Connect with us

Editorial

ਕੀ ਕਹਿੰਦੇ ਹਨ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦੇ ਨਤੀਜੇ?

Published

on

ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦੇ ਨਤੀਜਿਆਂ ਦੀ ਚਰਚਾ ਪੂਰੇ ਵਿਸ਼ਵ ਵਿੱਚ ਹੋ ਰਹੀ ਹੈ। ਇਹਨਾਂ ਨਤੀਜਿਆਂ ਦੇ ਆਉਣ ਤੋਂ ਤੁਰੰਤ ਬਾਅਦ ਵਿਸ਼ਵ ਦੀ ਰਾਜਨੀਤੀ ਅਤੇ ਆਰਥਿਕਤਾ ਪ੍ਰਭਾਵਿਤ ਹੋਣ ਲੱਗ ਪਈ ਹੈ। ਇਹਨਾਂ ਚੋਣਾਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀ ਪਾਰਟੀ ਦੀ ਹਾਰ ਤੋਂ ਬਾਅਦ ਜਿੱਥੇ ਵਿਸ਼ਵ ਸਿਆਸਤ ਵਿੱਚ ਨਵੇਂ ਸਮੀਕਰਨ ਬਣਨੇ ਸ਼ੁਰੂ ਹੋ ਗਏ, ਉਥੇ ਸ਼ੇਅਰ ਬਾਜ਼ਾਰ ਅਤੇ ਸਟਾਕ ਮਾਰਕੀਟ ਵਿੱਚ ਵੀ ਵੱਡੀ ਉਥਲ ਪੁਥਲ ਹੋ ਗਈ ਅਤੇ ਹੋਰਨਾਂ ਦੇਸ਼ਾਂ ਵਾਂਗ ਭਾਰਤ ਵਿੱਚ ਵੀ ਸੋਨੇ ਚਾਂਦੀ ਦੇ ਭਾਅ ਇੱਕ ਦਮ ਹੀ ਵੱਧ ਗਏ।

ਜ਼ਿਕਰਯੋਗ ਹੈ ਕਿ ਅਮਰੀਕੀ ਮੱਧਕਾਲੀ ਚੋਣਾਂ ਦੇ ਨਤੀਜਿਆਂ ਨੇ ਅਮਰੀਕੀ ਸਿਆਸਤ ਵਿੱਚ ਵੱਡਾ ਉਲਟਫੇਰ ਕਰ ਦਿੱਤਾ ਹੈ। ਸੈਨੇਟ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਨੇ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਵਿੱਚ ਵੀ ਜ਼ਬਰਦਸਤ ਜਿੱਤ ਹਾਸਲ ਕਰਕੇ ਅਮਰੀਕੀ ਸੰਸਦ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਇਹ ਨਤੀਜਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰਿਪਬਲਿਕਨ ਪ੍ਰਸ਼ਾਸਨ ਲਈ ਇੱਕ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿੱਚ ਡੈਮੋਕਰੇਟਿਕ ਪਾਰਟੀ ਨੇ ਜ਼ਬਰਦਸਤ ਵਾਪਸੀ ਕਰਦਿਆਂ 435 ਮੈਂਬਰੀ ‘ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼’ (ਹੇਠਲਾ ਸਦਨ) ਅਤੇ 100 ਮੈਂਬਰੀ ‘ਸੈਨੇਟ’ ਦੋਵਾਂ ਵਿੱਚ ਹੀ ਪੂਰਨ ਬਹੁਮਤ ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੀ 30 ਸੂਬਿਆਂ ਵਿੱਚ ਆਪਣੇ ਗਵਰਨਰ ਬਣਾ ਕੇ ਸੱਤਾ ਤੇ ਕਬਜ਼ਾ ਕੀਤਾ ਹੈ।

ਇਸ ਹਾਰ ਦਾ ਸਭ ਤੋਂ ਵੱਡਾ ਕਾਰਨ ਮਹਿੰਗਾਈ ਅਤੇ ਵਧ ਰਿਹਾ ਖਰਚਾ ਹੈ। ਇਥੇ ਲਗਭਗ 90 ਫੀਸਦੀ ਵੋਟਰਾਂ ਨੇ ਮੰਨਿਆ ਕਿ ਰੋਜ਼ਾਨਾ ਦੇ ਖਰਚਿਆਂ ਨੇ ਉਨ੍ਹਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਸੀ ਅਤੇ ਲੋਕਾਂ ਨੇ ਇਸ ਦਾ ਸਾਰਾ ਦੋਸ਼ ਟਰੰਪ ਸਰਕਾਰ ਤੇ ਮੜ੍ਹ ਦਿੱਤਾ। ਇਸ ਤੋਂ ਇਲਾਵਾ, ਲਗਭਗ 60 ਫੀਸਦੀ ਵੋਟਰਾਂ ਦਾ ਮੰਨਣਾ ਸੀ ਕਿ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਹੱਦੋਂ ਵੱਧ ਸਖ਼ਤ ਸਨ, ਜਿਸ ਕਾਰਨ ਹਿਸਪੈਨਿਕ ਭਾਈਚਾਰੇ ਸਮੇਤ ਕਈ ਵੋਟਰ ਉਨ੍ਹਾਂ ਤੋਂ ਪਾਸਾ ਵੱਟ ਗਏ ਸਨ।

ਚੋਣਾਂ ਵਾਲੇ ਦਿਨ ਹੀ ਟਰੰਪ ਵੱਲੋਂ ਇਜ਼ਰਾਈਲ ਦੀ 4 ਅਰਬ ਡਾਲਰ ਦੀ ਸਾਲਾਨਾ ਮਦਦ ਬੰਦ ਕਰਨ ਦੇ ਅਚਾਨਕ ਐਲਾਨ ਨੇ ਉਨ੍ਹਾਂ ਦੀ ਪਾਰਟੀ ਅੰਦਰ ਵੀ ਦੁਬਿਧਾ ਪੈਦਾ ਕਰ ਦਿੱਤੀ ਸੀ। ਟਰੰਪ ਨੇ ਇਨ੍ਹਾਂ ਚੋਣਾਂ ਨੂੰ ਆਪਣੇ ਵਿਅਕਤੀਗਤ ਰੂਪ ਵਿੱਚ ਲਿਆ ਸੀ, ਜਿਸ ਨੇ ਡੈਮੋਕ੍ਰੇਟਿਕ ਵਿਰੋਧੀ ਵੋਟਰਾਂ ਵਿੱਚ ਭਾਰੀ ਉਤਸ਼ਾਹ ਅਤੇ ਲਾਮਬੰਦੀ ਪੈਦਾ ਕਰ ਦਿੱਤੀ ਸੀ।

ਮੱਧਕਾਲੀ ਚੋਣਾਂ ਵਿੱਚ ਆਪਣੀ ਪਾਰਟੀ ਦੀ ਵੱਡੀ ਹਾਰ ਤੋਂ ਵੀ ਕੋਈ ਸਬਕ ਨਾ ਲੈਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਵੱਡਾ ਦਾਅਵਾ ਕੀਤਾ ਹੈ ਕਿ ਉਹਨਾਂ ਕੋਲ ਸ਼ਕਤੀਸ਼ਾਲੀ ਵੀਟੋ ਪਾਵਰ ਹੈ ਅਤੇ ਉਹ ਸੰਸਦ ਦੇ ਹਰ ਫੈਸਲੇ ਤੇ ਵੀਟੋ ਦੀ ਵਰਤੋਂ ਕਰ ਸਕਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਆਪਣੀ ਪਾਰਟੀ ਦੀ ਹਾਰ ਦੇ ਬਾਵਜੂਦ ਟਰੰਪ ਹਾਰ ਕਬੂਲਨ ਲਈ ਤਿਆਰ ਨਹੀਂ ਹਨ।

ਅਮਰੀਕਾ ਦੇ ਰਾਸ਼ਟਰਪਤੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਪੂਰੇ ਵਿਸ਼ਵ ਵਿੱਚ ਅਮਰੀਕਾ ਦੀ ਸਰਦਾਰੀ ਚਾਹੁੰਦੇ ਹਨ। ਇਸ ਤੋਂ ਇਲਾਵਾ ਟਰੰਪ ਵੱਖ ਵੱਖ ਦੇਸ਼ਾਂ ਦੇ ਤੇਲ ਸੋਮਿਆਂ ਅਤੇ ਕੁਦਰਤੀ ਖਣਿਜ਼ਾਂ ਦੇ ਭੰਡਾਰਾਂ ਤੇ ਵੀ ਕਬਜਾ ਕਰਨਾ ਚਾਹੁੰਦੇ ਹਨ। ਟਰੰਪ ਵੱਲੋਂ ਵੱਖ- ਵੱਖ ਦੇਸ਼ਾਂ ਨੂੰ ਦਬਾਉਣ ਦੀ ਨੀਤੀ ਤਹਿਤ ਹੀ ਇਰਾਨ ਉਪਰ ਹਮਲੇ ਜਾਰੀ ਹਨ। ਦੂਜੇ ਪਾਸੇ ਟਰੰਪ ਦੇ ਵਿਰੁੱਧ ਫਤਵਾ ਦੇ ਕੇ ਅਮਰੀਕਾ ਦੇ ਆਮ ਲੋਕਾਂ ਨੇ ਸੁਨੇਹਾ ਦੇ ਦਿੱਤਾ ਹੈ ਕਿ ਉਹ ਟਰੰਪ ਦੀਆਂ ਹਮਲਾਵਰ ਨੀਤੀਆਂ ਨਾਲ ਸਹਿਮਤ ਨਹੀਂ ਹਨ।

ਟਰੰਪ ਦੀਆਂ ਨੀਤੀਆਂ ਕਾਰਨ ਅਮਰੀਕਾ ਦੇ ਗੁਆਂਢੀਂ ਦੇਸ਼ ਕੈਨੇਡਾ ਨਾਲ ਵੀ ਅਮਰੀਕਾ ਦੇ ਵਪਾਰਕ ਸਬੰਧ ਸੁਖਾਂਵੇਂ ਨਹੀਂ ਰਹੇ ਪਰ ਹੁਣ ਟਰੰਪ ਨੂੰ ਮਿਲੀ ਹਾਰ ਕਾਰਨ ਅਮਰੀਕਾ ਦੇ ਕੈਨੇਡਾ ਨਾਲ ਵਪਾਰਕ ਸਬੰਧ ਮੁੜ ਮਜਬੂਤ ਹੋਣ ਦੀ ਉਮੀਦ ਬਣ ਗਈ ਹੈ। ਇਨ੍ਹਾਂ ਚੋਣ ਨਤੀਜਿਆਂ ਦਾ ਅਸਰ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਉੱਤੇ ਵੀ ਪੈ ਸਕਦਾ ਹੈ। ਅਮਰੀਕੀ ਸੰਸਦ ਵਿੱਚ ਵਪਾਰਕ ਨੀਤੀਆਂ, ਆਯਾਤ ਸ਼ੁਲਕ ਅਤੇ ਐਚ-1ਬੀ ਵੀਜ਼ਾ ਵਰਗੇ ਮੁੱਦਿਆਂ ਉੱਤੇ ਸੰਸਦੀ ਬਹਿਸ ਅਤੇ ਨਿਗਰਾਨੀ ਹੋਰ ਤੇਜ਼ ਹੋਣ ਦੀ ਉਮੀਦ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਆਪਸੀ ਸਹਿਯੋਗ ਅਤੇ ਵਪਾਰਕ ਸਮੀਕਰਨ ਪ੍ਰਭਾਵਿਤ ਹੋ ਸਕਦੇ ਹਨ।

ਕਾਂਗਰਸ ਵਿੱਚ ਡੈਮੋਕ੍ਰੇਟਸ ਦੇ ਮਜ਼ਬੂਤ ਹੋਣ ਨਾਲ ਟਰੰਪ ਦੀਆਂ ਗਲੋਬਲ ਟੈਰਿਫ ਨੀਤੀਆਂ ਨੂੰ ਹੁਣ ਬਿਨਾਂ ਕਿਸੇ ਰੋਕ-ਟੋਕ ਦੇ ਲਾਗੂ ਕਰਨਾ ਬਹੁਤ ਮੁਸ਼ਕਿਲ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਮੱਧ ਕਾਲੀ ਚੋਣਾਂ ਦੇ ਨਤੀਜਿਆਂ ਕਾਰਨ ਰਾਸ਼ਟਰਪਤੀ ਟਰੰਪ ਦੀਆਂ ਆਪਹੁਦਰੀਆਂ ਕਾਰਵਾਈਆਂ ਅਤੇ ਮਨਮਰਜੀਆਂ ਨੂੰ ਨੱਥ ਪਵੇਗੀ ਅਤੇ ਟਰੰਪ ਨੂੰ ਹੁਣ ਬਹੁਤ ਸੰਭਲ ਸੰਭਲ ਕੇ ਚੱਲਣਾ ਪਵੇਗਾ।

ਬਿਊਰੋ

Continue Reading

Editorial

ਸ਼ਹਿਰ ਅਤੇ ਜਿਲ੍ਹੇ ਵਿੱਚ ਲੱਗੇ ਪਟਾਕੇ ਚਲਾਉਣ ਤੇ ਮੁਕੰਮਲ ਪਾਬੰਦੀ

Published

on

By

ਦਿਵਾਲੀ ਦਾ ਤਿਉਹਾਰ ਆ ਗਿਆ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਬੀਤੇ ਦਿਨੀਂ ਦਿਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਦੌਰਾਨ ਪਟਾਕੇ ਅਤੇ ਆਤਿਸ਼ਬਾਜੀ ਚਲਾਉਣ ਵਾਲਿਆਂ ਲਈ ਸਮਾਂ ਸੀਮਾਂ ਦਾ ਐਲਾਨ ਕੀਤਾ ਗਿਆ ਹੈ ਜਿਸਦੇ ਤਹਿਤ ਇਹਨਾਂ ਤਿਉਹਾਰਾਂ ਮੌਕੇ ਮਿੱਥੇ ਸਮੇਂ ਤੇ ਹੀ ਪਟਾਕੇ ਅਤੇ ਆਤਿਸ਼ਬਾਜੀ ਚਲਾਈ ਜਾ ਸਕੇਗੀ। ਜਿਲ੍ਹਾ ਪ੍ਰਸ਼ਾਸ਼ਨ ਵਲੋਂ ਭਾਵੇਂ ਪਟਾਕੇ ਅਤੇ ਆਤਿਸ਼ਬਾਜੀ ਚਲਾਉਣ ਵਾਸਤੇ ਸਮਾਂ ਸੀਮਾਂ ਨਿਰਧਾਰਤ ਕਰ ਦਿੱਤੀ ਗਈ ਹੈ ਪਰੰਤੂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪ੍ਰਸ਼ਾਸ਼ਨ ਵਲੋਂ ਜਾਰੀ ਕੀਤੇ ਗਏ ਇਹਨਾਂ ਹੁਕਮਾਂ ਦਾ ਜਮੀਨੀ ਪੱਧਰ ਤੇ ਕੀ ਹਸ਼ਰ ਹੋਣਾ ਹੈ। ਪਟਾਕੇ ਚਲਾਉਣ ਦੀ ਸਮਾਂ ਸੀਮਾਂ ਤੈਅ ਕਰਨ ਦੇ ਹੁਕਮ ਹਰ ਸਾਲ ਹੀ ਜਾਰੀ ਕੀਤੇ ਜਾਂਦੇ ਹਨ ਪਰੰਤੂ ਪਟਾਕੇ ਚਲਾਉਣ ਵਾਲੇ ਲੋਕ ਇਹਨਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਅਤੇ ਪੂਰੀ ਰਾਤ ਪਟਾਕੇ ਚਲਦੇ ਰਹਿੰਦੇ ਹਨ।

ਇਸ ਗੱਲ ਤੋਂ ਅਸੀਂ ਸਾਰੇ ਹੀ ਚੰਗੀ ਤਰ੍ਹਾਂ ਜਾਣੂੰ ਹਾਂ ਕਿ ਪਟਾਕੇ ਚਲਾਉਣ ਦੌਰਾਨ ਜਿਹੜਾ ਜਹਿਰੀਲਾ ਧੂਆਂ ਨਿਕਲਦਾ ਹੈ ਉਹ ਮਨੁੱਖੀ ਸਿਹਤ ਲਈ ਬਹੁਤ ਜਿਆਦਾ ਨੁਕਸਾਨਦਾਇਕ ਹੁੰਦਾ ਹੈ। ਇਸ ਵੇਲੇ ਵਾਤਾਵਰਨ ਵਿੱਚ ਪ੍ਰਦੂਸ਼ਨ ਦਾ ਪੱਧਰ ਪਹਿਲਾਂ ਹੀ ਜਿਆਦਾ ਹੈ ਇਸ ਲਈ ਪਟਾਕਿਆਂ ਦੇ ਧੂਏਂ ਨਾਲ ਸਾਡੇ ਵਾਤਾਵਰਨ ਵਿੱਚ ਜਿਹੜਾ ਜਹਿਰ ਘੁਲਣਾ ਹੈ ਉਸ ਨੇ ਸਾਡੇ ਸਾਰਿਆਂ ਦੀ ਸਿਹਤ ਤੇ ਬਹੁਤ ਮਾੜਾ ਅਸਰ ਪਾਉਣਾ ਹੈ। ਸਾਡੇ ਸ਼ਹਿਰ ਵਿੱਚ ਅਜਿਹੇ ਵੱਡੀ ਗਿਣਤੀ ਬਜੁਰਗ ਰਹਿੰਦੇ ਹਨ ਜਿਹੜੇ ਪਹਿਲਾਂ ਹੀ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹਨ ਅਤੇ ਪਟਾਕਿਆਂ ਦੇ ਰੂਪ ਵਿੱਚ ਵਾਤਾਵਰਨ ਵਿੱਚ ਵਧਣ ਵਾਲਾ ਪ੍ਰਦੂਸ਼ਨ ਦਾ ਇਹ ਜਹਿਰ ਅਜਿਹੇ ਵਿਅਕਤੀਆਂ ਲਈ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ।

ਇਸ ਪੱਖੋਂ ਪ੍ਰਸ਼ਾਸ਼ਨ ਵਲੋਂ ਵੀ ਸਿਰਫ ਹੁਕਮ ਜਾਰੀ ਕਰਕੇ ਆਪਣੇ ਹੱਥ ਝਾੜ ਲਏ ਜਾਂਦੇ ਹਨ ਅਤੇ ਇਹਨਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਹੁੰਦੀ। ਪ੍ਰਸ਼ਾਸ਼ਨ ਵਲੋਂ ਇਸ ਤਰੀਕੇ ਨਾਲ ਹੁਕਮ ਜਾਰੀ ਕੀਤੇ ਜਾਣ ਦਾ ਨਾ ਤਾਂ ਕੋਈ ਅਸਰ ਦਿਖਦਾ ਹੈ ਅਤੇ ਨਾ ਹੀ ਇਹਨਾਂ ਹੁਕਮਾਂ ਦਾ ਅਸਲ ਮੰਤਵ ਹੀ ਪੂਰਾ ਹੁੰਦਾ ਹੈ। ਇਹ ਠੀਕ ਹੈ ਕਿ ਲੋਕਾਂ ਵਿੱਚ ਤਿਉਹਾਰ ਦੇ ਉਤਸਾਹ ਨੂੰ ਵੇਖਦਿਆਂ ਪਟਾਕੇ ਚਲਾਉਣ ਤੇ ਰੋਕ ਲਗਾਉਣਾ ਆਸਾਨ ਨਹੀਂ ਹੈ ਪਰੰਤੂ ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਨ ਨੂੰ ਕਾਬੂ ਕਰਨ ਲਈ ਅਜਿਹੇ ਸਖਤ ਫੈਸਲੇ ਲੈਣੇ ਜਰੂਰੀ ਹੋ ਜਾਂਦੇ ਹਨ ਅਤੇ ਜੇਕਰ ਸਥਾਨਕ ਪ੍ਰਸ਼ਾਸ਼ਨ ਪਟਾਕੇ ਚਲਾਉਣ ਲਈ ਜਾਰੀ ਕੀਤੀ ਗਈ ਸਮਾਂ ਸੀਮਾ ਨੂੰ ਮੁਕੰਮਲ ਤੌਰ ਤੇ ਲਾਗੂ ਨਹੀਂ ਕਰਵਾ ਸਕਦਾ ਤਾਂ ਉਸ ਵਲੋਂ ਪਟਾਕਿਆਂ ਤੇ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕਰਨੇ ਚਾਹੀਦੇ ਹਨ।

ਇਸ ਸੰਬੰਧੀ ਵਾਤਾਵਰਨ ਪ੍ਰੇਮੀਆਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਲਗਾਤਾਰ ਵੱਧਦੇ ਪ੍ਰਦੂਸ਼ਨ ਅਤੇ ਸਾਹ ਦੀਆਂ ਵੱਧਦੀਆਂ ਬਿਮਾਰੀਆਂ ਦੇ ਖਤਰੇ ਨੂੰ ਮੁੱਖ ਰੱਖਦਿਆਂ ਸਥਾਨਕ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿੱਚ ਪਟਾਕੇ ਚਲਾਉਣ ਦੀ ਕਾਰਵਾਈ ਉੱਪਰ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕਰ ਦਿੱਤੇ ਜਾਣਗੇ, ਪਰੰਤੂ ਅਜਿਹਾ ਨਹੀਂ ਹੋਇਆ ਹੈ ਅਤੇ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਇਸ ਵਾਰ ਵੀ ਸ਼ਹਿਰ ਅਤੇ ਜਿਲ੍ਹੇ ਵਿੱਚ ਪਟਾਕਿਆਂ ਅਤੇ ਆਤਿਸ਼ਬਾਜੀ ਦੇ ਜਹਿਰੀਲੇ ਧੂਏ ਕਾਰਨ ਵਾਤਾਵਰਨ ਦੇ ਬੁਰੀ ਤਰ੍ਹਾਂ ਪਲੀਤ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪਟਾਕੇ ਚਲਾਉਣ ਲਈ ਸਮਾਂ ਤੈਅ ਕੀਤੇ ਜਾਣ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਇਸ ਸਾਲ ਵੀ ਸ਼ਹਿਰ ਵਿੱਚ ਨਾ ਸਿਰਫ ਵੱਡੇ ਪੱਧਰ ਤੇ ਪਟਾਕੇ ਵੇਚੇ ਜਾਣਗੇ ਬਲਕਿ ਇਹਨਾਂ ਪਟਾਕਿਆ ਨੂੰ ਚਲਾਏ ਜਾਣ ਕਾਰਨ ਸ਼ਹਿਰ ਦੇ ਵਾਤਾਵਰਨ ਨੂੰ ਵੀ ਭਾਰੀ ਨੁਕਸਾਨ ਸਹਿਣਾ ਪੈਣਾ ਹੈ।

ਜੇਕਰ ਪ੍ਰਸ਼ਾਸ਼ਨ ਵਲੋਂ ਤਿਉਹਾਰਾਂ ਮੌਕੇ ਪਟਾਕੇ ਵੇਚਣ ਅਤੇ ਚਲਾਉਣ ਉਪਰ ਪਾਬੰਦੀ ਨਾ ਲਗਾਈ ਗਈ ਤਾਂ ਤਿਉਹਾਰਾਂ ਮੌਕੇ ਲੋਕਾਂ ਵਲੋਂ ਬਹੁਤ ਵੱਡੀ ਮਾਤਰਾ ਵਿੱਚ ਪਟਾਕੇ ਚਲਾਏ ਜਾਣੇ ਹਨ ਜਿਸ ਨਾਲ ਸਾਡਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਾ ਹੈ ਅਤੇ ਇਸ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਥਾਨਕ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਸ ਵਲੋਂ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਵਾਸਤੇ ਸਮਾਂ ਸੀਮਾ ਤੈਅ ਕਰਨ ਸੰਬੰਧੀ ਜਾਰੀ ਕੀਤੇ ਗਏ ਆਪਣੇ ਹੁਕਮਾਂ ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਸ਼ਹਿਰ ਵਿੱਚ ਪਟਾਕਿਆਂ ਦੀ ਖਰੀਦ, ਵੇਚ ਅਤੇ ਵਰਤੋਂ ਉੱਪਰ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕੀਤੇ ਜਾਣ ਤਾਂ ਜੋ ਸਾਡੇ ਸ਼ਹਿਰ ਦੇ ਵਾਤਾਵਰਨ ਨੂੰ ਹੋਰ ਪਲੀਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਪਟਾਕਿਆਂ ਕਾਰਨ ਵਾਪਰਦੇ ਹਾਦਸਿਆਂ ਤੋਂ ਵੀ ਬਚਾਓ ਹੋ ਸਕੇ।

Continue Reading

Editorial

ਪ੍ਰੋ. ਪ੍ਰੇਮ ਚੰਦੂਮਾਜਰਾ ਵੱਲੋਂ ਅਕਾਲੀ ਦਲ ਬਾਦਲ ਵਿੱਚ ਵਾਪਸੀ ਦੇ ਮਾਇਨੇ

Published

on

By

ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਅਕਾਲੀ ਦਲ ਪੁਨਰ ਸੁਰਜੀਤ ਤੋਂ ਵੱਖ ਹੋਣ ਅਤੇ ਮਾਂ ਪਾਰਟੀ ਅਕਾਲੀ ਦਲ ਬਾਦਲ ਵੱਲ ਪਰਤਣ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡੇ ਉਲਟਫੇਰ ਹੋਣ ਦੀ ਆਸ ਬਣ ਗਈ ਹੈ। ਪ੍ਰੋ. ਚੰਦੂਮਾਜਰਾ ਦੇ ਬਾਦਲ ਦਲ ਨਾਲ ਜੁੜਨ ਨਾਲ ਇਹ ਧੜਾ ਮਜਬੂਤ ਹੋ ਗਿਆ ਹੈ ਜਦੋਂਕਿ ਅਕਾਲੀ ਦਲ ਪੁਨਰ ਸੁਰਜੀਤ ਦਾ ਗਰਾਫ਼ ਹੇਠਾਂ ਜਾ ਰਿਹਾ ਹੈ।

ਹਾਲਾਂਕਿ ਪ੍ਰੋ. ਚੰਦੂਮਾਜਰਾ ਪਹਿਲੇ ਅਕਾਲੀ ਆਗੂ ਨਹੀਂ ਹਨ, ਜਿਹਨਾਂ ਨੇ ਪੁਨਰ ਸੁਰਜੀਤ ਧੜੇ ਨੂੰ ਅਲਵਿਦਾ ਕਿਹਾ ਹੈ। ਇਸ ਤੋਂ ਪਹਿਲਾਂ ਪੰਜ ਪ੍ਰਮੁੱਖ ਆਗੂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਛੱਡ ਚੁੱਕੇ ਹਨ। ਇਨ੍ਹਾਂ ਵਿੱਚ ਸੁਰਜੀਤ ਸਿੰਘ ਰੱਖੜਾ, ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸਾਬਕਾ ਮੰਤਰੀ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਬਰਾੜ, ਚਰਨਜੀਤ ਸਿੰਘ ਬਰਾੜ ਅਤੇ ਧੂਰੀ ਤੋਂ ਸਾਬਕਾ ਅਕਾਲੀ ਵਿਧਾਇਕ ਇਕਬਾਲ ਸਿੰਘ ਝੂੰਦਾ ਸ਼ਾਮਲ ਹਨ।

ਪ੍ਰੋ. ਚੰਦੂਮਾਜਰਾ ਨੇ ਵੱਖ ਵੱਖ ਅਕਾਲੀ ਧੜਿਆਂ ਨੂੰ ਏਕਤਾ ਦਾ ਸੱਦਾ ਦਿੱਤਾ ਹੈ। ਹਾਲਾਂਕਿ ਕੁਝ ਸਮਾਂ ਪਹਿਲਾਂ ਪੰਥਕ ਵੋਟਾਂ ਬਾਰੇ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਸੀ ਕਿ ਵੱਖ ਵੱਖ ਅਕਾਲੀ ਧੜੇ ਹੋਣ ਨਾਲ ਪੰਥਕ ਵੋਟਾਂ ਵੰਡੀਆਂ ਨਹੀਂ ਜਾਂਦੀਆਂ ਬਲਕਿ ਪੰਥਕ ਵੋਟਾਂ ਜਿਸ ਪਾਰਟੀ ਜਾਂ ਧੜੇ ਵੱਲ ਉਲਾਰ ਹੋ ਜਾਣ, ਉਸ ਪਾਰਟੀ ਜਾਂ ਧੜੇ ਦੀ ਜਿੱਤ ਹੋ ਜਾਂਦੀ ਹੈ। ਇਹ ਪੰਥਕ ਵੋਟਾਂ 1989 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਮਾਨ ਵੱਲ ਚਲੀਆਂ ਗਈਆਂ ਸਨ, ਜਿਸ ਕਾਰਨ ਲੋਕ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਵਿੱਚ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਹੋਰਨਾਂ ਉਮੀਦਵਾਰਾਂ ਦੀ ਹੁੰਝਾਫੇਰ ਜਿੱਤ ਹੋਈ ਸੀ। ਉਸ ਤੋਂ ਬਾਅਦ ਇਹ ਪੰਥਕ ਵੋਟਾਂ ਪੂਰੀ ਤਰ੍ਹਾਂ ਬਾਦਲ ਦਲ ਦੇ ਹੱਕ ਵਿੱਚ ਵੀ ਭੁਗਤਦੀਆਂ ਰਹੀਆਂ। ਪੰਥਕ ਵੋਟਾਂ ਦੇ ਸਹਾਰੇ ਬਾਦਲ ਦਲ ਪੂਰੇ 10 ਸਾਲ ਲਗਾਤਾਰ ਪੰਜਾਬ ਵਿੱਚ ਸਰਕਾਰ ਚਲਾਉਣ ਵਿੱਚ ਕਾਮਯਾਬ ਰਿਹਾ। ਪ੍ਰੋ. ਚੰਦੂਮਾਜਰਾ ਦਾ ਕਹਿਣਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਅਕਾਲੀ ਆਗੂਆਂ ਵਿੱਚ ਏਕਤਾ ਬਹੁਤ ਜ਼ਰੂਰੀ ਹੈ।

ਪ੍ਰੋ. ਚੰਦੂਮਾਜਰਾ ਦੇ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਛੱਡਣ ਨਾਲ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਨ ਲੱਗੇ ਹਨ। ਇਸ ਦੇ ਨਾਲ ਹੀ ਹੋਰ ਆਗੂਆਂ ਦੇ ਵੀ ਆਪਣੀ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਜਾਣ ਲਈ ਰਾਹ ਪੱਧਰਾ ਹੋ ਗਿਆ ਹੈ। ਕਿਹਾ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਅਕਾਲੀ ਦਲ ਪੁਨਰ ਸੁਰਜੀਤ ਨਾਲ ਜੁੜੇ ਕੁਝ ਹੋਰ ਆਗੂ ਵੀ ਇਸ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ।

ਪੰਜਾਬ ਦੇ ਲੋਕਾਂ ਨੂੰ ਕ੍ਰਾਂਤੀਕਾਰੀ ਮੰਨਿਆ ਜਾਂਦਾ ਹੈ ਅਤੇ ਪੰਜਾਬੀ ਹਰ ਨਵੀਂ ਚੀਜ਼ ਨੂੰ ਜਲਦੀ ਅਪਨਾ ਲੈਂਦੇ ਹਨ। ਪੰਜਾਬ ਦੇ ਚੋਣ ਨਤੀਜੇ ਅਕਸਰ ਪੂਰੇ ਦੇਸ਼ ਨਾਲੋਂ ਵੱਖਰੇ ਹੁੰਦੇ ਹਨ ਅਤੇ ਪੰਜਾਬ ਹਮੇਸ਼ਾ ਪੂਰੇ ਦੇਸ਼ ਨੂੰ ਵੱਡਾ ਸਿਆਸੀ ਸੰਦੇਸ਼ ਦਿੰਦਾ ਆਇਆ ਹੈ। ਇਸ ਸੰਬੰਧੀ ਜੇਕਰ ਪੰਜਾਬ ਦੇ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲੋਕ ਇਸ ਸਮੇਂ ਇੱਕ ਮਜਬੂਤ ਖੇਤਰੀ ਪਾਰਟੀ ਦੀ ਲੋੜ ਮਹਿਸੂਸ ਕਰ ਰਹੇ ਹਨ। ਇਸਦਾ ਕਾਰਨ ਇਹ ਹੈ ਕਿ ਰਵਾਇਤੀ ਪਾਰਟੀਆਂ ਵਾਂਗ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੀ ਪਰਖ ਲਿਆ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਦੀ ਜਿੱਥੇ ਸਿਆਸੀ ਆਗੂਆਂ ਨੂੰ ਬੇਸਬਰੀ ਨਾਲ ਉਡੀਕ ਹੋ ਰਹੀ ਹੈ ਉਥੇ ਆਮ ਪੰਜਾਬੀ ਆਪਣਾ ਫੈਸਲਾ ਸੁਣਾਉਣ ਲਈ ਅਗਲੀਆਂ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ। ਵੱਡੀ ਗਿਣਤੀ ਪੰਜਾਬੀਆਂ ਦਾ ਕਹਿਣਾ ਹੈ ਕਿ ਪੁਰਾਣੇ ਪੰਥਕ ਆਗੂ ਹੁਣ ਵੇਲਾ ਵਿਹਾ ਚੁੱਕੇ ਹਨ ਅਤੇ ਅਕਾਲੀ ਸਿਆਸਤ ਵਿੱਚ ਹੁਣ ਨਵੀਂ ਪੀੜ੍ਹੀ ਨੂੰ ਅੱਗੇ ਆਉਣ ਅਤੇ ਪੰਜਾਬੀਆਂ ਦੀ ਅਗਵਾਈ ਸੰਭਾਲਣ ਦੀ ਲੋੜ ਹੈ। ਦੂਜੇ ਪਾਸੇ ਪੰਜਾਬ ਦੇ ਸੀਨੀਅਰ ਸਿਆਸੀ ਆਗੂ ਆਪਣੀਆਂ ਕੁਰਸੀਆਂ ਛੱਡਣ ਲਈ ਤਿਆਰ ਨਹੀਂ ਹੋ ਰਹੇ, ਜਿਸ ਕਾਰਨ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿੱਚ ਇਸ ਸਮੇਂ ਕੋਈ ਸਿਆਸੀ ਹਵਾ ਨਹੀਂ ਚੱਲੀ ਹੈ।

ਪ੍ਰੋ. ਚੰਦੂਮਾਜਰਾ ਦੀਆਂ ਸਰਗਰਮੀਆਂ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਹੋਣ ਲੱਗੀ ਹੈ। ਦੂਜੇ ਪਾਸੇ ਪ੍ਰੋ. ਚੰਦੂਮਾਜਰਾ ਵੱਲੋਂ ਦਿਤੇ ਗਏ ਅਕਾਲੀ ਏਕਤਾ ਦੇ ਸੱਦੇ ਨੂੰ ਦੂਸਰੇ ਅਕਾਲੀ ਆਗੂ ਕਿੰਨਾ ਕੁ ਹੁੰਗਾਰਾ ਭਰਦੇ ਹਨ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ।

ਬਿਊਰੋ

Continue Reading

Editorial

ਮੁੱਖ ਸੜਕਾਂ ਤੇ ਚਲਦੇ ਆਟੋ ਰਿਕਸ਼ਿਆਂ ਵਾਸਤੇ ਵੱਖਰੀ ਲੇਨ ਬਣਾਏ ਪ੍ਰਸ਼ਾਸ਼ਨ

Published

on

By

ਸਾਡੇ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸਮੱਸਿਆ ਵਿੱਚ ਪਿਛਲੇ ਸਾਲਾਂ ਦੌਰਾਨ ਲਗਾਤਾਰ ਵਾਧਾ ਹੁੰਦਾ ਰਿਹਾ ਹੈ ਅਤੇ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਇਸ ਹਾਲਤ ਕਾਰਨ ਆਮ ਲੋਕਾਂ ਦੀ ਸੁਰਖਿਅਤ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇਸ ਸੰਬੰਧੀ ਸ਼ਹਿਰਵਾਸੀਆਂ ਨਾਲ ਗੱਲ ਕਰਨ ਤੇ ਸ਼ਹਿਰ ਵਾਸੀ ਅਕਸਰ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸ਼ਿਕਾਇਤ ਵੀ ਕਰਦੇ ਹਨ ਅਤੇ ਜਿਆਦਾਤਰ ਲੋਕ ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਲਈ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੇ ਚਾਲਕਾਂ ਨੂੰ ਹੀ ਸਭ ਤੋਂ ਵੱਧ ਜਿੰਮੇਵਾਰ ਮੰਨਦੇ ਹਨ। ਸ਼ਹਿਰਵਾਸੀ ਇਹ ਗੱਲ ਪੁਖਤਾ ਢੰਗ ਨਾਲ ਕਹਿੰਦੇ ਹਨ ਕਿ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਣ ਵਾਲੇ ਇਹਨਾਂ ਆਟੋ ਰਿਕਸ਼ਿਆਂ ਦੇ ਜਿਆਦਾਤਰ ਚਾਲਕ ਅਜਿਹੇ ਹਨ ਜਿਹੜੇ ਇੱਕ ਦੂਜੇ ਤੋਂ ਅੱਗੇ ਵੱਧ ਕੇ ਸਵਾਰੀਆਂ ਬਿਠਾਉਣ ਦੀ ਹੋੜ ਵਿੱਚ ਟ੍ਰੈਫਿਕ ਨਿਯਮਾਂ ਦੀ ਰੱਜ ਕੇ ਉਲੰਘਣਾ ਕਰਦੇ ਹਨ, ਪਰੰਤੂ ਟ੍ਰੈਫਿਕ ਪੁਲੀਸ ਵਲੋਂ ਇਹਨਾਂ ਦੀਆਂ ਆਪਹੁਦਰੀਆਂ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ।

ਲੋਕਾਂ ਦੀ ਆਮ ਸ਼ਿਕਾਇਤ ਹੈ ਕਿ ਸ਼ਹਿਰ ਵਿੱਚ ਚਲਦੇ ਇਹਨਾਂ ਆਟੋ ਰਿਕਸ਼ਿਆਂ ਦੀ ਗਿਣਤੀ ਇੰਨੀ ਜਿਆਦਾ ਵੱਧ ਚੁੱਕੀ ਹੈ ਕਿ ਸੜਕ ਤੇ ਹਰ ਵੇਲੇ ਆਟੋ ਵਾਲਿਆਂ ਦੀ ਹੀ ਭੀੜ ਦਿਸਦੀ ਹੈ ਅਤੇ ਆਮ ਵਾਹਨ ਚਾਲਕਾਂ ਲਈ ਸ਼ਹਿਰ ਦੀਆਂ ਸੜਕਾਂ ਤੇ ਆਪਣਾ ਵਾਹਨ ਚਲਾਉਣਾ ਤਕ ਔਖਾ ਹੁੰਦਾ ਜਾ ਰਿਹਾ ਹੈ ਅਤੇ ਜਦੋਂ ਤਕ ਸ਼ਹਿਰ ਦੀਆਂ ਸੜਕਾਂ ਤੇ ਲਗਾਤਾਰ ਵੱਧ ਰਹੀ ਆਟੋ ਰਿਕਸ਼ਿਆਂ ਦੀ ਇਸ ਭੀੜ ਤੇ ਕਾਬੂ ਨਹੀਂ ਕੀਤਾ ਜਾਂਦਾ, ਟ੍ਰੈਫਿਕ ਦੀ ਇਸ ਸਮੱਸਿਆ ਨੂੰ ਹਲ ਨਹੀਂ ਕੀਤਾ ਜਾ ਸਕਦਾ। ਲੋਕ ਆਮ ਇਲਜਾਮ ਲਗਾਉਂਦੇ ਹਨ ਕਿ ਇੱਕ ਪਾਸੇ ਤਾਂ ਇਹ ਆਟੋ ਰਿਕਸ਼ੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਸਭਤੋਂ ਵੱਡਾ ਕਾਰਨ ਬਣੇ ਹੋਏ ਹਨ ਅਤੇ ਦੂਜੇ ਪਾਸੇ ਪ੍ਰਸ਼ਾਸ਼ਨ ਵਲੋਂ ਇਹਨਾਂ ਆਟੋ ਚਾਲਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ।

ਲੋਕ ਅਕਸਰ ਸ਼ਿਕਾਇਤ ਕਰਦੇ ਹਨ ਕਿ ਸ਼ਹਿਰ ਦੀ ਦੇਖ ਰੇਖ ਕਰਨ ਵਾਲੇ ਅਦਾਰਿਆਂ ਦੀ ਢਿੱਲੜ ਕਾਰਗੁਜਾਰੀ ਕਾਰਣ ਲੋਕਾਂ ਨੂੰ ਸਾਲਾਂ ਬੱਧੀ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਸਾਡੇ ਸ਼ਹਿਰ ਵਿੱਚ ਤੈਨਾਤ ਸਰਕਾਰੀ ਅਧਿਕਾਰੀਆਂ ਬਾਰੇ ਤਾਂ ਇਹ ਆਮ ਧਾਰਨਾ ਬਣ ਚੁੱਕੀ ਹੈ ਕਿ ਇਹ ਅਧਿਕਾਰੀ ਮਨਮਰਜੀ ਨਾਲ ਹੀ ਕੰਮ ਕਰਦੇ ਹਨ ਅਤੇ ਉਹਨਾਂ ਉੱਪਰ ਕਿਸੇ ਵੀ ਗੱਲ ਦਾ ਅਸਰ ਘੱਟ ਹੀ ਪੈਂਦਾ ਹੈ। ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿੱਚ ਜਨਤਕ ਆਵਾਜਾਈ ਦਾ ਕੋਈ ਪ੍ਰਬੰਧ ਨਾ ਕੀਤੇ ਜਾਣ ਕਾਰਨ ਸ਼ਹਿਰ ਵਿੱਚ ਚਲਦੇ ਇਹ ਆਟੋ ਰਿਕਸ਼ੇ ਆਮ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤਕ ਲਿਜਾਣ ਦਾ ਇੱਕੋਂ ਇੱਕ ਜਰੀਆ ਹਨ ਅਤੇ ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਪ੍ਰਸ਼ਾਸ਼ਨ ਵਲੋਂ ਟ੍ਰੈਫਿਕ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰਨ ਵਾਲੇ ਇਹਨਾਂ ਆਟੋ ਰਿਕਸ਼ਿਆਂ ਦੇ ਚਾਲਕਾਂ ਵਿਰੁੱਧ ਕੋਈ ਸਖਤ ਕਾਰਵਾਈ ਤੋਂ ਪਰਹੇਜ ਕੀਤਾ ਜਾਂਦਾ ਹੈ। ਪਰੰਤੂ ਇਸਦੀ ਸਜਾ ਸ਼ਹਿਰ ਦੇ ਉਹਨਾਂ ਲੋਕਾਂ ਨੂੰ ਬਿਲਕੁਲ ਨਹੀਂ ਦਿੱਤੀ ਜਾ ਸਕਦੀ ਜਿਹੜੇ ਆਪਣੇ ਨਿੱਜੀ ਵਾਹਨਾਂ ਦੀ ਵਰਤੋਂ ਕਰਦੇ ਹਨ ਅਤੇ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਕਾਰਨ ਬੁਰੀ ਤਰ੍ਹਾਂ ਪਰੇਸ਼ਾਨ ਹੁੰਦੇ ਹਨ।

ਇਹਨਾਂ ਆਟੋ ਰਿਕਸ਼ਿਆਂ ਕਾਰਨ ਪੈਦਾ ਹੋਣ ਵਾਲੀ ਟੈ੍ਰਫਿਕ ਵਿਵਸਥਾ ਦੀ ਇਸ ਬਦਹਾਲੀ ਦੇ ਹਲ ਲਈ ਜਰੂਰੀ ਹੈ ਕਿ ਸਥਾਨਕ ਪ੍ਰਸ਼ਾਸ਼ਨ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਤੇ ਦੋਵੇਂ ਪਾਸੇ ਆਟੋ ਰਿਕਸ਼ਿਆਂ ਵਾਸਤੇ ਵੱਖਰੀ ਲੇਨ ਬਣਾਈ ਜਾਵੇ ਅਤੇ ਆਟੋ ਚਾਲਕਾਂ ਲਈ ਇਹ ਜਰੂਰੀ ਕੀਤਾ ਜਾਵੇ ਕਿ ਉਹ ਆਪਣਾ ਵਾਹਨ ਇਸ ਵੱਖਰੀ ਲੇਨ ਤੇ ਹੀ ਚਲਾਉਣ ਤਾਂ ਜੋ ਉਹਨਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਕਾਰਵਾਈ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਆਵਾਜਾਈ ਤੇ ਕੋਈ ਅਸਰ ਨਾ ਪਵੇ। ਇਸਦੇ ਨਾਲ ਨਾਲ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਾਸੀਆਂ ਦੀ ਜਨਤਕ ਆਵਾਜਾਈ ਦਾ ਪ੍ਰਬੰਧ ਕਰਨ ਲਈ ਸਿਟੀ ਬਸ ਸਰਵਿਸ ਆਰੰਭ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਦੀਆਂ ਸੜਕਾਂ ਤੇ ਲਗਾਤਾਰ ਵੱਧਦੀ ਇਹਨਾਂ ਆਟੋ ਰਿਕਸ਼ਿਆਂ ਦੀ ਗਿਣਤੀ ਤੇ ਕਾਬੂ ਹੋ ਸਕੇ ਅਤੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਹੋਵੇ।

ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕਰੇ ਤਾਂ ਜੋ ਇਹਨਾਂ ਆਟੋ ਚਾਲਕਾਂ ਵਲੋਂ ਸੜਕਾਂ ਤੇ ਕੀਤੀਆਂ ਜਾਂਦੀਆਂ ਆਪਹੁਦਰੀਆਂ ਕਾਰਣ ਆਮ ਲੋਕਾਂ ਨੂੰ ਹੋਣ ਵਾਲੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਹਾਸਿਲ ਹੋਵੇ। ਇਹ ਸਮੱਸਿਆ ਅਜਿਹੀ ਹੈ ਜਿਹੜੀ ਹਰੇਕ ਸ਼ਹਿਰੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਅਤੇ ਇਸਦੇ ਹਲ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ।

Continue Reading

Trending