Connect with us

Punjab

ਪਿਤਾ ਵੱਲੋਂ ਕਿਰਪਾਨ ਮਾਰ ਕੇ 17 ਸਾਲਾ ਧੀ ਦਾ ਕਤਲ

Published

on

ਹੁਸ਼ਿਆਰਪੁਰ, 29 ਅਕਤੂਬਰ (ਸ.ਬ.) ਹੁਸ਼ਿਆਰਪੁਰ ਅਧੀਨ ਪੈਂਦੇ ਪਿੰਡ ਧੂਤ ਕਲਾਂ ਵਿੱਚ ਅੱਜ ਸਵੇਰੇ ਕਰੀਬ 6 ਵਜੇ ਇੱਕ ਪਿਤਾ ਵੱਲੋਂ ਆਪਣੀ 17 ਸਾਲਾ ਧੀ ਦਾ ਕਿਰਪਾਨ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਘਟਨਾ ਸਵੇਰੇ ਕਰੀਬ 6 ਵਜੇ ਵਾਪਰੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੜਕੀ ਦਾ ਪਿਤਾ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਰਿਆਣਾ ਦੀ ਪੁਲੀਸ ਅਤੇ ਡੀ.ਐਸ.ਪੀ. ਨਰਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਪੁਲੀਸ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਵਾਰਦਾਤ ਨਾਲ ਸਬੰਧਤ ਤੱਥ ਇਕੱਠੇ ਕੀਤੇ ਜਾ ਰਹੇ ਹਨ। ਫਿਲਹਾਲ ਲੜਕੀ ਦੇ ਕਤਲ ਪਿੱਛੇ ਕੀ ਕਾਰਨ ਸਨ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲੀਸ ਵੱਲੋਂ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਪਿਤਾ ਦੀ ਭਾਲ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਘਟਨਾ ਨੇ ਇੱਕ ਵਾਰ ਫਿਰ ਪਰਿਵਾਰਕ ਰਿਸ਼ਤਿਆਂ ਅਤੇ ਸਮਾਜ ਵਿੱਚ ਵਧ ਰਹੀਆਂ ਹਿੰਸਕ ਘਟਨਾਵਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ, ਕਤਲ ਦੇ ਅਸਲ ਕਾਰਨਾਂ ਦਾ ਪਤਾ ਪੁਲੀਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲੱਗ ਸਕੇਗਾ।

Continue Reading

Punjab

ਕਾਰ ਸਵਾਰ ਹਮਲਾਵਰਾਂ ਨੇ ਸਾਬਕਾ ਕਾਂਗਰਸੀ ਆਗੂ ਤੇ ਚਲਾਈਆਂ ਗੋਲੀਆਂ

Published

on

By

ਲੁਧਿਆਣਾ, 29 ਅਕਤੂਬਰ (ਸ.ਬ.) ਲੁਧਿਆਣਾ ਵਿੱਚ ਬੀਤੀ ਦੇਰ ਰਾਤ ਢੋਲੇਵਾਲ ਇਲਾਕੇ ਵਿੱਚ ਮੈਗੀ ਪੁਆਇੰਟ ਰੈਸਟੋਰੈਂਟ ਤੋਂ ਖਾਣਾ ਖਾ ਕੇ ਪਰਤ ਰਹੇ ਸਾਬਕਾ ਕਾਂਗਰਸੀ ਨੇਤਾ ਜਗਜੋਤ ਸਿੰਘ ਉੱਤੇ ਕਰੀਬ 7 ਤੋਂ 8 ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਦੋਸ਼ ਹੈ ਕਿ ਇਨੋਵਾ ਕਾਰ ਵਿੱਚ ਸਵਾਰ ਹਮਲਾਵਰਾਂ ਨੇ ਜਗਜੋਤ ਉੱਤੇ ਪੰਜ ਤੋਂ ਛੇ ਗੋਲੀਆਂ ਚਲਾਈਆਂ। ਜਾਨ ਬਚਾਉਣ ਲਈ ਉਹ ਆਪਣੀ ਕਾਰ ਵਿੱਚ ਬੈਠਿਆ ਤਾਂ ਹਮਲਾਵਰਾਂ ਨੇ ਗੱਡੀ ਉੱਤੇ ਵੀ ਗੋਲੀਆਂ ਚਲਾਈਆਂ।

ਇਸ ਤੋਂ ਬਾਅਦ ਉਸ ਦੇ ਸਿਰ ਉੱਤੇ ਦਾਤਰ ਨਾਲ ਵਾਰ ਕੀਤੇ ਅਤੇ ਪਿਸਤੌਲ ਦੇ ਬੱਟ ਨਾਲ ਹਮਲਾ ਕਰਕੇ ਵਾਲ ਕੱਟ ਦਿੱਤੇ। ਵਾਰਦਾਤ ਦੇ ਸਮੇਂ ਜਗਜੋਤ ਦੀ ਮਾਂ ਅਤੇ ਸਾਢੇ ਤਿੰਨ ਸਾਲ ਦਾ ਬੇਟਾ ਵੀ ਕਾਰ ਵਿੱਚ ਮੌਜੂਦ ਸਨ। ਜਗਜੋਤ ਕਿਸੇ ਤਰ੍ਹਾਂ ਕਾਰ ਲੈ ਕੇ ਸਿਵਲ ਹਸਪਤਾਲ ਪਹੁੰਚਿਆ।

ਮਿੱਲਰਗੰਜ ਨਿਵਾਸੀ ਜਗਜੋਤ ਸਿੰਘ ਨੇ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਅਤੇ ਰਾਜਨੀਤਿਕ ਵਿਵਾਦ ਹੋਣ ਦਾ ਦੋਸ਼ ਲਾਇਆ ਹੈ। ਉਸ ਮੁਤਾਬਕ, ਕਰੀਬ ਇੱਕ ਸਾਲ ਪਹਿਲਾਂ ਵੀ ਇਨ੍ਹਾਂ ਹੀ ਲੋਕਾਂ ਨੇ ਉਸ ਦੇ ਘਰ ਆ ਕੇ ਹਮਲਾ ਕੀਤਾ ਸੀ ਅਤੇ ਗੋਲੀਆਂ ਚਲਾਈਆਂ ਸਨ।

ਜਗਜੋਤ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਹ ਆਪਣੀ ਮਾਂ ਮਨਜੀਤ ਕੌਰ ਅਤੇ ਸਾਢੇ ਤਿੰਨ ਸਾਲ ਦੇ ਬੇਟੇ ਨਾਲ ਢੋਲੇਵਾਲ ਸਥਿਤ ਮੈਗੀ ਪੁਆਇੰਟ ਰੈਸਟੋਰੈਂਟ ਵਿੱਚ ਖਾਣਾ ਖਾਣ ਗਿਆ ਸੀ। ਤਿੰਨੇ ਕਾਰ ਵਿੱਚ ਬੈਠ ਕੇ ਹੀ ਖਾਣਾ ਖਾ ਰਹੇ ਸਨ। ਖਾਣਾ ਖਾਣ ਤੋਂ ਬਾਅਦ ਉਹ ਬੇਟੇ ਲਈ ਪਾਣੀ ਦੀ ਬੋਤਲ ਲੈਣ ਅਤੇ ਬਿੱਲ ਚੁਕਾਉਣ ਲਈ ਕਾਰ ਤੋਂ ਹੇਠਾਂ ਉਤਰਿਆ। ਇਸੇ ਦੌਰਾਨ ਪਿੱਛੇ ਤੋਂ ਸੱਤ ਤੋਂ ਅੱਠ ਨੌਜਵਾਨ ਆਏ ਅਤੇ ਉਸ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਪੀੜਤ ਅਨੁਸਾਰ, ਹਮਲਾਵਰਾਂ ਨੇ ਪਹਿਲਾਂ ਦੋ ਗੋਲੀਆਂ ਚਲਾਈਆਂ ਪਰ ਉਹ ਬਚ ਗਿਆ। ਇਸ ਤੋਂ ਬਾਅਦ ਉਹ ਭੱਜ ਕੇ ਕਾਰ ਵਿੱਚ ਬੈਠ ਗਿਆ। ਦੋਸ਼ ਹੈ ਕਿ ਹਮਲਾਵਰਾਂ ਨੇ ਕਾਰ ਦੀ ਖਿੜਕੀ ਕੋਲ ਆ ਕੇ ਗੋਲੀਆਂ ਚਲਾਈਆਂ ਅਤੇ ਗੱਡੀ ਦੇ ਅੰਦਰ ਵੀ ਦੋ ਗੋਲੀਆਂ ਦਾਗੀਆਂ। ਇਸ ਦੌਰਾਨ ਉਸ ਦੀ ਮਾਂ ਅਤੇ ਛੋਟਾ ਬੇਟਾ ਕਾਰ ਵਿੱਚ ਹੀ ਮੌਜੂਦ ਸਨ।

ਜਗਜੋਤ ਨੇ ਦੋਸ਼ ਲਾਇਆ ਕਿ ਕਾਰ ਭਜਾਉਣ ਦੀ ਕੋਸ਼ਿਸ਼ ਕਰਦੇ ਸਮੇਂ ਹਮਲਾਵਰਾਂ ਨੇ ਉਸ ਦੀ ਦਸਤਾਰ ਦੇ ਉੱਪਰੋਂ ਦਾਤਰ ਨਾਲ ਵਾਰ ਕੀਤੇ। ਉਸ ਦੇ ਸਿਰ ਉੱਤੇ ਕਈ ਵਾਰ ਕੀਤੇ ਗਏ ਅਤੇ ਪਿਸਤੌਲ ਦੇ ਬੱਟ ਨਾਲ ਵੀ ਸੱਟ ਪਹੁੰਚਾਈ ਗਈ। ਪੀੜਤ ਦਾ ਦਾਅਵਾ ਹੈ ਕਿ ਹਮਲਾਵਰਾਂ ਨੇ ਦਾਤਰ ਨਾਲ ਉਸ ਦੇ ਵਾਲ ਕੱਟ ਦਿੱਤੇ। ਉਸ ਨੇ ਦੱਸਿਆ ਕਿ ਉਹ ਅੰਮ੍ਰਿਤਧਾਰੀ ਹੈ। ਹਮਲੇ ਵਿੱਚ ਉਸ ਦੇ ਸਿਰ ਉੱਤੇ ਗੰਭੀਰ ਸੱਟਾਂ ਆਈਆਂ ਹਨ। ਉਸ ਨੇ ਲੱਤ ਅਤੇ ਅੱਖ ਦੇ ਕੋਲ ਗੋਲੀ ਦੇ ਛੱਰੇ ਲੱਗਣ ਦੀ ਗੱਲ ਵੀ ਕਹੀ ਹੈ। ਸੱਟਾਂ ਦੀ ਗੰਭੀਰਤਾ ਮੈਡੀਕਲ ਜਾਂਚ ਤੋਂ ਬਾਅਦ ਸਪੱਸ਼ਟ ਹੋਵੇਗੀ।

ਜਗਜੋਤ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ ਪੁੱਤਰ ਪਾਣੀ ਦੀ ਬੋਤਲ ਲੈਣ ਅਤੇ ਪੈਸੇ ਦੇਣ ਲਈ ਕਾਰ ਤੋਂ ਉਤਰਿਆ ਸੀ। ਇਸੇ ਦੌਰਾਨ ਉਨ੍ਹਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਪੁੱਤਰ ਭੱਜਦਾ ਹੋਇਆ ਕਾਰ ਵੱਲ ਆ ਰਿਹਾ ਸੀ ਅਤੇ ਪਿੱਛੇ ਤੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਪੁੱਤਰ ਕਾਰ ਵਿੱਚ ਬੈਠਿਆ ਤਾਂ ਹਮਲਾਵਰ ਖਿੜਕੀ ਦੇ ਕੋਲ ਆ ਕੇ ਫਾਇਰਿੰਗ ਕਰਨ ਲੱਗੇ। ਮਨਜੀਤ ਕੌਰ ਮੁਤਾਬਕ, ਉਨ੍ਹਾਂ ਨੇ ਪੁੱਤਰ ਨੂੰ ਬਚਾਉਣ ਲਈ ਹਮਲਾਵਰਾਂ ਦੇ ਸਾਹਮਣੇ ਆਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਉਨ੍ਹਾਂ ਨੂੰ ਵੀ ਸੱਟਾਂ ਲੱਗੀਆਂ। ਉਨ੍ਹਾਂ ਦੇ ਚਿਹਰੇ ਉੱਤੇ ਸੱਟ ਲੱਗੀ ਹੈ।

ਜਗਜੋਤ ਨੇ ਦਾਅਵਾ ਕੀਤਾ ਕਿ ਉਹ ਹਮਲਾਵਰਾਂ ਨੂੰ ਪਹਿਲਾਂ ਤੋਂ ਜਾਣਦਾ ਹੈ ਅਤੇ ਕਰੀਬ ਇੱਕ ਸਾਲ ਪਹਿਲਾਂ ਵੀ ਉਨ੍ਹਾਂ ਨੇ ਉਸ ਦੇ ਘਰ ਉੱਤੇ ਹਮਲਾ ਕਰਕੇ ਫਾਇਰਿੰਗ ਕੀਤੀ ਸੀ। ਉਸ ਨੇ ਦੱਸਿਆ ਕਿ ਉਹ ਪਹਿਲਾਂ ਕਾਂਗਰਸ ਪਾਰਟੀ ਨਾਲ ਜੁੜਿਆ ਸੀ ਪਰ ਹੁਣ ਕਿਸੇ ਰਾਜਨੀਤਿਕ ਦਲ ਨਾਲ ਨਹੀਂ ਹੈ। ਉਸ ਦੇ ਦੋਸ਼ ਮੁਤਾਬਕ, ਹਮਲਾਵਰ ਦੂਜੀ ਰਾਜਨੀਤਿਕ ਪਾਰਟੀ ਨਾਲ ਜੁੜੇ ਹਨ ਅਤੇ ਚੋਣ ਰੰਜਿਸ਼ ਦੇ ਚਲਦਿਆਂ ਉਸ ਨਾਲ ਦੁਸ਼ਮਣੀ ਰੱਖਦੇ ਹਨ। ਉਸ ਨੇ ਹਮਲਾਵਰਾਂ ਦੇ ਜਨਤਾ ਨਗਰ ਇਲਾਕੇ ਨਾਲ ਸੰਬੰਧਿਤ ਹੋਣ ਦਾ ਵੀ ਦਾਅਵਾ ਕੀਤਾ ਹੈ।

ਜਗਜੋਤ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਹੈ ਅਤੇ ਇੱਕ ਐਨਜੀਓ ਵੀ ਚਲਾਉਂਦਾ ਹੈ। ਉਸ ਦੇ ਅਨੁਸਾਰ, ਕਾਰ ਦੇ ਅੰਦਰ ਗੋਲੀਆਂ ਦੇ ਨਿਸ਼ਾਨ ਹਨ ਅਤੇ ਗੱਡੀ ਵਿੱਚ .45 ਬੋਰ ਦਾ ਇੱਕ ਖ਼ਾਲੀ ਖੋਲ ਵੀ ਮਿਲਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Continue Reading

Punjab

ਮਜ਼ਦੂਰਾਂ ਨਾਲ ਭਰਿਆ ਆਟੋਰਿਕਸ਼ਾ ਖੜ੍ਹੇ ਟਰੱਕ ਨਾਲ ਟਕਰਾਇਆ, 2 ਵਿਅਕਤੀਆਂ ਦੀ ਮੌਤ

Published

on

By

ਗੋਰਾਇਆ, 29 ਅਕਤੂਬਰ (ਸ.ਬ.) ਕਰਵਾਚੌਥ ਵਾਲੇ ਦਿਨ ਜਲੰਧਰ ਦੇ ਗੋਰਾਇਆ ਵਿੱਚ ਸੜਕ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਨੌ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਚ. ਓ. ਗੋਰਾਇਆ ਪਰਮਿੰਦਰ ਸਿੰਘ ਥਿੰਦ ਅਤੇ ਸੜਕ ਸੁਰੱਖਿਆ ਫੋਰਸ ਦੇ ਏ. ਐਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਸਵੇਰੇ ਲੁਧਿਆਣਾ ਤੋਂ ਜਲੰਧਰ ਸਾਈਡ ਜਾ ਰਹੇ ਮਜ਼ਦੂਰਾਂ ਨਾਲ ਭਰੇ ਥ੍ਰੀ ਵ੍ਹੀਲਰ ਦੀ ਖੜ੍ਹੇ ਟਰੱਕ ਨਾਲ ਗੋਰਾਇਆ ਨੈਸ਼ਨਲ ਹਾਈਵੇਅ ਤੇ ਜ਼ੋਰਦਾਰ ਟੱਕਰ ਹੋ ਗਈ, ਜਿਸ ਵਿੱਚ ਹੁਣ ਤੱਕ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਉਨ੍ਹਾਂ ਨੇ ਦੱਸਿਆ ਗਿਆ ਹੈ ਕਿ ਆਟੋ ਵਿੱਚ ਲਗਭਗ 10 ਤੋਂ 12 ਮਜ਼ਦੂਰ ਕੰਮ ਲਈ ਲੁਧਿਆਣਾ ਤੋਂ ਜਲੰਧਰ ਜਾ ਰਹੇ ਸਨ। ਹਾਦਸੇ ਵਿੱਚ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਫਿਲੌਰ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਹਸਪਤਾਲ ਵਿੱਚ ਡਾਕਟਰ ਤਾਨੀਆ ਨੇ ਦੱਸਿਆ ਕਿ ਹਸਪਤਾਲ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਨੌਂ ਲੋਕ ਜ਼ਖ਼ਮੀ ਹੋ ਗਏ। ਡਾਕਟਰ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਪਛਾਣ ਸੰਤੋਸ਼, ਸਰਬਜੀਤ, ਸ਼ਿਸ਼ੂਪਾਲ, ਅੰਕਿਤ, ਮਨਜੀਤ, ਰਾਹੁਲ, ਹਰਦੀਪ, ਹਿਮਾਂਸ਼ੂ, ਰਣਦੀਪ ਵਜੋਂ ਹੋਈ ਹੈ। ਰਾਮਵੀਰ ਨੇ ਦੱਸਿਆ ਕਿ 12 ਲੋਕ ਇਕ ਆਟੋ ਵਿੱਚ ਲੁਧਿਆਣਾ ਤੋਂ ਜਲੰਧਰ ਜਾ ਰਹੇ ਸਨ। ਇਸ ਦੌਰਾਨ ਆਟੋ ਇਕ ਖੜ੍ਹੇ ਟਰੱਕ ਨਾਲ ਟਕਰਾ ਗਿਆ। ਘਟਨਾ ਸਮੇਂ ਉਹ ਅਤੇ ਤਿੰਨ ਲੋਕ ਆਟੋ ਦੇ ਪਿੱਛੇ-ਪਿੱਛੇ ਜਾ ਰਹੇ ਸਨ। ਰਾਮਵੀਰ ਨੇ ਦੱਸਿਆ ਕਿ ਸਾਰੇ ਮਜ਼ਦੂਰ ਪੈਲੇਸ ਵਿੱਚ ਕਰੌਕਰੀ ਦਾ ਕੰਮ ਕਰਨ ਜਾ ਰਹੇ ਸਨ। ਮ੍ਰਿਤਕਾਂ ਦੇ ਨਾਮ ਅਜੇ ਤੱਕ ਪਤਾ ਨਹੀਂ ਲੱਗ ਸਕੇ ਹਨ।

Continue Reading

Mohali

ਮੁਹਾਲੀ ਦੇ ਫੇਜ਼ 6 ਵਿੱਚ ਰੇਹੜੀਆਂ ਫੜੀਆਂ ਦੀ ਭਰਮਾਰ, ਲੋਕ ਪ੍ਰੇਸ਼ਾਨ

Published

on

By

ਐਸ ਏ ਐਸ ਨਗਰ, 29 ਅਕਤੂਬਰ (ਆਰ.ਪੀ.ਵਾਲੀਆ) ਸਥਾਨਕ ਫੇਜ਼ 6 ਵਿੱਚ ਰੇਹੜੀਆਂ ਫੜੀਆਂ ਦੀ ਭਰਮਾਰ ਹੋਣ ਕਾਰਨ ਇਲਾਕੇ ਦੇ ਵਸਨੀਕ, ਰਾਹਗੀਰ ਅਤੇ ਵਾਹਨ ਚਾਲਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ।

ਇਸ ਸਬੰਧੀ ਫੇਜ਼ 6 ਦੇ ਵਸਨੀਕਾਂ ਨੇ ਦੱਸਿਆ ਕਿ ਫੇਜ਼ 6 ਵਿਚਲੇ ਫੁੱਟਪਾਥਾਂ, ਹਸਪਤਾਲ ਦੇ ਸਾਹਮਣੇ ਲਾਈਟਾਂ ਅਤੇ ਸੜਕਾਂ ਦੇ ਕਿਨਾਰਿਆਂ ਤੇ ਵੱਡੀ ਗਿਣਤੀ ਵਿੱਚ ਹਰ ਦਿਨ ਰੇਹੜੀਆਂ ਫੜੀਆਂ ਲੱਗ ਰਹੀਆਂ ਹਨ। ਤਿਉਹਾਰਾਂ ਦੀ ਰੁੱਤ ਹੋਣ ਕਰਕੇ ਇਹਨਾਂ ਰੇਹੜੀਆਂ ਫੜੀਆਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋ ਗਿਆ ਹੈ।

ਵਸਨੀਕਾਂ ਨੇ ਕਿਹਾ ਕਿ ਇਹਨਾਂ ਰੇਹੜੀਆਂ ਫੜੀਆਂ ਕਾਰਨ ਅਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ ਅਤੇ ਅਕਸਰ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ। ਜੇ ਕੋਈ ਵਿਅਕਤੀ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਨੂੰ ਰੇਹੜੀਆਂ ਫੜੀਆਂ ਨਾ ਲਗਾਉਣ ਲਈ ਕਹਿੰਦਾ ਹੈ ਤਾਂ ਇਹ ਰੇਹੜੀਆਂ ਫੜੀਆਂ ਵਾਲੇ ਤੁਰੰਤ ਵਿਅਕਤੀ ਨਾਲ ਝਗੜਾ ਕਰਨ ਲੱਗਦੇ ਹਨ। ਜਿਸ ਕਾਰਨ ਡਰਦਾ ਹੋਇਆ ਕੋਈ ਵੀ ਵਿਅਕਤੀ ਇਹਨਾਂ ਰੇਹੜੀਆਂ ਫੜੀਆਂ ਬਾਰੇ ਕੁਝ ਨਹੀਂ ਬੋਲਦਾ।

ਉਹਨਾਂ ਕਿਹਾ ਕਿ ਨਗਰ ਨਿਗਮ ਮੁਹਾਲੀ ਦੀ ਨਾਜਾਇਜ਼ ਕਬਜ਼ੇ ਹਟਾਓ ਟੀਮ ਵੱਲੋਂ ਅਕਸਰ ਫੇਜ਼ 1 ਅਤੇ ਹੋਰ ਫੇਜ਼ਾਂ ਤੇ ਸੈਕਟਰਾਂ ਵਿਚੋਂ ਰੇਹੜੀਆਂ ਫੜੀਆਂ ਨੂੰ ਚੁਕਵਾਇਆ ਜਾਂਦਾ ਹੈ ਪਰ ਫੇਜ਼ 6 ਵਿੱਚ ਇਸ ਟੀਮ ਵੱਲੋਂ ਕਾਫੀ ਸਮੇਂ ਤੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਰੇਹੜੀਆਂ ਫੜੀਆਂ ਵਾਲਿਆਂ ਦੇ ਹੌਂਸਲੇ ਬਹੁਤ ਵੱਧ ਗਏ ਹਨ ਅਤੇ ਉਹ ਹਰ ਦਿਨ ਧੜੱਲੇ ਨਾਲ ਬਿਨਾਂ ਕਿਸੇ ਡਰ ਦੇ ਰੇਹੜੀਆਂ ਫੜੀਆਂ ਲਗਾ ਰਹੇ ਹਨ।

ਵਸਨੀਕਾਂ ਨੇ ਕਿਹਾ ਕਿ ਇਹਨਾਂ ਰੇਹੜੀਆਂ ਫੜੀਆਂ ਹੋਣ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਰੇਹੜੀਆਂ ਫੜੀਆਂ ਤੋਂ ਸਮਾਨ ਲੈਣ ਵਾਲੇ ਲੋਕਾਂ ਦੇ ਵਾਹਨ ਵੀ ਸੜਕਾਂ ਤੇ ਖੜੇ ਰਹਿੰਦੇ ਹਨ, ਜਿਸ ਕਾਰਨ ਹੋਰ ਵਾਹਨਾਂ ਦੇ ਆਉਣ ਜਾਣ ਲਈ ਰਾਹ ਤੰਗ ਹੋ ਜਾਂਦਾ ਹੈ ਅਤੇ ਜਾਮ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਉਹਨਾਂ ਮੰਗ ਕੀਤੀ ਕਿ ਫੇਜ਼ 6 ਵਿਚੋਂ ਰੇਹੜੀਆਂ ਫੜੀਆਂ ਤੁਰੰਤ ਚੁਕਵਾਈਆਂ ਜਾਣ ਤਾਂ ਕਿ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ।

Continue Reading

Latest News

Trending