Mohali
ਨਾਜਾਇਜ਼ ਉਸਾਰੀਆਂ ਤੇ ਚੱਲਿਆ ਗਮਾਡਾ ਦਾ ਪੀਲਾ ਪੰਜਾ
ਐਸ ਏ ਐਸ ਨਗਰ, 24 ਅਕਤੂਬਰ (ਪਵਨ ਰਾਵਤ ) ਮੁਹਾਲੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਤੇ ਨਾਜਾਇਜ਼ ਕਲੋਨੀਆਂ ਕੱਟਣ ਅਤੇ ਪਲਾਟ ਵੇਚਣ ਦੇ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਗਮਾਡਾ ਵਲੋਂ ਪਿੰਡ ਬੜਮਾਜਰਾ ਵਿੱਚ ਨਾਜਾਇਜ਼ ਉਸਾਰੀ ਖ਼ਿਲਾਫ਼ ਸ਼ਿਕੰਜਾ ਕਸਦਿਆਂ ਪੀਲਾ ਪੰਜਾ ਚਲਾਇਆ ਗਿਆ।
ਗਮਾਡਾ ਦੀ ਰੈਗੂਲੇਟਰੀ ਬ੍ਰਾਂਚ ਦੇ ਐਸ.ਡੀ.ਓ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਾਜਾਇਜ਼ ਕਲੋਨੀਆਂ ਵਿਕਸਿਤ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਿਯਮਾਂ ਦੇ ਉਲਟ ਕਲੋਨੀ ਵਿਕਸਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਨਾਜਾਇਜ਼ ਉਸਾਰੀ ਹਟਾਉਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਉਹਨਾਂ ਕਿਹਾ ਅਜ ਲੱਗਭਗ 24 ਉਸਾਰੀ ਨੂੰ ਤੋੜਿਆ ਗਿਆ। ਉਹਨਾਂ ਕਿਹਾ ਕਿ ਗਮਾਡਾ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਪਲਾਟ ਖਰੀਦਣ ਤੋਂ ਪਹਿਲਾਂ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਕੇ ਜ਼ਮੀਨ ਦੀ ਵੈਧਤਾ ਅਤੇ ਲੋੜੀਂਦੀਆਂ ਮਨਜ਼ੂਰੀਆਂ ਦੀ ਪੂਰੀ ਜਾਣਕਾਰੀ ਜ਼ਰੂਰ ਹਾਸਲ ਕਰਨ।
Mohali
ਪੰਜਾਬ ਵਿੱਚ ਨਸ਼ਿਆਂ ਦੇ ਪਸਾਰ ਲਈ ਕੇਂਦਰ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ : ਰਾਕੇਸ਼ ਟਿਕੈਤ
ਮਾਨਸਾ, 24 ਅਕਤੂਬਰ (ਸ.ਬ.) ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੇ ਪਸਾਰ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਬਰਾਬਰ ਦੀਆਂ ਜ਼ਿੰਮੇਵਾਰ ਹਨ। ਅੱਜ ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਸਿਰਫ਼ ਇੱਕ ਨੌਜਵਾਨ ਦੀ ਜਾਨ ਜਾਣ ਦਾ ਮਾਮਲਾ ਨਹੀਂ, ਸਗੋਂ ਨਸ਼ਿਆਂ ਵਿਰੁੱਧ ਲੜ ਰਹੇ ਲੋਕਾਂ ਦੀ ਸੁਰੱਖਿਆ ਅਤੇ ਸਰਕਾਰਾਂ ਦੀ ਜਵਾਬਦੇਹੀ ਨਾਲ ਜੁੜਿਆ ਗੰਭੀਰ ਸਵਾਲ ਹੈ।
ਇਸ ਮੌਕੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਰੋਕਣਾ ਦੋਵਾਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਸਰਕਾਰਾਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਗੰਭੀਰ ਹਨ ਤਾਂ ਫਿਰ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਅਸਰਦਾਰ ਕਾਰਵਾਈ ਕਿਉਂ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿਰਫ਼ ਐਲਾਨਾਂ ਦੀ ਥਾਂ ਜ਼ਮੀਨੀ ਪੱਧਰ ਤੇ ਸਖ਼ਤ ਕਦਮ ਚੁੱਕਣ ਦੀ ਲੋੜ ਹੈ।
ਕਿਸਾਨ ਆਗੂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨੇ ਨਸ਼ਿਆਂ ਵਿਰੁੱਧ ਜਿਹੜੀ ਲੜਾਈ ਸ਼ੁਰੂ ਕੀਤੀ ਸੀ, ਉਸ ਨੂੰ ਅਧਵਾਟੇ ਨਹੀਂ ਛੱਡਿਆ ਜਾਵੇਗਾ। ਉਨ੍ਹਾਂ ਇਸ ਸੰਘਰਸ਼ ਨੂੰ ਹੋਰ ਵਿਸ਼ਾਲ ਅਤੇ ਮਜ਼ਬੂਤ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਝੋਟਾ ਦੇ ਕਤਲ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੇ ਨਾਲ-ਨਾਲ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਵੀ ਫ਼ੈਸਲਾਕੁਨ ਕਾਰਵਾਈ ਯਕੀਨੀ ਬਣਾਉਣ ਲਈ ਸੰਘਰਸ਼ ਤੇਜ਼ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਨੱਥ ਪਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਲੜਾਈ ਦਾ ਅਸਲ ਮਕਸਦ ਸਿਰਫ਼ ਇੱਕ ਕਤਲ ਦਾ ਇਨਸਾਫ਼ ਹਾਸਲ ਕਰਨਾ ਹੀ ਨਹੀਂ, ਬਲਕਿ ਅਜਿਹਾ ਮਾਹੌਲ ਸਿਰਜਣਾ ਵੀ ਹੈ, ਜਿਸ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਕਿਸੇ ਹੋਰ ਨੌਜਵਾਨ ਨੂੰ ਆਪਣੀ ਜਾਨ ਨਾ ਗੁਆਉਣੀ ਪਵੇ।
ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ ਵਿੱਚ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਨੇ ਬੇਹੱਦ ਭਾਵੁਕ ਹੁੰਦਿਆਂ ਕਿਹਾ ਸੀ ਕਿ ਉਹ ਇਨਸਾਫ਼ ਦੀ ਇਸ ਲੜਾਈ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਉਡੀਕ ਕਰ ਰਹੇ ਹਨ। ਪਰਿਵਾਰ ਵੱਲੋਂ ਕੀਤੀ ਗਈ ਇਸ ਅਪੀਲ ਤੋਂ ਬਾਅਦ ਰਾਕੇਸ਼ ਟਿਕੈਤ ਦਾ ਧਰਨੇ ਵਿੱਚ ਸ਼ਾਮਲ ਹੋਣ ਦਾ ਐਲਾਨ ਸਾਹਮਣੇ ਆਇਆ ਸੀ।
Mohali
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 24 ਅਕਤੂਬਰ (ਸ.ਬ.) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 80, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਗੁਰਦੁਆਰਾ ਤਾਲਮੇਲ ਕਮੇਟੀ ਦੇ ਸਹਿਯੋਗ ਨਾਲ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।
ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 80, ਮੁਹਾਲੀ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਹੋਈ। ਨਗਰ ਕੀਰਤਨ ਸੈਕਟਰ 80-85, ਸੈਕਟਰ 79-80 , ਸੈਕਟਰ 85-86, ਸੈਕਟਰ 78-79, ਸੈਕਟਰ68, ਸੈਕਟਰ 67, ਸੈਕਟਰ 69, ਸੈਕਟਰ-78 ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 79, ਮੁਹਾਲੀ ਵਿਖੇ ਸੰਪੂਰਨ ਹੋਇਆ।
ਨਗਰ ਕੀਰਤਨ ਵਿੱਚ ਗਤਕਾ ਪਾਰਟੀਆਂ ਨੇ ਆਪਣੇ ਜੌਹਰ ਵਿਖਾਏ। ਨਗਰ ਕੀਰਤਨ ਦੇ ਸਵਾਗਤ ਲਈ ਵੱਖ-ਵੱਖ ਥਾਵਾਂ ਤੇ ਲੰਗਰ ਦਾ ਆਯੋਜਨ ਕੀਤਾ ਗਿਆ।
Mohali
ਫੇਜ਼ 5 ਨੇੜੇ ਲੱਗੇ ਕੂੜੇ ਦੇ ਢੇਰ ਨੂੰ ਲੱਗੀ ਅੱਗ ਕਾਰਨ ਜਹਿਰੀਲੇ ਧੂਏ ਤੋਂ ਤੰਗ ਵਸਨੀਕਾਂ ਨੇ ਇਕੱਠ ਕਰਕੇ ਪ੍ਰਗਟਾਇਆ ਰੋਸ
ਨਗਰ ਨਿਗਮ ਦੇ ਠੇਕੇਦਾਰ ਵਲੋਂ ਕੂੜਾ ਚੁੱਕਣ ਦਾ ਕੰਮ ਸ਼ੁਰੂ, ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਨਿਗਮ ਦੀ ਕਾਰਵਾਈ ਦੀ ਨਿਖੇਧੀ
ਐਸ ਏ ਐਸ ਨਗਰ, 24 ਅਕਤੂਬਰ (ਸ.ਬ.) ਸਥਾਨਕ ਫੇਜ਼ 5 ਅਤੇ ਪਿੰਡ ਸ਼ਾਹੀ ਮਾਜਰਾ ਦੇ ਨਾਲ ਲੱਗਦੀ ਗ੍ਰੀਨ ਬੈਲਟ ਦੀ ਥਾਂ ਤੇ ਲੱਗੇ ਕੂੜੇ ਦੇ ਢੇਰ ਅਤੇ ਪਿਛਲੇ ਕਈ ਦਿਨਾਂ ਤੋਂ ਕੂੜੇ ਵਿੱਚ ਸੁਲਗਦੀ ਅੱਗ ਦੀ ਸਮੱਸਿਆ ਦੇ ਹੱਲ ਦੀ ਮੰਗ ਨੂੰ ਲੈ ਕੇ ਗਰੀਨ ਪਾਰਕ ਰੈਜੀਡੈਂਟ ਵੈਲਫੇਅਰ ਸੋਸਾਇਟੀ ਵਲੋਂ ਬੀਤੇ ਦਿਨ ਮਿਉਂਸਪਲ ਕੌਂਸਲਰ ਕੁਲਦੀਪ ਕੌਰ ਕੰਗ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਮੇਅਰ ਨਾਲ ਮੁਲਾਕਾਤ ਕੀਤੇ ਜਾਣ ਤੋਂ ਬਾਅਦ ਇਸ ਥਾਂ ਤੇ ਇਕੱਠੇ ਹੋਏ ਕੂੜੇ ਨੂੰ ਚੁਕਵਾਉਣ ਅਤੇ ਇੱਥੇ ਕੂੜਾ ਸੁੱਟਣ ਦੀ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਵਸਨੀਕਾਂ ਵਲੋਂ ਵੱਡਾ ਇਕੱਠ ਕਰਕੇ ਨਗਰ ਨਿਗਮ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਜਾਹਿਰ ਕੀਤਾ ਗਿਆ ਅਤੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਇੱਥੇ ਕੂੜਾ ਸੁੱਟਣ ਦੀ ਕਾਰਵਾਈ ਤੇ ਰੋਕ ਨਾ ਲਗਾਈ ਗਈ ਤਾਂ ਉਹ ਇਸ ਕਾਰਵਾਈ ਨੂੰ ਆਪਣੇ ਪੱਧਰ ਤੇ ਰੁਕਵਾ ਦੇਣਗੇ।
ਇੱਥੇ ਜਿਕਰਯੋਗ ਹੈ ਕਿ ਬੀਤੇ ਦਿਨ ਵਸਨੀਕਾਂ ਵਲੋਂ ਨਗਰ ਨਿਗਮ ਦੇ ਮੇਅਰ ਸz. ਸਰਬਜੀਤ ਸਿੰਘ ਸਮਾਣਾ ਨਾਲ ਹੋਈ ਮੁਲਾਕਾਤ ਦੌਰਾਨ ਮੇਅਰ ਵਲੋਂ ਵਸਨੀਕਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹ 24 ਅਕਤੂਬਰ ਨੂੰ 11 ਵਜੇ ਮੌਕੇ ਤੇ ਪਹੁੰਚ ਕੇ ਇਸ ਥਾਂ ਨੂੰ ਖਾਲੀ ਕਰਵਾਏ ਜਾਣ ਸੰਬੰਧੀ ਸਮਾਂ ਸੀਮਾ ਤੈਅ ਕਰਣਗੇ।
ਇਸ ਦੌਰਾਨ ਬੀਤੀ ਸ਼ਾਮ ਇਸ ਥਾਂ ਤੇ ਲੱਗੀ ਅੱਗ ਮੁੜ ਭੜਕ ਗਈ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਦੇ ਕੰਮ ਤੇ ਲੱਗ ਗਈਆਂ। ਅੱਗ ਬੁਝਾਉਣ ਦਾ ਇਹ ਕੰਮ ਅੱਜ ਵੀ ਜਾਰੀ ਰਿਹਾ ਅਤੇ ਇੱਕ ਤੋਂ ਬਾਅਦ ਇੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਕੇ ਉੱਥੇ ਪਾਣੀ ਪਾ ਕੇ ਅੱਗ ਬੁਝਾਉਣ ਦੇ ਕੰਮ ਵਿੱਚ ਲੱਗੀਆਂ ਰਹੀਆਂ।
ਅੱਜ ਸਵੇਰ ਤੋਂ ਹੀ ਵਸਨੀਕ ਇੱਥੇ ਇਕੱਠੇ ਹੋਣੇ ਆਰੰਭ ਹੋ ਗਏ ਸਨ ਅਤੇ ਨਗਰ ਨਿਗਮ ਦੇ ਠੇਕੇਦਾਰ ਵਲੋਂ ਸਵੇਰੇ ਤੋਂ ਹੀ ਇਸ ਥਾਂ ਤੇ ਜੇ ਸੀ ਬੀ ਮਸ਼ੀਨ ਲਗਾ ਕੇ ਕੂੜਾ ਚੁਕਵਾਉਣਾ ਵੀ ਆਰੰਭ ਕਰ ਦਿੱਤਾ ਗਿਆ ਸੀ, ਪਰੰਤੂ ਮਿੱਥੇ ਸਮੇਂ ਤੇ ਮੇਅਰ ਇੱਥੇ ਨਹੀਂ ਪਹੁੰਚੇ। ਇਸ ਦੌਰਾਨ ਉੱਥੇ ਹੋਰ ਕੂੜੇ ਨਾਲ ਲੱਦੀਆਂ ਕੁੱਝ ਟਰਾਲੀਆਂ ਕੂੜਾ ਸੁੱਟਣ ਲਈ ਵੀ ਪਹੁੰਚੀਆਂ ਜਿਹਨਾਂ ਨੂੰ ਵਸਨੀਕਾਂ ਵਲੋਂ ਕੂੜਾ ਸੁੱਟਣ ਤੋਂ ਰੋਕਦਿਆਂ ਵਾਪਸ ਮੋੜ ਦਿੱਤਾ ਗਿਆ।
ਇਸ ਮੌਕੇ ਮਿਉਂਸਪਲ ਕੌਂਸਲਰ ਕੁਲਦੀਪ ਕੌਰ ਕੰਗ ਅਤੇ ਰਵਿੰਦਰ ਸਿੰਘ (ਪੰਜਾਬ ਮੋਟਰ) ਸਾਬਕਾ ਕੌਂਸਲਰ ਅਸ਼ੋਕ ਝਾ ਅਤੇ ਜਗਦੀਸ਼ ਸਿੰਘ ਜੱਗਾ ਅਤੇ ਸਥਾਨਕ ਵਸਨੀਕਾਂ ਦੀ ਜੱਥੇਬੰਦੀ ਦੇ ਪ੍ਰਧਾਨ ਸz. ਮਹਿੰਦਰ ਸਿੰਘ ਤੋਂ ਇਲਾਵਾ ਸੁਖਵਿੰਦਰ ਸਿੰਘ ਵਿਰਦੀ, ਰੁਪਿੰਦਰ ਕੌਰ, ਰਮਨਦੀਪ ਕੌਰ, ਮਨਿੰਦਰ ਸਿੰਘ, ਰਵਿੰਦਰ ਸਿੰਘ ਰਾਜੂ, ਬਿਕਰਮਜੀਤ ਸਿੰਘ ਖੁਰਲ, ਵੀ ਕੇ ਜੋਸ਼ੀ ਅਤੇ ਹੋਰਨਾਂ ਨੇ ਦੱਸਿਆ ਕਿ ਬੀਤੀ ਸ਼ਾਮ ਤੋਂ ਹੀ ਇੱਥੇ ਅੱਗ ਮੁੜ ਭੜਕ ਗਈ ਸੀ ਅਤੇ ਹੁਣ ਤਕ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਲਗਾਤਾਰ ਅੱਗ ਬੁਝਾਉਣ ਦੇ ਕੰਮ ਵਿੱਚ ਲੱਗੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਇਸ ਸਮੱਸਿਆ ਦਾ ਪੱਕਾ ਹਲ ਕਰਨ ਦੀ ਥਾਂ ਡੰਗ ਟਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਪਰੰਤੂ ਵਸਨੀਕ ਅਜਿਹਾ ਨਹੀਂ ਹੋਣ ਦੇਣਗੇ ਅਤੇ ਇਸ ਥਾਂ ਤੇ ਕੂੜਾ ਨਹੀਂ ਸੁੱਟਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕੂੜਾ ਚੁਕਵਾਉਣ ਵਾਲੇ ਸਫਾਈ ਠੇਕੇਦਾਰ ਵਲੋਂ ਉਹਨਾਂ ਨੂੰ ਕਿਹਾ ਗਿਆ ਹੈ ਕਿ ਕੂੜਾ ਸੁੱਟਣ ਦੀ ਕਾਰਵਾਈ ਦੂਜੇ ਠੇਕੇਦਾਰ ਵਲੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਠੇਕੇਦਾਰ ਦਾ ਕਹਿਣਾ ਹੈ ਕਿ ਉਹ ਇੱਕ ਵਾਰ ਤਾਂ ਇੱਥੋਂ ਸਫਾਈ ਕਰਵਾ ਦੇਵੇਗਾ ਪਰੰਤੂ ਜਦੋਂ ਤਕ ਇੱਥੇ ਆਉਣ ਵਾਲੇ ਕੂੜੇ ਤੇ ਰੋਕ ਨਹੀਂ ਲੱਗੇਗੀ ਇੱਥੇ ਕੂੜੇ ਦੀ ਸਮੱਸਿਆ ਦਾ ਹਲ ਨਹੀਂ ਹੋਵੇਗਾ।
ਵਸਨੀਕਾਂ ਨੇ ਕਿਹਾ ਕਿ ਇਸ ਥਾਂ ਤੇ ਟਨਾਂ ਦੇ ਹਿਸਾਬ ਨਾਲ ਪਏ ਕੂੜੇ ਵਿੱਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਕਈ ਵਾਰ ਅੱਗ ਲੱਗ ਚੁੱਕੀ ਹੈ ਇਸ ਅੱਗ ਨੂੰ ਬੁਝਾਉਣ ਲਈ ਅੱਗ ਬਚਾਓ ਵਿਭਾਗ ਵੱਲੋਂ 100 ਤੋਂ ਜਿਆਦਾ ਗੱਡੀਆਂ ਲਗਾਈਆਂ ਗਈਆਂ ਪ੍ਰੰਤੂ ਅਜੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਗਿਆ। ਇੱਥੇ ਸੁਲਗ ਰਹੀ ਅੱਗ ਤੋਂ ਲਗਾਤਾਰ ਧੂਆਂ ਉਠ ਰਿਹਾ ਹੈ ਜਿਸ ਕਾਰਨ ਨਾਲ ਲੱਗਦੇ ਪਿੰਡ ਸ਼ਾਹੀ ਮਾਜਰਾ, ਫੇਜ਼ 5 ਦੇ ਰਿਹਾਇਸ਼ੀ ਮਕਾਨ, ਕਮਰਸ਼ੀਅਲ ਏਰੀਆ ਅਤੇ ਇੰਡਸਟਰੀਅਲ ਏਰੀਆ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਹਵਾ ਦੀ ਗੁਣਵੱਤਾ ਵੀ ਮਾੜੀ ਹਾਲਤ ਵਿੱਚ ਹੈ ਅਤੇ ਇਲਾਕਾ ਦਿਨੋ ਦਿਨੀਂ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਬਜ਼ੁਰਗ ਅਤੇ ਬੱਚੇ ਇਸਦੀ ਲਪੇਟ ਵਿੱਚ ਆ ਗਏ ਹਨ। ਉਹਨਾਂ ਮੰਗ ਕੀਤੀ ਕਿ ਇਸ ਥਾਂ ਤੇ ਕੂੜਾ ਸੁੱਟੇ ਜਾਣ ਦੀ ਕਾਰਵਾਈ ਤੇ ਤੁਰੰਤ ਰੋਕ ਲਗਾਈ ਜਾਵੇ।
ਪ੍ਰਦੂਸ਼ਨ ਕੰਟਰੋਲ ਵਿਭਾਗ ਦੇ ਖਿਲਾਫ ਅਦਾਲਤ ਵਿੱਚ ਜਾਣ ਦੀ ਚਿਤਾਵਨੀ
ਇਸ ਦੌਰਾਨ ਪਿੰਡ ਮੁਹਾਲੀ ਦੇ ਸਾਬਕਾ ਕੌਂਸਲਰ ਸz. ਰਵਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਆਪਣੀਆਂ ਅੱਖਾਂ ਪੂਰੀ ਤਰ੍ਹਾਂ ਬੰਦ ਕੀਤੀਆਂ ਹੋਈਆਂ ਹਨ ਜਦੋਂਕਿ ਅਤੇ ਗ੍ਰੀਨ ਬੈਲਟ ਦੀ ਥਾਂ ਤੇ ਕੂੜਾ ਸੁੱਟਣ ਦੀ ਇਹ ਕਾਰਵਾਈ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਅਤੇ ਇਸ ਸੰਬੰਧੀ ਪ੍ਰਦੂਸ਼ਨ ਕੰਟਰੋਲ ਰਬੋਰਡ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ ਇਸ ਮੁੱਦੇ ਤੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਖਿਲਾਫ ਅਦਾਲਤ ਵਿੱਚ ਕੇਸ ਕਰਨਗੇ।
ਸਿਆਸੀ ਮੁੱਦਾ ਬਣ ਰਿਹਾ ਹੈ ਫੇਜ਼ 5 ਨੇੜੇ ਪਿਆ ਕੂੜੇ ਅਤੇ ਗੰਦਗੀ ਦਾ ਢੇਰ
ਫੇਜ਼ 5 ਦੇ ਨਾਲ ਲੱਗਦੀ ਇਸ ਥਾਂ ਤੇ ਕੂੜਾ ਸੁੱਟੇ ਜਾਣ ਦੇ ਵਿਰੁੱਧ ਵਸਨੀਕਾਂ ਦਾ ਸੰਘਰਸ਼ ਇੱਕ ਵੱਡੇ ਮੁੱਦੇ ਵਿੱਚ ਤਬਦੀਲ ਹੁੰਦਾ ਦਿਖ ਰਿਹਾ ਹੈ ਅਤੇ ਇਸ ਸੰਬੰਧੀ ਅੱਜ ਨਗਰ ਨਿਗਮ ਦੇ ਸਾਬਕਾ ਮੇਅਰ ਅਮਰਜੀਤ ਸਿਘ ਜੀਤੀ ਸਿੱਧੂ, ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ, ਭਾਜਪਾ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਸ੍ਰੀਮਤੀ ਆਭਾ ਬੰਸਲ ਅਤੇ ਅਕਾਲੀ ਆਗੂ ਅਜੈਪਾਲ ਸਿੰਘ ਮਿੱਢੁਖੇੜਾ ਵਲੋਂ ਵਸਨੀਕਾਂ ਦੇ ਇਕੱਠ ਵਿੱਚ ਪਹੁੰਚ ਕੇ ਨਗਰ ਨਿਗਮ ਦੀ ਨਿਖੇਧੀ ਕੀਤੀ ਗਈ ਅਤੇ ਇਸ ਸਮੱਸਿਆ ਨੂੰ ਪੱਕੇ ਤੌਰ ਤੇ ਹਲ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਨਗਰ ਨਿਗਮ ਵਲੋਂ ਫੇਜ਼ 5 ਦੇ ਵਸਨੀਕਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਕੀਤਾ ਜਾ ਰਿਹਾ ਹੈ ਅਤੇ ਇਸ ਥਾਂ ਦੀ ਸਫਾਈ ਕਰਵਾ ਕੇ ਇੱਥੇ ਗ੍ਰੀਨ ਬੈਲਟ ਬਣਾਈ ਜਾਵੇ।
-
International1 month ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
Punjab2 months agoਪੰਜਾਬ ਪੁਲੀਸ ਵਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀ ਕਾਬੂ
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
National1 month agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Mohali2 months agoਸ਼ਹੀਦ ਜਥੇਦਾਰ ਸ਼ੇਰ ਸਿੰਘ ਡੂਮਛੇੜੀ ਦੇ ਜੀਵਨ ਤੇ ਸੰਘਰਸ਼ ਤੇ ਆਧਾਰਿਤ ਪੁਸਤਕ ਦਾ ਲੋਕ ਅਰਪਣ 12 ਨੂੰ
-
International1 month ago
ਇਰਾਨ ਵੱਲੋਂ ਜਾਰਡਨ ਵਿੱਚ ਅਮਰੀਕੀ ਏਅਰਬੇਸ ਤੇ ਮਿਜ਼ਾਈਲ ਹਮਲਾ, ਕਈ ਲੜਾਕੂ ਜਹਾਜ਼ ਨੁਕਸਾਨੇ
-
National2 months agoਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਈ, 3 ਵਿਅਕਤੀਆਂ ਦੀ ਮੌਤ
