੀ, ਤਾਂ ਅਸਲ ਗਿਣਤੀ ਕਾਫ਼ੀ ਜ਼ਿਆਦਾ ਨਿਕਲੀ। ਇਸ ਕਾਰਵਾਈ ਦੌਰਾਨ 164 ਵਿਦੇਸ਼ੀ ਨਾਗਰਿਕਾਂ ਨੂੰ ਛੁਡਵਾਇਆ ਗਿਆ, ਜਿਸ ਨਾਲ ਇਸ ਕਥਿਤ ਗਰੋਹ ਦੇ ਵੱਡੇ ਪੱਧਰ ਦਾ ਖੁਲਾਸਾ ਹੋਇਆ।
ਪੁਲੀਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਵਿਦੇਸ਼ੀ ਨਾਗਰਿਕਾਂ ਦੀ ਭਰਤੀ ਕਿਵੇਂ ਕੀਤੀ ਗਈ, ਉਨ੍ਹਾਂ ਦੀ ਭਾਰਤ ਯਾਤਰਾ ਦਾ ਪ੍ਰਬੰਧ ਕਿਸ ਨੇ ਕੀਤਾ ਅਤੇ ਉਨ੍ਹਾਂ ਦੇ ਪਾਸਪੋਰਟ ਕਿਵੇਂ ਖੋਹੇ ਗਏ।
ਕੁਮਾਰ ਅਤੇ ਭਾਟੀ ਵੱਲੋਂ ਕਥਿਤ ਤੌਰ ਤੇ ਚਲਾਏ ਜਾ ਰਹੇ ਕੁਝ ਬੈਂਕ ਖਾਤਿਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੀ ਵਰਤੋਂ ਨੈਟਵਰਕ ਦੇ ਕਿਰਾਏ ਅਤੇ ਹੋਰ ਸੰਚਾਲਨ ਖ਼ਰਚਿਆਂ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਸੀ। ਪੈਸੇ ਦੇ ਲੈਣ-ਦੇਣ ਦਾ ਪਤਾ ਲਗਾਉਣ, ਲਾਭਪਾਤਰੀਆਂ ਦੀ ਪਛਾਣ ਕਰਨ ਅਤੇ ਕਥਿਤ ਸਾਈਬਰ ਠੱਗੀ ਰਾਹੀਂ ਇਕੱਠੀ ਕੀਤੀ ਗਈ ਰਕਮ ਦਾ ਸੁਰਾਗ ਲਗਾਉਣ ਲਈ ਵਿੱਤੀ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।
ਗ੍ਰਿਫ਼ਤਾਰ ਕੀਤੇ ਗਏ ਮਲੇਸ਼ੀਆਈ ਨਾਗਰਿਕ ਤਾਨ ਗੁਆਨ ਵੇਈ, ਜੋ ਕਿ ਨੇਗੇਰੀ ਸੇਮਬਿਲਨ ਦਾ ਵਾਸੀ ਹੈ, ਤੋਂ ਨੈਟਵਰਕ ਵਿੱਚ ਉਸ ਦੀ ਕਥਿਤ ਭੂਮਿਕਾ, ਹੋਰ ਮੈਂਬਰਾਂ ਨਾਲ ਉਸ ਦੇ ਸਬੰਧਾਂ ਅਤੇ ਫ਼ਰਜ਼ੀ ਪਲੇਟਫਾਰਮ ਚਲਾਉਣ ਵਿੱਚ ਉਸ ਦੀ ਸ਼ਮੂਲੀਅਤ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲੀਸ ਨੇ ਇਸ ਧੰਦੇ ਨੂੰ ਚਲਾਉਣ ਲਈ ਕਥਿਤ ਤੌਰ ਤੇ ਵਰਤਿਆ ਜਾਣ ਵਾਲਾ ਵੱਡਾ ਡਿਜੀਟਲ ਢਾਂਚਾ ਜ਼ਬਤ ਕੀਤਾ ਹੈ। ਬਰਾਮਦ ਕੀਤੇ ਗਏ ਸਾਮਾਨ ਵਿੱਚ 355 ਮੋਬਾਈਲ ਫ਼ੋਨ, 168 ਡੈਸਕਟਾਪ ਕੰਪਿਊਟਰ, 26 ਲੈਪਟਾਪ, 53 ਸਿਮ ਕਾਰਡ ਅਤੇ 174 ਪਾਸਪੋਰਟ ਸ਼ਾਮਲ ਹਨ। 355 ਮੋਬਾਈਲ ਫ਼ੋਨਾਂ ਵਿੱਚੋਂ 335 ਪੁਰਾਣੇ ਜਾਂ ਵਰਤੇ ਹੋਏ ਹੈਂਡਸੈਟ ਸਨ ਅਤੇ 20 ਸੀਲਬੰਦ ਪੈਕਿੰਗ ਵਾਲੇ ਨਵੇਂ ਫ਼ੋਨ ਸਨ।
53 ਸਿਮ ਕਾਰਡਾਂ ਵਿੱਚ 31 ਕੌਮਾਂਤਰੀ ਅਤੇ 22 ਭਾਰਤੀ ਕੁਨੈਕਸ਼ਨ ਸ਼ਾਮਲ ਹਨ। ਬਰਾਮਦ ਕੀਤੇ ਗਏ ਪਾਸਪੋਰਟਾਂ ਵਿੱਚ 95 ਇੰਡੋਨੇਸ਼ੀਆਈ ਅਤੇ 79 ਮਲੇਸ਼ੀਆਈ ਦਸਤਾਵੇਜ਼ ਸ਼ਾਮਲ ਹਨ। ਸਰਵਰ ਅਤੇ ਹੋਰ ਇਲੈਕਟ੍ਰਾਨਿਕ ਸਮੱਗਰੀ ਵੀ ਜ਼ਬਤ ਕੀਤੀ ਗਈ ਹੈ। ਜਾਂਚਕਰਤਾ ਪੀੜਤਾਂ ਦੀ ਪਛਾਣ ਕਰਨ, ਗਿਰੋਹ ਵੱਲੋਂ ਵਰਤੇ ਜਾਂਦੇ ਸੰਚਾਰ ਮਾਧਿਅਮਾਂ ਦਾ ਪਤਾ ਲਗਾਉਣ ਅਤੇ ਫ਼ਰਜ਼ੀ ਪਲੇਟਫਾਰਮਾਂ ਨਾਲ ਜੁੜੇ ਵਿੱਤੀ ਲੈਣ-ਦੇਣ ਦਾ ਸੁਰਾਗ ਲਗਾਉਣ ਲਈ ਇਨ੍ਹਾਂ ਉਪਕਰਨਾਂ ਦੀ ਜਾਂਚ ਕਰ ਰਹੇ ਹਨ।
ਵਿਸ਼ੇਸ਼ ਸੀ.ਪੀ. ਧਾਲੀਵਾਲ ਨੇ ਅੱਗੇ ਕਿਹਾ ਕਿ ਜਿਨ੍ਹਾਂ ਹਾਲਾਤਾਂ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਰੱਖਿਆ ਗਿਆ ਸੀ, ਉਹ ਬਹੁਤ ਹੀ ਤਰਸਯੋਗ ਸਨ। ਟੀਮ ਦੇ ਕੰਮ ਦੀ ਸ਼ਲਾਘਾ ਕਰਦਿਆਂ ਧਾਲੀਵਾਲ ਨੇ ਕਿਹਾ ਦਮ ਅਸੀਂ ਛੁਡਵਾਏ ਗਏ ਵਿਦੇਸ਼ੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਉਹ ਸੁਰੱਖਿਅਤ ਆਪਣੇ-ਆਪਣੇ ਦੇਸ਼ਾਂ ਨੂੰ ਵਾਪਸ ਪਰਤ ਸਕਣ।
ਕ੍ਰਾਈਮ ਬ੍ਰਾਂਚ ਪੁਲੀਸ ਸਟੇਸ਼ਨ ਵਿਖੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਕੌਮਾਂਤਰੀ ਨੈਟਵਰਕ ਦੇ ਹੋਰ ਮੈਂਬਰਾਂ ਦੀ ਪਛਾਣ ਕਰਨ ਅਤੇ ਕਥਿਤ ਮਨੁੱਖੀ ਤਸਕਰੀ ਤੇ ਸਾਈਬਰ ਠੱਗੀ ਦੇ ਇਸ ਧੰਦੇ ਦੇ ਪਸਾਰ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਅਧਿਕਾਰੀ ਨੇ ਅੱਗੇ ਦੱਸਿਆ ਕਿ ਫ਼ਰਾਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ 10 ਤੋਂ ਵੱਧ ਟੀਮਾਂ ਬਣਾਈਆਂ ਗਈਆਂ ਹਨ।
ਅਧਿਕਾਰੀ ਨੇ ਕਿਹਾ ਕਿ ਟੀਮਾਂ ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਪੰਜਾਬ, ਰਾਜਸਥਾਨ ਅਤੇ ਕਈ ਹੋਰ ਇਲਾਕਿਆਂ ਸਮੇਤ ਕਈ ਰਾਜਾਂ ਵਿੱਚ ਛਾਪੇਮਾਰੀ ਕਰ ਰਹੀਆਂ ਹਨ। ਭਾਟੀ ਅਤੇ ਕੁਮਾਰ ਦੇ ਟਿਕਾਣਿਆਂ ਬਾਰੇ ਵੀ ਅਹਿਮ ਸੁਰਾਗ ਮਿਲੇ ਹਨ। ਉਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
National
‘ਵੋਟ ਚੋਰ, ਗੱਦੀ ਛੋੜ’ ਨਾਅਰੇ ਵਾਲੀਆਂ ਵੀਡੀਓਜ਼ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ
ਨਵੀਂ ਦਿੱਲੀ, 27 ਨਵੰਬਰ (ਸ.ਬ.) ਸੁਪਰੀਮ ਕੋਰਟ ਨੇ ਅੱਜ ਹੈਦਰਾਬਾਦ ਵਿੱਚ 13-14 ਨਵੰਬਰ ਨੂੰ ਹੋਏ ‘ਭਾਰਤ ਸੰਮੇਲਨ’ ਦੌਰਾਨ ਇਤਾਲਵੀ ਸਿਆਸਤਦਾਨ ਗੀਆਕੋਮੋ ਫਿਲਿਬੇਕ ਵੱਲੋਂ ਕਥਿਤ ਤੌਰ ਤੇ ”ਵੋਟ ਚੋਰ, ਗੱਦੀ ਛੋੜ ਦਾ ਨਾਅਰਾ ਲਗਾਉਣ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ।
ਜਸਟਿਸ ਵਿਕਰਮ ਨਾਥ ਅਤੇ ਜਸਟਿਸ ਅਪਰੇਸ਼ ਕੁਮਾਰ ਸਿੰਘ ਦੀ ਬੈਂਚ ਨੇ ਕੁਝ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਇਹ ਵੀਡੀਓਜ਼ ਹਟਾਉਣ ਦਾ ਨਿਰਦੇਸ਼ ਦੇਣ ਦੀ ਮੰਗ ਵਾਲੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਇਹ ਹੁਕਮ ਪਾਸ ਕੀਤਾ।
ਬੈਂਚ ਵੱਲੋਂ ਪਟੀਸ਼ਨ ਖਾਰਜ ਕੀਤੇ ਜਾਣ ਦੀ ਗੱਲ ਕਹੇ ਜਾਣ ਤੋਂ ਬਾਅਦ ਪਟੀਸ਼ਨਕਰਤਾ ਦੇ ਵਕੀਲ ਨੇ ਬੇਨਤੀ ਕੀਤੀ ਕਿ ਅਧਿਕਾਰੀਆਂ ਨੂੰ ਇਸ ਨੂੰ ਇੱਕ ਮੰਗ-ਪੱਤਰ ਵਜੋਂ ਵਿਚਾਰਨ ਲਈ ਕਿਹਾ ਜਾਵੇ। ਬੈਂਚ ਨੇ ਕਿਹਾ ਕਿ ਨਹੀਂ। ਤੁਸੀਂ ਮੰਗ-ਪੱਤਰ ਦੇਣ ਲਈ ਆਜ਼ਾਦ ਹੋ। ਤੁਹਾਨੂੰ ਕੌਣ ਰੋਕ ਰਿਹਾ ਹੈ।
-
International1 month agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International2 months ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International2 months agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh2 months ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
-
International2 months agoਪਨਾਮਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕਈ ਇਮਾਰਤਾਂ ਢਹਿ ਢੇਰੀ
-
International1 month agoਸਾਊਦੀ ਅਰਬ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਮਲਾ, 1 ਵਿਅਕਤੀ ਦੀ ਮੌਤ, 8 ਗੰਭੀਰ ਜ਼ਖਮੀ
