Punjab
ਗੁਰੂ ਘਰ ਵਿਖੇ ਗੋਲ਼ੀਬਾਰੀ ਦੇ ਮੁੱਖ ਮੁਲਜ਼ਮ ਦੀ ਪੁਲੀਸ ਹਿਰਾਸਤ ਵਿੱਚ ਮੌਤ
ਲੁਧਿਆਣਾ, 3 ਨਵੰਬਰ (ਸ.ਬ.) ਲੁਧਿਆਣਾ ਦੇ ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿੱਚ ਦਾਖ਼ਲ ਹੋ ਕੇ ਗੋਲ਼ੀਬਾਰੀ ਕਰਨ ਵਾਲੇ ਮੁੱਖ ਮੁਲਜ਼ਮ ਰਾਜ ਸਿੰਘ ਉਰਫ਼ ਰਾਜੂ ਦੀ ਪੁਲੀਸ ਹਿਰਾਸਤ ਵਿੱਚ ਮੌਤ ਹੋ ਗਈ ਹੈ।
ਬੀਤੀ ਸ਼ਾਮ ਜ਼ਿਲ੍ਹਾ ਪੁਲੀਸ ਮੁਖੀ ਡਾਕਟਰ ਅੰਕੁਰ ਗੁਪਤਾ ਨੇ ਪ੍ਰੈਸ ਕਾਨਫ਼ਰੰਸ ਵਿੱਚ ਰਾਜੂ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ ਸੀ। ਕਾਊਂਟਰ ਇੰਟੈਲੀਜੈਂਸ ਅਤੇ ਸੀ.ਆਈ.ਏ. ਜਗਰਾਉਂ ਦੀਆਂ ਟੀਮਾਂ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਰਾਜ ਸਿੰਘ ਰਾਜੂ ਨੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ।
ਬੀਤੇ ਦਿਨ ਸ਼ਾਮ ਨੂੰ ਹੀ ਥਾਣਾ ਸੁਧਾਰ ਦੀ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਕੁਝ ਸਮੇਂ ਬਾਅਦ ਹੀ ਉਸ ਨੂੰ ਘਬਰਾਹਟ ਦੀ ਸ਼ਿਕਾਇਤ ਹੋਣ ਤੇ ਪਹਿਲਾਂ ਸਰਕਾਰੀ ਹਸਪਤਾਲ ਸੁਧਾਰ ਵਿੱਚ ਇਲਾਜ ਲਈ ਲਿਆਂਦਾ ਗਿਆ। ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਸੀ। ਇਲਾਜ ਦੌਰਾਨ ਮੌਤ ਹੋਣ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਪੁਲੀਸ ਅਧਿਕਾਰੀਆਂ ਨੇ ਹਾਲ ਦੀ ਘੜੀ ਚੁੱਪ ਧਾਰ ਲਈ ਹੈ।
ਇਸੇ ਦੌਰਾਨ ਪਤਾ ਲੱਗਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਵੀਡੀਓਗ੍ਰਾਫ਼ੀ ਦੌਰਾਨ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਮ੍ਰਿਤਕ ਉੱਪਰ ਵੱਖ-ਵੱਖ ਥਾਣਿਆਂ ਵਿੱਚ ਲੁੱਟ-ਖੋਹ, ਅਸਲਾ ਐਕਟ ਅਤੇ ਨਸ਼ਾ ਤਸਕਰੀ ਦੇ 7 ਮੁਕੱਦਮੇ ਦਰਜ ਸਨ। ਪੁਲੀਸ ਸੂਤਰਾਂ ਅਨੁਸਾਰ ਮੁਲਜ਼ਮ ਕਾਫ਼ੀ ਅਰਸੇ ਤੋਂ ਬਿਮਾਰ ਚੱਲ ਰਿਹਾ ਸੀ ਅਤੇ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਅਜੇ ਸੰਪਰਕ ਨਹੀਂ ਹੋ ਸਕਿਆ।
Punjab
ਘਰਦਿਆਂ ਨੇ ਪ੍ਰੇਮੀ ਦੀ ਥਾਰ ਤੇ ਚਲਵਾਈਆਂ ਗੋਲੀਆਂ, ਕੁੜੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖੁਦਕੁਸ਼ੀ
ਲੁਧਿਆਣਾ, 3 ਨਵੰਬਰ (ਸ.ਬ.) ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਸਥਿਤ ਹਰਚਰਨ ਨਗਰ ਇਲਾਕੇ ਵਿਚ ਬੀਤੀ ਦੇਰ ਗੋਲੀਬਾਰੀ ਹੋਈ। ਦਰਅਸਲ ਆਪਣੇ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਦੋਸਤਾਂ ਨੂੰ ਛੱਡ ਕੇ ਵਾਪਸ ਪਰਤ ਰਹੇ ਇਕ ਥਾਰ ਸਵਾਰ ਨੌਜਵਾਨ ਤੇ ਡੇਢ ਦਰਜਨ ਤੋਂ ਵੱਧ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਥਾਰ ਤੇ ਹਮਲਾ ਕੀਤਾ ਅਤੇ ਫਿਰ ਨੌਜਵਾਨ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਉਸ ਤੇ 12 ਤੋਂ 15 ਤਾਬੜ-ਤੋੜ ਗੋਲੀਆਂ ਵਰ੍ਹਾ ਦਿੱਤੀਆਂ। ਗਨੀਮਤ ਰਹੀ ਕਿ ਪੀੜਤ ਨੌਜਵਾਨ ਗੱਡੀ ਵਿੱਚੋਂ ਬਾਹਰ ਨਹੀਂ ਨਿਕਲਿਆ ਅਤੇ ਫਟੇ ਟਾਇਰਾਂ ਦੇ ਸਹਾਰੇ ਹੀ ਕਿਸੇ ਤਰ੍ਹਾਂ ਗੱਡੀ ਭਜਾ ਕੇ ਆਪਣੀ ਜਾਨ ਬਚਾਈ।
ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਹੇ। ਪਰਿਵਾਰ ਵਾਲਿਆਂ ਵੱਲੋਂ ਆਪਣੇ ਬੁਆਏਫ੍ਰੈਂਡ ਤੇ ਜਾਨਲੇਵਾ ਹਮਲਾ ਕਰਵਾਉਣ ਅਤੇ 15-20 ਰਾਊਂਡ ਗੋਲੀਆਂ ਚਲਾਉਣ ਤੋਂ ਡੂੰਘੇ ਸਦਮੇ ਵਿਚ ਆਈ 23 ਸਾਲਾ ਮੁਟਿਆਰ ਰੈਨਾ ਧੀਰ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮੁਟਿਆਰ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਇਕ-ਦੂਜੇ ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ, ਜਦਕਿ ਥਾਣਾ ਡਵੀਜ਼ਨ ਨੰਬਰ-3 ਦੀ ਪੁਲੀਸ ਨੇ ਮੁਟਿਆਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਵਿਸਥਾਰਤ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਵਾਮਿਕਾ ਐਂਟਰਪ੍ਰਾਈਜ਼ (ਨੱਟ-ਬੋਲਟ ਫੈਕਟਰੀ) ਦੇ ਸੰਚਾਲਕ ਅਤੇ ਹੈਬੋਵਾਲ ਨਿਵਾਸੀ ਦਿਵਿਆਂਸ਼ੂ ਬੱਗਾ ਨੇ ਆਪਣੀ ਆਪਬੀਤੀ ਦੱਸਦਿਆ ਕਿਹਾ ਕਿ ਬੀਤੇ ਦਿਨ ਉਸ ਦਾ ਜਨਮਦਿਨ ਸੀ। ਦਿਵਿਆਂਸ਼ੂ ਮੁਤਾਬਕ, ਉਸ ਦੀ ਦੋਸਤ ਰੈਨਾ ਧੀਰ ਨੇ ਫੋਨ ਕਰਕੇ ਉਸ ਨੂੰ ਜਨਮਦਿਨ ਦਾ ਕੇਕ ਕੱਟਣ ਲਈ ਆਪਣੇ ਘਰ ਦੀ ਗਲੀ ਵਿਚ ਬੁਲਾਇਆ ਸੀ। ਰਾਤ ਲਗਭਗ 12:30 ਵਜੇ ਜਿਵੇਂ ਹੀ ਉਹ ਆਪਣੀ ਮਹਿੰਦਰਾ ਥਾਰ ਲੈ ਕੇ ਹਰਚਰਨ ਨਗਰ ਪਹੁੰਚਿਆ, ਉੱਥੇ ਪਹਿਲਾਂ ਤੋਂ ਤਿਆਰ ਬੈਠੇ 25 ਤੋਂ 30 ਹਥਿਆਰਬੰਦ ਨੌਜਵਾਨਾਂ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ। ਦਿਵਿਆਂਸ਼ੂ ਦਾ ਦੋਸ਼ ਹੈ ਕਿ ਇਹ ਹਮਲਾ ਲੜਕੀ ਦੇ ਭਰਾ ਰੋਹਨ ਧੀਰ ਨੇ ਆਪਣੀ ਮਾਂ ਸੀਮਾ ਰਾਣੀ ਦੇ ਉਕਸਾਉਣ ਤੇ ਕਰਵਾਇਆ। ਉਸ ਨੇ ਦਾਅਵਾ ਕੀਤਾ ਕਿ ਲੜਕੀ ਦੀ ਮਾਂ ਨੇ ਜ਼ੋਰ ਨਾਲ ਕਿਹਾ ਕਿ ਮਾਰੋ ਇਸ ਨੂੰ, ਅੱਜ ਇੱਥੋਂ ਇਸ ਦੀ ਲਾਸ਼ ਹੀ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਹਮਲਾਵਰਾਂ ਨੇ ਗੱਡੀ ਤੇ ਇੱਟਾਂ-ਪੱਥਰ ਸੁੱਟੇ ਅਤੇ 15 ਤੋਂ 20 ਰਾਊਂਡ ਗੋਲੀਆਂ ਚਲਾਈਆਂ। ਗੋਲੀਆਂ ਨਾਲ ਟਾਇਰ ਫਟਣ ਦੇ ਬਾਵਜੂਦ ਉਹ ਗੱਡੀ ਭਜਾ ਕੇ ਆਪਣੀ ਜਾਨ ਬਚਾਉਣ ਵਿਚ ਕਾਮਯਾਬ ਰਿਹਾ। ਦਿਵਿਆਂਸ਼ੂ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਵਿਚਕਾਰ ਖਾਟੂ ਸ਼ਿਆਮ ਯਾਤਰਾ ਦੌਰਾਨ ਜਾਣ-ਪਛਾਣ ਹੋਈ ਸੀ ਅਤੇ ਉੱਥੋਂ ਹੀ ਉਨ੍ਹਾਂ ਦੀ ਦੋਸਤੀ ਸ਼ੁਰੂ ਹੋਈ ਸੀ। ਨੌਜਵਾਨ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਇਸ ਖੂਨੀ ਕਦਮ ਅਤੇ ਆਪਣੇ ਪ੍ਰੇਮੀ ਤੇ ਗੋਲੀਆਂ ਚਲਵਾਉਣ ਤੋਂ ਨਾਰਾਜ਼ ਹੋ ਕੇ ਰੈਨਾ ਨੇ ਇਹ ਕਦਮ ਚੁੱਕ ਲਿਆ।
ਦੂਜੇ ਪਾਸੇ, ਮੁਟਿਆਰ ਦੀ ਮੌਤ ਤੋਂ ਬਾਅਦ ਸਿਵਲ ਹਸਪਤਾਲ ਪਹੁੰਚੇ ਮ੍ਰਿਤਕਾ ਦੇ ਭਰਾ ਰੋਹਨ ਧੀਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਦਿਵਿਆਂਸ਼ੂ ਤੇ ਗੰਭੀਰ ਦੋਸ਼ ਲਗਾਏ ਹਨ। ਰੋਹਨ ਨੇ ਦੱਸਿਆ ਕਿ ਉਸ ਦੀ ਭੈਣ 22-23 ਸਾਲ ਦੀ ਪੜ੍ਹੀ-ਲਿਖੀ ਲੜਕੀ ਸੀ। ਦੋਸ਼ੀ ਦਿਵਿਆਂਸ਼ੂ ਪਿਛਲੇ 3 ਮਹੀਨਿਆਂ ਤੋਂ ਗਲੀ ਵਿਚ ਆ ਕੇ ਉਸ ਦੀ ਭੈਣ ਨੂੰ ਲਗਾਤਾਰ ਪ੍ਰੇਸ਼ਾਨ ਅਤੇ ਤੰਗ ਕਰ ਰਿਹਾ ਸੀ। ਰੋਹਨ ਅਨੁਸਾਰ, ਉਨ੍ਹਾਂ ਨੇ ਅਤੇ ਪਰਿਵਾਰ ਨੇ ਦੋਸ਼ੀ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ 10-15 ਵਾਰ ਸਮਝਾਇਆ, ਪਰ ਉਸ ਨੇ ਛੇੜਛਾੜ ਬੰਦ ਨਹੀਂ ਕੀਤੀ। ਭਰਾ ਨੇ ਦੋਸ਼ ਲਗਾਇਆ ਕਿ ਕੱਲ੍ਹ ਰਾਤ ਉਹ ਸਾਡੇ ਘਰ ਦੇ ਬਾਹਰ ਆ ਕੇ ਤੇਜ਼ ਆਵਾਜ਼ ਵਿਚ ਗਾਣੇ ਵਜਾ ਰਿਹਾ ਸੀ, ਸ਼ਰਾਬ ਪੀਤੀ ਅਤੇ ਘੰਟੀ ਵਜਾਈ। ਜਦੋਂ ਅਸੀਂ ਬਾਹਰ ਨਿਕਲੇ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਸਾਡੇ ਤੇ ਥਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਹੈਬੋਵਾਲ ਤੋਂ 8-10 ਲੜਕੇ ਬੁਲਾ ਕੇ ਸਾਡੇ ਤੇ ਫਾਇਰਿੰਗ ਵੀ ਕਰਵਾਈ, ਜਦਕਿ ਸਾਡੇ ਪਰਿਵਾਰ ਵੱਲੋਂ ਕੋਈ ਗੋਲੀ ਨਹੀਂ ਚਲਾਈ ਗਈ। ਰੋਹਨ ਨੇ ਦਾਅਵਾ ਕੀਤਾ ਕਿ ਉਸ ਕੋਲ ਦੋਸ਼ੀ ਵੱਲੋਂ ਭੇਜੇ ਗਏ ਗਲਤ ਮੈਸੇਜਿਸ ਅਤੇ 2 ਮਹੀਨਿਆਂ ਦੀ ਆਡੀਓ ਰਿਕਾਰਡਿੰਗ ਦੇ ਪੁਖਤਾ ਸਬੂਤ ਹਨ। ਭਰਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਭੈਣ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ-3 ਦੇ ਸਬ-ਇੰਸਪੈਕਟਰ ਹਰਪਾਲ ਸਿੰਘ ਪੁਲੀਸ ਟੀਮ ਨਾਲ ਸੀ. ਐਮ. ਸੀ. ਹਸਪਤਾਲ ਪਹੁੰਚੇ ਅਤੇ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ। ਸਬ-ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਹਰਚਰਨ ਨਗਰ ਦੀ 23 ਸਾਲਾ ਮੁਟਿਆਰ ਰੈਨਾ ਧੀਰ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਆਪਣੇ ਮੁੱਢਲੇ ਬਿਆਨਾਂ ਵਿਚ ਦੋਸ਼ ਲਗਾਇਆ ਹੈ ਕਿ ਦਿਵਿਆਂਸ਼ੂ ਬੱਗਾ ਨਾਮ ਦਾ ਨੌਜਵਾਨ ਉਸ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਦੇ ਮਾਨਸਿਕ ਤਣਾਅ ਦੇ ਚੱਲਦਿਆਂ ਮੁਟਿਆਰ ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਾਤ ਨੂੰ ਹੋਏ ਕਥਿਤ ਹਮਲੇ ਅਤੇ ਗੋਲੀਬਾਰੀ ਦੇ ਤੱਥਾਂ ਦੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਨੂੰ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Punjab
ਪਟਾਕਿਆਂ ਕਾਰਨ ਲੱਗੀ ਅੱਗ ਵਿੱਚ ਕਈ ਝੁੱਗੀਆਂ ਸੜੀਆਂ, 4 ਵਿਅਕਤੀ ਝੁਲਸੇ
ਲੁਧਿਆਣਾ, 3 ਨਵੰਬਰ (ਸ.ਬ.) ਲੁਧਿਆਣਾ ਦੇ ਜੱਸੀਆਂ ਰੋਡ ਤੇ ਬੀਤੀ ਦੇਰ ਰਾਤ ਪਟਾਕਿਆਂ ਦੀ ਚਿੰਗਾਰੀ ਕਾਰਨ ਝੁੱਗੀਆਂ ਵਿੱਚ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਕਰੀਬ 15 ਝੁੱਗੀਆਂ ਇਸ ਦੀ ਲਪੇਟ ਵਿੱਚ ਆ ਗਈਆਂ। ਅੱਗ ਦੀ ਲਪੇਟ ਵਿੱਚ ਆਉਣ ਕਾਰਨ ਤਿੰਨ ਤੋਂ ਚਾਰ ਲੋਕ ਵੀ ਝੁਲਸ ਗਏ। ਇਸ ਦੌਰਾਨ ਝੁੱਗੀਆਂ ਵਿੱਚ ਰੱਖੇ ਚਾਰ ਤੋਂ ਪੰਜ ਗੈਸ ਸਿਲੰਡਰ ਇੱਕ ਤੋਂ ਬਾਅਦ ਇੱਕ ਧਮਾਕਿਆਂ ਨਾਲ ਫਟ ਗਏ।
ਪ੍ਰਾਪਤ ਜਾਣਕਾਰੀ ਮੁਤਾਬਕ, ਬੀਤੀ ਰਾਤ ਕਰੀਬ 11:30 ਵਜੇ ਝੁੱਗੀਆਂ ਵਿੱਚ ਅਚਾਨਕ ਅੱਗ ਲੱਗ ਗਈ। ਜ਼ਿਕਰਯੋਗ ਹੈ ਕਿ ਪਟਾਕਿਆਂ ਵਿੱਚੋਂ ਨਿਕਲੀ ਚਿੰਗਾਰੀ ਝੁੱਗੀਆਂ ਤੱਕ ਪਹੁੰਚਣ ਕਾਰਨ ਅੱਗ ਲੱਗੀ।
ਝੁੱਗੀਆਂ ਇੱਕ-ਦੂਜੇ ਦੇ ਨੇੜੇ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲਦੀ ਗਈ ਅਤੇ ਕਰੀਬ 15 ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀਆਂ ਲਪਟਾਂ ਉੱਠਦੀਆਂ ਦੇਖ ਆਲੇ-ਦੁਆਲੇ ਦੇ ਲੋਕ ਮੌਕੇ ਤੇ ਪਹੁੰਚੇ ਅਤੇ ਆਪਣੇ ਪੱਧਰ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ। ਲੋਕਾਂ ਨੇ ਪਾਣੀ ਅਤੇ ਮਿੱਟੀ ਪਾ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਲਗਾਤਾਰ ਫੈਲਦੀ ਰਹੀ।
ਇਸੇ ਦੌਰਾਨ ਝੁੱਗੀਆਂ ਵਿੱਚ ਰੱਖੇ ਗੈਸ ਸਿਲੰਡਰਾਂ ਵਿੱਚ ਧਮਾਕੇ ਹੋਣੇ ਸ਼ੁਰੂ ਹੋ ਗਏ। ਇੱਕ ਤੋਂ ਬਾਅਦ ਇੱਕ ਚਾਰ ਤੋਂ ਪੰਜ ਸਿਲੰਡਰ ਫਟਣ ਕਾਰਨ ਸਥਿਤੀ ਹੋਰ ਵੀ ਭਿਆਨਕ ਹੋ ਗਈ। ਧਮਾਕਿਆਂ ਦੀਆਂ ਆਵਾਜ਼ਾਂ ਦੂਰ ਤੱਕ ਸੁਣਾਈ ਦਿੱਤੀਆਂ। ਇਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਦੇਰ ਰਾਤ ਤੱਕ ਫਾਇਰ ਕਰਮਚਾਰੀ ਅੱਗ ਤੇ ਕਾਬੂ ਪਾਉਣ ਵਿੱਚ ਜੁਟੇ ਰਹੇ। ਹਾਲਾਂਕਿ, ਲੋਕਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
Chandigarh
ਹਰਦੀਪ ਸਿੰਘ ਮੁੰਡੀਆਂ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ 11 ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ
ਚੰਡੀਗੜ੍ਹ, 3 ਨਵੰਬਰ (ਸ.ਬ.) ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਵਿਭਾਗ ਵਿੱਚ ਨਵ-ਨਿਯੁਕਤ 11 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੰਜਾਬ ਭਵਨ ਵਿਖੇ ਕਰਵਾਏ ਗਏ ਸੰਖੇਪ ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਨਿਯੁਕਤੀਆਂ ਪੰਜਾਬ ਸਰਕਾਰ ਦੀ ਤਰਸ ਦੇ ਆਧਾਰ ਤੇ ਨੌਕਰੀ ਦੇਣ ਦੀ ਨੀਤੀ ਤਹਿਤ ਕੀਤੀਆਂ ਗਈਆਂ ਹਨ। ਇਸ ਨੀਤੀ ਤਹਿਤ ਸਰਕਾਰੀ ਸੇਵਾ ਦੌਰਾਨ ਅਕਾਲ ਚਲਾਣਾ ਕਰ ਗਏ ਮੁਲਾਜ਼ਮਾਂ ਦੇ ਯੋਗ ਪਰਿਵਾਰਕ ਮੈਂਬਰਾਂ ਨੂੰ ਰੁਜ਼ਗਾਰ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲਿਆਂ ਵਿੱਚ ਇੱਕ ਜੂਨੀਅਰ ਡਰਾਫਟਸਮੈਨ, ਤਿੰਨ ਕਲਰਕ ਅਤੇ ਸੱਤ ਸੇਵਾਦਾਰ ਸ਼ਾਮਲ ਹਨ।
ਇਸ ਮੌਕੇਸ. ਮੁੰਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਦੀ ਭਲਾਈ ਅਤੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਨਵੇਂ ਭਰਤੀ ਹੋਏ ਮੁਲਾਜ਼ਮ ਆਪਣੀ ਸਮਰਪਿਤ ਸੇਵਾ ਰਾਹੀਂ ਪੰਜਾਬ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣਗੇ। ਉਹਨਾਂ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਨੂੰ ਸਰਕਾਰੀ ਨੌਕਰੀ ਦੇ ਕੇ ਸੂਬਾ ਸਰਕਾਰ ਨੇ ਪੀੜਤ ਪਰਿਵਾਰਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਉਨ੍ਹਾਂ ਨਵ-ਨਿਯੁਕਤ ਮੁਲਾਜ਼ਮਾਂ ਨੂੰ ਆਪਣੀਆਂ ਡਿਊਟੀਆਂ ਪੂਰੀ ਇਮਾਨਦਾਰੀ, ਤਨਦੇਹੀ ਅਤੇ ਵਚਨਬੱਧਤਾ ਨਾਲ ਨਿਭਾਉਣ ਅਤੇ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨ ਦੀ ਅਪੀਲ ਕੀਤੀ।
ਵਿਭਾਗ ਵਲੋਂ ਕੀਤੀ ਗਈ ਭਰਤੀ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਵਿਭਾਗ ਵੱਲੋਂ 44 ਉਪ ਮੰਡਲ ਇੰਜੀਨੀਅਰ, 97 ਜੂਨੀਅਰ ਇੰਜੀਨੀਅਰ, 84 ਜੂਨੀਅਰ ਡਰਾਫਟਸਮੈਨ, 59 ਕਲਰਕ, 27 ਸਟੈਨੋ-ਟਾਈਪਿਸਟ, 34 ਜੂਨੀਅਰ ਟੈਕਨੀਸ਼ੀਅਨ, 77 ਤਕਨੀਕੀ ਸਹਾਇਕ, 135 ਸੇਵਾਦਾਰ, ਦੋ ਚੌਕੀਦਾਰ ਅਤੇ 11 ਸਫ਼ਾਈ ਸੇਵਕ ਭਰਤੀ ਕੀਤੇ ਗਏ ਹਨ ਜਿਹੜੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਵਾਧੂ ਮੁਲਾਜ਼ਮਾਂ ਦੀ ਭਰਤੀ ਨਾਲ ਵਿਭਾਗ ਦੀਆਂ ਮਨੁੱਖੀ ਸਰੋਤਾਂ ਸਬੰਧੀ ਲੋੜਾਂ ਪੂਰੀਆਂ ਕਰਨ ਵਿੱਚ ਮਦਦ ਮਿਲੇਗੀ ਅਤੇ ਚੱਲ ਰਹੇ ਤੇ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਵਿਕਾਸ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਵਿਭਾਗ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਪੇਂਡੂ ਪੰਜਾਬ ਦੇ ਵਸਨੀਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਅਤੇ ਬਿਹਤਰ ਸੈਨੀਟੇਸ਼ਨ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਰਕਾਰ ਦੀਆਂ ਰੁਜ਼ਗਾਰ ਯੋਜਨਾਵਾਂ ਤਹਿਤ ਯੋਗ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵੀ ਯਤਨਸ਼ੀਲ ਹੈ।
ਇਸ ਦੌਰਾਨ ਵਿੱਤ ਕਮਿਸ਼ਨਰ (ਰੈਵੀਨਿਊ) ਸ੍ਰੀਮਤੀ ਜਸਪ੍ਰੀਤ ਤਲਵਾੜ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਮਵੀਰ, ਵਿਭਾਗ ਦੀ ਮੁਖੀ ਸ੍ਰੀਮਤੀ ਸਈਅਦ ਸਹਿਰਿਸ਼ ਅਸਗਰ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀ ਤੇ ਮੁੱਖ ਇੰਜੀਨੀਅਰ ਹਾਜ਼ਰ ਸਨ।
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
National2 months agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Editorial2 months agoਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
Chandigarh1 month ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
International4 weeks agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
