Connect with us

Mohali

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਮਿਤੀ 21 ਨਵੰਬਰ ਨੂੰ

Published

on

ਐਸ ਏ ਐਸ ਨਗਰ, 2 ਨਵੰਬਰ (ਸ.ਬ.) ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਵਲੋਂ 21 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ। ਇਸ ਸੰਬੰਧੀ ਫੈਸਲਾ ਕਮੇਟੀ ਦੇ ਪ੍ਰਧਾਨ ਸ ਅਮਰਜੀਤ ਸਿੰਘ ਪਾਹਵਾ ਦੀ ਅਗਵਾਈ ਹੇਠਗੁ: ਗੋਬਿੰਦਸਰ ਸਾਹਿਬ ਫੇਜ਼-1, ਪਿੰਡ ਮੁਹਾਲੀ ਵਿਖੇ ਆਯੋਜਿਤ ਮੀਟਿੰਗ ਦੌਰਾਨ ਕੀਤਾ ਗਿਆ ਹੈ।

ਕਮੇਟੀ ਦੇ ਜਨਰਲ ਸਕੱਤਰ ਸ ਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ 21 ਨਵੰਬਰ ਨੂੰ ਗੁ: ਗੋਬਿੰਦਸਰ ਸਾਹਿਬ ਫੇਜ਼-1 ਤੋਂ ਸਵੇਰੇ 10 ਵਜੇ ਅਰੰਭ ਹੋ ਕੇ ਗੁ: ਸਾਹਿਬ ਫੇਜ਼ 1 ਸਿੰਘ ਸਭਾ ਤੋਂ ਪੁਰਾਣਾ ਡੀ. ਸੀ. ਆਫਿਸ, ਫਰੈਂਕੋ ਹੋਟਲ ਦੀਆਂ ਲਾਈਟਾਂ, ਡਿਪਲਾਸਟਿਕ ਚੌਂਕ ਤੋਂ 2-4 ਦੀ ਵਿਚਲੀ ਸੜਕ ਤੋਂ ਮਦਨਪੁਰਾ ਚੌਂਕ, 3-5 ਦੀ ਲਾਈਟਾਂ, ਗੁ: ਸਾਚਾ ਧਨੁ ਸਾਹਿਬ ਤੋਂ ਫੇਜ਼ 7 ਦੀ ਮਾਰਕੀਟ ਵਿੱਚੋਂ ਹੁੰਦਾ ਹੋਇਆ, ਗੁ: ਅੰਬ ਸਾਹਿਬ, ਫੇਜ਼ 9, ਫੇਜ਼ 10, ਗੁ: ਸਿੰਘ ਸਭਾ ਫੇਜ਼ 11 ਵਿਖੇ ਸੰਪੂਰਨ ਹੋਵੇਗਾ।

ਉਹਨਾਂ ਦੱਸਿਆ ਕਿ ਨਗਰ ਕੀਰਤਨ ਦੌਰਾਨ ਰਾਗੀ, ਢਾਡੀ ਜੱਥੇ, ਗੱਤਕਾ ਪਾਰਟੀਆਂ, ਸਕੂਲਾਂ ਦੇ ਬੱਚੇ ਸ਼ਾਮਿਲ ਹੋ ਕੇ ਨਗਰ ਕੀਰਤਨ ਦੀ ਸ਼ਾਨ ਵਧਾਉਣਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ ਜੋਗਿੰਦਰ ਸਿੰਘ ਸੌਂਧੀ, ਸ. ਕਰਮ ਸਿੰਘ ਬਬਰਾ, ਇੰਜ. ਸੁਰਿੰਦਰ ਸਿੰਘ ਸੈਕਟਰ 80, ਸ. ਸੁਰਜੀਤ ਸਿੰਘ ਮਠਾੜੂ, ਸ. ਪ੍ਰੀਤਮ ਸਿੰਘ, ਸ. ਕਰਮ ਸਿੰਘ ਪਿੰਡ ਮੁਹਾਲੀ, ਸ. ਭਗਤ ਸਿੰਘ, ਸ. ਸੁਖਵਿੰਦਰ ਸਿੰਘ, ਸ. ਅਰਜਨ ਸਿੰਘ ਸ਼ੇਰਗਿੱਲ, ਸ. ਜਗਦੀਸ਼ ਸਿੰਘ, ਸ. ਹਰਪਾਲ ਸਿੰਘ, ਸ. ਸੁਰਜੀਤ ਸਿੰਘ ਮਠਾੜੂ ਫੇਜ਼ 11, ਬੀਬੀ ਹਰਜਿੰਦਰ ਕੌਰ ਫੇਜ਼ 5, ਸ. ਚਮਕੌਰ ਸਿੰਘ, ਸ. ਮਨਜੀਤ ਸਿੰਘ, ਸ. ਇੰਦਰਜੀਤ ਸਿੰਘ, ਸ. ਗੁਰਨਾਮ ਸਿੰਘ, ਸ. ਪਦਮਜੀਤ ਸਿੰਘ, ਸ. ਗੁਰਮੀਤ ਸਿੰਘ ਫੇਜ਼ 7, ਸ. ਹਰਦੀਪ ਸਿੰਘ, ਸ. ਨਰਿੰਦਰ ਸਿੰਘ, ਸ. ਗੁਰਮੀਤ ਸਿੰਘ ਫੇਜ 5, ਬਾਬਾ ਬਾਲੀ, ਸ. ਹਰਫੂਲ ਸਿੰਘ, ਸ ਨਛੱਦਰ ਸਿੰਘ ਨੰਬਰਦਾਰ, ਸ ਬਲਦੇਵ ਸਿੰਘ, ਸ ਚਰਨਜੀਤ ਸਿੰਘ ਜੋਹਲ, ਸ ਭੁਪਿੰਦਰ ਸਿੰਘ ਸੋਮਲ, ਸ ਸੁਖਦੇਵ ਸਿੰਘ ਅਤੇ ਕਈ ਪਤਵੰਤੇ ਸੱਜਣ ਹਾਜਰ ਸਨ।

Continue Reading

Mohali

ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ

Published

on

By

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 2 ਜਨਵਰੀ 2027 ਤੱਕ ਧਾਰਾ 163 ਅਧੀਨ ਹੁਕਮ ਜਾਰੀ

ਐਸ ਏ ਐਸ ਨਗਰ, 2 ਨਵੰਬਰ (ਸ.ਬ.) ਜ਼ਿਲ੍ਹਾ ਮੈਜਿਸਟ੍ਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਕੋਮਲ ਮਿੱਤਲ ਵੱਲੋਂ ਦੀਵਾਲੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੇ ਤਿੳਹਾਰਾਂ ਮੌਕੇ ਪਟਾਕੇ ਚਲਾਉਣ ਸਬੰਧੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 31 ਅਕਤੂਬਰ, 2026 ਤੋਂ 2 ਜਨਵਰੀ 2027 ਤੱਕ ਲਾਗੂ ਰਹਿਣਗੇ।

ਜਾਰੀ ਹੁਕਮਾਂ ਅਨੁਸਾਰ ਵੱਖ-ਵੱਖ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ ਕੀਤਾ ਗਿਆ ਹੈ। ਦੀਵਾਲੀ ਮੌਕੇ 8 ਨਵੰਬਰ 2026 ਨੂੰ ਰਾਤ 8 ਵਜੇ ਤੋਂ 10 ਵਜੇ ਤੱਕ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ 24 ਨਵੰਬਰ 2026 ਨੂੰ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਸ਼ਾਮ 9 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ। ਇਸੇ ਤਰ੍ਹਾਂ ਕ੍ਰਿਸਮਿਸ ਮੌਕੇ 25 ਅਤੇ 26 ਦਸੰਬਰ 2026 ਨੂੰ ਰਾਤ 11:55 ਵਜੇ ਤੋਂ 12:30 ਵਜੇ ਤੱਕ ਅਤੇ ਨਵੇਂ ਸਾਲ ਦੀ ਆਮਦ ਮੌਕੇ 31 ਦਸੰਬਰ 2026 ਤੋਂ 1 ਜਨਵਰੀ 2027 ਤੱਕ ਰਾਤ 11:55 ਵਜੇ ਤੋਂ 12:30 ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ।

ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਨਿਰਧਾਰਤ ਸਮੇਂ ਤੋਂ ਇਲਾਵਾ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਪਟਾਕਿਆਂ ਦੀ ਵਰਤੋਂ ਸਬੰਧੀ ਵਾਤਾਵਰਣ ਸੁਰੱਖਿਆ ਅਤੇ ਪ੍ਰਦੂਸ਼ਣ ਕੰਟਰੋਲ ਬਾਰੇ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।

ਇਸ ਤੋਂ ਇਲਾਵਾ, ਪਟਾਕਿਆਂ ਦੀ ਵਿਕਰੀ, ਵਰਤੋਂ ਅਤੇ ਆਵਾਜ਼ ਦੇ ਪੱਧਰ ਸਬੰਧੀ ਲਾਗੂ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਪੁਲੀਸ ਅਤੇ ਸਬੰਧਤ ਵਿਭਾਗਾਂ ਨੂੰ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Continue Reading

Mohali

ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਰਣਜੀਤ ਪਾਲ ਸਿੰਘ ਵੱਲੋਂ ਲੰਬਿਤ ਮਾਮਲਿਆਂ ਦੀ ਸਮੀਖਿਆ

Published

on

By

ਐਸ ਏ ਐਸ ਨਗਰ, 2 ਨਵੰਬਰ (ਸ.ਬ.) ਜ਼ਿਲ੍ਹੇ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਦੌਰਾਨ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਦੇ ਹੱਲ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੇ ਚੈਅਰਮੈਨ ਰਣਜੀਤ ਪਾਲ ਸਿੰਘ ਵੱਲੋਂ ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ ਦੀ ਮੌਜੂਦਗੀ ਵਿੱਚ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ।

ਇਸ ਮੌਕੇ ਗਮਾਡਾ, ਸਥਾਨਕ ਸਰਕਾਰਾਂ ਵਿਭਾਗ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ ਗਈ। ਵਿਚਾਰ-ਵਟਾਂਦਰੇ ਦੌਰਾਨ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਉਨ੍ਹਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਲੋੜੀਂਦੀ ਕਾਰਵਾਈ ਕਰਨ ਸਬੰਧੀ ਚਰਚਾ ਕੀਤੀ ਗਈ।

ਸ੍ਰੀਮਤੀ ਅੰਕਿਤਾ ਕਾਂਸਲ ਨੇ ਕਿਹਾ ਕਿ ਵਪਾਰੀ ਅਤੇ ਕਾਰੋਬਾਰੀ ਵਰਗ ਜ਼ਿਲ੍ਹੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਲਈ ਉਨ੍ਹਾਂ ਨੂੰ ਆਪਣੇ ਕਾਰੋਬਾਰ ਚਲਾਉਣ ਸਮੇਂ ਆਉਣ ਵਾਲੀਆਂ ਮੁਸ਼ਕਲਾਂ ਦਾ ਸਮੇਂ ਸਿਰ ਹੱਲ ਕਰਨਾ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਨਾਲ ਵਪਾਰੀਆਂ ਨੂੰ ਪੇਸ਼ ਆਉਣ ਵਾਲੀਆਂ ਪ੍ਰਸ਼ਾਸਨਿਕ ਅਤੇ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਵਿੱਚ ਮਦਦ ਮਿਲੇਗੀ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਵਾਈਸ ਚੇਅਰਮੈਨ ਤਰਲੋਚਨ ਸਿੰਘ ਬੈਦਵਾਨ, ਮੁਹਾਲੀ ਦੇ ਹਲਕਾ ਚੇਅਰਮੈਨ ਅਕਵਿੰਦਰ ਸਿੰਘ ਗੋਸਲ ਅਤੇ ਹੋਰ ਵਪਾਰੀ ਨੁਮਾਇੰਦੇ ਵੀ ਹਾਜ਼ਰ ਸਨ।

Continue Reading

Mohali

ਮੁਹਾਲੀ ਦੀ ਇਤਿਹਾਸਕ ਪਛਾਣ ਤੇ ਸਵਾਲ ਚੁੱਕਦਾ ਹੈ 1 ਨਵੰਬਰ 1975 ਨੂੰ ਰੱਖੇ ਸ਼ਹਿਰ ਦੇ ਨੀਂਹ ਪੱਥਰ ਦਾ ਗਾਇਬ ਹੋਣਾ : ਸੰਜੀਵ ਵਸ਼ਿਸ਼ਟ

Published

on

By

ਹਰ ਸਾਲ 1 ਨਵੰਬਰ ਨੂੰ ਮੁਹਾਲੀ ਦਾ ਸਥਾਪਨਾ ਦਿਵਸ ਮਣਾਏ ਜਾਣ ਦੀ ਮੰਗ

ਐਸ ਏ ਐਸ ਨਗਰ, 2 ਨਵੰਬਰ (ਸ.ਬ.) ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਨੇ ਕਿਹਾ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀ ਨੀਂਹ 1 ਨਵੰਬਰ 1975 ਨੂੰ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਵੱਲੋਂ ਫੇਜ਼-1 ਸਥਿਤ ਕਮਲਾ ਮਾਰਕੀਟ ਦੇ ਨੇੜੇ ਰੱਖੀ ਗਈ ਸੀ। ਪਰ ਸ਼ਹਿਰ ਦੀ ਸਥਾਪਨਾ ਨਾਲ ਜੁੜਿਆ ਇਤਿਹਾਸਕ ਨੀਂਹ ਪੱਥਰ ਆਪਣੇ ਅਸਲ ਸਥਾਨ ਤੋਂ ਕਥਿਤ ਤੌਰ ਤੇ ਗਾਇਬ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਪ੍ਰਮੁੱਖ ਅਤੇ ਆਧੁਨਿਕ ਸ਼ਹਿਰਾਂ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾਉਣ ਵਾਲਾ ਮੁਹਾਲੀ ਅੱਜ ਆਪਣੀ ਸਥਾਪਨਾ ਦੀ ਇਤਿਹਾਸਕ ਨਿਸ਼ਾਨੀ ਨੂੰ ਭੁੱਲਦਾ ਦਿਖ ਰਿਹਾ ਹੈ ਅਤੇ ਇਸ ਨਾਲ ਸ਼ਹਿਰ ਦੀ ਇਤਿਹਾਸਕ ਵਿਰਾਸਤ ਦੀ ਸੰਭਾਲ ਨੂੰ ਲੈ ਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਜਿਸ ਨੀਂਹ ਪੱਥਰ ਨਾਲ ਮੁਹਾਲੀ ਦੇ ਇਤਿਹਾਸ ਦੀ ਸ਼ੁਰੂਆਤ ਜੁੜੀ ਹੋਈ ਹੈ, ਉਸ ਦੀ ਸੰਭਾਲ ਲਈ ਪ੍ਰਸ਼ਾਸਨ ਵੱਲੋਂ ਲੋੜੀਂਦੇ ਕਦਮ ਕਿਉਂ ਨਹੀਂ ਚੁੱਕੇ ਗਏ? ਉਨ੍ਹਾਂ ਨੇ ਲੰਬੇ ਸਮੇਂ ਤੋਂ ਮੁਹਾਲੀ ਦੀ ਨੁਮਾਇੰਦਗੀ ਕਰਦੇ ਆ ਰਹੇ ਵਿਧਾਇਕਾਂ ਦੀ ਭੂਮਿਕਾ ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਪੰਜ ਦਹਾਕਿਆਂ ਤੋਂ ਵੱਧ ਦਾ ਸਫ਼ਰ ਤੈਅ ਕਰ ਚੁੱਕੇ ਮੁਹਾਲੀ ਸ਼ਹਿਰ ਦੇ ਸਥਾਪਨਾ ਦਿਵਸ, ਯਾਨੀ 1 ਨਵੰਬਰ, ਨੂੰ ਉਹ ਮਾਣ-ਸਤਿਕਾਰ ਅਤੇ ਪਛਾਣ ਨਹੀਂ ਮਿਲ ਸਕੀ ਜਿਸ ਦਾ ਇਹ ਸ਼ਹਿਰ ਹੱਕਦਾਰ ਹੈ।

ਉਹਨਾਂ ਕਿਹਾ ਕਿ ਇੱਕ ਯੋਜਨਾਬੱਧ ਸ਼ਹਿਰ ਵਜੋਂ ਵਿਕਸਤ ਹੋਇਆ ਮੁਹਾਲੀ ਅੱਜ ਉਦਯੋਗਿਕ, ਵਿੱਦਿਅਕ, ਆਈ.ਟੀ. ਅਤੇ ਵਪਾਰਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਬਣ ਚੁੱਕਾ ਹੈ। ਪਰ ਇਹ ਬੇਹੱਦ ਅਫ਼ਸੋਸਨਾਕ ਹੈ ਕਿ ਸ਼ਹਿਰ ਦੇ ਜਨਮ ਨਾਲ ਜੁੜਿਆ ਇਤਿਹਾਸਕ ਸਥਾਨ ਹੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ।

ਉਹਨਾਂ ਇਸ ਸਬੰਧੀ ਪੰਜਾਬ ਸਰਕਾਰ, ਗਮਾਡਾ, ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨੀਂਹ ਪੱਥਰ ਦੇ ਗਾਇਬ ਹੋਣ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਉਸ ਦੇ ਅਸਲ ਸਥਾਨ ਦੀ ਪਛਾਣ ਕੀਤੀ ਜਾਵੇ ਅਤੇ ਉੱਥੇ ਇੱਕ ਸਥਾਈ ਯਾਦਗਾਰੀ ਪੱਟੀ ਲਗਾਈ ਜਾਵੇ। ਇਸ ਪੱਟੀ ਤੇ ਨੀਂਹ ਪੱਥਰ ਰੱਖਣ ਸਮੇਂ ਦੀਆਂ ਤਸਵੀਰਾਂ, ਤਾਰੀਖ਼ ਅਤੇ ਸ਼ਹਿਰ ਦੀ ਸਥਾਪਨਾ ਨਾਲ ਜੁੜੀ ਇਤਿਹਾਸਕ ਜਾਣਕਾਰੀ ਵੀ ਦਰਜ ਕੀਤੀ ਜਾਵੇ।

ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਇਸ ਤੋਂ ਇਲਾਵਾ ਹਰ ਸਾਲ 1 ਨਵੰਬਰ ਨੂੰ ਅਧਿਕਾਰਤ ਤੌਰ ਤੇ ਮੁਹਾਲੀ ਦਾ ਸਥਾਪਨਾ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਨਵੀਂ ਪੀੜ੍ਹੀ ਨੂੰ ਸ਼ਹਿਰ ਦੇ ਸ਼ਾਨਦਾਰ ਇਤਿਹਾਸ ਅਤੇ ਇਸ ਦੀ ਸਥਾਪਨਾ ਦੇ ਉਦੇਸ਼ਾਂ ਬਾਰੇ ਜਾਣੂ ਕਰਵਾਇਆ ਜਾ ਸਕੇ।

Continue Reading

Latest News

Trending