Connect with us

Punjab

ਪਾਰਕਿੰਗ ਵਿਵਾਦ ਕਾਰਨ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

Published

on

ਲੁਧਿਆਣਾ, 21 ਅਕਤੂਬਰ (ਸ.ਬ.) ਲੁਧਿਆਣਾ ਦੇ ਤਾਜਪੁਰ ਰੋਡ ਇਲਾਕੇ ਵਿਚ ਵਾਹਨਾਂ ਦੀ ਪਾਰਕਿੰਗ ਨੂੰ ਲੈ ਕੇ ਭੜਕਿਆ ਮਾਮੂਲੀ ਵਿਵਾਦ ਦੇਖਦੇ ਹੀ ਦੇਖਦੇ ਗੈਂਗਵਾਰ ਅਤੇ ਖੂਨੀ ਸੰਘਰਸ਼ ਵਿਚ ਤਬਦੀਲ ਹੋ ਗਿਆ। ਦੋ ਧਿਰਾਂ ਵਿਚਾਲੇ ਪਹਿਲਾਂ ਜਮ ਕੇ ਗਾਲੀ-ਗਲੋਚ ਅਤੇ ਗੱਡੀਆਂ ਵਿਚ ਭੰਨਤੋੜ ਹੋਈ ਅਤੇ ਫਿਰ ਅੱਧੀ ਰਾਤ ਨੂੰ ਸ਼ਰੇਆਮ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ। ਫਾਇਰਿੰਗ ਦੌਰਾਨ 31 ਸਾਲਾ ਨੌਜਵਾਨ ਦਰਬਾਰਾ ਉਰਫ਼ ਹੈਰੀ ਦੀ ਛਾਤੀ ਵਿਚ ਸਿੱਧੀ ਗੋਲੀ ਲੱਗ ਗਈ। ਖੂਨ ਨਾਲ ਲੱਥਪੱਥ ਹਾਲਤ ਵਿਚ ਉਸ ਨੂੰ ਤੁਰੰਤ ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਪੇਸ਼ੇ ਤੋਂ ਡਰਾਈਵਰ ਸੀ। ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ-7 ਦੀ ਪੁਲੀਸ ਟੀਮ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਤਾਜਪੁਰ ਰੋਡ ਤੇ ਬੀਤੀ ਦੇਰ ਰਾਤ ਇਕ ਧਿਰ ਵੱਲੋਂ ਗੱਡੀ ਪਾਰਕ ਕਰਨ ਨੂੰ ਲੈ ਕੇ ਦੂਜੀ ਧਿਰ ਨਾਲ ਬਹਿਸਬਾਜ਼ੀ ਹੋ ਗਈ ਸੀ। ਦੋਸ਼ ਹੈ ਕਿ ਵਿਵਾਦ ਵਧਣ ਤੇ ਇਕ ਧਿਰ ਦੇ ਨੌਜਵਾਨਾਂ ਨੇ ਤੈਸ਼ ਵਿਚ ਆ ਕੇ ਦੂਜੀ ਧਿਰ ਦੀ ਗੱਡੀ ਦੇ ਸ਼ੀਸ਼ੇ ਬੁਰੀ ਤਰ੍ਹਾਂ ਤੋੜ ਦਿੱਤੇ। ਗੱਡੀ ਤੋੜੇ ਜਾਣ ਦੀ ਖ਼ਬਰ ਮਿਲਦੇ ਹੀ ਦੂਜੀ ਧਿਰ ਵੀ ਆਪਣੇ ਸਾਥੀਆਂ ਨੂੰ ਇਕੱਠਾ ਕਰ ਕੇ ਮੌਕੇ ਤੇ ਵਿਰੋਧ ਦਰਜ ਕਰਵਾਉਣ ਪਹੁੰਚ ਗਈ। ਦੋਵਾਂ ਧਿਰਾਂ ਵਿਚ ਤਿੱਖੀ ਝੜਪ ਹੋਈ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸੇ ਦੌਰਾਨ ਇਕ ਧਿਰ ਦੇ ਹਥਿਆਰਬੰਦ ਨੌਜਵਾਨਾਂ ਨੇ ਆਪਣੀਆਂ ਪਿਸਤੌਲਾਂ ਤੋਂ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਬਾਰੀ ਹੁੰਦੇ ਹੀ ਭਾਜੜਾਂ ਪੈ ਗਈਆਂ। ਇਸੇ ਦੌਰਾਨ ਭੀੜ ਵਿਚ ਪਿੱਛੇ ਖੜ੍ਹੇ ਦਰਬਾਰਾ ਉਰਫ਼ ਹੈਰੀ ਦੀ ਛਾਤੀ ਨੂੰ ਚੀਰਦੀ ਹੋਈ ਇਕ ਗੋਲ਼ੀ ਆਰ-ਪਾਰ ਹੋ ਗਈ, ਜਿਸ ਨਾਲ ਉਹ ਲਹੂ-ਲੁਹਾਨ ਹੋ ਕੇ ਸੜਕ ਤੇ ਡਿੱਗ ਪਿਆ। ਮ੍ਰਿਤਕ ਹੈਰੀ ਦੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਬੀਤੀ ਸ਼ਾਮ ਉਸ ਦੇ ਪਤੀ ਨੂੰ ਤੇਜ਼ ਬੁਖ਼ਾਰ ਸੀ ਅਤੇ ਉਹ ਘਰ ਵਿਚ ਆਰਾਮ ਕਰ ਰਹੇ ਸਨ। ਉਦੋਂ ਹੀ ਅਚਾਨਕ ਉਨ੍ਹਾਂ ਦਾ ਇਕ ਦੋਸਤ ਘਰ ਆਇਆ ਅਤੇ ਉਸ ਨੇ ਕਿਹਾ ਕਿ ਬਾਹਰ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਹਨ। ਇਸ ਤੋਂ ਤੁਰੰਤ ਬਾਅਦ 4-5 ਹੋਰ ਨੌਜਵਾਨ ਵੀ ਘਰ ਆ ਧਮਕੇ ਅਤੇ ਹੈਰੀ ਨੂੰ ਜ਼ਬਰਦਸਤੀ ਆਪਣੇ ਨਾਲ ਬਾਹਰ ਲੈ ਗਏ।

ਪਤਨੀ ਨੇ ਦੱਸਿਆ ਕਿ ਤੜਕੇ ਲਗਭਗ 3 ਵਜੇ ਉਸ ਦੇ ਫੋਨ ਤੇ ਅਚਾਨਕ ਕਾਲ ਆਈ ਕਿ ਹੈਰੀ ਨੂੰ ਗੋਲੀ ਲੱਗ ਗਈ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਰਾਜਵਿੰਦਰ ਨੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੋ ਲੜਕੇ ਅੱਗੇ ਹੋ ਕੇ ਝਗੜਾ ਕਰ ਰਹੇ ਸਨ, ਉਨ੍ਹਾਂ ਨੂੰ ਇਕ ਖਰੋਚ ਤੱਕ ਨਹੀਂ ਆਈ, ਜਦਕਿ ਮੇਰੇ ਪਤੀ 6-7 ਲੜਕਿਆਂ ਦੇ ਪਿੱਛੇ ਖੜ੍ਹੇ ਸਨ ਅਤੇ ਗੋਲੀ ਸਿੱਧੀ ਉਨ੍ਹਾਂ ਦੀ ਛਾਤੀ ਵਿਚ ਮਾਰ ਦਿੱਤੀ ਗਈ। ਪਤਨੀ ਰਾਜਵਿੰਦਰ ਨੇ ਦੱਸਿਆ ਕਿ ਮੁਲਜ਼ਮਾਂ ਨਾਲ ਪਿਛਲੇ ਸ਼ਨੀਵਾਰ ਨੂੰ ਵੀ ਝਗੜਾ ਹੋਇਆ ਸੀ। ਉਸ ਦਿਨ ਵੀ ਉਕਤ ਲੜਕਿਆਂ ਨੇ ਉਸ ਦੇ ਪਤੀ ਨੂੰ ਇਕੱਲਾ ਵੇਖ ਕੇ ਬੁਰੀ ਤਰ੍ਹਾਂ ਕੁੱਟਿਆ ਸੀ। ਉਸ ਸਮੇਂ ਉਹ ਆਪਣੀ ਸਹੇਲੀ ਸੀਨੂ (ਨਿਵਾਸੀ ਪਿੰਡ ਗਿਲਾਂ) ਨਾਲ ਸੀ। ਰਾਜਵਿੰਦਰ ਮੁਤਾਬਕ, ਉਸ ਕੋਲ ਸਹੇਲੀ ਦੀ ਗੱਲਬਾਤ ਦੀ ਕਾਲ ਰਿਕਾਰਡਿੰਗ ਵੀ ਮੌਜੂਦ ਹੈ, ਜਿਸ ਵਿਚ ਉਹ ਦੱਸ ਰਹੀ ਹੈ ਕਿ ਇਕ ਹੋਟਲ ਦੇ ਅੰਦਰ ਲੜਕਿਆਂ ਨੇ ਹੈਰੀ ਨਾਲ ਗੰਭੀਰ ਮਾਰਕੁੱਟ ਕੀਤੀ ਸੀ। ਪਤਨੀ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਉਹਨੂੰ ਸਿਰਫ਼ ਅਤੇ ਸਿਰਫ਼ ਇਨਸਾਫ਼ ਚਾਹੀਦਾ ਹੈ ਅਤੇ ਨਿਰਦੋਸ਼ ਪਤੀ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ-7 ਦੇ ਪੁਲੀਸ ਅਧਿਕਾਰੀ ਭਾਰੀ ਫੋਰਸ ਨਾਲ ਮੌਕੇ ਤੇ ਅਤੇ ਬਾਅਦ ਵਿਚ ਸੀ.ਐਮ.ਸੀ. ਹਸਪਤਾਲ ਪਹੁੰਚੇ। ਪੁਲੀਸ ਨੇ ਲਾਸ਼ ਨੂੰ ਮੋਰਚਰੀ ਵਿਚ ਸੁਰੱਖਿਅਤ ਰਖਵਾ ਦਿੱਤਾ ਹੈ ਅਤੇ ਫੋਰੈਂਸਿਕ ਮਾਹਰਾਂ ਦੀ ਮਦਦ ਨਾਲ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਹਨ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀਬਾਰੀ ਦੇ ਅਸਲ ਹਾਲਾਤਾਂ, ਵਰਤੇ ਗਏ ਹਥਿਆਰਾਂ ਅਤੇ ਦੋਵਾਂ ਧਿਰਾਂ ਵਿਚ ਸ਼ਾਮਲ ਨੌਜਵਾਨਾਂ ਦੀ ਪਛਾਣ ਲਈ ਤਾਜਪੁਰ ਰੋਡ ਤੇ ਲੱਗੇ ਤਮਾਮ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਖੰਘਾਲੀ ਜਾ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ਅਤੇ ਮੁੱਢਲੀ ਜਾਂਚ ਦੇ ਆਧਾਰ ਤੇ ਕਤਲ ਅਤੇ ਆਰਮਜ਼ ਐਕਟ ਦੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਫਾਇਰਿੰਗ ਕਰਨ ਵਾਲੇ ਸ਼ੂਟਰਾਂ ਨੂੰ ਜਲਦ ਹੀ ਸਲਾਖਾਂ ਪਿੱਛੇ ਭੇਜਿਆ ਜਾਵੇਗਾ।

Continue Reading

Punjab

ਜਲੰਧਰ ਵਿੱਚ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Published

on

By

ਈ ਮੇਲ ਵਿੱਚ ਰੇਲਵੇ ਟਰੈਕਾਂ ਤੇ ਹਮਲਾ ਕਰਨ ਅਤੇ ਰਾਹੁਲ ਗਾਂਧੀ ਦੇ ਸੰਗਰੂਰ ਦੌਰੇ ਦੌਰਾਨ ਧਮਾਕਾ ਕਰਨ ਦੀ ਵੀ ਦਿੱਤੀ ਧਮਕੀ

ਜਲੰਧਰ, 30 ਅਕਤੂਬਰ (ਸ.ਬ.) ਜਲੰਧਰ ਵਿੱਚ ਦੋ ਸਕੂਲਾਂ ਏ ਪੀ ਜੇ ਸਕੂਲ ਅਤੇ ਆਰਮੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪ੍ਰਾਪਤ ਰਿਪੋਰਟਾਂ ਅਨੁਸਾਰ, ਸਕੂਲਾਂ ਨੂੰ ਧਮਕੀ ਭਰੀ ਈਮੇਲ ਪ੍ਰਾਪਤ ਹੋਈ, ਜਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ। ਪ੍ਰਾਪਤ ਹੋਈ ਈਮੇਲ ਵਿੱਚ ਸਕੂਲਾਂ ਨੂੰ ਬੰਬ ਨਾਲ ਉੜਾਊਣ ਦੀ ਧਮਕੀ ਦੇਣ ਦੇ ਨਾਲ ਨਾਲ ਰੇਲਵੇ ਟਰੈਕਾਂ ਨੂੰ ਵੱਡੇ ਪੱਧਰ ਤੇ ਨਿਸ਼ਾਨਾ ਬਣਾਉਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਈਮੇਲ ਰਾਹੀਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ 1 ਨਵੰਬਰ ਨੂੰ ਦਿੱਲੀ ਜਾਣ ਵਾਲੀਆਂ ਰੇਲਗੱਡੀਆਂ ਵਿੱਚ ਸਫ਼ਰ ਕਰਨ ਤੋਂ ਗੁਰੇਜ਼ ਕਰਨ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਅੰਮ੍ਰਿਤਸਰ, ਫਿਰੋਜ਼ਪੁਰ, ਲੁਧਿਆਣਾ ਅਤੇ ਬਠਿੰਡਾ ਵਿੱਚ ਟਰੈਕ ਤੇ ਆਈ ਈ ਡੀ ਬਲਾਸਟ ਕੀਤੇ ਜਾਣਗੇ।

ਈ-ਮੇਲ ਵਿੱਚ ਸਕੂਲਾਂ ਵਿੱਚ ਦੁਪਹਿਰ 12:11 ਵਜੇ ਧਮਾਕੇ ਕਰਨ ਦੀਆਂ ਯੋਜਨਾਵਾਂ ਦਾ ਜ਼ਿਕਰ ਸੀ, ਇਸ ਤੋਂ ਬਾਅਦ, ਸੁਰੱਖਿਆ ਬਲਾਂ ਅਤੇ ਬੰਬ ਨਿਰੋਧਕ ਦਸਤਿਆਂ ਨੇ ਸਬੰਧਤ ਥਾਵਾਂ ਨੂੰ ਘੇਰ ਲਿਆ ਅਤੇ ਇੱਕ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

ਇਹ ਵੀ ਸਾਹਮਣੇ ਆਇਆ ਹੈ ਕਿ ਧਮਕੀ ਭਰੀ ਈਮੇਲ ਵਿੱਚ ਬੱਚਿਆਂ ਦੀ ਸੁਰੱਖਿਆ ਬਾਰੇ ਇੱਕ ਸੰਦੇਸ਼ ਸ਼ਾਮਲ ਹੈ। ਧਮਕੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੁਲੀਸ ਜਾਂਚ ਅਤੇ ਸੁਰੱਖਿਆ ਸਬੰਧੀ ਉਪਾਅ ਤੇਜ਼ ਕਰ ਦਿੱਤੇ ਗਏ ਹਨ।

ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਇੱਕ ਹੋਰ ਕਾਰਨ ਇਹ ਹੈ ਕਿ ਉਸੇ ਈ-ਮੇਲ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਸੰਗਰੂਰ ਦੌਰੇ ਦੌਰਾਨ ਧਮਾਕਾ ਕਰਨ ਦੀ ਧਮਕੀ ਵੀ ਦਿੱਤੀ ਗਈ ਹੈ। ਕਈ ਸੰਵੇਦਨਸ਼ੀਲ ਥਾਵਾਂ, ਵਿਦਿਅਕ ਅਦਾਰਿਆਂ, ਰੇਲ ਮਾਰਗਾਂ ਅਤੇ ਸਿਆਸੀ ਸਮਾਗਮਾਂ ਨੂੰ ਇੱਕੋ ਸਮੇਂ ਨਿਸ਼ਾਨਾ ਬਣਾਏ ਜਾਣ ਦੀ ਚੇਤਾਵਨੀ ਤੋਂ ਬਾਅਦ, ਪੂਰੇ ਪੰਜਾਬ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਕਾਫ਼ੀ ਸਖ਼ਤ ਕਰ ਦਿੱਤਾ ਗਿਆ ਹੈ। ਪੁਲੀਸ ਅਤੇ ਖੁਫੀਆ ਏਜੰਸੀਆਂ ਇਸ ਧਮਕੀ ਭਰੀ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਅਤੇ ਇਸਨੂੰ ਭੇਜਣ ਵਾਲੇ ਦੀ ਪਛਾਣ ਕਰਨ ਲਈ ਕੰਮ ਕਰ ਰਹੀਆਂ ਹਨ।

ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਪੁਲੀਸ ਦੀਆਂ ਟੀਮਾਂ ਵਲੋਂ ਸਕੂਲਾਂ ਵਿੱਚ ਪਹੁੰਚ ਕੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਬੰਬ ਡਿਸਪੋਜ਼ਲ ਟੀਮ ਅਤੇ ਹੋਰ ਪੁਲੀਸ ਟੀਮਾਂ ਨੇ ਸਕੂਲ ਕੈਂਪਸਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਹਾਲਾਂਕਿ, ਚੈਕਿੰਗ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।

Continue Reading

Mohali

ਫੇਜ਼ 5 ਦੇ ਨਾਲ ਲੱਗਦੀ ਗ੍ਰੀਨ ਬੈਲਟ ਵਿੱਚ ਪਿਛਲੇ ਤਿੰਨ ਚਾਰ ਦਹਾਕਿਆਂ ਤੋਂ ਕਬਜਾ ਕਰਕੇ ਰਹਿ ਰਿਹਾ ਹੈ ਪਰਿਵਾਰ : ਐਨ ਐਸ ਕਲਸੀ

Published

on

By

ਵਸਨੀਕਾਂ ਨੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਅਤੇ ਨਗਰ ਨਿਗਮ ਦੇ ਮੇਅਰ ਨੂੰ ਪੱਤਰ ਲਿਖ ਕੇ ਕਬਜਾ ਖਤਮ ਕਰਵਾਉਣ ਲਈ ਕਿਹਾ

ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਸਥਾਨਕ ਫੇਜ਼ 5 ਦੇ ਨਾਲ ਲੱਗਦੀ ਗ੍ਰੀਨ ਬੈਲਟ ਵਾਲੀ ਥਾਂ ਤੇ ਬਣੇ ਇੱਕ ਟਿਊਬਵੈਲ ਦੇ ਪੁਰਾਣੇ ਕਮਰੇ ਦੇ ਨਾਲ ਲਗਭਗ ਡੇਢ ਕਨਾਲ ਥਾਂ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੱਕ ਵਿਅਕਤੀ ਵਲੋਂ ਕਬਜਾ ਕਰਕੇ ਆਪਣੇ ਪਰਿਵਾਰ ਦੀ ਰਿਹਾਇਸ਼ ਬਣਾਈ ਹੋਈ ਹੈ। ਹੁਣ ਜਦੋਂ ਫੇਜ਼ 5 ਦੇ ਵਸਨੀਕਾਂ ਵਲੋਂ ਇਸ ਥਾਂ ਤੇ ਪਏ ਕੂੜੇ ਦੇ ਢੇਰ ਦੀ ਸਫਾਈ ਕਰਵਾਉਣ ਲਈ ਜੋਰ ਪਾਉਣ ਤੇ ਨਗਰ ਨਿਗਮ ਵਲੋਂ ਇੱਥੋਂ ਦੀ ਸਫਾਈ ਕਰਵਾਈ ਜਾ ਰਹੀ ਹੈ ਤਾਂ ਇੱਥੇ ਇਸ ਪਰਿਵਾਰ ਦੇ ਰਹਿਣ ਦੀ ਗੱਲ ਸਾਮ੍ਹਣੇ ਆਈ ਹੈ। ਇਸ ਸੰਬੰਧੀ ਫੇਜ਼ 5 ਅਤੇ ਚਾਰ ਦੇ ਵਸਨੀਕਾਂ ਵਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਨਗਰ ਨਿਗਮ ਦੇ ਮੇਅਰ ਸz. ਸਰਬਜੀਤ ਸਿੰਘ ਸਮਾਣਾ ਨੂੰਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਸੈਕਟਰ 58 ਵਿੱਚ ਬੰਦ ਪਏ ਟਿਊਬਵੈਲ ਪੰਪ ਹਾਊਸ ਨੂੰ ਢਾਹ ਕੇ ਗ੍ਰੀਨ ਬੈਲਟ ਤੇ ਹੋਏ ਨਾਜਾਇਜ਼ ਕਬਜ਼ੇ ਨੂੰ ਖਤਮ ਕਰਵਾਇਆ ਜਾਵੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ ਐਮ ਹਾਊਸਿਸ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸzz ਐਨ ਐਸ ਕਲਸੀ ਨੇ ਦੱਸਿਆ ਕਿ ਸੈਕਟਰ 58 ਵਿੱਚ, ‘ਭੈਣਾ ਦਾ ਢਾਬਾ’ ਦੇ ਸਾਹਮਣੇ, ਲਗਭਗ 1,000 ਵਰਗ ਫੁੱਟ ਦੀ ਗ੍ਰੀਨ ਬੈਲਟ ਵਿੱਚ ਸਥਿਤ ਇੱਕ ਪੁਰਾਣਾ ਅਤੇ ਬੰਦ ਪਿਆ ਟਿਊਬਵੈਲ ਪੰਪ ਹਾਊਸ ਹੈ, ਜਿਸ ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਇਹ ਪੰਪ ਹਾਊਸ ਲਗਭਗ 50 ਸਾਲ ਪੁਰਾਣਾ ਹੈ ਅਤੇ ਸਬੰਧਤ ਵਿਅਕਤੀ ਪਿਛਲੇ 30 ਸਾਲਾਂ ਤੋਂ ਉੱਥੇ ਰਹਿ ਰਿਹਾ ਹੈ। ਇਸ ਤੋਂ ਇਲਾਵਾ, ਕਬਜ਼ਾ ਕਰਨ ਵਾਲੇ ਵਿਅਕਤੀ ਨੇ ਉੱਥੇ ਇੱਕ ਵਾਧੂ ਕਮਰਾ ਬਣਾ ਕੇ ਅਤੇ ਉਸ ਉੱਪਰ ਟੀਨ ਦੀ ਛੱਤ ਪਾ ਕੇ ਕਬਜ਼ੇ ਦਾ ਦਾਇਰਾ ਹੋਰ ਵਧਾ ਲਿਆ ਹੈ।

ਉਹਨਾਂ ਕਿਹਾ ਕਿ ਗ੍ਰੀਨ ਬੈਲਟ ਦਾ ਇੱਕ ਵੱਡਾ ਹਿੱਸਾ (ਜੋ ਲਗਭਗ 1,000 ਵਰਗ ਗਜ਼ ਦੇ ਕਰੀਬ ਹੈ) ਕੰਡਿਆਲੀ ਤਾਰ ਲਗਾ ਕੇ ਘੇਰ ਲਿਆ ਗਿਆ ਹੈ ਅਤੇ ਇਸ ਤੇ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਸਬੰਧਤ ਅਧਿਕਾਰੀਆਂ ਵੱਲੋਂ ਇਸ ਨਾਜਾਇਜ਼ ਕਬਜ਼ੇ ਵੱਲ ਕੋਈ ਧਿਆਨ ਕਿਉਂ ਨਹੀਂ ਦਿੱਤਾ ਗਿਆ।

ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕੀਤੀ ਜਾਵੇ, ਕਾਨੂੰਨ ਅਨੁਸਾਰ ਨਾਜਾਇਜ਼ ਕਬਜ਼ਾ ਹਟਾਉਣ ਲਈ ਢੁਕਵੀਂ ਕਾਰਵਾਈ ਕੀਤੀ ਜਾਵੇ, ਜੇਕਰ ਇਸ ਬੰਦ ਪਏ ਪੰਪ ਹਾਊਸ ਦੀ ਹੁਣ ਕੋਈ ਲੋੜ ਨਹੀਂ ਹੈ ਤਾਂ ਇਸਨੂੰ ਢਾਹ ਦਿੱਤਾ ਜਾਵੇ ਅਤੇ ਇਸ ਖੇਤਰ ਨੂੰ ਮੁੜ ਗ੍ਰੀਨ ਬੈਲਟ ਵਜੋਂ ਵਿਕਸਤ ਕੀਤਾ ਜਾਵੇ। ਇਸ ਮੌਕੇ ਨਗਰ ਨਿਗਮ ਦੇ ਕੌਂਸਲਰ ਕੁਲਦੀਪ ਕੌਰ ਕੰਗ, ਗ੍ਰੀਨ ਪਾਰਕ ਰੈਜ਼ੀਡੈਂਟ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮੋਹਿੰਦਰ ਸਿੰਘ, ਸੁਖਵਿੰਦਰ ਸਿੰਘ ਵਿਰਦੀ, ਰਵਿੰਦਰ ਸਿੰਘ ਰਾਜੂ ਵੀ ਮੌਜੂਦ ਸਨ।

Continue Reading

Punjab

ਹਾਰ ਤੋਂ ਬਾਅਦ ਈ ਵੀ ਐਮ ਅਤੇ ਵੋਟ ਚੋਰੀ ਦਾ ਰੋਣਾ ਰੋਣਾ ਸ਼ੁਰੂ ਕਰ ਦਿੰਦੀ ਹੈ ਕਾਂਗਰਸ : ਕੇਵਲ ਢਿੱਲੋਂ

Published

on

By

ਪਟਿਆਲਾ, 30 ਅਕਤੂਬਰ (ਸ.ਬ.) ਪੰਜਾਬ ਭਾਜਪਾ ਦੇ ਪ੍ਰਧਾਨ ਸz. ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਜਦੋਂ ਵੀ ਕਿਤੇ ਕਾਂਗਰਸ ਹਾਰਦੀ ਹੈ ਤਾਂ ਨਾਲ ਹੀ ਈ ਵੀ ਐਮ ਅਤੇ ਵੋਟ ਚੋਰੀ ਦਾ ਰੋਣਾ ਰੋਣਾ ਸ਼ੁਰੂ ਕਰ ਦਿੰਦੀ ਹੈ। ਪੰਜਾਬ ਭਾਜਪਾ ਵਲੋਂ ਪਟਿਆਲਾ ਵਿਖੇ ‘ਲੋਕਤੰਤਰ ਬਚਾਓ, ਅਰਾਜਕਤਾ ਹਟਾਓ’ ਮਾਰਚ ਦਾ ਆਯੋਜਨ ਕੀਰਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸz. ਢਿੱਲੋਂ ਨੇ ਕਿਹਾ ਕਿ ਕਾਂਗਰਸ ਦੋਹਰੇ ਮਾਪਦੰਡ ਵਰਤ ਰਹੀ ਹੈ। ਜਦੋਂ ਵੀ ਕਾਂਗਰਸ ਕਿਸੇ ਸੂਬੇ ਵਿੱਚ ਜਿੱਤਦੀ ਹੈ, ਤਾਂ ਉਸ ਨੂੰ ਲੋਕਤੰਤਰੀ ਪ੍ਰਕਿਰਿਆ ਜਾਂ ਈ ਵੀ ਐਮਜ਼ ਦੀ ਕਾਰਜਪ੍ਰਣਾਲੀ ਤੇ ਕੋਈ ਇਤਰਾਜ਼ ਨਹੀਂ ਹੁੰਦਾ। ਪਰੰਤੂ, ਜਦੋਂ ਵੀ ਇਹ ਹਾਰਦੀ ਹੈ, ਇਸ ਦੇ ਲੀਡਰ ਈ ਵੀ ਐਮ ਛੇੜਛਾੜ ਅਤੇ ਵੋਟ ਚੋਰੀ ਦੇ ਦੋਸ਼ ਲਗਾਉਣਾ ਸ਼ੁਰੂ ਕਰ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਜਨਤਾ ਦੇ ਫਤਵੇ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਚੋਣ ਵਿੱਚ ਹੋਈ ਹਾਰ ਨੂੰ ਵੋਟ ਚੋਰੀ ਦੱਸਣਾ ਲੋਕਤੰਤਰ ਅਤੇ ਵੋਟਰਾਂ ਦੇ ਫੈਸਲੇ ਦਾ ਅਪਮਾਨ ਕਰਨ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਚੋਣਾਂ ਵਿੰਚ ਹੋਈ ਹਾਰ ਲਈ ਈਵੀਐਮਜ਼ ਨੂੰ ਦੋਸ਼ ਦੇਣਾ ਜਨਤਾ ਦਾ ਵਿਸ਼ਵਾਸ ਜਿੱਤਣ ਦਾ ਤਰੀਕਾ ਨਹੀਂ ਹੈ।

ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜਾਰੀ ਤੇ ਸਵਾਲਪ ਕਰਦਿਆਂ ਸz. ਢਿੱਲੋਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਵੋਟ ਚੋਰੀ ਬਾਰੇ ਬਿਆਨਬਾਜ਼ੀ ਕਰ ਰਹੇ ਸਨ, ਜਦਕਿ ਉਹ ਆਪਣੀ ਹੀ ਪਾਰਟੀ ਦੀ ਸਰਕਾਰ ਅਧੀਨ ਪੰਜਾਬ ਵਿੱਚ ਹੋਈਆਂ ਕਥਿਤ ਚੋਣ ਧਾਂਦਲੀਆਂ ਬਾਰੇ ਪੂਰੀ ਤਰ੍ਹਾਂ ਚੁੱਪ ਰਹੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਖੋਹਣ ਅਤੇ ਪਾੜਨ, ਉਮੀਦਵਾਰਾਂ ਨੂੰ ਧਮਕਾਉਣ ਅਤੇ ਇੱਥੋਂ ਤੱਕ ਕਿ ਸਰੀਰਕ ਹਮਲਿਆਂ ਦੀਆਂ ਵੀ ਕਈ ਘਟਨਾਵਾਂ ਸਾਹਮਣੇ ਆਈਆਂ ਸਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ ਪਟਿਆਲਾ, ਮੋਗਾ ਅਤੇ ਬਾਘਾ ਪੁਰਾਣਾ ਵਿੱਚ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੇ ਸੁਪਰੀਮ ਕੋਰਟ ਦੇ ਫੈਸਲਿਆਂ ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਜੇ ਕੇਜਰੀਵਾਲ ਦਿੱਲੀ ਵਵਿੱਚ ਵੋਟ ਚੋਰੀ ਦਾ ਮੁੱਦਾ ਚੁੱਕ ਰਹੇ ਸਨ, ਤਾਂ ਉਹ ਪੰਜਾਬ ਵਿੱਚ ਹੋਈਆਂ ਕਥਿਤ ਚੋਣ ਧਾਂਦਲੀਆਂ ਬਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰੱਥ ਕਿਉਂ ਸਨ?

ਇਸ ਮੌਕੇ ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਪੰਜਾਬ ਇੰਚਾਰਜ ਡਾ. ਸਤੀਸ਼ ਪੂਨੀਆ, ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਸਹਿ-ਇੰਚਾਰਜ ਅਲਕਾ ਗੁਰਜਰ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਣੀਤ ਕੌਰ, ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈਇੰਦਰ ਕੌਰ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ, ਜਨਰਲ ਸਕੱਤਰ ਜੀਵਨ ਗਰਗ ਅਤੇ ਜਨਰਲ ਸਕੱਤਰ ਰਾਜੇਸ਼ ਬਾਘਾ ਵੀ ਹਾਜਿਰ ਸਨ।

Continue Reading

Latest News

Trending