Mohali
ਸੱਚ ਸਾਹਮਣੇ ਆਉਣ ਤੋਂ ਘਬਰਾ ਕਿਉਂ ਰਹੀ ਹੈ ਆਪ ਸਰਕਾਰ : ਬੀਬੀ ਅਮਨਜੋਤ ਕੌਰ ਰਾਮੂਵਾਲੀਆ
ਐਸ ਏ ਐਸ ਨਗਰ, 7 ਅਕਤੂਬਰ (ਸ.ਬ.) ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਾਹਮਣੇ ਆਏ ਕਥਿਤ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਦੀ ਸੀਬੀਆਈ ਜਾਂਚ ਨੂੰ ਸਿਆਸੀ ਬਦਲੇ ਦੀ ਕਾਰਵਾਈ ਦੱਸ ਕੇ ਅਸਲ ਸਵਾਲਾਂ ਤੋਂ ਨਹੀਂ ਭੱਜਿਆ ਜਾ ਸਕਦਾ।
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਜਦੋਂ ਕਿਸੇ ਮਾਮਲੇ ਵਿੱਚ ਅਦਾਲਤ ਖੁਦ ਜਾਂਚ ਦੇ ਹੁਕਮ ਦਿੰਦੀ ਹੈ ਤਾਂ ਉਸ ਨੂੰ ਸਿਆਸੀ ਸਾਜ਼ਿਸ਼ ਕਹਿਣ ਦੀ ਬਜਾਏ ਅਦਾਲਤੀ ਹੁਕਮ ਦਾ ਸਤਿਕਾਰ ਕਰਦਿਆਂ ਨਿਰਪੱਖ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਸਾਹਮਣੇ ਆ ਰਹੇ ਦੋਸ਼ ਅਤੇ ਰਿਕਾਰਡ ਵਿੱਚ ਦਰਜ ਸਮੱਗਰੀ ਬੇਬੁਨਿਆਦ ਹੈ ਤਾਂ ਫਿਰ ਸਰਕਾਰ ਨਿਰਪੱਖ ਜਾਂਚ ਤੋਂ ਕਿਉਂ ਘਬਰਾ ਰਹੀ ਹੈ। ਉਹਨਾਂ ਕਿਹਾ ਕਿ ਜਾਂਚ ਕਿਸੇ ਵਿਅਕਤੀ ਨੂੰ ਪਹਿਲਾਂ ਹੀ ਦੋਸ਼ੀ ਸਾਬਤ ਕਰਨ ਲਈ ਨਹੀਂ, ਸਗੋਂ ਤੱਥਾਂ ਦੀ ਸੱਚਾਈ ਸਾਹਮਣੇ ਲਿਆਉਣ ਲਈ ਹੁੰਦੀ ਹੈ।
ਉਹਨਾਂ ਕਿਹਾ ਕਿ ਹਾਈਕੋਰਟ ਦੇ ਰਿਕਾਰਡ ਵਿੱਚ ਜਾਂਚ ਏਜੰਸੀ ਵੱਲੋਂ ਇਕੱਠੀ ਕੀਤੀ ਗਈ ਸਮੱਗਰੀ, ਕਥਿਤ ਬਿਆਨਾਂ ਅਤੇ ਵ੍ਹਟਸਐਪ ਗੱਲਬਾਤ ਨਾਲ ਸਬੰਧਤ ਜਾਣਕਾਰੀ ਦਾ ਜ਼ਿਕਰ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਵਿੱਚ ਸਰਕਾਰੀ ਕੰਮਾਂ, ਤਬਾਦਲਿਆਂ ਅਤੇ ਪੋਸਟਿੰਗਾਂ ਨਾਲ ਜੁੜੀਆਂ ਕਥਿਤ ਗਤੀਵਿਧੀਆਂ ਦਾ ਵੀ ਜ਼ਿਕਰ ਹੈ। ਇਹਨਾਂ ਦਾਅਵਿਆਂ ਦੀ ਸੱਚਾਈ ਜਾਂ ਝੂਠ ਦਾ ਫੈਸਲਾ ਸਿਆਸੀ ਬਿਆਨਾਂ ਨਾਲ ਨਹੀਂ, ਬਲਕਿ ਨਿਰਪੱਖ ਜਾਂਚ ਨਾਲ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਿਸੇ ਵਿਅਕਤੀ ਨੂੰ ਦੋਸ਼ੀ ਐਲਾਨ ਨਹੀਂ ਕਰ ਰਹੀ। ਭਾਜਪਾ ਦਾ ਸਵਾਲ ਸਿਰਫ਼ ਇਹ ਹੈ ਕਿ ਜਦੋਂ ਕਿਸੇ ਮਾਮਲੇ ਵਿੱਚ ਗੰਭੀਰ ਤੱਥ ਅਦਾਲਤੀ ਰਿਕਾਰਡ ਤੱਕ ਪਹੁੰਚ ਚੁੱਕੇ ਹਨ ਤਾਂ ਉਨ੍ਹਾਂ ਦੀ ਨਿਰਪੱਖ ਜਾਂਚ ਹੋਣ ਤੋਂ ਇਤਰਾਜ਼ ਕਿਉਂ ਹੈ? ਜੇਕਰ ਸਾਰੇ ਦੋਸ਼ ਝੂਠੇ ਹਨ ਤਾਂ ਜਾਂਚ ਵੀ ਉਨ੍ਹਾਂ ਨੂੰ ਝੂਠਾ ਸਾਬਤ ਕਰ ਦੇਵੇਗੀ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸੀ ਬੀ ਆਈ ਜਾਂਚ ਨੂੰ ਆਉਣ ਵਾਲੀਆਂ ਚੋਣਾਂ ਨਾਲ ਜੋੜਨਾ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਭਟਕਾਉਣ ਦੀ ਕੋਸ਼ਿਸ਼ ਹੈ। ਜਾਂਚ ਦਾ ਫੈਸਲਾ ਚੋਣਾਂ ਨਹੀਂ, ਤੱਥ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਰਕਾਰ ਨੂੰ ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫ਼ਤਵਾ ਦਿੱਤਾ ਹੈ। ਇਸ ਲਈ ਜਿੱਥੇ ਵੀ ਸਰਕਾਰੀ ਅਹੁਦਿਆਂ, ਤਬਾਦਲਿਆਂ, ਪੋਸਟਿੰਗਾਂ ਜਾਂ ਸਰਕਾਰੀ ਕੰਮਾਂ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਸ਼ੱਕ ਸਾਹਮਣੇ ਆਉਂਦੇ ਹਨ, ਉੱਥੇ ਪਰਦੇ ਪਾਉਣ ਦੀ ਨਹੀਂ, ਸੱਚ ਸਾਹਮਣੇ ਲਿਆਉਣ ਦੀ ਲੋੜ ਹੈ।
Mohali
ਫੇਜ਼ 5 ਦੇ ਨਾਲ ਲੱਗਦੀ ਗ੍ਰੀਨ ਬੈਲਟ ਦੀ ਰਾਖੀ ਲਈ ਵਸਨੀਕਾਂ ਵਲੋਂ ਕੀਤਾ ਜਾ ਰਿਹਾ ਸੰਘਰਸ਼ ਜਾਰੀ
ਮੰਡੀ ਲਵਾਉਣ ਲਈ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਬੈਰੰਗ ਮੋੜਿਆ
ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਸਥਾਨਕ ਫੇਜ਼ 5 ਦੇ ਨਾਲ ਲੱਗਦੀ ਗ੍ਰੀਨ ਬੈਲਟ ਦੀ ਥਾਂ ਦੀ ਸਫਾਈ ਕਰਵਾਉਣ ਲਈ ਸੰਘਰਸ਼ ਕਰ ਰਹੇ ਫੇਜ਼ 5 ਅਤੇ ਪਿੰਡ ਸ਼ਾਹੀ ਮਾਜਰਾ ਦੇ ਵਸਨੀਕਾਂ ਵਲੋਂ ਕੀਤਾ ਜਾ ਰਿਹਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਵਸਨੀਕਾਂ ਵਲੋਂ ਇੱਥੇ ਕੂੜਾ ਸੁੱਟਣ ਆਉਣ ਵਾਲੀਆਂ ਟਰਾਲੀਆਂ ਨੂੰ ਰੋਕਣ ਲਈ ਪੱਕੇ ਤੌਰ ਤੇ ਧਰਨਾ ਲਗਾਇਆ ਹੋਇਆ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਕੁੱਝ ਦਿਨ ਪਹਿਲਾਂ ਭਾਵੇਂ ਨਗਰ ਨਿਗਮ ਦੇ ਠੇਕੇਦਾਰ ਵਲੋਂ ਜੇਸੀ ਬੀ ਮਸ਼ੀਨ ਲਗਾ ਕੇ ਇੱਥੋਂ ਕੂੜਾ ਸੁਟਵਾਉਣ ਦਾ ਕੰਮ ਆਰੰਭ ਕੀਤਾ ਗਿਆ ਸੀ ਜਿਹੜਾ ਹਾਲੇ ਵੀ ਜਾਰੀ ਹੈ ਅਤੇ ਇਸ ਦੌਰਾਨ ਅੱਧੇ ਤੋਂ ਵੱਧ ਕੂੜਾ ਚੁੱਕਿਆ ਵੀ ਗਿਆ ਹੈ ਪਰੰਤੂ ਵਸਨੀਕਾਂ ਨੂੰ ਡਰ ਹੈ ਕਿ ਇਸ ਥਾਂ ਤੇ ਨਿਗਮ ਵਲੋਂ ਮੁੜ ਕੂੜਾ ਸੁੱਟਣ ਦਾ ਕੰਮ ਆਰੰਭ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਇਸ ਥਾਂ ਤੇ ਲੱਗੇ ਕੂੜੇ ਦੀ ਅੱਗ ਵੀ ਲਗਭਗ ਬੁਝ ਗਈ ਹੈ ਪਰੰਤੂ ਹੁਣੇ ਵੀ ਇਹ ਥਾਂ ਕਿਸੇ ਗੰਦਗੀ ਦੇ ਢੇਰ ਵਰਗੀ ਹੀ ਹੈ ਅਤੇ ਇਸ ਥਾਂ ਤੇ ਮੱਖੀ ਮੱਛਰ ਕਾਫੀ ਜਿਆਦਾ ਹੋਣ ਦੇ ਬਾਵਜੂਦ ਵਸਨੀਕ ਇੱਥੇ ਡਟੇ ਹੋਏ ਹਨ।
ਇਸ ਦੌਰਾਨ ਇੱਥੇ ਖਾਲੀ ਹੋਈ ਅੱਧੀ ਕੁ ਥਾਂ ਤੇ ਹਫਤਾਵਾਰੀ ਸਬਜੀ ਮੰਡੀ ਲਗਵਾਉਣ ਲਈ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਗੋਬਿੰਦਰ ਮਿੱਤਲ ਨੂੰ ਵਾਰਡ ਨੰਬਰ 9 ਦੀ ਕੌਂਸਲਰ ਕੁਲਦੀਪ ਕੌਰ ਕੰਗ ਦੀ ਅਗਵਾਈ ਵਿੱਚ ਇਕੱਠੇ ਹੋਏ ਵਸਨੀਕਾਂ ਵਲੋਂ ਵਾਪਸ ਮੋੜ ਦਿੱਤਾ ਗਿਆ। ਇਸ ਮੌਕੇ ਗੋਬਿੰਦਰ ਮਿੱਤਲ ਵਲੋਂ ਵਸਨੀਕਾਂ ਨੂੰ ਇਕ ਕਹਿ ਕੇ ਮੰਡੀ ਲਗਵਾਉਣ ਲਈ ਸਹਿਮਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਮੰਡੀ ਬੰਦ ਹੋਣ ਕਾਰਨ ਸਰਕਾਰ ਦੇ ਮਾਲੀਏ ਦਾ ਨੁਕਸਾਨ ਹੁੰਦਾ ਹੈ ਪਰੰਤੂ ਵਸਨੀਕਾਂ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਅਤੇ ਅਖੀਰਕਾਰ ਲੋਕਾਂ ਦੇ ਰੋਹ ਨੂੰ ਵੇਖਦਿਆਂ ਉਹ ਵਾਪਸ ਪਰਤ ਗਏ।
ਇਸ ਮੌਕੇ ਮਿਉਂਸਪਲ ਕੌਂਸਲ ਕੁਲਦੀਪ ਕੌਰ ਕੰਗ, ਸਾਬਕਾ ਕੌਂਸਲਰ ਸz. ਜਗਦੀਸ਼ ਸਿੰਘ ਜੱਗਾ, ਸੁਖਵਿੰਦਰ ਸਿੰਘ ਵਿਰਦੀ, ਰਵਿੰਦਰ ਸਿੰਘ ਰਾਜੂ ਅਤੇ ਹੋਰਨਾਂ ਵਸਨੀਕਾਂ ਨੇ ਕਿਹਾ ਕਿ ਜਦੋਂ ਤਕ ਇਸ ਥਾਂ ਦੀ ਮੁਕੰਮਲ ਤੌਰ ਤੇ ਸਫਾਈ ਨਹੀਂ ਹੁੰਦੀ ਵਸਨੀਕਾਂ ਵਲੋਂ ਇੱਥੇ ਦਿੱਤਾ ਜਾ ਰਿਹਾ ਧਰਨਾ ਜਾਰੀ ਰਹੇਗਾ ਅਤੇ ਇਸ ਥਾਂ ਦੀ ਸਫਾਈ ਕਰਵਾਉਣ ਤੋਂ ਬਾਅਦ ਇੱਥੇ ਕੰਡਿਅਲੀ ਤਾਰ ਲਗਾ ਕੇ ਗ੍ਰੀਨ ਬੈਲਟ ਨੂੰ ਵਿਕਸਿਤ ਕੀਤਾ ਜਾਵੇਗਾ।
Mohali
ਸਰਬ ਸਾਂਝਾ ਵੈਲਫੇਅਰ ਸੋਸਾਇਟੀ ਵੱਲੋਂ 1 ਨਵੰਬਰ ਨੂੰ ਕਰਵਾਏ ਜਾਣਗੇ ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ : ਫੂਲਰਾਜ ਸਿੰਘ
ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਸਰਬ ਸਾਂਝਾ ਵੈਲਫੇਅਰ ਸੋਸਾਇਟੀ (ਰਜਿ: ) ਮੁਹਾਲੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਸਮੂਹਿਕ ਆਨੰਦ ਕਾਰਜ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਸੈਕਟਰ 90- 91 ਮੁਹਾਲੀ ਵਿਖੇ ਕਰਵਾਏ ਜਾ ਰਹੇ ਹਨ।
ਸੁਸਾਇਟੀ ਦੇ ਪ੍ਰਧਾਨ ਅਤੇ ਸਟੇਟ ਅਵਾਰਡੀ ਸz. ਫੂਲਰਾਜ ਸਿੰਘ ਨੇ ਦੱਸਿਆ ਕਿ ਸੁਸਾਇਟੀ ਮੈਂਬਰਾਂ ਵੱਲੋਂ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸੋਸਾਇਟੀ ਵੱਲੋਂ ਹਰ ਸਾਲ ਵਿਧਾਇਕ ਕੁਲਵੰਤ ਸਿੰਘ ਦੀ ਸਰਪ੍ਰਸਤੀ ਹੇਠ ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਜਾਂਦੇ ਹਨ। ਉਹਨਾਂ ਦੱਸਿਆ ਕਿ ਇਸ ਸਾਲ 1 ਨਵੰਬਰ ਨੂੰ ਕਰਵਾਏ ਜਾ ਰਹੇ ਸਮਾਗਮ ਸੰਬੰਧੀ ਅੱਜ ਸ੍ਰੀ ਅਖੰਡ ਪਾਠ ਸਾਹਿਬ 10 ਵਜੇ ਆਰੰਭ ਕਰਵਾਏ ਗਏ ਹਨ ਜਿਨਾਂ ਦੇ ਭੋਗ ਇੱਕ ਨਵੰਬਰ ਨੂੰ ਸਵੇਰੇ 8 ਵਜੇ ਪਾਏ ਜਾਣਗੇ। ਬਰਾਤਾਂ ਦਾ ਸਵਾਗਤ ਸਵੇਰੇ 9 ਵਜੇ ਅਤੇ ਬਰਾਤਾਂ ਲਈ ਬ੍ਰੇਕਫਾਸਟ ਸਵੇਰੇ 11 ਵਜੇ ਹੋਵੇਗਾ। ਉਪਰੰਤ ਆਨੰਦ ਕਾਰਜ ਦੀਆਂ ਰਸਮਾਂ (11.30 ਵਜੇ) ਕਰਵਾਈਆਂ ਜਾਣਗੀਆਂ, ਦੁਪਹਿਰ ਦਾ ਖਾਣਾ ਡੇਢ ਵਜੇ ਲਗਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ, ਮੁਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਜਿਲਾ ਯੋਜਨਾ ਬੋਰਡ ਮੁਹਾਲੀ ਦੀ ਚੇਅਰਪਰਸਨ ਸ਼੍ਰੀਮਤੀ ਪ੍ਰਭਜੋਤ ਕੌਰ, ਐਸ.ਡੀ.ਐਮ. ਮੁਹਾਲੀ ਸ਼੍ਰੀਮਤੀ ਦਮਨਦੀਪ ਕੌਰ, ਡੀ.ਐਸ.ਪੀ. ਮੁਹਾਲੀ ਹਰਸਿਮਰਨ ਸਿੰਘ ਬਲ, ਡਾਕਟਰ ਐਸ. ਪੀ. ਸਿੰਘ ਐਮ.ਡੀ. ਗਰੁੱਪ ਆਫ ਇੰਡਸ ਹੋਸਪਿਟਲ, ਗੁਰਮੀਤ ਸਿੰਘ ਟਰਸਟੀ ਸਕੱਤਰ ਸੋਹਾਣਾ ਹਸਪਤਾਲ, ਡਾਕਟਰ ਐਸ. ਐਸ. ਭਵਰਾ ਡਾਇਰੈਕਟਰ ਜੇ.ਐਲ. ਪੀ. ਐਲ., ਪਰਮਜੀਤ ਸਿੰਘ ਚੌਹਾਨ ਡਾਇਰੈਕਟਰ ਜੇ. ਐਲ. ਪੀ. ਐਲ, ਹਰਮਿੰਦਰ ਬਜਾਜ, ਡਾਕਟਰ ਲਖਵਿੰਦਰ ਸਿੰਘ, ਭਗਵਾਨ ਸਿੰਘ ਗਿੱਲ ਐਮ.ਡੀ., ਕੁਲਦੀਪ ਸਿੰਘ ਸਮਾਣਾ,ਅਸ਼ਵਨੀ ਸ਼ਰਮਾ, ਮੈਨੇਜਿੰਗ ਡਾਇਰੈਕਟਰ ਰਬਾਬ ਮਿਊਜਿਕ ਪ੍ਰੋਡਕਸ਼ਨ ਮੁਹਾਲੀ, ਸ਼੍ਰੀਮਤੀ ਜਗਜੀਤ ਕੌਰ ਕਾਹਲੋਂ ਚੇਅਰਪਰਸਨ ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਮੁਹਾਲੀ, ਹਰਜਿੰਦਰ ਸਿੰਘ ਰੰਗੀ ਐਮ.ਡੀ. ਹਾਈਲੈਂਡ ਮੇ ਫੀਲਡ, ਗੁਰਮੀਤ ਸਿੰਘ ਵਾਲੀਆ ਪਰਾਈਡ ਕੈਟਰਸ, ਨੌਨਿਹਾਲ ਸਿੰਘ ਸੋਢੀ ਸਮਾਜ ਸੇਵੀ ਅਤੇ ਦਮਨਦੀਪ ਸਿੰਘ ਔਜਲਾ ਉਚੇਚੇ ਤੌਰ ਤੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨਗੇ।
ਉਹਨਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮੁਹਾਲੀ , ਲਾਈਨਸ ਕਲੱਬ ਪੰਚਕੂਲਾ ਪ੍ਰੀਮੀਅਰ, ਜੇ.ਐਲ. ਪ੍ਰੋਡਕਸ਼ਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੌਰਾਨ ਸੁਸਾਇਟੀ ਵਲੋਂ ਵਿਆਹੁਤਾ ਲੜਕੀਆਂ ਨੂੰ ਕਪੜੇ, ਭਾਂਡੇ, ਫਰਨੀਚਰ, ਗਰਮ ਅਤੇ ਠੰਡੇ ਬਿਸਤਰੇ, ਪੱਖਾ, ਸਾਈਕਲ , ਲੜਕੇ ਅਤੇ ਲੜਕੀ ਲਈ ਘੜੀ, ਮੇਕਅਪ ਬਾਕਸ, ਟਰੰਕ, ਅਟੈਚੀ , ਸਲਾਈ ਮਸ਼ੀਨ ਅਤੇ ਸੋਨੇ ਦਾ ਕੋਕਾ ਦਿੱਤਾ ਜਾ ਰਿਹਾ ਹੈ ।
ਉਹਨਾਂ ਦੱਸਿਆ ਕਿ ਸਮਾਗਮ ਨੂੰ ਨੇਪਰੇ ਚੜਨ ਲਈ ਸਰਬ ਸਾਂਝਾ ਵੈਲਫੇਅਰ ਸੁਸਾਇਟੀ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇੱਕ ਮੀਟਿੰਗ ਵਿੱਚ ਸੋਸਾਇਟੀ ਅਤੇ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਮੂਹਿਕ ਆਨੰਦ ਕਾਰਜ ਸੰਬੰਧੀ ਆਪੋ ਆਪਣੀਆਂ ਜਿੰਮੇਵਾਰੀਆਂ ਸੰਭਾਲੀਆਂ। ਮੀਟਿੰਗ ਦੌਰਾਨ ਗੁਰਦੀਪ ਸਿੰਘ ਟਿਵਾਣਾ ਸੀਨੀਅਰ ਮੀਤ ਪ੍ਰਧਾਨ, ਨਿਹਾਲ ਸਿੰਘ ਵਿਰਕ ਮੀਤ ਪ੍ਰਧਾਨ, ਪਲਵਿੰਦਰ ਸਿੰਘ ਗੁਰਾਇਆ ਮੀਤ ਪ੍ਰਧਾਨ, ਗੁਰਵੀਰ ਸਿੰਘ ਬੱਗਾ ਜਨਰਲ ਸਕੱਤਰ, ਗੁਰਮੀਤ ਸਿੰਘ ਸੈਣੀ ਖਜਾਨਚੀ ਤੋਂ ਇਲਾਵਾ ਭੁਪਿੰਦਰ ਸਿੰਘ ਕਬੱਡੀ ਕੋਚ’ ਪ੍ਰਧਾਨ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ, ਸਰਪ੍ਰਸਤ ਹਰਮੇਸ਼ ਸਿੰਘ ਕੁੰਮੜਾ, ਹਰਮਿੰਦਰ ਸਿੰਘ ਮਾਖਾ ਜਰਨਲ ਸਕੱਤਰ ਵੀ ਹਾਜ਼ਰ ਰਹੇ।
Mohali
4 ਨਵੰਬਰ ਨੂੰ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਣ ਵਾਲੀ ਵਿਸ਼ਾਲ ਰੈਲੀ ਦੇਵੇਗੀ ਪੰਜਾਬ ਵਿੱਚ ਕਾਂਗਰਸ ਦੀ ਮਜ਼ਬੂਤੀ ਦਾ ਸੁਨੇਹਾ : ਬਲਜੀਤ ਕੌਰ
ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਪੰਜਾਬ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਬਲਜੀਤ ਕੌਰ ਨੇ ਕਿਹਾ ਹੈ ਕਿ 4 ਨਵੰਬਰ ਨੂੰ ਸੰਗਰੂਰ ਵਿਖੇ ਕਾਂਗਰਸ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੀਤੀ ਜਾ ਰਹੀ ਵਿਸ਼ਾਲ ਰੈਲੀ ਪੰਜਾਬ ਦੀ ਸਿਆਸਤ ਵਿੱਚ ਇੱਕ ਮਹੱਤਵਪੂਰਨ ਮੋੜ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਦੇ ਲੋਕਾਂ ਦੇ ਹੱਕਾਂ, ਕਿਸਾਨਾਂ, ਨੌਜਵਾਨਾਂ, ਮਹਿਲਾਵਾਂ ਅਤੇ ਆਮ ਵਰਗ ਦੀਆਂ ਸਮੱਸਿਆਵਾਂ ਨੂੰ ਉਠਾਉਣ ਲਈ ਇੱਕ ਵੱਡਾ ਮੰਚ ਬਣੇਗੀ।
ਬਲਜੀਤ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ ਅਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿੱਚ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨਾਲ ਪਾਰਟੀ ਵਰਕਰਾਂ ਨੂੰ ਹੋਰ ਉਤਸ਼ਾਹ ਮਿਲੇਗਾ ਅਤੇ ਸੰਗਠਨਾਤਮਕ ਗਤੀਵਿਧੀਆਂ ਨੂੰ ਨਵੀਂ ਦਿਸ਼ਾ ਮਿਲੇਗੀ।
ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਪੰਜਾਬ ਮਹਿਲਾ ਕਾਂਗਰਸ ਵੀ ਆਪਣੀ ਸਰਗਰਮ ਭੂਮਿਕਾ ਨਿਭਾਏਗੀ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮਹਿਲਾ ਕਾਂਗਰਸ ਦੀਆਂ ਅਹੁਦੇਦਾਰਾਂ ਅਤੇ ਵਰਕਰਾਂ ਦੀ ਸ਼ਮੂਲੀਅਤ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਮਹਿਲਾਵਾਂ ਦੀ ਬਰਾਬਰ ਦੀ ਭਾਗੀਦਾਰੀ ਬੇਹੱਦ ਜ਼ਰੂਰੀ ਹੈ। ਪੰਜਾਬ ਮਹਿਲਾ ਕਾਂਗਰਸ ਹਰ ਜ਼ਿਲ੍ਹੇ, ਹਰ ਬਲਾਕ ਅਤੇ ਹਰ ਬੂਥ ਪੱਧਰ ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅੱਜ ਨਸ਼ਿਆਂ, ਬੇਰੁਜ਼ਗਾਰੀ, ਮਹਿੰਗਾਈ, ਵਿਗੜਦੀ ਕਾਨੂੰਨ-ਵਿਵਸਥਾ ਅਤੇ ਕਿਸਾਨੀ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਚਿੰਤਤ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਅਨੇਕਾਂ ਸਵਾਲ ਖੜ੍ਹੇ ਹੋ ਰਹੇ ਹਨ। ਕਾਂਗਰਸ ਪਾਰਟੀ ਲੋਕਾਂ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਸਰਕਾਰ ਤੋਂ ਮੰਗਦੀ ਰਹੇਗੀ।
ਉਹਨਾਂ ਕਿਹਾ ਕਿ 4 ਨਵੰਬਰ ਦੀ ਰੈਲੀ ਸਿਰਫ਼ ਇੱਕ ਸਿਆਸੀ ਇਕੱਠ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਰਾਸ਼ਟਰੀ ਪੱਧਰ ਤੇ ਉਠਾਉਣ ਅਤੇ ਸਰਕਾਰ ਤੋਂ ਜਵਾਬਦੇਹੀ ਮੰਗਣ ਦਾ ਇੱਕ ਮਹੱਤਵਪੂਰਨ ਮੰਚ ਹੋਵੇਗੀ। ਪੰਜਾਬ ਮਹਿਲਾ ਕਾਂਗਰਸ ਇਸ ਰੈਲੀ ਦੀ ਸਫਲਤਾ ਲਈ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਏਗੀ।
-
International2 months ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
National2 months agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Editorial1 month agoਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ
-
International2 months ago
ਛੇ ਸਾਲਾਂ ਦੀ ਮੁਅੱਤਲੀ ਤੋਂ ਬਾਅਦ ਗੁਆਂਗਜ਼ੂ-ਦਿੱਲੀ ਉਡਾਣਾਂ ਮੁੜ ਸ਼ੁਰੂ ਹੋਣਗੀਆਂ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
Chandigarh1 month ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
