Connect with us

Editorial

ਸਿੱਖਿਆ ਬਹਾਨੇ ਵਿਦੇਸ਼ ਉਡਾਰੀ ਨੂੰ ਲੱਗ ਰਹੀਆਂ ਨੇ ਬਰੇਕਾਂ

Published

on

ਵਿਦੇਸ਼ ਜਾਣ ਦੀ ਥਾਂ ਹੁਣ ਪੰਜਾਬ ਵਿੱਚ ਹੀ ਰਹਿ ਕੇ ਪੜ੍ਹਣ ਦੇ ਚਾਹਵਾਨ ਦਿਖਦੇ ਹਨ ਉਚੇਰੀ ਸਿੱਖਿਆ ਦੇ ਵਿਦਿਆਰਥੀ

ਪੰਜਾਬੀਆਂ ਵਿੱਚ ਇੱਕ ਪਾਸੇ ਵਿਦੇਸ਼ ਜਾਣ ਦਾ ਰੁਝਾਨ ਸਿਰ ਚੜ ਕੇ ਬੋਲ ਰਿਹਾ ਹੈ, ਦੂਜੇ ਪਾਸੇ ਵੱਖ- ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਯੂਨੀਵਰਸਿਟੀਆਂ ਵਿੱਚ ਜਿਹੜੇ ਵਿਦਿਆਰਥੀ ਉਚੇਰੀ ਪੜਾਈ ਕਰ ਰਹੇ ਹਨ, ਜਾਂ ਕਰ ਚੁੱਕੇ ਹਨ, ਉਹਨਾਂ ਵਿਚੋਂ ਵੱਡੀ ਗਿਣਤੀ ਵਿਦਿਆਰਥੀ ਤੇ ਵਿਦਿਆਰਥਣਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਘੱਟ ਰਿਹਾ ਹੈ। ਗੱਲਬਾਤ ਦੌਰਾਨ ਉਚੇਰੀ ਪੜਾਈ ਕਰ ਰਹੇ ਵਿਦਿਆਰਥੀਆਂ ਕਹਿੰਦੇ ਹਨ ਕਿ ਉਹਨਾਂ ਨੇ ਆਪਣੀ ਪੜਾਈ ਵਿਦੇਸ਼ ਜਾਣ ਲਈ ਨਹੀਂ, ਬਲਕਿ ਪੰਜਾਬ ਵਿੱਚ ਹੀ ਰਹਿ ਕੇ ਹੀ ਚੰਗੀਆਂ ਨੌਕਰੀਆਂ ਕਰਨ ਲਈ ਕੀਤੀ ਹੈ ਜਾਂ ਉਹ ਆਪਣੇ ਮਾਪਿਆਂ ਦੇ ਜੱਦੀ ਪੁਸ਼ਤੀ ਕੰਮਾਂ ਵਿੱਚ ਯੋਗਦਾਨ ਪਾਉਣਗੇ। ਇੱਥੇ ਜ਼ਿਕਰਯੋਗ ਹੈ ਕਿ ਉਚੇਰੀ ਪੜਾਈ ਕਰ ਚੁੱਕੇ ਅਨੇਕਾਂ ਵਿਦਿਆਰਥੀਆਂ ਨੂੰ ਅਕਸਰ ਹੀ ਚੰਗੀਆਂ ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਮਿਲ ਜਾਂਦੀਆਂ ਹਨ, ਭਾਵੇਂਕਿ ਇਹਨਾਂ ਨੌਕਰੀਆਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ।

ਜਿਆਦਾਤਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਿੱਖਿਆ ਲਈ ਪਰਦੇਸੀ ਹੋਣਾ ਸੌਖਾ ਨਹੀਂ ਰਿਹਾ। ਹੁਣ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਸਮੇਤ ਵੱਖ ਵੱਖ ਦੇਸ਼ਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਨਿਯਮ ਅਤੇ ਕਾਨੂੰਨ ਸਖ਼ਤ ਕਰ ਦਿਤੇ ਹਨ। ਇਸ ਦੇ ਨਾਲ ਹੀ ਇਹਨਾਂ ਦੇਸ਼ਾਂ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵੀ ਸੀਮਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜਿਸ ਕਾਰਨ ਹੁਣ ਆਮ ਵਿਦਿਆਰਥੀਆਂ ਦਾ ਸਿੱਖਿਆ ਲਈ ਵਿਦੇਸ਼ ਜਾਣਾ ਮੁਸ਼ਕਿਲ ਹੋ ਗਿਆ ਹੈ। ਇਸੇ ਕਾਰਨ ਹੁਣ ਅਨੇਕਾਂ ਵਿਦਿਆਰਥੀ ਵਿਦੇਸ਼ ਜਾਣ ਦੀ ਥਾਂ ਪੰਜਾਬ ਵਿੱਚ ਹੀ ਸਿੱਖਿਆ ਪ੍ਰਾਪਤ ਕਰਨ ਨੂੰ ਤਰਜੀਹ ਦੇ ਰਹੇ ਹਨ।

ਇਹਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਦਸਵੀਂ ਪਾਸ ਕਰਨ ਤੋਂ ਬਾਅਦ ਇੱਕ ਵਾਰ ਤਾਂ ਉਹਨਾਂ ਦਾ ਦਿਲ ਵੀ ਵਿਦੇਸ਼ ਜਾਣ ਲਈ ਕਰਦਾ ਸੀ ਪਰ ਜਦੋਂ ਉਹਨਾਂ ਨੂੰ ਪੇਪਰਾਂ ਵਿੱਚ ਚੰਗੇ ਨੰਬਰ ਆਉਣ ਕਰਕੇ ਕਾਲਜ ਦੀ ਪੜਾਈ ਤੋਂ ਬਾਅਦ ਯੂਨੀਵਰਸਿਟੀਆਂ ਵਿੱਚ ਉਚੇਰੀ ਪੜਾਈ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਦਾ ਵਿਦੇਸ਼ ਜਾਣ ਦਾ ਮੋਹ ਖਤਮ ਹੋ ਗਿਆ। ਇਹਨਾਂ ਵਿਦਿਆਰਥੀਆਂ ਵਿਚੋਂ ਜਿਆਦਾਤਰ ਵਿਦਿਆਰਥੀ ਵਿਦਿਅਕ ਖੇਤਰ ਵਿੱਚ ਹੀ ਨੌਕਰੀਆਂ ਕਰਨ ਦੇ ਚਾਹਵਾਨ ਹਨ। ਇਸ ਤੋਂ ਇਲਾਵਾ ਅਨੇਕਾਂ ਵਿਦਿਆਰਥੀ ਮੀਡੀਆ ਵਿੱਚ ਵੀ ਨੌਕਰੀਆਂ ਕਰਨ ਦੇ ਚਾਹਵਾਨ ਹਨ। ਵੱਖ- ਵੱਖ ਪ੍ਰਾਈਵੇਟ ਕੰਪਨੀਆਂ ਵੀ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਨੌਕਰੀ ਮੇਲੇ ਲਾ ਕੇ ਵਿਦਿਆਰਥੀਆਂ ਨੂੰ ਨੌਕਰੀਆਂ ਕਰਨ ਦਾ ਮੌਕਾ ਦਿੰਦੀਆਂ ਹਨ।

ਉਚੇਰੀ ਵਿਦਿਆ ਪ੍ਰਾਪਤ ਕਰ ਰਹੇ ਅਨੇਕਾਂ ਵਿਦਿਆਰਥੀ ਤੇ ਵਿਦਿਆਰਥਣਾਂ ਅਜਿਹੇ ਵੀ ਹਨ ਜੋ ਪੜਾਈ ਦੇ ਨਾਲ ਨਾਲ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਵੀ ਕਰ ਰਹੇ ਹਨ ਅਤੇ ਆਪਣੀ ਪੜਾਈ ਦਾ ਖਰਚਾ ਖੁਦ ਚੁੱਕ ਰਹੇ ਹਨ। ਕਈ ਹੁਸ਼ਿਆਰ ਵਿਦਿਆਰਥਣਾਂ ਨੂੰ ਤਾਂ ਸਰਕਾਰ ਜਾਂ ਯੂਨੀਵਰਸਿਟੀ ਵੱਲੋਂ ਸਕਾਲਰਸ਼ਿਪ ਵੀ ਮਿਲ ਰਹੀ ਹੈ, ਇਸ ਦੇ ਬਾਵਜੂਦ ਉਹ ਪੜਾਈ ਦੇ ਨਾਲ ਪ੍ਰਾਈਵੇਟ ਅਦਾਰਿਆਂ ਵਿੱਚ ਪਾਰਟ ਟਾਈਮ ਕੰਮ ਕਰਕੇ ਪੈਸੇ ਕਮਾ ਰਹੇ ਹਨ। ਇਸ ਤਰਾਂ ਇੱਕ ਤਰ੍ਹਾਂ ਉਹਨਾਂ ਦੇ ਰੁਝੇਂਵੇਂ ਵੱਧ ਜਾਂਦੇ ਹਨ, ਦੂਜੇ ਪਾਸੇ ਪੈਸਿਆਂ ਦੀ ਆਮਦਨੀ ਹੋ ਜਾਂਦੀ ਹੈ, ਜਿਸ ਕਰਕੇ ਉਹ ਆਪਣੇ ਮਾਪਿਆਂ ਤੇ ਬੋਝ ਨਹੀਂ ਬਣਦੇ। ਪੜਾਈ ਅਤੇ ਕੰਮ ਵਿੱਚ ਹੀ ਰੁਝੇ ਰਹਿਣ ਕਰਕੇ ਉਹ ਮਾੜੀ ਸੰਗਤ ਅਤੇ ਨਸ਼ਿਆਂ ਤੋਂ ਵੀ ਬਚੇ ਰਹਿੰਦੇ ਹਨ।

ਦੂਜੇ ਪਾਸੇ ਕੁਝ ਪ੍ਰਾਈਵੇਟ ਅਦਾਰੇ ਵੀ ਅਜਿਹੇ ਵਿਦਿਆਰਥੀਆਂ ਨੂੰ ਕੰਮ ਤੇ ਰੱਖਣਾ ਚਾਹੁੰਦੇ ਹਨ ਕਿਉਂਕਿ ਉਹਨਾਂ ਨੂੰ ਘੱਟ ਤਨਖਾਹ ਵਿੱਚ ਪੜੇ ਲਿਖੇ ਵਿਦਿਆਰਥੀ ਕੰਮ ਕਰਨ ਲਈ ਮਿਲ ਜਾਂਦੇ ਹਨ, ਜੋ ਕਿ ਪੂਰੀ ਲਗਨ ਨਾਲ ਹਰ ਕੰਮ ਕਰਦੇ ਹਨ ਤਾਂ ਕਿ ਉਹਨਾਂ ਦਾ ਕੈਰੀਅਰ ਬਣ ਸਕੇ। ਚੰਗੇ ਪੜੇ ਲਿਖੇ ਹੋਣ ਕਰਕੇ ਦਫ਼ਤਰਾਂ ਵਿੱਚ ਇਨਾਂ ਦਾ ਬੋਲਣ ਦਾ ਤਰੀਕਾ, ਰਹਿਣ ਸਹਿਣ ਅਤੇ ਦੂਜਿਆਂ ਨਾਲ ਵਰਤਾਓ ਵੀ ਚੰਗਾ ਹੁੰਦਾ ਹੈ, ਜਿਸ ਕਰਕੇ ਪ੍ਰਾਈਵੇਟ ਅਦਾਰਿਆਂ ਵਿੱਚ ਇਹ ਵਿਦਿਆਰਥੀ ਜਲਦੀ ਹੀ ਐਡਜਸਟ ਹੋ ਜਾਂਦੇ ਹਨ। ਪੜਾਈ ਦੇ ਨਾਲ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਕੇ ਇਹਨਾਂ ਵਿਦਿਆਰਥੀਆਂ ਨੂੰ ਤਜਰਬਾ ਤੇ ਤਜਰਬਾ ਸਰਟੀਫਿਕੇਟ ਮਿਲ ਜਾਂਦੇ ਹਨ, ਜੋ ਕਿ ਇਹਨਾਂ ਵਿਦਿਆਰਥੀਆਂ ਨੂੰ ਚੰਗੀਆਂ ਨੌਕਰੀਆਂ ਲੈਣ ਵਿੱਚ ਸਹਾਇਕ ਬਣਦੇ ਹਨ।

ਜਿਸ ਤਰੀਕੇ ਨਾਲ ਉਚੇਰੀ ਪੜਾਈ ਕਰ ਰਹੇ ਪੰਜਾਬ ਦੇ ਵੱਡੀ ਗਿਣਤੀ ਵਿਦਿਆਰਥੀਆਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਘੱਟ ਰਿਹਾ ਹੈ, ਉਸ ਨੂੰ ਪੰਜਾਬ ਲਈ ਚੰਗਾ ਸੰਕੇਤ ਸਮਝਿਆ ਜਾ ਰਿਹਾ ਹੈ ਅਤੇ ਹੋ ਸਕਦਾ ਹੈ ਕਿ ਇਸ ਤਰੀਕੇ ਨਾਲ ਪੰਜਾਬ ਤੋਂ ਦੂਜੇ ਦੇਸ਼ਾਂ ਨੂੰ ਹੁੰਦੇ ਪਰਵਾਸ ਨੂੰ ਕੁਝ ਠੱਲ ਪੈ ਜਾਵੇ।

ਬਿਊਰੋ

Continue Reading

Editorial

ਪ੍ਰਦੂਸ਼ਨ ਵਿੱਚ ਹੁੰਦੇ ਲਗਾਤਾਰ ਵਾਧੇ ਤੇ ਕਾਬੂ ਕਰਨ ਲਈ ਯੋਜਨਾਬੱਧ ਕਾਰਵਾਈ ਦੀ ਲੋੜ

Published

on

By

ਕੋਈ ਸਮਾਂ ਹੁੰਦਾ ਸੀ ਜਦੋਂ ਸਾਡੇ ਸ਼ਹਿਰ ਨੂੰ ਸਿਰਫ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਸਭ ਤੋਂ ਵੱਧ ਸਾਫ ਸੁਥਰੇ ਵਾਤਾਵਰਨ ਵਾਲੇ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਸੀ ਅਤੇ ਢਾਈ ਤਿੰਨ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਵੇਲੇ ਸਾਡੇ ਸ਼ਹਿਰ ਵਿੱਚ ਹਰ ਪਾਸੇ ਛਾਈ ਹਰਿਆਲੀ, ਸਾਫ ਸੁਥਰੀ ਹਵਾ ਅਤੇ ਸਾਫ ਪਾਣੀ ਕਾਰਨ ਹਰ ਵਿਅਕਤੀ ਇੱਥੇ ਆਪਣਾ ਪੱਕਾ ਟਿਕਾਣਾ ਕਰਨ ਦਾ ਚਾਹਵਾਨ ਹੁੰਦਾ ਸੀ। ਉਸ ਵੇਲੇ ਦੁਨੀਆ ਦੇ ਹਰ ਕੋਨੇ ਵਿੱਚ ਵਸੇ ਪੰਜਾਬੀ ਸਾਡੇ ਸ਼ਹਿਰ ਵਿੱਚ ਆਪਣਾ ਇੱਕ ਅਦਦ ਘਰ ਬਣਾਉਣ ਦਾ ਸੁਫਨਾ ਵੇਖਿਆ ਕਰਦੇ ਸੀ ਤਾਂ ਜੋ ਉਹ ਜਦੋਂ ਵੀ ਪੰਜਾਬ ਆਉਣ, ਇੱਥੋਂ ਦੇ ਸਾਫ ਸੁਥਰੇ ਵਾਤਾਵਰਨ ਦਾ ਲਾਹਾ ਲੈ ਸਕਣ।

ਪਰੰਤੂ ਸਮੇਂ ਦੇ ਨਾਲ ਨਾਲ ਵਿਕਾਸ ਦੀ ਦੌੜ ਵਿੱਚ ਉਲਝਿਆ ਸਾਡਾ ਸ਼ਹਿਰ ਹੁਣ ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਚੁੱਕਿਆ ਹੈ ਅਤੇ ਇਸ ਨਾਲ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸ਼ਹਿਰ ਦੇ ਵਿਕਾਸ ਦੇ ਨਾਮ ਤੇ ਚਲੀ ਇਸ ਅੰਨ੍ਹੀ ਦੌੜ ਦੀ ਸਾਡੇ ਸ਼ਹਿਰ ਨੇ ਕਿੰਨੀ ਭਾਰੀ ਕੀਮਤ ਅਦਾ ਕੀਤੀ ਹੈ। ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਦੇ ਵਾਤਾਵਰਣ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਰਿਹਾ ਹੈ ਅਤੇ ਪ੍ਰਦੂਸ਼ਨ ਦਾ ਇਹ ਜ਼ਹਿਰ ਹੌਲੀ-ਹੌਲੀ ਸ਼ਹਿਰ ਵਾਸੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਆ ਰਿਹਾ ਹੈ। ਸ਼ਹਿਰ ਵਿੱਚ ਸਫਾਈ ਦਾ ਕੰਮ ਕਰਨ ਵਾਲੇ ਵਿਅਕਤੀਆਂ ਵਲੋਂ ਕੂੜੇ ਦੇ ਢੇਰਾਂ ਨੂੰ ਅੱਗ ਲਗਾਉਣ ਦੀ ਕਾਰਵਾਈ ਹੋਵੇ ਜਾਂ ਸ਼ਹਿਰ ਵਿੱਚ ਚਲਦੇ ਵਾਹਨਾਂ ਅਤੇ ਇੱਥੇ ਲੱਗੀਆਂ ਫੈਕਟ੍ਰੀਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲਾ ਧੂੰਆਂ, ਇਹ ਸਾਰੇ ਮਿਲ ਕੇ ਸ਼ਹਿਰ ਦੇ ਵਾਤਾਵਰਣ ਵਿੱਚ ਜਿਹੜਾ ਜ਼ਹਿਰ ਘੋਲਦੇ ਹਨ ਉਸਦਾ ਸਿੱਧਾ ਅਸਰ ਆਮ ਲੋਕਾਂ ਦੀ ਸਿਹਤ ਤੇ ਹੀ ਹੁੰਦਾ ਹੈ। ਸਾਡੇ ਸ਼ਹਿਰ ਦੇ ਉਦਯੋਗਿਕ ਖੇਤਰ ਵਿੱਚ ਸਥਿਤ ਕੁੱਝ ਵੱਡੀਆਂ ਕੰਪਨੀਆਂ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਵਾਤਾਵਰਨ ਵਿੱਚ ਆਪਣਾ ਜ਼ਹਿਰੀਲਾ ਧੂਆਂ ਛੱਡਦੀਆਂ ਆ ਰਹੀਆਂ ਹਨ ਅਤੇ ਇਹਨਾਂ ਫੈਕਟ੍ਰੀਆਂ ਦੀ ਇਹ ਕਾਰਵਾਈ ਸ਼ਹਿਰ ਅਤੇ ਇਸਦੇ ਆਸਪਾਸ ਦੇ ਲੰਮੇ ਚੌੜੇ ਖੇਤਰ ਦੇ ਵਾਤਾਵਰਣ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਦੀ ਹੈ।

ਸ਼ਹਿਰ ਦੇ ਵਾਤਾਵਰਣ ਦੇ ਲਗਾਤਾਰ ਗੰਧਲੇ ਹੋਣ ਦਾ ਹੀ ਅਸਰ ਹੈ ਕਿ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਦੀ ਰਹੀ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਸ਼ਹਿਰ ਦੇ ਵਸਨੀਕ ਵਾਤਾਵਰਣ ਵਿੱਚ ਲਗਾਤਾਰ ਵੱਧਦੇ ਜਾ ਰਹੇ ਇਸ ਪ੍ਰਦੂਸ਼ਨ ਦੇ ਜ਼ਹਿਰ ਦੇ ਸ਼ਿਕਾਰ ਹੋ ਰਹੇ ਹਨ ਅਤੇ ਸ਼ਹਿਰ ਵਿੱਚ ਸਾਹ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤ੍ਰਾਸਦੀ ਇਹ ਹੈ ਕਿ ਇਸ ਸਭ ਦੇ ਬਾਵਜੂਦ ਸੂਬੇ ਦੇ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਵਾਤਾਵਰਣ ਦੇ ਗੰਧਲਾ ਹੋਣ ਤੇ ਕਾਬੂ ਕਰਨ ਅਤੇ ਇਸ ਵਿੱਚ ਸੁਧਾਰ ਕਰਨ ਲਈ ਸਿਵਾਏ ਕਾਗਜ਼ੀ ਕਾਰਵਾਈ ਦੇ ਕੁੱਝ ਵੀ ਨਹੀਂ ਕੀਤਾ ਜਾਂਦਾ ਅਤੇ ਸ਼ਹਿਰ ਦੇ ਵਾਤਾਵਰਣ ਵਿੱਚ ਪ੍ਰਦੂਸ਼ਣ ਦੇ ਲਗਾਤਾਰ ਵੱਧਦੇ ਪੱਧਰ ਤੇ ਕਾਬੂ ਕਰਨ ਵਿੱਚ ਇਹ ਵਿਭਾਗ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ।

ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਨ ਦੇ ਇਸ ਪੱਧਰ ਤੇ ਕਾਬੂ ਕਰਨ ਲਈ ਜ਼ਰੂਰੀ ਹੈ ਕਿ ਸ਼ਹਿਰਵਾਸੀ ਇਸ ਵਾਸਤੇ ਨਾ ਸਿਰਫ ਖੁਦ ਲਾਮਬੰਦ ਹੋਣ ਬਲਕਿ ਇਕੱਠੇ ਹੋ ਕੇ ਸਰਕਾਰ ਨੂੰ ਮਜ਼ਬੂਰ ਕਰਨ ਕਿ ਉਹ ਸ਼ਹਿਰ ਦੇ ਬੁਰੀ ਤਰ੍ਹਾਂ ਗੰਧਲੇ ਹੁੰਦੇ ਜਾ ਰਹੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ। ਇਸ ਸੰਬੰਧੀ ਵਾਤਾਵਰਣ ਦੀ ਸਾਂਭ ਸੰਭਾਲ ਦਾ ਕੰਮ ਕਰਨ ਵਾਲੀਆਂ ਸੰਸਥਾਵਾਂ ਵਲੋਂ ਸਮੇਂ ਸਮੇਂ ਤੇ ਸ਼ਹਿਰ ਦੇ ਵਾਤਾਵਰਣ ਵਿੱਚ ਘੁਲਦੇ ਜਾ ਰਹੇ ਜਹਿਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸ਼ਹਿਰ ਨੂੰ ਹਰਾ ਭਰਾ ਅਤੇ ਸਾਫ ਸੁਥਰਾ ਰੱਖਣ ਲਈ ਆਪਣਾ ਬਣਦਾ ਯੋਗਦਾਨ ਵੀ ਪਾਇਆ ਜਾਂਦਾ ਹੈ ਪਰੰਤੂ ਪ੍ਰਦੂਸ਼ਣ ਦੇ ਵੱਧਦੇ ਪੱਧਰ ਨੂੰ ਮੁੱਖ ਰੱਖਦਿਆਂ ਸਮੁੱਚੇ ਸ਼ਹਿਰ ਵਾਸੀਆਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ।

ਇਹ ਬਹੁਤ ਹੀ ਗੰਭੀਰ ਸਮੱਸਿਆ ਹੈ ਅਤੇ ਇਸ ਸਮੱਸਿਆ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਇਸ ਸੰਬੰਧੀ ਇਮਾਨਦਾਰੀ ਨਾਲ ਕਦਮ ਚੁੱਕੇ ਜਾਣ। ਜੇਕਰ ਸਰਕਾਰ ਅਜਿਹਾ ਕਰੇ ਤਾਂ ਨਾ ਸਿਰਫ ਪ੍ਰਦੂਸ਼ਨ ਵਿੱਚ ਹੋਣ ਵਾਲੇ ਵਾਧੇ ਤੇ ਕਾਬੂ ਕੀਤਾ ਜਾ ਸਕਦਾ ਹੈ ਬਲਕਿ ਇਸਦਾ ਪੱਧਰ ਘੱਟ ਕਰਕੇ ਸਾਡੇ ਸ਼ਹਿਰ ਨੂੰ ਮੁੜ ਪ੍ਰਦੂਸ਼ਨ ਮੁਕਤ ਸ਼ਹਿਰਾਂ ਦੀ ਸੂਚੀ ਵਿੱਚ ਵੀ ਸ਼ਾਮਿਲ ਕਰਵਾਇਆ ਜਾ ਸਕਦਾ ਹੈ। ਇਸ ਲਈ ਹਵਾ ਦੇ ਪ੍ਰਦੂਸ਼ਨ ਤੇ ਕਾਬੂ ਕਰਨ ਲਈ ਜਨਤਕ ਥਾਵਾਂ ਤੇ ਜੱਥੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਇਸ ਸੰਬੰਧੀ ਸ਼ਹਿਰਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਖੁਦ ਵੀ ਸ਼ਹਿਰ ਦੇ ਵਾਤਾਵਰਣ ਨੂੰ ਸੰਭਾਲਣ ਲਈ ਅੱਗੇ ਆਉਣ ਅਤੇ ਪ੍ਰਦੂਸ਼ਨ ਦੇ ਇਸ ਲਗਾਤਾਰ ਵੱਧਦੇ ਪੱਧਰ ਤੇ ਕਾਬੂ ਕਰਨ ਲਈ ਮਿਲ ਕੇ ਕੰਮ ਕਰਨ ਤਾਂ ਜੋ ਵਾਤਾਵਰਨ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।

Continue Reading

Editorial

ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਸਿਆਸੀ ਗੱਠਜੋੜ ਨੇ ਸਿਆਸਤ ਵਿੱਚ ਬਣਾਏ ਨਵੇਂ ਸਮੀਕਰਨ

Published

on

By

ਕੀ ਪਹਿਲਾਂ ਵਾਂਗ ਮਜ਼ਬੂਤ ਹੋ ਸਕੇਗਾ ਅਕਾਲੀ ਦਲ ਬਾਦਲ?

ਉਹੀ ਗੱਲ ਹੋਈ, ਜਿਸ ਦੀਆਂ ਕਿਆਸ- ਅਰਾਈਆਂ ਲਗਾਈਆਂ ਜਾ ਰਹੀਆਂ ਸਨ। ਪਿਛਲੇ ਦਿਨੀਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣੀ ‘ਸਿਆਸੀ ਸਾਂਝ’ ਦਾ ਐਲਾਨ ਕਰ ਦਿੱਤਾ ਗਿਆ। ਜਿਵੇਂ ਹੀ ਦੋਵਾਂ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਅਕਾਲੀ-ਭਾਜਪਾਚੋਣ ਸਮਝੌਤੇ ਦਾ ਐਲਾਨ ਕੀਤਾ ਗਿਆ, ਉਵੇਂ ਹੀ ਪੰਜਾਬ ਦੀ ਸਿਆਸਤ ਦੇ ਸਮੀਕਰਨ ਵੀ ਬਦਲਣੇ ਸ਼ੁਰੂ ਹੋ ਗਏ। ਇਸ ਸਿਆਸੀ ਗੱਠਜੋੜ ਨੇ ਸਿਰਫ ਪੰਜਾਬ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਖੇਮਿਆ ਅੰਦਰ ਹੀ ਹਲਚਲ ਨਹੀਂ ਮਚਾਈ ਬਲਕਿ ਹੋਰਨਾਂ ਅਕਾਲੀ ਧੜਿਆਂ, ਕਾਂਗਰਸ ਅਤੇ ਬਸਪਾ ਨੂੰ ਵੀ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਰਣਨੀਤੀ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

ਭਾਜਪਾ ਅਤੇ ਅਕਾਲੀ ਦਲ ਬਾਦਲ ਦੇ ਵਿਚਾਲੇ ਹੋਏ ਸਿਆਸੀ ਗੱਠਜੋੜ ਬਾਰੇ ਕਈ ਕਿਸਮ ਦੇ ਸਵਾਲ ਉੱਠ ਰਹੇ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜੇ ਦਿੱਲੀ ਵਾਲਿਆਂ ਨੂੰ ਸੁਖਬੀਰ ਬਾਦਲ ਅਕਸਰ ਆਪਣੀਆਂ ਰੈਲੀਆਂ ਵਿੱਚ ਭੰਡਦੇ ਸਨ, ਕੀ ਉਹ ਹੀ ਦਿੱਲੀ ਵਾਲੇ ਹੁਣ ਦੁੱਧ ਧੋਤੇ ਹੋ ਗਏ ਹਨ? ਜੇ ਦਿੱਲੀ ਵਾਲਿਆਂ ਨਾਲ ਸਮਝੌਤਾ ਹੀ ਕਰਨਾ ਸੀ ਤਾਂ ਫੇਰ ਉਹਨਾਂ ਦਾ ਭੰਡੀਪ੍ਰਚਾਰ ਕਰਨ ਦੀ ਲੋੜ ਸੀ।

ਸਿਆਸੀ ਮਾਹਿਰ ਕਹਿ ਰਹੇ ਹਨ ਕਿ ਇਸ ਸਮੇਂ ਸਵਾਲ ਤਾਂ ਇਹ ਵੀ ਉੱਠ ਰਹੇ ਹਨ ਕਿ ਕੀ ਸੁਖਬੀਰ ਬਾਦਲ ਦੀ ਨਜ਼ਰ ਵਿੱਚ ਪ੍ਰਧਾਨ ਮੰਤਰੀ ਪੰਜਾਬੀ ਹਨ? ਕੀ ਭਾਰਤੀ ਜਨਤਾ ਪਾਰਟੀ ਦਿੱਲੀ ਦੀ ਪਾਰਟੀ ਨਹੀਂ ਹੈ? ਕੀ ਸਭ ਤੋਂ ਵੱਡਾ ਦਿੱਲੀ ਦੀ ਪਾਰਟੀ ਵਾਲਾ ਪ੍ਰਧਾਨ ਮੰਤਰੀ ਤੋਂ ਬਿਨਾਂ ਕੋਈ ਹੋਰ ਹੈ? ਦੋ ਸਾਲ ਪੰਜਾਬੀਆਂ ਨਾਲ ਲਗਾਤਾਰ ਪੰਜਾਬ ਨਾਲ ਧੱਕਾ ਹੋਣ ਦਾ ਰੋਣਾ ਰੋਣ ਵਾਲਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਨਾਲ ਚੋਣ ਗੱਠਜੋੜ ਕਰਨ ਵੇਲੇ ਇੱਕ ਵਾਰ ਵੀ ਨਹੀਂ ਸੋਚ ਸਕਿਆ ਕਿ ਪਿਛਲੇ ਦੋ ਸਾਲ ਤੋਂ ਅਕਾਲੀ ਆਗੂ ਜੋ ਬਿਆਨ ਦੇ ਰਹੇ ਸਨ, ਉਹੀ ਬਿਆਨ ਕਿਤੇ ਉਹਨਾਂ ਨੂੰ ਭਾਰੀ ਨਾ ਪੈ ਜਾਣ।

ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ 1996 ਤੋਂ ਲਗਾਤਾਰ ਇਕੱਠੇ ਚੋਣਾਂ ਲੜਦੇ ਰਹੇ। ਇਸੇ ਸਮੇਂ ਦੌਰਾਨ ਹੀ ਬੰਦੀ ਸਿੰਘ ਵੀ ਜੇਲ੍ਹਾਂ ਵਿੱਚ ਬੰਦ ਸਨ ਅਤੇ ਇਸੇ ਸਮੇਂ ਦੌਰਾਨ ਹੀ ਪੰਜਾਬ ਦੇ ਉੱਤੇ ਕਈ ਤਰ੍ਹਾਂ ਦੀਆਂ ਮੁਸੀਬਤਾਂ ਆਈਆਂ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਛੋਟੇ ਭਰਾ ਭਾਰਤੀ ਜਨਤਾ ਪਾਰਟੀ ਨੂੰ ਗੋਦੀ ਵਿੱਚ ਚੁੱਕ ਕੇ ਇਸ ਤਰ੍ਹਾਂ ਨਾਲ ਰੱਖਦਾ ਸੀ ਕਿ ਜੇਕਰ ਛੋਟਾ ਭਰਾ ਰੁਸ ਗਿਆ ਤਾਂ ਉਹਨਾਂ ਦੀ ਸਰਕਾਰ ਸ਼ਾਇਦ ਨਾ ਬਣੇ।

ਇਹ ਗੱਲ ਸੱਚ ਵੀ ਸੀ ਅਤੇ 2022 ਦੀਆਂ ਚੋਣਾਂ ਤੋਂ ਬਾਅਦ 2024 ਦੀਆਂ ਚੋਣਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜੋ ਦੁਰਦਸ਼ਾ ਹੋਈ ਸੀ, ਸੁਖਬੀਰ ਬਾਦਲ ਉਸਤੋਂ ਡਰ ਚੁੱਕੇ ਸਨ। ਅਕਾਲੀ ਦਲ ਬਾਦਲ ਤੋਂ ਵੱਖ ਹੋਇਆ ਪੁਨਰ ਸੁਰਜੀਤ ਧੜਾ ਵੀ ਕਈ ਮਹੀਨੇ ਤਕ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਦੀ ਕੋਸ਼ਿਸ਼ ਕਰਦਾ ਰਿਹਾ ਬੀਜੇਪੀ ਦੀ ਅੱਖ ਅਕਾਲੀ ਦਲਾਂ ਦੇ ਵਿੱਚੋਂ ਸਭਤੋਂ ਵੱਡੀ ਪਾਰਟੀ ਸਮਝੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ ਸੀ। ਉਹਨਾਂ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਇੰਨਾ ਕੁ ਮਜਬੂਰ ਕਰਨਾ ਸੀ ਕਿ 23 ਸੀਟਾਂ ਤੋਂ 50 ਤੋਂ ਵੱਧ ਸੀਟਾਂ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆ ਜਾਣ, ਅਤੇ ਭਾਰਤੀ ਜਨਤਾ ਪਾਰਟੀ ਇਸ ਵਿੱਚ ਕਾਮਯਾਬ ਰਹੀ। 94 ਸੀਟਾਂ ਤੇ ਚੋਣ ਲੜਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੁਣ 60 ਤੋਂ 70 ਸੀਟਾਂ ਉੱਤੇ ਹੀ ਸਬਰ ਕਰਨਾ ਪਏਗਾ।

ਸਵਾਲ ਇਹ ਵੀ ਹੈ ਕਿ ਜਦੋਂ ਵੋਟਰਾਂ ਕੋਲ ਜਾਣ ਦਾ ਸਮਾਂ ਆਏਗਾ ਉਸ ਵੇਲੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਦਾਅਵੇ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਨਾਲ ਇਕੱਠੇ ਖਲੋ ਕੇ ਕਿਸਾਨਾਂ ਨੂੰ ਕੀ ਸੰਦੇਸ਼ ਦੇਵੇਗਾ? ਕੀ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਬੇਮਾਇਨਾ ਸੀ? ਕੀ ਕਿਸਾਨ ਅੰਦੋਲਨ ਦੇ ਨਾਂਅ ਤੇ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜਨਾ ਇੱਕ ਵਕਤੀ ਚਾਲ ਸੀ ਕੀ ਪੰਜਾਬ ਦੇ ਵਾਸਤੇ ਜੋ ਮੰਗਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਚਾਹੁੰਦਾ ਸੀ, ਹਕੂਮਤ ਦੇ ਵਿੱਚ ਰਹਿੰਦਿਆਂ ਭਾਰਤੀ ਜਨਤਾ ਪਾਰਟੀ ਨੇ ਇੱਕ ਵੀ ਪੂਰੀ ਕੀਤੀ?

ਹੁਣ ਹੋ ਸਕਦਾ ਚੋਣਾਂ ਦੇ ਨੇੜੇ ਪ੍ਰਧਾਨ ਮੰਤਰੀ 8 ਦਸੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦਾ ਐਲਾਣ ਵੀ ਕਰ ਦੇਣ ਪਰ ਕਿਸਾਨਾਂ ਦੀ ਸ਼ਹਾਦਤ ਦੇ ਨਾਲ ਨਾਲ ਨਸ਼ਾ, ਬੇਰੁਜ਼ਗਾਰੀ ਅਤੇ ਸਭ ਤੋਂ ਵੱਡਾ ਧਾਰਮਿਕ ਮਸਲਾ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਿਆਂ ਦੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਗੱਲ ਦਾ ਗਿਲਾ ਕਰਦਾ ਰਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ਼੍ਰੀ ਪਟਨਾ ਸਾਹਿਬ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਭਾਰਤੀ ਜਨਤਾ ਪਾਰਟੀ ਨੇ ਸਿੱਧੇ ਜਾਂ ਸਿੱਧੇ ਤੌਰ ਤੇ ਕਬਜ਼ਾ ਕਰ ਲਿਆ ਹੈ। ਹੁਣ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰਕੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੀ ਅਸਿੱਧੇ ਰੂਪ ਦੇ ਵਿੱਚ ਐਨ.ਡੀ.ਏ. ਦੇ ਹੱਥ ਨਹੀਂ ਫੜਾ ਦਿੱਤੀ ਗਈ? ਕੀ ਹਜ਼ੂਰ ਸਾਹਿਬ ਦੀ ਕਮੇਟੀ ,ਪਟਨਾ ਸਾਹਿਬ ਦੀ ਕਮੇਟੀ, ਦਿੱਲੀ ਦੀ ਕਮੇਟੀ ਅਤੇ ਹਰਿਆਣਾ ਕਮੇਟੀ ਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬਦਲ ਗਿਆ ਹੈ।

2007 ਤੋਂ 2017 ਤੱਕ 10 ਸਾਲ ਪੰਜਾਬ ਵਿੱਚ ਇਹਨਾਂ ਦੋਵਾਂ ਪਾਰਟੀਆਂ ਦੀ ਸਰਕਾਰ ਰਹੀ। ਉਸ ਸਮੇਂ ਜਿਹੜਾ ਚਿੱਟੇ ਦਾ ਤੇ ਦੂਜਿਆਂ ਨਸ਼ਿਆਂ ਦਾ ਰੌਲਾ ਪਿਆ ਸੀ, ਕੀ ਉਹ ਖਤਮ ਹੋ ਜਾਵੇਗਾ, ਕੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰ ਸਕਣਗੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਹਿਲੀ ਨਜ਼ਰ ਵਿੱਚ ਇਹ ਜਰੂਰ ਲੱਗਦਾ ਹੈ ਕਿ ਇਸ ਸਮਝੌਤੇ ਨਾਲ ਅਕਾਲੀ ਦਲ ਕੁਝ ਸੀਟਾਂ ਜਿੱਤ ਸਕਦਾ ਹੈ ਪਰ ਭਾਰਤੀ ਜਨਤਾ ਪਾਰਟੀ ਇਸ ਸਮਝੌਤੇ ਵਿੱਚੋਂ ਕਾਫੀ ਜਿਆਦਾ ਖੱਟਣ ਦੇ ਵਿੱਚ ਕਾਮਯਾਬ ਹੋ ਜਾਵੇਗੀ ਅਤੇ ਜੇ ਸਰਕਾਰ ਬਣਦੀ ਹੈ ਬਹੁਤੇ ਐਮ. ਐਲ. ਏ. ਵਾਲਾ ਵੱਡਾ ਭਰਾ ਹੀ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ। ਜੇਕਰ ਭਾਜਪਾ ਦੇ ਵੱਧ ਵਿਧਾਇਕ ਹੋਏ ਤਾਂ ਕੀ ਅਕਾਲੀ ਦਲ ਛੋਟਾ ਭਰਾ ਨਹੀਂ ਬਣ ਜਾਵੇਗਾ? ਹੋ ਸਕਦਾ ਹੈ ਕਿ ਇੱਥੇ ਵਿਵਾਦ ਛਿੜਨ ਤੇ ਸੁਖਬੀਰ ਬਾਦਲ ਨੂੰ ਵੀ ਕੈਂਡੀਡੇਟ ਵਿਖਾ ਦੇਣ ਪਰ ਭਾਰਤੀ ਜਨਤਾ ਪਾਰਟੀ ਦੀ ਨੀਅਤ ਸਵਾਲਾਂ ਦੇ ਘੇਰੇ ਵਿੱਚ ਹੈ ਅਤੇ ਜਦ ਤੱਕ ਚੋਣਾਂ ਦੇ ਆਉਣ ਤੱਕ ਕੋਈ ਪਿਕਚਰ ਸਾਫ ਨਹੀਂ ਹੁੰਦੀ, ਇਹ ਨੀਅਤ ਸਵਾਲਾਂ ਦੇ ਵਿੱਚ ਰਹੇਗੀ।

ਸਿਆਸੀ ਮਾਹਿਰ ਕਹਿ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੀ ਕਮਜ਼ੋਰੀ ਮੰਨ ਲਈ ਹੈ ਤੇ ਇਹ ਪਾਰਟੀ 94 ਸੀਟਾਂ ਤੋਂ 60 ਜਾਂ 70 ਤੇ ਪਹੁੰਚ ਗਈ ਹੈ। 30 ਦੇ ਕਰੀਬ ਸੀਟਾਂ (ਜਿਹੜੀਆਂ ਅਕਾਲੀ ਦਲ ਵਲੋਂ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਲੜੀਆਂ ਜਾਂਦੀਆਂ ਸਨ) ਉਹ ਸੀਟਾਂ ਸ਼੍ਰੋਮਣੀ ਅਕਾਲੀ ਬਾਦਲ ਨੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਪਾ ਕੇ ਆਪਣੀ ਕਮਜ਼ੋਰੀ ਮੰਨੀ ਹੈ। ਜੋ ਦਰਸਾਉਂਦਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਓਨਾ ਮਜ਼ਬੂਤ ਨਹੀਂ ਰਿਹਾ, ਜਿੰਨਾ 2017 ਤੋਂ ਪਹਿਲਾਂ ਸੀ।

ਇਸ ਸਮੇਂ ਹਰ ਪਾਸੇ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਗੱਠਜੋੜ ਦੀਆਂ ਗੱਲਾਂ ਹੋ ਰਹੀਆਂ ਹਨ, ਜਿਸ ਕਾਰਨ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਉੁਬਾਲ ਆ ਗਿਆ ਹੈ। ਹੁਣ ਇਹ ਗੱਠਜੋੜ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿੰਨਾ ਕੁ ਕਾਮਯਾਬ ਰਹਿੰਦਾ ਹੈ, ਇਹ ਤਾਂ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਹੀ ਪਤਾ ਚੱਲੇਗਾ।

ਭਗਵੰਤ ਸਿੰਘ ਬੇਦੀ

Continue Reading

Editorial

ਇਨਸਾਨੀ ਸਵਾਰਥ ਨੇ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਪਾਣੀ ਪੰਜ ਦਰਿਆਵਾਂ ਦਾ…….

Published

on

By

ਕੋਣ ਲਵੇਗਾ ਪੰਜਾਬ ਦੇ ਪਲੀਤ ਹੋ ਚੁੱਕੇ ਪਾਣੀਆਂ ਦੀ ਸਾਰ

ਪੰਜਾਬ ਦੇ ਦਰਿਆਵਾਂ ਦੇ ਪਾਣੀ ਦੇ ਪਲੀਤ ਹੋਣ ਬਾਰੇ ਅਕਸਰ ਹੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ ਸੰਬੰਧੀ ਹੁਣ ਨੰਗਲ ਨੇੜੇ ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ ਹਜ਼ਾਰਾਂ ਮਰੀਆਂ ਹੋਈਆਂ ਮੱਛੀਆਂ ਅਤੇ ਜੰਗਲੀ ਜਾਨਵਰਾਂ (ਜਿਨ੍ਹਾਂ ਵਿੱਚ ਇੱਕ ਨੀਲ ਗਾਂ ਅਤੇ ਇੱਕ ਅਜਗਰ ਵੀ ਸ਼ਾਮਲ ਹਨ) ਦੀ ਮੌਤ ਹੋਣ ਦੀ ਖ਼ਬਰ ਨੇ ਸਭ ਦਾ ਧਿਆਨ ਖਿੱਚਿਆ ਹੈ ਅਤੇ ਇਸਦੇ ਨਾਲ ਹੀ ਦਰਿਆਵਾਂ ਵਿੱਚ ਫੈਲੇ ਪ੍ਰਦੂਸ਼ਨ ਦਾ ਮਾਮਲਾ ਵੀ ਮੁੜ ਸੁਰਖ਼ੀਆਂ ਵਿੱਚ ਆ ਗਿਆ ਹੈ।

ਇਸ ਨਹਿਰ ਵਿੱਚ ਮੱਛੀਆਂ ਕਿਉਂ ਅਤੇ ਕਿਵੇਂ ਮਰੀਆਂ, ਇਹ ਪਤਾ ਲਗਾਉਣਾ ਅਜੇ ਬਾਕੀ ਹੈ। ਇਸ ਵਾਸਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪਸ਼ੂ ਪਾਲਣ ਵਿਭਾਗ ਨੇ ਪਾਣੀ ਦੇ ਨਮੂਨੇ ਇਕੱਠੇ ਕੀਤੇ ਹਨ ਅਤੇ ਮ੍ਰਿਤਕ ਜੀਵਾਂ ਨੂੰ ਪੋਸਟਮਾਰਟਮ ਲਈ ਭੇਜਿਆ ਵੀ ਹੈ, ਪਰ ਇਸ ਦਾ ਵੱਡਾ ਕਾਰਨ ਦਰਿਆਵੀ ਪਾਣੀਆਂ ਵਿੱਚ ਘੁਲ ਰਿਹਾ ਪ੍ਰਦੂਸ਼ਨ ਅਤੇ ਉਦਯੋਗਾਂ ਦੇ ਜ਼ਹਿਰੀਲੇ ਘੁਲਣਸ਼ੀਲ ਤੱਤ ਵੀ ਮੰਨੇ ਜਾ ਸਕਦੇ ਹਨ। ਇਹ ਨਹਿਰ ਕੀਰਤਪੁਰ ਸਾਹਿਬ ਵੱਲ ਪਾਣੀ ਲੈ ਕੇ ਜਾਂਦੀ ਹੈ, ਜਿੱਥੇ ਇਹ ਸਤਲੁਜ ਦਰਿਆ ਵਿੱਚ ਮਿਲਣ ਤੋਂ ਪਹਿਲਾਂ ਲੋਹੰਡ ਖੱਡ ਵਿੱਚ ਦਾਖ਼ਲ ਹੁੰਦੀ ਹੈ। ਖ਼ਦਸ਼ਾ ਹੈ ਕਿ ਪਾਣੀ ਵਿਚਲੇ ਇਹ ਜ਼ਹਿਰੀਲੇ ਤੱਤ ਅੱਗੇ ਵਹਿ ਕੇ ਹੇਠਲੇ ਇਲਾਕਿਆਂ ਤੱਕ ਵੀ ਪਹੁੰਚ ਸਕਦੇ ਹਨ।

ਪੰਜਾਬ ਦੇ ਜਿਹੜੇ ਦਰਿਆਵਾਂ ਦਾ ਪਾਣੀ ਅੰਮ੍ਰਿਤ ਵਰਗਾ ਸਮਝਿਆ ਜਾਂਦਾ ਸੀ, ਉਹ ਪਾਣੀ ਹੁਣ ਇਸ ਕਦਰ ਪਲੀਤ ਹੋ ਚੁੱਕਿਆ ਹੈ ਕਿ ਇਹ ਕੈਂਸਰ ਦੀ ਬਿਮਾਰੀ ਵੰਡ ਰਿਹਾ ਹੈ। ਇੱਥੋਂ ਤੱਕ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੋ ਚੁੱਕਿਆ ਹੈ। ਇਹ ਕਿਸੇ ਲੇਖਕ ਦੀ ਕਲਪਨਾ ਨਹੀਂ ਸਗੋਂ ਪੰਜਾਬ ਦੇ ਪਾਣੀਆਂ ਸਬੰਧੀ ਪਿਛਲੇ ਸਮੇਂ ਦੌਰਾਨ ਆਈਆਂ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ।

ਪੰਜਾਬ ਵਿੱਚ ਇਸ ਸਮੇਂ ਸਿਰਫ਼ ਦੋ ਮੁੱਖ ਦਰਿਆ ਸਤਲੁਜ ਅਤੇ ਬਿਆਸ ਹਨ। ਰਾਵੀ ਦਾ ਕੁਝ ਹਿੱਸਾ ਹੀ ਪੰਜਾਬ ਵਿੱਚ ਹੈ। ਇਸ ਤੋਂ ਇਲਾਵਾ ਘੱਗਰ ਦਰਿਆ, ਬੁੱਢਾ ਦਰਿਆ ਤੇ ਹੋਰ ਛੋਟੇ ਦਰਿਆ ਅਸਲ ਵਿੱਚ ਛੋਟੀਆਂ ਜਲ ਧਾਰਾਵਾਂ ਹਨ। ਪੰਜਾਬ ਦੇ ਇਹਨਾਂ ਦਰਿਆਵਾਂ ਤੇ ਜਲ ਧਾਰਾਵਾਂ ਵਿੱਚ ਬਹੁਤ ਜਿਆਦਾ ਪ੍ਰਦੂਸ਼ਣ ਫ਼ੈਲ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਉਦਯੋਗਾਂ ਅਤੇ ਦਵਾਈਆਂ ਦੀਆਂ ਫ਼ੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਵੀ ਪੰਜਾਬ ਦੇ ਦਰਿਆਵਾਂ ਵਿੱਚ ਆ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਅਨੇਕਾਂ ਸ਼ਹਿਰਾਂ ਦੇ ਉਦਯੋਗਾਂ, ਡਾਈਆਂ ਅਤੇ ਫ਼ੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਵੀ ਪੰਜਾਬ ਦੇ ਦਰਿਆਵਾਂ ਵਿੱਚ ਰਲ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਦਰਿਆ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਏ ਹਨ।

ਪੰਜਾਬ ਦੇ ਸ਼ਹਿਰਾਂ ਦਾ ਸੀਵਰੇਜ ਵੀ ਦਰਿਆਵਾਂ ਵਿੱਚ ਹੀ ਪਾਇਆ ਜਾਂਦਾ ਹੈ, ਜਿਸ ਕਾਰਨ ਦਰਿਆਵਾਂ ਦਾ ਪਾਣੀ ਹੋਰ ਪ੍ਰਦੂਸ਼ਿਤ ਹੋ ਜਾਂਦਾ ਹੈ। ਕਈ ਇਲਾਕਿਆਂ ਵਿੱਚ ਦਰਿਆਵਾਂ ਦਾ ਪਾਣੀ ਪੀਣ ਲਈ ਵੀ ਵਰਤਿਆ ਜਾਂਦਾ ਹੈ, ਜਿਸ ਕਾਰਨ ਇਹ ਦੂਸ਼ਿਤ ਪਾਣੀ ਪੀਣ ਵਾਲੇ ਲੋਕ ਵੀ ਬਿਮਾਰ ਹੋ ਸਕਦੇ ਹਨ। ਮਹਾਨਗਰ ਲੁਧਿਆਣਾ ਦੇ ਪੂਰਬੀ ਖੇਤਰ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਵਿਚੋਂ ਲੰਘਣ ਵਾਲਾ ਬੁੱਢਾ ਦਰਿਆ ਖ਼ਤਰਨਾਕ ਤੋਂ ਵੀ ਵੱਧ ਪੱਧਰ ਤੇ ਦੂਸ਼ਿਤ ਹੋ ਚੁੱਕਾ ਹੈ। ਕੂਮ ਕਲਾਂ ਤੋਂ ਸ਼ੁਰੂ ਹੋ ਕੇ ਸਤਲੁਜ ਦਰਿਆ ਵਿੱਚ ਜਾ ਰਲਣ ਤੱਕ ਉਦਯੋਗਿਕ ਇਕਾਈਆਂ ਅਤੇ ਡੇਅਰੀਆਂ ਵਿਚੋਂ ਨਿਕਲਣ ਵਾਲੇ ਜ਼ਹਿਰੀਲੇ ਪਾਣੀ ਨੇ ਬੁੱਢੇ ਦਰਿਆ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਦੂਸ਼ਿਤ ਕਰ ਦਿੱਤਾ ਹੈ। ਪੁਰਾਣੇ ਸਮੇਂ ਸਾਫ਼ ਪਾਣੀ ਦੇ ਇਸ ਸੋਮੇ ਵਿੱਚ ਚੋਰੀ-ਛੁੱਪੇ ਸੁੱਟੇ ਜਾਂਦੇ ਡਾਇੰਗਾਂ, ਇਲੈਕਟਰੋ ਪਲੇਟਿੰਗ ਇਕਾਈਆਂ ਦੇ ਖ਼ਤਰਨਾਕ ਕੈਮੀਕਲਾਂ ਅਤੇ ਡੇਅਰੀਆਂ ਵਿਚੋਂ ਨਿਕਲਣ ਵਾਲੇ ਮਲ ਮੂਤਰ ਨੇ ਬੁੱਢੇ ਦਰਿਆ ਨੂੰ ਗੰਦਾ ਨਾਲਾ ਬਣਾ ਦਿੱਤਾ।

ਇਨਸਾਨੀ ਸਵਾਰਥ ਦੀ ਭੇਟ ਚੜ੍ਹੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਅੱਜ ਇਸ ਕਦਰ ਦੂਸ਼ਿਤ ਹੋ ਚੁੱਕਾ ਹੈ ਕਿ ਆਪਣੇ ਰਾਹ ਵਿੱਚ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਹੀ ਨਹੀਂ ਸਗੋਂ ਹੋਰ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਵੀ ਜਾਨਲੇਵਾ ਬਿਮਾਰੀਆਂ ਵੰਡ ਰਿਹਾ ਹੈ। ਅਸਲ ਵਿੱਚ ਪੰਜਾਬ ਵਿੱਚ ਜਿੰਨੇ ਵੀ ਦਰਿਆ ਜਾਂ ਜਲ ਧਾਰਾਵਾਂ ਅਤੇ ਜਲ ਸੋਮੇ ਹਨ, ਉਹ ਬੁਰੀ ਤਰ੍ਹਾਂ ਪਲੀਤ ਹੋ ਚੁੱਕੇ ਹਨ, ਜਿਨ੍ਹਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ।

ਪੰਜਾਬ ਦੇ ਪਾਣੀਆਂ ਦੇ ਪਲੀਤ ਹੋਣ ਦੇ ਕਾਰਨਾਂ ਦੀ ਜਾਂਚ ਜੇ ਡੂੰਘਾਈ ਨਾਲ ਕੀਤੀ ਜਾਵੇ ਤਾਂ ਇਸ ਦੇ ਤਾਰ ਹਰੀ ਕ੍ਰਾਂਤੀ ਨਾਲ ਜਾ ਜੁੜਦੇ ਹਨ। ਪੰਜਾਬ ਵਿੱਚ ਹਰੀ ਕ੍ਰਾਂਤੀ ਲਿਆਉਣ ਲਈ ਅੰਨ੍ਹੇਵਾਹ ਰਸਾਇਣਿਕ ਖਾਂਦਾ ਅਤੇ ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਕੀੜੇਮਾਰ ਦਵਾਈਆਂ ਤੇ ਜ਼ਹਿਰਾਂ ਦੀ ਵਰਤੋਂ ਕਾਰਨ ਇਸ ਦਾ ਅਸਰ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਧਰਤੀ ਹੇਠਲੇ ਪਾਣੀ ਤੱਕ ਵੀ ਪਹੁੰਚ ਗਿਆ, ਜਿਸ ਕਾਰਨ ਪੰਜਾਬ ਦਾ ਸਾਰਾ ਪਾਣੀ ਹੀ ਪਲੀਤ ਹੋ ਗਿਆ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਪਲੀਤ ਹੋ ਚੁੱਕੇ ਪਾਣੀਆਂ ਦੀ ਸਾਰ ਕੌਣ ਲਊ? ਪੰਜਾਬ ਦੇ ਦਰਿਆਈ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ, ਇਸ ਦੀ ਸੰਭਾਲ ਕਰਨ, ਇਸ ਨੂੰ ਪ੍ਰਦੂਸ਼ਣ ਮੁਕਤ ਅਤੇ ਜ਼ਹਿਰਾਂ ਮੁਕਤ ਕਰਨ ਲਈ ਪੰਜਾਬ ਸਰਕਾਰ ਨੂੰ ਠੋਸ ਉਪਰਾਲੇ ਕਰਨ ਦੀ ਲੋੜ ਹੈ।

ਬਿਊਰੋ

Continue Reading

Latest News

Trending